ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਜਨਮ ਦਿਨ (ਕਹਾਣੀ)

  ਦਵਿੰਦਰ ਸਿੰਘ ਸੇਖਾ   

  Email: dssekha@yahoo.com
  Phone: +161 6549312
  Cell: +91 9814070581
  Address: ਸਰਾ ਨਿਟਿੰਗ ਵਰਕਸ 433/2, ਹਜ਼ੂਰੀ ਰੋਡ, ਲੁਧਿਆਣਾ
  Sara Knitting Works, 433/2 Hazuri Road, Ludhiana Punjab India 141008
  ਦਵਿੰਦਰ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  ਕਾਗਜ਼ ਦੇ ਇਕ ਛੋਟੇ ਜਿਹੇ ਟੁਕੜੇ ਨੇ ਮੇਰੇ ਮਨ ਦੇ ਚੈਨ ਨੂੰ ਜਿਵੇਂ ਅੱਗ ਲਾ ਦਿੱਤੀ।ਇਹ ਟੁਕੜਾ ਮੇਰੇ ਦਫਤਰ ਵੜਦਿਆਂ ਹੀ ਚਪੜਾਸੀ ਨੇ ਮੇਰੇ ਹੱਥ ਥਮਾਇਆ ਸੀ। ਨਾਲ ਹੀ ਦੱਸਿਆ ਕਿ ਇਕ ਸਾਹਬ ਆਏ ਸਨ ਅਤੇ ਜ਼ਰੂਰੀ ਤਾਕੀਦ ਕੀਤੀ ਸੀ ਕਿ ਇਹ ਰੁੱਕਾ ਮੈਂ ਮੇਜ਼ ਤੇ ਨਾ ਰੱਖਾਂ ਸਗੋਂ ਦਸਤੀ ਦੇਵਾਂ।ਜਿਉਂ ਹੀ ਮੈਂ ਕਾਗਜ਼ ਤੇ ਲਿਖੀ ਸਤਰ ਪੜ੍ਹੀ ਤਾਂ ਮੇਰਾ ਚਿਹਰਾ ਤਮਤਮਾ ਉਠਿਆ।ਖੂਨ ਦਾ ਦਬਾਅ ਜਿਵੇਂ ਪਲ ਪਲ ਵਧ ਰਿਹਾ ਸੀ।ਲਿਖਿਆ ਸੀ,ਮੇਰੀ ਪਤਨੀ ਦਾ ਜਨਮ ਦਿਨ ਹੈ,ਸ਼ਾਮ ਛੇ ਵਜੇ ਜ਼ਰੂਰ ਪਹੁੰਚੀਂ---ਨੀਰਜ।ਇਹ ਸਤਰ ਪੜ੍ਹਦਿਆਂ ਹੀ ਮੈਂ ਕਾਗਜ਼ ਦਾ ਟੁਕੜਾ ਮਰੋੜ ਕੇ ਕੂੜਾਦਾਨ ਵਿਚ ਸੁੱਟ ਦਿੱਤਾ। ਹੁੰ—ਫਰੇਬੀ, ਅਚਾਨਕ ਮੇਰੇ ਮੂਹੋਂ ਨਿਕਲਿਆ।ਮੇਰੇ ਮਨ ਦੀ ਕੁੜੱਤਣ ਜਿਵੇਂ ਸਾਰੀ ਮੇਰੇ ਮੂੰਹ ਵਿਚ ਆ ਗਈ ਹੋਵੇ।ਮੈਂ ਕੁਰਸੀ 'ਤੇ ਬੈਠ ਕੇ ਸ਼ਾਂਤ ਹੋਣ ਦੀ ਕੋਸ਼ਿਸ਼ ਕੀਤੀ ਪਰ ਲਗਦਾ ਸੀ ਜਿਵੇਂ ਬੇਚੈਨੀ ਵਧਦੀ ਜਾ ਰਹੀ ਹੋਵੇ।ਮੈਂ ਚਪੜਾਸੀ ਨੂੰ ਚਾਹ ਲਿਆਉਣ ਲਈ ਕਿਹਾ।ਪਿਛਲੇ ਇਕ ਹਫਤੇ ਤੋਂ ਡਾਕਟਰ ਬਾਲੀ ਵਾਲੇ ਟਰਾਂਸਫਾਰਮਰ ਦਾ ਫਿਊਜ਼ ਵਾਰ ਵਾਰ ਉਡ ਰਿਹਾ ਸੀ ਜਿਸ ਕਾਰਣ ਮੇਰੀ ਪਰੇਸ਼ਾਨੀ ਵਧੀ ਹੋਈ ਸੀ।ਜੇ.ਈ. ਨੇ ਰਿਪੋਰਟ ਦਿੱਤੀ ਸੀ ਕਿ ਇਹ ਟਰਾਂਸਫਾਰਮਰ ਬਦਲਣ ਵਾਲਾ ਹੈ ਪਰ ਸਟੋਰ ਵਿਚੋਂ ਟਰਾਂਸਫਾਰਮਰ ਮਿਲ ਨਹੀਂ ਸੀ ਰਿਹਾ।ਅੱਜ ਟਰਾਂਸਫਾਰਮਰ ਪਟਾਕਾ ਮਾਰ ਗਿਆ।ਪਹਿਲਾਂ ਵੀ ਮੁਹੱਲੇ ਵਾਲਿਆਂ ਤੋਂ ਕਈ ਵਾਰ ਪੈਸੇ ਇਕੱਠੇ ਕਰ ਕੇ ਇਸ ਦੀ ਮੁਰੰਮਤ ਕਰਵਾਈ ਸੀ।ਪਰ ਇਸ ਵਾਰ ਜੇ.ਈ. ਦੱਸ ਰਿਹਾ ਸੀ ਕਿ ਮੁਹੱਲੇ ਵਾਲੇ ਪੈਸੇ ਦੇਣੋਂ ਇਨਕਾਰੀ ਹਨ।ਆਖਦੇ ਹਨ ਕਿ ਇਹ ਮਹਿਕਮੇ ਦਾ ਕੰਮ ਹੈ।
  ਚਪੜਾਸੀ ਚਾਹ ਲੈ ਕੇ ਆਇਆ ਤਾਂ ਉਸਨੇ ਦਸਿਆ ਕਿ ਬਾਹਰ ਕੁਝ ਲੋਕ ਨਾਹਰੇਬਾਜ਼ੀ ਕਰ ਰਹੇ ਹਨ। ਇਹ ਉਹੀ ਲੋਕ ਸਨ ਜਿਹੜੇ ਸਵੇਰ ਪੰਜ ਵਜੇ ਤੋਂ ਬਿਜਲੀ ਬੰਦ ਹੋਣ ਕਾਰਣ ਨਰਾਜ ਸਨ।ਮੈਂ ਤਾਂ ਜੇ.ਈ. ਨੂੰ ਹੀ ਕੰਮ ਜਲਦੀ ਕਰਨ ਲਈ ਆਖ ਸਕਦਾ ਹਾਂ।ਮੈਂ ਜੇ.ਈ. ਦਾ ਨੰਬਰ ਮਿਲਾਇਆ ਜੋ ਮੌਕੇ ਤੇ ਹਾਜ਼ਰ ਸੀ।' ਰਮਨ, ਇਥੇ ਲੋਕ ਗੜਬੜ ਕਰ ਰਹੇ ਹਨ।ਕੁਝ ਪੈਸਿਆਂ ਦਾ ਮੈਂ ਪ੍ਰਬੰਧ ਕਰਦਾ ਹਾਂ ਕੁਝ ਦਾ ਤੂੰ ਕਰ ਤੇ ਸ਼ਾਮ ਤਕ ਜਨਮ ਦਿਨ ਠੀਕ ਹੋਣਾ ਚਾਹੀਦਾ ਹੈ'।
  'ਸਰ! ਜਨਮ ਦਿਨ?' ਅੱਗੋਂ ਜੇ.ਈ. ਰਮਨ ਦੀ ਆਵਾਜ਼ ਆਈ।
  'a ਸੌਰੀ, ਮੇਰਾ ਮਤਲਬ ਟਰਾਂਸਫਾਰਮਰ। ਇਹ ਟਰਾਂਸਫਾਰਮਰ ਦੇ ਕੇ ਰਿਪੇਅਰ ਕੀਤਾ ਚੁੱਕ ਲਿਆਉ ਤੇ ਜਿੰਨੀ ਛੇਤੀ ਹੋ ਸਕੇ ਸਪਲਾਈ ਬਹਾਲ ਕਰੋ'। ਮੈਨੂੰ ਆਪਣੇ ਆਪ ਤੇ ਸ਼ਰਮ ਆਈ। ਕਾਗਜ਼ ਦਾ ਇਹ ਟੁਕੜਾ ਫੇਰ ਮੇਰੇ ਦਿਮਾਗ ਵਿਚ ਘੁਸ ਗਿਆ ਸੀ। ਮੈਂ ਸੋਚ ਰਿਹਾ ਸਾਂ, ਕੀ ਲੋੜ ਸੀ ਨੀਰਜ ਨੂੰ ਮੇਰੇ ਦਫਤਰ ਆਉਣ ਦੀ। ਪਿਛਲੇ ਡੇਢ ਸਾਲ ਤੋਂ ਸੰਬੰਧ ਤੋੜੀ ਬੈਠਾ ਸੀ।ਹੁਣ ਘਰ ਵਾਲੀ ਦਾ ਜਨਮ ਦਿਨ ਮਨਾਉਣਾ ਹੈ ਤਾਂ ਮਨਾਵੇ ਮੈਨੂੰ ਸੱਦਣ ਦੀ ਕੀ ਲੋੜ ਸੀ? ਉਹ ਕੀ ਸਮਝਦਾ ਹੈ ਕਿ ਮੈਂ ਉਸਦੇ ਘਰ ਜਾਵਾਂਗਾ? ਭਾਵੇਂ ਸਾਰੇ ਸ਼ਹਿਰ ਨੂੰ ਇਕੱਠਾ ਕਰ ਲਵੇ। ਖੂਬ ਢੋਲ ਢਮੱਕਾ ਕਰੇ ਪਰ ਮੈਂ ਉਸਦੀ ਘਰ ਵਾਲੀ ਦੇ ਦਰਸ਼ਨ ਨਹੀਂ ਕਰਾਂਗਾ।ਚਾਹ ਦਾ ਕੱਪ ਖਤਮ ਹੋਇਆ ਤਾਂ ਮੇਰੀ ਨਜ਼ਰ ਕੂੜਾਦਾਨ ਵੱਲ ਗਈ।ਅਚਾਨਕ ਹੀ ਉਸ ਵਿਚੋਂ ਨੀਰਜ ਦਾ ਚਿਹਰਾ ਨਜ਼ਰ ਆਇਆ।ਮੈਂ ਉਸਨੂੰ ਘੂਰਿਆ ਤੇ ਆਪਣੀ ਨਜ਼ਰ ਸਾਹਮਣੇ ਟੰਗੇ ਕਲੰਡਰ ਵੱਲ ਕਰ ਲਈ। ਅੱਜ ਕਿੰਨੀ ਤਾਰੀਖ ਹੈ? ਕਾਫੀ ਦੇਰ ਤੱਕ ਸਮਝ ਹੀ ਨਾ ਆਈ। ਮੇਰੀ ਕਲੰਡਰ ਵੱਲ ਟਿਕਟਿਕੀ ਲੱਗ ਗਈ। ਕਲੰਡਰ ਜਿਵੇਂ ਮੀਨਾਕਸ਼ੀ ਭਾਬੀ ਦੀ ਤਸਵੀਰ ਬਣ ਗਿਆ। ਮੀਨਾਕਸ਼ੀ ਯਾਨੀ ਨੀਰਜ ਦੀ ਪਤਨੀ। ਹਰ ਵੇਲੇ ਮੁਸਕਰਾਉਂਦੀ ਰਹਿਣ ਵਾਲੀ ਮੀਨਾਕਸ਼ੀ ਭਾਬੀ ਜਿਸਨੂੰ ਛੋਟੇ ਅੱਖਰਾਂ ਅਤੇ ਫੋਟੋਆਂ ਵਾਲੇ ਕਲੰਡਰ ਪਸੰਦ ਨਹੀਂ ਸਨ।