ਗੜ੍ਹੀ ਚਮਕੌਰ (ਕਵਿਤਾ)

ਠਾਕੁਰ ਪ੍ਰੀਤ ਰਾਊਕੇ   

Email: preetrauke@gmail.com
Cell: +1519 488 0339
Address: 329 ਸਕਾਈ ਲਾਈਨ ਐਵੀਨਿਊ
ਲੰਡਨ Ontario Canada
ਠਾਕੁਰ ਪ੍ਰੀਤ ਰਾਊਕੇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਮੈ ਗੜ੍ਹੀ ਚਮਕੌਰ ਦੀ ,ਛੋਹ ਮੈਂਨੂੰ ਮਿਲੀ ਗੋਬਿੰਦ ਦੀ ।
 ਚਸ਼ਮ ਦੀਦ ਗਵਾਹ ਹਾਂ, ਇੱਕ ਅਨੋਖੀ ਜੰਗ ਦੀ ।।
 ਭੁੱਖੇ ਪਿਆਸੇ ਚਾਲੀਆਂ , ਲੱਖਾਂ  ਨਾ ਮੱਥਾ ਲਾ ਲਿਆ,
ਏਥੇ ਗੁਰ ਗੋਬਿੰਦ ਨੇ ,ਲੱਖਾ  Ḕਨਾ ਇੱਕ ਲੜਾ ਲਿਆ । 
ਰਾਜੇ ਸੀ ਬਾਈ ਧਾਰ ਦੇ ਤੇ ਫੌਜ ਸੀ ਸਰਹੰਦ ਦੀ  ।
  ਮੈ ਗੜ੍ਹੀ ਚਮਕੌਰ ਦੀ ,ਮੈਂ ਗੜੀ੍ਹ ਚਮਕੌਰ ਦੀ ,
 ਗਹਿ ਗੱਚ ਲੜਾਈ ਹੋ ਰਹੀ ,ਤੇਗਾਂ ਤੇਗਾਂ ਖੜਕੀਆਂ , 
ਰੁਲਦੇ ਮਨੁੱਖੀ ਅੰਗ ਸੀ ,ਲਾਸ਼ਾਂ ਤੇ ਲਾਸ਼ਾਂ ਚੜਗੀਆਂ।
ਫੁਟਦੇ ਫਹਾਰੇ ਖੂਨ ਦੇ ,ਹੋਈ ਧਰਤੀ  ਸੂਹੇ ਰੰਗ ਦੀ ।
 ਮੈ ਗੜ੍ਹੀ ਚਮਕੌਰ ਦੀ,ਮੈਂ ਗੜੀ੍ਹ ਚਮਕੌਰ ਦੀ ,
ਵੈਰੀ ਦੇ ਆਹੂ ਲਾਹੁੰਦਿਆਂ , ਵੱਡਾ ਸਹੀਦੀ ਪਾ ਗਿਆ, 
ਜਾਣੈ ਪਿਤਾ ਜੀ ਜੰਗ ਨੂੰ, ਜੁਝਾਰ ਮੂਹਰੇ ਆ  ਗਿਆ।
"ਸ਼ਾਬਾਸ਼ "ਕਹਿ ਗੋਬਿੰਦ ਨੇ, ਪਿੱਠ ਥਾਪੜੀ ਫਰਜੰਦ ਦੀ ।
 ਮੈ ਗੜ੍ਹੀ ਚਮਕੌਰ ਦੀ ,ਮੈਂ ਗੜੀ੍ਹ ਚਮਕੌਰ ਦੀ  ,
ਜਾਨੋਂ ਪਿਆਰੇ ਸਿੰਘ ਤੇ ਪੁੱਤਰਾਂ ਦੀ ਜੋੜੀ ਵਾਰ ਕੇ,
ਮੰਨ ਖਾਲਸੇ ਦੇ ਹੁਕਮ ਨੂੰ, ਤੁਰਿਆ ਉਹ ਤਾੜੀ ਮਾਰਕੇ ।
ਪੂਰੀ ਨਾ ਹੋਈ ਲਾਲਸਾ ,  ਸੂਬਾ-ਏ- ਸਰਹੰਦ ਦੀ ।
 ਮੈ ਗੜ੍ਹੀ ਚਮਕੌਰ ਦੀ ,ਛੋਹ ਮੈਨੂੰ ਮਿਲੀ ਗੋਬਿੰਦ ਦੀ ।
 ਚਸ਼ਮ ਦੀਦ ਗਵਾਹ ਹਾਂ,  ਇੱਕ ਅਨੋਕੀ ਜੰਗ ਦੀ ।।