ਖ਼ਬਰਸਾਰ

  •    ਨਾਰੀ ਦਿਵਸ ਨੂੰ ਸਮਰਪਿਤ ਦੋ ਪੁਸਤਕਾਂ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਿਰਜਣਧਾਰਾ ਵੱਲੋਂ ਯੁਗ ਬੋਧ ਦਾ ਵਿਸ਼ੇਸ਼ ਅੰਕ ਲੋਕ ਅਰਪਣ / ਸਿਰਜਣਧਾਰਾ
  •    ਕਾਫ਼ਲਾ ਨੇ ਮਨਾਇਆ 'ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ' / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਸੰਦੌੜ ਵਿੱਚ ਕਾਵਿ ਮੁਕਾਬਲੇ ਅਤੇ ਸਲ਼ਾਨਾ ਸਮਾਰੋਹ / ਪੰਜਾਬੀ ਸਾਹਿਤ ਸਭਾ, ਸੰਦੌੜ
  •    “ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ / ਸਾਹਿਤ ਸਭਾ ਦਸੂਹਾ
  •    ਸੈਮੂਅਲ ਜੌਹਨ ਦੇ ਨਾਟਕਾਂ ਦੀ ਭਰਪੂਰ ਪ੍ਰਸੰਸਾ / ਪੰਜਾਬੀਮਾਂ ਬਿਓਰੋ
  •    ਲੋਡੀ ਵਿਖੇ ਕਵੀ ਦਰਬਾਰ ਦਾ ਆਯੋਜਨ / ਪੰਜਾਬੀਮਾਂ ਬਿਓਰੋ
  •    ਪੰਜਾਬੀ ਯੂਨੀਵਰਸਿਟੀ ਵੱਲੋਂ ਦੋ ਸੈਮੀਨਾਰ ਆਯੋਜਿਤ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
  •    ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  • ਕੌਰਵ ਸਭਾ (ਕਿਸ਼ਤ-12) (ਨਾਵਲ )

    ਮਿੱਤਰ ਸੈਨ ਮੀਤ   

    Email: mittersainmeet@hotmail.com
    Phone: +91 161 2407444
    Cell: +91 98556 31777
    Address: 297, ਗਲੀ ਨੰ. 5, ਉਪਕਾਰ ਨਗਰ ਸਿਵਲ ਨਾਈਨਜ਼, ਲੁਧਿਆਣਾ
    India
    ਮਿੱਤਰ ਸੈਨ ਮੀਤ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    44

    ਡਿਪਟੀ ਪਿਛੋਂ ਲੱਥਾ ਤਾਂ ਤਫ਼ਤੀਸ਼ੀ ਅਫ਼ਸਰ ਦੇ ਸੁਨੇਹੇ ਆਉਣ ਲੱਗੇ ।
    ਠੇਕੇਦਾਰ ਅਤੇ ਪੰਡਿਤ ਨੂੰ ਗ੍ਰਿਫ਼ਤਾਰ ਹੋਇਆਂ ਵੀਹ ਬਾਈ ਦਿਨ ਹੋ ਗਏ ਸਨ ।
    ਹਾਲੇ ਤਕ ਤਫ਼ਤੀਸ਼ੀ ਅਫ਼ਸਰ ਨੇ ਗਵਾਹਾਂ ਕੋਲੋਂ ਮੁਲਜ਼ਮਾਂ ਦੀ ਸ਼ਨਾਖ਼ਤ ਨਹੀਂ ਸੀ ਕਰਵਾਈ । ਕਾਨੂੰਨ ਮੁਤਾਬਕ ਇਹ ਸ਼ਨਾਖ਼ਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਫੌਰੀ ਬਾਅਦ ਹੋਣੀ ਚਾਹੀਦੀ ਸੀ । ਹੋ ਰਹੀ ਦੇਰੀ ਕਾਰਨ ਕੇਸ ਕਮਜ਼ੋਰ ਹੋ ਰਿਹਾ ਸੀ । ਇਸ ਕਮਜ਼ੋਰੀ
    ਲਈ ਤਫ਼ਤੀਸ਼ੀ ਅਫ਼ਸਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਸੀ । ਕਪਤਾਨ ਵੱਲੋਂ ਉਸਨੂੰ ਤਿੰਨ ਕਾਰਨ ਦੱਧਸੋ ਨੋਟਿਸ ਜਾਰੀ ਹੋ ਚੁੱਕੇ ਸਨ । ਤਫ਼ਤੀਸ਼ੀ ਅਫ਼ਸਰ ਮੁਫ਼ਤ ਵਿਚ ਆਪਣਾ ਰਿਕਾਰਡ ਖ਼ਰਾਬ ਕਰਾਉਣ ਲਈ ਤਿਆਰ ਨਹੀਂ ਸੀ ।
    ਤਫ਼ਤੀਸ਼ੀ ਅਫ਼ਸਰ ਆਖ ਰਿਹਾ ਸੀ । ਨੇਹਾ ਹੁਣ ਚੰਗੀ ਭਲੀ ਸੀ। ਉਹ ਪੁਲਿਸ ਨਾਲ ਜੇਲ੍ਹ ਵਿਚ ਜਾ ਕੇ ਸ਼ਨਾਖ਼ਤ ਪਰੇਡ ਵਿਚ ਹਿੱਸਾ ਲਏ । ਦਸ ਪੰਦਰਾਂ ਬੰਦਿਆਂ ਵਿਚ ਰਲੇ ਖੜ੍ਹੇ ਪੰਡਿਤ ਅਤੇ ਠੇਕੇਦਾਰ ਨੂੰ ਪਹਿਚਾਣੇ । ਫੇਰ ਦੱਧਸੇ ਪੁਲਿਸ ਵੱਲੋਂ ਫੜੇ ਦੋਸ਼ੀ ਸਹੀ ਸਨ ਜਾਂ ਗਲਤ । ਜੇ ਉਹ ਅਸਲ ਮੁਲਜ਼ਮ ਸਨ ਤਾਂ ਉਨ੍ਹਾਂ ਵਿਚੋਂ ਕਮਲ ਦਾ ਕਤਲ ਕਿਸ ਨੇ ਕੀਤਾ ਸੀ? ਵੇਦ ਦੇ ਸੱਟਾਂ ਕਿਸ ਨੇ ਮਾਰੀਆਂ ਸਨ? ਨੀਲਮ ਦਾ ਸਿਰ ਕਿਸ ਨੇ ਪਾੜਿਆ ਸੀ?
    ਕਾਨੂੰਨੀ ਨਜ਼ਰੀਏ ਤੋਂ ਤਫ਼ਤੀਸ਼ੀ ਅਤੇ ਉਸਦੇ ਅਫ਼ਸਰ ਦਰੁਸਤ ਸਨ । ਸ਼ਨਾਖ਼ਤ ਪਰੇਡ ਜਲਦੀ ਤੋਂ ਜਲਦੀ ਹੋਣੀ ਚਾਹੀਦੀ ਸੀ । ਪਰ ਸ਼ਨਾਖ਼ਤ ਪਰੇਡ ਵਿਚ ਹਿੱਸਾ ਲੈਣ ਤੋਂ ਟਲਣ ਦੀ ਰਾਮ ਨਾਥ ਦੀ ਆਪਣੀ ਮਜਬੂਰੀ ਸੀ । ਨੇਹਾ ਦੇ ਅੱਲੇ ਜ਼ਖ਼ਮਾਂ ਨੂੰ ਉਹ ਨਮਕ ਵਾਲੇ ਚਾਕੂ ਨਾਲ ਖਰੋਚਨਾ ਨਹੀਂ ਸੀ ਚਾਹੁੰਦਾ ।
    ਨੇਹਾ ਦੇਖਣ ਨੂੰ ਚੰਗੀ ਭਲੀ ਲੱਗਦੀ ਸੀ, ਪਰ ਹਾਲੇ ਉਸਦਾ ਅੰਦਰ ਬੁਝਿਆ ਹੋਇਆ ਸੀ । ਰਾਮ ਨਾਥ ਉਸਨੂੰ ਕਈ ਵਾਰ ਕੋਠੀ ਗੇੜਾ ਮਾਰ ਆਉਣ ਲਈ ਆਖ ਚੁੱਕਾ ਸੀ ।
    ਕੋਠੀ ਦੀ ਸਫ਼ਾਈ ਹੋ ਚੁੱਕੀ ਸੀ । ਪਾਠ ਪੂਜਾ ਹੋ ਚੁੱਕੀ ਸੀ । ਸਮਾਨ ਥਾਂ ਸਿਰ ਟਿਕਾ ਦਿੱਤਾ ਗਿਆ ਸੀ । ਕਦੋਂ ਤਕ ਹਸਪਤਾਲ ਬੈਠੇ ਰਹਿਣਾ ਸੀ । ਮਨ ਤਕੜਾ ਕਰਕੇ ਇਕ ਦਿਨ ਕੋਠੀ ਜਾਣਾ ਹੀ ਪੈਣਾ ਸੀ ।
    ਕੋਠੀ ਦਾ ਜ਼ਿਕਰ ਛਿੜਦੇ ਹੀ ਨੇਹਾ ਧੁਰ ਅੰਦਰ ਤਕ ਹਿਲ ਜਾਂਦੀ ਸੀ । ਪਰਲਪਰਲ ਉਸਦੀਆਂ ਅੱਖਾਂ ਵਿਚੋਂ ਹੰਝੂ ਵਹਿਣ ਲੱਗਦੇ ਸਨ ।
    ਦਸਾਂ ਦਿਨਾਂ ਤੋਂ ਉਹ ਹਸਪਤਾਲ ਦੀ ਸਰਾਂ ਵਿਚ ਲਏ ਕਮਰੇ ਵਿਚ ਕਾਂ ਖਾਧੇ ਕੁੱਤੇ ਵਾਂਗ ਪਈ ਸੀ । ਕਦੇ-ਕਦੇ ਪਲਵੀ ਜਾਂ ਉਸਦੀ ਮੰਮੀ ਉਸਨੂੰ ਆਪਣੇ ਘਰ ਲੈ ਜਾਂਦੀ ਸੀ । ਕੁਝ ਦੇਰ ਲਈ ਮਨ ਬਹਿਲ ਜਾਂਦਾ ਸੀ । ਹਸਪਤਾਲ ਆ ਕੇ ਮੁੜ ਉਹੋ ਬਾਹਾਂ ਉਹੋ
    ਕੁਹਾੜਾ ਹੋ ਜਾਂਦਾ ਸੀ । ਗੁੰਮ-ਸੁੰਮ ਉਹ ਬਿਟਰ-ਬਿਟਰ ਕੰਧਾਂ ਵੱਲ ਤੱਕਦੀ ਰਹਿੰਦੀ ਸੀ । ਜਿਹੜੀ ਕੁੜੀ ਆਪਣੇ ਘਰ ਵੱਲ ਮੂੰਹ ਕਰਨ ਤੋਂ ਡਰਦੀ ਸੀ, ਉਸ ਕੁੜੀ ਨੂੰ ਕਾਤਲਾਂ ਅਤੇ ਬਲਾਤਕਾਰੀਆਂ ਅੱਗੇ ਕਿਸ ਤਰ੍ਹਾਂ ਖੜ੍ਹਾ ਕੀਤਾ ਜਾ ਸਕਦਾ ਸੀ? ਭੱਠ ਪਏ ਕਾਨੂੰਨ ਅਤੇ ਇਨਸਾਫ਼ । ਕਾਨੂੰਨ ਦਾ ਢਿੱਡ ਭਰਨ ਲਈ ਉਹ ਅੱਲ੍ਹੜ ਕੁੜੀ ਦੇ ਜਜ਼ਬਾਤਾਂ ਦਾ ਘਾਣ ਨਹੀਂ ਸੀ ਕਰਵਾ ਸਕਦਾ ।
    ਸੋਚ-ਵਿਚਾਰ ਕੇ ਰਾਮ ਨਾਥ ਨੇ ਤਫ਼ਤੀਸ਼ੀ ਅਫ਼ਸਰ ਨੂੰ ਗਲੋਂ ਲਾਹ ਦਿੱਤਾ । ਹਾਲੇ ਨੇਹਾ ਸ਼ਨਾਖ਼ਤ ਪਰੇਡ ਵਿਚ ਹਿੱਸਾ ਲੈਣ ਦੇ ਯੋਗ ਨਹੀਂ ਸੀ ।
    ਕੋਈ ਸਾਧਾਰਨ ਆਦਮੀ ਸ਼ਨਾਖ਼ਤ ਪਰੇਡ ਵਿਚ ਹਿੱਸਾ ਲੈਣ ਤੋਂ ਨਾਂਹ ਕਰਦਾ ਤਾਂ ਤਫ਼ਤੀਸ਼ੀ ਅਫ਼ਸਰ ਨੂੰ ਕਾਰਨ ਸਮਝ ਪੈ ਸਕਦਾ ਸੀ । ਇਕ ਫੌਜਦਾਰੀ ਵਕੀਲ ਸ਼ਨਾਖ਼ਤ ਪਰੇਡ ਵਿਚ ਹਿੱਸਾ ਲੈਣ ਤੋਂ ਨਾਂਹ ਕਰਕੇ ਕੇਸ ਨੂੰ ਕਮਜ਼ੋਰ ਕਰੇ, ਇਹ ਉਸਦੀ ਸਮਝੋਂ ਬਾਹਰ
    ਸੀ ।
    "ਮੈਂ ਮਿਸਲ ਵਿਚ ਨੋਟ ਦੇਣ ਲੱਗਾ ਹਾਂ । ਚਸ਼ਮਦੀਦ ਗਵਾਹ ਮੁਲਜ਼ਮਾਂ ਨੂੰ ਸ਼ਨਾਖ਼ਤ ਕਰਨ ਤੋਂ ਮੁਨਕਰ ਹੈ । ਇਸਦਾ ਕੀ ਨਤੀਜਾ ਨਿਕਲੇਗਾ ਤੁਹਾਨੂੰ ਪਤਾ ਹੈ? ਫੇਰ ਮੈਨੂੰ ਉਲਾਂਭਾ ਨਾ ਦੇਣਾ ।"
    ਖਿਝੇ ਤਫ਼ਤੀਸ਼ੀ ਨੇ ਮਨ ਦੀ ਭੜਾਸ ਕੱਢੀ ।