ਉਸਦੇ ਘਰ ਦੀ ਦੀਵਾਰ ਤੇ ਸਿਰਫ ਇਕੋ ਕਲੰਡਰ ਹੀ ਟੰਗਿਆ ਹੁੰਦਾ ਜੋ ਬਿਜਲੀ ਬੋਰਡ ਵੱਲੋਂ ਛਪਦਾ ਸੀ।ਨੀਰਜ ਨੂੰ ਕਲੰਡਰ ਦਾ ਸ਼ੌਕ ਨਹੀਂ ਸੀ।ਮੀਨਾਕਸ਼ੀ ਭਾਬੀ ਦਸੰਬਰ ਵਿਚ ਹੀ ਮੈਨੂੰ ਆਖ ਦਿੰਦੀ, ਭਾ ਜੀ! ਜਦੋਂ ਕਲੰਡਰ ਆ ਜਾਵੇ ਤਾਂ ਇਕ ਭੇਜ ਦੇਣਾ। ਇਨਾਂ੍ਹ ਨੇ ਤਾਂ ਲੈ ਕੇ ਨਹੀਂ ਆਉਣਾ। ਛੋਟੇ ਕਲੰਡਰ ਤਾਂ ਨਾਮ ਦੇ ਹੀ ਹੁੰਦੇ ਹਨ। ਤਾਰੀਖ ਦੇਖਣ ਲਈ ਤਾਂ ਇਹ ਵਡੇ ਅੱਖਰਾਂ ਵਾਲਾ ਹੀ ਠੀਕ ਰਹਿੰਦਾ ਹੈ।ਮੇਰੀ ਨਜ਼ਰ ਭਾਵੇਂ ਜੰਮੀ ਹੋਈ ਸੀ ਪਰ ਲੱਗ ਰਿਹਾ ਸੀ ਕਿ ਕੰਨਾਂ ਵਿਚ ਹੁਣ ਵੀ ਭਾਬੀ ਦੀ ਆਵਾਜ਼ ਪੈ ਰਹੀ ਹੋਵੇ। ਧੋਖੇਬਾਜ---ਨੀਰਜ ਤੈਨੂੰ ਇੰਝ ਨਹੀਂ ਸੀ ਕਰਨਾ ਚਾਹੀਦਾ। ਗੁੱਸੇ ਵਿਚ ਮੇਰਾ ਦਿਮਾਗ ਜਿਵੇਂ ਫਟਦਾ ਜਾ ਰਿਹਾ ਸੀ।
  ਨੀਰਜ ਨਾਲ ਮੇਰੀ ਪਹਿਚਾਣ ਉਦੋਂ ਤੋਂ ਸੀ ਜਦੋਂ ਉਸਨੇ ਮੇਰੇ ਨਾਲ ਹੀ ਇੰਜੀਨੀਅਰਿੰਗ ਕਾਲਜ ਵਿਚ ਦਾਖਲਾ ਲਿਆ ਸੀ।ਉਹ ਰਹਿਣ ਵਾਲਾ ਤਾਂ ਪੰਜਾਬ ਦੇ ਇਕ ਸਿਰੇ ਜਲਾਲਾਬਾਦ ਦਾ ਸੀ ਪਰ ਦਾਖਲਾ ਉਸਨੇ ਮੇਰੇ ਸ਼ਹਿਰ ਦੇ ਕਾਲਜ ਵਿਚ ਲਿਆ ਸੀ।ਉਹ ਆਖਦਾ ਸੀ ਕਿ ਇਸ ਕਾਲਜ ਵਿਚ ਪੜ੍ਹੇ ਬੰਦੇ ਨੂੰ ਨੌਕਰੀ ਲਈ ਭਟਕਣਾ ਨਹੀਂ ਪੈਂਦਾ।ਭਾਵੇਂ ਉਸਨੇ ਰਿਹਾਇਸ਼ ਹੋਸਟਲ ਵਿਚ ਰੱਖੀ ਹੋਈ ਸੀ ਪਰ ਫਿਰ ਵੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ। ਮੇਰੇ ਨਾਲ ਇਕ ਦੋ ਮੁਲਾਕਾਤਾਂ ਵਿਚ ਹੀ ਉਹ ਕਾਫੀ ਖੁਲ੍ਹ ਗਿਆ। ਮੇਰੇ ਘਰ ਮੇਰੀ ਮਾਂ ਤੋਂ ਬਿਨਾਂ ਹੋਰ ਕੋਈ ਨਹੀਂ ਸੀ।ਜਦ ਉਹ ਘਰ ਆਇਆ ਤਾਂ ਮੇਰੀ ਮਾਂ ਵਿਚੋਂ ਉਸਨੂੰ ਆਪਣੀ ਮਾਂ ਨਜ਼ਰ ਆਈ।ਮੇਰੀ ਮਾਂ ਨੇ ਵੀ ਉਸਦਾ ਕਾਫੀ ਮੋਹ ਕੀਤਾ।ਫਿਰ ਤਾਂ ਉਹ ਜਿਵੇਂ ਮੇਰੇ ਘਰ ਦਾ ਹੀ ਇਕ ਮੈਂਬਰ ਬਣ ਗਿਆ। ਜੇ ਉਹ ਹਫਤੇ ਵਿਚ ਦੋ ਵਾਰ ਘਰ ਨਾ ਆਉਂਦਾ ਤਾਂ ਮਾਂ ਨੂੰ ਉਸਦਾ ਫਿਕਰ ਹੋਣ ਲਗਦਾ।ਮੇਰੀ ਕੋਈ ਵੀ ਗੱਲ ਮੰਨਣ ਨੂੰ ਉਹ ਆਪਣਾ ਸੁਭਾਗ ਸਮਝਦਾ।ਇਹ ਇਤਫਾਕ ਹੀ ਸੀ ਕਿ ਇੰਜਨੀਅਰਿੰਗ ਕਰਨ ਸਾਰ ਹੀ ਸਾਨੂੰ ਇਕੋ ਮਹਿਕਮੇ ਵਿਚ ਐਸ.ਡੀ.a. ਦੀ ਨੌਕਰੀ ਮਿਲ ਗਈ।ਫਰਕ ਸੀ ਤਾਂ ਕੇਵਲ ਦਫਤਰ ਦਾ।ਪਰ ਫਿਰ ਵੀ ਸਾਡੀ ਰੋਜ਼ਾਨਾ ਮੁਲਾਕਾਤ ਹੋਣੀ ਨਿਸ਼ਚਿਤ ਸੀ।ਇਕ ਦਿਨ ਸ਼ਾਮ ਨੂੰ ਉਹ ਖੁਸ਼ੀ ਦੇ ਮੂਡ ਵਿਚ ਘਰ ਆਇਆ ਤੇ ਬੋਲਿਆ, ਯਾਰ ਮੇਰੇ ਘਰ ਦੇ ਬੜੇ ਮਗਰ ਪਏ ਹਨ ਕਿ ਮੈਂ ਵਿਆਹ ਕਰਵਾ ਲਵਾਂ। ਹੁਣ ਉਨਾਂ੍ਹ ਨੇ ਕਿਹਾ ਹੈ ਕਿ ਐਤਵਾਰ ਕੁੜੀ ਦੇਖਣ ਜਾਣਾ ਹੈ। ਹੁਣ ਮੇਰੀ ਗੱਲ ਸੁਣ ਲਾ ਧਿਆਨ ਨਾਲ ਕਿ ਕੁੜੀ ਦੇਖਣ ਜਾਵੇਂਗਾ ਤੂੰ। ਜੇ ਤੈਨੂੰ ਪਸੰਦ ਹੋਈ ਤਾਂ ਹਾਂ ਕਰ ਆਵੀਂ ਤੇ ਜੇ ਨਹੀਂ ਤਾਂ ਨਾਂਹ। ਜੋ ਤੂੰ ਕਰੇਂਗਾ ਮੈਨੂੰ ਮਨਜ਼ੂਰ। ਪਰ ਮੈਨੂੰ ਉਸਦੀ ਇਹ ਗੱਲ ਬਚਕਾਨੀ ਲਗਦੀ ਸੀ।ਵਿਆਹ ਉਸਦਾ ਤੇ ਕੁੜੀ ਦੇਖਣ ਮੈਂ ਜਾਵਾਂ?ਇਹ ਗੱਲ ਤਾਂ ਸ਼ੋਭਦੀ ਹੀ ਨਹੀਂ ਸੀ।ਨਲੇ ਕੁੜੀ ਵਾਲੇ ਕਿਵੇਂ ਮੰਨਣਗੇ? ਮੈਂ ਉਸਨੂੰ ਕਾਫੀ ਸਮਝਾਇਆ ਪਰ ਉਹ ਮੰਨਣ ਵਿਚ ਹੀ ਨਾ ਆਵੇ। ਆਖਰ ਸਹਿਮਤੀ ਇਸ ਤੇ ਹੋਈ ਕਿ ਮੈਂ ਵੀ ਉਸ ਨਾਲ ਜਾਵਾਂਗਾ। ਅਸੀਂ ਅਗਲੇ ਐਤਵਾਰ ਅਬੋਹਰ ਕੁੜੀ ਵਾਲਿਆਂ ਦੇ ਘਰ ਜਾਣ ਦਾ ਪਰੋਗਰਾਮ ਪੱਕਾ ਕਰ ਲਿਆ।
  ਜਦੋਂ ਅਸੀਂ ਮੀਨਾਕਸ਼ੀ ਨੂੰ ਦੇਖਣ ਗਏ ਤਾਂ ਉਹ ਸਾਨੂੰ ਪਹਿਲੀ ਨਜ਼ਰ ਹੀ ਭਾਅ ਗਈ। ਨੀਰਜ ਦੇ ਹਾਂ ਕਹਿਣ ਤੇ ਉਸਦੇ ਘਰ ਵਾਲੇ ਕਾਫੀ ਖੁਸ਼ ਸਨ।ਤਿੰਨ ਮਹੀਨੇ ਬਾਅਦ ਉਸਦੀ ਸ਼ਾਦੀ ਹੋ ਗਈ। ਨੀਰਜ ਦਸ ਦਿਨ ਜਲਾਲਾਬਾਦ ਰਹਿ ਕੇ ਆਪਣੀ ਡਿਊਟੀ ਤੇ ਹਾਜਰ ਹੋਇਆ ਸੀ। ਮੀਨਾਕਸ਼ੀ ਭਾਬੀ ਉਸਦੇ ਨਾਲ ਆਈ ਸੀ। ਜਦ ਨੀਰਜ ਪਹਿਲੀ ਵਾਰ ਭਾਬੀ ਨੂੰ ਲੈ ਕੇ ਸਾਡੇ ਘਰ ਆਇਆ ਤਾਂ ਮਾਂ ਨੇ ਉਸਦੇ ਉਸੇ ਤਰਾਂ੍ਹ ਸ਼ਗਨ ਮਨਾਏ ਜਿਵੇਂ ਕੋਈ ਸੱਸ ਆਪਣੀ ਨੂੰਹ ਦੇ ਮਨਾਉਂਦੀ ਹੈ। ਭਾਬੀ ਵੀ ਸਾਡੇ ਨਾਲ ਘੁਲ ਮਿਲ ਗਈ ਜਿਵੇਂ ਘਰ ਦਾ ਹੀ ਜੀਅ ਹੋਵੇ। ਕੋਈ ਉਪਰਾਪਣ ਮਹਿਸੂਸ ਨਹੀਂ ਸੀ ਹੋ ਰਿਹਾ।ਮੈਂ ਪਤਾ ਨਹੀਂ ਕਦੋਂ ਦਾ ਸੋਚਾਂ ਵਿਚ ਪਿਆ ਹੋਇਆ ਸੀ ਕਿ ਮੋਬਾਇਲ ਦੀ ਘੰਟੀ ਨੇ ਮੇਰਾ ਧਿਆਨ ਖਿਚਿਆ।
  'ਹੈਲੋ !'
