ਖ਼ਬਰਸਾਰ

 •    ਡਾ. ਰਤਨ ਸਿੰਘ ਜੱਗੀ ਦਾ ਵਿਸ਼ੇਸ਼ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਕਾਵਿ ਸੰਗ੍ਰਹਿ 'ਅਣਗੌਲੇ ਸ਼ਬਦਾਂ ਦੇ ਅਰਥ' ਤੇ ਗੋਸ਼ਟੀ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਥੇਹ ਵਾਲਾ ਪਿੰਡ ਜਨੇਰ' ਦਾ ਰੀਲੀਜ਼ ਸਮਾਰੋਹ / ਪੰਜਾਬੀਮਾਂ ਬਿਓਰੋ
 •    ਗੁਰਜਤਿੰਦਰ ਸਿੰਘ ਰੰਧਾਵਾ ਦੀ 'ਸਮੇਂ ਦਾ ਸੱਚ' ਰਲੀਜ਼ / ਪੰਜਾਬੀਮਾਂ ਬਿਓਰੋ
 •    ਮੈਕੀ ਲਾਇਬ੍ਰੇਰੀ ਵਿਚ ਕਵਿਤਾਵਾਂ ਦੀ ਛਹਿਬਰ / ਪੰਜਾਬੀਮਾਂ ਬਿਓਰੋ
 •    ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ / ਪੰਜਾਬੀ ਲੇਖਕ ਮੰਚ, ਵੈਨਕੂਵਰ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਜਾਰੀ / ਪੰਜਾਬੀਮਾਂ ਬਿਓਰੋ
 •    ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ ਸੰਬੰਧੀ ਵਿਚਾਰ ਗੋਸ਼ਟੀ / ਪੰਜਾਬੀਮਾਂ ਬਿਓਰੋ
 • ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ (ਖ਼ਬਰਸਾਰ)


  ਸਰੀ: ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਚਾਲੀਵੀਂ ਵਰ੍ਹੇ ਗੰਢ ਦੇ ਸਬੰਧ ਵਿਚ ਮਨਾਏ ਜਾ ਰਹੇ ਜਸ਼ਨਾਂ ਦਾ ਪਹਿਲਾ ਸਮਾਗਮ ਨਿਊਟਨ ਰੈਕਰੇਸ਼ਨਲ ਸੈਂਟਰ ਸਰੀ ਵਿਖੇ ਹੋਇਆ। ਸਭ ਤੋਂ ਪਹਿਲਾਂ ਮੰਚ ਕੁਆਰਡੀਨੇਟਰ ਜਰਨੈਲ ਸਿੰਘ ਆਰਟਿਸਟ ਨੇ ਸਮਾਗਮ ਵਿਚ ਆਏ ਸਰੋਤਿਆਂ ਦਾ ਧੰਨਵਾਦ ਕੀਤਾ। ਵਿੱਤ ਸਕੱਤਰ ਨਦੀਮ ਪਰਮਾਰ ਨੇ ਲੇਖਕ ਮੰਚ ਵੱਲੋਂ ਮਨਾਏ ਜਾ ਰਹੇ ਸਮਾਗਮਾਂ ਦੀ ਰੂਪ ਰੇਖਾ ਬਿਆਨ ਕੀਤੀ। ਸੁਰਜੀਤ ਕਲਸੀ ਨੇ ਕੈਨੇਡਾ ਵਿਚ ਪੰਜਾਬੀ ਬੋਲੀ ਦੀ ਪਹਿਲੀ ਸਾਹਿਤਕ ਸੰਸਥਾ, ਪੰਜਾਬੀ ਲੇਖਕ ਮੰਚ, ਦੇ ਇਤਹਾਸ ਤੇ ਉਸ ਦੇ ਕੰਮਾਂ ਬਾਰੇ ਰਿਪੋਰਟ ਪੜ੍ਹੀ। ਪਲੀਅ ਦੀ ਸਕੱਤਰ ਪਰਵਿੰਦਰ ਧਾਲੀਵਾਲ ਦੀ ਦੇਖ ਰੇਖ ਹੇਠ ਏਥੋਂ ਦੇ ਜੰਮ ਪਲ ਬੱਚਿਆਂ, ਪਰਵੀਨ ਕੌਰ ਔਜਲਾ, ਪ੍ਰਭਜੋਤ ਕੌਰ ਸੇਖਾ ਤੇ ਇਮਰੋਜ਼ ਸਿੰਘ ਮੌੜ ਨੇ ਗਦਰ ਲਹਿਰ ਦੀ ਕਵਿਤਾ ਵਿਚੋਂ ਕਵਿਤਾਵਾਂ ਸੁਣਾਈਆਂ।
   ਇਹ ਸਮਾਗਮ ਗਦਰ ਲਹਿਰ ਨੂੰ ਸਮਰਪਤ ਹੋਣ ਕਾਰਨ ਪਹਿਲਾ ਸੈਸ਼ਨ ਗਦਰ ਲਹਿਰ ਦੀ ਕਵਿਤਾ ਬਾਰੇ ਸੀ। ਪੈਨਲ ਵਿਚ ਡਾ. ਸਾਧੂ ਸਿੰਘ, ਜਗਜੀਤ ਸਿੰਘ ਸੰਧੂ, ਰਣਬੀਰ ਕੌਰ ਜੌਹਲ, ਗੁਰਵਿੰਦਰ ਸਿੰਘ ਧਾਲੀਵਾਲ ਅਤੇ ਜਰਨੈਲ ਸਿੰਘ ਸੇਖਾ ਸਨ। ਪਹਿਲਾ ਪਰਚਾ ਜਗਜੀਤ ਸਿੰਘ ਸੰਧੂ ਦਾ ਸੀ ਜਿਸ ਵਿਚ ਗਦਰ ਲਹਿਰ ਦੀ ਕਵਿਤਾ ਨੂੰ ਸਮਕਾਲੀ ਅਜ਼ਾਦੀ ਲਹਿਰਾਂ ਦੀ ਕਵਿਤਾ ਦੇ ਸੰਦਰਭ ਵਿਚ ਵਿਚਾਰਿਆ ਗਿਆ ਸੀ। ਸੰਧੂ ਦਾ ਤਰਕ ਸੀ ਕਿ ਪੰਜਾਬੀ ਦੀ ਕਵਿਤਾ ਨਾਲੋਂ ਦੂਜੀਆਂ ਭਾਸ਼ਾਵਾਂ ਦੀ ਕਵਿਤਾ ਵਿਚ ਕਾਵਿਕਤਾ ਵਧੇਰੇ ਹੈ। ਡਾ. ਸਾਧੂ ਸਿੰਘ ਨੇ ਕਿਹਾ ਕਿ ਜਿਹੜਾ ਸੰਦੇਸ਼ ਗਦਰੀਆਂ ਨੇ ਆਪਣੀ ਕਵਿਤਾ ਰਾਹੀਂ ਦਿੱਤਾ, ਉਸ ਨੇ ਲੋਕ ਮਨਾਂ ਉਪਰ ਸਿੱਧਾ ਅਸਰ ਕੀਤਾ।