ਕਾਫ਼ਲੇ ਵੱਲੋਂ ਸਰਦਾਰ ਪੰਛੀ ਦੀ ਜੀਵਨੀ 'ਤੇ ਬਣੀ ਡਾਕੂਮੈਂਟਰੀ ਰਲੀਜ਼ (ਖ਼ਬਰਸਾਰ)


ਬਰੈਂਪਟਨ --  ਪੰਜਾਬੀ ਕਲਮਾਂ ਦੇ ਕਾਫ਼ਲੇ ਦੀ ਮਾਸਿਕ ਮੀਟਿੰਗ 29 ਨਵੰਬਰ, 2014 ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਨੇ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਜੀ ਆਇਆਂ ਕਿਹਾ। ਉਨ੍ਹਾਂ ਜੋਗਿੰਦਰ ਸਿੰਘ ਕਲਸੀ ਦੀ "ਸਰਦਾਰ ਪੰਛੀ" ਬਾਰੇ ਬਣਾਈ ਗਈ ਡਾਕੂਮੈਂਟਰੀ ਦਿਖਾਏ ਜਾਣ ਦੀ ਜਾਣਕਾਰੀ ਦਿੱਤੀ। ਇਹ ਜਾਣਕਾਰੀ ਪਹਿਲਾਂ ਵੀ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਈ ਗਈ ਸੀ। ਵਕੀਲ ਕਲੇਰ ਨੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਲਈ ਜੋਗਿੰਦਰ ਕਲਸੀ, ਟਰੌਂਟੋ ਦੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਜਾਣੇ ਮਾਣੇ ਸੁਰਜਨ ਜ਼ਿਰਵੀ ਜੀ ਅਤੇ ਬਲਰਾਜ ਚੀਮਾ ਜੀ ਨੂੰ ਕਿਹਾ ਅਤੇ ਨੀਟਾ ਬਲਵਿੰਦਰ ਨੂੰ ਅੱਜ ਦਾ ਪ੍ਰੋਗ੍ਰਾਮ ਹੋਸਟ ਕਰਨ ਲਈ ਜ਼ਿੰਮੇਵਾਰੀ ਸੌਂਪੀ।
ਪ੍ਰੋਗ੍ਰਾਮ ਦੀ ਸ਼ੁਰੂਆਤ ਕਵਿਤਾ ਦੇ ਦੌਰ ਨਾਲ ਹੋਈ। ਪਹਿਲੀ ਕਵਿਤਾ ਤੇਜਵਿੰਦਰ ਕੌਰ ਨੇ ਬੋਲੀ "ਆਹ ਲੈ ਫੜ ਸਾਡਾ ਬੇਦਾਵਾ" ਜੋ ਸਭ ਨੂੰ ਬਹੁਤ ਪਸੰਦ ਆਈ। ਇਸ ਤੋਂ ਬਾਅਦ, ਨੀਟਾ ਬਲਵਿੰਦਰ ਨੇ ਸਾਂਝੇ ਪੰਜਾਬ ਦੀ ਬੋਲੀ ਵਿੱਚ ਇੱਕ ਬੁਝਾਰਤ ਪਾਈ, 