    "ਸ਼ਨਾਖ਼ਤ ਪਰੇਡ ਨਾਲ ਕਿਹੜਾ ਦੋਸ਼ੀਆਂ ਨੂੰ ਸਜ਼ਾ ਹੋ ਜਾਣੀ ਹੈ? ਕੇਸ ਖ਼ਾਮੀਆਂ ਨਾਲ ਭਰਿਆ ਪਿਆ ਹੈ । ਕਾਨੂੰਨ ਦੋਸ਼ੀਆਂ ਦੇ ਹੱਕ ਵਿਚ ਭੁਗਤਦਾ ਹੈ? ਮੈਂ ਮਾਸੂਮ ਕੁੜੀ ਨੂੰ ਬਲਦੀ ਅੱਗ ਵਿਚ ਨਹੀਂ ਸੁੱਟ ਸਕਦਾ ।"
    ਉਸੇ ਅੰਦਾਜ਼ ਵਿਚ ਰਾਮ ਨਾਥ ਨੇ ਆਪਣੇ ਮਨ ਦੀ ਭੜਾਸ ਕੱਢੀ । ਚਿੜੇ ਹੋਏ ਤਫ਼ਤੀਸ਼ੀ ਨੇ ਮੂੰਹ ਸੁਜਾ ਲਿਆ । ਮੁੜ ਕਦੇ ਉਸਨੇ ਰਾਮ ਨਾਥ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ।

     


    45

    ਪ੍ਰਤਾਪ ਸਿੰਘ ਦੇ ਇਸ਼ਾਰੇ 'ਤੇ ਕੰਮ ਪਲਕ ਝਪਕਦਿਆਂ ਹੋਣ ਲੱਗੇ ।
    ਹਾਈ ਕੋਰਟ ਵੱਲੋਂ ਦੋਹਾਂ ਭਰਾਵਾਂ ਦੀ ਗ੍ਰਿਫ਼ਤਾਰੀ ਉਪਰ ਪੰਦਰਾਂ ਦਿਨਾਂ ਲਈ ਰੋਕ ਲਗਾ ਦਿੱਤੀ ਗਈ ।
    ਪੰਕਜ ਹੋਰਾਂ ਦੀ ਦਰਖ਼ਾਸਤ ਉਪਰ ਪੁਲਿਸ ਮੁਖੀ ਨੇ ਆਪਣਾ ਕਲਮੀ ਹੁਕਮ ਜਾਰ ਕੀਤਾ । ਆਈ.ਜੀ. ਕਰਾਈਮ ਨੂੰ ਖ਼ੁਦ ਪੜਤਾਲ ਕਰਨ ਦਾ ਹੁਕਮ ਦਿੱਤਾ ।
    ਪ੍ਰਤਾਪ ਸਿੰਘ ਨੇ ਪੰਕਜ ਨੂੰ ਆਈ.ਜੀ. ਕੋਲ ਬਿਠਾ ਕੇ ਮੂੰਹ 'ਤੇ ਗੱਲ ਕਰਾਈ । ਲੈਣ ਦੇਣ ਪੰਕਜ ਦੇ ਹੱਥੀਂ ਹੋਇਆ ।
    ਆਈ.ਜੀ. ਨੇ ਹਿੱਕ ਠੋਕ ਕੇ ਭਰੋਸਾ ਦਿੱਤਾ । ਜਿੰਨੀ ਤਫ਼ਤੀਸ਼ ਹੋਣੀ ਸੀ, ਹੋ ਗਈ ।
    ਅੱਗੋਂ ਤੋਂ ਤਫ਼ਤੀਸ਼ ਠੱਪ । ਹੁਣ ਜੋ ਤਫ਼ਤੀਸ਼ ਹੋਏਗੀ, ਉਹ ਪੰਕਜ ਹੋਰਾਂ ਦੇ ਹੱਕ ਵਿਚ ਹੋਏਗੀ । ਹਾਈ ਕੋਰਟ ਦੀ ਅਗਲੀ ਪੇਸ਼ੀ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਨੂੰ ਬੇਕਸੂਰ ਘੋਸ਼ਿਤ ਕਰ ਦਿੱਤਾ ਜਾਏਗਾ । ਇਸੇ ਰਿਪੋਰਟ ਦੇ ਆਧਾਰ 'ਤੇ ਉਨ੍ਹਾਂ ਦੀ ਕੱਚੀ ਜ਼ਮਾਨਤ, ਪੱਕੀ
    ਹੋ ਜਾਏਗੀ ।
    ਆਈ.ਜੀ. ਨੇ ਪੁਲਿਸ ਮੁਖੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਮਿਸਲ ਜ਼ਿਲ੍ਹਾ ਪੁਲਿਸ ਕੋਲੋਂ ਆਪਣੇ ਦਫ਼ਤਰ ਮੰਗਵਾ ਲਈ ।
    ਪੜਤਾਲ ਦੇ ਪਹਿਲੇ ਦਿਨ, ਹੁਣ ਤਕ ਹੋਈ ਤਫ਼ਤੀਸ਼ ਵਿਚ ਸ਼ਾਮਲ ਹੋਏ ਗਵਾਹਾਂ ਨੂੰ ਦੁਬਾਰਾ ਬੁਲਾਇਆ ਗਿਆ । ਆਈ.ਜੀ. ਨੇ ਖ਼ੁਦ ਉਨ੍ਹਾਂ ਤੋਂ ਉਨ੍ਹਾਂ ਵੱਲੋਂ ਅੱਖੀਂ ਦੇਖੀ ਘਟਨਾ ਬਾਰੇ ਪੁੱਛ-ਗਿੱਛ ਕੀਤੀ ।
    ਦੂਜੇ ਦਿਨ ਤਫ਼ਤੀਸ਼ੀ, ਮੁਨਸ਼ੀ ਅਤੇ ਮੁੱਖ ਅਫ਼ਸਰ ਨੂੰ ਬੁਲਾਇਆ ਗਿਆ । ਫੜੇ ਗਏ ਮਾਲ-ਮੁਕੱਦਮੇ ਦੀ ਘੋਖ ਹੋਈ ।
    ਅਗਲੇ ਹਫ਼ਤੇ ਮੁਲਜ਼ਮਾਂ ਵੱਲੋਂ ਆਪਣੀ ਸਫ਼ਾਈ ਵਿਚ ਪੇਸ਼ ਕੀਤੇ ਜਾਣ ਵਾਲੇ ਗਵਾਹਾਂ ਦੇ ਬਿਆਨ ਕਲਮ-ਬੰਦ ਕਰਨ ਦਾ ਪ੍ਰੋਗਰਾਮ ਰੱਧਖਿਆ ਗਿਆ ।
    ਵਿਚਕਾਰਲੇ ਦਿਨਾਂ ਵਿਚ ਆਈ.ਜੀ. ਸਾਹਿਬ ਨੇ ਮੌਕਾ ਦੇਖਣ ਦਾ ਐਲਾਨ ਕੀਤਾ ।
    ਉਸਦਾ ਮਕਸਦ ਮਾਇਆ ਨਗਰ ਜਾ ਕੇ ਮੁਦਈ ਧਿਰ ਅਤੇ ਉਨ੍ਹਾਂ ਦੇ ਹਮਾਇਤੀਆਂ ਦੇ ਮੂਡ ਦਾ ਜਾਇਜ਼ਾ ਲੈਣਾ ਸੀ । ਉਸਨੇ ਛੋਟੀ ਜਿਹੀ ਪ੍ਰੈੱਸ-ਕਾਨਫ਼ਰੰਸ ਬੁਲਾ ਕੇ ਮੁਲਜ਼ਮਾਂ ਦੇ ਬੇ-ਕਸੂਰ ਹੋਣ ਦਾ ਇਸ਼ਾਰਾ ਕਰਨਾ ਸੀ । ਅਗਲੇ ਦਿਨਾਂ ਵਿਚ ਲੋਕਾਂ ਵੱਲੋਂ ਇਸ ਬਿਆਨ ਉੱਪਰ ਕੀ ਪ੍ਰਤੀਕਰਮ ਹੁੰਦਾ ਹੈ? ਇਸਦਾ ਉਸਨੇ ਜਾਇਜ਼ਾ ਲੈਣਾ ਸੀ । ਪ੍ਰਤੀਕਰਮ ਅਨੁਸਾਰ ਅਗਲੀ ਕਾਰਵਾਈ ਹੋਣੀ ਸੀ ।
    ਪਰ ਗ੍ਰਿਫ਼ਤਾਰੀ 'ਤੇ ਲੱਗੀ ਪਾਬੰਦੀ ਅਤੇ ਆਈ.ਜੀ. ਵੱਲੋਂ ਆਰੰਭੀ ਪੜਤਾਲ ਦਾ ਸਵਾਦ ਜਲਦੀ ਹੀ ਕਿਰਕਰਾ ਹੋਣ ਲੱਗਾ । ਪੁਲਿਸ ਕਪਤਾਨ ਅਤੇ ਡੀ.ਆਈ.ਜੀ. ਦੇ ਉਲਾਂਭੇ ਆਉਣ ਲੱਗੇ । ਇੰਨੀ ਜਲਦੀ ਪੜਤਾਲ ਕਰਵਾ ਕੇ ਉਹ ਤੱਤਾ ਲੱਕ ਰਹੇ ਸਨ।
    ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਅਫ਼ਸਰਾਂ ਦਾ ਵੀ ਨੁਕਸਾਨ ਹੋਣਾ ਸੀ, ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕੀਤੀ ਸੀ । ਮੱਠੀ ਪਈ ਅੱਗ ਮੁੜ ਭੜਕ ਸਕਦੀ ਸੀ ।
    ਅਫ਼ਸਰਾਂ ਦੇ ਤੌਖ਼ਲਿਆਂ ਬਾਰੇ ਪੰਕਜ ਨੇ ਪ੍ਰਤਾਪ ਸਿੰਘ ਨਾਲ ਗੱਲ ਕੀਤੀ ।
    "ਤੁਸੀਂ ਚੁੱਪ ਕਰਕੇ ਬੈਠੇ ਰਹੋ । ਆਈ.ਜੀ. ਦੀ ਰਿਪੋਰਟ ਆ ਲੈਣ ਦਿਓ । ਮੈਂ ਆਪ ਪੁਲਿਸ ਮੁਖੀ ਤੋਂ ਸਹਿਮਤੀ ਲੈ ਦੇਵਾਂਗਾ । ਰਿਪੋਰਟ ਹਾਈ ਕੋਰਟ ਵਿਚ ਪੇਸ਼ ਕਰਵਾ ਕੇ ਹਾਈ ਕੋਰਟ ਦੀ ਮੋਹਰ ਲਗਵਾ ਦੇਵਾਂਗਾ । ਫੇਰ ਕੋਈ ਕੀ ਕਰੂ?"
    ਪ੍ਰਤਾਪ ਸਿੰਘ ਨੇ ਪੈਰਾਂ 'ਤੇ ਪਾਣੀ ਨਾ ਪੈਣ ਦਿੱਤਾ ।
    ਪ੍ਰਤਾਪ ਸਿੰਘ ਦੀ ਸਲਾਹ ਦੇ ਉਲਟ ਉਹ ਨਹੀਂ ਸਨ ਚੱਲ ਸਕਦੇ । ਹੁਣ ਤਕ ਪ੍ਰਤਾਪ ਸਿੰਘ ਨੇ ਜੋ ਆਖਿਆ ਸੀ, ਕਰ ਦਿਖਾਇਆ ਸੀ । ਉਸਦੀ ਪਹੁੰਚ ਦੀ ਕੋਈ ਸੀਮਾ ਨਹੀਂ ਸੀ । ਪੁਲਿਸ ਮੁਖੀ ਅਤੇ ਆਈ.ਜੀ. ਨਾਲ ਉਹ ਇਉਂ ਗੱਲਾਂ ਕਰਦਾ ਸੀ, ਜਿਵੇਂ
    ਉਹ ਕਲਰਕ ਹੋਣ । ਜੋ ਉਹ ਕਰੇਗਾ, ਠੀਕ ਕਰੇਗਾ । ਇਹ ਸੋਚ ਕੇ ਉਨ੍ਹਾਂ ਨੇ ਮਨ ਕਰੜਾ ਕਰ ਲਿਆ ।
    ਜਲਦੀ ਹੀ ਆਈ.ਜੀ. ਦੇ ਤੇਵਰ ਢਿੱਲੇ ਪੈਣ ਲੱਗੇ ।
    ਪਹਿਲਾਂ ਉਸਨੇ ਤਿੰਨ ਦਿਨਾਂ ਲਈ ਦੌਰਾ ਅੱਗੇ ਪਾਇਆ । ਫੇਰ ਦੌਰਾ ਰੱਦ ਕਰ ਦਿੱਤਾ ।
    ਸਫ਼ਾਈ ਦੇ ਗਵਾਹਾਂ ਦੇ ਬਿਆਨ ਅਣਮਿਥੇ ਸਮੇਂ ਲਈ ਅੱਗੇ ਪਾ ਦਿੱਤੇ ਗਏ ।
    ਹਫ਼ਤੇ ਬਾਅਦ ਮਿਸਲ ਥਾਣੇ ਵਾਪਸ ਆ ਗਈ । ਬਹਾਨਾ ਇਹ ਸੀ ਕਿ ਮੁਕਾਮੀ ਪੁਲਿਸ ਦੀ ਤਫ਼ਤੀਸ਼ ਵਿਚ ਵਿਘਨ ਪੈ ਰਿਹਾ ਸੀ । ਹਾਲੇ ਕੁਝ ਦੋਸ਼ੀ ਫੜਨੇ ਬਾਕੀ ਸਨ ।
    ਮਾਲ ਬਰਾਮਦ ਕਰਨ ਵਾਲਾ ਰਹਿੰਦਾ ਸੀ । ਫੜੇ ਜਾ ਚੁੱਕੇ ਮੁਲਜ਼ਮਾਂ ਦੇ ਰਿਮਾਂਡ ਵਿਚ ਵਾਧਾ ਕਰਾਉਣਾ ਸੀ । ਬਹੁਤੀ ਦੇਰ ਮਿਸਲ ਚੰਡੀਗੜ੍ਹ ਨਹੀਂ ਸੀ ਰੱਖੀ ਜਾ ਸਕਦੀ ।
    ਥਾਣੇ ਮਿਸਲ ਮੁੜ ਆਉਣ ਨਾਲ ਪੰਕਜ ਹੋਰਾਂ ਦਾ ਮੱਥਾ ਠਣਕਿਆ । ਜ਼ਰੂਰ ਦਾਲ ਵਿਚ ਕੁਝ ਕਾਲਾ ਸੀ ।
    ਸੱਚ ਜਾਨਣ ਲਈ ਪੰਕਜ ਨੇ ਆਈ.ਜੀ. ਨਾਲ ਰਾਬਤਾ ਕਾਇਮ ਕੀਤਾ । ਆਈ. ਜੀ. ਨੇ ਉਨ੍ਹਾਂ ਨੂੰ ਝਿੜਕਿਆ ਤਾਂ ਨਹੀਂ ਪਰ ਪਹਿਲਾਂ ਵਾਲੀ ਅਪਣੱਤ ਵੀ ਨਾ ਦਿਖਾਈ ।
    ਘਬਰਾਏ ਪੰਕਜ ਨੇ ਪ੍ਰਤਾਪ ਸਿੰਘ ਨਾਲ ਸੰਪਰਕ ਕੀਤਾ । ਰਕਮ ਚੋਖੀ ਖਰਚ ਹੋ ਚੁੱਕੀ ਸੀ । ਪਰ ਕੰਮ ਸਿਰੇ ਚੜ੍ਹਦਾ ਨਜ਼ਰ ਨਹੀਂ ਸੀ ਆ ਰਿਹਾ । ਘੱਧਟੋ-ਘੱਟ ਉਨ੍ਹਾਂ ਨੂੰ ਪਤਾ ਤਾਂ ਲੱਗੇ, ਹੁਣ ਆਈ.ਜੀ. ਨੂੰ ਕਿਹੜਾ ਸੱਪ ਸੁੰਘ ਗਿਆ ।
    ਪ੍ਰਤਾਪ ਸਿੰਘ ਨੇ ਆਈ.ਜੀ. ਨਾਲ ਗੱਲ ਕੀਤੀ । ਕਿਥੇ ਅੜਚਨ ਆ ਰਹੀ ਸੀ?