  ' ਸਰ! ਟਰਾਂਸਫਾਰਮਰ ਦਾ ਪ੍ਰਬੰਧ ਹੋ ਗਿਆ। ਲੇਬਰ ਦੇ ਬੰਦੇ ਹੋਰ ਭਿਜਵਾਉ। ਅਸੀਂ ਜਿੰਨੀ ਛੇਤੀ ਹੋ ਸਕਿਆ ਸਪਲਾਈ ਚਾਲੂ ਕਰ ਦਿਆਂਗੇ'। ਰਮਨ ਬੋਲ ਰਿਹਾ ਸੀ।
  ' ਠੀਕ ਹੈ, ਰਮਨ ਧਿਆਨ ਰੱਖੀਂ ਕਿਤੇ ਫੇਰ ਨਾ ਫਿਊਜ਼ ਉਡ ਜਾਵੇ'। ਮੈਂ ਮੋਬਾਈਲ ਬੰਦ ਕੀਤਾ। ਮੈਨੂੰ ਸਰਕਾਰ ਤੇ ਗੁੱਸਾ ਆ ਰਿਹਾ ਸੀ। ਲੋਕਾਂ ਤੋਂ ਪੈਸੇ ਲੈ ਕੇ ਕਾਗਜਾਂ ਵਿਚ ਲੋਡ ਵਧਾਈ ਜਾਂਦੀ ਹੈ। ਕਦੇ ਤਾਰਾਂ ਨਹੀਂ ਮੋਟੀਆਂ ਪਾਈਆਂ। ਕਦੇ ਟਰਾਂਸਫਾਰਮਰ ਵਡਾ ਨਹੀਂ ਕੀਤਾ। ਆਖਰ ਪੁਰਾਣੇ ਕਿੰਨਾ ਕੁ ਚਿਰ ਵਾਧੂ ਭਾਰ ਚੁੱਕ ਸਕਦੇ ਹਨ।ਸਿਰਦਰਦੀ ਸਾਡੇ ਲਈ ਬਣਦੇ ਹਨ।ਮੈਂ ਕੁਰਸੀ ਤੋਂ ਉਠਣ ਹੀ ਲਗਿਆ ਸੀ ਕਿ ਮੇਰਾ ਧਿਆਨ ਫਿਰ ਕੂੜਾਦਾਨ ਵੱਲ ਗਿਆ।ਮਰੋੜਿਆ ਹੋਇਆ ਕਾਗਜ ਉਪਰ ਹੀ ਪਿਆ ਸੀ। ਮੇਰਾ ਦਿਲ ਕੀਤਾ ਕਿ ਉਸਨੂੰ ਚੁੱਕ ਲਵਾਂ। ਮੈਂ ਉਸ ਵੱਲ ਹੱਥ ਵਧਾਇਆ ਤਾਂ ਨੀਰਜ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਗਿਆ। ਮੈਂ ਆਪਣਾ ਹੱਥ ਪਿਛੇ ਖਿਚ ਲਿਆ। ਮੈਂ ਚਪੜਾਸੀ ਨੂੰ ਭੇਜ ਕੇ ਦੂਜੇ ਜੇ.ਈ. ਨੂੰ ਬੁਲਾਇਆ ਤੇ ਉਸਨੂੰ ਲੇਬਰ ਦੇ ਬੰਦੇ  ਡਾਕਟਰ ਬਾਲੀ ਵਾਲੇ ਟਰਾਂਸਫਾਰਮਰ ਤੇ ਭੇਜਣ ਦੀ ਹਦਾਇਤ ਕੀਤੀ। ਸੋਚ ਰਿਹਾ ਸਾਂ ਕਿ ਆਪ ਵੀ ਨਾਲ ਹੀ ਚਲਾ ਜਾਵਾਂ ਪਰ ਲੱਤਾਂ ਨੇ ਜਿਵੇਂ ਸਾਥ ਨਹੀਂ ਦਿੱਤਾ। ਮੇਰਾ ਧਿਆਨ ਫਿਰ ਉਸ ਟੁਕੜੇ ਵੱਲ ਚਲਾ ਗਿਆ। ਆਖਰ ਮੈਂ ਹੱਥ ਵਧਾ ਕੇ ਉਸਨੂੰ ਚੁੱਕ ਲਿਆ। ਖੋਲ੍ਹ ਕੇ ਦੁਬਾਰਾ ਪੜ੍ਹਿਆ। ਦਿਲ ਕੀਤਾ ਕਿ ਮਰੋੜ ਕੇ ਫੇਰ ਸੁੱਟ ਦੇਵਾਂ ਪਰ ਪਤਾ ਨਹੀਂ ਕਿਉਂ ਮੇਰੇ ਹੱਥ ਹਿਲ ਨਹੀਂ ਸੀ ਰਹੇ।ਕੀ ਮੈਨੂੰ ਉਸਦੇ ਘਰ ਜਾਣਾ ਚਾਹੀਦਾ ਹੈ? ਇਹ ਵਿਚਾਰ ਆਉਂਦਿਆਂ ਹੀ ਮੇਰਾ ਦਿਮਾਗ ਝਨਝਨਾ ਗਿਆ। ਨਹੀਂ ---ਕਦੇ ਵੀ ਨਹੀਂ। ਨੀਰਜ ਨੂੰ ਆਖਰ ਡੇਢ ਸਾਲ ਬਾਅਦ ਮੇਰੀ ਯਾਦ ਆਈ ਤਾਂ ਉਹ ਵੀ ਮਜਾਕ ਕਰਨ ਲਈ।ਇਹੋ ਜਿਹੇ ਆਦਮੀ ਤੋਂ ਤਾਂ ਦੂਰੀ ਹੀ ਚੰਗੀ। ਮੇਰੀ ਸੋਚ ਫਿਰ ਪਿਛਾਂਹ ਵੱਲ ਹੋ ਤੁਰੀ। ਕਿੰਨਾ ਪਿਆਰ ਸੀ ਨੀਰਜ ਦਾ ਆਪਣੀ ਪਤਨੀ ਨਾਲ। ਦੋਵੇਂ ਇਕ ਦੂਜੇ ਦੇ ਸਾਹਾਂ  ਵਿਚ ਸਾਹ ਲੈਂਦੇ ਸਨ। ਚਾਰ ਕੁ ਮਹੀਨਿਆਂ ਦਾ ਸਮਾਂ ਜਿਵੇਂ ਅੱਖ ਝਪਕਦਿਆਂ ਹੀ ਨਿਕਲ ਗਿਆ।
  ਇਕ ਦਿਨ ਸਵੇਰੇ ਦਫਤਰ ਪਹੁੰਚਦਿਆਂ  ਹੀ ਨੀਰਜ ਦਾ ਫੋਨ ਆਇਆ। ਉਹ ਮੈਨੂੰ ਸ਼ਾਮ ਨੂੰ ਜ਼ਰੂਰ ਮਿਲਣ ਬਾਰੇ ਕਹਿ ਰਿਹਾ ਸੀ। ਉਸਦੀ ਆਵਾਜ਼ ਕੁਛ ਗੰਭੀਰ ਸੀ। ਮੇਰੇ ਪੁਛਣ ਤੇ ਉਹ ਬੋਲਿਆ , ਕੋਈ ਖਾਸ ਗੱਲ ਨਹੀਂ, ਸ਼ਾਮ ਨੂੰ ਘਰ ਆਵੇਂਗਾ ਤਾਂ ਗੱਲ ਕਰਾਂਗੇ । ਮੈਨੂੰ ਇਹ ਬੁਝਾਰਤ ਜਾਪੀ। ਸ਼ਾਮ ਜਿਵੇਂ ਆਉਣ ਵਿਚ ਹੀ ਨਹੀਂ ਸੀ ਆ ਰਹੀ। ਮੈਂ ਵਾਰ ਵਾਰ ਘੜੀ ਦੇਖ ਰਿਹਾ ਸ਼ਾਂ। ਸਮਾਂ ਜਿਵੇਂ ਰੁਕ ਗਿਆ ਸੀ। ਮੈਂ ਇਕ ਘੰਟਾ ਪਹਿਲਾਂ ਹੀ ਛੁੱਟੀ ਕਰ ਲਈ।ਨੀਰਜ ਦੇ ਘਰ ਪਹੁੰਚਿਆ ਤਾਂ ਉਹ ਅਜੇ ਘਰ ਨਹੀਂ ਸੀ ਆਇਆ। ਭਾਬੀ ਦਾ ਚਿਹਰਾ ਦੇਖ ਕੇ ਲੱਗਿਆ ਕਿ ਕੋਈ ਗੰਭੀਰ ਗੱਲ ਹੈ। ਹਮੇਸ਼ਾ ਟਹਿਕਦੀ ਰਹਿਣ ਵਾਲੀ ਮੀਨਾਕਸ਼ੀ ਜਿਵੇਂ ਉਦਾਸੀ ਦੇ ਕਰੰਟ ਨਾਲ ਝੰਬੀ ਗਈ ਸੀ।
  ' ਭਾਬੀ! ਕੀ ਗੱਲ ਕੋਈ ਪਰਾਬਲਮ ਹੈ ਨੀਰਜ ਨਾਲ ?' ਮੈਂ ਉਸਨੂੰ ਸਿੱਧਾ ਸਵਾਲ ਕੀਤਾ।
  ' ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ'। ਭਾਬੀ ਨੇ ਮੁਸਕਰਾਉਣ ਦਾ ਜਤਨ ਕਰਦਿਆਂ ਕਿਹਾ।