ਇੱਕ ਬੰਦਾ ਰਾਹ ਤੇ ਜਾਂਦੀ ਔਰਤ ਨੂੰ ਪੁੱਛਦਾ ਹੈ -  "ਘੋੜੇ 'ਤੇ ਚੜ੍ਹੇਂਦੀਏ, ਹਕੇਂਦਾ ਕੀ ਲਗੇਂਦਾ ਈ"। 
ਉਹ ਕਹਿੰਦੀ ਹੈ -    "ਇਹਦਾ ਤੇ ਮੈਂ ਨਾਂ ਨਹੀਂ ਲੈਣਾ, ਮੇਰਾ ਨਾਂ ਏ ਜੀਆਂ; 
ਇਹਦੀ ਸੱਸ ਤੇ ਮੇਰੀ ਸੱਸ, ਲੱਗਣ ਮਾਵਾਂ ਧੀਆਂ"
ਨੀਟਾ ਨੇ ਸਭ ਨੂੰ ਸੋਚਣ ਲਗਾ ਦਿੱਤਾ ਅਤੇ ਜਵਾਬ ਲਈ ਸਮਾਂ ਦਿੰਦਿਆਂ ਉਹਨਾਂ ਰਿਆਜ਼ ਚੀਮਾ ਨੂੰ ਬੋਲਣ ਲਈ ਸੱਦਾ ਦਿੱਤਾ। ਉਹ ਚੁਟਕਲਿਆਂ ਨਾਲ ਮਹਿਫ਼ਿਲ ਨੂੰ ਗਰਮਾਉਣ ਲਈ ਸਾਡੇ ਪੱਛਮੀ ਪੰਜਾਬ ਦੇ ਹਾਸ ਰਸ ਦੀ ਪੋਟਲੀ ਭਰ ਲਿਆਏ। ਚੀਮਾ ਨੇ ਪਹਿਲਾਂ ਇੱਕ ਗੱਲ ਸੁਣਾਈ - 
ਇੱਕ ਕਿਤਾਬ ਦਾ ਨਾਂ ਸੀ "ਹਾਓ ਟੂ ਚੇਂਜ ਯੂਅਰ ਲਾਈਫ਼" ਪਰ ਜ਼ਿਆਦਾ ਵਿਕ ਨਹੀਂ ਸੀ ਰਹੀ। ਦੋਸਤ ਨੇ ਸਲਾਹ ਦਿੱਤੀ ਕਿ ਇਸ ਦਾ ਨਾਂ ਬਦਲ ਦਿੱਤਾ ਜਾਵੇ ਅਤੇ ਹੋਇਆ ਵੀ ਇਵੇਂ ਹੀ ਕਿ ਨਾਂ ਬਦਲਣ ਨਾਲ ਇਹ ਕਿਤਾਬ ਕੁਝ ਦਿਨਾਂ ਵਿੱਚ ਦੋ ਕੁ ਮਿਲੀਅਨ ਤਾਂ ਵਿਕ ਹੀ ਗਈ। ਨਾਂ ਰੱਖਿਆ ਗਿਆ ਸੀ "ਹਾਓ ਟੂ ਚੇਂਜ ਯੂਅਰ ਵਾਈਫ਼"।
ਉਨ੍ਹਾਂ ਇੱਕ ਕਵਿਤਾ ਵੀ ਕਹੀ, "ਪੱਥਰ ਇੱਕ ਦਿਨ ਜਾ ਕੇ ਮੰਦਿਰ ਮੇਂ ਬਣ ਗਯਾ ਭਗਵਾਨ; ਮੈਂ ਹਰ ਦਿਨ ਮਸਜਿਦ ਜਾ ਕੇ ਬਣ ਨਾ ਸਕਾ ਇਨਸਾਨ"। ਹੁਣ ਗੁਰਦਾਸ ਮਿਨਹਾਸ ਦੀ ਵਾਰੀ ਆਈ ਜਿਨ੍ਹਾਂ ਨੇ ਬੜੀ ਹਲਕੀ ਫੁਲਕੀ ਕਵਿਤਾ ਸੁਣਾਈ "ਬੀਤ ਨਾ ਜਾਣæææ ਜ਼ਿੰਦਗੀ ਦੀਆਂ ਘੜੀਆਂ"। ਸੁਖਚਰਨਜੀਤ ਗਿੱਲ ਨੇ ਆਪਣਾ ਗੀਤ "ਦੀਵੇ ਦੀ ਲੋਏ, ਬੂਹੇ ਨੈਣਾਂ ਨੇ ਢੋਏ ਨੀ" ਆਪਣੇ ਅੰਦਾਜ਼ ਵਿੱਚ ਗਾ ਕੇ ਸੁਣਾਇਆ।
