ਬਾਬਾ ਅਟੱਲ ਰਾਇ (ਲੇਖ )

ਹਰਸਿਮਰਨ ਕੌਰ   

Email: hersimran@hotmail.com
Address:
United States
ਹਰਸਿਮਰਨ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਾਬਾ ਅਟੱਲ ਰਾਇ ਗੁਰੁ ਹਰਿ ਗੋਬਿੰਦ ਜੀ ਦੇ ਸਪੁੱਤਰ ਸਨ । ਇਨ੍ਹਾਂ ਦੇ ਮਾਤਾ ਜੀ ਦਾ ਨਾਂ ਬੀਬੀ ਨਾਨਕੀ ਸੀ । ਬਾਬਾ ਅਟੱਲ ੨੨ ਦਸੰਬਰ ੧੬੧੯ ਈ: ਨੂੰ ਅੰਮ੍ਰਿਤਸਰ ਦੀ ਧਰਤੀ ਤੇ ਆਏ , ਜਨਮ ਲਿਆ । ਆਖਦੇ ਨੇ ਬਾਬਾ ਅਟੱਲ ਕੁਦਰਤ ਦਾ  ਇਕ ਕ੍ਰਿਸ਼ਮਾ ਸੀ ਤੇ ਧਾਰਮਿਕ ਬਿਰਤੀ  ਵਾਲਾ ਸੁਭਾਅ ਸੀ । ਉਹ ਆਮ ਬਚਿਆਂ ਵਾਂਗ ਨਹੀਂ ਸੀ । ਆਪਣੀ ਉਮਰ ਨਾਲੋਂ  ਕਿਤੇ ਜਿਆਦਾ ਸਿਆਣੇ  ਤੇ ਸਮਝਦਾਰ ਸਨ । ਹਰ ਨੇਕ ਕੰਮ ਕਰਨ ਲਈ ਹਰ ਸਮੇਂ ਤਿਆਰ ਰਹਿੰਦੇ ਸਨ । ਕਿਸੇ ਦੀ ਮਦੱਦ ਕਰਨ ਲਈ ਪਿਛੇ ਨਹੀਂ ਸੀ ਹਟਦੇ । ਉਹ ਆਪਣੇ  ਨਾਲ  ਖੇਡਣ ਵਾਲੇ ਸਾਥੀਆਂ  ਨੂੰ ਅਖੌਤੀਆਂ ਤੇ ਮੁਹਾਵਰੇ ਵਾਲੇ ਵਾਕਾਂ ਵਿਚ ਜਵਾਬ ਦਿੰਦੇ ਸਨ । ਕਦੀ ਕਦੀ ਹਾਸੇ ਵਾਲੀਆਂ ਗਲਾਂ ਨਾਲ ਸਭ ਨੂੰ ਹਸਾ ਦਿੰਦੇ  । ਇਸ ਕਰਕੇ ਹੀ ੀeਨ੍ਹਾਂ ਨੂੰ  ਸਭ ਅਟੱਲ ਰਾਇ ਨਹੀਂ ਬਾਬਾ ਅਟੱਲ ਰਾਇ ਆਖਦੇ ਸਨ ।
        ਗੁਰੁ ਹਰਿ ਗੋਬਿੰਦ ਜੀ ਇਨ੍ਹਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਆਪਣੀ ਗੋਦ ਵਿਚ ਬਿਠਾਅ ਕੇ ਆਖਦੇ ਸੀ ਪ੍ਰਮਾਤਮਾ ਨੇ ਤੈਨੂੰ ਇਕ ਸ਼ਕਤੀ ਦਿਤੀ ਹੈ ।