ਸਮੇਂ ਦਾ ਸਦ-ਉਪਯੋਗ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸਮਾਂ ਹੀ ਸਭ ਤੋਂ ਯੋਗ ਉਸਤਾਦ ਹੈ ।
                                    - ਫੈਰੀਕਲੀਜ਼
ਸਮਾਂ ਹੀ ਧਨ ਹੈ। ਇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਤਾਂ ਹੀਰੇ-ਮੋਤੀ, ਜਵਾਹਰਤ, ਸੋਨੇ, ਚਾਂਦੀ, ਆਦਿ ਤੋਂ ਵੀ ਕੀਮਤੀ ਹੈ, ਭਾਵ ਅਨਮੋਲ ਹੈ। ਹੋਰ ਤਾਂ ਹੋਰ, ਬੀਤਿਆ ਹੋਇਆ ਪਲ ਵਾਪਿਸ ਨਹੀਂ ਆਉਂਦਾ, ਭਾਵੇਂ ਕੋਈ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ। ਅਮੀਰ-ਗ਼ਰੀਬ, ਰਾਜਾ-ਰੰਕ, ਸਾਰੇ ਹੀ ਇਸ ਨੂੰ ਸਲਾਮ ਕਰਦੇ ਨੇ। ਇਹ ਕਿਸੇ ਦੇ ਕਹਿਣ 'ਤੇ ਨਹੀਂ ਰੁਕਦਾ। ਇਹ ਤਾਂ ਵਹਿੰਦੇ ਦਰਿਆ ਵਾਂਗ ਵਹਿੰਦਾ ਹੀ ਜਾਂਦਾ ਹੈ; ਦੁੱਖਾਂ-ਸੁੱਖਾਂ ਦੀ ਪੰਡਾਂ ਆਪਣੇ ਨਾਲ ਵਹਾ ਕੇ ਲੈ ਜਾਂਦਾ ਹੈ। ਜਾਂ ਇੰਝ ਕਹਿ ਲਈਏ ਕਿ ਇਹ ਕਿਸੇ ਨੂੰ ਬਖਸ਼ਦਾ ਨਹੀਂ, ਅਰਥਾਤ ਸਮਾਂ ਬਲਵਾਨ ਹੈ।
ਵਕਤ, ਕਾਲ ਜਾਂ ਸਮਾਂ ਇੱਕ ਹੀ ਮਹਾਂ-ਸ਼ਕਤੀ ਹੈ, ਜੋ ਸਾਰੀ ਸ੍ਰਿਸ਼ਟੀ, ਖਾਸ ਕਰਕੇ ਮਨੁੱਖ ਨੂੰ ਆਪਣੇ ਸ਼ਿਕੰਜੇ ਵਿੱਚ ਕੱਸ ਕੇ ਰੱਖਦੀ ਹੈ। ਸਵੇਟ ਮਾਰਡਨ ਦਾ ਕਹਿਣਾ ਹੈ, 'ਜੇਕਰ ਸਮਾਂ ਹੱਥੋਂ ਨਿਕਲ ਜਾਵੇ ਤਾਂ ਪਛਤਾਵਾ ਹੀ ਹੱਥ ਲਗਦਾ ਹੈ'। ਇਹ ਜਾਣਦੇ ਹੋਏ ਵੀ ਬਹੁ-ਗਿਣਤੀ 'ਚ ਲੋਕ ਸਮੇਂ ਦਾ ਸਦ-ਉਪਯੋਗ ਨਹੀਂ ਕਰਦੇ। ਜ਼ਿੰਦਗੀ ਦੁੱਖਾਂ-ਸੁੱਖਾਂ ਦਾ ਸਾਗਰ ਹੈ। ਐਪਰ ਓਹੀ ਇਨਸਾਨ ਤਰਦਾ ਹੈ, ਜੋ ਸਮੇਂ ਦਾ ਸਹੀ ਮੁੱਲ ਉਤਾਰਦਾ ਹੈ।
