ਸਾਹਿਤਕ ਸੰਗਠਨਾਂ ਦਾ ਯੋਗਦਾਨ ਬਾਰੇ ਰਾਸ਼ਟਰੀ ਸੈਮੀਨਾਰ (ਖ਼ਬਰਸਾਰ)


ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਸਾਹਿਤਕ ਸੰਗਠਨਾਂ ਦਾ ਯੋਗਦਾਨ ਬਾਰੇ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਵਰਿੰਦਰ ਵਾਲੀਆ ਸੰਪਾਦਕ ਪੰਜਾਬੀ ਟ੍ਰਿਬਿਊਨ ਨੇ ਕੀਤੀ। ਡਾ. ਅਨੂਪ ਸਿੰਘ ਨੇ ਆਏ ਵਿਦਵਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਸਾਹਿਤ, ਸਭਿਆਚਾਰ ਅਤੇ ਵਿਕਾਸ ਪ੍ਰਤੀ ਸੰਗਠਨਾਂ ਦਾ ਵੱਡਮੁਲਾ ਯੋਗਦਾਨ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪਹੁੰਚੇ ਬੁਲਾਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਬਾਜ਼ਾਰ ਦੀਆਂ ਨਿੱਤ ਬਦਲ ਰਹੀਆਂ ਕਦਰਾਂ ਕੀਮਤਾਂ ਵਿਚ ਸਭਿਆਚਾਰ ਦੀ ਰਾਖੀ ਲਈ ਸਾਹਿਤਕ ਸੰਗਠਨਾਂ ਦੀ ਪ੍ਰਤੀਬੱਧਤਾ ਨਾਲ ਹੋਰ ਵੀ ਜ਼ਿਆਦਾ ਲੋੜ ਹੈ। 
ਜਨਵਾਦੀ ਲੇਖਕ ਸੰਘ ਦੇ ਉਪ ਪ੍ਰਧਾਨ ਸ੍ਰੀ ਚੰਚਲ ਚੌਹਾਨ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਕਿਹਾ ਕਿ ਭਾਰਤੀ ਇਤਿਹਾਸ ਵਿਚ ਸਾਹਿਤਕ ਸੰਗਠਨਾਂ ਦਾ ਉਲੇਖ 300 ਈਸਵੀ ਪੂਰਵ ਮਿਲਦਾ ਹੈ ਜਿਸ ਵਿਚ ਸੰਗਮ ਲਿਟਰੇਚਰ ਦਾ ਵੱਡਮੁਲਾ ਯੋਗਦਾਨ ਹੈ। ਗਿਆਨ ਦੀ ਅਗਿਆਨ ਨਾਲ ਲੜਾਈ ਹੈ। ਜੇ ਅਗਿਆਨੀ ਵੀ ਸੰਗਠਿਤ ਹਨ ਤਾਂ ਉਸ ਦੇ ਉਪਰ ਜਿੱਤ ਲਈ ਗਿਆਨ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ। ਪੋਲ ਖੋਲ੍ਹ ਅਭਿਆਨ ਲਈ ਸੱਚ ਦਾ ਸੰਗਠਨ ਅੱਜ ਦੇ ਸੰਦਰਭ ਵਿਚ ਜਿਉਂ ਦੀ ਤਿਉਂ ਮਾਰਗ ਦਰਸਾ ਰਿਹਾ ਹੈ। ਸਾਹਿਤ ਸਮਾਜ ਅਤੇ ਸਭਿਆਚਾਰ ਦਾ ਵਿਕਾਸ ਸੰਗਠਨਾਂ ਦੀ ਹੀ ਦੇਣ ਹੈ। 
ਦੂਸਰੇ ਬੁਲਾਰੇ ਚੌਥੀ ਰਾਮ ਯਾਦਵ (ਬਨਾਰਸ) ਨੇ ਕਿਹਾ ਕਿ ਲੇਖਕਾਂ ਨਾਲ ਭਾਵੇਂ ਸੰਗਠਨ ਬਣਦਾ ਹੈ ਪਰ ਇਕੱਲਾ ਲੇਖਕ ਵੀ ਸੰਗਠਨ ਨਾਲੋਂ ਵੱਧ ਕੰਮ ਕਰ ਜਾਂਦਾ ਹੈ। ਜਿਵੇਂ ਕਿ ਇਕੱਲੇ ਕਬੀਰ ਹੀ ਸਾਮੰਤਵਾਦ ਅਤੇ ਪ੍ਰੋਹਤਵਾਦ ਦੋਨਾਂ ਨਾਲ ਲੜੇ। ਪਰ ਅੱਜ ਇਕ ਰੋਟੀ ਬੇਲਦਾ ਹੈ, ਇਕ ਖਾਂਦਾ ਹੈ ਪਰ ਤੀਸਰਾ ਜੋ ਰੋਟੀ ਨਾਲ ਖੇਲ੍ਹਦਾ ਹੈ, ਅਜਿਹੇ ਦੁਸ਼ਮਨ ਨਾਲ ਲੜਨ ਲਈ ਸੰਗਠਨਾਂ ਦੀ ਲੋੜ ਹੈ। ਪੰਜਾਬ ਵਿਚ ਭਾਵੇਂ ਜਨਵਾਦੀ, ਪ੍ਰਗਤੀਸ਼ੀਲ ਅਤੇ ਜਨ ਸਾਂਸਕ੍ਰਿਤਕ ਮੰਚ ਨਹੀਂ ਹਨ ਪਰ ਤਿੰਨਾਂ ਦੇ ਪ੍ਰਭਾਵ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਮਿਲਦੇ ਹਨ। ਤੀਸਰੇ ਬੁਲਾਰੇ ਸ੍ਰੀ ਗੋਪਾਲ ਪ੍ਰਧਾਨ (ਅੰਬੇਦਕਰ ਯੂਨੀਵਰਸਿਟੀ, ਦਿੱਲੀ) ਨੇ ਸੰਗਠਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਮੁਨਸ਼ੀ ਪ੍ਰੇਮ ਚੰਦ ਤਾਂ ਇਥੋਂ ਤੱਕ ਕਹਿੰਦੇ ਸਨ ਕਿ ਲੇਖਕਾਂ ਦਾ ਟਰੇਡ ਯੂਨੀਅਨ ਵਰਗਾ ਸੰਗਠਨ ਹੋਣਾ ਚਾਹੀਦਾ ਹੈ। ਪੰਜਾਬੀ ਦੇ ਵਿਦਵਾਨ ਲੇਖਕ ਸ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਭਾਵੇਂ ਪੰਜਾਬ ਵਿਚ 1900 ਈ. ਦੇ ਆਸ ਪਾਸ ਕੋਈ ਪ੍ਰਗਤੀਸ਼ੀਲ ਲੇਖਕ ਲਹਿਰ ਨਹੀਂ ਸੀ ਪਰ ਉਦੋਂ ਵੀ ਪੰਜਾਬੀ ਲੇਖਕ ਬਿਲਕੁਲ ਉਕਤ ਤਿੰਨੇ ਸੰਗਠਨਾਂ ਵਾਲਾ ਫ਼ਰਜ਼ ਨਿਭਾਉਂਦੇ ਰਹੇ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜੀਵਨ ਦੇ ਹਰ ਖੇਤਰ ਲਈ ਸੰਗਠਨਾਂ ਦੀ ਲੋੜ ਹੈ ਅਤੇ ਉਨ੍ਹਾਂ ਸੰਗਠਨਾਂ ਦੀ ਅਗਵਾਈ ਲਈ ਲੇਖਕ ਸੰਗਠਨ ਜ਼ਰੂਰੀ ਹਨ। 


ਡਾ. ਵਰਿੰਦਰ ਸਿੰਘ ਵਾਲੀਆ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਕਿਹਾ ਕਿ ਅੱਜ ਲੋਕਤੰਤਰ ਅਤੇ ਮੀਡੀਆ ਉਤੇ ਪੂੰਜੀਪਤੀ ਅਤੇ ਹੁਕਮਰਾਨ ਭਾਰੂ ਹੋ ਰਹੇ ਹਨ। ਪਰ ਪੰਜਾਬ ਦੀ ਧਰਤੀ ਦੇ ਕਣ ਕਣ ਵਿਚ ਸਾਂਝੀਵਾਲਤਾ ਹੈ ਕਿਉਂਕਿ ਇਸ ਦੀ ਪਿੱਠਭੂਮੀ ਵਿਚ ਗੁਰੂ, ਪੀਰ ਪੈਗੰਬਰ ਸਦੀਆਂ ਤੋਂ ਸਾਂਝੀਵਾਲਤਾ (ਸੰਗਠਨ) ਦਾ ਹੋਕਾ ਦੇ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਡਾ. ਲਾਭ ਸਿੰਘ ਖੀਵਾ, ਡਾ. ਕਰਮਜੀਤ ਸਿੰਘ, ਸ੍ਰੀ ਅਤਰਜੀਤ, ਸ੍ਰੀ ਜਸਵੀਰ ਝੱਜ, ਤਰਲੋਚਨ ਝਾਂਡੇ, ਦੀਪ ਦਵਿੰਦਰ, ਅੰਮ੍ਰਿਤਵੀਰ ਕੌਰ, ਮਨਜੀਤ ਕੌਰ, ਸੁਰਿੰਦਰਪ੍ਰੀਤ ਘਣੀਆ, ਕਰਮ ਸਿੰਘ ਵਕੀਲ, ਵਰਗਿਸ ਸਲਾਮਤ ਅਤੇ ਡਾ. ਰਵਿੰਦਰ ਕੌਰ ਕਾਕੜਾ ਨੇ ਆਏ ਵਿਦਵਾਨਾਂ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਤ ਕੀਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਏ ਵਿਦਵਾਨਾਂ ਨੂੰ ਪੁਸਤਕਾਂ ਦੇ ਸੈੱਟ ਭੇਟਾ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਜਮੇਰ ਸਿੰਘ ਔਲਖ, ਬਲਦੇਵ ਸਿੰਘ ਸੜਕਨਾਮਾ, ਮੱਖਣ ਕੁਹਾੜ, ਮਦਨ ਵੀਰਾ, ਜਸਬੀਰ ਧੀਮਾਨ, ਜਸਵੰਤ ਰਾਇ, ਜਸਪਾਲ ਮਾਨਖੇੜਾ, ਹਰਬੰਸ ਮਾਲਵਾ, ਦੀਪ ਦਿਲਬਰ, ਪ੍ਰਭਜੋਤ ਸੋਹੀ, ਸੰਤ ਸਿੰਘ ਸੋਹਲ, ਡਾ. ਹਰਵਿੰਦਰ ਸਿਰਸਾ, ਸ੍ਰੀ ਸੁਰਿਦਰ ਰਾਮਪੁਰੀ, ਸ੍ਰੀ ਸੁਰਿੰਦਰ ਕੈਲੇ, ਸ. ਜਨਮੇਜਾ ਸਿੰਘ ਜੌਹਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਕਮਲਜੀਤ ਸਿੰਘ ਮਾਂਗਟ, ਜਸਵਿੰਦਰ ਧਨਾਨਸੂ, ਲੇਖ ਰਾਜ, ਸ਼ਮਸ਼ੇਰ ਮੋਹੀ ਅਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਸਟੇਜ ਸਕੱਤਰ ਦੀ ਜਿਮੇਵਾਰੀ ਡਾ. ਕਰਮਜੀਤ ਸਿੰਘ ਨੇ ਨਿਭਾਈ।
ਅੰਤ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨੇ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਪੰਜ ਸੰਸਥਾਵਾਂ ਵਲੋਂ ਕੀਤੀ ਗਈ ਅਪੀਲ ਨੂੰ 11 ਜਨਵਰੀ ਨੂੰ ਵੰਡਣ ਲਈ ਭੇਜੀ ਅਤੇ ਵੰਡਣ ਦੀ ਬੇਨਤੀ ਕੀਤੀ। 
ਸਮੁੱਚੇ ਤੌਰ ਤੇ ਇਸ ਸੈਮੀਨਾਰ ਨੇ ਲੇਖਕ ਸਭਾਵਾਂ/ਸੰਗਠਨਾਂ ਦੀ ਜ਼ਰੂਰਤ ਨੂੰ ਡੂੰਘੀ ਤਰ੍ਹਾਂ ਮਹਿਸੂਸ ਕਰਵਾਇਆ ਹੈ। ਇਸ ਵਿਚਾਰ ਨੂੰ ਵੀ ਰੇਖਾਂਕਿਤ ਕੀਤਾ ਗਿਆ ਹੈ ਕਿ ਵੱਡਾ ਲੇਖਕ ਸੰਗਠਨਾਂ ਨੂੰ ਰਾਨੁਮਾਈ ਦੇ ਕੇ ਸਮਾਜਿਕ ਤਾਣੇ ਬਾਣੇ ਵਿਚ ਵੀ ਆਪਣਾ ਪ੍ਰਭਾਵ ਦਰਜ ਕਰਵਾ ਸਕਦਾ ਹੈ। ਇਸ ਗੱਲ ਉਪਰ ਵਿਸ਼ੇਸ਼ ਜੋਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਸੰਪ੍ਰਦਾਇਕਤਾ ਦਾ ਉਭਾਰ ਫਾਸਿਜ਼ਮ ਦਾ ਰੂਪ ਅਖਤਿਆਰ ਕਰਨ ਵੱਲ ਵੱਧ ਰਿਹਾ ਹੈ ਇਸ ਲਈ ਵੀ ਲੇਖਕ ਸੰਗਠਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਹਾਜ਼ਰ ਲੇਖਕ ਇਕ ਉਤਸ਼ਾਹ ਲੈ ਕੇ ਗਏ ਕਿ ਆਉਣ ਵਾਲੇ ਦਿਨਾਂ ਵਿਚ ਉਹ ਸਾਹਿਤ ਸਭਾਵਾਂ ਨੂੰ ਹੋਰ ਸਰਗਰਮ ਕਰਨਗੇ ਅਤੇ ਕੇਂਦਰੀ ਲੇਖਕ ਸਭਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਡਾ. ਕਰਮਜੀਤ ਸਿੰਘ