    ਪ੍ਰਤਾਪ ਸਿੰਘ ਤੋਂ ਕਿਸੇ ਨੂੰ ਫ਼ੋਨ ਕਰਾਉਣ ਦੀ ਲੋੜ ਸੀ, ਉਹ ਕਰਨ ਨੂੰ ਤਿਆਰ ਸੀ ।
    ਆਈ.ਜੀ. ਨੇ ਜਦੋਂ ਆਪਣੇ ਦੜ ਵੱਟਨ ਦਾ ਭੇਤ ਖੋਲ੍ਹਣਾ ਸ਼ੁਰੂ ਕੀਤਾ ਤਾਂ ਪ੍ਰਤਾਪ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ।
    ਆਈ.ਜੀ. ਨੂੰ ਮੁੱਖ-ਮੰਤਰੀ ਵੱਲੋਂ ਝਾੜਾਂ ਪਈਆਂ ਸਨ । ਕਿਸੇ ਘਰ ਦੇ ਭੇਤੀ ਨੇ ਲੰਕਾ ਨੂੰ ਅੱਗ ਲਾਈ ਸੀ । ਮੁੱਖ-ਮੰਤਰੀ ਨੂੰ ਕਪਤਾਨ, ਡੀ.ਆਈ.ਜੀ. ਤੋਂ ਲੈ ਕੇ ਆਈ.ਜੀ. ਤਕ ਨੂੰ ਪੁੱਜੀਆਂ ਰਕਮਾਂ ਦੀ ਸੂਹ ਮਿਲ ਚੁੱਕੀ ਸੀ । ਮੁੱਖ-ਮੰਤਰੀ ਨੇ ਧਮਕੀ ਦਿੱਤੀ ਸੀ, ਜੇ ਸੱਚ ਨਾ ਨਤਾਰਿਆ ਗਿਆ ਤਾਂ ਤਫ਼ਤੀਸ਼ ਸੀ.ਬੀ.ਆਈ. ਨੂੰ ਦੇ ਦਿੱਤੀ ਜਾਏਗੀ । ਪੁਲਿਸ ਅਤੇ ਮੁਲਜ਼ਮਾਂ ਦੀ ਮਿਲੀ-ਭੁਗਤ ਦੀ ਘੋਖ ਵੀ ਸੀ.ਬੀ.ਆਈ. ਕਰੇਗੀ ।
    "ਕਿਧਰੇ ਮੇਰਾ ਜ਼ਿਕਰ ਤਾਂ ਨਹੀਂ ਆਇਆ?"
    ਪ੍ਰਤਾਪ ਸਿੰਘ ਨੂੰ ਆਪਣਾ ਪਾਲਾ ਖਾਣ ਲੱਗਾ । ਜੇ ਆਈ.ਜੀ. ਤਕ ਪੁੱਜੀ ਰਿਸ਼ਵਤ ਉਜਾਗਰ ਹੋਈ ਸੀ ਤਾਂ ਰਿਸ਼ਵਤ ਦਿਵਾਉਣ ਵਾਲੇ ਦਾ ਨਾਂ ਵੀ ਉਜਾਗਰ ਹੋਇਆ ਹੋਏਗਾ ।
    "ਨਹੀਂ, ਮੇਰਾ ਖਿਆਲ ਹੈ ਤੁਹਾਡੇ ਵਿਚ ਆਉਣ ਬਾਰੇ ਕਿਸੇ ਨੂੰ ਪਤਾ ਨਹੀਂ । ਅੱਗੋਂ ਤੋਂ ਤੁਹਾਨੂੰ ਬਚ ਕੇ ਰਹਿਣਾ ਚਾਹੀਦਾ ਹੈ ।"
    ਆਈ.ਜੀ. ਦੇ ਵਿਸ਼ਵਾਸ ਦਿਵਾਉਣ 'ਤੇ ਪ੍ਰਤਾਪ ਸਿੰਘ ਨੂੰ ਕੁਝ ਰਾਹਤ ਮਹਿਸੂਸ ਹੋਈ ।
    ਪੂਰੀ ਤਸੱਲੀ ਕਰਨ ਲਈ ਉਹ ਹੋਰ ਡੂੰਘਾਈ ਵਿਚ ਜਾਣ ਲੱਗਾ ।
    "ਫ਼ੋਨ ਤੁਹਾਨੂੰ ਮੁੱਖ-ਮੰਤਰੀ ਨੇ ਕੀਤਾ ਸੀ ਜਾਂ ਕਿਸੇ ਸਕੱਤਰ ਨੇ?"
    "ਪਹਿਲਾਂ ਸੀ.ਐਮ. ਖ਼ੁਦ ਗੱਲ ਕਰਨਾ ਚਾਹੁੰਦੇ ਸਨ। ਜਦੋਂ ਮੈਂ ਫ਼ੋਨ 'ਤੇ ਆਇਆ,ਉਹ ਮੀਟਿੰਗ 'ਤੇ ਚਲੇ ਗਏ । ਮੇਰੀ ਗੱਲ  ਪ੍ਰਿੰਸੀਪਲ ਸੈਕਟਰੀ ਨਾਲ ਹੋਈ ਸੀ । ਉਹ ਮੇਰਾ ਯਾਰ ਹੈ । ਅਸੀਂ ਦੋ ਵਾਰ ਇਕੱਠੇ ਰਹੇ ਹਾਂ । ਇਕ ਵਾਰ ਮੈਂ ਪਟਿਆਲੇ ਕਪਤਾਨ ਸੀ ਅਤੇ ਉਹ ਏ.ਡੀ.ਸੀ. । ਦੂਜੀ ਵਾਰ ਮੈਂ ਫ਼ਿਰੋਜ਼ਪੁਰ ਡੀ.ਆਈ.ਜੀ. ਸੀ ਅਤੇ ਉਹ ਡਿਪਟੀ ਕਮਿਸ਼ਨਰ ।"
    "ਹੋ ਸਕਦਾ ਹੈ ਪ੍ਰਿੰਸੀਪਲ ਸੈਕਟਰੀ ਨੇ ਆਪਣੇ ਕੋਲੋਂ ਦਬਕਾ ਮਾਰ ਦਿੱਤਾ ਹੋਵੇ? ਅਸਾਮੀ ਦੇ ਮੋਟੀ ਹੋਣ ਦੀ ਭਿਣਕ ਕਿਸੇ ਪਾਸਿਉਂ ਉਸਦੇ ਕੰਨ ਵਿਚ ਪੈ ਗਈ ਹੋਵੇ? ਅੁਹ ਵੀ ਵਗਦੀ ਗੰਗਾ ਵਿਚ ਹੱਥ ਧੋਣਾ ਚਾਹੁੰਦਾ ਹੋਵੇ ।"
    "ਨਹੀਂ ! ਉਹ ਮੇਰੇ ਨਾਲ ਇੰਝ ਨਹੀਂ ਕਰ ਸਕਦਾ । ਆਪਾਂ ਉਸੇ ਦੇ ਸਹਾਰੇ ਇਸ ਪੋਸਟ ਤੇ ਬੈਠੇ ਹਾਂ । ਬਥੇਰੀ ਵਾਰ ਲੋਕਾਂ ਨੇ ਇਸ ਪੋਸਟ 'ਤੇ ਲੱਗਣ ਦੀ ਕੋਸ਼ਿਸ਼ ਕੀਤੀ ਹੈ । ਹਰ ਵਾਰ ਉਹ ਬਚਾਉਂਦਾ ਰਿਹਾ ਹੈ । ਕੋਈ ਝਾਕ ਹੁੰਦੀ, ਉਹ ਸਿੱਧਾ ਆਖ ਦਿੰਦਾ ।ਕੋਈ ਗੜਬੜ ਜ਼ਰੂਰ ਹੈ ।"
    "ਫੇਰ, ਹੁਣ ਕੀ ਕਰ ਰਹੇ ਹੋ?"
    "ਕਰਨਾ ਕੀ ਹੈ ! ਚੁੱਪ ਬੈਠੇ ਹਾਂ । ਚੰਗੀ ਥਾਂ 'ਤੇ ਲੱਗੇ ਹਾਂ। ਛੋਟਾ ਜਿਹਾ ਸੂਬਾ ਹੈ । ਮੇਰੇ ਵਰਗੇ ਅਠਾਰਾਂ ਆਈ.ਜੀ. ਨੇ । ਤਿੰਨ ਚਾਰ ਨੂੰ ਛੱਡ ਕੇ ਬਾਕੀ ਸਭ ਖੁੱਡੇ ਲਾਈਨ ਲੱਗੇ ਹੋਏ ਹਨ । ਹਰ ਕੋਈ ਫੀਲਡ ਵਿਚ ਆਉਣਾ ਚਾਹੁੰਦਾ ਹੈ । ਮੌਕਾ ਭਾਲਦੇ ਰਹਿੰਦੇ
    ਹਨ, ਕਦੋਂ ਕੋਈ ਗ਼ਲਤੀ ਕਰੇ ਅਤੇ ਉਹ ਉਸਦੀ ਕੁਰਸੀ ਹਥਿਆਏ । ਭਰਾਵਾ ਮੈਂ ਕੋਈ ਜੋਖ਼ਮ ਨਹੀਂ ਉਠਾਉਣਾ । ਜਾਣ-ਬੁਝ ਕੇ ਗ਼ਲਤੀ ਨਹੀਂ ਕਰਨੀ । ਜੇ ਉਹ ਤੇਰੇ ਮਿੱਤਰ ਹਨ, ਆਪਾਂ ਰਕਮ ਵਾਪਸ ਕਰ ਦਿੰਦੇ ਹਾਂ । ਮੈਂ ਮੁੱਖ-ਮੰਤਰੀ ਨੂੰ ਨਰਾਜ਼ ਨਹੀਂ ਕਰ
    ਸਕਦਾ ।"
    "ਇਡੀ ਘਬਰਾਹਟ ਵਾਲੀ ਕਿਹੜੀ ਗੱਲ ਹੈ । ਰਕਮ ਵਾਪਸ ਕਿਉਂ ਕਰਨੀ ਹੈ? ਆਪਣੇ ਕਿਹੜਾ ਉਹ ਸਾਲੇ ਲਗਦੇ ਹਨ । ਵਿਉਪਾਰੀ ਹਨ । ਚੀਜ਼ ਖਰੀਦ ਰਹੇ ਹਨ । ਲੋੜ ਪਈ ਤਾਂ ਆਏ ਹਨ । ਮੈਂ ਆਪੇ ਉਨ੍ਹਾਂ ਨੂੰ ਚੁੱਪ ਕਰਵਾ ਦੇਵਾਂਗਾ । ਕੋਈ ਰਿਸਕ ਲੈਣ ਦੀ ਜ਼ਰੂਰਤ ਨਹੀਂ ।"
    "ਮੇਰੀ ਤੁਹਾਨੂੰ ਇਕ ਨਿਜੀ ਰਾਏ ਹੈ । ਤੁਸੀਂ ਇਸ ਕੰਮ ਵਿਚੋਂ ਆਪਣਾ ਹੱਥ ਖਿੱਚ ਲਵੋ । ਬਹੁਤਾ ਜੱਗਰ ਹੋ ਕੇ ਕੰਮ ਨਾ ਕਰੋ । ਸਾਡੀ ਧੂਹ ਘੜੀਸ ਇਸੇ ਤਰ੍ਹਾਂ ਹੁੰਦੀ ਰਹਿੰਦੀ ਹੈ । ਤੁਹਾਡਾ ਜ਼ਿਆਦਾ ਨੁਕਸਾਨ ਹੋ ਜਾਣਾ ਹੈ । ਹਾਈ ਕੋਰਟ ਜਾਣ ਵਾਲੇ ਹੋ ।"
    ਆਈ.ਜੀ. ਦੇ ਇਸ ਸੁਝਾਅ 'ਤੇ ਪ੍ਰਤਾਪ ਸਿੰਘ ਨੂੰ ਲੱਗਾ, ਜਿਵੇਂ ਉਸਦਾ ਨਾਂ ਸ਼ਿਕਾਇਤ ਵਿਚ ਬੋਲ ਰਿਹਾ ਸੀ । ਆਈ.ਜੀ. ਜਾਣ-ਬੁਝ ਕੇ ਪ੍ਰਤਾਪ ਸਿੰਘ ਤੋਂ ਲੁਕਾ ਰਿਹਾ ਸੀ ।
    "ਕਿਧਰੇ ਖੁਫ਼ੀਆ ਵਿਭਾਗ ਨੇ ਤਾਂ ਮੁੱਖ-ਮੰਤਰੀ ਦੇ ਕੰਨ ਨਹੀਂ ਭਰੇ? ਉਸ ਬਰਾਂਚ ਤੋਂ ਚੈੱਕ ਕਰਨਾ ਸੀ?"