ਸਮਾਂ ਕਦੋਂ ਬੀਤ ਜਾਂਦਾ ਹੈ, ਕੋਈ ਪਤਾ ਨਹੀਂ ਚੱਲਦਾ। ਦਿਨ ਚੜ੍ਹਦਾ ਹੈ ਤੇ ਇੱਕ ਦਮ ਰਾਤ ਪੈ ਜਾਂਦੀ ਹੈ । ਇਸ ਤਰ੍ਹਾਂ ੨੪ ਘੰਟੇ ਖਤਮ ਹੋ ਜਾਂਦੇ ਨੇ। ਪਲਾਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਕਿੰਝ ਬੀਤ ਜਾਂਦੇ ਨੇ, ਕੋਈ ਪਤਾ ਹੀ ਨਹੀਂ ਚਲਦਾ। ਅਸੀਂ ਤਾਂ ਜਨਮ ਦਿਨ ਮਨਾਉਂਦੇ ਹੀ ਰਹਿ ਜਾਈਦਾ ਹੈ। ਸਾਨੂੰ ਤਾਂ ਉਦੋਂ ਪਤਾ ਚੱਲਦਾ ਹੈ, ਜਦੋਂ ਜਵਾਨੀ ਮਿੱਟੀ 'ਚੋਂ ਫਰੋਲਣੀ ਪੈਂਦੀ ਹੈ। ਇਸ ਗੱਲ ਤੋਂ ਸਾਰੇ ਹੀ ਭਲੀ-ਭਾਂਤ ਜਾਣੂੰ ਹੋ ਕਿ ਬੀਤਿਆ ਸਮਾਂ ਵਾਪਿਸ ਨਹੀਂ ਆਉਂਦਾ। 'ਅਬ ਪਛਤਾਏ ਕਿਆ ਹੋਤ ਹੈ, ਜਬ ਚਿੜੀਆਂ ਚੁਗ ਗਈ ਖੇਤ'। ਤਾਹੀਓਂ ਕਿਹਾ ਜਾਂਦਾ ਹੈ 'ਅੱਜ ਦਾ ਕੰਮ, ਕੱਲ੍ਹ 'ਤੇ ਨਾ ਛੱਡੋ'।
ਅਜੋਕੇ ਸਮੇਂ ਵਿੱਚ ਹਰ ਕੋਈ ਬਹਾਨੇਬਾਜ਼ੀ ਕਰਦਾ ਹੈ ਕਿ ਸਮਾਂ ਨਹੀਂ ਮਿਲਿਆ, ਉਂਜ ਭਾਵੇ ਦੋ ਘੰਟੇ ਟੈਲੀਵਿਯਨ ਦੇਖਦਾ ਰਹੇ, ਉਹ ਵੱਖਰੀ ਗੱਲ ਹੈ। ਕਿਸੇ ਨੇ ਸੱਚ ਹੀ ਕਿਹਾ ਹੈ, 'ਸਿਆਣੇ ਕੰਮ ਕਰਦੇ ਨੇ ਤੇ ਮੂਰਖ ਬਹਾਨੇ ਲਾਉਂਦੇ ਨੇ'। ਇੱਕ ਸਾਹਸੀ ਮਨੁੱਖ ਕੋਲ ਕਦੇ ਸਮੇਂ ਦੀ ਘਾਟ ਨਹੀਂ ਹੁੰਦੀ; ਉਹ ਵਿਉਂਤਵੰਦੀ ਇਸ ਤਰ੍ਹਾਂ ਕਰਦਾ ਹੈ, ਜੋ ਕੰਮ ਪਹਿਲਾਂ ਹੋਣਾ ਹੁੰਦਾ ਹੈ, ਉਸ ਨੂੰ ਪਹਿਲ ਦਿੰਦਾ ਹੈ ਤੇ ਬਾਕੀ ਕੰਮ ਬਾਅਦ ਵਿਚ। ਸਮੇਂ ਨਾਲ ਜੋ ਕਦਮ ਨਾਲ ਕਦਮ ਮਿਲਾ ਕੇ ਚੱਲਦਾ ਹੈ, ਮਨ-ਚਾਹੀ ਮੰਜ਼ਿਲ ਪਾਉਂਦਾ ਹੈ। 
ਸਮਾਂ ਸਭ ਲਈ ਬਰਾਬਰ ਹੁੰਦਾ ਹੈ। ਕਈ ਤਾਂ ਸੌਂ ਕੇ, ਵਿਹਲੇ ਰਹਿ ਕੇ ਜਾਂ ਗੱਪ-ਛੱਪ ਮਾਰ ਕੇ ਗੁਆ ਲੈਂਦੇ ਨੇ, ਪਰ ਸਿਆਣਾ ਵਿਅਕਤੀ ਇਸ ਦਾ ਸਦ-ਉੁਪਯੋਗ ਕਰਦਾ ਹੈ। ਉਹ ਤਾਂ ਪਲ-ਪਲ ਦਾ ਹਿਸਾਬ ਰੱਖਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਸੌਣਾ ਸਿਹਤ ਲਈ ਹਾਨੀਕਾਰਕ ਹੈ। ਉਸ ਨੂੰ ਤਾਂ ਆਲਸ ਤੇ ਸੁਸਤੀ ਲੈ ਬੈਠਦੀ ਹੈ। ਪਰ, ਉਹ ਵਿਅਕਤੀ ਜੋ ਆਪਣੀ ਰੋਜ਼ੀ-ਰੋਟੀ ਕਮਾਉਂਦਾ ਹੈ, ਸਾਰੇ ਕੰਮ ਸਮੇਂ ਸਿਰ ਨਿਪਟਾਉਂਦਾ ਹੈ, ਸਮੇਂ ਦਾ ਸਦ-ਉਪਯੋਗ ਕਰਦਾ ਹੋਇਆ ਕੁਦਰਤੀ ਨਿਯਮਾਂ ਦੀ ਪਾਲਣਾ ਕਰਦਾ ਹੈ, ਚੰਗੇ ਇਨਸਾਨਾਂ 'ਚ  ਗਿਣਿਆ ਜਾਂਦਾ ਹੈ।  
'ਵਿਹਲਾ ਮਨ ਸ਼ੈਤਾਨ ਦਾ ਘਰ'। ਉਹ ਵਿਅਕਤੀ ਜੋ ਵਿਹਲੇ ਰਹਿੰਦੇ ਹਨ, ਆਪਣੇ ਕੀਮਤੀ ਸਮੇਂ ਨੂੰ ਗੁਵਾਉਣ ਦੇ ਨਾਲ-ਨਾਲ ਸਮਾਜ ਦੇ ਕਾਇਦੇ-ਕਾਨੂੰਨਾਂ ਨੂੰ ਛਿੱਕੇ-ਟੰਗੀ ਰੱਖਦੇ ਹਨ। ਆਪਣਾ ਨੁਕਸਾਨ ਤਾਂ ਕਰਨਾ ਹੀ ਹੁੰਦਾ ਹੈ, ਸਗੋਂ ਸਮਾਜ ਦੇ ਵੀ ਨਾਸੀ-ਧੂੰਆਂ ਦਿੰਦੇ ਹਨ, ਸਮਾਜਿਕ ਕੁਰੀਤੀਆਂ ਨੂੰ ਜਾਗ ਲਗਾਂਉਂਦੇ ਹਨ, ਕੁਦਰਤੀ ਨਿਯਮਾਂ ਦੀ ਉਲੰਘਣਾ ਕਰਦੇ ਹਨ। ਇਹੋ ਜਿਹੇ ਕਾਰਨਾਮਿਆਂ ਸਦਕਾ ਹੀ ਕੁਦਰਤੀ ਕਰੋਪੀ ਆਉਂਦੀ ਹੈ, ਜੋ ਸਾਰਾ ਕੁਝ ਤਹਿਸ-ਨਹਿਸ ਕਰ ਜਾਂਦੀ ਹੈ। 
ਜੇ ਤੁਸੀਂ ਸਮੇਂ ਦੀ ਕਦਰ ਕਰਦੇ ਹੋ, ਤਾਂ ਸਮਾਂ ਤੁਹਾਡੀ ਮੱਦਦ ਜ਼ਰੂਰ ਕਰੇਗਾ। ਪਰ, ਜੇ ਤੁਸੀਂ ਤਾਸ਼ ਖੇਡਣ ਜਾਂ ਗੱਪ-ਛੱਪ ਮਾਰਨ ਵਿੱਚ ਦੋ ਘੰਟੇ ਬਰਬਾਦ ਕਰ ਦਿੱਤੇ ਤਾਂ ਇਸ ਦਾ ਖਮਿਆਜ਼ਾ ਤੁਹਾਨੂੰ ਭੁਗਤਣਾ ਪਵੇਗਾ। ਇੱਕ ਵਾਰ ਇੱਕ ਬੱਚੇ ਦੀ ਮਾਂ ਸਖ਼ਤ ਬੀਮਾਰ ਹੋ ਗਈ। ਉਹ ਬੱਚਾ ਤਾਸ਼ ਖੇਡ ਰਿਹਾ ਸੀ। ਉਸ ਨੂੰ ਕਈ ਸੁਨੇਹੇ ਮਿਲੇ, ਪਰ ਉਹ ਨਾ ਉੱਠਿਆ। ਜਦੋਂ ਉਸ ਨੂੰ ਸੁਨੇਹਾ ਮਿਲਿਆ ਕਿ ਉਸ ਦੀ ਮਾਂ ਸਵਰਗ ਸੁਧਾਰ ਗਈ ਤਾਂ ਉਹ ਭੁੱਬਾਂ ਮਾਰਦਾ ਹੋਇਆ ਘਰ ਵੱਲ ਦੌੜਿਆ। ਤਾਹੀਓਂ ਕਹਿੰਦੇ ਨੇ, ਸਮਾਂ ਅਮੁੱਲ ਹੈ। ਇਹ ਕਿਸੇ ਦੀ ਉਡੀਕ ਨਹੀਂ ਕਰਦਾ।
