ਵਿੱਚਲੀ ਗੱਲ (ਵਿਅੰਗ )

ਬੀ ਐੱਸ ਢਿਲੋਂ   

Email: dhillonak@yahoo.com
Cell: +91 99880 91463
Address: # 146/ 49-A
Chandigarh India
ਬੀ ਐੱਸ ਢਿਲੋਂ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਲੇ ਵੇਲਿਆਂ 'ਚ ਪੰਚਾਇਤਾਂ ਭਾਈਚਾਰਿਆਂ ਦੀਆਂ ਹੁੰਦੀਆਂ ਸਨ।ਸ਼ਰੀਕੇ ਕਬੀਲੇ ਦੇ ਛੋਟੇ ਮੋਟੇ ਝਗੜੇ ਪੰਚਾਇਤੀ ਇਕੱਠਾਂ ਵਿੱਚ ਨਿੱਬੜ ਜਾਂਦੇ ਸਨ।ਪਰ ਸਾਡੇ ਵੋਟ ਢਾਂਚੇ ਨੇ ਪਿੰਡਾਂ ਨੂੰ ਧੜੇਬੰਦੀਆਂ ਵਿੱਚ ਵੰਡ ਦਿੱਤਾ ਹੈ। ਹੁਣ ਪੰਚਾਇਤੀ ਲੋਕ ਵੋਟ ਬੈਂਕ ਵੇਖਕੇ ਹਮਾਇਤ ਜਾਂ ਵਿਰੋਧ ਕਰਦੇ ਹਨ।ਦੋ ਕੁ ਸਾਲ ਪਹਿਲਾਂ ਲੁੱਟ ਖੋਹ ਦੀ ਵਾਰਦਾਤ ਵਿੱਚ ਰਾਤ ਨੂੰ ਖੇਤੋਂ ਪਾਣੀ ਲਾ ਕੇ ਆਉਂਦੇ ਗਰੀਬ ਕਿਸਾਂਨ ਦੀ ਪਿੰਡ ਦੇ ਹੀ ਦੋ ਤਿੰਨ ਲੁਟੇਰਿਆਂ ਨੇ ਘੜੀ ਖੋਹ ਲਈ ।ਮਾਂਮਲਾ ਥਾਣੇ ਪਹੁੰਚ ਗਿਆ । ਪੰਚਾਇਤ ਇਕੱਠੀ ਹੋ ਗਈ। ਲੁਟੇਰਿਆਂ ਦੇ ਪੰਦਰਾਂ ਵੀਹ ਘਰਾਂ ਦੀਆਂ ਵੋਟਾਂ ਸਨ। ਸਿਤਮ ਦੀ ਗੱਲ ਇਹ ਕਿ ਸ਼ਕਾਇਤ ਕਰਨ ਵਾਲੇ ਦੀ ਹਮਾਇਤ ਕਿਸੇ ਨਾ ਕੀਤੀ, ਸਗੋਂ ਸਾਰੇ ਉਸ ਨੂੰ ਹੀ ਕਹਿਣ,"ਫਲਾਣਿਆਂ ਇਹ ਸਾਲੇ ਕੁੱਤੇ ਨਿੱਕਲੇ,ਚੱਲ ਛੱਡ ਪਰ੍ਹਾਂ ਤੂੰ ਜਾਣ ਦੇ।"ਦੋਸ਼ੀਆਂ ਨੂੰ ਸਜਾ ਨਾ ਮਿਲਦੀ ਵੇਖਕੇ ਸ਼ਕਾਇਤ ਕਰਨ ਵਾਲੇ ਭਾਈ ਨੇ ਕਿਹਾ,"ਜੀ! ਇਹ ਪੱਕੇ ਚੋਰ ਲੁਟੇਰੇ ਹਨ।ਭਾਵੇਂ ਸਰਪੰਚ ਸਾਬ ਨੂੰ ਪੁੱਛ ਲੋ, ਇਹਨੂੰ ਵੀ ਇਹਨਾਂ ਲੁੱਟਿਆ ਸੀ।" ਸਰਪੰਚ ਅਣਪ੍ਹੜ ਦੇਸੀ ਜਿਹਾ ਬੰਦਾ ਸੀ । ਥਾਣੇਦਾਰ ਨੂੰ ਕਹਿਣ ਲੱਗਾ,"ਮੈਂ ਤਾਂ ਜੀ ਸੱਚੀ ਗੱਲ ਕਰਾਂਗਾ।ਰਾਤ ਦੇ ਹਨੇਰੇ ਵਿੱਚ ਇਹਨਾਂ ਨੇ ਭੁਲੇਖੇ ਨਾਲ ਲੁੱਟਣ ਲਈ ਮੇਰਾ ਸਕੂਟਰ ਰੋਕ ਲਿਆ।ਮੈ ਇਹਨਾਂ ਨੂੰ ਪਛਾਣ ਕੇ ਕਿਹਾ,ਕੰਜਰੋ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਹੈ।ਮੈਂ ਥੋਨੂੰ ਵੀਹ ਵਾਰੀ ਠਾਣੇ 'ਚੋਂ ਛੁਡਾਇਆ।ਇਹ ਜੀ ਹੱਥ ਬੰਨ੍ਹ ਕੇ ਮੇਰੇ ਪੈਰੀਂ ਪੈ ਗਏ।ਮੈਂ ਸਕੂਟਰ ਲੈ ਕੇ ਘਰ ਨੂੰ ਆ ਗਿਆ।ਵਿਚਾਰਿਆਂ ਨੇ ਮੈਨੂੰ ਤਾਂ ਜੀ ਕੋਈ ਲੁਟਿਆ ਨੀ।" ਥਾਣੇਦਾਰ ਸਰਪੰਚ ਨੂੰ ਕਹਿੰਦਾ,"ਸਰਪੰਚ ਸਾਬ ਮੈਨੂੰ ਇਹ ਸਮਝ ਨੀ ਆਈ ਤੁਸੀਂ ਇਨ੍ਹਾਂ ਲੁਟੇਰਿਆਂ ਦੇ ਹਮਾਇਤੀ ਹੋ ਕੇ ਪੰਚਾਇਤ ਨਾਲ ਆਏ ਹੋ। " ਸਾਰੇ ਹਾਸੜ ਪੈ ਗਿਆ ਗੱਲ ਰਫਾ ਦਫਾ ਹੋ ਗਈ।ਸ਼ਿਕਾਇਤ ਕਰਨ ਵਾਲੇ ਨੂੰ ਇਹ ਸਮਝ ਨਹੀਂ ਆਈ ਕਿ ਪੰਚਾਇਤ ਉਸਦੀ ਹਮਾਇਤ ਕਰਨ ਆਈ ਸੀ ਜਾਂ ਲੁਟੇਰਿਆਂ ਦੀ?