ਕੌਰਵ ਸਭਾ (ਕਿਸ਼ਤ-9) (ਨਾਵਲ )

ਮਿੱਤਰ ਸੈਨ ਮੀਤ   

Email: mittersainmeet@hotmail.com
Phone: +91 161 2407444
Cell: +91 98556 31777
Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
India
ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


25

ਸੈਸ਼ਨ ਜੱਜ ਨੇ ਉਹੋ ਕੀਤਾ, ਜਿਸਦਾ ਉਨ੍ਹਾਂ ਨੂੰ ਡਰ ਸੀ ।
ਸੁਣਵਾਈ ਲਈ ਪੇਸ਼ਗੀ ਜ਼ਮਾਨਤ ਦੀ ਦਰਖ਼ਾਸਤ ਸਾਧੂ ਸਿੰਘ ਕੋਲ ਭੇਜ ਦਿੱਤੀ ।
ਸਾਧੂ ਸਿੰਘ ਤਕ ਪਹੁੰਚ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਸੀ । ਪੈਸਾ ਧੇਲਾ ਤਾਂਕੀ ਲੈਣਾ ਸੀ, ਉਹ ਕਿਸੇ ਦੇ ਘਰ ਦਾ ਪਾਣੀ ਤਕ ਨਹੀਂ ਸੀ ਪੀਂਦਾ । ਵਿਨੇ ਨੇ ਸਾਧੂ ਸਿੰਘ ਦੀ ਕੋਠੀ ਕੰਮ ਕਰਦੇ ਅਰਦਲੀ ਤੋਂ ਖੋਜ ਕੱਢੀ ਸੀ । ਉਹ ਕਹਿੰਦਾ ਸੀ ਸਾਧੂ ਸਿੰਘ ਦਾ ਘਰ ਕਿਸੇ ਸਾਧ ਦੀ ਕੁਟੀਆ ਵਰਗਾ ਲੱਗਦਾ ਸੀ । ਨਾ ਕਾਰ, ਨਾ ਏ.ਸੀ. । ਬਾਬਾ ਆਦਮ ਵੇਲੇ ਦਾ ਪੁਰਾਣਾ ਸਕੂਟਰ । ਸੋਫ਼ਾ ਅਤੇ ਪਲੰਘ ਸ਼ਾਇਦ ਵਿਆਹ ਵੇਲੇ ਦਾ ਸੀ ।
ਡਰਾਇੰਗ ਰੂਮ ਕਿਸੇ ਕਲਰਕ ਦੀ ਬੈਠਕ ਵਰਗਾ । ਨਾ ਗਲੀਚਾ, ਨਾ ਵੱਡੇ-ਵੱਡੇ ਸ਼ੋਅਪੀਸ। ਨਾ ਮੀਟ ਖਾਂਦਾ ਸੀ, ਨਾ ਵਿਸਕੀ ਪੀਂਦਾ ਸੀ । ਸਾਦਾ ਖਾਣਾ, ਸਾਦਾ ਪਹਿਨਣਾ ।
ਪੈਸਾ ਧੇਲਾ ਭਾਵੇਂ ਉਸਨੇ ਨਹੀਂ ਸੀ ਬਣਾਇਆ ਪਰ ਉਲਾਦ ਦਾ ਭਵਿੱਖ ਜ਼ਰੂਰ ਉੱਜਲ ਬਣਾਇਆ ਸੀ । ਉਸਦੀ ਵੱਡੀ ਬੇਟੀ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਸੀ ਅਤੇ ਜਵਾਈ ਦਿਲ ਦੇ ਰੋਗਾਂ ਦਾ ਮਾਹਿਰ । ਛੋਟਾ ਬੇਟਾ ਦਿੱਲੀ ਆਈ.ਆਈ.ਟੀ. ਵਿਚ ਇਲੈਕਟਰਾਨਕਸ ਇੰਜਨੀਅਰਿੰਗ ਦੀ ਡਿਗਰੀ ਕਰ ਰਿਹਾ ਸੀ । ਉਸਦੀ ਲਿਆਕਤ ਦੇਖ ਕੇ ਸਵਿਟਜ਼ਰਲੈਂਡ ਦੀ ਇਕ ਬਹੁ-ਦੇਸ਼ੀ  ਕੰਪਨੀ ਨੇ ਉਸਨੂੰ ਪਹਿਲਾਂ ਹੀ ਆਪਣੀ ਕੰਪਨੀ ਵਿਚ ਭਰਤੀ ਕਰ ਲਿਆ ਸੀ । ਉਸਦੀ ਪੜ੍ਹਾਈ ਦਾ ਖਰਚਾ ਕੰਪਨੀ ਉੱਠਾ ਰਹੀ ਸੀ ।
ਨਾਲ ਜੇਬ ਖਰਚ ਲਈ ਪੰਜ ਹਜ਼ਾਰ ਰੁਪਏ ਅਲੱਗ ਦੇ ਰਹੀ ਸੀ ।
ਵੱਡਾ ਬੇਟਾ ਸਭ ਤੋਂ ਲਾਇਕ ਸੀ । ਉਸ ਨੇ ਪਹਿਲੇ ਹੱਲੇ ਆਈ.ਏ.ਐਸ. ਦਾ ਇਮਤਿਹਾਨ ਪਾਸ ਕਰ ਲਿਆ ਸੀ । ਕੇਡਰ ਪੰਜਾਬ ਦਾ ਮਿਲਿਆ ਸੀ । ਪਰ ਉਸਨੂੰ ਨੌਕਰੀ ਦੀ ਚਿੱਠੀ ਦੀ ਥਾਂ ਰੱਬ ਦਾ ਬੁਲਾਵਾ ਆ ਗਿਆ । ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਕੇ ਉਹ ਸਾਧੂ ਸਿੰਘ ਨੂੰ ਧੋਖਾ ਦੇ ਗਿਆ ਸੀ ।
ਬੇਟੇ ਦੀ ਇਸ ਅਣ-ਹੋਣੀ ਮੌਤ ਨੇ ਸਾਧੂ ਸਿੰਘ ਦਾ ਨਜ਼ਰੀਆ ਬਦਲ ਦਿੱਤਾ ਸੀ ।
ਪਹਿਲਾਂ ਉਹ ਸਾਧਾਰਨ ਜੱਜਾਂ ਵਰਗਾ ਜੱਜ ਸੀ । ਥੋੜ੍ਹੇ ਬਹੁਤ ਵਾਧੇ ਘਾਟੇ ਕਰ ਲੈਂਦਾ ਸੀ ।
ਕੁਦਰਤ ਦੀ ਇਹ ਬੇਇਨਸਾਫ਼ੀ ਸਾਧੂ ਸਿੰਘ ਤੋਂ ਬਰਦਾਸ਼ਤ ਨਹੀਂ ਸੀ ਹੋਈ । ਦਿਨ ਰਾਤ ਉਹ ਇਹੋ ਸੋਚਦਾ ਰਹਿੰਦਾ ਸੀ ਕਿ ਉਸਨੂੰ ਇਡੀ ਵੱਡੀ ਸਜ਼ਾ ਕਿਉਂ ਮਿਲੀ? ੀeਕ ਦਿਨ ਆਪਣੇ ਅੰਦਰੋਂ ਉਸਨੂੰ ਇਸ ਸਵਾਲ ਦਾ ਜਵਾਬ ਮਿਲਿਆ ਸੀ । 'ਹੁਣ ਪਤਾ ਲੱਗਾ
ਬੇ-ਇਨਸਾਫ਼ੀ ਕੀ ਹੁੰਦੀ ਹੈ? ਤੂੰ ਇਨਸਾਫ਼ ਦੀ ਕੁਰਸੀ 'ਤੇ ਬੈਠਾ ਹੈਂ । ਲੋਕ ਤੈਨੂੰ ਦੂਸਰਾ ਰੱਬ ਮੰਨਦੇ ਹਨ । ਕੀ ਤੂੰ ਸਭ ਫੈਸਲੇ ਇਨਸਾਫ਼ ਦੀ ਤੱਕੜੀ ਵਿਚ ਤੋਲ ਕੇ ਕਰਦਾ ਹੈਂ?'
ਸਾਧੂ ਸਿੰਘ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਹਾਂ ਵਿਚ ਨਹੀਂ ਸੀ ਦੇ ਸਕਿਆ ।
ਪਰ ਉਸ ਦਿਨ ਤੋਂ ਸਾਧੂ ਸਿੰਘ ਨੇ ਆਪਣੇ ਹੱਥ ਵਿਚ ਫੜੀ ਇਨਸਾਫ਼ ਦੀ ਤੱਕੜੀ ਨੂੰ ਘੁੱਟ ਕੇ ਫੜ ਲਿਆ ਸੀ । ਹੁਣ ਦੁਨੀਆਂ ਦੀ ਕੋਈ ਵੀ ਤਾਕਤ ਤੱਕੜੀ ਦੇ ਕਿਸੇ ਪਲੜੇ ਨੂੰ ਆਪਣੇ ਵੱਲ ਨਹੀਂ ਸੀ ਝੁਕਾ ਸਕਦੀ । ਉਸਦੀ ਤੱਕੜੀ ਉਹੋ ਤੋਲਦੀ ਸੀ, ਜਿਸਦਾ ਉਹ ਹੱਕਦਾਰ ਸੀ ।
ਲੋਹੇ ਦੇ ਇਸ ਥਣ ਕੋਲ ਪੰਕਜ ਹੋਰਾਂ ਦੀ ਦਰਖ਼ਾਸਤ ਕਿਸ ਤਰ੍ਹਾਂ ਲੱਗ ਗਈ? ੀeਸ ਪ੍ਰਸ਼ਨ ਦਾ ਉੱਤਰ ਜਾਨਣ ਲਈ ਉਹ ਨੰਦ ਲਾਲ ਦੇ ਦੁਆਲੇ ਹੋਏ । ਨੰਦ ਲਾਲ ਨੇ ਇਸੇ ਕੰਮ ਦਾ ਉਨ੍ਹਾਂ ਕੋਲੋਂ ਦਸ ਹਜ਼ਾਰ ਰੁਪਇਆ ਲਿਆ ਸੀ ।
"ਕਮਲਿਓ, ਇਹ ਬਹੁਤ ਠੀਕ ਹੋਇਆ ਹੈ । ਦੇਖਦੇ ਨਹੀਂ ਅਖ਼ਬਾਰਾਂ ਨੇ ਅੱਗ ਲਾ ਰੱਖੀ ਹੈ । ਹੜਤਾਲਾਂ, ਮੁਜ਼ਾਹਰੇ ਹੋ ਰਹੇ ਹਨ । ਅਜਿਹੇ ਹਲਾਤਾਂ ਵਿਚ ਕਿਸੇ ਮਾੜੇ ਜੱਜ ਦੀ ਹਿੰਮਤ ਨਹੀਂ ਮੈਰਿਟ ਦੇ ਆਧਾਰ ਤੇ ਫੈਸਲਾ ਕਰਨ ਦੀ । ਆਪਣਾ ਪੱਖ ਮਜ਼ਬੂਤ ਹੈ।
ਜੇ ਕੋਈ ਆਪਣੇ ਹੱਕ ਵਿਚ ਡੱਕਾ ਸੁੱਟ ਸਕਦਾ ਹੈ ਤਾਂ ਉਹ ਸਾਧੂ ਸਿੰਘ ਹੀ ਹੈ । ਮੈਂ ਠਕਿ ਕਰਵਾਇਆ ਹੈ ।"
ਨੰਦ ਲਾਲ ਨੇ ਪੈਰਾਂ 'ਤੇ ਪਾਣੀ ਨਹੀਂ ਸੀ ਪੈਣ ਦਿੱਤਾ ।
ਪਹਿਲਾਂ ਨੰਦ ਲਾਲ ਕਹਿੰਦਾ ਸੀ ਦਰਖ਼ਾਸਤ ਸਾਧੂ ਸਿੰਘ ਕੋਲ ਨਾ ਲੱਗੇ । ਹੁਣ ਕਹਿੰਦਾ ਇਹ ਕੰਮ ਉਸੇ ਨੇ ਕਰਾਇਆ ਸੀ । ਇਹ ਕੀ ਗੋਰਖ਼-ਧੰਧਾ ਸੀ ? ਅਜੇ ਨੂੰ ਸਮਝ ਨਹੀਂ ਸੀ ਆ ਰਿਹਾ ।
ਵੈਸੇ ਉਨ੍ਹਾਂ ਨੂੰ ਨੰਦ ਲਾਲ ਦੀ ਗੱਲ ਵਿਚ ਵਜ਼ਨ ਲੱਗਾ । ਹਾਲੇ ਪੈਸੇ ਲੈ ਕੇ ਕੰਮ ਕਰਨ ਦੀ ਕਿਸੇ ਜੱਜ ਦੀ ਹਿੰਮਤ ਨਹੀਂ ਸੀ । ਮੁਕੱਦਮੇ ਦੇ ਗੁਣਾਂ-ਔਗੁਣਾਂ ਦੇ ਆਧਾਰ 'ਤੇ ਕੁਝ ਆਸ ਰੱਖੀ ਜਾ ਸਕਦੀ ਸੀ ।
ਬਹਿਸ ਬਾਅਦ ਦੁਪਹਿਰ ਹੋਣੀ ਸੀ ।
ਅੱਗੇ ਕੀ ਹੋਏਗਾ? ਅਗੋਂ ਕੀ ਕੀਤਾ ਜਾਵੇ? ਸਾਧੂ ਸਿੰਘ ਤਕ ਪਹੁੰਚ ਹੋ ਸਕਦੀ ਸੀ ਜਾਂ ਨਹੀਂ?
ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਖੋਜਣ ਲਈ ਵਿਨੇ ਅਤੇ ਅਜੇ ਸਿੰਗਲੇ ਦੁਆਲੇ ਹੋ ਗਏ ।
"ਇਹ ਜੱਜ ਈਮਾਨਦਾਰ ਵੀ ਹੈ ਅਤੇ ਕਾਨੂੰਨ ਦਾ ਵਾਕਿਫ਼ ਵੀ । ਉਹੋ ਫੈਸਲਾ ਕਰੇਗਾ, ਜੋ ਕਾਨੂੰਨ ਮੁਤਾਬਕ ਬਣਦਾ ਹੋਏਗਾ । ਸਿਫ਼ਾਰਸ਼ ਵਾਲਾ ਪੰਗਾ ਆਪਾਂ ਨਹੀਂ ਲੈਣਾ । ਕੰਮ ਉਲਟਾ ਹੋ ਜਾਏਗਾ ।"
ਆਪਣਾ ਦੋ-ਟੁਕ ਫੈਸਲਾ ਸੁਣਾਉਣ ਲਈ ਸਿੰਗਲੇ ਨੂੰ ਬਹੁਤਾ ਸੋਚਣ ਦੀ ਲੋੜ ਨਹੀਂ ਸੀ ਪਈ ।
"ਦੁਪਹਿਰ ਬਾਅਦ ਕੀ ਹੋਏਗਾ?"
"ਬਹਿਸ ਹੋਏਗੀ । ਦੂਜੀ ਧਿਰ ਹਾਲੇ ਪੇਸ਼ ਨਹੀਂ ਹੋ ਸਕਦੀ । ਆਪਣੀ ਬਹਿਸ ਸੁਣ ਕੇ ਜੱਜ ਨੂੰ ਜੋ ਠੀਕ ਲੱਗੇਗਾ, ਉਹ ਉਹੋ ਫੈਸਲਾ ਕਰ ਦੇਵੇਗਾ?"
"ਆਪਣੇ ਕੇਸ ਵਿਚ ਕਿੰਨਾ ਕੁ ਦਮ ਹੈ?"
"ਆਪਣਾ ਪਰਚੇ ਵਿਚ ਨਾਂ ਨਹੀਂ ਹੈ । ਨਾ ਪਰਚੇ ਵਿਚ ਇਹ ਦਰਜ ਹੈ ਕਿ ਇਹ ਵਾਰਦਾਤ ਸਾਡੀ ਸ਼ਹਿ 'ਤੇ ਹੋਈ ਹੈ । ਇਸ ਕਾਰਨ ਮੁਦਈ ਧਿਰ ਦਾ ਪੱਖ ਕਮਜ਼ੋਰ ਹੈ ।
ਸਾਡੀ ਉਨ੍ਹਾਂ ਨਾਲ ਦੁਸ਼ਮਣੀ ਹੈ । ਸਾਡੇ ਆਪਸ ਵਿਚ ਮੁਕੱਦਮੇ ਚਲਦੇ ਹਨ । ਇਸ ਲਈ ਸਾਨੂੰ ਫਸਾਇਆ ਗਿਆ ਹੈ । ਇਹ ਸਾਡੇ ਹੱਕ ਦਾ ਨੁਕਤਾ ਹੈ ।"
"ਆਪਣੇ ਉਲਟ ਕੀ ਜਾਂਦਾ ਹੈ?"
"ਕਾਨੂੰਨ ਆਪਣੇ ਉਲਟ ਨਹੀਂ ਹੈ । ਸ਼ਹਿਰ ਵਿਚ ਜੋ ਰੌਲਾ ਪੈ ਰਿਹਾ ਹੈ, ਉਹ ਸਾਡੇ ਉਲਟ ਹੈ । ਜੱਜ ਸਭ ਕੁਝ ਪੜ੍ਹਦੇ ਸੁਣਦੇ ਹਨ । ਮੀਡੀਏ ਤੋਂ ਪ੍ਰਭਾਵਿਤ ਹੁੰਦੇ ਹਨ ।"
ਸਿੰਗਲਾ ਆਪਣੇ ਸਾਇਲਾਂ ਨੂੰ ਹਨੇਰੇ ਵਿਚ ਨਹੀਂ ਸੀ ਰੱਖਣਾ ਚਾਹੁੰਦਾ । ਇਸ ਲਈ ਉਹ ਸਥਿਤੀ ਸਪੱਸ਼ਟ ਕਰ ਰਿਹਾ ਸੀ ।
"ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ?"
"ਕੇਵਲ ਇੰਤਜ਼ਾਰ ! ਬਾਕੀ ਫੈਸਲੇ ਬਾਅਦ ਬੈਠ ਕੇ ਸੋਚਾਂਗੇ ।"
ਬਾਅਦ ਦੁਪਹਿਰ ਬਹਿਸ ਹੋਈ ।
ਸਾਧੂ ਸਿੰਘ ਬੜੇ ਠਰ੍ਹਮੇ ਨਾਲ ਬਹਿਸ ਸੁਣਦਾ ਰਿਹਾ । ਬਾਬੂ ਜੀ ਨੇ ਜੋ ਜੋ ਨੁਕਤੇ ਉਠਾਏ, ਉਹ ਸਾਧੂ ਸਿੰਘ ਨੋਟ ਕਰਦਾ ਰਿਹਾ ।
ਬਾਬੂ ਜੀ ਨੇ ਜਦੋਂ ਆਖਿਆ ਦੋਸ਼ੀਆਂ ਦਾ ਪਰਚੇ ਵਿਚ ਨਾਂ ਨਹੀਂ ਹੈ ਤਾਂ ਸਾਧੂ ਸਿੰਘ ਨੇ "ਅਖ਼ਬਾਰਾਂ ਵਿਚ ਤਾਂ ਹੈ" ਆਖ ਕੇ ਉਸ ਨੂੰ ਟੋਕ ਦਿੱਤਾ ।
ਬਾਬੂ ਜੀ ਸਾਧੂ ਸਿੰਘ ਦੀ ਇਸ ਗ਼ੈਰ-ਕਾਨੂੰਨੀ ਟਿੱਪਣੀ ਤੇ ਖਿਝ ਉੱਠੇ ।
"ਜੱਜ ਮਿਸਲ ਤੋਂ ਬਾਹਰ ਨਹੀਂ ਜਾ ਸਕਦਾ ।" ਨੰਦ ਲਾਲ ਉੱਚ ਅਦਾਲਤਾਂ ਦੇ ਹਵਾਲੇ ਦੇ ਦੇ ਸਾਧੂ ਸਿੰਘ ਦੀ ਧਾਰਨਾ ਬਦਲਣ ਦਾ ਯਤਨ ਕਰਨ ਲੱਗਾ ।
"ਮੈਂ ਮਿਸਲ ਤੋਂ ਬਾਹਰ ਜਾਵਾਂਗਾ । ਇਨ੍ਹਾਂ ਫੈਸਲਿਆਂ ਨੂੰ ਨਹੀਂ ਮੰਨਾਂਗਾ।"
ਸਾਧੂ ਸਿੰਘ ਉਪਰ ਇਸ ਬਹਿਸ ਦਾ ਕੋਈ ਅਸਰ ਨਹੀਂ ਸੀ ਹੋਇਆ । ਉਹ ਆਪਣੇ ਨੁਕਤੇ ਉਪਰ ਅੜਿਆ ਹੋਇਆ ਸੀ ।
ਨੰਦ ਲਾਲ ਜੋ ਬਹਿਸ ਕਰ ਸਕਦਾ ਸੀ । ਉਹ ਉਸਨੇ ਕਰ ਦਿੱਤੀ । ਜੱਜ ਜੇ ਕਾਨੂੰਨ ਨਹੀਂ ਮੰਨਦਾ ਤਾਂ ਨੰਦ ਲਾਲ ਉਸ ਦੇ ਚੁੱਕ ਕੇ ਇੱਟ ਤਾਂ ਮਾਰ ਨਹੀਂ ਸੀ ਸਕਦਾ । ਉਹ ਚੁੱਪ ਕਰ ਗਿਆ ।
ਸਾਧੂ ਸਿੰਘ ਵਿਚ ਇਹੋ ਨੁਕਸ ਸੀ । ਜਿਥੇ ਕਾਨੂੰਨ ਕਮਜ਼ੋਰ ਪੈਂਦਾ ਸੀ ਅਤੇ ਮੁਲਜ਼ਮ ਉਸ ਕਮਜ਼ੋਰੀ ਦਾ ਫ਼ਾਇਦਾ ਉਠਾਉਣ ਲੱਗਦਾ ਸੀ, ਸਾਧੂ ਸਿੰਘ ਵਿਚਕਾਰ ਚਟਾਨ ਵਾਂਗ ਅੜ ਜਾਂਦਾ ਸੀ । ਉਹ ਆਪਣਾ ਤਰਕ ਦੇ ਕੇ ਨਵਾਂ ਕਾਨੂੰਨ ਘੜ ਦਿੰਦਾ ਸੀ । ਸਫ਼ਾਈ
ਧਿਰ ਖਾਂਦੀ ਰਹੇ, ਹਾਈ ਕੋਰਟ ਦੇ ਧੱਕੇ ।
ਇਹੋ ਜਿਹਾ ਕੁਝ ਉਹ ਹੁਣ ਆਖ ਰਿਹਾ ਸੀ ।
ਪਰਚਾ ਦਰਜ ਹੋਏ ਨੂੰ ਛੇ ਦਿਨ ਹੋ ਗਏ ਸਨ । ਇਨ੍ਹਾਂ ਛੇ ਦਿਨਾਂ ਵਿਚ ਪੁਲਿਸ ਨੂੰ ਸੈਂਕੜੇ ਨਵੇਂ ਸਬੂਤ ਮਿਲ ਗਏ ਸਨ । ਜੱਜ ਉਨ੍ਹਾਂ ਸਬੂਤਾਂ ਨੂੰ ਨਜ਼ਰ-ਅੰਦਾਜ਼ ਕਰਨ ਲਈ ਆਪਣੀਆਂ ਅੱਖਾਂ 'ਤੇ ਪੱਟੀ ਕਿਉਂ ਬੰਨ੍ਹੇ ? ਉਹ ਆਪਣੀਆਂ ਅੱਖਾਂ ਅਤੇ ਕੰਨ ਖੁਲ੍ਹੇ ਰੱਧਖੇਗਾ ।
ਜੇ ਆਪਣੇ ਵਸੀਲਿਆਂ ਤੋਂ ਉਸਨੂੰ ਕਿਸੇ ਤੱਥ ਦਾ ਪਤਾ ਲੱਗੇਗਾ ਤਾਂ ਉਹ ਸੱਚ ਤੇ ਪੁੱਜਣ ਲਈ ਉਸ ਤੱਥ ਦੀ ਵਰਤੋਂ ਕਰੇਗਾ । ਕਾਨੂੰਨ ਜੋ ਮਰਜ਼ੀ ਆਖਦਾ ਰਹੇ ।
ਸਾਧੂ ਸਿੰਘ ਇਕੱਲੇ ਪਰਚੇ ਦੇ ਆਧਾਰ 'ਤੇ ਫੈਸਲਾ ਨਹੀਂ ਸੀ ਕਰ ਸਕਦਾ । ਪੂਰੀ ਸਚਾਈ ਜਾਨਣ ਲਈ ਉਸਨੂੰ ਪੂਰੀ ਮਿਸਲ ਚਾਹੀਦੀ ਸੀ ।
ਬਹਿਸ ਖ਼ਤਮ ਹੁੰਦੇ ਹੀ ਉਸਨੇ ਅਗਲੇ ਦਿਨ ਦੀ ਤਾਰੀਖ਼ ਪਾਈ ।
ਸਰਕਾਰੀ ਵਕੀਲ ਨੂੰ ਹਦਾਇਤ ਹੋਈ । ਕੱਲ੍ਹ ਨੂੰ ਉਹ ਤਿਆਰ ਹੋ ਕੇ ਆਏ ਅਤੇ ਆਪਣਾ ਪੱਖ ਪੇਸ਼ ਕਰੇ ।
ਕੋਈ ਅੰਤਰਿਮ ਫੈਸਲਾ ਨਹੀਂ । ਕੱਲ੍ਹ ਸਿੱਧਾ ਅੰਤਮ ਫੈਸਲਾ ਕੀਤਾ ਜਾਏਗਾ ।