ਇਹ ਸ਼ਕਤੀ ਤੂੰ ਕਿਤੇ ਵਰਤਣੀ ਨਹੀਂ ।ਲੋਕਾਂ ਨੂੰ ਨਹੀਂ ਵਿਖਾਣੀ ।ਪਰ ਬਾਬਾ ਅਟੱਲ ਜੀ ਆਖਦੇ ਕਿ ਇਹ ਸ਼ਕਤੀ ਤੁਹਾਡੇ ਕੋਲੋਂ ਹੀ ਤਾਂ ਮਿਲੀ ਹੈ ।ਮੈਂ ਨਦੀ ਹਾਂ ਤੁਸੀਂ ਸਮੂੰਦਰ ਹੋ ਭਾਵ ਸ਼ਕਤੀ ਦੇ ਮਾਲਕ ਤਾਂ ਤੁਸੀਂ ਹੀ ਹੋ ।
       ਉਨ੍ਹਾਂ ਦੇ ਬਹੁਤ ਮਿਤੱਰ ਸਨ । ਉਨ੍ਹਾਂ ਵਿਚੋਂ ਇਕ ਸਾਥੀ ਦਾ ਨਾਂ ਮੋਹਨ ਸੀ । ਇਹ ਦੋਵੇਂ ਇੱਕ ਹੀ ਉਮਰ ਦੇ ਸਨ । ਆਪਸ ਵਿਚ ਗੇਂਦ  ਨਾਲ ਬਹੁਤ ਖੇਡਦੇ ਸੀ ।  ਗੇਂਦ ਸੂਤੀ ਕਪੜਿਆਂ ਦੀਆਂ ਲੀਰਾਂ ਨੂੰ ਗੋਲ ਗੋਲ ਲਪੇਟ ਕੇ ਬਣਾਈ ਹੁੰਦੀ ਸੀ । ਇਕ ਦਿਨ ਬਹੁਤ ਦੇਰ ਤਕ ਸਭ  ਖੇਡੇ _ਰਾਤ ਪੈ ਗਈ ਤਾਂ ਬਾਬਾ ਅਟੱਲ ਰਾਇ ਦੀ ਬੱਲੇ ਪਕੜਨ ਦੀ ਵਾਰੀ ਆਈ । ਬਾਬਾ ਅਟੱਲ ਨੇ ਰਾਤ ਨੂੰ ਵੇਖ ਕੇ ਆਖਿਆ ਕਿ ਕਲ੍ਹ ਸਵੇਰੇ ਆ ਕੇ ਮੈਂ ਆਪਣੀ ਵਾਰੀ ਲੈ ਲਵਾਂਗਾ । ਸਾਰੇ ਬੱਚੇ ਘਰ ਚਲੇ ਗਏ । ਮੋਹਨ ਵੀ ਘਰ ਗਿਆ । ਆਪਣੇ ਕਮਰੇ ਵਿਚ ਜਾ ਕੇ ਸੋ ਗਿਆ । ਰਾਤ ਨੂੰ ਹਨੇਰੀ  ਆ ਗਈ । ਇਕ ਸੱਪ ਕਮਰੇ ਵਿਚ ਆਇਆ ਤੇ ਮੋਹਨ ਨੂੰ ਡੰਗ ਲਿਆ । ਜਦ ਸਵੇਰੇ ਮਾਂ-ਬਾਪ ਨੇ ਮੋਹਨ ਨੂੰ ਜਗਾਉਣ ਲਈ ਆਵਾਜਾਂ ਮਾਰੀਆਂ ਤਾਂ ਉਹ ਨਾ ਆਇਆ ।ਮਾਂ ਬਾਪ ਉਸ ਕੋਲ ਆਏ ਤਾਂ ਵੇਖਿਆ ਕਿ ਮੋਹਨ ਦੇ ਸਰੀਰ ਦਾ ਰੰਗ ਨੀਲਾ ਹੋਇਆ ਸੀ ਤੇ ਕੋਈ ਸਾਹ ਵੀ ਨਹੀਂ ਲੇ ਰਿਹਾ ਸੀ । ਮਾਪੇ ਉਚੀ ਉਚੀ ਰੋਣ ਲਗ ਪਏ । ਸਾਰਾ ਪਿੰਡ ਇਕੱਠਾ ਹੋ ਗਿਆ । ਸਭ ਰੋ ਰਹੇ ਸਨ ।