    ਪ੍ਰਤਾਪ ਸਿੰਘ ਬਿਨਾਂ ਕਮਜ਼ੋਰੀ ਦਿਖਾਏ ਤੈਅ ਤਕ ਜਾਣਾ ਚਾਹੁੰਦਾ ਸੀ ।
    "ਉਹ ਸਭ ਮੈਂ ਦੇਖ ਚੁੱਕਾ ਹਾਂ । ਚੁਗਲੀ ਸਾਡੀ ਕਿਸੇ ਬਰਾਂਚ ਵੱਲੋਂ ਨਹੀਂ ਹੋਈ । ਇਤਲਾਹ ਨਿਜੀ ਸੋਮੇ ਤੋਂ ਮਿਲੀ ਹੈ ।"
    "ਚਲੋ ਮੈਂ ਕੱਢਦਾ ਹਾਂ ਖੁਰਾ । ਤੁਸੀਂ ਧਿਆਨ ਰੱਖਣਾ । ਮੇਰਾ ਕਿਧਰੇ ਨਾਂ ਆਉਂਦਾ ਨਜ਼ਰ ਆਵੇ, ਮੈਨੂੰ ਦੱਸ ਦੇਣਾ । ਮੈਂ ਰੋਕ ਕਰਾਂਗਾ... ਮੈਂ ਪਾਰਟੀ ਨੂੰ ਸਮਝਾ ਦਿੰਦਾ ਹਾਂ । ਉਹ ਮੁੱਖ-ਮੰਤਰੀ ਨੂੰ ਸ਼ਾਂਤ ਕਰੇ ।"
    ਦੋਹਾਂ ਮਿੱਤਰਾਂ ਨੇ ਇਕ ਦੂਜੇ ਦੇ ਬਚਾਅ ਦਾ ਭਰੋਸਾ ਦਿਵਾਇਆ ।
    ਪ੍ਰਤਾਪ ਸਿੰਘ ਨੇ ਆਈ.ਜੀ. ਕੋਲੋਂ ਜੋ ਸਾਫ਼-ਸਾਫ਼ ਸੁਣਿਆ ਸੀ, ਉਸਨੂੰ ਇਸ਼ਾਰਿਆਂ ਦੀ ਪਾਨ ਚੜ੍ਹਾ ਕੇ ਪੰਕਜ ਨੂੰ ਸੁਣਾ ਦਿੱਤਾ ।
    "ਕਿਸੇ ਭੇਤੀ ਨੇ ਭੇਤ ਬਾਹਰ ਕੱਢ ਦਿੱਤਾ ਹੈ । ਹੁਣ ਸਿਆਸੀ ਪਹੁੰਚ ਦੀ ਜ਼ਰੂਰਤ ਹੈ । ਸੈਂਟਰ ਵਿਚੋਂ ਫ਼ੋਨ ਖੜਕ ਰਹੇ ਹਨ । ਮੁੱਖ-ਮੰਤਰੀ ਉਪਰ ਸਿਆਸੀ ਦਬਾਅ ਪੈ ਰਿਹਾ ਹੈ । ਉਹ ਆਈ.ਜੀ. ਉਪਰ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਨਿਤਾਰਨ ਦਾ ਦਬਾਅ
    ਪਾ ਰਿਹਾ ਹੈ । ਆਈ.ਜੀ. ਪਾਣੀ ਨੂੰ ਦੁੱਧ ਕਿਸ ਤਰ੍ਹਾਂ ਬਣਾ ਦੇਵੇ । ਆਪਣੀ ਲਿਹਾਜ਼ ਕਾਰਨ ਉਸਨੇ ਮਾਮਲਾ ਲਟਕਾ ਦਿੱਤਾ ਹੈ । ਤੁਸੀਂ ਮੁੱਖ-ਮੰਤਰੀ ਨੂੰ ਠੰਡਾ ਕਰੋ । ਉਹ ਦੋਬਾਰਾ ਮਿਸਲ ਮੰਗਵਾ ਕੇ ਆਪਣਾ ਕੰਮ ਕਰ ਦੇਵੇਗਾ ।"
    ਆਈ.ਜੀ. ਦੀ ਮਜਬੂਰੀ ਦੱਸ ਕੇ ਪ੍ਰਤਾਪ ਸਿੰਘ ਉਨ੍ਹਾਂ ਨੂੰ ਆਪਣੇ ਬਾਰੇ ਚੌਕਸ ਕਰਨ ਲੱਗਾ :
    "ਦੋਹੇਂ ਧਿਰਾਂ ਇਕੋ ਪਰਿਵਾਰ ਦੀਆਂ ਮੈਂਬਰ ਹਨ । ਰਿਸ਼ਤੇਦਾਰ ਅਤੇ ਭਾਈਚਾਰਾ ਸਾਂਝਾ ਹੈ । ਆਈ.ਜੀ. ਦਾ ਅਨੁਮਾਨ ਹੈ ਕਿ ਤੁਹਾਡਾ ਹਮਦਰਦ ਬਣਿਆ ਫਿਰਦਾ ਕੋਈ ਬੰਦਾ ਦੂਜੀ ਧਿਰ ਨੂੰ ਸੂਹ ਦੇ ਰਿਹਾ ਹੈ । ਜਿਹੜੀ ਗੱਲ ਤੇਰੇ ਅਤੇ ਮੇਰੇ ਵਿਚਕਾਰ ਹੋਈ
    ਉਹ ਮੁੱਖ-ਮੰਤਰੀ ਤਕ ਕਿਸ ਤਰ੍ਹਾਂ ਪੁੱਜ ਗਈ? ਇਸ ਗੱਲ ਨੂੰ ਗਹਿਰਾਈ ਨਾਲ ਸੋਚੋ । ਕਿਧਰੇ ਮੇਰੀ ਪੱਗ ਨੂੰ ਹੱਥ ਨਾ ਪੈ ਜਾਏ । ਅੱਗੋਂ ਤੋਂ ਮੇਰੇ ਨਾਲ ਘੱਧਟੋ-ਘੱਟ ਸੰਪਰਕ ਕਰੋ । ਫ਼ੋਨ ਬਿਲਕੁਲ ਨਾ ਕਰੋ । ਪਤਾ ਨਹੀਂ ਕਦੋਂ ਕੋਈ ਗੱਲ-ਬਾਤ ਟੇਪ ਕਰ ਲਏ । ਕੋਈ ਲੋੜ ਪਏ, ਵਾਸੂਦੇਵਾ ਨਾਲ ਫ਼ੋਨ ਕਰ ਲੈਣਾ । ਉਹ ਆਪੇ ਮੇਰੇ ਨਾਲ ਸੰਪਰਕ ਕਰ ਲਏਗਾ । ਮੇਰਾ ਨਾਂ ਵਿਚ ਆ ਗਿਆ, ਥੋਡੇ ਹਾਈ ਕੋਰਟ ਦੇ ਸਾਰੇ ਕੰਮ ਵਿਚ ਰਹਿ ਜਾਣਗੇ ।... ਘਰ ਦਾ ਭੇਤੀ ਲੱਧਭੋ । ਸਭ ਮਸਲੇ ਹੱਲ ਹੋ ਜਾਣਗੇ ।"
    "ਸਰ ਤੁਹਾਡੀ ਬਹੁਤ ਪਹੁੰਚ ਹੈ । ਕੋਈ ਮੁੱਖ-ਮੰਤਰੀ ਦਾ ਠੋਸ ਬੰਦਾ ਲੱਭ ਦਿਓ ।"
    ਪੰਕਜ ਪ੍ਰਤਾਪ ਸਿੰਘ ਦੀ ਭਰਪੂਰ ਵਾਕਫ਼ੀਅਤ ਦਾ ਫ਼ਾਇਦਾ ਉਠਾਉਣਾ ਚਾਹੁੰਦਾ ਸੀ ।
    "ਮੇਰੀ ਜਾਣ-ਪਹਿਚਾਣ ਅਫ਼ਸਰਾਂ ਨਾਲ ਹੈ । ਉਨ੍ਹਾਂ ਕੋਲੋਂ ਜੋ ਮਰਜ਼ੀ ਕਰਵਾ ਲਵਾਂ ।
    ਅਫ਼ਸਰ ਧੁਰ ਤਕ ਪੁੱਗਦੇ ਹਨ । ਸਿਆਸੀ ਬੰਦਿਆਂ ਦਾ ਕੋਈ ਭਰੋਸਾ ਨਹੀਂ । ਅੱਜ ਇਕ ਦੀ ਝੋਲੀ, ਕੱਲ੍ਹ ਨੂੰ ਦੂਜੇ ਦੀ । ਦੋਹਾਂ ਧਿਰਾਂ ਤੋਂ ਪੈਸੇ ਲੈ ਲੈਂਦੇ ਹਨ। ਆਪਣੇ 'ਤੇ ਬਣਦੀ ਨਜ਼ਰ ਆਵੇ, ਪਾਣੀ ਅਫ਼ਸਰਾਂ ਵੱਲ ਰੋੜ੍ਹ ਦਿੰਦੇ ਹਨ । ਜਦੋਂ ਇਹ ਗੱਦੀਉਂ  ਹਿੰਦੇ ਹਨ, ਸੌ ਸੌ ਸਕੈਂਡਲਾਂ ਵਿਚ ਫਸਦੇ ਹਨ । ਸਿਆਸੀ ਲੋਕ ਆਪਸ ਵਿਚ ਇਕ-ਮਿੱਕ ਹੋ ਜਾਂਦੇ ਹਨ । ਅਫ਼ਸਰ ਮੁਕੱਦਮੇ ਭੁਗਤਦੇ ਮਰ ਜਾਂਦੇ ਹਨ । ਤੁਹਾਡਾ ਮਸਲਾ ਟੇਢਾ ਹੈ । ਸਿਆਸੀ ਬੰਦਿਆਂ ਤੋਂ ਕੰਮ ਸਿਆਸੀ ਬੰਦਿਆਂ ਰਾਹੀਂ ਲਓ । ਕੋਈ ਮੇਰਾ ਦਾਅ ਲੱਧਗਿਆ, ਮੈਂ ਤੁਹਾਨੂੰ ਫ਼ੋਨ ਕਰਕੇ ਦੱਸ ਦਿਆਂਗਾ ।"
    ਪ੍ਰਤਾਪ ਸਿੰਘ ਪੰਕਜ ਹੋਰਾਂ ਦੀ ਪਹੁੰਚ ਮੁੱਖ ਮੰਤਰੀ ਤਕ ਕਰਵਾ ਸਕਦਾ ਸੀ, ਪਰ ਹੋਈ ਸ਼ਿਕਾਇਤ ਤੋਂ ਘਬਰਾ ਰਿਹਾ ਸੀ । ਆਪਣੇ ਮਨ ਅੰਦਰ ਉਹ ਸੁੱਖਾਂ ਸੁੱਖ ਰਿਹਾ ਸੀ ।
    ਇਸ ਵਾਰ ਬੇ-ਦਾਗ਼ ਉਹ ਇਸ ਸਿਆਪੇ ਵਿਚੋਂ ਨਿਕਲ ਜਾਵੇ । ਅੱਗੋਂ ਤੋਂ ਉਹ ਤਰੱਕੀ ਹੋਣ ਤਕ ਕਿਸੇ ਗਿੱਲੇ ਗੋਹੇ ਉਪਰ ਪੈਰ ਨਹੀਂ ਰੱਧਖੇਗਾ । ਨਵੀਂ ਮੁਸੀਬਤ ਗਲ ਪਾਉਣ ਦਾ ਸਵਾਲ ਹੀ ਨਹੀਂ ਸੀ ।
    ਪੰਕਜ ਹੁਣ ਉਸ ਲਈ ਵੈਸੇ ਵੀ ਅੰਬ ਦੀ ਚੂਸੀ ਗਿਟਕ ਵਾਂਗ ਸੀ । ਪ੍ਰਤਾਪ ਸਿੰਘ ਆਪਣੀ ਪੱਗ ਬਚਾ ਕੇ ਉਸਦੀ ਜਿੰਨੀ ਮਦਦ ਕਰ ਸਕਦਾ ਸੀ, ਕਰ ਚੁੱਕਾ ਸੀ । ਚੰਗੇ ਪੈਸੇ ਹੱਥ ਲੱਗ ਚੁੱਕੇ ਸਨ । ਅਫ਼ਸਰਾਂ ਨਾਲ ਲੈਣ-ਦੇਣ ਕਰਾਉਣ ਦਾ ਇਹੋ ਫ਼ਾਇਦਾ ਸੀ ।
    ਜੋ ਦਿੱਤਾ, ਫੜ ਕੇ ਰੱਖ ਲਿਆ । ਕੋਈ ਪੁੱਛ ਪੜਤਾਲ ਨਹੀਂ, ਕਿੰਨਾ ਲਿਆ, ਕਿਸ ਰਾਹੀਂ ਲਿਆ । ਕੰਮ ਹੋਇਆ, ਸਭ ਹਜ਼ਮ ।
    ਪ੍ਰਤਾਪ ਸਿੰਘ ਦੀ ਹਾਈ ਕੋਰਟ ਤਕ ਪਹੁੰਚ ਸੀ ਜਾਂ ਪੁਲਿਸ ਤੱਕ। ਉਹ ਦੋਹੀਂ ਥਾਈਂ ਹੱਥ-ਪੈਰ ਮਾਰ ਚੁੱਕਾ ਸੀ । ਹੋਰ ਕਿਧਰੇ ਵਿਚੋਲਗੀ ਦੀ ਗੁੰਜਾਇਸ਼ ਨਹੀਂ ਸੀ ।
    ਕਿਧਰੇ ਹੋਵੇ ਵੀ ਉਸਨੇ ਤਾਂ ਵੀ ਨਹੀਂ ਸੀ ਕਰਨੀ । ਲਾਲਚ ਬੁਰੀ ਬਲਾ ਹੈ ।
    ਇਹੋ ਸੋਚ ਕੇ ਪ੍ਰਤਾਪ ਸਿੰਘ ਨੇ ਪੰਕਜ ਹੋਰਾਂ ਨਾਲ ਆਖ਼ਰੀ ਵਾਰ ਹੱਥ ਮਿਲਾਇਆ ।


    46