26

ਹੋਸ਼ ਵਿੱਚ ਆਉਂਦਿਆਂ ਹੀ ਨੇਹਾ ਨੂੰ ਪਲਵੀ ਦਾ ਘਰ ਵੱਢ-ਵੱਢ ਖਾਣ ਲੱਗਾ ।
ਇਸ ਵਾਰਦਾਤ ਤੋਂ ਪਹਿਲਾਂ ਨੇਹਾ ਆਪਣੇ ਘਰ ਘੱਟ ਅਤੇ ਪਲਵੀ ਦੇ ਘਰ ਵੱਧ ਰਿਹਾ ਕਰਦੀ ਸੀ । ਪਲਵੀ ਦੀ ਮੰਮੀ ਕਾਲਜ ਵਿਚ ਪ੍ਰੋਫੈਸਰ ਸੀ । ਉਸਦਾ ਪਾਪਾ ਟੈਲੀਫ਼ੋਨ ਐਕਸਚੇਂਜ ਵਿਚ ਇੰਜੀਨੀਅਰ ਸੀ । ਸਵੇਰ ਤੋਂ ਸ਼ਾਮ ਤਕ ਉਹ ਘਰੋਂ ਬਾਹਰ ਰਹਿੰਦੇ ਸਨ ।
ਬਹੁਤਾ ਸਮਾਂ ਪਲਵੀ ਘਰ ਵਿਚ ਇਕੱਲੀ ਹੁੰਦੀ ਸੀ । ਘਰ ਦੇ ਸ਼ਾਂਤ ਵਾਤਾਵਰਣ ਦਾ ਦੋਵੇਂ ਸਹੇਲੀਆਂ ਰੱਜ ਕੇ ਫ਼ਾਇਦਾ ਉਠਾਉਂਦੀਆਂ ਸਨ ।
ਦੋਵੇਂ ਸਹੇਲੀਆਂ ਸਹਿਯੋਗ ਸੰਸਥਾ ਦੀ ਯੁਵਾ ਸ਼ਕਤੀ ਇਕਾਈ ਦੀਆਂ ਕਰਤਾ ਧਰਤਾ ਸਨ । ਸੰਸਥਾ ਦੀਆਂ ਬਹੁਤੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਮੋਢਿਆਂ ਉੱਪਰ ਸੀ ।
ਪਲਵੀ ਦੇ ਘਰ ਬੈਠੀਆਂ ਉਹ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਿਰੇ ਚਾੜ੍ਹਨ ਦੀਆਂ ਯੋਜਨਾਵਾਂ ਘੜਦੀਆਂ ਰਹਿੰਦੀਆਂ ਸਨ ।
ਸਹਿਯੋਗ ਸੰਸਥਾ ਦੀ ਸਥਾਪਨਾ ਮਾਤਾ ਕਲਿਆਣੀ ਜੀ ਨੇ ਕੀਤੀ ਸੀ । ਉਨ੍ਹਾਂ ਦਾ ਦਾਅਵਾ ਸੀ ਕਿ ਉਹ ਭਗਵਾਨ ਸ਼ਿਵ ਦੀ ਆਦੀ ਸ਼ਕਤੀ ਮਾਂ ਪਾਰਵਤੀ ਦਾ ਅਵਤਾਰ ਸਨ । ਉਨ੍ਹਾਂ ਦਾ ਅਵਤਾਰ ਲੋਕ ਕਲਿਆਣ ਲਈ ਹੋਇਆ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਗਰਭ ਦੇ ਢਾਈਵੇਂ ਮਹੀਨੇ ਜੀਵ ਵਿਚ ਆਤਮਿਕ ਸ਼ਕਤੀ ਦਾ ਪ੍ਰਵੇਸ਼ ਹੁੰਦਾ ਸੀ । ਇਹ ਸ਼ਕਤੀ ਮਨੁੱਖ ਦੇ ਤਾਲੂਏ ਰਾਹੀਂ ਪ੍ਰਵੇਸ਼ ਕਰਦੀ ਸੀ ਅਤੇ ਸਰੀਰ ਦੇ ਸੱਤਾਂ ਕੇਂਦਰਾਂ ਰਾਹੀਂ ਗੁਜ਼ਰ ਕੇ ਉਨ੍ਹਾਂ ਕੇਂਦਰਾਂ ਰਾਹੀਂ ਸੰਚਾਲਿਤ ਅੰਗਾਂ ਨੂੰ ਕਿਰਿਆਸ਼ੀਲ ਕਰਦੀ ਸੀ ।
ਬਾਕੀ ਬਚਦੀ ਸ਼ਕਤੀ, ਆਖ਼ਰੀ ਮੂਲਾਧਾਰ ਚੱਕਰ ਵਿਚ ਕੁੰਢਲੀ ਮਾਰ ਕੇ ਬੈਠ ਜਾਂਦੀ ਸੀ ।
ਯੋਗ ਸਾਧਨਾ ਰਾਹੀਂ ਇਸ ਸੁੱਤੀ ਸ਼ਕਤੀ ਨੂੰ ਜਗਾਇਆ ਜਾ ਸਕਦਾ ਸੀ । ਜਾਗੀ ਸ਼ਕਤੀ ਮੂਲਾਧਾਰ ਚੱਕਰ ਤੋਂ ਉੱਠ ਕੇ ਤਾਲੂਏ ਵੱਲ ਨੂੰ ਉਥਾਨ ਕਰਦੀ ਸੀ । ਇਸ ਉਥਾਨ ਦੌਰਾਨ ਉਹ ਵਿਚਕਾਰਲੇ ਚੱਕਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਸੀ । ਨਵੀਂ ਸ਼ਕਤੀ ਹਾਸਲ  ਕਰਕੇ ਅੰਗ ਮੁੜ ਨਵੇਂ ਨਰੋਏ ਹੋ ਜਾਂਦੇ ਸਨ । ਆਤਮਾ ਦਾ ਆਪਣੇ ਮੂਲ ਸਰੋਤ ਪ੍ਰਮਾਤਮਾ ਨਾਲ ਸੰਪਰਕ ਸਥਾਪਤ ਹੁੰਦਾ ਸੀ । ਪਰਮ ਸੱਚ ਪ੍ਰਮਾਤਮਾ ਦੇ ਸੰਪਰਕ ਵਿਚ ਆ ਕੇ ਮਨੁੱਖ ਨੂੰ ਪਰਮ ਆਨੰਦ ਪ੍ਰਾਪਤ ਹੁੰਦਾ ਸੀ । ਰੂਹਾਨੀ ਤੇਜ਼ ਉਸ ਦੇ ਚਿਹਰੇ ਉਪਰ ਸੂਰਜ ਵਾਂਗ ਚਮਕਣ ਲੱਗਦਾ ਸੀ ।
ਧਾਰਮਿਕ ਗ੍ਰੰਥਾਂ ਅਨੁਸਾਰ ਕੁੰਡਲਣੀ ਸ਼ਕਤੀ ਦਾ ਜਾਗਰਣ ਘੋਰ ਤਪੱਧਸਿਆ ਅਤੇ ਕਠਿਨ ਯੋਗ ਸਾਧਨਾ ਤੋਂ ਬਾਅਦ ਹੁੰਦਾ ਸੀ । ਮਿਥਿਹਾਸ ਅਨੁਸਾਰ ਬਹੁਤ ਘੱਟ ਰਿਸ਼ੀਆਂ ਨੂੰ ਇਸ ਸਿੱਧੀ ਦੀ ਪ੍ਰਾਪਤੀ ਹੋਈ ਸੀ ।
ਮਾਤਾ ਜੀ ਨੇ ਆਪਣੀ ਕੁੰਡਲਣੀ ਦਾ ਜਾਗਰਣ ਤਾਂ ਕੀਤਾ ਹੀ ਸੀ, ਉਨ੍ਹਾਂ ਨੇ ਹੋਰਾਂ ਦੀ ਕੁੰਡਲਣੀ ਸ਼ਕਤੀ ਦੇ ਜਾਗਰਨ ਦਾ ਵੀ ਰਾਹ ਪੱਧਰਾ ਕੀਤਾ ਸੀ । ਉਨ੍ਹਾਂ ਦਾ ਯੋਗ ਕੋਈ ਛੱਲ ਫਰੇਬ ਨਹੀਂ ਸੀ । ਮਾਤਾ ਜੀ ਦੇ ਪੈਰੋਕਾਰਾਂ ਨੂੰ ਕੁੰਡਲਣੀ ਜਾਗਰਣ ਦਾ ਅਨੁਭਵ
ਆਪਣੀਆਂ ਉਂਗਲਾਂ ਅਤੇ ਹਥੇਲੀਆਂ ਉਪਰ ਹੁੰਦਾ ਸੀ । ਯੋਗ ਸਾਧਨਾ ਦੌਰਾਨ ਉਂਗਲਾਂ ਅਤੇ ਹਥੇਲੀਆਂ ਵਿਚੋਂ ਠੰਡੀਆਂ ਤਰੰਗਾਂ ਨਿਕਲਦੀਆਂ ਸਨ । ਜਿਉਂ ਜਿਉਂ ਕੁੰਡਲਣੀ ਮਾਂ ਦਾ ਉਥਾਨ ਹੁੰਦਾ ਸੀ ਤਿਉਂ-ਤਿਉਂ ਤਰੰਗਾਂ ਦੀ ਠੰਢਕ ਵਧਦੀ ਜਾਂਦੀ ਸੀ ।
ਇਸ ਪ੍ਰਤੱਖ ਪ੍ਰਮਾਣ ਕਾਰਨ ਇਸ ਸੰਸਥਾ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਸੀ ।
ਨੇਹਾ ਨੂੰ ਇਹ ਚੇਟਕ ਪਲਵੀ ਤੋਂ ਲੱਗੀ ਸੀ ।
ਪਲਵੀ ਨੂੰ ਦਿੱਲੀ ਰਹਿੰਦੇ ਆਪਣੇ ਮਾਮੇ ਕੋਲੋਂ ।
ਹਰ ਵਾਰ ਗਰਮੀਆਂ ਦੀਆਂ ਛੁੱਟੀਆਂ ਕੱਟਣ ਪਲਵੀ ਨਾਨਕੇ ਜਾਂਦੀ ਸੀ । ਪਿਛਲੀ ਵਾਰ ਮਾਮੇ ਨੇ ਉਸ ਨੂੰ ਥੀਏਟਰਾਂ ਅਤੇ ਡਿਜਨੀਲੈਂਡ ਦੀ ਥਾਂ ਮਾਤਾ ਜੀ ਦੇ ਆਸ਼ਰਮ ਦੀ ਸੈਰ ਕਰਾਈ ਸੀ । ਉਨ੍ਹੀਂ ਦਿਨੀਂ ਮਾਤਾ ਜੀ ਦਿੱਲੀ ਆਏ ਹੋਏ ਸਨ। ਧਿਆਨ ਸ਼ਿਵਰ ਉਨ੍ਹਾਂ ਦੀ ਆਪਣੀ ਦੇਖ-ਰੇਖ ਹੇਠ ਚੱਲ ਰਿਹਾ ਸੀ । ਮਾਮੇ ਦਾ ਪੂਰਾ ਪਰਿਵਾਰ ਪੂਰੀ ਸ਼ਰਧਾ ਨਾਲ ਸ਼ਿਵਰ ਵਿਚ ਰੁੱਝਾ ਹੋਇਆ ਸੀ ।
ਇਨ੍ਹੀਂ ਦਿਨੀਂ ਇਸ ਪੁਰਾਤਨ ਭਾਰਤੀ ਪ੍ਰੰਪਰਾ ਨੂੰ ਸੁਰਜੀਤ ਕਰਨ ਦਾ ਯਤਨ ਪੂਰੇ ਜ਼ੋਰ-ਸ਼ੋਰ ਨਾਲ ਹੋ ਰਿਹਾ ਸੀ । ਧਿਆਨ ਸਾਧਨਾ ਲੋਕਾਂ ਦਾ ਧਿਆਨ ਖਿੱਚ ਰਹੀ ਸੀ । ਨਵੇਂਨਵੇਂ ਸਾਧੂ ਨਵੀਆਂ-ਨਵੀਆਂ ਸੰਸਥਾਵਾਂ ਖੜੀਆਂ ਕਰਕੇ ਲੋਕਾਂ ਨੂੰ ਯੋਗ ਸਾਧਨਾ ਲਈ
ਪ੍ਰੇਰ ਰਹੇ ਸਨ । ਅਖ਼ਬਾਰਾਂ ਵਿਚ ਮੁਫ਼ਤ ਲਗਦੇ ਧਿਆਨ ਸ਼ਿਵਰਾਂ ਦੇ ਵੱਡੇ-ਵੱਡੇ ਇਸ਼ਤਿਹਾਰ ਛਪ ਰਹੇ ਸਨ । ਟੀ.ਵੀ. ਉਪਰ ਯੋਗੀ ਮਹਾਤਮਾ ਅਤੇ ਉਨ੍ਹਾਂ ਕਿਸਮਤ ਵਾਲੇ ਲੋਕਾਂ ਦੇ ਇੰਟਰਵਿਊ ਆ ਰਹੇ ਸਨ, ਜਿਨ੍ਹਾਂ ਨੇ ਯੋਗ ਸਾਧਨਾ ਰਾਹੀਂ ਹੈਰਾਨ ਕਰਨ ਵਾਲੇ ਲਾਭ
ਪ੍ਰਾਪਤ ਕੀਤੇ ਸਨ ।
ਪਲਵੀ ਯੋਗ ਸਾਧਨਾਂ ਦੇ ਰਹੱਸਾਂ ਨੂੰ ਜਾਨਣ ਲਈ ਉਤਾਵਲੀ ਸੀ । ਮਾਇਆ ਨਗਰ ਵਿਚ ਅਜਿਹੀਆਂ ਕਈ ਸੰਸਥਾਵਾਂ ਦੀ ਚਰਚਾ ਸੀ । ਪਰ ਪੜ੍ਹਾਈ ਦੇ ਰੁਝੇਵੇਂ ਅਤੇ ਸਾਥ ਦੀ ਕਮੀ ਕਾਰਨ ਉਹ ਹਾਲੇ ਤਕ ਇਸ ਗਿਆਨ ਤੋਂ ਕੋਰੀ ਚਲੀ ਆ ਰਹੀ ਸੀ ।
ਮੌਕਾ ਮਿਲਦਿਆਂ ਹੀ ਪਲਵੀ ਨੇ ਆਪਣਾ ਤਨ ਅਤੇ ਮਨ ਯੋਗ ਸਾਧਨਾ ਵਿਚ ਲਗਾ ਦਿੱਤਾ ।
ਲੋਕ ਸੱਚ ਆਖਦੇ ਸਨ । ਧਿਆਨ ਸਾਧਨਾ ਵਿਚ ਆਲੌਕਿਕ ਸ਼ਕਤੀ ਸੀ । ਧਿਆਨ ਦੀ ਹਰ ਬੈਠਕ ਬਾਅਦ ਪਲਵੀ ਨੂੰ ਆਪਣੇ ਆਪ ਵਿਚ ਬਦਲਾਅ ਮਹਿਸੂਸ ਹੁੰਦਾ ਸੀ ।
ਹਰ ਪਹਿਲੂ ਤੋਂ ਉਹ ਉੱਪਰ ਉੱਠ ਰਹੀ ਸੀ ।