  ਬਾਬਾ ਅਟੱਲ ਦੀ ਅਜ ਖੇਡਣ ਦੀ ਵਾਰੀ ਸੀ । ਉਹ ਕੁਝ ਸਾਥੀਆਂ ਨਾਲ ਗੇਂਦ ਬੱਲਾ ਲੈ ਕੇ ਖੇਡਣ ਵਾਲੇ ਮੈਦਾਨ ਵਿਚ ਪਹੁੰਚੇ । ਮੋਹਨ ਦੀ ਉਡੀਕ ਕਰਦੇ ਰਹੇ । ਜਦੋਂ ਮੋਹਨ ਨਾ ਆਇਆ ਤਾਂ ਬਾਬਾ ਅਟੱਲ ਆਪਣੇ ਸਾਥੀਆਂ ਨੂੰ ਲੈ ਕੇ ਮੋਹਨ ਦੇ ਘਰ ਗਏ । ਘਰ ਪਹੁੰਚ ਕੇ ਵੇਖਿਆ ਕਿ ਘਰ ਦੇ ਰੋ ਰਹੇ ਹਨ । ਮੋਹਨ ਸਭ ਦੇ ਵਿਚਕਾਰ  ਉਸ aੁਪਰ ਚਿੱਟੀ ਚਾਦਰ ਦਿਤੀ ਲੇਟਿਆ ਹੋਇਆ ਸੀ । ਮੋਹਨ ਦੇ ਮਾਪਿਆਂ ਨੇ ਦਸਿਆ ਕਿ ਮੋਹਨ ਨੂੰ ਸੱਪ ਨੇ ਕੱਟ ਲਿਆ ਹੈ ਤੇ ਇਹ ਮਰ ਗਿਆ ਹੈ । ਇਸ ਸਮੇਂ ਬਾਬਾ ਅਟੱਲ ਦੀ ਉਮਰ ਨੌਂ ਸਾਲ ਦੀ ਸੀ । ਭੋਲੇ ਭਾਲੇ ਸਨ । ਉਨ੍ਹਾਂ ਨੇ ਆਪਣੇ ਬੱਲੇ ਨਾਲ ਮੋਹਨ ਨੂੰ ਛੂਹਿਆ ਅਤੇ ਆਖਿਆ ਉੱਠ ਮੋਹਨ ਖੇਡਣ ਚਲੀਏ । ਅੱਜ ਮੇਰੀ ਵਾਰੀ ਹੈ ਬੱਲਾ ਪਕੜਨ ਦੀ । ਮੋਹਨ ਅੰਗੜਾਈ ਲੈਂਦਾ ਹੋਇਆ ਇੱਕ ਦਮ ਉਠਿਆ ਤੇ ਕਿਹਾ ਕਿੱਡਾ  ਦਿਨ ਚੜ੍ਹ ਗਿਆ ਹੈ । ਮੈਂ ਸੁਤਾ ਹੀ ਪਿਆ ਰਿਹਾ । ਇਹ ਆਖ ਕੇ ਮੋਹਨ ਉਠਿਆ ਤੇ ਬਾਬਾ ਅਟੱਲ ਜੀ ਨਾਲ ਖੇਡਣ ਚਲਾ ਗਿਆ ।ਉਥੇ ਬੈਠੇ ਲੋਕ ਹੈਰਾਨ ਸਨ , ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਸੀ । ਮਾਪੇ ਖੁਸ਼ ਸਨ । ਉਨ੍ਹਾਂ ਦਾ ਮਰਿਆ ਪੁਤਰ  ਜਿੰੰੰੰੰਦਾ ਹੋ ਗਿਆ ਸੀ । ਮੋਹਨ ਹੀ ਤਾਂ ਉਨ੍ਹਾਂ ਦੀ ਭਵਿੱਖ ਦੀ ਆਸ ਸੀ ।         