    ਮੁੱਖ-ਮੰਤਰੀ ਤਕ ਪਹੁੰਚ ਕਰਨੀ ਔਖੀ ਨਹੀਂ ਸੀ । ਸਮੱਧਸਿਆ ਸੀ, ਘਰ ਦੇ ਭੇਤ ਬਾਹਰ ਜਾਣ ਦੀ । ਲੰਕਾ ਢਾਹੁਣ ਵਾਲੇ ਭਵੀਸ਼ਣ ਦੀ ।
    ਇਹ ਸਮੱਧਸਿਆ ਨਵੀਂ ਨਹੀਂ ਸੀ। ਪਹਿਲੇ ਦਿਨ ਤੋਂ ਪੇਸ਼ ਆ ਰਹੀ ਸੀ । ਪਹਿਲਾਂ ਮੇਲੂ ਰਾਹੀਂ ਕਪਤਾਨ ਨਾਲ ਹੋਏ ਸੰਪਰਕ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਪੀਆਂ । ਹੁਣ ਆਈ.ਜੀ. ਨਾਲ ਪੱਕੀ ਖਿਚੜੀ ਜ਼ਾਹਰ ਹੋ ਗਈ । ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਉਨ੍ਹਾਂ ਦਾ ਖ਼ਰਚਾ ਵੀ ਕਰੋੜਾਂ ਤਕ ਪੁੱਜ ਜਾਣਾ ਸੀ ਅਤੇ ਉਨ੍ਹਾਂ ਨੂੰ ਕੈਦ ਵੀ ਕੱਟਣੀ ਪੈਣੀ ਸੀ ।
    ਸਭ ਤੋਂ ਪਹਿਲਾਂ ਘਰ ਦੇ ਭੇਤੀ ਦਾ ਖੁਰਾ ਖੋਜਣਾ ਜ਼ਰੂਰੀ ਸੀ ।
    ਪੰਕਜ ਨਾ ਕਿਸੇ ਸਾਂਝੇ ਦੋਸਤ ਦੀ ਮਦਦ ਲੈ ਰਿਹਾ ਸੀ, ਨਾ ਕਿਸੇ ਸਾਂਝੇ ਰਿਸ਼ਤੇਦਾਰ ਦੀ । ਸਾਰੀ ਕਾਰਵਾਈ ਦੌਰਾਨ ਉਸ ਨਾਲ ਅਜੇ ਰਿਹਾ ਸੀ ਜਾਂ ਵਿਨੇ । ਉਹ ਉਸਦੇ ਆਪਣੇ ਦੋਸਤ ਸਨ । ਵੇਦ ਜਾਂ ਕਮਲ ਦਾ ਉਹ ਪਹਿਲਾਂ ਨਾਂ ਤਕ ਨਹੀਂ ਸਨ ਜਾਣਦੇ । ਸਤੀਸ਼
    ਉਸਦਾ ਸਕਾ ਸਾਲਾ ਸੀ । ਉਸਨੂੰ ਜੀਜਾ ਪਿਆਰਾ ਸੀ ਜਾਂ ਜੀਜੇ ਦੇ ਦੁਸ਼ਮਣ ।
    ਪੰਕਜ ਦੇ ਸਭ ਸਮਰਥਕ ਵਿਉਪਾਰੀ ਸਨ । ਵਿਉਪਾਰ ਵਿਚ ਕਰੋੜਾਂ ਦੇ ਕਾਰੋਬਾਰ ਦੋ ਨੰਬਰ ਵਿਚ ਹੁੰਦੇ ਹਨ । ਕਾਮਯਾਬ ਵਿਉਪਾਰੀ ਉਹੋ ਹੈ, ਜੋ ਕਰੋੜਾਂ ਦੀ ਕਾਂਪ ਤਾਂ ਝੱਲ ਜਾਵੇ, ਪਰ ਭੇਤ ਬਾਹਰ ਨਾ ਕੱਢੇ ।
    ਸ਼ੱਕ ਦੀ ਦੂਸਰੀ ਸੂਈ ਸਿੰਗਲੇ ਵੱਲ ਮੁੜਦੀ ਸੀ ।
    ਸਿੰਗਲਾ ਪੰਕਜ ਦੇ ਪਰਿਵਾਰਕ ਘੇਰੇ ਵਿਚੋਂ ਨਹੀਂ ਸੀ । ਨਾ ਉਹ ਘਾਟੇ-ਵਾਧੇ ਹਜ਼ਮ ਕਰਨ ਵਾਲਾ ਵਿਉਪਾਰੀ ਸੀ ।
    ਪਰ ਉਹ ਵਕੀਲ ਸੀ । ਵਕੀਲਾਂ ਨੂੰ ਆਪਣੇ ਸਾਇਲਾਂ ਦੇ ਹਰ ਚੰਗੇ ਮਾੜੇ ਕੰਮ ਦਾ ਪਤਾ ਹੁੰਦਾ ਹੈ । ਵਕੀਲ ਨੂੰ ਸਾਇਲ ਦੇ ਸਾਰੇ ਭੇਤ ਆਪਣੀ ਹਿੱਕ ਵਿਚ ਦਫ਼ਨ ਰੱਖਣੇ ਪੈਂਦੇ ਹਨ । ਇਕ ਵਕੀਲ ਦਾ ਹਾਜ਼ਮਾ ਵੀ ਕਮਜ਼ੋਰ ਨਹੀਂ ਹੋ ਸਕਦਾ ।
    ਫੇਰ ਗੱਲ ਨਿਕਲੀ ਕਿਥੋਂ? ਸਮੱਸਿਆ ਸਦਾ ਸਦਾ ਲਈ ਹੱਲ ਹੋਣੀ ਚਾਹੀਦੀ ਸੀ । ਜੇ ਸਿੰਗਲੇ 'ਤੇ ਸ਼ੱਕ ਸੀ ਤਾਂ ਦੂਰ ਕਰ ਲੈਣਾ ਚਾਹੀਦਾ ਸੀ । ਵਕੀਲ ਨਾਲ ਉਨ੍ਹਾਂ ਨੂੰ ਹਰ ਪੜਾਅ 'ਤੇ ਰਾਏ ਮਸ਼ਵਰਾ ਕਰਨਾ ਪੈਣਾ ਸੀ । ਵਕੀਲ ਕੋਲੋਂ ਭੇਤ ਛੁਪਾ ਕੇ ਮੁਕੱਦਮਾ ਨਹੀਂ ਜਿੱਧਤਿਆ ਜਾ ਸਕਦਾ ।
    ਜੇ ਕਸੂਰਵਾਰ ਹੋਇਆ ਆਪੇ ਪੈਰਵਾਈ ਛੱਡ ਜਾਏਗਾ । ਅਣਗਹਿਲੀ ਕਰਦਾ ਹੋਇਆ ਅੱਗੋਂ ਤੋਂ ਸਾਵਧਾਨ ਹੋ ਜਾਏਗਾ । ਬੇ-ਕਸੂਰ ਹੋਇਆ ਸਪੱਸ਼ਟੀਕਰਨ ਦੇਵੇਗਾ ।
    "ਨਾ ਕਾਨੂੰਨ ਵਕੀਲ ਨੂੰ ਆਪਣੇ ਸਾਇਲ ਦੇ ਭੇਤ ਬਾਹਰ ਕੱਢਣ ਦੀ ਇਜਾਜ਼ਤ ਦਿੰਦਾ ਹੈ, ਨਾ ਇਖ਼ਲਾਕ । ਵਿਰੋਧੀ ਧਿਰ ਨਾਲ ਸਾਜ਼-ਬਾਜ਼ ਕਰਨ ਦੀ ਜੁਅਰਤ ਉਹੋ ਵਕੀਲ ਕਰ ਸਕਦਾ ਹੈ ਜਿਸਨੇ ਵਕਾਲਤ ਨੂੰ ਤਲਾਕ ਦੇਣਾ ਹੋਵੇ । ਵਕੀਲ ਦੇ ਹੋਰ ਸਭ
    ਕਸੂਰ ਮੁਆਫ਼ ਹੋ ਸਕਦੇ ਹਨ, ਪਰ ਵਿਰੋਧੀ ਧਿਰ ਨਾਲ ਮਿਲਣ ਵਾਲਾ ਕਾਲਾ ਟਿੱਕਾ ਹਮੇਸ਼ਾ ਉਸਦੇ ਮੱਥੇ 'ਤੇ ਚਮਕਦਾ ਰਹਿੰਦਾ ਹੈ । ਮੈਂ ਹਾਲੇ ਬਹੁਤ ਮੰਜ਼ਲਾਂ ਤੈਅ ਕਰਨੀਆਂ ਹਨ ।"
    ਇਸ ਜਵਾਬ ਦੇ ਨਾਲ-ਨਾਲ ਸਿੰਗਲੇ ਨੇ ਇਕ ਸੁਝਾਅ ਵੀ ਦਿੱਤਾ ।
    "ਡਰਾਈਵਰਾਂ ਤੋਂ ਸਾਵਧਾਨ ਰਹੋ । ਰਸਤਿਆਂ ਵਿਚ ਉਹ ਸਾਰੀ ਗੱਲਬਾਤ ਸੁਣਦੇ ਰਹਿੰਦੇ ਹਨ । ਨਸ਼ੇ ਵਿਚ ਟੁਨ ਹੋ ਕੇ ਸਭ ਕੁਝ ਬਕ ਦਿੰਦੇ ਹਨ । ਮੈਂ ਕਈ ਵਾਰ ਅਜਿਹੇ ਭੇਤ ਡਰਾਈਵਰਾਂ ਕੋਲੋਂ ਕੱਢੇ ਹਨ ।"
    ਸਿੰਗਲੇ ਨੇ ਇਕ ਵਾਰ ਫੇਰ ਉਨ੍ਹਾਂ ਦਾ ਮਨ ਮੋਹ ਲਿਆ । ਉਸਦਾ ਸ਼ੱਕ ਕਾਫੀ ਹੱਦ ਤਕ ਠੀਕ ਜਾਪਦਾ ਸੀ ।
    ਪੰਕਜ ਹੋਰਾਂ ਨੇ ਮਤਾ ਪਕਾਇਆ । ਅੱਗੇ ਤੋਂ ਜਦੋਂ ਉਹ ਮੁਕੱਦਮੇ ਦੇ ਸਬੰਧ ਵਿਚ ਬਾਹਰ ਜਾਣਗੇ ਤਾਂ ਗੱਡੀ ਖ਼ੁਦ ਚਲਾਉਣਗੇ ।
    ਨਾ ਰਹੇਗਾ ਬਾਂਸ ਨਾ ਵੱਜੇਗੀ ਬੰਸਰੀ ।


    47

    ਬਲਾ ਡਰਾਈਵਰ ਗਲ ਪਾ ਕੇ ਸਿੰਗਲੇ ਨੇ ਆਪਣੀ ਧੌੜੀ ਜ਼ਰੂਰ ਬਚਾ ਲਈ ਪਰ ਇਸ ਵਾਰ ਭਾਂਬੜ ਸਿੰਗਲੇ ਦੀ ਲਾਈ ਤੀਲੀ ਕਾਰਨ ਨਿਕਲਿਆ ਸੀ । ਇਹ ਦੂਸਰੀ ਗੱਲ ਸੀ ਕਿ ਅੱਗ ਉਸਨੇ ਜਾਣ ਬੁੱਝ ਕੇ ਨਹੀਂ ਸੀ ਲਾਈ ।
    ਵਿਹਲੇ ਚਾਰ ਵਕੀਲ ਜਦੋਂ ਇਕੱਠੇ ਹੁੰਦੇ ਹਨ ਤਾਂ ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਨਵੇਂ ਮੁਕੱਦਮਿਆਂ ਨਾਲ ਸਬੰਧਤ ਹੁੰਦਾ ਹੈ । ਕਿਸ ਕੇਸ ਵਿਚ ਕਿਸ ਵਕੀਲ ਨੇ ਕਿੰਨੀ ਠੱਗੀ ਮਾਰੀ? ਕਿਸ ਵਕੀਲ ਨੇ ਕਿਸ ਜੱਜ ਦੇ ਨਾਂ 'ਤੇ ਕਿੰਨੇ ਪੈਸੇ ਖਾਧੇ? ਕਿਸ ਜੱਜ ਨੇ ਕਿਸ ਪਾਰਟੀ ਤੋਂ, ਕਿਸ ਰਾਹੀਂ, ਕਿੰਨੇ ਪੈਸੇ ਲਏ? ਪੁਲਿਸ ਨੇ ਕਿਸ ਦੇ ਆਖੇ ਜ਼ਿਮਨੀਆਂ ਬਦਲੀਆਂ? ਗਵਾਹੀ ਮੁੱਕਰਣ ਦੇ ਕਿੰਨੇ ਪੈਸੇ ਲਏ । ਇਹੋ ਜਿਹੀ ਇਕ ਗੱਪ-ਸ਼ੱਪ ਦੇ ਦੌਰਾਨ ਪੁਲਿਸ ਕਪਤਾਨ ਦੀ ਈਮਾਨਦਾਰੀ ਦਾ ਕਿੱਸਾ ਛਿੜ ਪਿਆ । ਪੁਲਿਸ ਪੱਖੀ ਇਕ ਵਕੀਲ ਪੁਲਿਸ ਕਪਤਾਨ ਦੀ ਈਮਾਨਦਾਰੀ ਦੇ ਸੋਹਲੇ ਗਾਉਣ ਲੱਗਾ । ਦੂਜਾ ਵਕੀਲ ਕਪਤਾਨ ਵੱਲੋਂ ਮੁੱਖ-ਮੰਤਰੀ ਪਰਿਵਾਰ ਨੂੰ ਜਾਂਦੀ
    ਮੰਥਲੀ ਦਾ ਵੇਰਵਾ ਦੇਣ ਲੱਗਾ । ਤੀਜਾ ਵਕੀਲ ਕਪਤਾਨ ਵੱਲੋਂ ਮੁਕੱਦਮੇ ਦਰਜ ਕਰਨ ਅਤੇ ਦਰਜ ਮੁਕੱਦਮਿਆਂ ਨੂੰ ਕੈਂਸਲ ਕਰਨ ਲਈ ਵਸੂਲੀ ਜਾਂਦੀ ਰਕਮ ਦੇ ਸਬੂਤ ਦੇਣ ਲੱਗਾ । ਕਪਤਾਨ ਪੱਖੀ ਵਕੀਲ ਦੀ ਦਲੀਲ ਨੂੰ ਕਾਟ ਦੇਣ ਲਈ ਸਿੰਗਲੇ ਨੇ ਠੋਸ ਸਬੂਤ