ਇਸ ਵਾਰ ਦਿੱਲੀਉਂ ਮੁੜੀ ਪਲਵੀ ਪਹਿਲਾਂ ਵਾਲੀ ਨਹੀਂ ਸੀ । ਉਸਦੀਆਂ ਸਹੇਲੀਆਂ ਉਸ ਵਿਚ ਆਈਆਂ ਤਬਦੀਲੀਆਂ ਮਹਿਸੂਸ ਕਰ ਰਹੀਆਂ ਸਨ । ਪਹਿਲਾਂ ਵਾਂਗ ਉਸਦਾ ਸੁਭਾਅ ਚਿੜਚਿੜਾ ਨਹੀਂ ਸੀ ਰਿਹਾ । ਹੁਣ ਉਹ ਸ਼ਰਾਰਤਾਂ ਕਰਕੇ ਅਧਿਆਪਕ ਅਤੇ
ਵਿਦਿਆਰਥੀਆਂ ਦੀ ਇਕਾਗਰਤਾ ਭੰਗ ਨਹੀਂ ਸੀ ਕਰਦੀ । ਉਸਦੀ ਅੱਖ ਬਲੈਕ-ਬੋਰਡ ਉਪਰ ਟਿਕੀ ਰਹਿੰਦੀ ਸੀ । ਲੈਕਚਰ ਉਸਨੂੰ ਸਮਝ ਆਉਣ ਲੱਗੇ ਸਨ । ਹਾਊਸ ਟੈਸਟਾਂ ਵਿਚ ਉਸਦੀ ਪੋਜ਼ੀਸ਼ਨ ਸੁਧਰੀ ਸੀ । ਉਹ ਚੰਚਲ ਅਤੇ ਮਿਲਣਸਾਰ ਹੋ ਗਈ ਸੀ । ਉਸ ਦੀਆਂ ਸਹੇਲੀਆਂ ਦਾ ਘੇਰਾ ਵਧ ਗਿਆ ਸੀ । ਪਹਿਲਾਂ ਵਾਂਗ ਉਹ ਕੰਨਟੀਨ ਵਿਚ ਜਾ ਕੇ ਡੋਸੇ ਬਰਗਰ ਨਹੀਂ ਸੀ ਖਾਂਦੀ । ਸਗੋਂ ਲਾਇਬਰੇਰੀ ਵਿਚ ਬੈਠ ਕੇ ਉਹ ਸਹੇਲੀਆਂ ਨੂੰ ਯੋਗ ਆਸਣ ਅਤੇ ਧਿਆਨ ਲਾਉਣ ਦੀ ਵਿਧੀ ਅਤੇ ਉਸਦੀ ਮਹੱਤਤਾ ਸਮਝਾਉਂਦੀ ਸੀ ।
ਸ਼ੌਂਕ-ਸ਼ੌਂਕ ਵਿਚ ਨੇਹਾ ਨੇ ਪਲਵੀ ਤੋਂ ਧਿਆਨ ਲਾਉਣਾ ਸਿੱਖ ਲਿਆ । ਉਸਨੂੰ ਵੀ ਧਿਆਨ ਵਿਚ ਕਿਸੇ ਗੈਬੀ-ਸ਼ਕਤੀ ਦੀ ਹੋਂਦ ਮਹਿਸੂਸ ਹੋਣ ਲੱਗੀ । ਜੋ ਤਬਦੀਲੀਆਂ ਪਲਵੀ ਵਿਚ ਆਈਆਂ ਸਨ ਉਹੋ ਨੇਹਾ ਮਹਿਸੂਸ ਕਰਨ ਲੱਗੀ ।
ਸਹਿਯੋਗ ਸੰਸਥਾ ਦੀ ਇਕਾਈ ਤਿੰਨ ਸਾਲ ਤੋਂ ਮਾਇਆ ਨਗਰ ਵਿਚ ਚੱਲ ਰਹੀ ਸੀ । ਇਕ ਅਧਿਆਪਕ ਅਤੇ ਉਸਦੀ ਪਤਨੀ ਨੇ ਮਾਤਾ ਜੀ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਦਾ ਬੀੜਾ ਚੁੱਧਕਿਆ ਹੋਇਆ ਸੀ । ਹਰ ਐਤਵਾਰ ਉਹ ਆਪਣੇ ਘਰ ਕੁੰਡਲਣੀ
ਜਾਗਰਣ ਦਾ ਅਭਿਆਸ ਕਰਾਉਂਦਾ ਸੀ । ਪਰ ਉਹ ਲੋਕਾਂ ਨੂੰ ਪ੍ਰਭਾਵਿਤ ਕਰਨ ਵਿਚ ਸਫ਼ਲ ਨਹੀਂ ਸੀ ਹੋ ਰਿਹਾ । ਸਹਿਯੋਗੀਆਂ ਦੀ ਗਿਣਤੀ ਦਸ ਬਾਰਾਂ ਤੋਂ ਵੱਧ ਨਹੀਂ ਸੀ ਰਹੀ । ਜੇ ਦੋ ਨਵੇਂ ਆਉਂਦੇ ਸਨ ਤਾਂ ਤਿੰਨ ਪੁਰਾਣੇ ਛੱਡ ਜਾਂਦੇ ਸਨ। ਨਿਰਾਸ਼ ਹੋਇਆ
ਸੰਚਾਲਕ ਮਾਤਾ ਜੀ ਨੂੰ ਵਾਰ-ਵਾਰ ਬੇਨਤੀ ਕਰ ਰਿਹਾ ਸੀ । ਮਾਤਾ ਜੀ ਆਪਣੀ ਛੋਹ ਨਾਲ ਮਾਇਆ ਨਗਰ ਦੀ ਧਰਤੀ ਨੂੰ ਪਵਿੱਤਰ ਕਰਨ । ਉਥੋਂ ਦੀ ਜਨਤਾ ਨੂੰ ਅਸ਼ੀਰਵਾਦ ਦੇਣ। ਪਰ ਮਾਤਾ ਜੀ ਉਸਨੂੰ ਟਾਲ ਰਹੇ ਸਨ । ਉਨ੍ਹਾਂ ਨੂੰ ਉਚਿਤ ਸਮੇਂ ਦੀ ਉਡੀਕ ਸੀ ।
ਪਿਛਲੇ ਸ਼ਿਵਰ ਦੌਰਾਨ ਉਨ੍ਹਾਂ ਆਪਣੇ ਭਗਤ ਦੀ ਪਿੱਠ ਥਾਪੜੀ ਸੀ । ਹੁਣ ਸਹਿਯੋਗ ਦਾ ਮਾਇਆ ਨਗਰ ਵਿਚ ਵਧਣ ਫੁੱਲਣ ਦਾ ਸਮਾਂ ਆ ਗਿਆ ਸੀ । ਮਾਤਾ ਜੀ ਨੇ ਪਲਵੀ ਨੂੰ ਅਸ਼ੀਰਵਾਦ ਦਿੱਤਾ । ਉਹ ਮਾਇਆ ਨਗਰ ਵਿਚ ਯੁਵਾ ਸ਼ਕਤੀ ਦਾ ਗਠਨ ਕਰੇ ।
ਯੁਵਾ ਸ਼ਕਤੀ ਦਾ ਗਠਨ ਹੁੰਦੇ ਹੀ ਸੰਸਥਾ ਵਿਚ ਨਵੀਂ ਰੂਹ ਫੂਕੀ ਗਈ। ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਲੱਗੀ ।
ਪਹਿਲਾਂ ਨੌਜਵਾਨ ਕੁੜੀਆਂ ਸੰਸਥਾ ਵਿਚ ਆਈਆਂ । ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਪੇ ਆਉਣ ਲੱਗੇ । ਮਾਪੇ ਅੱਗੇ ਆਪਣੇ ਵਾਕਫਕਾਰਾਂ ਨੂੰ ਲਿਆਉਣ ਲੱਗੇ ।
ਪਹਿਲਾਂ ਸਤਿਸੰਗ ਸੰਸਥਾ ਦੇ ਮੋਢੀ ਅਧਿਆਪਕ ਦੇ ਘਰ ਹੁੰਦਾ ਸੀ । ਭਾਰ ਵੰਡਾਉਣ ਲਈ ਇਹ ਜ਼ਿੰਮੇਵਾਰੀ ਸਹਿਯੋਗੀਆਂ ਨੇ ਆਪਸ ਵਿਚ ਵੰਡ ਲਈ । ਹਰ ਐਤਵਾਰ ਨਵੇਂ ਮੈਂਬਰ ਦੇ ਘਰ ਸਤਿਸੰਗ ਹੋਣ ਲੱਗਾ । ਇਸ ਦਾ ਇਕ ਫ਼ਾਇਦਾ ਇਹ ਹੋਇਆ ਕਿ ਮੈਂਬਰਾਂ ਦੇ ਗੁਆਂਢੀ ਸੰਸਥਾ ਨਾਲ ਜੁੜਨ ਲੱਗੇ ।
ਕੁਝ ਵਕੀਲਾਂ, ਇੰਜੀਨੀਅਰਾਂ ਅਤੇ ਸਨਅਤਕਾਰਾਂ ਦੇ ਸਹਿਯੋਗ ਵਿਚ ਆਉਣ ਨਾਲ ਪੈਸੇ ਦੀ ਘਾਟ ਦੂਰ ਹੋ ਗਈ ।
ਸਹਿਯੋਗੀਆਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਸੀ । ਮੈਂਬਰਾਂ ਦੇ ਘਰ ਛੋਟੇ ਪੈਣ ਲਗੇ । ਆਪਣੇ ਆਸ਼ਰਮ ਦੀ ਲੋੜ ਮਹਿਸੂਸ ਹੋਣ ਲੱਗੀ ।ਆਸ਼ਰਮ ਦਾ ਵਿਚਾਰ ਆਉਂਦਿਆਂ ਹੀ ਦਾਨੀਆਂ ਨੇ ਦਾਨ ਦੇ ਢੇਰ ਲਾ ਦਿੱਤੇ ।
ਦਿਨਾਂ ਵਿਚ ਆਸ਼ਰਮ ਦੀ ਉਸਾਰੀ ਹੋ ਗਈ ।
ਸਹਿਯੋਗੀਆਂ ਨੂੰ ਯਕੀਨ ਸੀ ਇਹ ਸਭ ਕੁਝ ਮਾਤਾ ਜੀ ਦੇ ਅਸ਼ੀਰਵਾਦ ਕਾਰਨ ਹੋ ਰਿਹਾ ਸੀ। ਨਹੀਂ ਤੇ ਪਾਪੀਆਂ ਦੀ ਇਸ ਨਗਰੀ ਵਿਚ ਕੋਈ ਭਿਖਾਰੀ ਨੂੰ ਪੰਜ ਪੈਸੇ ਤਕ ਨਹੀਂ ਸੀ ਦਿੰਦਾ ।
ਆਸ਼ਰਮ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਯੁਵਾ ਸ਼ਕਤੀ ਦੇ ਹੱਥ ਸੀ । ਅਤੇ ਯੁਵਾ ਸ਼ਕਤੀ ਪਲਵੀ ਅਤੇ ਨੇਹਾ ਦੇ ਹੱਥ ਸੀ ।
ਸਮੂਹਿਕ ਸਹਿਯੋਗ ਐਤਵਾਰ ਵਾਲੇ ਦਿਨ ਆਸ਼ਰਮ ਵਿਚ ਹੁੰਦਾ ਸੀ । ਮੂਰਤੀ ਸਥਾਪਨਾ ਤੋਂ ਲੈ ਕੇ ਚਾਹ ਪਾਣੀ ਤਕ ਦੀ ਸੇਵਾ ਦੀ ਜ਼ਿੰਮੇਵਾਰੀ ਉਨ੍ਹਾਂ ਸਿਰ ਹੁੰਦੀ ਸੀ ।
ਹੱਸਦੀਆਂ, ਟੱਪਦੀਆਂ, ਚਿੜੀਆਂ ਵਾਂਗ ਚਹਿਕਦੀਆਂ ਉਹ ਮਾਹੌਲ ਨੂੰ ਰੰਗੀਨ ਬਣਾਈ ਰੱਖਦੀਆਂ ਸਨ ।
ਸੰਸਥਾ ਦੇ ਕੰਮ ਵਿਚ ਰੁਝੀਆਂ ਦਿਨ ਦਾ ਬਹੁਤਾ ਸਮਾਂ ਉਹ ਇਕੱਠੀਆਂ ਰਹਿੰਦੀਆਂ ਸਨ । ਵੱਖ ਹੋ ਕੇ ਉਨ੍ਹਾਂ ਨੂੰ ਇਕ ਦੂਜੀ ਦੀ ਯਾਦ ਸਤਾਉਣ ਲੱਗਦੀ ਸੀ । ਉਹ ਆਪਣੇ ਆਪ ਨੂੰ ਦੋ ਸਰੀਰ ਅਤੇ ਇਕ ਰੂਹ ਆਖਣ ਲੱਗੀਆਂ ਸਨ ।
ਹੁਣ ਜਦੋਂ ਨੇਹਾ ਦਾ ਸਰੀਰ ਜ਼ਖ਼ਮੀ ਹੋਇਆ ਸੀ ਤਾਂ ਪਲਵੀ ਦੀ ਆਤਮਾ ਵਲੂੰਧਰੀ ਗਈ ਸੀ ।
ਨੇਹਾ ਦੇ ਪਰਿਵਾਰ 'ਤੇ ਪਈ ਭੀੜ ਇਕੱਲੀ ਉਸ ਪਰਿਵਾਰ ਦੀ ਭੀੜ ਨਹੀਂ ਸੀ।
ਇਹ ਸਮੁੱਚੇ ਸਹਿਯੋਗ ਪਰਿਵਾਰ 'ਤੇ ਪਈ ਭੀੜ ਸੀ ।
ਥਾਣੇ, ਕਚਹਿਰੀ, ਹਸਪਤਾਲ ਹਰ ਥਾਂ ਸਹਿਯੋਗੀਆਂ ਨੇ ਉਨ੍ਹਾਂ ਲਈ ਭੱਜ-ਨੱਠ ਕੀਤੀ ਸੀ ।
ਇਹ ਇਕ ਸਹਿਯੋਗੀ ਪਰਿਵਾਰ ਹੀ ਸੀ, ਜਿਹੜਾ ਨੇਹਾ ਨੂੰ ਆਪਣੀ ਹਿੱਕ ਨਾਲ ਲਾਈ ਬੈਠਾ ਸੀ । ਇਹ ਪਰਿਵਾਰ ਨੇਹਾ 'ਤੇ ਕੋਈ ਅਹਿਸਾਨ ਨਹੀਂ ਸੀ ਕਰ ਰਿਹਾ । ਇਹ ਮਾਤਾ ਜੀ ਦਾ ਫਰਮਾਨ ਸੀ । ਸਾਰੇ ਸਹਿਯੋਗੀ ਮਾਤਾ ਜੀ ਦੇ ਧੀਆਂ ਪੁੱਤਰ ਸਨ । ਆਪਸ ਵਿਚ ਭੈਣ-ਭਰਾ ਸਨ । ਪਰਿਵਾਰ ਦੇ ਇਕ ਮੈਂਬਰ ਦਾ ਕਸ਼ਟ ਪਰਿਵਾਰ ਦਾ ਕਸ਼ਟ ਸੀ ।
ਪਲਵੀ ਦਾ ਪਰਿਵਾਰ ਮਾਤਾ ਜੀ ਦੇ ਉਪਦੇਸ਼ ਨੂੰ ਅਮਲੀਜਾਮਾ ਪਹਿਣਾ ਰਿਹਾ ਸੀ ।


