ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ (ਖ਼ਬਰਸਾਰ)


  ਡੈਲਟਾ: ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਨੇ ਮਹੀਨੇ ਦੇ ਤੀਜੇ ਮੰਗਲਵਾਰ ਦੀ ਸ਼ਾਮ ਪੰਜਾਬੀ ਸਹਿਤ ਦੇ ਨਾਮ ਕੀਤੀ ਹੋਈ ਹੈ, ਜਿਸ ਵਿਚ ਆਮ ਤੌਰ 'ਤੇ ਦੋ ਕਵੀਆਂ ਨੂੰ ਆਪਣਾਆਂ ਕਵਿਤਾਵਾਂ ਪੜ੍ਹਨ ਲਈ ਬੁਲਾਇਆ ਜਾਂਦਾ ਹੈ। ਮਾਰਚ ਮਹੀਨੇ ਦੀ ਸ਼ਾਮ ਜਸਬੀਰ ਕੌਰ ਮਾਨ ਤੇ ਸਾਧੂ ਬਿਨਿੰਗ ਦੇ ਨਾਮ ਕੀਤੀ ਹੋਈ ਸੀ। ਬਾਹਰ ਮੀਂਹ ਨੇ ਛਹਿਬਰ ਲਾਈ ਹੋਈ ਸੀ। ਲਾਇਬ੍ਰੇਰੀ ਦੇ ਮੀਟੰਗ ਰੂਮ ਵਿਚ ਜਸਬੀਰ ਕੌਰ ਮਾਨ ਤੇ ਸਾਧੂ ਬਿਨਿੰਗ ਵੀ ਠੀਕ ਛੇ ਵਜੇ ਕਵਿਤਾਵਾਂ ਦੀ ਛਹਿਬਰ ਲਾਉਣ ਪਹੁੰਚ ਗਏ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਵੱਲੋਂ ਲਾਇਬ੍ਰੇਰੀਅਨ ਤੇ ਆਏ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਫਿਰ ਜਸਬੀਰ ਕੌਰ ਮਾਨ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਨ ਤੋਂ ਪਹਿਲਾਂ ਉਸ ਦੇ ਕਾਵਿ ਸਫਰ ਬਾਰੇ ਚਾਨਣਾ ਪਾਉਂਦਿਆਂ ਇਹ ਵੀ ਦੱਸਿਆ ਕਿ ਉਰਦੂ ਦੇ ਨਾਮਵਰ ਲੇਖਕ ਕਰਨਲ ਸ਼ਫਾਕ ਅਲੀ (ਮਰਹੂਮ) ਨੇ ਬੀਬੀ ਮਾਨ ਨੂੰ ਪੰਜਾਬੀ ਕਵਿਤਾ ਲਿਖਣ ਲਈ ਪ੍ਰੇਰਤ ਕੀਤਾ ਸੀ।
  Photo

      ਜਸਬੀਰ ਕੌਰ ਮਾਨ ਨੇ ਆਪਣੀ ਪਹਿਲੀ ਪ੍ਰਤੀਕਾਤਮਿਕ ਕਵਿਤਾ 'ਦੀਵਾ' ਵਿਚ ਦੱਸਿਆ ਕਿ ਮਨ ਦੇ ਹਨੇਰੇ ਨੂੰ ਕਵਿਤਾ ਦਾ ਦੀਵਾ ਕਿਵੇਂ ਰੁਸ਼ਨਾਉਂਦਾ ਹੈ। ਦੂਜੀ ਕਵਿਤਾ 'ਪਾਤਰ ਕੁਪਾਤਰ' 'ਚ ਵਰਨਣ ਸੀ ਕਿ ਅਜੋਕੇ ਸਮੇਂ ਮਖੌਟਾ ਧਾਰੀ ਪਾਤਰਾਂ ਦੇ ਮਨ ਹੋਰ ਮੁਖ ਹੋਰ ਨੇ। ਕੋਈ ਵਿਰਲਾ ਟਾਵਾਂ ਹੀ ਚੰਗਾ ਦਿਸਦਾ ਹੈ। ਕਵਿਤਾ ਸ਼ਬਦ ਅਲੰਕਾਰਾਂ ਨਾਲ ਸ਼ੰਗਾਰੀ ਹੋਈ ਸੀ। ਤੀਜੀ ਕਵਿਤਾ 'ਰਿਸ਼ਤੇ' ਰਿਸ਼ਤਿਆਂ ਦੀ ਨਰਾਰਥਿਕਤਾ ਦੀ ਬਾਤ ਪਾਉਂਦੀ ਸੀ। ਚੌਥੀ ਕਵਿਤਾ ' ਮੈਂ ਤੈਨੂੰ ਕਿਵੇਂ ਇਨਸਾਨ ਕਹਾਂ' ਬਲਾਤਕਾਰ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਸਮਰਪਤ ਸੀ। ਇਸ ਕਵਿਤਾ ਵਿਚ ਦੱਸਿਆ ਗਿਆ ਸੀ ਕਿ ਬਲਾਤਕਾਰੀਆਂ ਨੂੰ ਹੈਵਾਨਾਂ ਨਾਲ ਤਸ਼ਬੀਹ ਦੇਣਾ ਹੈਵਾਨਾਂ ਦੀ ਤੌਹੀਨ ਕਰਨ ਦੇ ਬਰਾਬਰ ਹੈ ਕਿਉਂਕਿ ਇਹ ਲੋਕ ਤਾਂ ਹੈਵਾਨਾਂ ਤੋਂ ਵੀ ਗਿਰੇ ਹੋਏ ਹੁੰਦੇ ਹਨ। ਪੰਜਵੀਂ ਕਵਿਤਾ 'ਬਾਬਾ ਜੀ ਤੁਸੀਂ ਕਿੱਥੇ ਚੱਲੇ' ਬਜ਼ੁਰਗਾਂ ਦੇ ਪਰਵਾਸ ਦੀ ਤਰਾਸਦੀ ਬਿਆਨ ਕਰਦੀ ਸੀ। ਮਾਂ ਧੀ ਦੇ ਵਾਰਤਾਲਾਪੀ ਕਵਿਤਾ 'ਜੰਞ ਬੂਹੇ ਆਣ ਖੜ੍ਹੀ ਹੈ' ਵਿਚ ਮਾਂ ਪਰਿਵਾਰ ਦੀ ਖਾਤਰ ਬਦੇਸ਼ ਵਿਚ ਵਿਆਹ ਕਰਵਾਉਣ ਲਈ ਧੀ ਨੂੰ ਮਨਾਉਂਦੀ ਹੈ। ਪਰ ਬਦੇਸ ਜਾਣ ਤੋਂ ਇਨਕਾਰੀ ਐਮ.ਏ. ਪਾਸ ਧੀ ਮਾਂ ਨੂੰ ਦਲੀਲਾਂ ਰਾਹੀਂ ਸਮਝਾਉਂਦੀ ਹੈ। ਜਸਬੀਰ ਮਾਨ ਦੀ ਅਖੀਰਲੀ ਕਵਿਤਾ 'ਸੰਗਮ' ਦੋ ਰੂਹਾਂ ਦੇ ਸੰਗਮ ਦੀ ਗੱਲ ਕਰਦੀ ਸੀ।
     ਜਰਨੈਲ ਸਿੰਘ ਸੇਖਾ ਨੇ ਸਾਧੂ ਬਿਨਿੰਗ ਨੂੰ ਸਰੋਤਿਆਂ ਦੇ ਰੂ-ਬ-ਰੂ ਕਰਦਿਆਂ ਕਿਹਾ ਕਿ ਸਾਧੂ ਬਿਨਿੰਗ ਬਹੁ-ਵਿਧਾਈ ਲੇਖਕ ਹੈ। ਇਸ ਨੇ ਸਾਹਿਤ ਦੀ ਹਰ ਵਿਧਾ ਉਪਰ ਲਿਖਿਆ ਹੈ ਤੇ ਉਸ ਦੀਆਂ ਵੀਹ ਦੇ ਕਰੀਬ ਪੁਸਤਕਾਂ ਛਪੀਆਂ ਹਨ।ਬਹੁਤ ਸਮਾਂ ਉਸ ਨੇ ਯੂ.ਬੀ.ਸੀ. ਵਿਚ ਪੰਜਾਬੀ ਪੜ੍ਹਾਈ ਹੈ। ਇਸ ਦੇ ਨਾਲ ਉਹਨੇ ਬੀ.ਸੀ. ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਵਾਉਣ ਵਿਚ ਵੀ ਵੱਡਾ ਯੋਗਦਾਨ ਪਾਇਆ ਹੈ। ਹੁਣ ਵੀ ਉਹਨਾਂ ਪਲੀਅ ਸੰਸਥਾ ਰਾਹੀਂ ਪੰਜਾਬੀ ਨੂੰ ਕੈਨੇਡੀਅਨ ਭਾਸ਼ਾ ਦਾ ਦਰਜਾ ਦਵਾਉਣ ਲਈ ਜੱਦੋ ਜਹਿਦ ਜਾਰੀ ਰੱਖੀ ਹੋਈ ਹੈ।
     ਸਾਧੂ ਬਿਨਿੰਗ ਨੇ ਆਪਣੀਆਂ ਕਵਿਤਾਵਾਂ ਸਣਾਉਣ ਤੋਂ ਪਹਿਲਾਂ ਕੁਝ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਦੇ ਵਿਚਾਰ ਅਨੁਸਾਰ ਬੋਲੀ ਦੀ ਹੋਂਦ ਦੇ ਨਾਲ ਹੀ ਕਵਿਤਾ ਪੈਦਾ ਹੋ ਗਈ ਸੀ। ਲੋਕ ਗੀਤ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਹਨ। ਪੰਜਾਬ ਦੀ ਮਿੱਟੀ ਦੀ ਇਹ ਤਾਸੀਰ ਹੈ ਕਿ ਉੱਥੇ ਜਨਮ ਲੈਣ ਵਾਲੇ ਦੇ ਅੰਦਰ ਕਵਿਤਾ ਵੀ ਜਨਮ ਧਾਰਨ ਕਰ ਲੈਂਦੀ ਹੈ। ਆਪਣੀ ਲੇਖਣ ਪਰਕ੍ਰਿਆ ਬਾਰੇ ਗੱਲ ਕਰਦਿਆਂ ਸਾਧੂ ਨੇ ਕਿਹਾ ਕਿ ਘਰ ਵਿਚ ਸਾਹਿਤਕ ਮਾਹੌਲ ਨਹੀਂ ਸੀ। ਮੇਰੀ ਕਵਿਤਾ ਤਾਂ ਲੰਬਰ ਮਿੱਲ ਦੇ ਖੜਕੇ 'ਚੋਂ ਪੈਦਾ ਹੋਈ। ਫਿਰ ਮੈਂ ਆਪਣੇ ਮਨ ਦੀ ਤਸਕੀਨ ਲਈ ਕਵਿਤਾ ਲਿਖਦਾ ਰਿਹਾ। ਉਸ ਦੀ ਪਹਿਲੀ ਕਵਿਤਾ 'ਆਪਣਾ ਗੀਤ' ਵਿਚ ਵੀ ਇਹੋ ਵਿਚਾਰ ਪ੍ਰਧਾਨ ਸੀ ਕਿ ਮਨੁੱਖ ਨੂੰ ਆਪਣੀ ਮਾਨਸਿਕ ਤ੍ਰਿਪਤੀ ਲਈ ਕਵਿਤਾ ਲਿਖਦੇ ਰਹਿਣਾ ਚਾਹੀਦਾ ਹੈ। ਸਾਧੂ ਦੀਆਂ ਕਵਿਤਾਵਾਂ ਭਾਵੇਂ ਨਿੱਕੀਆਂ ਸਨ ਪਰ ਵਿਚਾਰਾਂ ਪੱਖੋਂ ਬਹੁਤ ਤਿੱਖੀਆਂ ਸਨ। ਕਵਿਤਾ 'ਮਾਪਿਆਂ ਦੀ ਸਿਖਿਆ' ਵਿਚ ਬਾਂਦਰ ਤੇ ਖੋਤੇ ਦੇ ਬੱਚਿਆਂ ਨੂੰ ਉਹਨਾਂ ਦੇ ਮਾਪਿਆਂ ਵੱਲੋਂ ਦਿੱਤੀ ਸਿਖਿਆ ਰਾਹੀਂ ਮਨੁੱਖੀ ਫਿਤਰਤ 'ਤੇ ਵਿਅੰਗ ਕਸਿਆ ਹੋਇਆ ਸੀ। 'ਬਾਗ਼ੀ ਸੀਤਾ', 'ਅੱਧੀ ਤਾਕਤ' ਤੇ 'ਹੀਰ ਦੀਆਂ ਆਖਰੀ ਚੀਕਾਂ' ਕਵਿਤਾਵਾਂ ਵਿਚ ਔਰਤ ਦੀ ਤਰਾਸਦੀ ਤੇ ਉਸ ਦੇ ਹੱਕਾਂ ਦੀ ਪ੍ਰਾਪਤੀ ਲਈ ਵੰਗਾਰ ਸੀ। 'ਸੰਗਤ ਦੀ ਅਰਦਾਸ', 'ਮੇਰਾ ਵੈਨਕੂਵਰ' ਤੇ 'ਸੁਨਹਿਰਾ ਦਿਨ' ਕਵਿਤਾਵਾਂ ਵਿਚ ਫੋਹੜ ਜਿਹੇ ਕਰਮ ਕਾਡਾਂ ਤੇ ਰੀਤੀ ਰਵਾਜ਼ਾਂ ਉਪਰ ਵਿਅੰਗ ਕਸਿਆ ਹੋਇਆ ਸੀ। 'ਸਾਗਰ ਕੰਢੇ ਦੀ ਦੁਨੀਆ', 'ਯਾਰ ਮੇਰਾ ਦਰਿਆ', 'ਘਰ' ਤੇ 'ਰਿਸ਼ਤੇ ਦਰਿਆਵਾਂ ਦੇ' ਕਵਿਤਾਵਾਂ ਮਨੁੱਖੀ ਮਨ ਦੀ ਤ੍ਰਿਪਤੀ ਦੀ ਬਾਤ ਪਾਉਂਦੀਆ ਸਨ।
    ਕੁਝ ਸਮਾਂ ਪੰਜਾਬੀ ਸਾਹਿਤ ਵਾਸਤੇ ਰਾਖਵਾਂ ਰੱਖਣ ਲਈ ਜਾਰਜ ਮੈਕੀ ਲਾਇਬ੍ਰੇਰੀ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਨ ਮਗਰੋਂ ਅਪ੍ਰੈਲ ਦੇ ਤੀਜੇ ਮੰਗਲਵਾਰ, ਦੋ ਹੋਰ ਕਵੀਆਂ ਸੰਗ, ਕਾਵਿ ਸ਼ਾਮ ਮਾਨਣ ਦੇ ਇਕਰਾਰ ਨਾਲ ਕਾਵਿ ਮਹਿਫਲ ਦੀ ਸਮਾਪਤੀ ਹੋਈ।