    ਵਜੋਂ ਇਸ ਮੁਕੱਦਮੇ ਦੇ ਤੱਥ ਪੇਸ਼ ਕਰ ਦਿੱਤੇ । ਕਪਤਾਨ ਪੱਖੀ ਵਕੀਲ ਕੰਨ ਝਾੜ ਕੇ ਤੁਰ ਗਿਆ ।
    ਪਰ ਬਘੇਲ ਸਿੰਘ ਪੱਖੀ ਇਕ ਵਕੀਲ ਨੇ ਇਹ ਗੱਲ ਆਪਣੇ ਕੰਨ ਵਿਚ ਪਾ ਲਈ ।
    ਵਕੀਲ ਅਤੇ ਵਿਧਾਇਕ ਕਈ ਦਿਨਾਂ ਤੋਂ ਕਿਸੇ ਠੋਸ ਸਬੂਤ ਦੀ ਤਲਾਸ਼ ਵਿਚ ਸਨ ।
    ਵਿਧਾਇਕ ਦੀ ਕਪਤਾਨ ਵਿਰੁਧ ਸ਼ਿਕਾਇਤ ਦੀ ਸੁਣਵਾਈ ਨਹੀਂ ਸੀ ਹੋ ਰਹੀ । ਮੁੱਖਮੰਤਰੀ ਵੱਲੋਂ ਠੋਸ ਸਬੂਤ ਦੀ ਮੰਗ ਕੀਤੀ ਜਾ ਰਹੀ ਸੀ । ਹੁਣ ਕਪਤਾਨ ਅੜਿੱਕੇ ਆਇਆ ਸੀ ।
    ਵਕੀਲ ਤੁਰੰਤ ਵਿਧਾਇਕ ਦੀ ਕੋਠੀ ਜਾ ਵੱਜਾ । ਕਪਤਾਨ ਤੋਂ ਬਦਲਾ ਲੈਣ ਦਾ ਇਹ ਵਧੀਆ ਮੌਕਾ ਸੀ ।
    ਵਕੀਲ ਦਾ ਇਕ ਰਿਸ਼ਤੇਦਾਰ ਪੁਲਿਸ ਨੇ ਇਕ ਝੂਠੇ ਕੇਸ ਵਿਚ ਫ਼ਸਾ ਰੱਧਖਿਆ ਸੀ । ਉਸਦੇ ਰਿਸ਼ਤੇਦਾਰ ਦਾ ਇਹ ਕਸੂਰ ਸੀ ਕਿ ਉਸਨੇ ਬੈਅ-ਨਾਮੇ ਉਪਰ ਗਵਾਹੀ ਪਾਈ ਸੀ ।
    ਗਵਾਹੀ ਉਸਨੇ ਠੀਕ ਪਾਈ ਸੀ । ਪਲਾਟ ਵੇਚਣ ਵਾਲਾ ਉਸਦਾ ਦੋਸਤ ਸੀ । ਉਸਨੇ ਆਪਣੇ ਦੋਸਤ ਦੀ ਸ਼ਨਾਖ਼ਤ ਕੀਤੀ ਸੀ । ਦੋਸਤ ਕੋਲ ਮਾਲਕ ਵੱਲੋਂ ਉਸਦੇ ਹੱਕ ਵਿਚ ਦਿੱਤਾ ਮੁਖ਼ਤਿਆਰ-ਨਾਮਾ ਸੀ । ਉਸ ਮੁਖਤਿਆਰ-ਨਾਮੇ ਦੀ ਨਕਲ ਸਬੂਤ ਵਜੋਂ ਬੈਅ-ਨਾਮੇ ਨਾਲ ਲਾਈ ਗਈ ਸੀ । ਪਿਛੋਂ ਪਤਾ ਲੱਗਾ ਉਹ ਮੁਖ਼ਤਿਆਰ-ਨਾਮਾ ਜਾਅਲੀ ਸੀ । ਇਸ ਵਿਚ ਗਵਾਹ ਦਾ ਕੀ ਕਸੂਰ ਸੀ । ਨਾ ਕਾਨੂੰਨੀ ਤੌਰ 'ਤੇ ਉਹ ਮੁਲਜ਼ਮ ਬਣਦਾ ਸੀ । ਨਾ ਅਸਲ ਵਿਚ ਉਸਨੂੰ ਇਸ ਜਾਅਲ-ਸਾਜ਼ੀ ਬਾਰੇ ਪਤਾ ਸੀ । ਵਕੀਲ ਵਿਧਾਇਕ 'ਤੇ ਜ਼ੋਰ ਪਾ ਰਿਹਾ ਸੀ । ਉਹ ਕਪਤਾਨ ਨੂੰ ਆਖ ਕੇ ਉਸਦੇ ਰਿਸ਼ਤੇਦਾਰ ਨੂੰ ਬੇ-ਕਸੂਰ ਕਰਾਰ ਦਿਵਾਏ ।
    ਵਿਧਾਇਕ ਕਈ ਵਾਰ ਸਿਫ਼ਾਰਸ਼ ਕਰ ਚੁੱਕਾ ਸੀ ਪਰ ਕਪਤਾਨ ਟਾਲਮਟੋਲ ਕਰ ਰਿਹਾ ਸੀ ।
    ਵਕੀਲ ਨੂੰ ਕਪਤਾਨ 'ਤੇ ਵੱਧ ਗੁੱਸਾ ਇਸ ਲਈ ਸੀ ਕਿ ਪੁਲਿਸ ਬੈਅ-ਨਾਮੇ ਦੇ ਦੂਜੇ ਗਵਾਹ ਨੂੰ ਬੇ-ਕਸੂਰ ਕਰਾਰ ਦੇਈ ਬੈਠੀ ਸੀ । ਮੁਖਤਿਆਰ-ਨਾਮੇ ਦੇ ਗਵਾਹਾਂ ਨੂੰ ਪੁਲਿਸ ਨੇ ਬੁਲਾਇਆ ਤਕ ਨਹੀਂ ਸੀ । ਹਾਲਾਂਕਿ ਗ਼ਲਤ ਬੰਦੇ ਨੂੰ ਤਸਦੀਕ ਕਰਕੇ ਜਾਅਲੀ
    ਮੁਖਤਿਆਰ-ਨਾਮਾ ਤਿਆਰ ਕਰਾਉਣ ਵਿਚ ਉਨ੍ਹਾਂ ਦਾ ਹੱਥ ਸੀ । ਵਕੀਲ ਨੂੰ ਬਘੇਲ ਸਿੰਘ 'ਤੇ ਗੁੱਸਾ ਸੀ । ਉਹ ਪੂਰਾ ਜ਼ੋਰ ਨਹੀਂ ਸੀ ਲਾਉਂਦਾ ।
    ਵਿਧਾਇਕ ਨੂੰ ਕਪਤਾਨ 'ਤੇ ਗੁੱਸਾ ਸੀ । ਉਹ ਉਸਦਾ ਜਾਇਜ਼ ਕੰਮ ਵੀ ਨਹੀਂ ਕਰਦਾ ।
    ਕਪਤਾਨ ਨਾਲ ਕਿੜ ਕੱਢਣ ਦਾ ਇਹ ਵਧੀਆ ਮੌਕਾ ਸੀ ।
    ਵੈਸੇ ਵੀ ਇਹ ਪਾਰਟੀ ਮੋਟੀ ਸੀ । ਅਫ਼ਸਰ ਝੋਲੀਆਂ ਭਰ ਰਹੇ ਸਨ । ਉਹ ਟੰਗ ਅੜਾਉਣਗੇ ਤਾਂ ਭੇਲੀ ਵਿਚੋਂ ਕੋਈ ਰੋੜੀ ਉਨ੍ਹਾਂ ਦੇ ਹੱਥ ਵੀ ਲਗ ਸਕਦੀ ਸੀ ।
    ਬਹਾਨਾ ਲੱਭਦੇ ਹੀ ਵਿਧਾਇਕ ਅਤੇ ਵਕੀਲ ਚੰਡੀਗੜ੍ਹ ਦੇ ਰਾਹ ਪੈ ਗਏ । ਜਾਂਦੇ ਹੋਏ ਉਨ੍ਹਾਂ ਖ਼ਬਰਾਂ ਦੀਆਂ ਕਾਤਰਾਂ ਵੀ ਨਾਲ ਲੈ ਲਈਆਂ ਜਿਨ੍ਹਾਂ ਵਿਚ ਸਰਕਾਰੀ ਵਕੀਲ ਅਤੇ ਥਾਣੇਦਾਰ ਦੇ ਮੁਲਜ਼ਮ ਧਿਰ ਨਾਲ ਸਾਜ਼-ਬਾਜ਼ ਹੋਣ ਦੀਆਂ ਖ਼ਬਰਾਂ ਛਪੀਆਂ ਸਨ ।
    ਮੁੱਖ-ਮੰਤਰੀ ਕੁਝ ਮਿੰਟ ਪਹਿਲਾਂ ਕੋਠੀਉਂ ਨਿਕਲ ਚੁੱਕਾ ਸੀ । ਉਹ ਉਸਨੂੰ ਮਿਲਣੋ ਰਹਿ ਗਏ ।
    ਮੁੱਖ-ਮੰਤਰੀ ਦਾ ਸਿਆਸੀ ਸਕੱਤਰ ਵਿਧਾਇਕ ਦਾ ਯਾਰ ਸੀ । ਵਿਧਾਇਕ ਨੇ ਸਕੱਤਰ ਨੂੰ ਸਾਰੀ ਕਹਾਣੀ ਸਮਝਾਈ । ਕਪਤਾਨ ਦੇ ਮੋਟੀ ਰਕਮ ਲੈਣ ਬਾਰੇ ਖ਼ਬਰ ਪੱਕੀ ਸੀ।
    'ਡੀ.ਆਈ.ਜੀ. ਨੇ ਦਸ ਲੱਖ ਲਿਆ ਹੈ' ਇਹ ਚਰਚਾ ਆਮ ਸੀ । ਸਕੱਤਰ ਨੇ ਜੇ ਥੋੜ੍ਹਾ ਜਿਹਾ ਝਟਕਾ ਦੇ ਦਿੱਤਾ, ਪਾਰਟੀ ਨੇ ਚੰਗੀ ਰਕਮ ਦੇ ਦੇਣੀ ਸੀ । ਸਕੱਤਰ ਨੇ ਬਘੇਲ ਸਿੰਘ ਦੇ ਸਾਹਮਣੇ ਹੀ ਕਪਤਾਨ ਤੋਂ ਕੇਸ ਦੀ ਤਾਜ਼ਾ ਸਥਿਤੀ ਬਾਰੇ ਪੁੱਛ ਲਿਆ । ਨਾਲ ਹੁੰਦੀ ਚਰਚਾ ਬਾਰੇ ਸੁਣਾ ਦਿੱਤਾ ।
    ਕਪਤਾਨ ਨੇ ਦੱਧਸਿਆ ਮਿਸਲ ਆਈ.ਜੀ. ਕਰਾਈਮ ਕੋਲ ਆਈ ਹੋਈ ਸੀ । ਇਹ ਵੀ ਪਤਾ ਲੱਗਾ ਦੋਸ਼ੀਆਂ ਨੇ ਆਪਣੇ ਬੇ-ਕਸੂਰ ਹੋਣ ਬਾਰੇ ਦਰਖ਼ਾਸਤ ਦਿੱਤੀ ਸੀ । ਆਈ.ਜੀ. ਉਸੇ ਦੀ ਪੜਤਾਲ ਕਰ ਰਿਹਾ ਸੀ ।
    ਆਈ.ਜੀ. ਕੋਲ ਆਈ ਮਿਸਲ ਦਾ ਮਤਲਬ ਸੀ ਦੋਸ਼ੀਆਂ ਦਾ ਬੇ-ਕਸੂਰ ਸਾਬਤ ਹੋਣਾ । ਸਕੱਤਰ ਨੂੰ ਆਈ.ਜੀ. ਦੀਆਂ ਸਾਰੀਆਂ ਕਾਰਵਾਈਆਂ ਦਾ ਪਤਾ ਸੀ । ਉਹ ਨੋਟਾਂ ਦੇ ਬੋਰੇ ਭਰ ਰਿਹਾ ਸੀ । ਪਹਿਲਾਂ ਉਹ ਕਦੇ ਸਕੱਤਰ ਦੇ ਲੋਟ ਨਹੀਂ ਸੀ ਆਇਆ । ਹੁਣ ਦਬਕਾ ਮਾਰਿਆ ਜਾ ਸਕਦਾ ਸੀ ।
    ਸਿਆਸੀ ਸਕੱਤਰ ਦੀ ਪ੍ਰਿੰਸੀਪਲ ਸੈਕਟਰੀ ਨਾਲ ਇਕੋ ਗੱਲ ਸੀ । ਆਈ.ਜੀ. ਦਾ ਰੈਂਕ ਵੱਡਾ ਸੀ । ਉਸਨੂੰ ਦਬਕਾ ਪ੍ਰਿੰਸੀਪਲ ਸੈਕਟਰੀ ਤੋਂ ਮਰਵਾਇਆ ਗਿਆ । ਦੋ ਲੱਖ ਲਈ ਰਿਸ਼ਵਤ ਦੀ ਕਹਾਣੀ ਕੋਲੋਂ ਘੜੀ ਗਈ ।
    ਆਈ.ਜੀ. ਕਿਧਰੇ ਸਿੱਧਾ ਮੁੱਖ-ਮੰਤਰੀ ਨੂੰ ਸਪੱਸ਼ਟੀਕਰਨ ਨਾ ਦੇਣ ਲੱਗ ਜਾਏ ਇਸ ਲਈ ਪ੍ਰਿੰਸੀਪਲ ਸੈਕਟਰੀ ਨੇ ਬਘੇਲ ਸਿੰਘ ਦੀ ਸ਼ਿਕਾਇਤ ਮੁੱਖ-ਮੰਤਰੀ ਦੇ ਕੰਨੀਂ ਕੱਢ ਦਿੱਤੀ ।
    ਬਘੇਲ ਸਿੰਘ ਪਾਰਟੀ ਦੇ ਨਰਾਜ਼ ਧੜੇ ਨਾਲ ਸਬੰਧ ਰੱਖਦਾ ਸੀ । ਇਹ ਧੜਾ ਦਿਨੋਦਿਨ ਭਾਰੂ ਹੁੰਦਾ ਜਾ ਰਿਹਾ ਸੀ । ਧੜੇ ਵਿਚ ਸੰਨ੍ਹ ਲਾਉਣੀ ਜ਼ਰੂਰੀ ਸੀ ।