27

ਯੂਨੀਵਰਸਿਟੀ ਵਿਚ ਹੜਤਾਲ ਚੱਲ ਰਹੀ ਸੀ । ਇਸ ਲਈ ਪਲਵੀ ਘਰ ਰਹਿੰਦੀ ਸੀ । ਪਲਵੀ ਦੀ ਮੰਮੀ ਦਾ ਕਾਲਜ ਵੀ ਬੰਦ ਸੀ । ਹਾਜ਼ਰੀ ਲਾ ਕੇ ਉਹ ਘਰ ਮੁੜ ਆਉਂਦੀ ਸੀ । ਪਲਵੀ ਦੇ ਪਾਪਾ ਦਾ ਡਿਊਟੀ ਦਾ ਕੋਈ ਨਿਸ਼ਚਿਤ ਸਮਾਂ ਨਹੀਂ ਸੀ । ਮਸ਼ੀਨਰੀ ਵਿਚ ਨੁਕਸ ਪੈਣ ਤੇ ਉਸਨੂੰ ਰਾਤ-ਬਰਾਤੇ ਬੁਲਾ ਲਿਆ ਜਾਂਦਾ ਸੀ । ਇਸ ਦਿੱਕਤ ਤੋਂ ਬਚਣ ਲਈ ਉਸਨੇ ਪੰਜ ਦਿਨਾਂ ਦੀ ਛੁੱਟੀ ਲੈ ਲਈ ਸੀ । ਜਿੰਨਾ ਚਿਰ ਨੇਹਾ ਪੂਰੀ ਤਰ੍ਹਾਂ ਨਹੀਂ ਸੰਭਲ ਜਾਂਦੀ, ਉਹ ਘਰ ਰਹਿ ਕੇ ਉਸਦੀ ਦੇਖ-ਭਾਲ ਕਰੇਗਾ ।
ਪਹਿਲੇ ਦੋ ਦਿਨ ਨੇਹਾ ਨੇ ਨਾ ਕੁਝ ਖਾਧਾ ਨਾ ਪੀਤਾ । ਕਮਲ ਨੂੰ ਯਾਦ ਕਰ ਕਰ ਉਹ ਹੰਝੂ ਵਹਾਉਂਦੀ ਰਹੀ । ਆਪਣੇ ਸਰੀਰ ਉਪਰ ਪਈਆਂ ਖਰੋਚਾਂ ਨੂੰ ਦੇਖ ਦੇਖ ਉਹ ਲਾਲ ਪੀਲੀ ਹੁੰਦੀ ਰਹੀ । ਮਾਂ ਬਾਪ ਦੀ ਦੁਰਦਸ਼ਾ ਸੁਣ-ਸੁਣ ਉਹ ਤੜਫਦੀ ਰਹੀ ।
ਪਲਵੀ ਦੇ ਪਰਿਵਾਰ ਦੇ ਸਭ ਜੀਅ ਉਸ ਉਪਰ ਝੁਕੇ ਹੋਏ ਸਨ । ਮਾਤਾ ਜੀ ਦੇ ਭਾਸ਼ਣ ਵਿਚੋਂ ਹਵਾਲੇ ਦੇ ਦੇ ਉਹ ਉਸਨੂੰ ਸਮਝਾਉਣ ਦਾ ਯਤਨ ਕਰ ਰਹੇ ਸਨ ।
ਨੇਹਾ ਨੂੰ ਸਭ ਉਪਦੇਸ਼ ਝੂਠੇ ਲੱਗਦੇ ਸਨ । ਕਦੇ-ਕਦੇ ਉਸਨੂੰ ਮਾਤਾ ਜੀ ਵੀ ਝੂਠੀ ਜਾਪਦੀ ਸੀ ।
ਧਿਆਨ ਸਾਧਨਾ ਸ਼ੁਰੂ ਕਰਨ ਤੋਂ ਪਹਿਲਾਂ ਅਤੇ ਬਾਅਦ ਹਰ ਸਹਿਯੋਗੀ ਇਕ ਬੰਧਨ ਲਿਆ ਕਰਦਾ ਸੀ । ਇਸ ਕਿਰਿਆ ਦੌਰਾਨ ਉਹ ਸੱਤ ਵਾਰ ਮਾਤਾ ਜੀ ਕੋਲੋਂ ਆਪਣੇ ਸਰੀਰ ਦੇ ਸੱਤਾਂ ਚੱਕਰਾਂ ਦੀ ਸੁਰੱਧਖਿਆ ਦੀ ਮੰਗ ਕਰਦਾ ਸੀ । ਮਾਤਾ ਜੀ ਇਸ ਪ੍ਰਾਰਥਨਾ
ਨੂੰ ਸਵੀਕਾਰ ਕਰਕੇ ਸਹਿਯੋਗੀ ਨੂੰ ਸੁਰੱਧਖਿਆ ਪ੍ਰਦਾਨ ਕਰਦੇ ਸਨ । ਇਸ ਸੁਰੱਧਖਿਆ ਨੂੰ ਮਾਤਾ ਜੀ ਨੇ ਦੁਰਗਾ ਕਵਚ ਦਾ ਨਾਂ ਦਿੱਤਾ ਸੀ । ਇਸ ਕਵਚ ਵੱਲ ਦੁਨੀਆਂ ਦੀ ਕੋਈ ਬੁਰੀ ਤਾਕਤ ਝਾਕ ਨਹੀਂ ਸੀ ਸਕਦੀ । ਨੇਹਾ ਨੇ ਇਸ ਪ੍ਰਾਰਥਨਾ ਵਿਚ ਕੁਝ ਵਾਧਾ ਕੀਤਾ ਸੀ । ਆਪਣੀ ਸੁਰੱਧਖਿਆ ਬਾਅਦ ਉਹ ਆਪਣੇ ਪਰਿਵਾਰ ਦੀ ਸੁਰੱਧਖਿਆ ਦੀ ਮੰਗ ਕਰਦੀ ਸੀ । ਫੇਰ ਸਾਰੇ ਸੰਸਾਰ ਦੀ। ਉਹ ਮਾਤਾ ਜੀ ਤੋਂ ਪੁੱਛ ਰਹੀ ਸੀ । ਉਸਦੀ ਲਾਡਲੀ ਧੀ ਦਾ ਕਵਚ ਕਿਉਂ ਕੱਚ ਵਾਂਗ ਟੁੱਟ ਗਿਆ? ਉਸ ਦੇ ਭਰਾ ਨੂੰ ਸੁਰੱਧਖਿਆ ਕਿਉਂ ਨਹੀਂ ਮਿਲੀ?
ਉਸਦੇ ਪਰਿਵਾਰ ਨੂੰ ਕਿਸ ਪਾਪ ਦੀ ਸਜ਼ਾ ਦਿੱਤੀ ਗਈ ਸੀ? ਪਰ ਮਾਤਾ ਜੀ ਚੁੱਪ ਸਨ ।
ਸਹਿਯੋਗੀਆਂ ਦੀ ਇਕ ਹੋਰ ਧਾਰਨਾ ਸੀ । ਮਾਤਾ ਜੀ ਸਹਿਯੋਗੀ ਦੇ ਹਰ ਪ੍ਰਸ਼ਨ ਦਾ ਉੱਤਰ ਦਿੰਦੇ ਸਨ । ਪ੍ਰਸ਼ਨ ਮਨ ਵਿਚ ਧਾਰ ਕੇ ਆਪਣੇ ਕੰਮੀਂ ਜੁੱਟ ਜਾਓ । ਦੇਰ ਸਵੇਰ ਮਾਤਾ ਜੀ ਖ਼ੁਦ ਪ੍ਰਸ਼ਨ ਦਾ ਉੱਤਰ ਸੁਝਾਉਂਦੇ ਸਨ । ਪਹਿਲਾਂ ਇਸ ਧਾਰਨਾ ਦਾ ਪ੍ਰਚਾਰ
ਪਲਵੀ ਕਰਦੀ ਸੀ । ਫੇਰ ਨੇਹਾ ਕਰਦੀ ਰਹੀ ਸੀ । ਉਹ ਝੂਠਾ ਪ੍ਰਚਾਰ ਨਹੀਂ ਸੀ ਕਰਦੀ। ਉਸਨੂੰ ਆਪਣੇ ਪ੍ਰਸ਼ਨਾਂ ਦਾ ਉੱਤਰ ਮਿਲਦਾ ਰਿਹਾ ਸੀ ।
ਹੁਣ ਉਹ ਵਾਰ ਵਾਰ ਮਾਤਾ ਜੀ ਤੋਂ ਇਹ ਪ੍ਰਸ਼ਨ ਪੁੱਛ ਰਹੀ ਸੀ । ਪਰ ਉਸਨੂੰ ਕੋਈ ਉੱਤਰ ਨਹੀਂ ਸੀ ਮਿਲ ਰਿਹਾ ।
ਮਾਤਾ ਜੀ ਦੀ ਇਸ ਖ਼ਾਮੋਸ਼ੀ ਤੇ ਨੇਹਾ ਨੂੰ ਕਮਲ ਦੀ ਯਾਦ ਆਉਣ ਲੱਗਦੀ ਸੀ ।
ਉਹ ਆਖਦਾ ਹੁੰਦਾ ਸੀ । ਪ੍ਰਸ਼ਨਾਂ ਦੇ ਉੱਤਰ ਕੋਈ ਗੈਬੀ-ਸ਼ਕਤੀ ਨਹੀਂ ਦਿੰਦੀ । ਜੇ ਕੋਈ ਵਿਅਕਤੀ ਮਨ ਵਿਚ ਪੈਦਾ ਹੋਏ ਸ਼ੰਕਿਆਂ ਦਾ ਸਮਾਧਾਨ ਇਕਾਗਰ-ਚਿੱਤ ਹੋ ਕੇ ਸੋਚਣ ਲੱਗੇ ਤਾਂ ਦਿਮਾਗ਼ ਆਪਣੇ ਅੰਦਰ ਜਮ੍ਹਾਂ ਗਿਆਨ ਦੇ ਆਧਾਰ 'ਤੇ ਉੱਤਰ ਸੁਝਾਅ ਦਿੰਦਾ ਸੀ । ਕੋਈ ਇਨ੍ਹਾਂ ਉੱਤਰਾਂ ਨੂੰ ਆਤਮਾ ਦੀ ਅਵਾਜ਼ ਆਖ ਲਏ ਜਾਂ ਮਾਤਾ ਜੀ ਵੱਲੋਂ ਦਿੱਤਾ ਆਦੇਸ਼ ਇਸ ਵਿਚ ਕੋਈ ਫ਼ਰਕ ਨਹੀਂ ਸੀ ।
ਦੁਰਗਾ ਕਵਚ ਦੀ ਧਾਰਨਾ ਨੂੰ ਵੀ ਉਹ ਮਨੋ-ਵਿਗਿਆਨਕ ਚਲਾਕੀ ਆਖਦਾ ਸੀ ।
ਪ੍ਰਾਰਥਨਾ ਵਿਅਕਤੀ ਨੂੰ ਵਿਸ਼ਵਾਸ ਦਿਵਾ ਦਿੰਦੀ ਸੀ ਕਿ ਉਹ ਸੁਰੱਧਖਿਅਤ ਹੈ । ਬੱਸ ਉਹ ਨਿਡਰ ਹੋ ਜਾਂਦਾ ਸੀ । ਦੁਰਗਾ ਕਵਚ ਪਾ ਕੇ ਚੱਲਣ ਵਾਲੇ ਵਿਅਕਤੀਆਂ ਦੇ ਨਫ਼ੇ ਨੁਕਸਾਨ ਵੀ ਓਨੇ ਹੀ ਹੁੰਦੇ ਸਨ, ਜਿੰਨੇ ਸਾਧਾਰਨ ਵਿਅਕਤੀਆਂ ਦੇ ।
ਪਲਵੀ ਦੇ ਆਖੇ ਨੇਹਾ ਨੇ ਇਕ ਦੋ ਵਾਰ ਧਿਆਨ ਲਾਉਣ ਦਾ ਯਤਨ ਕੀਤਾ ਸੀ ।
ਉਸਦੀਆਂ ਹਥੇਲੀਆਂ ਵਿਚੋਂ ਨਿਕਲਦੀਆਂ ਠੰਡੀਆਂ ਤਰੰਗਾਂ ਗਾਇਬ ਸਨ ।
ਉਲਟਾ ਜਦੋਂ ਉਸ ਨੂੰ ਗੁੱਸਾ ਆਉਂਦਾ ਸੀ ਉਸਦਾ ਸਾਰਾ ਸਰੀਰ ਭੱਖਣ ਲਗਦਾ ਸੀ । ਉਸਦੇ ਸਰੀਰ ਵਿਚੋਂ ਭਾਫਾਂ ਨਿਕਲਣ ਲੱਗਦੀਆਂ ਸਨ । ਮਾਤਾ ਜੀ ਦਾ ਅਕਾਣ ਸੀ, ਗਰਮ ਹਵਾਵਾਂ ਭੈੜੀਆਂ ਆਤਮਾਵਾਂ ਵਿਚੋਂ ਨਿਕਲਦੀਆਂ ਹਨ ।
ਤਾਂ ਕੀ ਨੇਹਾ ਰਾਤੋ-ਰਾਤ ਭੈੜੀ ਆਤਮਾ ਬਣ ਗਈ ਸੀ?
ਨੇਹਾ ਨਾਲ ਜੋ ਵਾਪਰਿਆ ਸੀ ਉਸ ਵਿਚ ਨੇਹਾ ਦਾ ਕੋਈ ਦੋਸ਼ ਨਹੀਂ ਸੀ । ਜੋ ਕੁਝ ਹੋਇਆ ਸੀ ਉਸ ਦੀ ਇੱਛਾ ਦੇ ਵਿਰੁਧ ਹੋਇਆ ਸੀ । ਅਣ-ਚਾਹੀ ਘਟਨਾ ਦੀ ਸਜ਼ਾ ਉਸ ਨੂੰ ਕਿਉਂ ਦਿੱਤੀ ਜਾ ਰਹੀ ਸੀ? ਮਾਤਾ ਜੀ ਜਾਣੀ-ਜਾਣ ਸਨ । ਉਨ੍ਹਾਂ ਨੂੰ ਨੇਹਾ ਨੂੰ ਭੈੜੀ
ਆਤਮਾ ਬਣਨ ਤੋਂ ਰੋਕਣਾ ਚਾਹੀਦਾ ਸੀ ।
ਜਿਉਂ ਹੀ ਉਹ ਮਾਤਾ ਜੀ ਦੀ ਕਿਸੇ ਧਾਰਨਾ 'ਤੇ ਕਿੰਤੂ ਕਰਦੀ ਸੀ, ਉਸਨੂੰ ਕਮਲ ਯਾਦ ਆ ਜਾਂਦਾ ਸੀ ।
ਉਹ ਆਖਦਾ ਹੁੰਦਾ ਸੀ ਨੇਹਾ ਸੁਖਾਵੇਂ ਮਾਹੌਲ ਵਿਚ ਪਲੀ ਸੀ । ਦੁੱਖ ਤਕਲੀਫ਼ ਉਸਦੇ ਨੇੜੇ ਨਹੀਂ ਸੀ ਢੁੱਕਾ । ਉਸਦੇ ਬੋਲ ਪੁੱਗਦੇ ਸਨ । ਨੇਹਾ ਨੇ ਸੁੱਖ ਹੀ ਸੁੱਖ ਦੇਖਿਆ ਸੀ ।
ਉਸਨੂੰ ਦੁੱਖ ਤਕਲੀਫ਼ ਅਤੇ ਤੰਗੀਆਂ ਤੁਰਸ਼ੀਆਂ ਦਾ ਅਨੁਭਵ ਨਹੀਂ ਸੀ । ਇਹੋ ਹਾਲ ਪਲਵੀ ਦਾ ਸੀ । ਇਸ ਲਈ ਉਨ੍ਹਾਂ ਦੇ ਮਨ ਸ਼ਾਂਤ ਸਨ । ਮਨ ਸ਼ਾਂਤ ਹੋਣ ਤਾਂ ਸਰੀਰ ਸ਼ਾਂਤ ਰਹਿੰਦੇ ਸਨ । ਸ਼ਾਂਤ ਤਨ ਵਿਚੋਂ ਠੰਡਕ ਹੀ ਨਿਕਲਦੀ ਸੀ । ਅਭਿਆਸ ਅਤੇ ਮਜ਼ਬੂਤ ਇੱਛਾ ਸ਼ਕਤੀ ਕਾਰਨ ਜੇ ਸਰੀਰ ਵਿਚੋਂ ਠੰਡੀਆਂ ਤਰੰਗਾਂ ਦਾ ਅਨੁਭਵ ਹੁੰਦਾ ਸੀ ਤਾਂ ਇਹ ਕੋਈ ਅਲੋਕਾਰੀ ਗੱਲ ਨਹੀਂ ਸੀ ।
ਤਾਂ ਕੀ ਨੇਹਾ ਦੇ ਸਰੀਰ ਦੀ ਠੰਡਕ ਉਸਦੀ ਬੇਚੈਨੀ ਨੇ ਹਰ ਲਈ ਸੀ !
ਕਮਲ ਠੀਕ ਸੀ ਜਾਂ ਮਾਤਾ ਜੀ । ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ ।
ਬੱਸ ਉਸ ਨੂੰ ਆਪਣੀ ਅਧਿਆਤਮਕ ਸ਼ਕਤੀ ਦੇ ਖੁੱਸ ਜਾਣ ਦਾ ਗ਼ਮ ਸੀ ।