  ' ਪਰ ਤੁਹਾਡੇ ਚਿਹਰੇ ਤੇ ਇਹ ਗੰਭੀਰਤਾ ਤਾਂ ਅੱਗੇ ਕਦੇ ਨੀਂ ਦੇਖੀ। ਕਿਤੇ ਨੀਰਜ ਨੇ ਝਗੜਾ ਤਾਂ ਨੀਂ ਕੀਤਾ'? ਅਜੇ ਮੈਂ ਸਵਾਲ ਪੂਰਾ ਵੀ ਨਹੀਂ ਸੀ ਕੀਤਾ ਕਿ ਨੀਰਜ ਆ ਗਿਆ। ਭਾਬੀ ਪਾਣੀ ਦਾ ਗਿਲਾਸ ਲੈ ਕੇ ਆਈ। ਮੈਂ ਮਹਿਸੂਸ ਕੀਤਾ ਜਿਵੇਂ ਉਸਨੂੰ ਨੀਰਜ ਦੇ ਆਉਣ ਦੀ ਕੋਈ ਖੁਸ਼ੀ ਨਾ ਹੋਈ ਹੋਵੇ ਸਗੋਂ ਮਜਬੂਰੀ ਵਸ ਹੀ ਸਭ ਕੁਝ ਕਰ ਰਹੀ ਹੋਵੇ। ਮੇਰਾ ਦਿਲ ਨੀਰਜ ਨਾਲ ਗੱਲ ਕਰਨ ਲਈ ਕਾਹਲਾ ਪੈ ਰਿਹਾ ਸੀ। ਮੈਂ ਇਸ਼ਾਰੇ ਨਾਲ ਹੀ ਉਸਨੂੰ ਸਵਾਲ ਪੁਛਿਆ। ਅਜੇ ਨੀਰਜ ਬੋਲਣ ਹੀ ਲਗਿਆ ਸੀ ਕਿ ਭਾਬੀ ਉਚੀ ਉਚੀ ਬੋਲਣ ਲੱਗੀ। ਉਹ ਰੋ ਵੀ ਰਹੀ ਸੀ ਤੇ ਨੀਰਜ ਤੇ ਦੋਸ਼ ਵੀ ਲਗਾ ਰਹੀ ਸੀ। ਨੀਰਜ ਵੀ ਝੁਕਣ ਲਈ ਤਿਆਰ ਨਹੀਂ ਸੀ।ਅਖੀਰ ਮੀਨਾ ਭਾਬੀ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਉਸਦੀ ਹੁਣ ਹੋਰ ਨਹੀਂ ਨਿਭ ਸਕਦੀ। ਉਨਾਂ੍ਹ ਦੀਆਂ ਗੱਲਾਂ ਤੋਂ ਮੈਂ ਸਮਝ ਗਿਆ ਸੀ ਕਿ ਵਿਚੋਂ ਗੱਲ ਕੁਝ ਵੀ ਨਹੀਂ ਪਰ ਦੋਹਾਂ ਦੀ ਈਗੋ ਜ਼ਖ਼ਮੀ ਹੋ ਰਹੀ ਸੀ। ਗੱਲ ਸਿਰਫ ਐਨੀ ਸੀ ਕਿ ਪਿਛਲੇ ਇਕ ਹਫਤੇ ਤੋਂ ਨੀਰਜ ਆਪਣੇ ਦਫਤਰ ਵਿਚ ਕੰਮ ਕਰਨ ਵਾਲੀ ਕੁੜੀ ਜੋ ਉਨਾਂ੍ਹ ਦੇ ਪਿਛਲੇ ਪਾਸੇ ਕਵਾਰਟਰਾਂ ਵਿਚ ਰਹਿੰਦੀ ਸੀ ਨੂੰ ਆਪਣੇ ਸਕੂਟਰ ਤੇ ਬਿਠਾ ਕੇ ਦਫਤਰ ਲੈ ਜਾਂਦਾ ਸੀ ਅਤੇ ਸ਼ਾਮ ਨੂੰ ਨਾਲ ਹੀ ਲੈ ਆਉਂਦਾ ਸੀ।ਮੀਨਾ ਭਾਬੀ ਦੇ ਮਨ ਵਿਚ ਸ਼ੱਕ ਪੈਦਾ ਹੋਇਆ। ਉਸਨੇ ਨੀਰਜ ਨੂੰ ਸਪਸ਼ਟ ਆਖ ਦਿੱਤਾ ਕਿ ਇਹ ਗੱਲ ਉਸਨੂੰ ਪਸੰਦ ਨਹੀਂ। ਪਰ ਨੀਰਜ ਨੇ ਇਸ ਗੱਲ ਨੂੰ ਜ਼ਿਆਦਾ ਗੌਲ਼ਿਆ ਨਹੀਂ। ਮੀਨਾ ਭਾਬੀ ਦਾ ਸ਼ੱਕ ਹੋਰ ਗਹਿਰਾ ਹੁੰਦਾ ਜਾ ਰਿਹਾ ਸੀ। ਇਸੇ ਕਾਰਣ ਉਨਾਂ੍ਹ ਵਿਚ ਝਗੜਾ ਹੋਣ ਲੱਗਾ।
  ਮੈਂ ਸੋਚਾਂ ਵਿਚ ਡੁਬਦਾ ਜਾ ਰਿਹਾ ਸੀ। ਕੀ ਇਹ ਛੋਟੀ ਜਿਹੀ ਗੱਲ ਪਿਛੇ ਅਲੱਗ ਹੋ ਜਾਣਗੇ? ਇਸਦਾ ਹੱਲ ਕਰਨਾ ਜ਼ਰੂਰੀ ਸੀ। ਮੈਂ ਨੀਰਜ ਨੂੰ  ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੀ ਘਰ ਵਾਲੀ ਦੀ ਗੱਲ ਮੰਨ ਜਾਵੇ ਪਰ ਉਹ ਪੈਰਾਂ ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ। ਉਸਨੂੰ ਆਪਣੇ ਵਿਚ ਕੋਈ ਗਲਤੀ ਨਜ਼ਰ ਨਹੀਂ ਸੀ ਆ ਰਹੀ। ਮੈਂ ਉਸਨੂੰ ਚੰਗੀ ਤਰਾਂ੍ਹ ਜਾਣਦਾ ਸਾਂ। ਉਹ ਬਿਲਕੁਲ ਗ਼ਲਤ ਨਹੀਂ ਸੀ। ਪਰ ਜੋ ਸ਼ੱਕ ਮੀਨਾ ਭਾਬੀ ਦੇ ਮਨ ਵਿਚ ਆ ਗਿਆ ਸੀ ਉਸਨੂੰ ਕਢਣ ਲਈ ਕੁਝ ਤਾਂ ਕਰਨਾ ਹੀ ਪੈਣਾ ਸੀ। ਜਦ ਨੀਰਜ ਕੁਝ ਠੰਡਾ ਹੋਇਆ ਤਾਂ ਮੈਂ ਉਸ ਨਾਲ ਗੱਲ ਸ਼ੁਰੂ ਕੀਤੀ।' ਦੇਖ ਨੀਰਜ! ਵਿਆਹੁਤਾ ਜ਼ਿੰਦਗੀ ਭਰੋਸੇ ਦੇ ਸਹਾਰੇ ਚਲਦੀ ਹੈ। ਜੇ ਇਸ ਵਿਚ ਸ਼ੱਕ ਦਾ ਤੂਫਾਨ ਸਿਰ ਚੁੱਕ ਲਵੇ ਤਾਂ ਇਹ ਕੱਚੇ ਕੋਠੇ ਵਾਂਗ ਡਿੱਗ ਪੈਂਦੀ ਹੈ। ਮੈਂ ਜਾਣਦਾ ਹਾਂ ਕਿ ਤੂੰ ਗ਼ਲਤ ਨਹੀਂ ਪਰ ਤੈਨੂੰ ਉਹ ਕੰਮ ਹੀ ਨਹੀਂ ਕਰਨਾ ਚਾਹੀਦਾ ਜੋ ਮੀਨਾ ਭਾਬੀ ਦੇ ਦਿਮਾਗ ਵਿਚ ਸ਼ੱਕ ਪੈਦਾ ਕਰੇ। ਤੇਰਾ ਉਸਦੀ ਗੱਲ ਨੂੰ ਨਾ ਮੰਨਣਾ ਉਸਦੇ ਸ਼ੱਕ ਨੂੰ ਹੋਰ ਪੀਡਾ ਕਰ ਰਿਹਾ ਹੈ। ਜੇ ਤੂੰ ਮੇਰੀ ਗੱਲ ਮੰਨ ਲਵੇਂ ਤਾਂ ਇਹ ਤੂਫਾਨ ਨਿਕਲ ਜਾਵੇਗਾ ਨਹੀਂ ਤਾਂ ਛੋਟੀ ਜਿਹੀ ਗੱਲ ਪਿਛੇ ਸਾਰੀ ਉਮਰ ਦਾ ਪਛਤਾਵਾ ਰਹਿ ਜਾਵੇਗਾ'। ਪਰ ਨੀਰਜ ਤੇ ਇਸਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਉਲਟਾ ਮੈਨੂੰ ਸਵਾਲ ਕਰ ਰਿਹਾ ਸੀ ਕਿ ਜੋ ਉਹ ਕਰ ਰਿਹਾ ਹੈ ਉਸ ਵਿਚ ਗ਼ਲਤੀ ਹੀ ਕੀ ਹੈ? ਉਹ ਮੈਨੂੰ ਆਖ ਰਿਹਾ ਸੀ ਕਿ ਮੈਂ ਮੀਨਾਕਸ਼ੀ ਨੂੰ ਸਮਝਾਵਾਂ ਕਿ ਉਹ ਆਪਣੇ ਮਨ ਵਿਚੋਂ ਸ਼ੱਕ ਦਾ ਕੀੜਾ ਕਢੇ।ਆਖਰ ਮੈਂ ਨੀਰਜ ਨੂੰ ਤਾੜਨਾ ਕੀਤੀ ਕਿ ਜੇ ਉਸਨੇ ਮੇਰੇ ਨਾਲ ਦੋਸਤੀ ਰੱਖਣੀ ਹੈ ਤਾਂ ਉਹ ਕੱਲ੍ਹ ਤੋਂ ਇਕੱਲਾ ਹੀ ਦਫਤਰ ਜਾਵੇ। ਇੰਨੀ ਗੱਲ ਮੈਂ ਮੀਨਾ ਭਾਬੀ ਦੇ ਸਾਹਮਣੇ ਜ਼ੋਰ ਦੇ ਕੇ ਆਖੀ ਅਤੇ ਘਰ ਆ ਗਿਆ।ਮੈਨੂੰ ਉਸਦਾ ਵਤੀਰਾ ਦੇਖ ਕੇ ਉਮੀਦ ਨਹੀਂ ਸੀ ਕਿ ਉਹ ਮੇਰੀ ਗੱਲ ਮੰਨ ਜਾਵੇਗਾ।ਪਰ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਉਸਨੇ ਮੈਨੂੰ ਫੋਨ ਤੇ ਦਸਿਆ ਕਿ ਉਹ ਮੇਰੀ ਗੱਲ ਮੰਨ ਕੇ ਖੁਸ਼ ਹੈ ਅਤੇ ਮੀਨਾ ਭਾਬੀ ਦਾ ਗੁੱਸਾ ਵੀ ਦੂਰ ਹੋ ਗਿਆ ਹੈ।