ਹੁਣ ਵਾਰੀ ਆਈ ਮਕਸੂਦ ਚੌਧਰੀ ਦੀ ਜਿਨ੍ਹਾਂ ਦੀ ਨਜ਼ਮ ਸੀ - "ਜਿੰਨਾ ਵੀ ਸੂਰਜ ਤੇਜ਼ ਹੋਵੇ, ਆਖ਼ਿਰ ਪਰਛਾਵੇਂ ਢਲਦੇ ਨੇ; ਜੋ ਹਰਫ਼ ਅਸੀਂ ਅੱਜ ਲਿਖਦੇ, ਉਹ ਆਵਨ ਵਾਲੀ ਕੱਲ੍ਹ ਦੇ ਨੇ"। 
ਲੱਖ ਕਰਨਾਲਵੀ ਦੀ ਕਵਿਤਾ ਸੀ, "ਅੰਬਰ ਦਾ ਮੈਂ ਲਹਿੰਗਾ ਪਾਇਆ, ਕੋਲ ਵਗੇ ਦਰਿਆ; ਤਲੀ ਦਾ ਸੂਰਜ ਕੋਈ ਰੋਵੇ, ਕੋਲ ਵਗੇ ਦਰਿਆ"
ਬਲਰਾਜ ਧਾਲੀਵਾਲ ਦੀ ਨਜ਼ਮ ਸੀ - "ਪਤਝੜ ਵਾਂਗੂੰ ਲੋਕ ਉਦਾਸੇ, ਸ਼ਹਿਰ ਤੇਰੇ ਵਿੱਚ; ਅੱਜਕਲ੍ਹ ਫਿੱਕੇ ਫਿੱਕੇ ਹਾਸੇ, ਸ਼ਹਿਰ ਤੇਰੇ ਵਿੱਚ"
ਇਕਬਾਲ ਬਰਾੜ ਨੇ ਬਹਾਦਰ ਸ਼ਾਹ ਜ਼ੱਫ਼ਰ ਦੀ ਗ਼ਜ਼ਲ "ਨਾ ਕਿਸੀ ਕੀ ਆਂਖ ਕਾ ਨੂਰ ਹੂੰ" ਬੜੇ ਹੀ ਸੋਜ਼ ਭਰੀ ਆਵਾਜ਼ ਅਤੇ ਦਿਲ ਨੂੰ ਛੂਹਣ ਵਾਲੇ ਅੰਦਾਜ਼ 'ਚ ਗਾ ਕੇ ਇੱਕ ਵਿਲੱਖਣ ਹੀ ਰੰਗ ਬੰਨ੍ਹ ਦਿੱਤਾ।
ਇਸ ਤੋਂ ਬਾਅਦ, ਤਾੜੀਆਂ ਦੀ ਗੜਗੜਾਹਟ ਵਿੱਚ, ਜੋਗਿੰਦਰ ਕਲਸੀ ਵੱਲੋਂ "ਸਰਦਾਰ ਪੰਛੀ" ਬਾਰੇ ਬਣਾਈ ਡਾਕੂਮੈਂਟਰੀ ਡੀ ਵੀ ਡੀ ਨੂੰ ਸੁਜਰਨ ਜ਼ਿਰਵੀ ਨੇ ਰਿਲੀਜ਼ ਕੀਤਾ। ਹੁਣ, ਸਭ ਡਾਕੂਮੈਂਟਰੀ ਦੇਖਣ 'ਚ ਮਸਤ ਹੋ ਗਏ।


"ਸਰਦਾਰ ਪੰਛੀ" ਜਿਨ੍ਹਾਂ ਦਾ ਪੂਰਾ ਨਾਂ ਕਿਰਪਾਲ ਸਿੰਘ ਹੈ, ਸਾਂਝੇ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ 'ਚ ਪੈਦਾ ਹੋਏ ਅਤੇ 1947 ਵਕਤ ਦੀ ਵੰਡ ਨੂੰ ਉਨ੍ਹਾਂ ਹੱਡੀਂ ਹੰਢਾਇਆ। ਉਨ੍ਹਾਂ ਜਾਤ-ਪਾਤ, ਧਰਮ ਅਤੇ ਰਾਜਨੀਤੀ ਦੀ ਖੇਡ ਵਿੱਚ ਪਿਸ ਰਹੇ ਇਨਸਾਨ ਦੇ ਦਰਦ ਨੂੰ ਸ਼ਬਦਾਂ ਵਿੱਚ ਢਾਲਿਆ। ਬੌਲੀਵੁੱਡ ਦੀਆਂ ਦੋ ਫ਼ਿਲਮਾਂ 'ਏਕ ਚਾਦਰ ਮੈਲੀ ਸੀ' ਅਤੇ 'ਵਾਰਿਸ' ਲਈ ਵੀ ਗੀਤ ਲਿਖੇ। ਉਹ ਉਰਦੂ, ਹਿੰਦੀ ਅਤੇ ਪੰਜਾਬੀ ਵਿੱਚ ਸ਼ਾਇਰੀ ਕਰਦੇ ਰਹੇ ਹਨ। ਫ਼ਿਲਮ ਵਿੱਚ, ਪੰਛੀ ਜੀ ਦੇ ਮੂੰਹੋਂ ਹੀ ਉਨ੍ਹਾਂ ਦੀ ਜ਼ਿੰਦਗੀ ਬਾਰੇ ਅਤੇ ਉਹਨਾਂ ਦੇ ਕਲਾਮ ਨੂੰ ਕਲਸੀ ਜੀ ਬੜੇ ਹੀ ਵਧੀਆ ਤਰੀਕੇ ਕੈਮਰੇ 'ਚ ਕੈਦ ਕਰਦੇ ਰਹੇ। ਫਿਲਮ "ਸਰਦਾਰ ਪੰਛੀ" ਦੇ ਜੀਵਨ 'ਤੇ ਇੱਕ ਝਾਤ ਪਾਉਣ 'ਚ ਅਤੇ ਉਨ੍ਹਾਂ ਦੇ ਕਲਾਮ ਨੂੰ ਪੇਸ਼ ਕਰਨ ਵਿੱਚ ਸਫ਼ਲ ਰਹੀ। ਇਸ ਡਾਕੂਮੈਂਟਰੀ ਦਾ ਅੰਤ ਔਰਤ 'ਤੇ ਹੋਣ ਵਾਲੇ ਜ਼ੁਲਮ ਦੀ ਗੱਲ ਕਰਦੀ ਪੰਛੀ ਜੀ ਦੀ ਇਸ ਗ਼ਜ਼ਲ ਨਾਲ ਹੋਇਆ - 
ਕਲੀਓਂ ਕੋ ਜਬ ਇਸੀ ਤਰਹਾ, ਮਸਲਾ ਕਰੇਂਗੇ ਲੋਗ; ਖ਼ੁਸ਼ਬੂਅ ਕੀ ਬੂੰਦ ਬੂੰਦ ਕੋ ਤਰਸਾ ਕਰੇਂਗੇ ਲੋਗ
ਅਤੇ ਅੰਤ ਵਿੱਚ - ਚੁਪਕੇ ਸੇ ਬੈਠ ਜਾਊਂਗਾ ਇਕ ਸ਼ਾਮ ਫੂਲ ਮੇਂ, ਹਰ ਸੁਬਹ ਮੁਝ ਕੋ ਬਾਗ਼ ਮੇਂ ਢੂੰਢਾ ਕਰੇਂਗੇ ਲੋਗ
ਫੁੱਲਾਂ ਦੇ ਇਸ ਸੀਨ ਨੂੰ ਬਹੁਤ ਹੀ ਸੋਹਣੇ ਅੰਦਾਜ਼ ਵਿੱਚ ਦਿਖਾਇਆ ਗਿਆ। ਸਭ ਨੇ ਡਾਕੂਮੈਂਟਰੀ ਦੀ ਤਾਰੀਫ਼ ਕੀਤੀ ਅਤੇ ਤਾੜੀਆਂ ਨਾਲ ਕਲਸੀ ਦੀ ਇਸ ਕੋਸ਼ਿਸ਼ ਲਈ ਵਾਹ ਵਾਹ ਹੋਈ।