28

ਨੇਹਾ ਨੇ ਆਪਣੇ ਮਨ ਦੇ ਸ਼ੰਕਿਆਂ ਨੂੰ ਲੁਕਾ ਕੇ ਨਹੀਂ ਸੀ ਰੱਧਖਿਆ । ਪਲਵੀ ਅਤੇ ਉਸਦੇ ਮਾਤਾ-ਪਿਤਾ ਨਾਲ ਉਸਨੇ ਇਨ੍ਹਾਂ ਸ਼ੰਕਿਆਂ ਨੂੰ ਸਾਂਝਾ ਕੀਤਾ ਸੀ ।
ਨੇਹਾ ਦਾ ਆਪਣੇ ਆਪ ਤੋਂ ਉੱਠਿਆ ਵਿਸ਼ਵਾਸ ਪਲਵੀ ਦੇ ਮਾਪਿਆਂ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਸੀ ।
ਨੇਹਾ ਜਿਸ ਅੰਨ੍ਹੇ ਖੂਹ ਵਿਚ ਜਾ ਡਿੱਗੀ ਸੀ ਉਸ ਵਿਚੋਂ ਜੇ ਕੋਈ ਉਸਨੂੰ ਬਾਹਰ ਕੱਢ ਸਕਦਾ ਸੀ ਤਾਂ ਉਹ ਉਸ ਦੇ ਧਾਰਮਿਕ ਵਿਸ਼ਵਾਸਾਂ ਵਿਚ ਬਹਾਲੀ ਹੀ ਸੀ ।
ਨੇਹਾ ਨੂੰ ਲੀਹ 'ਤੇ ਲਿਆਉਣ ਲਈ ਪਲਵੀ ਦੇ ਮਾਪਿਆਂ ਨੇ ਯਤਨ ਤੇਜ਼ ਕਰ ਦਿੱਤੇ ।
ਪਲਵੀ ਨੇ ਕੇਂਦਰ ਦੇ ਪ੍ਰਧਾਨ ਨਾਲ ਗੱਲ ਕੀਤੀ । ਇਸ ਐਤਵਾਰ ਨੂੰ ਕਮਲ ਦ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਦੇ ਸਿਹਤ-ਯਾਫ਼ਤਾ ਹੋਣ ਦੀ ਸਮੂਹਿਕ ਪ੍ਰਾਰਥਨਾ ਕੀਤੀ ਜਾਵੇ ।
ਸਹਿਯੋਗ ਸਮੂਹਿਕ ਪ੍ਰਾਰਥਨਾ ਨੂੰ ਬਹੁਤ ਮਹੱਤਤਾ ਦਿੰਦਾ ਸੀ । ਸਾਰੇ ਸਹਿਯੋਗੀਆਂ ਵੱਲੋਂ ਕੀਤੀ ਪ੍ਰਾਰਥਨਾ ਮਾਤਾ ਜੀ ਨੂੰ ਝੱਟ ਸਵੀਕਾਰ ਹੋ ਜਾਂਦੀ ਸੀ । ਜਦੋਂ ਕਿਸੇ ਸਹਿਯੋਗੀ ਦੀ ਨਿਜੀ ਪ੍ਰਾਰਥਨਾ ਸਵੀਕਾਰ ਨਹੀਂ ਸੀ ਹੁੰਦੀ ਤਾਂ ਸਾਰੇ ਸਹਿਯੋਗੀ ਇਕੱਠੇ ਹੋ ਕੇ ਮਾਤਾ ਜੀ ਨੂੰ ਪੁਕਾਰਦੇ ਸਨ । ਅਜਿਹੀਆਂ ਕਈ ਸਮੂਹਿਕ ਪ੍ਰਾਰਥਨਾਵਾਂ ਬਾਅਦ ਕਈਆਂ ਦੇ ਘਰ ਪੁੱਤਰ ਹੋਏ ਸਨ ਅਤੇ ਕਈਆਂ ਦੇ ਧੀਆਂ ਪੁੱਤ ਵਿਆਹੇ ਗਏ ਸਨ ।
ਨੇਹਾ ਸੰਸਥਾ ਦੀ ਅਹਿਮ ਮੈਂਬਰ ਸੀ । ਭੀੜ ਸਮੇਂ ਉਸਦੀ ਮਦਦ ਹੋਣੀ ਚਾਹੀਦੀ ਸੀ ।
ਪ੍ਰਧਾਨ ਨੂੰ ਇਸ ਪ੍ਰਾਰਥਨਾ ਤੇ ਕੋਈ ਇਤਰਾਜ਼ ਨਹੀਂ ਸੀ । ਇਹ ਗੱਲ ਉਹ ਪਹਿਲਾਂ ਹੀ ਤੋਰ ਚੁੱਕਾ ਸੀ ।
ਪਰ ਕੁਝ ਸਹਿਯੋਗੀਆਂ ਨੂੰ ਨੇਹਾ ਦੇ ਅਪਵਿੱਤਰ ਹੋਣ ਬਾਅਦ ਕੇਂਦਰ ਆਉਣ 'ਤੇ ਇਤਰਾਜ਼ ਸੀ । ਇਸ ਤਰ੍ਹਾਂ ਆਸ਼ਰਮ ਦੀ ਪਵਿੱਤਰਤਾ ਭੰਗ ਹੁੰਦੀ ਸੀ । ਪ੍ਰਧਾਨ ਅਜਿਹੇ ਅਨਾੜੀ ਸਹਿਯੋਗੀਆਂ ਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ । ਉਸਨੂੰ ਕਾਮਯਾਬੀ
ਮਿਲਣ ਦੀ ਪੂਰੀ ਆਸ ਸੀ ।
ਪਲਵੀ ਨੇ ਯੁਵਾ ਸ਼ਕਤੀ ਦੇ ਇਕ-ਇਕ ਮੈਂਬਰ ਨਾਲ ਗੱਲ ਕੀਤੀ । ਉਨ੍ਹਾਂ ਲਈ ਨੇਹਾ ਮਾਤਾ ਸੀਤਾ ਵਾਂਗ ਪਵਿੱਤਰ ਸੀ ।
ਪਲਵੀ ਦੇ ਮੰਮੀ ਪਾਪਾ ਨੇ ਆਪਣੇ ਵਾਕਿਫ਼ ਸਹਿਯੋਗੀਆਂ ਦੀ ਰਾਏ ਲਈ । ਉਹ ਪਹਿਲਾਂ ਹੀ ਨੇਹਾ ਦੇ ਪਰਿਵਾਰ ਦੀ ਭਲਾਈ ਦੀ ਸਵੇਰੇ ਸ਼ਾਮ ਪ੍ਰਾਰਥਨਾ ਕਰਦੇ ਸਨ । ਸਮੂਹਿਕ ਪ੍ਰਾਰਥਨਾ ਹੋਣੀ ਚਾਹੀਦੀ ਸੀ ।
ਨੇਹਾ ਦਾ ਆਸ਼ਰਮ ਜਾਣ ਨੂੰ ਦਿਲ ਨਹੀਂ ਸੀ ਕਰਦਾ ।
ਜੇ ਉਹ ਕੇਂਦਰ ਗਈ, ਹਰ ਸਹਿਯੋਗੀ ਉਸ ਕੋਲ ਆਏਗਾ । ਉਸ ਤੋਂ ਹੋਈ ਘਟਨਾ ਦੇ ਵੇਰਵੇ ਪੁੱਛ ਕੇ ਉਸ ਦੇ ਅੱਲੇ ਜ਼ਖ਼ਮਾਂ ਨੂੰ ਉਚੇੜੇਗਾ ।
ਪਲਵੀ ਨੇ ਜ਼ੋਰ ਪਾਇਆ । ਉਸਦੇ ਮਾਪਿਆਂ ਨੇ ਸਮਝਾਇਆ । ਮਾਹੌਲ ਬਦਲ ਜਾਏਗਾ । ਮਨ ਬਦਲ ਜਾਏਗਾ । ਧਿਆਨ ਪ੍ਰਮਾਤਮਾ ਵੱਲ ਲਗੇਗਾ । ਖੋਈ ਹੋਈ ਆਤਮਿਕ ਸ਼ਕਤੀ ਬਹਾਲ ਹੋਏਗੀ ।
ਪਹਿਲਾਂ ਨੇਹਾ ਆਸ਼ਰਮ ਵਿਚ ਸਭ ਤੋਂ ਪਹਿਲਾਂ ਪਹੁੰਚਦੀ ਸੀ । ਆਪਣੀ ਦੇਖ-ਰੇਖ ਵਿਚ ਵਿਛੀਆਂ ਦਰੀਆਂ ਅਤੇ ਗਲੀਚਿਆਂ ਦੀ ਸਫ਼ਾਈ ਕਰਾਉਂਦੀ ਸੀ । ਡੋਲੀ ਬਣਾ ਕੇ ਮਾਤਾ ਜੀ ਦੀ ਮੂਰਤੀ ਦੀ ਸਥਾਪਨਾ ਕਰਦੀ ਸੀ । ਫੁੱਲਾਂ ਅਤੇ ਧੂਫ਼ ਬੱਤੀਆਂ ਨਾਲ ਸਾਰੇ ਹਾਲ ਦੀ ਸਜਾਵਟ ਕਰਦੀ ਸੀ । ਆਖ਼ਰੀ ਮੈਂਬਰ ਦੇ ਆਸ਼ਰਮ ਵਿਚੋਂ ਤੁਰ ਜਾਣ ਤਕ ਹਿਰਨੀ ਵਾਂਗ ਟਪੂਸੀਆਂ ਮਾਰਦੀ ਰਹਿੰਦੀ ਸੀ ।
ਅੱਜ ਉਹ ਜਾਣ-ਬੁੱਝ ਕੇ ਲੇਟ ਹੋਈ ਸੀ । ਸੰਸਥਾ ਦੀ ਇਹ ਪਰੰਪਰਾ ਸੀ ਕਿ ਪਹਿਲਾਂ ਆਇਆ ਸਹਿਯੋਗੀ ਅੱਗੇ ਬੈਠਦਾ ਸੀ । ਜਿਉਂ-ਜਿਉਂ ਸਹਿਯੋਗੀ ਆਉਂਦੇ ਜਾਂਦੇ ਸਨ ਪਿੱਛੇਪਿੱ ਛੇ ਬੈਠਦੇ ਜਾਂਦੇ ਸਨ । ਨੇਹਾ ਲੋਕਾਂ ਦੀਆਂ ਅੱਖਾਂ ਤੋਂ ਬਚਣਾ ਚਾਹੁੰਦੀ ਸੀ ।
ਉਹ ਚੁਪਕੇ ਜਿਹੇ ਇਕ ਨੁੱਕਰੇ ਜਾ ਬੈਠੀ ।
ਨੇਹਾ ਨੂੰ ਆਸ ਸੀ ਕਿ ਕਾਰਵਾਈ ਚਲਾ ਰਹੀ ਸੰਚਾਲਕ ਉਸਦੇ ਕਈ ਬੈਠਕਾਂ ਬਾਅਦ ਕੇਂਦਰ ਆਉਣ ਉਪਰ ਉਸ ਦਾ ਸਵਾਗਤ ਕਰੇਗੀ । ਕੇਂਦਰ ਦੀ ਇਹ ਪ੍ਰਥਾ ਸੀ ।
ਪਹਿਲੀ ਕਤਾਰ ਸੰਚਾਲਕ, ਭਜਨ-ਮੰਡਲੀ ਅਤੇ ਆਰਤੀ ਵਾਲੀ ਤਿਕੜੀ ਲਈ ਰਾਖਵੀਂ ਸੀ । ਨੇਹਾ ਆਰਤੀ ਵਾਲੀ ਤਿਕੜੀ ਦੀ ਸਥਾਈ ਮੈਂਬਰ ਸੀ । ਸਤਿਸੰਗ ਦੇ ਅਖ਼ੀਰ ਵਿਚ ਮਾਤਾ ਜੀ ਦੀ ਆਰਤੀ ਉਤਾਰੀ ਜਾਂਦੀ ਸੀ । ਆਰਤੀ ਤਿੰਨ ਔਰਤਾਂ ਵੱਲੋਂ ਕੀਤੀ
ਜਾਂਦੀ ਸੀ । ਆਰਤੀ ਵਿਚ ਸ਼ਾਮਲ ਹੋਣ ਵਾਲੀ ਔਰਤ ਆਪਣੇ ਆਪ ਨੂੰ ਭਾਗਾਂ ਵਾਲੀ ਮੰਨਦੀ ਸੀ । ਆਰਤੀ ਵਿਧੀ ਅਨੁਸਾਰ ਹੁੰਦੀ ਸੀ । ਇਹ ਵਿਧੀ ਨੇਹਾ ਨਿਭਾਉਂਦੀ ਸੀ ।
ਬਾਕੀ ਦੀਆਂ ਦੋ ਔਰਤਾਂ ਸੰਗਤ ਵਿਚੋਂ ਹੁੰਦੀਆਂ ਸਨ । ਨੇਹਾ ਦੇ ਪਿੱਛੇ ਲਗ ਕੇ ਆਰਤੀ ਕਰਦੀਆਂ ਸਨ ।
ਨੇਹਾ ਨੂੰ ਆਸ ਸੀ ਸਵਾਗਤ ਦੇ ਬਾਅਦ ਸੰਚਾਲਕ ਉਸਨੂੰ ਪਹਿਲੀ ਕਤਾਰ ਵਿਚ ਬੈਠਣ ਲਈ ਬੁਲਾਏਗੀ । ਉਸਦੀ ਆਰਤੀ ਵਾਲੀ ਤਿਕੜੀ ਦੀ ਸਥਾਈ ਸਦੱਸਤਾ ਬਹਾਲ ਕੀਤੀ ਜਾਏਗੀ ।
ਨੇਹਾ ਨੂੰ ਬੈਠਿਆਂ ਅੱਧਾ ਘੰਟਾ ਬੀਤ ਗਿਆ । ਸੰਚਾਲਕ ਨੇ ਉਸਨੂੰ ਬੈਠਿਆਂ ਦੇਖ ਲਿਆ ਸੀ । ਪਲਵੀ ਪਹਿਲੀ ਕਤਾਰ ਵਿਚ ਬੈਠੀ ਸੀ । ਉਹ ਕਈ ਵਾਰ ਸੰਚਾਲਕ ਦੇ ਕੰਨ ਵਿਚ ਘੁਸਰ-ਮੁਸਰ ਕਰ ਚੁੱਕੀ ਸੀ । ਪਰ ਸੰਚਾਲਕ ਵੱਲੋਂ ਕੋਈ ਹਿਲਜੁਲ ਨਹੀਂ ਸੀ ਹੋ
ਰਹੀ ।
ਸਭ ਕੁਝ ਭੁਲਾ ਕੇ ਨੇਹਾ ਨੇ ਧਿਆਨ ਲਾਉਣ ਦਾ ਯਤਨ ਕੀਤਾ ।
ਅੱਖਾਂ ਬੰਦ ਹੁੰਦਿਆਂ ਹੀ ਵਿਨਾਸ਼ ਦਾ ਉਹੋ ਮਹਾਂ-ਦ੍ਰਿਸ਼ ਨੇਹਾ ਅੱਗੇ ਸੁਰਜੀਤ ਹੋਣ ਲੱਗਾ । ਇਕ ਰਾਕਸ਼ਸ਼ ਉਸਦਾ ਚੀਰ ਹਰਣ ਕਰ ਰਿਹਾ ਸੀ । ਦੂਸਰਾ ਕਮਲ ਨੂੰ ਕੋਹ ਕੋਹ ਮਾਰ ਰਿਹਾ ਸੀ । ਤੀਸਰਾ ਉਸਦੀ ਮਾਂ ਨੂੰ ਘੜੀਸ ਰਿਹਾ ਸੀ ਅਤੇ ਚੌਥਾ ਉਸਦੇ ਬਾਪ ਦਾ
ਘਾਣ ਕਰ ਰਿਹਾ ਸੀ । ਚਾਰੇ ਪਾਸੇ ਲਹੂ ਸੀ, ਬਰਬਾਦੀ ਸੀ ਅਤੇ ਚੀਖ਼ ਚਿਹਾੜਾ ਸੀ ।
ਹੰਝੂ ਭਰੀਆਂ ਅੱਖਾਂ ਨੂੰ ਨੇਹਾ ਨੇ ਝੱਟ ਖੋਲ੍ਹ ਲਿਆ ।
ਪਲਵੀ ਅਤੇ ਉਸ ਦੇ ਮਾਪਿਆਂ ਦੇ ਜ਼ੋਰ ਪਾਉਣ ਦੇ ਬਾਵਜੂਦ ਵੀ ਨਾ ਨੇਹਾ ਨੂੰ ਪਹਿਲੀ ਕਤਾਰ ਵਿਚ ਬਿਠਾਇਆ ਗਿਆ, ਨਾ ਉਸਦੇ ਪਰਿਵਾਰ ਲਈ ਸਮੂਹਿਕ ਪ੍ਰਾਰਥਨਾ ਕੀਤੀ ਗਈ ।
ਸੰਚਾਲਕ ਨੂੰ ਤਾਂ ਨੇਹਾ ਦਾ ਸੈਂਟਰ ਆਉਣਾ ਹੀ ਬੁਰਾ ਲੱਗਾ ਸੀ ।
ਸਹਿਯੋਗੀ ਆਪਣੇ ਧਿਆਨ ਨੂੰ ਆਗਿਆ ਚੱਕਰ 'ਤੇ ਕੇਂਦਰਤ ਕਰ ਰਹੇ ਸਨ ।
ਧਿਆਨ ਕੇਂਦਰਤ ਕਰਕੇ ਉਨ੍ਹਾਂ ਨੇ ਮਾਤਾ ਜੀ ਕੋਲ ਪ੍ਰਾਰਥਨਾ ਕਰਨੀ ਸੀ । ਉਨ੍ਹਾਂ ਦੇ ਗੁੱਸੇ ਅਤੇ ਅਹੰਕਾਰ ਨੂੰ ਹਰ ਲਿਆ ਜਾਵੇ । ਮਾਤਾ ਜੀ ਦਾ ਦਾਅਵਾ ਸੀ, ਇਸ ਭਾਵਨਾ ਦੇ ਪੈਦਾ ਹੁੰਦੇ ਹੀ ਸਹਿਯੋਗੀ ਦਾ ਗੁੱਸਾ ਉੱਡ ਜਾਂਦਾ ਸੀ ਅਤੇ ਉਸਦਾ ਦਿਮਾਗ਼ ਠੰਡਾ ਹੋ
ਜਾਂਦਾ ਸੀ ।
ਪਰ ਜਦੋਂ ਨੇਹਾ ਨੂੰ ਆਰਤੀ ਲਈ ਨਾ ਬੁਲਾਇਆ ਗਿਆ ਤਾਂ ਉਸਦਾ ਆਗਿਆ ਚੱਕਰ ਗੁੱਧਸੇ ਨਾਲ ਭੱਖ ਉੱਠਿਆ । ਉਸਦੀਆਂ ਹਥੇਲੀਆਂ ਵਿਚੋਂ ਸੇਕ ਨਿਕਲਣ ਲੱਗਾ ।
ਸਾਰੇ ਸਹਿਯੋਗੀ ਉਸ ਨੂੰ ਅਹੰਕਾਰੀ ਅਤੇ ਪਾਖੰਡੀ ਲਗੇ । ਕਿਸੇ ਨੇ ਉਸਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਪਲੋਸਣ ਦਾ ਯਤਨ ਨਹੀਂ ਸੀ ਕੀਤਾ । ਉਲਟਾ ਜਾਣ-ਬੁੱਝ ਕੇ ਉਸ ਨੂੰ ਛੁਟਿਆਇਆ ਗਿਆ ਸੀ ।
ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਉਠ ਕੇ ਤੁਰ ਪਈ ।
ਸੈਂਕੜੇ ਤਰਸ ਅਤੇ ਨਫ਼ਰਤ-ਭਰੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਉਸਦੀ ਹਿੰਮਤ ਨਹੀਂ ਸੀ ।
ਪਲਵੀ ਅਤੇ ਹੋਰ ਸਹਿਯੋਗੀ ਧਿਆਨ ਵਿਚ ਮਗਨ ਸਨ । ਕਿਸੇ ਨੂੰ ਨੇਹਾ ਦੇ ਬਾਹਰ ਜਾਣ ਦਾ ਪਤਾ ਨਾ ਲੱਗਾ ।
ਪਲਵੀ ਦੇ ਘਰ ਜਾ ਕੇ ਨੇਹਾ ਨੇ ਕੀ ਕਰਨਾ ਸੀ ?
ਜਦੋਂ ਸਹਿਯੋਗ ਹੀ ਉਸ ਨੂੰ ਨਹੀਂ ਸੀ ਅਪਣਾ ਰਿਹਾ, ਹੋਰ ਉਸ ਨੂੰ ਕਿਸ ਨੇ ਅਪਣਾਉਣਾ ਸੀ ?
ਇਸ ਜ਼ਿਲਤ-ਭਰੀ ਜ਼ਿੰਦਗੀ ਨਾਲੋਂ ਉਹ ਮੌਤ ਨੂੰ ਤਰਜੀਹ ਦੇਣ ਲੱਗੀ ।
ਨੇਹਾ ਨੇ ਆਪਣਾ ਮੂੰਹ ਰੇਲਵੇ ਲਾਈਨਾਂ ਵੱਲ ਭੁਆ ਲਿਆ ।
ਮਾਇਆ ਨਗਰ ਦੀਆਂ ਰੇਲਵੇ ਲਾਈਨਾਂ ਉਪਰ ਕੋਈ ਨਾ ਕੋਈ ਗੱਡੀ ਆਉਂਦੀ ਜਾਂਦੀ ਰਹਿੰਦੀ ਸੀ ।
ਰਸਤੇ ਵਿਚ ਉਸਨੂੰ ਕਈ ਵਾਰ ਭੁਲੇਖੇ ਪਏ। ਕਮਲ ਜਿਵੇਂ ਉਸਦਾ ਪਿੱਛਾ ਕਰ ਰਿਹਾ ਸੀ। ਉਸਨੂੰ ਅਵਾਜ਼ਾਂ ਮਾਰ ਰਿਹਾ ਸੀ ।
ਹਰ ਵਾਰ ਉਹ ਪਿੱਛੇ ਮੁੜਕੇ ਦੇਖਦੀ । ਕਿਧਰੇ ਕੁਝ ਨਹੀਂ ਸੀ ।
"ਧਰਿਤਰਾਸ਼ਟਰ ਅੰਨ੍ਹਾ ਸੀ । ਇਹ ਉਸਦੀ ਮਜਬੂਰੀ ਸੀ । ਅੱਖਾਂ ਹੁੰਦੇ ਹੋਏ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੰਧਾਰੀ ਦੀ ਕੀ ਮਜਬੂਰੀ ਸੀ ?"
ਇਕ ਵਾਰ ਨੇਹਾ ਤੋਂ ਕਮਲ ਨੇ ਇਹ ਪ੍ਰਸ਼ਨ ਪੁੱਧਛਿਆ ਸੀ ।
ਫੇਰ ਆਪੇ ਉਸਨੇ ਉੱਤਰ ਦਿੱਤਾ ਸੀ । ਇਹ ਕੰਧਾਰੀ ਦੀ ਆਪਣੇ ਫਰਜ਼ਾਂ ਤੋਂ ਕੁਤਾਹੀ ਸੀ । ਜੇ ਉਹ ਅੱਖਾਂ ਖੁਲ੍ਹੀਆਂ ਰੱਖਦੀ ਤਾਂ ਕਦੇ ਮਹਾਂਭਾਰਤ ਨਾ ਹੁੰਦਾ ।
ਕਮਲ ਅੱਜ ਫੇਰ ਜਿਵੇਂ ਉਸ ਤੋਂ ਇਹੋ ਪ੍ਰਸ਼ਨ ਪੁੱਛ ਰਿਹਾ ਸੀ ।
ਕਮਲ ਨੂੰ ਕਤਲ ਕਰ ਦਿੱਤਾ ਗਿਆ । ਇਹ ਕਮਲ ਦੀ ਮਜਬੂਰੀ ਸੀ । ਨੇਹਾ ਜਿਊਂਦੀ ਹੋ ਕੇ ਕਿਉਂ ਮਰ ਰਹੀ ਸੀ? ਜੇ ਉਹ ਮਰ ਗਈ ਪਿੱਛੋਂ ਇਕ ਹੋਰ ਮਹਾਂਭਾਰਤ ਹੋ ਜਾਏਗਾ ।
ਉਨ੍ਹਾਂ ਦੇ ਮਾਂ ਬਾਪ ਰੁਲ ਕੇ ਮਰ ਜਾਣਗੇ । ਕਮਲ ਦੇ ਕਾਤਲ ਬਰੀ ਹੋ ਜਾਣਗੇ ।
ਨੇਹਾ ਸੰਭਲੀ । ਉਸਨੇ ਆਪਣੀਆਂ ਅੱਖਾਂ ਉਪਰਲੀ ਪੱਟੀ ਖੋਲ੍ਹ ਦਿੱਤੀ । ਮਨ ਹੀ ਮਨ ਉਸਨੇ ਕਮਲ ਨਾਲ ਵਾਅਦਾ ਕੀਤਾ । ਉਹ ਹਰ ਕੀਮਤ 'ਤੇ ਆਪਣੇ ਫਰਜ਼ ਨਿਭਾਏਗੀ ।
ਨੇਹਾ ਨੇ ਮੋੜ ਕੱਧਟਿਆ । ਉਹ ਸਿੱਧੀ ਦਯਾਨੰਦ ਹਸਪਤਾਲ ਵੱਲ ਹੋ ਲਈ ।