  ਦਿਨ ਬੀਤ ਰਹੇ ਸਨ। ਉਨਾਂ੍ਹ ਦੀ ਜ਼ਿੰਦਗੀ ਵਿਚ ਆਇਆ ਤੂਫਾਨ ਤਾਂ ਗੁਜਰ ਹੀ ਗਿਆ  ਸਗੋਂ ਉਨਾਂ੍ਹ ਦੀ ਜ਼ਿੰਦਗੀ ਨੂੰ ਸੁਹਾਣੀ ਬਣਾ ਗਿਆ। ਨੀਰਜ ਨੇ ਮੈਨੂੰ ਦਸਿਆ ਕਿ ਇਕ ਹਫਤੇ ਦੇ ਝਗੜੇ ਨੇ ਸਾਨੂੰ ਮਹਿਸੂਸ ਕਰਵਾ ਦਿੱਤਾ ਕਿ ਅਸੀਂ ਇਕ ਦੂਜੇ ਲਈ ਹੀ ਬਣੇ ਹਾਂ। ਅਸੀਂ ਅਲੱਗ ਅਲੱਗ ਰਹਿ ਹੀ ਨਹੀਂ ਸਕਦੇ।ਉਹ ਮੇਰਾ ਧੰਨਵਾਦ ਕਰਦਾ ਕਿ ਮੇਰੀ ਦੋਸਤੀ ਨੇ ਉਸਦੀ ਜ਼ਿੰਦਗੀ ਬਚਾ ਲਈ। ਅਗਲੇ ਦਿਨਾਂ ਵਿਚ ਮੈਂ ਮਹਿਸੂਸ ਕੀਤਾ ਕਿ ਉਹ ਸਚਮੁਚ ਹੀ ਹੋਰ ਜ਼ਿਆਦਾ ਨੇੜੇ ਹੋ ਗਏ ਸਨ। ਜਿਵੇਂ ਇਕ ਦੀ ਜਾਨ ਦੂਜੇ ਵਿਚ ਧੜਕਦੀ ਹੋਵੇ। ਨੀਰਜ ਮੈਨੂੰ ਵੀ ਵਿਆਹ ਲਈ ਮਜਬੂਰ ਕਰਦਾ ਪਰ ਮੈਂ ਅਜੇ ਤਿੰਨ ਚਾਰ ਸਾਲ ਦਾ ਸਮਾਂ ਹੋਰ ਕਢਣਾ ਚਾਹੁੰਦਾ ਸੀ।ਜਿਵੇਂ ਜਿਵੇਂ ਦਿਨ ਬੀਤ ਰਹੇ ਸਨ ਉਨਾਂ੍ਹ ਦਾ ਪਿਆਰ ਹੋਰ ਗੂੜਾ੍ਹ ਹੁੰਦਾ ਜਾ ਰਿਹਾ ਸੀ। ਪਹਿਲਾਂ ਤਾਂ ਸ਼ਾਮ ਨੂੰ ਅਸੀਂ ਗੱਪਾਂ ਮਾਰਦਿਆਂ ਕਾਫੀ ਸਮਾਂ ਖਰਾਬ ਕਰ ਦਿੰਦੇ ਸੀ ਪਰ ਹੁਣ ਨੀਰਜ ਸ਼ਾਮ ਨੂੰ ਮਿਲਣ ਦਾ ਸਮਾਂ ਹੀ ਨਾ ਕਢਦਾ। ਉਹ ਇਹੀ ਦੇਖਦਾ ਕਿ ਕਦੋਂ ਛੁੱਟੀ ਦਾ ਸਮਾਂ ਹੋਵੇ ਤੇ ਉਹ ਘਰ ਜਾਵੇ। ਸਾਡੀਆਂ ਮੁਲਾਕਾਤਾਂ ਵੀ ਕਈ ਕਈ ਦਿਨ ਬਾਅਦ ਹੋਣ ਲੱਗੀਆਂ।
  ਦੋ ਸਾਲ ਬੀਤ ਗਏ। ਇਕ ਐਤਵਾਰ ਉਹ ਦੋਨੋਂ ਸਾਡੇ ਘਰ ਆਾਏ। ਚਾਹ ਪੀਂਦਿਆਂ ਮਾਂ ਨੇ ਕਿਹਾ, ਪੁੱਤ ਨੀਰਜ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਹੁਣ ਪੋਤੇ ਦਾ ਮੂੰਹ ਵੀ ਵਿਖਾ ਦੇ।ਨੀਰਜ ਕੁਝ ਸ਼ਰਮਾ ਕੇ ਬੋਲਿਆ, ਕੋਈ ਨੀਂ ਮਾਂ ਜੀ ਅਜੇ ਕੀ ਜਲਦੀ ਐ। ਸਚਮੁਚ ਹੀ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਸੀ। ਮੇਰੇ ਇਹ ਗੱਲ ਕਦੇ ਦਿਮਾਗ ਵਿਚ ਹੀ ਨਹੀਂ ਸੀ ਆਈ।ਜਦ ਮੈਂ ਇਕੱਲੇ ਨੇ ਇਸ ਬਾਰੇ ਗੱਲ ਕੀਤੀ ਤਾਂ ਨੀਰਜ ਬੋਲਿਆ ਕਿ ਮੇਰੇ ਘਰ ਦੇ ਵੀ ਹਰ ਵਾਰ ਪੁੱਛ ਲੈਂਦੇ ਹਨ ਪਰ ਜੋ ਰਬ ਨੂੰ ਮਨਜ਼ੂਰ ਹੈ। ਮੇਰੇ ਕਈ ਵਾਰ ਜ਼ੋਰ ਦੇਣ ਤੇ ਉਹ ਡਾਕਟਰ ਤੋਂ ਚੈਕਅਪ ਕਰਵਾਉਣ ਲਈ ਮੰਨਿਆਂ। ਡਾਕਟਰ ਨੇ ਦੋਨਾਂ ਦੇ ਟੈਸਟ ਕੀਤੇ ਅਤੇ ਮੀਨਾ ਭਾਬੀ ਨੂੰ ਸੋਜਿਸ਼ ਦੀ ਦਵਾਈ ਖਾਣ ਲਈ ਦਿੱਤੀ।ਤਿੰਨ ਮਹੀਨੇ ਦਵਾਈ ਖਾਣ ਨਾਲ ਕੋਈ ਫਰਕ ਨਾ ਪਿਆ ਜਿਸ ਕਾਰਣ ਹੋਰ ਟੈਸਟਾਂ ਦੀ ਜ਼ਰੂਰਤ ਸੀ। ਐਤਕੀਂ ਟੈਸਟ ਦੀ ਰਿਪੋਰਟ ਨਾਲ ਜਿਵੇਂ ਸਾਡੇ ਤੇ ਬਿਜਲੀ ਡਿੱਗੀ ਹੋਵੇ। ਡਾਕਟਰ ਨੇ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ ਕਿ ਮੀਨਾਕਸ਼ੀ ਨੂੰ ਬੱਚੇਦਾਨੀ ਦਾ ਕੈਂਸਰ ਹੈ।ਜਿੰਨੀ ਛੇਤੀ ਹੋ ਸਕੇ ਇਸਦਾ ਅਪਰੇਸ਼ਨ ਕਰਵਾ ਦਿੱਤਾ ਜਾਵੇ ਨਹੀਂ ਤਾਂ ਭਾਬੀ ਦੀ ਜਾਨ ਨੂੰ ਖਤਰਾ ਹੈ। ਨੀਰਜ ਵੀ ਮਾਯੂਸ ਹੋ ਗਿਆ ਸੀ। ਉਸ ਨੇ ਆਪਣੇ ਘਰਦਿਆਂ ਨਾਲ ਵੀ ਸਲਾਹ ਕੀਤੀ।ਅਪਰੇਸ਼ਨ ਤੋਂ ਬਿਨਾਂ ਕੋਈ ਹੱਲ ਨਹੀਂ ਸੀ। ਆਖਰ ਮੀਨਾਕਸ਼ੀ ਦੀ ਸਲਾਹ ਨਾਲ ਨੀਰਜ ਨੇ ਅਪਰੇਸ਼ਨ ਕਰਵਾਉਣ ਦਾ ਫੈਸਲਾ ਕਰ ਲਿਆ। ਉਹ ਆਖ ਰਿਹਾ ਸੀ ਕਿ ਅਸੀਂ ਸਾਰੀ ਉਮਰ ਇਕ ਦੂਜੇ ਦੇ ਸਹਾਰੇ ਕਢ ਲਵਾਂਗੇ। ਸਾਨੂੰ ਬੱਚੇ ਦੀ ਲੋੜ ਹੀ ਨਹੀਂ। ਮੈਂ ਸੋਚ ਰਿਹਾ ਸਾਂ ਕਿ ਉਹ ਭਾਵੁਕ ਹੋ ਗਿਆ ਹੈ।ਪਰ ਉਹ ਜ਼ੋਰ ਦੇ ਕੇ ਆਖ ਰਿਹਾ ਸੀ ਕਿ ਮੀਨਾ ਹੀ ਉਸਦੀ ਜ਼ਿੰਦਗੀ ਹੈ। ਉਸ ਬਿਨਾਂ ਉਹ ਅਧੂਰਾ ਹੈ। ਉਸਦੇ ਮਾਂ ਬਾਪ ਨੇ ਕਿਹਾ ਕਿ ਉਹ ਅਪਰੇਸ਼ਨ ਜਲਾਲਾਬਾਦ ਆ ਕੇ ਕਰਵਾ ਲਵੇ ਕਿਉਂਕਿ ਸਾਰਾ ਪਰਿਵਾਰ ਉਥੇ ਉਸਦੀ ਸਾਂਭ ਸੰਭਾਲ ਲਈ ਹੈ। ਪਰ ਨੀਰਜ ਨੂੰ ਇਸ ਸ਼ਹਿਰ ਦੇ ਡਾਕਟਰ ਤੇ ਵਧ ਭਰੋਸਾ ਸੀ।ਆਖਰ ਮੀਨਾ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ। ਮੈਂ ਤੇ ਮਾਂ ਵੀ ਉਨਾਂ੍ਹ ਦਾ ਸਾਥ ਦੇ ਰਹੇ ਸਾਂ। ਮੀਨਾ ਦੇ ਮਾਂ ਬਾਪ ਅਤੇ ਨੀਰਜ ਦੀ ਮਾਂ ਵੀ ਇਥੇ ਹੀ ਰਹਿ ਪਏ ਸਨ।