ਕਈ ਦਹਾਕਿਆਂ ਤੋਂ ਟੋਰੌਂਟੋ ਦੇ ਮੀਡੀਆ ਵਿੱਚ ਆਪਣਾ ਨਾਂ ਬਣਾ ਚੁੱਕੇ ਇਕਬਾਲ ਮਾਹਿਲ ਨੇ ਜੋਗਿੰਦਰ ਕਲਸੀ ਬਾਰੇ ਅਤੇ ਉਨ੍ਹਾਂ ਦੀ ਡਾਕੂਮੈਂਟਰੀ ਬਾਰੇ ਕੁਝ ਸ਼ਬਦ ਬੋਲੇ। ਜਿਨ੍ਹਾਂ ਨੇ ਵੀ ਡਾਕੂਮੈਂਟਰੀ ਬਣਾਉਣ ਵਿੱਚ ਕਲਸੀ ਦੀ ਮਦਦ ਕੀਤੀ ਅਤੇ ਆਪਣੇ ਕੁਝ ਅਜ਼ੀਜ਼ ਦੋਸਤਾਂ ਨੂੰ ਕਲਸੀ ਜੀ ਨੇ ਡੀ ਵੀ ਡੀ ਭੇਂਟ ਕੀਤੀਆਂ ਜਿਵੇਂ ਬਲਬੀਰ ਭੋਗਲ, ਸ਼ਕੀਲ ਅਤੇ ਦੀਦਾਰ ਸਿੰਘ, ਲੱਖ ਕਰਨਾਲਵੀ, ਬਲਦੇਵ ਧਾਲੀਵਾਲ, ਢੇਸੀ ਅਤੇ ਕਮਲਜੀਤ ਸੱਗੂ। ਇਕਬਾਲ ਮਾਹਿਲ ਨੇ ਕਾਫ਼ਲੇ ਨੂੰ ਫਰਵਰੀ ਵਿੱਚ ਮਾਂ-ਬੋਲੀ - ਪੰਜਾਬੀ ਦਾ ਦਿਵਸ ਮਨਾਉਣ ਬਾਰੇ ਸੁਝਾਅ ਦਿੱਤਾ। ਉਨ੍ਹਾਂ ਨੇ 13 ਅਤੇ 20 ਦਿਸੰਬਰ ਵਾਲੇ ਪ੍ਰੋਗ੍ਰਾਮ ਵਿੱਚ "ਅੰਨ੍ਹੇਰੀਆਂ ਰਾਤਾਂ ਦਾ ਜੁਗਨੂੰ" ਬਾਰੇ ਜਾਣਕਾਰੀ ਦਿੱਤੀ।
ਕੁਲਵਿੰਦਰ ਖਹਿਰਾ ਨੇ ਇਸ ਪ੍ਰੋਗ੍ਰਾਮ ਨੂੰ ਆਪਣੇ ਵੀਡੀਓ ਵਿੱਚ ਅਤੇ ਪ੍ਰਤੀਕ ਸਿੰਘ ਨੇ ਆਪਣੇ ਕੈਮਰੇ ਨਾਲ ਸਾਰੇ ਪ੍ਰੋਗ੍ਰਾਮ ਨੂੰ ਰਿਕਾਰਡ ਕੀਤਾ। ਚਾਹ ਪਾਣੀ ਦਾ ਵੀ ਵਧੀਆ ਪ੍ਰਬੰਧ ਕੀਤਾ ਗਿਆ ਸੀ ਜਿਸ ਦਾ ਸਭ ਨੇ ਆਨੰਦ ਮਾਣਿਆ। ਇਸ ਮੀਟਿੰਗ ਵਿੱਚ ਪਹਿਲਾਂ ਲਿਖੇ ਨਾਵਾਂ ਤੋਂ ਇਲਾਵਾ ਸਮੀਰ, ਮਨਮੋਹਣ ਰੱਖੜਾ, ਅਮਰਜੀਤ ਗਰੇਵਾਲ, ਜਸਪਾਲ ਢਿੱਲੋਂ, ਬਲਜੀਤ ਧਾਲੀਵਾਲ, ਪ੍ਰਤੀਕ ਸਿੰਘ, ਮਨਮੋਹਨ ਗੁਲਾਟੀ, ਬਲਬੀਰ ਗਿੱਲ, ਸੁਦਾਗਰ ਬਰਾੜ, ਪਰਮਜੀਤ ਕਲਸੀ, ਮਨਜੀਤ ਕਪਿਲ, ਕੁਲਦੀਪ ਗਿੱਲ, ਐੱਸ ਕਪਿਲ, ਐੱਨ ਕਪਿਲਾ, ਪੰਕਜ ਸ਼ਰਮਾ, ਗੁਰਦੇਵ ਵਰਹਾ, ਸੁਰਜੀਤ ਕੌਰ, ਜਤਿੰਦਰ ਰੰਧਾਵਾ, ਪਰਮਜੀਤ ਢਿੱਲੋਂ, ਦਰਸ਼ਨ ਸਿੰਘ ਅਤੇ ਰਜਿੰਦਰ ਪਰਸ਼ਾਦ ਵੀ ਸ਼ਾਮਿਲ ਹੋਏ।

ਬ੍ਰਜਿੰਦਰ ਗੁਲਾਟੀ