29

ਵੇਦ ਸੱਤ ਦਿਨ ਬੇਹੋਸ਼ ਰਿਹਾ ।
ਹੁਣ ਤਿੰਨ ਦਿਨ ਤੋਂ ਉਹ ਹੋਸ਼ ਵਿਚ ਸੀ । ਪਰ ਹੋਸ਼ ਵਿਚ ਰਹਿ ਕੇ ਵੀ ਉਹ ਬੇਹੋਸ਼ਾਂ ਵਰਗਾ ਸੀ । ਉਸਦੇ ਦੋਹਾਂ ਹੱਥਾਂ, ਬਾਹਾਂ, ਪੈਰਾਂ ਅਤੇ ਟੰਗਾਂ ਉਪਰ ਪਲੱਸਤਰ ਲਗਾ ਹੋਇਆ ਸੀ । ਜਬਾੜੇ ਨੂੰ ਤਾਰਾਂ ਨਹੀਂ ਸਨ ਖੁੱਲ੍ਹਣ ਦਿੰਦੀਆਂ । ਨਾ ਉਹ ਬੋਲ ਸਕਦਾ ਸੀ, ਨਾ
ਲਿਖ ਕੇ ਸਮਝਾ ਸਕਦਾ ਸੀ ।
ਹੋਸ਼ ਵਿਚ ਆਉਣ ਬਾਅਦ ਬਹੁਤਾ ਚਿਰ ਉਹ ਰੋਂਦਾ ਰਿਹਾ ਸੀ । ਇਨ੍ਹਾਂ ਤਿੰਨ ਦਿਨਾਂ ਵਿਚ ਕਮਲ, ਨੀਲਮ ਜਾਂ ਨੇਹਾ ਕੋਈ ਵੀ ਉਸਦਾ ਹਾਲ ਪੁੱਛਣ ਨਹੀਂ ਸੀ ਆਇਆ ।
ਕਮਲ ਬਾਰੇ ਉਸ ਤੋਂ ਛੁਪਾਇਆ ਗਿਆ ਸੀ । ਰਾਮ ਨਾਥ ਹਜ਼ਾਰ ਵਾਰ ਆਖਦਾ ਰਹੇ, ਸਭ ਸੁੱਖ-ਸਾਂਦ ਸੀ, ਪਰ ਵੇਦ ਸਮਝ ਰਿਹਾ ਸੀ ਕੁਝ ਵੀ ਠੀਕ ਨਹੀਂ ਸੀ ।
ਪਹਿਲੀ ਵਾਰ ਨੇਹਾ ਜਦੋਂ ਉਸਦੇ ਸਾਹਮਣੇ ਆਈ ਤਾਂ ਉਸ ਦੀਆਂ ਅੱਖਾਂ ਵਿਚੋਂ ਗੰਗਾ ਜਮਨਾ ਵਹਿ ਤੁਰੀ । ਨਾ ਉਹ ਨੇਹਾ ਦਾ ਸਿਰ ਪਲੋਲ ਸਕਦਾ ਸੀ, ਨਾ ਉਸ ਨੂੰ ਹਿੱਕ ਨਾਲ ਲਾ ਸਕਦਾ ਸੀ । ਉਹ ਕੇਵਲ ਹੰਝੂ ਵਹਾ ਸਕਦਾ ਸੀ ਤੇ ਉਹ ਨੀਰ ਵਹਾ ਰਿਹਾ ਸੀ ।
ਡਾਕਟਰਾਂ ਦੀ ਸਲਾਹ ਅਤੇ ਆਪਣੀ ਪੀੜ ਦੀ ਬਿਨਾਂ ਪਰਵਾਹ ਕੀਤੇ ਵੇਦ ਨੇ ਕਮਲ ਦੀ ਹਾਲਤ ਜਾਨਣ ਲਈ ਆਪਣਾ ਮੂੰਹ ਖੋਲ੍ਹ ਦਿੱਤਾ ।
ਕਮਲ ਦਾ ਨਾਂ ਵੇਦ ਦੀ ਜ਼ਬਾਨ 'ਤੇ ਆਉਂਦਿਆਂ ਹੀ ਨੇਹਾ ਦੀਆਂ ਧਾਹਾਂ ਨਿਕਲ ਗਈਆਂ ।
ਵੇਦ ਸਭ ਸਮਝ ਗਿਆ । ਉਹ ਵੀ ਭੁੱਬਾਂ ਮਾਰ ਕੇ ਰੋ ਪਿਆ ।
ਵੇਦ ਦੇ ਜਬਾੜੇ ਵਿਚੋਂ ਖੂਨ ਵਹਿ ਤੁਰਿਆ । ਥੋੜ੍ਹੀ ਬਹੁਤ ਜੁੜੀ ਹੱਡੀ ਦੇ ਟੁੱਟ ਜਾਣ ਦੀ ਸੰਭਾਵਨਾ ਵਧ ਗਈ, ਪਰ ਬਿਨਾਂ ਕੋਈ ਪਰਵਾਹ ਕੀਤੇ ਵੇਦ ਖੁਲ੍ਹ ਕੇ ਕਮਲ ਨੂੰ ਰੋਂਦਾ ਰਿਹਾ ।
ਉੱਚੀ-ਉੱਚੀ ਰੋਣ ਕਾਰਨ ਜਿਵੇਂ ਉਸ ਦੀਆਂ ਖ਼ੂਨ ਵਾਲੀਆਂ ਨਾੜੀਆਂ ਸੁੰਨ ਹੋ ਗਈਆਂ। ਵਗਦਾ ਖ਼ੂਨ ਜਾਂ ਹੁੰਦਾ ਦਰਦ ਉਸ ਨੂੰ ਮਹਿਸੂਸ ਨਹੀਂ ਸੀ ਹੋ ਰਿਹਾ ।
ਵੇਦ ਨੂੰ ਬੇਕਾਬੂ ਹੋਇਆ ਦੇਖ ਕੇ ਨਰਸ ਬੇਹੋਸ਼ੀ ਦਾ ਟੀਕਾ ਲਾ ਗਈ ।
ਕੁਝ ਦੇਰ ਤੜਪ ਕੇ, ਨਸ਼ੇ ਕਾਰਨ ਉਸਦਾ ਮਨ ਅਤੇ ਸਰੀਰ ਸ਼ਾਂਤ ਹੋ ਗਏ ।
ਵੇਦ ਦੇ ਇਸ ਰੁਦਨ ਨੇ ਉਸਦੀ ਸਿਹਤ ਦਾ ਕਬਾੜਾ ਕਰ ਦਿੱਤਾ । ਜ਼ਖ਼ਮਾਂ ਵਿਚ ਇਨਫੈਕਸ਼ਨ ਹੋ ਗਈ । ਤਾਰਾਂ ਮਾਸ ਵਿਚ ਖੁੱਭ ਗਈਆਂ । ਜੁੜੀਆਂ ਹੱਡੀਆਂ ਫੇਰ ਵੱਖ ਹੋ ਗਈਆਂ ।
ਛੁੱਟੀ ਹੋਣ ਦੀ ਸੰਭਾਵਨਾ ਦੋ ਹਫ਼ਤੇ ਲਈ ਅੱਗੇ ਪੈ ਗਈ ।


30

ਪੁਲਿਸ ਨੇ ਪੰਕਜ ਹੋਰਾਂ ਨੂੰ ਪੇਸ਼ਗੀ ਜ਼ਮਾਨਤ ਦੇ ਫੈਸਲੇ ਤਕ ਨਾ ਫੜਨ ਦਾ ਭਰੋਸਾ ਦਿੱਤਾ ਸੀ । ਪੁਲਿਸ ਆਪਣੇ ਵਾਅਦੇ ਉਪਰ ਕਾਇਮ ਸੀ ।
ਪਰ ਮੁਲਜ਼ਮ ਕੋਈ ਜੋਖ਼ਮ ਨਹੀਂ ਸੀ ਉਠਾ ਰਹੇ । ਉਹ ਪੁਲਿਸ ਦੀ ਅੱਖ ਤੋਂ ਬਚਣ ਲਈ ਘੰਟੇ ਘੰਟੇ ਬਾਅਦ ਥਾਂ ਬਦਲ ਰਹੇ ਸਨ ।
ਨੰਦ ਲਾਲ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੋਇਆ ਸੀ । ਕਾਨੂੰਨ ਦਿਖਾ ਕੇ, ਰੌਲਾ ਪਾ ਕੇ ਉਸਨੇ ਪੰਜ ਚਾਰ ਦਿਨਾਂ ਲਈ ਉਨ੍ਹਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰਵਾ ਦੇਣੀ ਸੀ । ਮੁਲਜ਼ਮਾਂ ਨੂੰ ਪੁਲਿਸ ਕੋਲ ਜਾ ਕੇ ਤਫ਼ਤੀਸ਼ ਵਿਚ ਸ਼ਾਮਲ ਹੋਣ ਅਤੇ ਪੁਲਿਸ
ਦੇ ਸ਼ੱਕ ਦੂਰ ਕਰਨ ਦਾ ਹੁਕਮ ਕਰਵਾ ਦੇਣਾ ਸੀ । ਇਕ ਵਾਰ ਉਹ ਤਫ਼ਤੀਸ਼ ਵਿਚ ਸ਼ਾਮਲ ਹੋ ਗਏ, ਫੇਰ ਉਨ੍ਹਾਂ ਦੀ ਪੱਕੀ ਜ਼ਮਾਨਤ ਨੂੰ ਕੋਈ ਨਹੀਂ ਸੀ ਰੋਕ ਸਕਦਾ ।
ਪੰਕਜ ਹੋਰੀਂ ਨੰਗ-ਮਲੰਗ ਨਹੀਂ ਸਨ ਕਿ ਸ਼ਹਿਰ ਛੱਡ ਕੇ ਭੱਜ ਜਾਣਗੇ । ਉਹ ਕਰੋੜਾਂ ਦੇ ਮਾਲਕ ਸਨ । ਜਦੋਂ ਪੁਲਿਸ ਨੂੰ ਉਨ੍ਹਾਂ ਦੀ ਲੋੜ ਨਹੀਂ, ਫੇਰ ਉਨ੍ਹਾਂ ਨੂੰ ਜੇਲ੍ਹ ਡੱਕੀ ਰੱਖਣ ਦਾ ਕੀ ਮਤਲਬ ? ਮੁਕੱਦਮੇ ਦੀ ਸੁਣਵਾਈ ਦੌਰਾਨ ਅਦਾਲਤ ਵਿਚ ਹਾਜ਼ਰ ਰਹਿਣ ਲਈ
ਉਹ ਭਾਰੀ ਤੋਂ ਭਾਰੀ ਜ਼ਮਾਨਤ ਦੇਣ ਲਈ ਤਿਆਰ ਸਨ । ਜੋ ਫੈਸਲਾ ਹੋਏਗਾ ਸਿਰ ਮੱਥੇ 'ਤੇ । ਸਜ਼ਾ ਹੋਈ ਜੇਲ੍ਹ ਜਾਣਗੇ । ਇੱਜ਼ਤਦਾਰ ਬੰਦਿਆਂ ਨੂੰ ਬਿਨਾਂ ਮਤਲਬ ਜੇਲ੍ਹ ਵਿਚ ਨਹੀਂ ਸੀ ਡੱਧਕਿਆ ਜਾ ਸਕਦਾ । ਕਾਨੂੰਨ ਇਹੋ ਆਖਦਾ ਸੀ ।
ਨੰਦ ਲਾਲ ਦੀ ਇਸ ਹੱਲਾਸ਼ੇਰੀ ਦੇ ਮੱਦੇ-ਨਜ਼ਰ ਦੋਸ਼ੀ ਤਫ਼ਤੀਸ਼ ਵਿਚ ਸ਼ਾਮਲ ਹੋਣ ਦੀ ਯੋਜਨਾ ਘੜ ਰਹੇ ਸਨ । ਪੁਲਿਸ ਉਨ੍ਹਾਂ ਨੂੰ ਝੱਟ-ਪੱਟ ਤਫ਼ਤੀਸ਼ ਵਿਚ ਸ਼ਾਮਲ ਕਰਨ ਲਈ ਸਹਿਮਤ ਹੋ ਚੁੱਕੀ ਸੀ । ਪੁੱਛ-ਗਿੱਛ ਵਿਚ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਇਸ
ਲਈ ਪੁਲਿਸ ਵੱਲੋਂ ਇਕ ਸੁਝਾਅ ਆਇਆ ਸੀ । ਵੈਸੇ ਇਹ ਕਾਨੂੰਨ ਸੀ ਕਿ ਪੁੱਛ-ਗਿੱਛ ਦੌਰਾਨ ਦੋਸ਼ੀ ਇਕ ਡਾਕਟਰ ਅਤੇ ਇਕ ਵਕੀਲ ਆਪਣੇ ਨਾਲ ਰੱਖ ਸਕਦਾ ਸੀ । ਪੁਲਿਸ ਨੂੰ ਇਸ ਕਾਨੂੰਨ ਦੀ ਪਾਲਣਾ ਕਰਨ ਵਿਚ ਕੋਈ ਇਤਰਾਜ਼ ਨਹੀਂ ਸੀ । ਪਰ ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਜੇ ਅਦਾਲਤ ਵੱਲੋਂ ਨਵੇਂ ਹੁਕਮ ਜਾਰੀ ਕਰਵਾ ਲਏ ਜਾਣ ਤਾਂ ਠੀਕ ਰਹਿਣਾ ਸੀ । ਪੱਤਰਕਾਰ ਹਰਲ-ਹਰਲ ਕਰਦੇ ਫਿਰਦੇ ਸਨ । ਕੋਈ ਭਰੋਸਾ ਨਹੀਂ, ਪੁੱਛ-ਗਿੱਛ ਦੌਰਾਨ ਕੈਮਰੇ ਲੈ ਕੇ ਆ ਜਾਣ । ਉਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਨੂੰ ਸਖ਼ਤੀ ਵਰਤਣੀ ਪੈ ਸਕਦੀ ਸੀ । ਡਾਕਟਰਾਂ ਅਤੇ ਵਕੀਲਾਂ ਦੀ ਹਾਜ਼ਰੀ ਵਿਚ ਪੁਲਿਸ ਨੂੰ ਨਰਮ ਰਹਿਣਾ ਪੈਣਾ ਸੀ । ਪੱਤਰਕਾਰ ਵੀ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦੇ ।ਪੁੱਛ-ਗਿੱਛ ਨਿਰਵਿਘਨ ਹੋ ਜਾਣੀ ਸੀ ।
ਪੰਕਜ ਸਿਵਲ ਸਰਜਨ ਨੂੰ ਭਰੋਸੇ ਵਿਚ ਲੈਣ ਦਾ ਯਤਨ ਕਰ ਰਿਹਾ ਸੀ । ਕਿਹੜਾ ਡਾਕਟਰ ਨਿਯੁਕਤ ਕੀਤਾ ਜਾਵੇ, ਉਸਦਾ ਨਾਂ ਸੁਝਾਅ ਰਿਹਾ ਸੀ ।
ਪਰ ਉਧਰੋਂ ਦਰਖ਼ਾਸਤ ਸਾਧੂ ਸਿੰਘ ਦੇ ਲੱਗਣ ਅਤੇ ਪੇਸ਼ਗੀ ਜ਼ਮਾਨਤ ਦੇ ਇਕ ਦਿਨ ਲਈ ਟਲਣ ਦੀ ਖ਼ਬਰ ਨੇ ਸਭ ਦੇ ਸਿਰਾਂ ਵਿਚ ਸੌ ਘੜੇ ਪਾਣੀ ਪਾ ਦਿੱਤਾ ।
ਨਵੇਂ ਸਿਰੇ ਤੋਂ ਨਵੀਆਂ ਯੋਜਨਾਵਾਂ ਘੜੀਆਂ ਜਾਣ ਲੱਗੀਆਂ ।
ਅਜੇ ਨੂੰ ਨੰਦ ਲਾਲ ਵੱਲ ਦੌੜਾਇਆ ਗਿਆ। ਵਿਨੇ ਨੂੰ ਸਿੰਗਲੇ ਵੱਲ ।
ਨੰਦ ਲਾਲ ਨੇ ਆਪਣੇ ਸੁਝਾਅ ਅਜੇ ਨੂੰ ਦੱਸ ਦਿੱਤੇ । ਸਿੰਗਲੇ ਦਾ ਕੁਝ ਕੰਮ ਬਾਕੀ ਸੀ। ਉਹ ਘੰਟੇ ਤਕ ਉਨ੍ਹਾਂ ਕੋਲ ਪੁੱਜ ਰਿਹਾ ਸੀ ।
ਸਿੰਗਲੇ ਦੇ ਆਉਣ ਤੋਂ ਪਹਿਲਾਂ ਯਾਰ ਦੋਸਤ ਆਪਸ ਵਿਚ ਮਸ਼ਵਰਾ ਕਰਨ ਲੱਗੇ ।
ਨੰਦ ਲਾਲ ਤੋਂ ਸਿਵਾ ਹਰ ਕੋਈ ਆਖ ਰਿਹਾ ਸੀ ਕਿ ਸਾਧੂ ਸਿੰਘ ਸਕੇ ਬਾਪ ਦਾ ਆਖਾ ਨਹੀਂ ਮੰਨਦਾ । ਪਰ ਨੰਦ ਲਾਲ ਜ਼ੋਰ ਦੇ ਰਿਹਾ ਸੀ ਕਿ ਸਾਧੂ ਸਿੰਘ ਤਕ ਪਹੁੰਚ ਕੀਤੀ ਜਾਵੇ। ਉਸਨੇ ਸਿਫਾਰਸ਼ੀਆਂ ਦੇ ਨਾਂ ਵੀ ਦੱਧਸੇ ਸਨ ।
ਇਕ ਸਿਫਾਰਸ਼ ਪਟਿਆਲੇ ਸਾਧੂ ਸਿੰਘ ਦੇ ਕੁੜਮ ਦੀ ਸੀ ।
ਦੂਜੀ ਬਠਿੰਡੇ ਉਸਦੇ ਸਾਲੇ ਦੀ ।
ਨੰਦ ਲਾਲ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਇਹ ਨਾਂ ਸੁਣੇ-ਸੁਣਾਏ ਨਹੀਂ ਹਨ ।
ਇਹ ਸਿਫਾਰਸ਼ਾਂ ਨੰਦ ਲਾਲ ਪਰਖ ਚੁੱਕਾ ਸੀ । ਲੋਕਾਂ ਨੂੰ ਕੀ ਪਤਾ ਸੀ ਅੰਦਰ-ਖ਼ਾਤੇ ਕੀ ਹੁੰਦਾ ਸੀ ? ਸਿਆਣਾ ਜੱਜ ਇਕ ਅੱਧ ਕੇਸ ਵਿਚ ਪੈਸੇ ਲੈਂਦਾ ਸੀ । ਉਸੇ ਵਿਚੋਂ ਸਾਲ ਦਾ ਖਰਚ ਕੱਢ ਲੈਂਦਾ ਸੀ । ਪੰਕਜ ਦਾ ਕੇਸ ਸਾਲ ਦਾ ਖਰਚ ਕੱਢਣ ਵਾਲੇ ਕੇਸਾਂ ਵਿਚ ਆਉਂਦਾ ਸੀ ।
ਨੰਦ ਲਾਲ ਜ਼ੋਰ ਦੇ ਰਿਹਾ ਸੀ । ਦੋਹਾਂ ਵਿਚੋਂ ਕਿਸੇ ਇਕ ਰਿਸ਼ਤੇਦਾਰ ਨੂੰ ਫੜ ਲਓ ।
ਸਾਧੂ ਸਿੰਘ ਦੇ ਰਿਸ਼ਤੇਦਾਰਾਂ ਤਕ ਪਹੁੰਚ ਕੀਤੀ ਜਾਵੇ ਜਾਂ ਨਾ? ਇਸ ਭੰਬਲ-ਭੁਸੇ ਵਿਚੋਂ ਨਿਕਲਣ ਲਈ ਸਿੰਗਲੇ ਦਾ ਇੰਤਜ਼ਾਰ ਹੋਣ ਲੱਗਾ ।
ਹੁਣ ਤਕ ਸਿੰਗਲੇ ਦੇ ਮਸ਼ਵਰੇ ਜ਼ਿਆਦਾ ਵਜ਼ਨਦਾਰ ਸਿੱਧ ਹੋਏ ਸਨ । ਉਹ ਜੋ ਆਖਦਾ ਸੀ, ਸੱਚ ਨਿਕਲਦਾ ਸੀ । ਬਾਬੂ ਪੈਸੇ ਵੀ ਬਟੋਰੀ ਜਾਂਦਾ ਸੀ, ਕੁਝ ਪਲੇ ਵੀ ਨਹੀਂ ਸੀ ਪੈਂਦਾ ।
ਤਾਰੀਖ਼ ਨੇੜੇ ਸੀ । ਸਮਾਂ ਥੋੜ੍ਹਾ ਸੀ । ਉਨ੍ਹਾਂ ਨੇ ਬਹੁਤ ਥਾਈਂ ਪਹੁੰਚ ਕਰਨੀ ਸੀ ।
ਸਿੰਗਲੇ ਦੇ ਪੁੱਜਦੇ ਹੀ ਉਨ੍ਹਾਂ ਨੇ ਪ੍ਰਸ਼ਨਾਂ ਦੀ ਝੜੀ ਲਾ ਦਿੱਤੀ ।
ਸਿੰਗਲੇ ਨੂੰ ਜਵਾਬ ਸੋਚ ਸਮਝ ਕੇ ਦੇਣੇ ਪੈ ਰਹੇ ਸਨ । ਇਕ ਪਾਸੇ ਉਸਨੇ ਨੰਦ ਲਾਲ ਦੀਆਂ ਚਲਾਕੀਆਂ ਨੂੰ ਨੰਗਾ ਕਰਨਾ ਸੀ । ਦੂਜੇ ਪਾਸੇ ਆਪਣੀ ਧੌੜੀ ਵੀ ਬਚਾ ਕੇ ਰੱਖਣੀ ਸੀ ।
ਨੰਦ ਲਾਲ ਸਾਧੂ ਸਿੰਘ ਤਕ ਪਹੁੰਚ ਕਰਨ ਦਾ ਸੁਝਾਅ ਕਿਉਂ ਦੇ ਰਿਹਾ ਸੀ, ਇਹ ਸਿੰਗਲਾ ਚੰਗੀ ਤਰ੍ਹਾਂ ਜਾਣਦਾ ਸੀ । ਸਾਧੂ ਸਿੰਘ ਤਕ ਪਹੁੰਚ ਹੋਣ ਵਾਲੀ ਨਹੀਂ ਸੀ । ਟੱਕਰਾਂ ਮਾਰ-ਮਾਰ ਪਾਰਟੀ ਨੇ ਥੱਕ ਜਾਣਾ ਸੀ । ਪਿਛੋਂ ਦਰਖ਼ਾਸਤ ਦੇ ਨਾ-ਮਨਜ਼ੂਰ ਹੋਣ 'ਤੇ ਨੰਦ ਲਾਲ ਨੇ ਇਹ ਆਖ ਕੇ ਖਹਿੜਾ ਛੁਡਾ ਲੈਣਾ ਸੀ ਕਿ ਉਹ ਕੀ ਕਰੇ ? ਸਿਫਾਰਸ਼ਾਂ ਬਿਨਾਂ ਅਜਿਹੇ ਕੰਮ ਨਹੀਂ ਹੋ ਸਕਦੇ । ਜੇ ਪਾਰਟੀ ਨੇ ਡੋਰੀ ਨੰਦ ਲਾਲ ਉਪਰ ਸੁੱਟ ਦਿੱਤੀ ਤਾਂ ਉਸਦੀਆਂ ਚਾਰੇ ਉਂਗਲਾਂ ਘਿਓ ਵਿਚ ਹੋ ਜਾਣੀਆਂ ਸਨ । ਆਪਣੇ ਬੰਦੇ ਰਾਹੀਂ ਸਿਫਾਰਸ਼ ਕਰਾਉਣ ਦੇ ਬਹਾਨੇ ਉਸਨੇ ਮੋਟੀ ਰਕਮ ਵਸੂਲ ਲੈਣੀ ਸੀ ।
ਇਸ ਤਰ੍ਹਾਂ ਇਕੱਲਾ ਨੰਦ ਲਾਲ ਹੀ ਨਹੀਂ ਸੀ ਕਰ ਰਿਹਾ । ਆਪਣੀ ਭੱਲ ਬਣਾਈ ਰੱਖਣ ਲਈ ਹਰ ਵਕੀਲ ਨੂੰ ਇੰਝ ਕਰਨਾ ਪੈਂਦਾ ਸੀ । ਸਿੰਗਲਾ ਖ਼ੁਦ ਇਸ ਚਾਲ ਦੀ ਖੁਲ੍ਹ ਕੇ ਵਰਤੋਂ ਕਰਦਾ ਸੀ ।
ਪਰ ਹੁਣ ਉਸਨੂੰ ਆਪਣੀ ਵਕਾਲਤ ਚਮਕਾਉਣ ਲਈ ਆਪਣੇ ਧੰਦੇ ਦੀ ਅਹਿਮ ਚਾਲ ਨੂੰ ਨੰਗਾ ਕਰਨਾ ਪੈ ਰਿਹਾ ਸੀ ।
ਦੰਦਾਂ ਵਿਚ ਜੀਭ ਲੈ ਕੇ ਸਿੰਗਲੇ ਨੇ ਨੰਦ ਲਾਲ ਦੇ ਮਨਸ਼ੇ ਸਪੱਸ਼ਟ ਕੀਤੇ ।
ਝੱਟ ਸਿੰਗਲੇ ਨੂੰ ਆਪਣਾ ਪਾਲਾ ਮਾਰਨ ਲੱਗਾ । ਕਿਧਰੇ ਸਿਫਾਰਸ਼ ਸਹੀ ਨਾ ਹੋਵੇ ।