  ਮੀਨਾਕਸ਼ੀ ਦਾ ਅਪਰੇਸ਼ਨ ਹੋ ਰਿਹਾ ਸੀ। ਨੀਰਜ ਜਿਵੇਂ ਇਕ ਮਸ਼ੀਨ ਬਣ ਗਿਆ।ਕਦੇ ਦਵਾਈ ਲੈਣ ਜਾ ਰਿਹਾ ਹੈ ਤੇ ਕਦੇ ਇੰਜੈਕਸ਼ਨ। ਡਾਕਟਰ ਵਾਰ ਵਾਰ ਪਰਚੀ ਲਿਖ ਕੇ ਭੇਜ ਰਿਹਾ ਸੀ।ਮੈਂ ਵੀ ਉਸ ਨਾਲ ਹਸਪਤਾਲ ਹੀ ਸੀ। ਉਹ ਕਿਸੇ ਹੋਰ ਨੂੰ ਦਵਾਈ ਦੀ ਪਰਚੀ ਨਾ ਦਿੰਦਾ ਜਿਵੇਂ ਕਿਸੇ ਤੇ ਯਕੀਨ ਨਾ ਹੋਵੇ।ਜਿੰਨਾ ਚਿਰ ਅਪਰੇਸ਼ਨ ਹੋ ਨਹੀਂ ਸੀ ਗਿਆ ਉਹ ਆਪਣੀ ਸੁਧ ਬੁਧ ਭੁਲਿਆ ਰਿਹਾ। ਅਸੀਂ ਉਸਨੂੰ ਚਾਹ ਪਾਣੀ ਪੀਣ ਲਈ ਆਖਦੇ ਪਰ ਉਹ ਬੁੱਤ ਬਣਿਆਂ ਅਪਰੇਸ਼ਨ ਥੀਏਟਰ ਦੇ ਬੂਹੇ ਵੱਲ ਵੇਖੀ ਜਾਂਦਾ ।ਜਦੋਂ ਵੀ ਦਰਵਾਜ਼ਾ ਖੁਲ੍ਹਦਾ ਉਹ ਭੱਜ ਕੇ ਨਰਸ ਵੱਲ ਅਹੁਲਦਾ।ਪਰ ਉਹ ਕਿਸੇ ਹੋਰ ਦਾ ਨਾਂ ਲੈ ਕੇ ਪਰਚੀ ਲਹਿਰਾਉਂਦੀ ਤਾਂ ਉਹ ਮਾਯੂਸ ਹੋ ਜਾਂਦਾ।ਉਹ ਮੈਨੂੰ ਵਾਰ ਵਾਰ ਪੁਛਦਾ ਕਿ ਇਹ ਡਾਕਟਰ ਆਖਰ ਮੀਨਾ ਦੇ ਨਾਂ ਦੀ ਪਰਚੀ ਕਿਉਂ ਨੀਂ ਭੇਜਦੇ? ਮੈਂ ਉਸਨੂੰ ਧਰਵਾਸ ਦਿੰਦਾ ਕਿ ਸ਼ਾਇਦ ਅਪਰੇਸ਼ਨ ਛੋਟਾ ਹੈ ਇਸ ਲਈ ਜ਼ਿਆਦਾ ਦਵਾਈ ਦੀ ਜ਼ਰੂਰਤ ਨਹੀਂ। ਪਰ ਉਸਦੀ ਬੇਚੈਨੀ ਵਧਦੀ ਜਾ ਰਹੀ ਸੀ। ਉਹ ਕਦੇ ਬੈਠ ਜਾਂਦਾ ਤੇ ਕਦੇ ਟਹਿਲਣ ਲਗਦਾ। ਅਸੀਂ ਉਸਦੀ ਬੇਚੈਨੀ ਦੇਖ ਕੇ ਹੀ ਬੇਚੈਨ ਹੋ ਰਹੇ ਸਾਂ। ਉਸਦੀ ਮਾਂ ਨੇ ਉਸਨੂੰ ਰੋਟੀ ਖਾਣ ਬਾਰੇ ਕਿਹਾ ਤਾਂ ਉਹ ਤਲਖ ਹੋ ਗਿਆ। ਉਹ ਖਿਝ ਕੇ ਬੋਲਿਆ ਕਿ ਜਦ ਤਕ ਅਪਰੇਸ਼ਨ ਨਹੀਂ ਹੋ ਜਾਂਦਾ ਉਸਨੂੰ ਕੋਈ ਨਾ ਬੁਲਾਵੇ। ਜਦ ਡਾਕਟਰ ਨੇ ਅਪਰੇਸ਼ਨ ਦੇ ਸਫਲ ਹੋਣ ਬਾਰੇ ਦਸਿਆ ਤਾਂ ਉਸਦੇ ਦੋਨੋਂ ਹੱਥ ਜੁੜ ਕੇ ਉਪਰ ਵੱਲ ਉਠ ਗਏ।ਉਸਦੇ ਚਿਹਰੇ ਦਾ ਤਨਾਅ ਵੀ ਇਕ ਦਮ ਖਤਮ ਹੋ ਗਿਆ। ਸ਼ਾਮ ਤਕ ਮੀਨਾ ਨੂੰ ਰਿਕਵਰੀ ਰੂਮ ਵਿਚ ਰਖਿਆ।ਨੀਰਜ ਰਿਕਵਰੀ ਰੂਮ ਦੇ ਬਾਹਰ ਹੀ ਬੈਠਾ ਰਿਹਾ।ਰਾਤ ਨੂੰ ਵਾਰਡ ਵਿਚ ਵੀ ਉਹ ਹੀ ਰਿਹਾ। ਮੇਰੇ ਅਤੇ ਬਾਕੀਆਂ ਦੇ ਕਹਿਣ ਤੇ ਵੀ ਉਹ ਘਰ ਜਾਣ ਨੂੰ ਤਿਆਰ ਨਾ ਹੋਇਆ। ਦੋ ਰਾਤਾਂ ਗੁਲੂਕੋਜ਼ ਲੱਗਣਾ ਸੀ। ਦੋ ਰਾਤਾਂ ਨੀਰਜ ਨੇ ਜਾਗ ਕੇ ਹੀ ਕੱਟੀਆਂ। ਡਾਕਟਰ ਨੇ ਵੀ ਉਸਨੂੰ ਸਮਝਾਇਆ ਸੀ ਕਿ ਮੀਨਾਕਸ਼ੀ ਹੁਣ ਠੀਕ ਹੈ ਤੂੰ ਕੋਈ ਫਿਕਰ ਨਾ ਕਰ। ਤੈਨੂੰ ਸੌਣਾ ਚਾਹੀਦਾ ਹੈ, ਕਿਤੇ ਇਸਦੀ ਦੇਖ ਭਾਲ ਕਰਦਾ ਤੂੰ ਆਪ ਨਾ ਬਿਮਾਰ ਹੋ ਜਾਵੀਂ। ਪਰ ਉਸਨੇ ਕਿਸੇ ਦੀ ਗੱਲ ਨਾ ਮੰਨੀ। ਮੈਂ ਉਸਨੂੰ ਆਰਾਮ ਕਰਨ ਲਈ ਆਖਦਾ ਤਾਂ ਉਹ ਬੋਲਦਾ ਕਿ ਮੀਨਾਕਸ਼ੀ ਮੇਰੀ ਹੈ ਤੇ ਇਸਦੀ ਸੇਵਾ ਵੀ ਮੈਂ ਆਪ ਹੀ ਕਰਨੀ ਹੈ। ਤੁਸੀਂ ਬਸ ਮੇਰਾ ਸਾਥ ਦਿੰਦੇ ਰਹੋ।
  ਮੀਨਾਕਸ਼ੀ ਠੀਕ ਹੋ ਰਹੀ ਸੀ ਪਰ ਉਸ ਵਿਚ ਜਿਵੇਂ ਜਾਨ ਨਹੀਂ ਸੀ ਰਹੀ।ਡਾਕਟਰ ਨੇ ਹਫਤੇ ਤਕ ਛੁੱਟੀ ਦੇਣ ਦੀ ਗੱਲ ਕਹੀ ਸੀ ਪਰ ਹੁਣ ਦਸ ਦਿਨ ਹੋ ਗਏ ਸਨ।ਸਾਡੀ ਸਾਰਿਆਂ ਦੀ ਚਿੰਤਾ ਵਧ ਰਹੀ ਸੀ।ਡਾਕਟਰ ਵੀ ਚਿੰਤਤ ਸੀ। ਡਾਕਟਰਾਂ ਦੀ ਟੀਮ ਬਣ ਚੁੱਕੀ ਸੀ। ਟੈਸਟ ਹੋ ਰਹੇ ਸਨ। ਆਖਰ ਪਤਾ ਲਗਿਆ ਕਿ ਕੈਂਸਰ ਆਪਣੀ ਜੜ੍ਹ ਡੂੰਘੀ ਕਰ ਚੁਕਿਆ ਸੀ। ਅੰਦਰ ਇਨਫੈਕਸ਼ਨ ਵਧ ਰਹੀ ਸੀ।ਨੀਰਜ ਤਾਂ ਜਿਵੇਂ ਆਪਣੀ ਸੁਧ ਬੁਧ ਗੁਆ ਬੈਠਾ। ਬੈਠਾ ਮੀਨਾਕਸ਼ੀ ਦੇ ਚਿਹਰੇ ਨੂੰ ਨਿਹਾਰੀ ਜਾਂਦਾ।ਮੀਨਾ ਭਾਬੀ ਦੇ ਵਾਲ ਝੜ ਰਹੇ ਸਨ। ਰੰਗ ਕਾਲਾ ਪੈ ਚੁਕਿਆ ਸੀ। ਦਿਨਾਂ ਵਿਚ ਹੀ ਉਸਦੀ ਸ਼ਕਲ ਡਰਾਉਣੀ ਬਣ ਗਈ।ਉਹ ਸਮਝ ਗਈ ਸੀ ਕਿ ਉਸਦਾ ਅੰਤ ਨੇੜੇ ਹੈ। ਉਸਦੀ ਆਵਾਜ਼ ਵੀ ਉਸਦਾ ਸਾਥ ਨਹੀਂ ਸੀ ਦੇ ਰਹੀ।ਨੀਰਜ ਉਸਦੀ ਹਰ ਲੋੜ ਦਾ ਖਿਆਲ ਰਖਦਾ। ਉਸ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ। ਉਸਨੂੰ ਦਿਲਾਸਾ ਦਿੰਦਾ। ਮੈਂ ਉਸਦੇ ਜਜ਼ਬਾਤਾਂ ਨੂੰ ਸਮਝ ਰਿਹਾ ਸਾਂ। ਉਹ ਭਰ ਭਰ ਡੁਲ੍ਹ ਰਿਹਾ ਸੀ।