ਸਮੇਂ ਦੇ ਚੱਕਰ ਵਾਂਗ ਮਨੁੱਖੀ ਜੀਵਨ ਚੱਲਦਾ ਹੈ। ਬੱਚਾ ਪੈਦਾ ਹੁੰਦਾ ਤਾਂ ਲੱਖ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ। ਬਚਪਨ, ਜਵਾਨੀ ਤੇ ਬੁਢਾਪਾ ਕਿੰਜ ਬੀਤ ਜਾਂਦਾ ਹੈ, ਕੋਈ ਪਤਾ ਨਹੀਂ ਚਲਦਾ। ਇਹ ਸਭ ਸਮੇਂ ਦੀ ਖੇਡ ਹੈ। ਪਰਮਾਤਮਾ ਨੇ ਹਰੇਕ ਚੀਜ਼ ਦਾ ਸਮਾਂ ਨੀਯਤ ਕੀਤਾ ਹੋਇਆ ਹੈ। ਵਰੰਦ ਦਾ ਕਹਿਣਾ ਠੀਕ ਹੈ, "ਉਸ ਦਾ ਕੰਮ ਸਿੱਧ ਹੁੰਦਾ ਹੈ, ਜੋ ਸਮੇਂ ਨੂੰ ਵਿਚਾਰ ਕੇ ਕੰਮ ਕਰਦਾ ਹੈ" ।
ਨਵਾਂ ਸਾਲ ਚੜ੍ਹਦਾ ਹੈ, ਇਕ ਦਮ ਖਤਮ ਹੋ ਜਾਂਦਾ ਹੈ। ਭਾਵੇਂ ਤੁਸੀਂ ਪਿਛਲੇ ਵਰ੍ਹੇ 'ਚ ਕੁਝ ਕੀਤਾ ਹੈ ਜਾਂ ਨਹੀਂ, ਪਰ ਤੁਹਾਡੇ ਜੀਵਨ ਖਾਤੇ 'ਚੋਂ ਇੱਕ ਸਾਲ ਹੋਰ ਘਟ ਗਿਆ। ਮਨੁੱਖੀ ਜੀਵਨ ਬਹੁਤ ਛੋਟਾ ਹੈ, ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਹੈ। ਇਸ ਲਈ ਸਮੇਂ ਦਾ ਸਦ-ਉਪਯੋਗ ਕਰਿਆ ਹੀ ਬਹੁਤ ਸਾਰੇ ਕਾਰਜ ਸਿੱਧ ਕੀਤੇ ਜਾ ਸਕਦੇ ਨੇ, ਮਨ-ਚਾਹੀਆਂ ਮੰਜ਼ਿਲਾਂ ਪਾਈਆਂ ਜਾ ਸਕਦੀਆਂ ਨੇ। ਮਹਾਨ ਹਸਤੀਆਂ ਦੀਆਂ ਜੀਵਨ-ਕਥਾਵਾਂ ਵੀ ਇਸ ਗੱਲ ਦੀ ਹਾਮੀ ਭਰਦੀਆਂ ਨੇ। ਵਿਸ਼ਵ ਪ੍ਰਸਿੱਧ ਲਿਖਾਰੀ ਸ਼ੈਕਸਪੀਅਰ ਦਾ ਕਥਨ ਹੈ, 'ਅੱਜ ਦਾ ਮੌਕਾ ਇਧਰ-ਉਧਰ ਘੁੰਮ ਕੇ ਗੁਆ ਦੇਵੇ, ਕੱਲ੍ਹ ਨੂੰ ਵੀ ਉਹੀ ਗੱਲ ਹੋਵੇਗੀ ਅਤੇ ਫਿਰ ਹੋਰ ਜ਼ਿਆਦਾ ਸੁਸਤੀ ਆਏਗੀ'।