   ਇਸ ਸਾਰੀ ਘਟਨਾ ਦਾ ਗੁਰੂ ਹਰਿ ਗੋਬਿੰਦ ਜੀ ਨੂੰ ਪਤਾ ਲਗਿਆ aੋਹ ਸੋਚਾਂ ਵਿਚ ਪੈ ਗਏ- ਪਿਤਾ ਨੂੰ ਪੁਤਰ ਦਾ ਇਹ ਚਮਤਕਾਰ ਠੀਕ ਨਾ ਲਗਿਆ ।ਉਹ ਸੋਚ ਹੀ ਰਹੇ ਸਨ ਕਿ ਬਾਬਾ ਅਟੱਲ ਉਨ੍ਹਾਂ ਕੋਲ ਆ ਗਏ ।ਪਿਤਾ ਨੂੰ ਸੋਚਾਂ 'ਚ ਵੇਖ ਕਿ ਪਹਿਲਾਂ ਕਾਫੀ ਦੇਰ ਚੁੱਪ ਰਹੇ ਫੇਰ ਕੁਝ ਨਾ ਸਮਝ ਆਉਣ ਤੇ ਉਦਾਸੀ ਦਾ ਕਾਰਨ ਪੁਛਿਆ । ਗੁਰੁ ਹਰਿ ਗੋਬਿੰਦ ਜੀ ਨੇ ਸਮਝਾਇਆ ਕਿ ਅਸੀਂ ਇਸ ਦੁਨੀਆਂ ਵਿਚ ਪ੍ਰਮਾਤਮਾ ਦੇ ਭੇਜਨ ਤੇ ਆਂਦੇ  ਹਾਂ ਤੇ ਬੁਲਾਏ ਤੇ ਚਲੇ ਜਾਂਦੇ ਹਾਂ । ਫੇਰ ਮੋਹਨ  ਮਰੇ ਹੋਏ ਨੂੰ ਤੂੰ ਕਿਉਂ ਜਿੰਦਾ ਕੀਤਾ । ਮੈਂ ਅਟੱਲ ਤੈਨੂੰ ਸਮਝਾਇਆ ਸੀ ਕਿ ਕੋਈ ਚਮਤਕਾਰ ਨਹੀਂ ਕਰਨਾ ।ਪ੍ਰਮਾਤਮਾ ਦੇ ਕੰਮਾਂ ਵਿਚ ਅਸੀਂ ਦਖਲ ਨਹੀਂ ਦੇ ਸਕਦੇ । ਸਿਖ-ਮਤ  ਵਿਚ ਚਮਤਕਾਰ ਵਿਖਾਵੇ ਗਲਤ ਹਨ। ਬਾਬਾ ਅਟੱਲ ਸਿਰ ਝੁਕਾਈ ਆਪਣੇ ਪਿਤਾ ਦੀਆਂ ਇਹ ਸਾਰੀਆਂ ਗਲਾਂ ਸੁਣ ਰਿਹਾ ਸੀ । ਉਹ ਪਿਤਾ ਨਾਲ ਨਜ਼ਰਾਂ ਵੀ ਨਹੀਂ ਮਿਲ਼ਾ ਰਹੇ ਸੀ ਤੇ ਆਪਣੇ  ਗ਼ਲਤ ਕੀਤੇ ਕੰਮ ਤੇ ਬਹੁਤ ਦੁਖੀ ਸਨ ।ਗੁਰੂ ਹਰਿ ਗੋਬਿੰਦ ਜੀ ਨੇ ਫੇਰ ਆਖਿਆ ਕਿ ਅਗੇੱ  ਨੂੰ ਜਿਸਦਾ ਵੀ ਪੁੱਤਰ   ਮਰੇਗਾ ਉਸ ਨੂੰ ਫਿਰ ਜ਼ਿਦਾ ਕਰ ਦੇਵੀਂ । ਬਸ ਇਸ ਤਰ੍ਹਾਂ ਚਮਤਕਾਰੀ ਪੁਤਰ ਬਣ ਜਾਵੀਂ । ਅਟੱਲ; ਤੂੰ ਮੋਹਨ ਨੂੰ ਦੋਬਾਰਾ ਜ਼ਿਦਗੀ ਦੇ ਕੇ ਗ਼ਲਤ ਕੰਮ ਕੀਤਾ ਹੈ ।