  ਇਕ ਦਿਨ ਨੀਰਜ ਦਵਾਈ ਲੈਣ ਗਿਆ ਤਾਂ ਮੈਂ ਤੇ ਉਸਦੀ ਮਾਂ ਵਾਰਡ ਵਿਚ ਸਾਂ। ਮੀਨਾ ਭਾਬੀ ਨੇ ਮੈਨੂੰ ਇਸ਼ਾਰੇ ਨਾਲ ਕੋਲ ਬੁਲਾਇਆ। ਮੈਂ ਕੰਨ ਨੇੜੇ ਕੀਤਾ ਤਾਂ ਉਹ ਬੋਲੀ,' ਭਾ ਜੀ! ਹੁਣ ਮੇਰਾ ਅੰਤ ਨੇੜੇ ਹੈ। ਮੇਰੀ ਇਹ ਗੱਲ ਨਹੀਂ ਮੰਨ ਰਹੇ। ਆਖਦੇ ਹਨ ਮੇਰੇ ਜਿਉਂਦੇ ਜੀ ਰਬ ਤੈਨੂੰ ਨਹੀਂ ਲਿਜਾ ਸਕਦਾ। ਮੈਨੂੰ ਝੂਠੀ ਤਸੱਲੀ ਦਿੰਦੇ ਹਨ।ਮੇਰੇ ਮਗਰੋਂ ਤੁਸੀਂ ਆਪਣੀ ਦੋਸਤੀ ਦਾ ਵਾਸਤਾ ਦੇ ਕੇ ਇਨਾਂ੍ਹ ਦਾ ਵਿਆਹ ਕਰਵਾ ਦੇਣਾ। ਸਿਰਫ ਥੋਡੀ ਗੱਲ ਹੀ ਮੰਨਣਗੇ'। ਮੈਂ ਵੀ ਭਾਬੀ ਨੂੰ ਦਿਲਾਸਾ ਦੇਣ ਦਾ ਜਤਨ ਕੀਤਾ ਪਰ ਉਹ ਤਾਂ ਸੁਣ ਹੀ ਨਹੀਂ ਸੀ ਰਹੀ। ਕਦੋਂ ਉਸਦੇ ਸਾਹਾਂ ਦੀ ਡੋਰ ਟੁੱਟੀ ਮੈਨੂੰ ਪਤਾ ਵੀ ਨਾ ਲਗਿਆ।ਨੀਰਜ ਆਇਆ ਤਾਂ ਮੀਨਾ ਨੂੰ ਦੇਖ ਕੇ ਉਹ ਜਿਵੇਂ ਪੱਥਰ ਬਣ ਗਿਆ। ਮੈਨੂੰ ਜਾਪਦਾ ਸੀ ਕਿ ਉਹ ਰੋ ਰੋ ਕੇ ਵਾਰਡ ਸਿਰ ਤੇ ਚੁੱਕ ਲਏਗਾ ਪਰ ਉਸਦੇ ਮੂੰਹੋਂ ਤਾਂ ਆਵਾਜ਼ ਹੀ ਨਹੀਂ ਨਿਕਲੀ। ਮੈਂ ਉਸਦੀ ਇਹ ਹਾਲਤ ਦੇਖ ਕੇ ਡਰ ਗਿਆ ਸਾਂ ਕਿਤੇ ਇਸਨੂੰ ਕੁਝ ਹੋ ਹੀ ਨਾ ਜਾਵੇ।ਰਿਸ਼ਤੇਦਾਰਾਂ ਨੂੰ ਖਬਰ ਕਰ ਦਿੱਤੀ ਸੀ। ਲਾਸ਼ ਨੂੰ ਸਰਦਖਾਨੇ ਵਿਚ ਰਖਵਾ ਦਿੱਤਾ ਸੀ।ਨੀਰਜ ਦੇ ਰਿਸ਼ਤੇਦਾਰ ਪਹੁੰਚ ਚੁੱਕੇ ਸਨ। ਸਾਰੇ ਮਸ਼ਵਰਾ ਕਰ ਰਹੇ ਸਨ ਕਿ ਸਸਕਾਰ ਇਥੇ ਕੀਤਾ ਜਾਵੇ ਜਾਂ ਉਨਾਂ੍ਹ ਦੇ ਆਪਣੇ ਸ਼ਹਿਰ। ਨੀਰਜ ਨੂੰ ਪੁਛਿਆ ਤਾਂ ਉਸਨੇ ਆਪਣੀ ਕੋਈ ਮਰਜ਼ੀ ਨਾ ਦੱਸੀ। ਰਿਸ਼ਤੇਦਾਰਾਂ ਨੇ ਉਸਨੂੰ ਰੁਆਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਰੋਇਆ।ਆਖਰ ਫੈਸਲਾ ਹੋਇਆ ਕਿ ਸਸਕਾਰ ਇਥੇ ਹੀ ਕਰ ਦਿੱਤਾ ਜਾਵੇ ਤੇ ਭੋਗ ਜਲਾਲਾਬਾਦ ਪਾਇਆ ਜਾਵੇ ।ਮੈਂ ਵੀ ਭੋਗ ਤੇ ਗਿਆ। ਕਿੰਨਾ ਅਸਹਿ ਸੀ ਇਹ ਸਦਮਾ। ਨੀਰਜ ਦੀ ਹਾਲਤ ਦੇਖ ਕੇ ਹੀ ਇਸਦਾ ਅੰਦਾਜਾ ਲਗਦਾ ਸੀ।
  ਭੋਗ ਤੋਂ ਮਗਰੋਂ ਨੀਰਜ ਡਿਊਟੀ ਤੇ ਹਾਜਰ ਹੋ ਗਿਆ। ਆਖਦੇ ਹਨ ਕਿ ਸਮਾਂ ਮਰ੍ਹਮ ਹੈ।ਨੀਰਜ ਵੀ ਸਹਿਜ ਹੋ ਰਿਹਾ ਸੀ।ਇਕ ਦਿਨ ਮੈਂ ਗੱਲਾਂ ਗੱਲਾਂ ਵਿਚ ਹੀ ਉਸਨੂੰ ਵਿਆਹ ਕਰਵਾਉਣ ਦੀ ਗੱਲ ਆਖੀ ਪਰ ਉਸਨੇ ਕੋਈ ਜਵਾਬ ਨਾ ਦਿੱਤਾ।ਅਜੇ ਉਸਦੀ ਉਮਰ ਵੀ ਕੀ ਸੀ? ਤਿੰਨ ਸਾਲ ਤਾਂ ਹੋਏ ਸਨ ਸਾਰੇ ਵਿਆਹ ਨੂੰ। ਜਦੋਂ ਵੀ ਮਿਲਦਾ ਮੈਂ ਉਸਨੂੰ ਦੂਜੇ ਵਿਆਹ ਬਾਰੇ ਆਖਦਾ। ਉਸਦਾ ਇਕੋ ਜਵਾਬ ਹੁੰਦਾ ਕਿ ਮੈਂ ਉਸ ਨਾਲ ਦੂਜੇ ਵਿਆਹ ਦੀ ਗੱਲ ਨਾ ਕਰਾਂ। ਇਕ ਦਿਨ ਮੈਂ ਉਸ ਨਾਲ ਇਕੱਲਤਾ ਦੇ ਡਰਾਉਣੇ ਪੱਖ ਦੀ ਗੱਲ ਕੀਤੀ ਪਰ ਉਹ ਟੱਸ ਤੋਂ ਮਸ ਨਾ ਹੋਇਆ। ਉਸ ਨੇ ਮੈਨੂੰ ਸਾਫ ਸ਼ਬਦਾਂ ਵਿਚ ਆਖ ਦਿੱਤਾ ਕਿ ਮੀਨਾਕਸ਼ੀ ਨਾਲ ਬਿਤਾਏ ਤਿੰਨ ਸਾਲਾਂ ਤੋਂ ਉਹ ਤਿੰਨ ਜਨਮ ਵੀ ਵਾਰ ਸਕਦਾ ਹੈ ਅਤੇ ਮੈਂ ਅੱਗੇ ਤੋਂ ਵਿਆਹ ਬਾਰੇ ਕਦੇ ਜ਼ਿਕਰ ਨਾ ਕਰਾਂ। ਮੈਨੂੰ ਮੀਨਾ ਭਾਬੀ ਦੇ ਕਹੇ ਬੋਲ ਯਾਦ ਆ ਰਹੇ ਸਨ। ਸੋ ਮੈਂ ਵੀ ਸਖਤੀ ਨਾਲ ਬੋਲ ਪਿਆ ਕਿ ਜੇ ਮੇਰੇ ਨਾਲ ਦੋਸਤੀ ਰਖਣੀ ਹੈ ਤਾਂ ਤੈਨੂੰ ਮੇਰੀ ਗੱਲ ਮੰਨਣੀ ਹੀ ਪਵੇਗੀ। ਮੈਨੂੰ ਉਮੀਦ ਸੀ ਕਿ ਉਹ ਦੋ ਚਾਰ ਦਿਨਾਂ ਵਿਚ ਹੀ ਟੈਲੀਫੋਨ ਕਰ ਕੇ ਆਖੇਗਾ ਕਿ ਤੇਰਾ ਧੰਨਵਾਦ ਤੂੰ ਮੇਰੀ ਜ਼ਿੰਦਗੀ ਵਿਚ ਫਿਰ ਬਹਾਰ ਲੈ ਆਂਦੀ। ਪਰ ਉਸ ਦਿਨ ਤੋਂ ਮਗਰੋਂ ਉਸਦਾ ਕੋਈ ਫੋਨ ਨਾ ਆਇਆ ਤੇ ਨਾ ਆਪ ਹੀ ਆਇਆ।ਮੇਰੀ ਗੱਲ ਨਾ ਮੰਨਣ ਕਾਰਣ ਮੈਂ ਆਪਣੀ ਹੇਠੀ ਮਹਿਸੂਸ ਕਰ ਰਿਹਾ ਸਾਂ। ਇਸ ਲਈ ਮੈਂ ਵੀ ਉਸ ਵੱਲ ਜਾਣਾ ਉਚਿਤ ਨਾ ਸਮਝਿਆ। ਡੇਢ ਸਾਲ ਬੀਤ ਗਿਆ। ਹੁਣ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਨੀਰਜ ਇਥੇ ਹੀ ਹੈ ਜਾਂ ਇਥੋਂ ਚਲਾ ਗਿਆ। ਤੇ ਅੱਜ ਡੇਢ ਸਾਲ ਮਗਰੋਂ ਉਹ ਜਿਵੇਂ ਠਹਿਰੇ ਹੋਏ ਪਾਣੀ ਵਿਚ ਪੱਥਰ ਮਾਰ ਗਿਆ।