    ਵਿਧਾਇਕ ਨੂੰ ਖ਼ੁਸ਼ ਕਰਨ ਲਈ ਮੁੱਖ-ਮੰਤਰੀ ਨੇ ਤੁਰੰਤ ਕਾਰਵਾਈ ਕਰਨ ਦਾ ਹੁਕਮ ਝਾੜ ਦਿੱਤਾ । ਪ੍ਰਿੰਸੀਪਲ ਸੈਕਟਰੀ ਨੂੰ ਸਥਿਤੀ 'ਤੇ ਨਜ਼ਰ ਰੱਖਣ ਅਤੇ ਸਵੇਰੇ ਸ਼ਾਮ ਮੁੱਖਮੰਤਰੀ ਨੂੰ ਸੂਚਿਤ ਕਰਨ ਦੀ ਹਦਾਇਤ ਕਰ ਦਿੱਤੀ ।
    ਉਨ੍ਹਾਂ ਦੇ ਘੁੱਗੀ ਸੂਤ ਆ ਗਈ । ਆਈ.ਜੀ. ਮੋਕ ਮਾਰ ਗਿਆ । ਸੀ.ਐਮ. ਹਾਊਸ ਆ ਕੇ ਨਾਲੇ ਸਕੱਤਰਾਂ ਕੋਲ ਹਾਜ਼ਰੀ ਲਗਵਾਈ, ਨਾਲੇ ਮਿੰਨਤ ਤਰਲਾ ਕੀਤਾ । ਅੱਗੋਂ ਤੋਂ ਅੱਧ ਬੋਲ ਕੰਮ ਕਰਨ ਦਾ ਵਾਅਦਾ ਕੀਤਾ ।
    ਸਿੰਗਲੇ ਦੀ ਇਕ ਫੜ ਕੇ ਰਾਈ ਦਾ ਪਹਾੜ ਬਣਾ ਦਿੱਤਾ ।
    ਕੇਸ ਪੁਲਿਸ ਦੇ ਹੱਥੋਂ ਨਿਕਲ ਕੇ ਮੁੱਖ ਮੰਤਰੀ ਦੀ ਕੋਠੀ ਪਹੁੰਚ ਗਿਆ ।


    48

    ਪੰਕਜ ਦੇ ਡੈਡੀ ਠੀਕ ਆਖਿਆ ਕਰਦੇ ਸਨ : "ਅਫ਼ਸਰ ਅਤੇ ਨੇਤਾ ਚੰਗੇ ਸਮਿਆਂ ਵਿਚ ਸਾਥ ਦਿੰਦੇ ਹਨ । ਕਦੇ ਭੀੜ ਪੈ ਜਾਵੇ ਤਾਂ ਪੂਛ ਦਬਾ ਕੇ ਭੱਜ ਜਾਂਦੇ ਹਨ ।"
    ਪੰਕਜ ਹੋਰਾਂ ਨਾਲ ਇਸੇ ਤਰ੍ਹਾਂ ਹੋ ਰਿਹਾ ਸੀ । ਜਿੰਨ੍ਹਾਂ ਅਫ਼ਸਰਾਂ ਦੇ ਉਨ੍ਹਾਂ ਘਰ ਭਰੇ ਸਨ, ਦਿਲ ਖੋਲ੍ਹ ਕੇ ਤੋਹਫ਼ੇ ਦਿੱਤੇ ਸਨ, ਉਹ ਉਨ੍ਹਾਂ ਨੂੰ ਪਛਾਨਣ ਤੋਂ ਮੁਨਕਰ ਹੋ ਰਹੇ ਸਨ ।
    ਜਿਨ੍ਹਾਂ ਨੇਤਾਵਾਂ ਨੂੰ ਉਨ੍ਹਾਂ ਦਿਲ ਖੋਲ੍ਹ ਕੇ ਚੰਦੇ ਦਿੱਤੇ ਸਨ, ਵੇਲੇ-ਕੁਵੇਲੇ ਜਿਨ੍ਹਾਂ ਦੇ ਨਾਲ ਖਲੋਤੇ ਸਨ, ਉਹ ਹੁਣ ਉਨ੍ਹਾਂ ਦੇ ਫ਼ੋਨ ਸੁਣਨ ਨੂੰ ਤਿਆਰ ਨਹੀਂ ਸਨ ।
    ਮੁੱਖ-ਮੰਤਰੀ ਤਕ ਪਹੁੰਚ ਕਿਸ ਰਾਹੀਂ ਕੀਤੀ ਜਾਵੇ? ਇਹ ਸੋਚਣ ਲਈ ਰਿਸ਼ਤੇਦਾਰ ਇਕੱਠੇ ਹੋਏ ਬੈਠੇ ਸਨ । ਐਮ.ਪੀ. ਸਾਹਿਬ ਪਿੱਠ ਦਿਖਾ ਚੁੱਕੇ ਸਨ । ਡਰਦਾ ਵੀਹ ਦਿਨਾਂ ਤੋਂ ਉਹ ਮਾਇਆ ਨਗਰ ਨਹੀਂ ਸੀ ਵੜਿਆ । ਮਾਇਆ ਨਗਰ ਵਿਚੋਂ ਤਿੰਨ ਵਿਧਾਇਕ ਚੁਣੇ ਗਏ ਸਨ । ਦੋ ਵਿਰੋਧੀ ਧਿਰੇ ਦੇ ਸਨ । ਜਿਹੜਾ ਸੱਤਾਧਾਰੀ ਧਿਰ ਦਾ ਸੀ ਉਸ ਬਾਰੇ ਚਰਚਾ ਸੀ ਕਿ ਮੁੱਖ-ਮੰਤਰੀ ਉਸ ਦੀ ਸੁਣਦਾ ਨਹੀਂ । ਉਹ ਪਾਰਟੀ ਦੇ ਨਰਾਜ਼ ਧੜੇ ਨਾਲ ਜੁੜਿਆ ਹੋਇਆ ਸੀ ।
    ਪੰਕਜ ਦੇ ਇਕ ਸਾਲੇ ਦੇ ਸਾਂਢੂ ਦਾ ਬਾਪ ਮੁੱਖ-ਮੰਤਰੀ ਦੇ ਇਲਾਕੇ ਵਿਚ ਕਾਫ਼ੀ ਅਸਰ ਰਸੂਖ਼ ਰੱਖਦਾ ਸੀ । ਉਸਦਾ ਜੱਦੀ ਕੰਮ ਆੜ੍ਹਤ ਦਾ ਸੀ । ਦੋ ਸ਼ੈਲਰ ਅਤੇ ਤਿੰਨ ਭੱਠੇ ਵੀ ਸਨ । ਹੱਥ ਪਹਿਲੇ ਦਿਨੋਂ ਖੁਲ੍ਹਾ ਸੀ । ਸਮਾਜ-ਸੇਵਕ ਅਖਵਾਉਣ ਦਾ ਉਸਨੂੰ ਸ਼ੋਕ ਸੀ । ਇਲਾਕੇ ਵਿਚ ਅੱਖਾਂ ਦਾ ਕੈਂਪ ਲੱਗਾ ਹੋਵੇ, ਗਰੀਬ ਕੁੜੀਆਂ ਦੇ ਵਿਆਹ ਹੁੰਦੇ ਹੋਣ, ਉਹ ਦਿਲ ਖੋਲ੍ਹ ਕੇ ਦਾਨ ਦਿੰਦਾ ਸੀ । ਉਸਦੇ ਦਾਨ ਨੂੰ ਮੁੱਖ ਰੱਖਦਿਆਂ ਲਗਭਗ ਹਰ ਸੰਸਥਾ ਨੇ ਉਸ ਨੂੰ ਕੋਈ ਨਾ ਕੋਈ ਅਹੁਦਾ ਦਿੱਤਾ ਹੋਇਆ ਸੀ । ਸਿਆਸਤ ਵਿਚ ਉਸਨੂੰ ਕੋਈ ਦਿਲਚਸਪੀ ਨਹੀਂ ਸੀ । ਪਰ ਜੇ ਕੋਈ ਸਿਆਸੀ ਪਾਰਟੀ ਕਿਸੇ ਰੈਲੀ ਜਾਂ ਜਲੂਸ ਲਈ ਟਰੱਕ ਜਾਂ ਲੇਬਰ ਮੰਗਣ ਆ ਜਾਂਦੀ ਤਾਂ ਉਹ ਕਿਸੇ ਨੂੰ ਜਵਾਬ ਨਹੀਂ ਸੀ ਦਿੰਦਾ । ਅਕਾਲੀ, ਕਾਂਗਰਸੀ ਸਭ ਉਸ ਲਈ ਬਰਾਬਰ ਸਨ ।
    ਉਸਦੀ ਇਸੇ ਸੇਵਾ ਕਾਰਨ ਉਸਦੀ ਇਲਾਕੇ ਦੇ ਹਰ ਸਿਰਕੱਢ ਨੇਤਾ ਨਾਲ ਜਾਣਪਹਿਚਾਣ ਸੀ । ਕਦੇ-ਕਦੇ ਉਹ ਆਪਣੇ ਸ਼ੈਲਰ 'ਤੇ ਕੋਈ ਛੋਟਾ-ਮੋਟਾ ਸਮਾਗਮ ਰੱਖ ਕੇ ਸਿਆਸੀ ਨੇਤਾਵਾਂ ਨੂੰ ਬੁਲਾਉਣ ਦਾ ਸ਼ੌਕ ਪੂਰਾ ਕਰ ਲੈਂਦਾ ਸੀ ।
    ਉਸਦੀ ਕਬੀਲਦਾਰੀ ਠੀਕ ਚੱਲ ਰਹੀ ਸੀ । ਆਪਣੇ ਨਿਜੀ ਕੰਮਾਂ ਲਈ ਉਸਨੂੰ ਸਿਆਸੀ ਬੰਦਿਆਂ ਪਿੱਛੇ ਭੱਜਣ ਦੀ ਜ਼ਰੂਰਤ ਨਹੀਂ ਸੀ ਪੈਂਦੀ । ਕਿਸੇ ਸਾਂਝੇ ਕੰਮ ਲਈ ਜੇ ਉਹ ਕਿਸੇ ਮੰਤਰੀ ਕੋਲ ਜਾਂਦਾ ਤਾਂ ਕਦੇ ਖਾਲੀ ਹੱਥ ਨਹੀਂ ਸੀ ਮੁੜਦਾ ।
    ਇਹ ਮੁੱਖ-ਮੰਤਰੀ ਪਹਿਲਾਂ ਚੌਧਰੀ ਦੇ ਪਿੰਡ ਦਾ ਸਰਪੰਚ ਰਿਹਾ ਸੀ । ਜਦੋਂ ਇਹ ਵਿਧਾਇਕ ਬਣਿਆ ਚੌਧਰੀ ਨੇ ਉਸ ਕੋਲ ਆਉਣ-ਜਾਣ ਬਣਾਈ ਰੱਧਖਿਆ । ਮੰਤਰੀ ਬਣ ਕੇ ਉਹ ਚੌਧਰੀ ਦੀਆਂ ਵਿਆਹ-ਸ਼ਾਦੀਆਂ 'ਤੇ ਆਉਂਦਾ ਰਿਹਾ । ਮੁੱਖ-ਮੰਤਰੀ ਬਣ ਕੇ ਵੀ ਉਸਨੇ ਚੌਧਰੀ ਦੀ ਪਛਾਣ ਨਹੀਂ ਸੀ ਭੁੱਲੀ। ਭਰੇ ਇਕੱਠ ਵਿਚੋਂ ਉਹ ਚੌਧਰੀ ਨੂੰ ਨਾਂ ਲੈ ਕੇ ਬੁਲਾਉਂਦਾ ਸੀ ਅਤੇ ਸਭ ਤੋਂ ਪਹਿਲਾਂ ਉਸਦਾ ਕੰਮ ਕਰਦਾ ਸੀ । ਸਤੀਸ਼ ਦਾ ਮੱਤ ਸੀ ਚੌਧਰੀ ਦੀ ਮਦਦ ਲੈਣੀ ਚਾਹੀਦੀ ਸੀ ।
    ਮਾਲਵੇ ਦੀ ਹਿੱਕ 'ਤੇ ਵੱਧਸਿਆ ਚੌਧਰੀ ਦਾ ਇਲਾਕਾ ਮਾਇਆ ਨਗਰ ਦੀ ਜ਼ਿਲਤ ਤੋਂ ਬਚਿਆ ਹੋਇਆ ਸੀ । ਉਥੋਂ ਦੇ ਲੋਕ ਹਾਲੇ ਵੀ ਸਿੱਧੇ-ਸਾਦੇ ਸਨ ਅਤੇ ਹਰ ਕੰਮ ਵਿਚੋਂ ਸਿਆਸੀ ਲਾਹਾ ਨਹੀਂ ਸਨ ਲੈਂਦੇ ।
    ਕੰਮ ਹੋਵੇ ਜਾਂ ਨਾ, ਪਰ ਚੌਧਰੀ ਦੇ ਜਾਣ ਨਾਲ ਇਹ ਪਤਾ ਜ਼ਰੂਰ ਲੱਗ ਜਾਏਗਾ ਕਿ ਮੁੱਖ-ਮੰਤਰੀ ਦੀ ਮੁਦਈ ਧਿਰ ਵਿਚ ਕਿੰਨੀ ਕੁ ਦਿਲਚਸਪੀ ਸੀ । ਉਸ ਨੂੰ ਚੁੱਪ ਕਰਾਉਣ ਲਈ ਕਿਸ ਪੱਧਰ ਦਾ ਰਸੂਖ਼ ਅਤੇ ਕਿੰਨੀ ਕੁ ਰਕਮ ਚਾਹੀਦੀ ਸੀ ।
    ਰਿਸ਼ਤੇਦਾਰਾਂ ਨੂੰ ਉਸਦੀ ਮਦਦ ਦੀ ਲੋੜ ਹੈ ! ਇਹ ਸੁਣਕੇ ਚੌਧਰੀ ਫੁਲ ਕੇ ਕੁੱਪਾ ਹੋ ਗਿਆ। ਉਸਨੇ ਪੈਰ ਜੁੱਤੀ ਨਾ ਪਾਈ । ਝੱਟ ਮਾਇਆ ਨਗਰ ਵੱਲ ਦੌੜ ਪਿਆ ।
    ਮੁੱਖ-ਮੰਤਰੀ ਦੇ ਅਮਲੇ ਫੈਲੇ ਕੋਲ ਚੌਧਰੀ ਦਾ ਨਾਂ ਉਸਦੇ ਖ਼ਾਸ ਬੰਦਿਆਂ ਵਿਚ ਦਰਜ ਸੀ । ਥੋੜ੍ਹੀ ਜਿਹੀ ਉਪਚਾਰਕਤਾ ਤੋਂ ਬਾਅਦ ਉਸਨੂੰ ਮੁੱਖ-ਮੰਤਰੀ ਦੇ ਦਰਬਾਰ ਵਿਚ ਭੇਜ ਦਿੱਤਾ ਗਿਆ ।