ਸਿੰਗਲੇ ਦੇ ਆਖੇ ਇਹ ਸਿਫਾਰਸ਼ ਤਕ ਪਹੁੰਚ ਨਾ ਕਰਨ । ਕੰਮ ਉਲਟ ਹੋਣਾ ਹੀ ਹੋਣਾ ਸੀ । ਕਿਧਰੇ ਠੂਠਾ ਸਿੰਗਲੇ ਸਿਰ ਨਾ ਫੁੱਟ ਜਾਵੇ ।
ਸੋਚ ਸਮਝ ਕੇ ਸਿੰਗਲੇ ਨੇ ਵਿਚਕਾਰਲਾ ਰਾਹ ਅਪਣਾਇਆ ।
"ਪਟਿਆਲੇ ਜਾਂ ਬਠਿੰਡੇ ਭੱਜਣ ਦੀ ਜ਼ਰੂਰਤ ਨਹੀਂ । ਮੇਰੇ ਕਈ ਮਿੱਤਰ ਉਥੇ ਵਕਾਲਤ ਕਰਦੇ ਹਨ । ਇਥੇ ਬੈਠਾ ਮੈਂ ਉਨ੍ਹਾਂ ਤੋਂ ਪਤਾ ਮੰਗਵਾ ਦਿੰਦਾ ਹਾਂ । ਤੁਹਾਡੇ ਬਥੇਰੇ ਰਿਸ਼ਤੇਦਾਰ ਉਥੇ ਹੋਣਗੇ । ਉਨ੍ਹਾਂ ਨੂੰ ਆਖੋ ਅੰਗਲੀ-ਸੰਗਲੀ ਲੜਾਉਣ । ਜੇ ਗੱਲ ਬਣਦੀ ਦਿੱਸੀ, ਆਪਾਂ ਜਾ ਆਵਾਂਗੇ ।"
"ਇਹ ਠੀਕ ਹੈ । ਮੇਰੀ ਮਾਸੀ ਪਟਿਆਲੇ ਪੰਜਾਬੀ ਬਾਗ਼ ਵਿਚ ਰਹਿੰਦੀ ਹੈ । ਸਾਧੂ ਸਿੰਘ ਦੇ ਕੁੜਮ ਦੀ ਕੋਠੀ ਦਾ ਨੰਬਰ ਸਤੱਤਰ ਹੈ । ਉਨ੍ਹਾਂ ਦਾ ਸੱਤਰ । ਸਭ ਇਕ ਦੂਜੇ ਨੂੰ ਜਾਣਦੇ ਹੋਣਗੇ ।" ਅਜੇ ਨੇ ਆਪਣੀ ਵਾਕਫੀਅਤ ਕੱਢੀ ।
"ਬਠਿੰਡੇ ਮੇਰਾ ਤਾਇਆ ਹੈ । ਪਾਵਰ ਕਲੋਨੀ ਦੇ ਬਾਹਰ ਉਸਦਾ ਕੱਪੜੇ ਦਾ ਸ਼ੋਅ ਰੂਮ ਹੈ । ਸਾਰੀ ਕਾਲੋਨੀ ਉਥੋਂ ਕੱਪੜਾ ਖਰੀਦਦੀ ਹੈ । ਉਹ ਸਾਰੀ ਸੂਹ ਕੱਢ ਦੇਵੇਗਾ ।"
ਵਿਨੇ ਨੇ ਆਪਣੀ ਪਹਿਚਾਣ ਕੱਢੀ ।
"ਤੁਸੀਂ ਆਪਣੇ-ਆਪਣੇ ਰਿਸ਼ਤੇਦਾਰਾਂ ਨੂੰ ਫ਼ੋਨ ਕਰੋ । ਆਖੋ ਘੰਟੇ ਤਕ ਦੱਸਣ । ਕੁਝ ਬਣਦਾ ਹੈ ਜਾਂ ਨਹੀਂ । ਉਨੀ ਦੇਰ ਆਪਾਂ ਅਗਲੀ ਕਾਰਵਾਈ ਬਾਰੇ ਸੋਚਦੇ ਹਾਂ ।"
ਸਿੰਗਲੇ ਨੂੰ ਆਪਣੀ ਯੋਜਨਾ ਦੇ ਸਿਰੇ ਚੜ੍ਹ ਜਾਣ 'ਤੇ ਖੁਸ਼ੀ ਹੋ ਰਹੀ ਸੀ ।
"ਦੱਧਸੋ ਹੋਰ ਕਿਸ-ਕਿਸ ਤਕ ਪਹੁੰਚ ਕਰਨੀ ਹੈ?" ਰਿਸ਼ਤੇਦਾਰਾਂ ਨੂੰ ਫ਼ੋਨ ਕਰਵਾ ਕੇ ਪੰਕਜ ਨੇ ਅਗਲੀ ਕਾਰਵਾਈ ਬਾਰੇ ਪੁੱਧਛਿਆ ।
"ਜੱਜ ਤੋਂ ਬਾਅਦ ਲੋੜ ਪਏਗੀ ਸਰਕਾਰੀ ਵਕੀਲ ਦੀ । ਪੁਲਿਸ ਆਪਾਂ ਗੱਠ ਲਈ।
ਇਹੋ ਵੱਡੇ ਖ਼ਰਚੇ ਨੇ । ਬਾਕੀ ਸੌ ਪੰਜਾਹ ਦੀ ਮਾਰ ਹਨ । ਕੋਈ ਫ਼ਿਕਰ ਵਾਲੀ ਗੱਲ ਨਹੀਂ ।"
"ਸਰਕਾਰੀ ਵਕੀਲ ਨਾਲ ਕੌਣ ਗੱਲ ਕਰੇ?"
"ਮੈਂ ਕਰਾਂਗਾ । ਮੇਰਾ ਮਿੱਤਰ ਹੈ । ਤੁਹਾਡੀ ਆਹਮਣੇ ਸਾਹਮਣੇ ਗੱਲ ਕਰਵਾਵਾਂਗਾ ।"
"ਦੇਣਾ ਲੈਣਾ ਕੀ ਹੋਏਗਾ?"
"ਹਾਲੇ ਦੋ ਤਿੰਨ ਹਜ਼ਾਰ ਦੇਵਾਂਗੇ । ਬਾਕੀ ਜਿਹੋ ਜਿਹਾ ਮੌਕਾ ਹੋਇਆ ਵਿਚਾਰ ਲਵਾਂਗੇ ।"
ਸਿੰਗਲਾ ਜਾਣ-ਬੁੱਝ ਕੇ ਘੱਟ ਖ਼ਰਚ ਗਿਣਵਾ ਰਿਹਾ ਸੀ । ਉਸਨੂੰ ਪਤਾ ਸੀ ਬਾਬੂ ਜੀ ਨੇ ਸਰਕਾਰੀ ਵਕੀਲ ਦਾ ਦਸ ਹਜ਼ਾਰ ਮੰਗਿਆ ਹੋਣਾ ਹੈ । ਉਸਨੂੰ ਦੇਣਾ ਉਸਨੇ ਹਜ਼ਾਰ ਪੰਦਰਾਂ ਸੌ ਹੈ । ਬਾਕੀ ਉਸਨੇ ਆਪ ਖਾ ਜਾਣਾ ਹੈ । ਸ਼ਾਇਦ ਉਹ ਹੁਣ ਤਕ ਸਰਕਾਰੀ
ਵਕੀਲ ਲਈ ਪੈਸੇ ਮੰਗ ਚੁੱਕਾ ਹੋਵੇ । ਸਿੰਗਲੇ ਨੇ ਪਹਿਲਾਂ ਇਹ ਸਵਾਲ ਜਾਣ-ਬੁੱਝ ਕੇ ਨਹੀਂ ਸੀ ਪੁੱਧਛਿਆ । ਹੁਣ ਇਸ ਬਾਰੇ ਪੁੱਛਣ ਦਾ ਉਚਿਤ ਸਮਾਂ ਸੀ ।
"ਬਾਬੂ ਜੀ ਨਾਲ ਸਰਕਾਰੀ ਵਕੀਲ ਬਾਰੇ ਹੋਈ ਕੋਈ ਗੱਲ?"
"ਹਾਂ ਹੋਈ ਸੀ । ਉਹ ਕਹਿੰਦੇ ਸਨ ਸਰਕਾਰੀ ਵਕੀਲ ਨੂੰ ਦਸ ਹਜ਼ਾਰ ਦੇਣਾ ਪਏਗਾ । ਪੰਜ-ਪੰਜ ਸੌ ਨਾਇਬ-ਕੋਰਟਾਂ ਦਾ । ਇਕ-ਇਕ ਹਜ਼ਾਰ ਥਾਣੇਦਾਰ ਅਤੇ ਮੁਨਸ਼ੀ ਦਾ ।"
ਬਾਬੂ ਅਤੇ ਸਿੰਗਲੇ ਦੇ ਰੇਟਾਂ ਵਿਚ ਫਰਕ ਦੇਖ ਕੇ ਅਜੇ ਨੂੰ ਖਿਝ ਚੜ੍ਹਨ ਲਗੀ ।
"ਬਾਬੂ ਜੀ ਮੇਰੇ ਉਸਤਾਦ ਹਨ । ਉਨ੍ਹਾਂ ਦੀ ਬੁਰਾਈ ਕਰਨੀ ਮੇਰੀ ਗੁਸਤਾਖ਼ੀ ਹੈ ।
ਪਰ ਤੁਸੀਂ ਮੇਰੇ ਸਾਇਲ ਹੋ । ਤੁਹਾਡੇ ਹਿੱਤਾਂ ਦੀ ਰਾਖੀ ਕਰਨਾ ਮੇਰਾ ਕਾਨੂੰਨੀ ਫਰਜ਼ ਹੈ ।
ਮੈਂ ਇਕ ਵਾਰ ਫੇਰ ਆਖ ਰਿਹਾ ਹਾਂ, ਬਾਬੂ ਜੀ ਦੀ ਲੁੱਟ ਤੋਂ ਬਚੋ । ਸਰਕਾਰੀ ਵਕੀਲ ਦੇ ਨਾਂ 'ਤੇ ਲੈ ਦਸ ਹਜ਼ਾਰ ਲਏਗਾ, ਦੇਵੇਗਾ ਇਕ ਹਜ਼ਾਰ । ਸਰਕਾਰੀ ਵਕੀਲ ਨੂੰ ਸਭ ਪਤਾ ਹੁੰਦਾ ਹੈ, ਕਿਹੜੀ ਪਾਰਟੀ ਕਿੰਨੇ ਪੈਸੇ ਦੇਣ ਜੋਗੀ ਹੈ । ਡਰਦਾ ਉਹ ਬਾਬੂ ਨੂੰ ਉਲਾਂਭਾ ਤਾਂ ਦੇਵੇਗਾ ਨਹੀਂ, ਪਰ ਉਲਟ ਬਹਿਸ ਕਰਕੇ ਧਰਨ ਟਿਕਾਣੇ ਕਰ ਦੇਵੇਗਾ । ਪੈਸੇ ਆਪਣੇ ਹੱਥੀਂ ਦਿਓ । ਕਿਸੇ 'ਤੇ ਵਿਸ਼ਵਾਸ ਨਾ ਕਰੋ ।"
"ਤੁਹਾਡੀ ਗੱਲ ਸਹੀ ਹੈ । ਪਹਿਲਾਂ ਵੀ ਦੇਖ ਚੁੱਕੇ ਹਾਂ । ਹੁਣ ਤੁਹਾਡੀ ਗੱਲ 'ਤੇ ਅਮਲ ਕਰਾਂਗੇ । ਜਦੋਂ ਕਿਸੇ ਅਫ਼ਸਰ ਦੇ ਨਾਂ 'ਤੇ ਪੈਸੇ ਮੰਗੇਗਾ ਆਖ ਦਿਆਂਗਾ ਸਿੰਗਲੇ ਨੇ ਗੱਲ ਕਰ ਲਈ ਹੈ ।"
"ਉਹ ਬਹੁਤ ਸਮਝਦਾਰ ਬੰਦਾ ਹੈ । ਇਕ ਦੋ ਵਾਰ ਜਵਾਬ ਦਿੱਤਾ ਤਾਂ ਆਪਣੀ ਕਮਜ਼ੋਰੀ ਭਾਂਪ ਜਾਏਗਾ । ਮੁੜ ਤੁਹਾਡੇ ਵੱਲ ਮੂੰਹ ਨਹੀਂ ਕਰੇਗਾ ।" ਆਪਣੀ ਕਮਯਾਬੀ ਤੇ ਸਿੰਗਲੇ ਨੇ ਮਨ ਹੀ ਮਨ ਆਪਣੀ ਪਿੱਠ ਥਾਪੜਦਿਆਂ ਆਖਿਆ ।
ਛੋਟੇ-ਵੱਡੇ ਨੁਕਤਿਆਂ 'ਤੇ ਚਰਚਾ ਚੱਲ ਰਹੀ ਸੀ । ਇਸੇ ਦੌਰਾਨ ਫ਼ੋਨ ਆਉਣ ਲੱਗੇ ।
ਪਹਿਲਾਂ ਪਟਿਆਲੇ ਤੋਂ ਫ਼ੋਨ ਆਇਆ । ਸਤੱਤਰ ਨੰਬਰ ਕੋਠੀ ਤਹਿਸੀਲਦਾਰ ਦੀ ਸੀ । ਨੰਦ ਲਾਲ ਗ਼ਲਤ ਆਖ ਰਿਹਾ ਸੀ । ਨਾ ਉਹ ਸ਼ਰਾਬੀ ਸੀ ਨਾ ਕਬਾਬੀ । ਪੰਝੱਤਰ ਸਾਲ ਉਸਦੀ ਉਮਰ ਸੀ । ਸਾਰਾ ਦਿਨ ਪਾਠ ਕਰਦਿਆਂ ਲੰਘਦਾ ਸੀ । ਰਿਸ਼ਵਤ ਕਦੇ ਉਨ੍ਹਾਂ ਨੇ ਆਪਣੇ ਸਮਿਆਂ ਵਿਚ ਨਹੀਂ ਸੀ ਲਈ । ਰੱਜੀ ਰੂਹ ਸਨ । ਪੁੱਤਰ ਦੀ ਲੱਖ ਰੁਪਏ ਮਹੀਨੇ ਦੀ ਪ੍ਰੈਕਟਿਸ ਸੀ । ਨੂੰਹ ਪ੍ਰੋਫੈਸਰ ਸੀ । ਟੱਬਰ ਸੁਖੀ ਵੱਸਦਾ ਸੀ । ਉਨ੍ਹਾਂ ਨੂੰ ਪੈਸੇ ਦੀ ਭੁੱਖ ਨਹੀਂ ਸੀ ।
ਫੇਰ ਵੀ ਸ਼ੱਕ ਮਿਟਾਉਣ ਲਈ ਉਹ ਤਹਿਸੀਲਦਾਰ ਕੋਲ ਜਾ ਆਏ ਸਨ ।
ਤਹਿਸੀਲਦਾਰ ਨਾਲ ਉਨ੍ਹਾਂ ਦੀ ਵੀਹ ਸਾਲ ਦੀ ਸਾਂਝ ਸੀ । ਪਰ ਤਹਿਸੀਲਦਾਰ ਨੇ ਹੱਥ ਜੋੜ ਕੇ ਮੁਆਫ਼ੀ ਮੰਗ ਲਈ ਸੀ । ਸਾਧੂ ਸਿੰਘ ਧਰਮਰਾਜ ਦੇ ਫਰਜ਼ ਅਦਾ ਕਰ ਰਿਹਾ ਸੀ ।
ਉਹ ਸਾਧੂ ਸਿੰਘ ਦੇ ਕੰਮਾਂ ਵਿਚ ਦਖ਼ਲ ਨਹੀਂ ਸੀ ਦੇ ਸਕਦਾ ।
ਝੱਟ ਕੁ ਪਿਛੋਂ ਬਠਿੰਡੇ ਤੋਂ ਰਿਪੋਰਟ ਮਿਲ ਗਈ ।
ਸਾਧੂ ਸਿੰਘ ਦਾ ਸਾਲਾ ਉਨ੍ਹਾਂ ਦਾ ਗਾਹਕ ਸੀ । ਉਹ ਸਾਲੇ ਨੂੰ ਚੰਗੀ ਤਰ੍ਹਾਂ ਜਾਣਦੇ ਸਨ । ਉਨ੍ਹਾਂ ਨੂੰ ਸਾਧੂ ਸਿੰਘ ਨਾਲ ਉਸਦੀ ਰਿਸ਼ਤੇਦਾਰੀ ਦਾ ਵੀ ਪਹਿਲਾਂ ਤੋਂ ਪਤਾ ਸੀ ।
ਰਿਸ਼ਤੇਦਾਰਾਂ ਨੇ ਸਾਧੂ ਸਿੰਘ ਦੇ ਸਾਲੇ ਨਾਲ ਘਰ ਜਾ ਕੇ ਗੱਲ ਕੀਤੀ ਸੀ । ਨਾ ਉਸਦਾ ਦਿਲ ਨਾਂਹ ਕਰਨ ਨੂੰ ਕਰਦਾ ਸੀ ਨਾ ਮਾਇਆ ਨਗਰ ਆਉਣ ਨੂੰ । ਉਸਨੇ ਸ਼ਾਮ ਤਕ ਸੋਚਣ ਦਾ ਵਕਤ ਲਿਆ ਸੀ ।
ਉਂਝ ਉਨ੍ਹਾਂ ਗੁਆਂਢ ਵਿਚੋਂ ਸੂਹ ਕੱਢ ਲਈ ਸੀ । ਗੁਆਂਢੀ ਆਖ ਰਹੇ ਸਨ- "ਪਹਿਲਾਂ ਕਈ ਵਾਰ ਲੋਕ ਇਥੇ ਆਏ ਸਨ । ਉਹ ਲਾਲਚੀ ਸੁਭਾਅ ਦਾ ਬੰਦਾ ਹੈ । ਚੀਜ਼ ਵਸਤ ਲੈ ਕੇ ਰੱਖ ਲੈਂਦਾ ਹੈ । ਕੋਠੀ ਗੇੜਾ ਦੇ ਕੇ ਮੁੜ ਆਉਂਦਾ ਹੈ । ਜੱਜ ਉਸਦੀ ਉੱਕਾ ਨਹੀਂ ਸੁਣਦਾ । ਪਿਛੋਂ ਕਈ ਵਾਰ ਉਸਦਾ ਪਾਰਟੀਆਂ ਨਾਲ ਰੌਲਾ ਪਿਆ ਹੈ । ਉਸ ਨਾਲ ਗੱਲ ਕਰਨ ਦਾ ਕੋਈ ਫ਼ਾਇਦਾ ਨਹੀਂ ।"
ਇਨ੍ਹਾਂ ਰਿਪੋਰਟਾਂ ਬਾਅਦ ਸਿੰਗਲੇ ਦੀ ਹੋਰ ਚੜ੍ਹ ਮੱਚੀ ।ਆਖ਼ਰੀ ਫੈਸਲਾ ਲਿਆ ਗਿਆ ।ਸਾਧੂ ਸਿੰਘ ਦਾ ਨਾਂ ਤਕ ਨਹੀਂ ਲਿਆ ਜਾਏਗਾ । ਬਾਕੀਆਂ ਤਕ ਪਹੁੰਚ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਾਏਗੀ ।
'ਕਿਸ ਨੂੰ ਕੀ ਦੇਣਾ ਹੈ?' ਅੱਗੋਂ ਤੋਂ ਇਹ ਸਭ ਸਿੰਗਲਾ ਤੈਅ ਕਰੇਗਾ ।

....ਚਲਦਾ....


samsun escort canakkale escort erzurum escort Isparta escort cesme escort duzce escort kusadasi escort osmaniye escort