  ' ਲਗਾ ਦੇ ਜ਼ੋਰ--- ਹਈਸ਼ਾ'।  ਟਰਾਂਸਫਾਰਮਰ ਚੁੱਕ ਕੇ ਕਰੇਨ ਨੇ ਖੰਭੇ ਤੇ ਟਿਕਾ ਦਿੱਤਾ ਸੀ। ਉਸਨੂੰ ਠੀਕ ਜਗਾ੍ਹ ਕਰਦੇ ਮਜ਼ਦੂਰਾਂ ਦੀ ਆਵਾਜ਼ ਨੇ ਮੈਨੂੰ ਸੁਚੇਤ ਕੀਤਾ। ਮੈਂ ਮੋਬਾਈਲ ਤੇ ਆ ਰਹੇ ਸਮੇਂ ਵੱਲ ਨਜ਼ਰ ਮਾਰੀ।ਪੰਜ ਵਜ ਰਹੇ ਸਨ। ਮੇਰਾ ਧਿਆਨ ਨੀਰਜ ਵੱਲ ਜਾ ਰਿਹਾ ਸੀ।ਕਿੰਨਾ ਪਾਖੰਡੀ ਨਿਕਲਿਆ। ਪਤਾ ਵੀ ਨਹੀਂ ਲਗਿਆ ਕਦੋਂ ਵਿਆਹ ਕਰਵਾ ਲਿਆ। ਤੇ ਅਜ ਉਸਦਾ ਜਨਮ ਦਿਨ ਮਨਾਉਣ ਲਗਿਆ ਹੈ। ਕਦੇ ਤਾਂ ਆਖਦਾ ਸੀ ਕਿ ਮੀਨਾਕਸ਼ੀ ਨਾਲ ਬਿਤਾਏ ਤਿੰਨ ਸਾਲਾਂ ਤੋਂ ਤਿੰਨ ਜਨਮ ਵਾਰ ਸਕਦਾ ਹਾਂ ਤੇ ਹੁਣ ਤਿੰਨ ਸਾਲ ਵੀ ਨਾ ਪੈਣ ਦਿੱਤੇ। ਜੇ ਮੇਰੀ ਗੱਲ ਮੰਨ ਕੇ ਉਦੋਂ ਹੀ ਵਿਆਹ ਕਰਵਾ ਲੈਂਦਾ ਤਾਂ ਮੇਰਾ ਮਾਣ ਵੀ ਰਹਿ ਜਾਂਦਾ। ਫਿਰ ਮਨ ਨੇ ਮੋੜ ਕਟਿਆ। ਸ਼ਾਇਦ ਮੇਰੀ ਗੱਲ ਮੰਨ ਕੇ ਹੀ ਕਰਵਾਇਆ ਹੋਵੇ। ਇਹ ਤਾਂ ਮੈਂ ਹੀ ਉਸਨੂੰ ਨਹੀਂ ਪੁਛਿਆ ਤੇ ਨਾ ਹੀ ਉਸ ਵੱਲ ਕਦੇ ਗਿਆ। ਪਰ ਉਹ ਤਾਂ ਦੱਸ ਸਕਦਾ ਸੀ। ਮੇਰਾ ਦਿਲ ਕਾਹਲਾ ਪੈਣ ਲਗਿਆ।ਦੇਖਾਂ ਤਾਂ ਸਹੀ ਉਸਦੀ ਪਤਨੀ ਮੀਨਾ ਭਾਬੀ ਵਰਗੀ ਹੈ ਵੀ ਕਿ ਨਹੀਂ। ਪਰ ਬਿਜਲੀ ਦੀ ਬਹਾਲੀ ਮੇਰੀ ਜ਼ਿੰਮੇਵਾਰੀ ਸੀ। ਇਸਨੂੰ ਵੀ ਮੈਂ ਛਡ ਨਹੀਂ ਸੀ ਸਕਦਾ। ਟਰਾਂਸਫਾਰਮਰ ਫਿੱਟ ਹੋ ਚੁਕਿਆ ਸੀ। ਸਾਢੇ ਪੰਜ ਵਜ ਚੁੱਕੇ ਸਨ।ਮੇਰੇ ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ। ਮੈਂ ਜੇ.ਈ. ਰਮਨ ਨੂੰ ਕਿਹਾ ਕਿ ਸਪਲਾਈ ਚਾਲੂ ਕਰਵਾ ਕੇ ਮੈਨੂੰ ਫੋਨ ਕਰ ਦੇਵੇ ,ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਹਾਂ। ਮੈਂ ਆਪਣਾ ਸਕੂਟਰ ਲੈ ਕੇ ਨੀਰਜ ਦੇ ਘਰ ਵਲ ਚੱਲ ਪਿਆ।
  ਮੈਂ ਛੇ ਵਜੇ ਤੋਂ ਦਸ ਮਿੰਟ ਪਹਿਲਾਂ ਉਸਦੇ ਘਰ ਪਹੁੰਚ ਗਿਆ।ਮੈਨੂੰ ਉਮੀਦ ਸੀ ਕਿ ਉਸਦੇ ਘਰ ਕਾਫੀ ਰੌਣਕ ਹੋਵੇਗੀ ਪਰ ਅੰਦਰੋਂ ਕੋਈ ਸ਼ੋਰ ਨਹੀਂ ਸੀ ਆ ਰਿਹਾ।ਮੈਂ ਅੰਦਰ ਦਾਖਲ ਹੋਇਆ ਤਾਂ ਨੀਰਜ ਨੇ ਮੈਨੂੰ ਜੱਫੀ 'ਚ ਲੈ ਲਿਆ। ਮੈਂ ਕੋਈ ਹਰਕਤ ਨਾ ਕੀਤੀ ਤੇ ਨਾ ਹੀ ਮੇਰੇ ਚਿਹਰੇ ਤੇ ਕੋਈ ਖੁਸ਼ੀ ਦਾ ਭਾਵ ਆਇਆ।
  ' ਉਹ ਕਿਥੇ ਐ ?' ਮੈਂ ਹੌਲੀ ਜਿਹੀ ਬੋਲਿਆ। ਮੈਂ ਚਾਹੁੰਦਾ ਹੋਇਆ ਵੀ ਭਾਬੀ ਨਾ ਕਹਿ ਸਕਿਆ। ਇਹ ਸ਼ਬਦ ਜਿਵੇਂ ਮੀਨਾ ਭਾਬੀ ਲਈ ਹੀ ਰਾਖਵਾਂ ਹੋ ਗਿਆ ਸੀ।
  ' ਅੰਦਰ ਐ'।  ਉਸਨੇ ਮੁਸਕੁਰਾ ਕੇ ਅੰਦਰ ਵੱਲ ਇਸ਼ਾਰਾ ਕੀਤਾ। ਮੇਰਾ ਸਰੀਰ ਜਿਵੇਂ ਭਖਣ ਲਗ ਪਿਆ।ਮੈਨੂੰ ਸਿਸ਼ਟਾਚਾਰ ਵੀ ਭੁੱਲ ਗਿਆ। ਮੈਂ ਤੇਜ਼ ਕਦਮਾਂ ਨਾਲ ਤੁਰਦਿਆਂ ਉਸ ਕਮਰੇ ਦਾ ਦਰਵਾਜ਼ਾ ਖੋਲ੍ਹ ਦਿੱਤਾ। ਅੰਦਰ ਦਾ ਦ੍ਰਿਸ਼ ਦੇਖ ਕੇ ਜਿਵੇਂ ਮੈਂ ਸੁੰਨ ਹੋ ਗਿਆ।ਮੇਰੇ ਕਦਮ ਬੂਹੇ ਵਿਚ ਹੀ ਰੁਕ ਗਏ।ਨੀਰਜ ਅੰਦਰ ਦਾਖਲ ਹੋਇਆ। ਉਹ ਮੁਸਕੁਰਾ ਰਿਹਾ ਸੀ। ਮੇਰੇ ਮੂੰਹੋਂ ਕੋਈ ਗੱਲ ਨਾ ਨਿਕਲੀ। ਮੀਨਾ ਭਾਬੀ ਦੇ ਪੋਸਟਰ ਜਿਵੇਂ ਮੁਸਕੁਰਾ ਕੇ ਮੇਰਾ ਸਵਾਗਤ ਕਰ ਰਹੇ ਹੋਣ। ਸਾਹਮਣੇ ਮੇਜ਼ ਤੇ ਕੇਕ ਪਿਆ ਸੀ ਅਤੇ ਨਾਲ ਹੀ ਮੀਨਾ ਭਾਬੀ ਦੇ ਵਿਆਹ ਦੇ ਜੋੜੇ ਵਾਲੀ ਫਰੇਮ 'ਚ ਜੜੀ ਫੋਟੋ। ਮੇਰੇ ਮੋਬਾਈਲ ਦੀ ਘੰਟੀ ਵੱਜੀ।
  ' ਸਰ! ਟਰਾਂਸਫਾਰਮਰ ਨੇ ਲੋਡ ਚੁੱਕ ਲਿਆ'।  ਰਮਨ ਦੀ ਆਵਾਜ਼ ਸੀ। ਮੇਰੇ ਮੂੰਹੋਂ ਬੋਲ ਨਾ ਨਿਕਲਿਆ।ਮੇਰੀ ਨਜ਼ਰ ਨੀਰਜ ਦੇ ਚਿਹਰੇ ਤੇ ਪਈ। ਉਸਦਾ ਚਿਹਰਾ ਜਿਵੇਂ ਫੈਲਦਾ ਜਾ ਰਿਹਾ ਸੀ। ਕਿਤੇ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਿਹਾ।
  ' ਚੱਲ ਕੇਕ ਕੱਟੀਏ। ਅਜ ਮੀਨਾ ਦਾ ਜਨਮ ਦਿਨ ਹੈ ਨਾ'।  ਨੀਰਜ ਦੀ ਆਵਾਜ਼ ਸੁਣ ਕੇ ਮੇਰੀਆਂ ਅੱਖਾਂ ਦੇ ਨਾਲ ਗਲ ਵੀ ਭਰ ਆਇਆ। ਮੇਰੀ ਚੇਤਨਾ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਫੋਨ ਮੇਰੇ ਹੱਥੋਂ ਛੁੱਟ ਕੇ ਦੂਰ ਜਾ ਡਿੱਗਾ।