ਰਣਬੀਰ ਜੌਹਲ ਨੇ ਸਲਾਈਡ ਸ਼ੋਅ ਰਾਹੀਂ ਕੈਨੇਡਾ ਵਿਚ ਗਦਰ ਲਹਿਰ ਤੇ ਇਥੋਂ ਦੇ ਨਸਲੀ ਵਿਤਕਰੇ ਬਾਰੇ ਜਾਣਕਾਰੀ ਦਿੱਤੀ। ਰੇਡੀਉ ਹੋਸਟ ਗੁਰਵਿੰਦਰ ਸਿੰਘ ਧਾਲੀਵਾਲ ਨੇ ਕੈਨੇਡਾ ਵਿਚ ਵੀਹਵੀਂ ਸਦੀ ਦੇ ਪਹਿਲੇ ਦਹਾਕੇ ਦੀ ਪੰਜਾਬੀ ਪੱਤਰਕਾਰੀ ਉਪਰ ਪਰਚਾ ਪੜ੍ਹਿਆ ਜਿਸ ਵਿਚ ਪੱਤਰਕਾਰੀ ਦਾ ਗਦਰ ਲਹਿਰ ਉਪਰ ਪ੍ਰਭਾਵ ਦਰਸਾਇਆ ਗਿਆ ਸੀ। ਕੁਆਰਡੀਨੇਟਰ ਜਰਨੈਲ ਸਿੰਘ ਸੇਖਾ ਨੇ ਗਦਰ ਲਹਿਰ ਦੀ ਕਵਿਤਾ ਨੂੰ ਛੰਦਬਧ, ਬਿੰਬ, ਪ੍ਰਤੀਕਾਂ ਤੇ ਅਲੰਕਾਰਾਂ ਨਾਲ ਸਿੰਗਾਰੀ ਹੋਈ ਜੂਝਾਰਵਾਦੀ ਕਵਿਤਾ ਕਿਹਾ। ਨਾਲ ਹੀ ਉਨ੍ਹਾਂ ਸਮਕਾਲੀ ਸਾਹਿਤ ਸੰਸਥਾਵਾਂ ਵੱਲੋਂ ਆਏ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
  Photo
  ਕਵਿਤਾ ਉਚਾਰਣ ਵਾਲੇ ਬੱਚਿਆਂ ਨੂੰ ਸਨਮਾਨ


     ਅਮਰੀਕ ਦੂਹੜੇ ਵੱਲੋਂ ਹਾਰਮੋਨੀਅਮ ਉਪਰ ਗਾਏ ਗੀਤ ਤੇ ਗ਼ਜ਼ਲ ਅਤੇ ਕਮਲੇਸ਼ ਅਹੀਰ ਦੀ ਕਵਿਤਾ ਨਾਲ ਦੂਜਾ ਸੈਸ਼ਨ ਸ਼ੁਰੂ ਹੋਇਆ। ਪੈਨਲ ਵਿਚ ਅਜਮੇਰ ਰੋਡੇ, ਜੈ ਵਿਰਦੀ, ਡਾ. ਪਰਭਜੋਤ ਕੌਰ ਪਰਮਾਰ, ਸੁਖਵੰਤ ਹੁੰਦਲ, ਰਾਮ ਪਰਤਾਪ ਕਲੇਰ ਅਤੇ ਰੇਡੀਉ ਹੋਸਟ ਗੁਰਪ੍ਰੀਤ ਸਨ। ਅਜਮੇਰ ਰੋਡੇ ਦਾ ਪਰਚਾ ਦਲਿਤ ਸਾਹਿਤ ਬਾਰੇ ਸੀ, ਜਿਸ ਵਿਚ ਰਿਗਵੇਦ ਦੇ ਸੂਕਤਾਂ ਤੋਂ ਲੈ ਕੇ ਅਜੋਕੇ ਦਲਿਤ ਸਾਹਿਤ ਤਕ ਪੰਛੀ ਝਾਤ ਪਾਈ ਗਈ ਸੀ। ਜੈ ਵਿਰਦੀ ਨੇ ਦਲਿਤ ਚੇਤਨਾ ਬਾਰ ਸੰਖੇਪ ਗੱਲ ਕੀਤੀ। ਡਾ. ਪ੍ਰਭਜੋਤ ਨੇ ਆਪਣੇ ਪਰਚੇ ਵਿਚ ਪੰਜਾਬੀ ਫਿਲਮਾਂ, 'ਮੜ੍ਹੀ ਦਾ ਦੀਵਾ' ਤੇ 'ਮਿੱਟੀ' ਨੂੰ ਅਧਾਰ ਬਣਾ ਕੇ ਦਲਿਤ ਸਮੱਸਿਆ 'ਤੇ ਚਰਚਾ ਕੀਤੀ। ਰਾਮ ਪਰਤਾਪ ਕਲੇਰ ਨੇ ਆਪਣੇ ਜੀਵਨ ਵਿਚੋਂ ਉਦਾਹਰਨਾਂ ਦੇ ਕੇ ਦਲਿਤ ਮਸਲੇ ਦੀ ਗੰਭੀਰਤਾ ਨੂੰ ਬਿਆਨਿਆ। ਰੇਡੀਉ ਹੋਸਟ ਗੁਰਪ੍ਰੀਤ ਨੇ ਦਿੱਲੀ ਵਿਚ ਹੋਏ ਗੈਂਗ ਰੇਪ ਅਤੇ ਬਿਹਾਰ ਵਿਚ ਆਦਿਵਾਸੀਆਂ ਦੇ ਤੀਰ ਕਮਾਨ ਉਪਰ ਲੱਗੀ ਪਾਬੰਦੀ ਦੇ ਸੰਦਰਭ ਵਿਚ ਮੀਡੀਆ ਦੀ ਦੋਗਲੀ ਨੀਤੀ ਨੂੰ ਉਭਾਰਿਆ। ਦੋਹਾਂ ਸੈਸ਼ਨਾਂ ਦੀ ਵਿਚਾਰ ਚਰਚਾ ਵਿਚ ਭਾਗ ਲੈਣ ਵਾਲਿਆਂ ਵਿਚ ਸਾਧੂ ਬਿਨਿੰਗ, ਮਹਿੰਦਰ ਸੂਮਲ, ਸੁਰਿੰਦਰ ਸਹੋਤਾ, ਜਸਵਿੰਦਰ ਗਿੱਲ, ਡਾ. ਪਿਰਥੀਪਾਲ ਸਿੰਘ ਸੋਹੀ, ਮਲੂਕ ਚੰਦ ਕਲੇਰ ਤੇ ਕਈ ਹੋਰ ਸ਼ਾਮਲ ਸਨ। ਪੁਸਤਕਾਂ ਦੇ ਸਟਾਲ ਦੀ ਨਿਗਰਾਨੀ ਸ੍ਰੀਮਤੀ ਬਰਜਿੰਦਰ ਢਿੱਲੋਂ ਅਤੇ ਅਮਰਜੀਤ ਕੌਰ ਸ਼ਾਂਤ ਨੇ ਬਖੂਬੀ ਨਿਭਾਈ। ਬਸੰਤ ਮੋਟਰਜ਼ ਵੱਲੋਂ ਪਰੋਸੇ ਚਾਹ ਪਾਣੀ ਤੇ ਲੰਚ ਦਾ ਪ੍ਰਬੰਧ ਨਦੀਮ ਪਰਮਾਰ, ਅਮਰੀਕ ਪਲਾਹੀ ਅਤੇ ਦਰਸ਼ਨ ਮਾਨ ਨੇ ਲਗਨ ਨਾਲ ਕੀਤਾ। ਸਾਰੀ ਫੋਟੋਗਰਾਫੀ ਸਵੈਇੱਛਾ ਨਾਲ ਨਵਰੀਤ ਸੇਖਾ ਨੇ ਕੀਤੀ।ਇਸ ਲੜੀ ਵਿਚ ਦੂਜਾ ਸਮਾਗਮ ਸਾਹਿਤ ਸਭਾ ਐਬਟਸਫੋਰਡ ਦੇ ਸਹਿਯੌਗ ਨਾਲ ਐਬਟਸਫੋਰਡ ਵਿਖੇ ਪੰਜ ਮਈ ਨੂੰ ਹੋਵੇਗਾ।
  Photo
  ਸਮਾਗਮ ਸਮਾਪਤੀ ਮਗਰੋਂ