                   ਬਾਬਾ ਅਟੱਲ ਸਭ ਕੁਝ ਬੜੇ ਧਿਆਨ ਨਾਲ ਸੁਣ ਰਹੇ ਸੀ ।ਉਸੀ ਹੀ ਸਮੇਂ ਕੌਲਸਰ ਸਰੋਵਰ ਤੇ ਗਏ ਤੇ ਅਜੇਹੀ ਸਮਾਧੀ ਲਗਾਈ ਕਿ ਉਥੋਂ ਉਠੇ ਹੀ ਨਾ….ਭਾਵ ਸੱਚ-ਖੰਡ'ਚ ਬਿਰਾਜਮਾਨ ਹੋ ਗਏ ।
       ਗੁਰੁ ਹਰਿ ਗੋਬਿੰਦ ਜੀ ਨੂੰ ਪਤਾ ਲਗਿਆ, ਉਨ੍ਹਾਂ ਨੇ ਖਿੜੇ-ਮੱਥੇ ਆਪਣੇ ਪੁਤਰ ਦੇ ਘਾਟੇ ਨੂੰ ਸਹਿਣ ਕਰ ਲਿਆ ।ਜੋ ਸਾਹ ਪ੍ਰਮਾਤਮਾ ਤੋਂ ਉਧਾਰੇ ਲੈ ਕਿ ਬਾਬਾ ਅਟੱਲ ਨੇ ਮੋਹਨ ਨੁੰ ਦਿਤੇ ਸਨ ਉਸਨੂੰੰ ਜ਼ਿੰਦਾ ਕਰਨ ਲਈ, ਉਨ੍ਹਾਂ ਆਪਣੇ ਦੇ ਕੇ ਵਾਹਿਗੁਰੂ ਦਾ ਉਧਾਰ ਉਤਾਰ ਦਿਤਾ ।ਬਾਬਾ ਅਟੱਲ ਗੁਣੀ ਗਿਆਨੀ ਸੀ ਤੇ ਠੀਕ ਗਲ ਨੂੰ ਬਹੁਤ ਜਲਦੀ ਸਮਝਦੇ ਸੀ ।
         ਅੱਜ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਨੇੜੇਹੀ ਬਾਬਾ ਅਟੱਲ ਗੁਰਦਵਾਰਾ ਨੌਂ ਮੰਜ਼ਲਾਂ ਦਾ ਬਣਿਆ ਹੋਇਆ ਹੈ—ਨੌਂ ਮੰਜ਼ਲਾਂ ਇਸ ਲਈ ਕਿ ਬਾਬਾ ਅਟੱਲ ਜਦੋਂ ਸੱਚ-ਖੰਡ (ਪੂਰੇ ਹੋਏ ਨੇ) ਗਏ ਨੇ ਉਹ ਨੌਂ ਸਾਲਾਂ ਦੇ ਹੀ ਸਨ ।ਇਸ ਅਸਥਾਨ ਨੂੰ  "ਵਾਰਾਨਸੀ ਦੀ ਅੰਨ-ਪੂਰਨਾ " ਵੀ ਆਖਿਆ ਜਾਂਦਾ ਹੈ ।ਇਸ ਸਥਾਨ ਤੇ ਹਰ ਯਾਤਰੀ ਨੂੰ ਉਸਦੀ ਨਸਲ, ਜਾਤ ,ਧਰਮ ਨੂੰ ਬਿਨਾਂ ਵੇਖਿਆਂ ਲੰਗਰ ਖੁਸ਼ੀ ਨਾਲ ਛਕਾਇਆ ਜਾਂਦਾ ਹੈ- ਤੇ ਇਸ ਜੈਕਾਰੇ ਦੀ ਗੂੰਜ਼ ਗੁਰਦਵਾਰਾ ਸਾਹਿਬ ਵਿਚ ਪੈਂਦੀ ਹੀ ਰਹਿੰਦੀ ਹੈ:-
    "ਓ ਬਾਬਾ ਅਟੱਲ
ਪਕੀਆਂ ਪਕਾਈਆਂ  ਘੱਲ "
'ਬਾਬਾ ਅਟੱਲ ਰਾਇ ' ੧੩ ਨਵੰਬਰ ੧੬੨੮ ਈ: ਨੂੰ ਇਕ ਰੂਹਾਨੀ ਜੋਤ ਵਿਚ ਸਮਾਏ……………