    ਮੰਤਰੀਆਂ ਅਤੇ ਵਿਧਾਇਕਾਂ ਨੂੰ ਫ਼ਾਰਗ ਕਰਕੇ ਮੁੱਖ-ਮੰਤਰੀ ਨੇ ਚੌਧਰੀ ਤੋਂ ਉਸਦੇ ਆਉਣ ਦਾ ਕਾਰਨ ਪੁੱਧਛਿਆ ।
    ਮੁੱਖ-ਮੰਤਰੀ ਦਾ ਹੈਲੀਕਾਪਟਰ ਪੁੱਜ ਚੁੱਕਾ ਸੀ । ਉਹ ਉਡਣ ਲਈ ਤਿਆਰ ਸੀ ।
    ਚੌਧਰੀ ਗਾਗਰ ਵਿਚ ਸਾਗਰ ਭਰ ਕੇ ਆਪਣੀ ਗੱਲ ਆਖ ਦੇਵੇ ।
    ਚੌਧਰੀ ਨੇ ਜਦੋਂ ਪੰਕਜ ਹੋਰਾਂ ਦੇ ਬੇ-ਕਸੂਰ ਹੋਣ ਦੀ ਗੱਲ ਆਖੀ ਤਾਂ ਮੁੱਖ-ਮੰਤਰੀ ਦਾ ਚਿਹਰਾ ਗੁੱਧਸੇ ਨਾਲ ਸੂਹਾ ਹੋ ਗਿਆ । ਪਰ ਉਹ ਆਪਣਾ ਗੁੱਸਾ ਵਿਚੇ ਪੀ ਗਿਆ ।
    ਕੋਈ ਹੋਰ ਵਰਕਰ ਹੁੰਦਾ, ਮੁੱਖ-ਮੰਤਰੀ ਭਰੀ ਮਹਿਫ਼ਲ ਵਿਚ ਉਸਦੀ ਬੇਇੱਜ਼ਤੀ ਕਰਕੇ ਆਪਣੇ ਇਨਸਾਫ਼-ਪਸੰਦ ਮੁੱਖ ਮੰਤਰੀ ਹੋਣ ਦਾ ਸਬੂਤ ਦਿੰਦਾ । ਪਰ ਚੌਧਰੀ ਭੋਲਾ ਪੰਛੀ ਸੀ । ਮਾਇਆ ਨਗਰ ਦੇ ਕੁਬੇਰ ਉਸਨੂੰ ਵਰਗਲਾ ਕੇ ਲੈ ਆਏ ਸਨ ।
    ਮੁੱਖ-ਮੰਤਰੀ ਨੇ ਆਪਣੇ ਸਿਆਸੀ ਸਕੱਤਰ ਨੂੰ ਇਸ਼ਾਰਾ ਕੀਤਾ, ਉਹ ਚੌਧਰੀ ਨੂੰ ਨਾਲ ਦੇ ਕਮਰੇ ਵਿਚ ਲੈ ਜਾਏ । ਗੱਲ ਇਕਾਂਤ ਵਿਚ ਕਰਨ ਵਾਲੀ ਸੀ ।
    ਇਕ ਦੋ ਹੋਰ ਫਰਿਆਦਾਂ ਸੁਣਕੇ ਮੁੱਖ-ਮੰਤਰੀ ਨੇ ਬਾਕੀ ਫਰਿਆਦੀਆਂ ਨੂੰ ਸਕੱਤਰਾਂ ਦੇ ਲੜ ਲਾ ਦਿੱਤਾ । ਆਪ ਚੌਧਰੀ ਨੂੰ ਨਾਲ ਲੈ ਕੇ ਆਪਣੇ ਨਿਜੀ ਕਮਰੇ ਵਿਚ ਚਲਾ ਗਿਆ ।
    "ਚੌਧਰੀ ਸਾਹਿਬ ਤੁਸੀਂ ਆਏ ਹੋ, ਧੰਨਭਾਗ ! ਪਰ ਤੁਹਾਡੇ ਰਿਸ਼ਤੇਦਾਰਾਂ ਨੇ ਕੰਮ ਬਹੁਤ ਮਾੜਾ ਕੀਤਾ ਹੈ । ਸਾਰੇ ਤੱਥਾਂ ਦੀ ਮੈਂ ਖ਼ੁਦ ਤਹਿਕੀਕਾਤ ਕਰਾਈ ਹੈ । ਦੂਜਾ ਜੁਰਮ ਇਹ ਕੀਤੈ ਕਿ ਅਫ਼ਸਰਾਂ ਨੂੰ ਵੱਡੀਆਂ ਰਕਮਾਂ ਦੇ ਕੇ ਖ਼ਰੀਦ ਲਿਆ । ਆਪਣੀ ਸਰਕਾਰ
    ਦੀ ਬਦਨਾਮੀ ਹੋ ਰਹੀ ਹੈ । ਜੇ ਮੁੰਡੇ ਨਾਲ ਆਏ ਨੇ ਤਾਂ ਬੇਸ਼ੱਕ ਮੇਰੇ ਸਾਹਮਣੇ ਬੁਲਾ ਕੇ ਪੁੱਛ ਲਓ । ਜੇ ਕੇਸ ਝੂਠਾ ਹੋਇਆ, ਮੈਂ ਹੁਣੇ ਉਨ੍ਹਾਂ ਨੂੰ ਬਰੀ ਕਰ ਦੇਊਂਗਾ ।"
    "ਜੇ ਇਹ ਗੱਲ ਹੈ ਤਾਂ ਮੈਨੂੰ ਮੁਆਫ਼ੀ ਦਿਓ । ਮੈਨੂੰ ਕਹਿੰਦੇ ਅਸੀਂ ਬੇਕਸੂਰ ਹਾਂ । ਮੈਂ ਤਾਂ ਆ ਗਿਆ । ਜੇ ਉਹ ਕਸੂਰਵਾਰ ਨੇ ਬੇਸ਼ੱਕ ਫਾਹੇ ਲਾ ਦਿਓ । ਫੇਰ ਮੇਰੀ ਕੋਈ ਸਿਫਾਰਸ਼ ਨਹੀਂ ।"
    ਚੌਧਰੀ ਇਸ ਤਰ੍ਹਾਂ ਸਪੱਸ਼ਟੀਕਰਣ ਦੇਣ ਲੱਗਾ, ਜਿਵੇਂ ਉਹ ਖ਼ੁਦ ਮੁਲਜ਼ਮ ਹੋਵੇ ।
    "ਮੁਆਫ਼ੀ ਵਾਲੀ ਕਿਹੜੀ ਗੱਲ ਹੈ । ਤੁਸੀਂ ਆਏ ਹੋ ਤਾਂ ਖ਼ਾਲੀ ਹੱਥ ਥੋੜ੍ਹਾ ਮੋੜਾਂਗੇ ।
    ਕੁਛ ਕਰਾਂਗੇ । ਮੇਰੀ ਮੀਟਿੰਗ ਦਾ ਟਾਇਮ ਹੋ ਗਿਆ ਹੈ । ਮੈਂ ਜਾਣੈ। ਤੁਸੀਂ ਮੇਰੇ ਸਿਆਸੀ ਸਕੱਤਰ ਨੂੰ ਮਿਲ ਲਉ । ਉਹ ਥੋਨੂੰ ਸਿੱਧੇ ਰਾਹ ਪਾ ਦੇਵੇਗਾ । ਮੈਂ ਉਸਨੂੰ ਆਖ ਦਿੰਨੈ । ਮੇਰੇ ਵੱਲੋਂ ਜਿਥੇ ਆਖ਼ੋਗੇ, ਫ਼ੋਨ ਕਰ ਦੇਵੇਗਾ ।"
    ਚੌਧਰੀ ਦੀ ਬਾਂਹ ਸਿਆਸੀ ਸਕੱਤਰ ਦੇ ਹੱਥ ਫੜਾ ਕੇ ਮੁੱਖ-ਮੰਤਰੀ ਜਹਾਜ਼ ਚੜ੍ਹ ਗਿਆ ।
    ਮੁੱਖ-ਮੰਤਰੀ ਦੇ ਬਾਹਰ ਜਾਂਦਿਆਂ ਹੀ ਸਾਰੀ ਭੀੜ ਖਿੰਡ ਗਈ । ਵਿਹਲਾ ਹੋਇਆ ਸਿਆਸੀ ਸਕੱਤਰ ਚੌਧਰੀ ਨੂੰ ਆਪਣੇ ਦਫ਼ਤਰ ਲੈ ਗਿਆ । ਸਿਆਸੀ ਸਕੱਤਰ ਨੂੰ ਮੁਕੱਦਮੇ ਦੇ ਤੱਥਾਂ ਦਾ ਮੁੱਖ-ਮੰਤਰੀ ਨਾਲੋਂ ਵੱਧ ਪਤਾ ਸੀ । ਉਹ ਇਕ-ਇਕ ਘਟਨਾ ਦਾ ਵੇਰਵਾ
    ਦੇਣ ਲੱਗਾ ।
    "ਮੈਂ ਨੁਕਸ ਸੁਣਨ ਨਹੀਂ ਆਇਆ । ਇਹ ਦੱਸ ਸਾਡਾ ਖਹਿੜਾ ਕਿਸ ਤਰ੍ਹਾਂ ਛੁੱਟੂ ।"
    ਸਿਆਸੀ ਸਕੱਤਰ ਉਨ੍ਹਾਂ ਦੇ ਇਲਾਕੇ ਦਾ ਸੀ । ਚੌਧਰੀ ਦਾ ਵਾਕਿਫ਼ ਸੀ । ਇਸ ਲਈ ਬਿਨਾਂ ਭੂਮਿਕਾ ਬੰਨ੍ਹੇ ਉਹ ਸਿਆਸੀ ਸਕੱਤਰ ਤੋਂ ਹੱਲ ਪੁੱਛਣ ਲੱਗਾ ।
    "ਤੁਹਾਡਾ ਕੰਮ ਹੋਏਗਾ । ਮੁੱਖ-ਮੰਤਰੀ ਜੀ ਇਸ਼ਾਰਾ ਕਰ ਗਏ ਹਨ । ਪਰ ਆਪਾਂ ਨੂੰ ਢੰਗ ਨਾਲ ਚਲਣਾ ਪਏਗਾ । ਪਾਰਟੀ ਨੇ ਨਵੀਂ ਨੀਤੀ ਘੜੀ ਹੈ । ਸਾਰੇ ਕੰਮ ਇਲਾਕੇ ਦੇ ਵਿਧਾਇਕ ਰਾਹੀਂ ਸਿਫਾਰਸ਼ ਹੋ ਕੇ ਆਉਣ । ਚੋਣਾਂ ਸਿਰ 'ਤੇ ਹਨ । ਵਿਧਾਇਕ ਸ਼ਿਕਾਇਤ ਕਰਦੇ ਹਨ, ਅਫ਼ਸਰ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ । ਉਹ ਲੋਕਾਂ ਨਾਲੋਂ ਟੁੱਟ ਰਹੇ ਸਨ । ਉਨ੍ਹਾਂ ਦਾ ਗਿਲਾ ਸੀ, ਜੇ ਇਲੈਕਸ਼ਨ ਹਾਰ ਗਏ, ਫੇਰ ਨਾ ਆਖਣਾ ਸਰਕਾਰ ਡਿੱਗ ਗਈ । ਤੁਸੀਂ ਬਘੇਲ ਸਿੰਘ ਨੂੰ ਮਿਲ ਲਓ । ਮੈਂ ਫ਼ੋਨ ਕਰ ਦਿੰਦਾ ਹਾਂ । ਉਹ ਆਪੇ ਵਿਗੜੀ ਸੰਭਾਲ ਲਏਗਾ । ਸਭ ਅਫ਼ਸਰਾਂ ਨੂੰ ਤਾੜ ਦੇਵੇਗਾ ।"
    ਸਿਆਸੀ ਸਕੱਤਰ ਨੇ ਵਿਧਾਇਕ ਨੂੰ ਫ਼ੋਨ ਕੀਤਾ । ਚੌਧਰੀ ਸਾਹਿਬ ਦੇ ਆਉਣ ਦੀ ਸੂਚਨਾ ਦਿੱਤੀ । ਜੋ ਕੰਮ ਉਹ ਲੈ ਕੇ ਆ ਰਹੇ ਹਨ, ਉਹ ਮੁੱਖ-ਮੰਤਰੀ ਸਾਹਿਬ ਦਾ ਹੈ । ਜਿਵੇਂ ਉਹ ਆਖਣ, ਉਹ ਕਰ ਦੇਵੇ । ਗੇਟ ਤਕ ਛੱਡਣ ਆਏ ਚੌਧਰੀ ਨੂੰ ਸਕੱਤਰ ਨੇ ਇਕ ਹਦਾਇਤ ਕੀਤੀ :
    "ਮੁੰਡੇ ਨਵੇਂ ਨਵੇਂ ਫਸੇ ਹਨ । ਗ਼ਲਤ ਬੰਦਿਆਂ ਹੱਥ ਚੜ੍ਹੇ ਫਿਰਦੇ ਹਨ । ਆਖੋ ਹੁਣ ਹੱਥ ਘੁਟ ਲੈਣ । ਜਿਥੇ ਲੋੜ ਪਈ ਆਪੇ ਐਮ.ਐਲ.ਏ. ਸਾਹਿਬ ਦੱਸ ਦੇਣਗੇ ।"
    ਸੋਚੀ ਸਮਝੀ ਯੋਜਨਾ ਤਹਿਤ ਸਿਆਸੀ ਸਕੱਤਰ ਨੇ ਚੌਧਰੀ ਨੂੰ ਬਘੇਲ ਸਿੰਘ ਦੀ ਝੋਲੀ ਪਾ ਦਿੱਤਾ । ਵਾਪਸ ਆਉਂਦੇ ਚੌਧਰੀ ਨੂੰ ਸਮਝ ਨਹੀਂ ਸੀ ਆ ਰਹੀ । ਉਸਦਾ ਕੰਮ ਹੋਇਆ ਹੈ ਜਾਂ ਉਸਨੂੰ ਜਵਾਬ ਮਿਲਿਆ ਹੈ । 

    ....ਚਲਦਾ....