ਵਿਰਸਾ (ਕਵਿਤਾ)

ਜਸਵੀਰ ਸ਼ਰਮਾ ਦੱਦਾਹੂਰ   

Email: jasveer.sharma123@gmail.com
Cell: +91 94176 22046
Address:
ਸ੍ਰੀ ਮੁਕਤਸਰ ਸਾਹਿਬ India
ਜਸਵੀਰ ਸ਼ਰਮਾ ਦੱਦਾਹੂਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਰੰਗਵੇਂ ਸੂਤ ਦੀ ਪੀੜ੍ਹੀ 'ਤੇ ਨਾ ਘਰਾਂ 'ਚ ਪਲੰਘ ਨਵਾਰੀ।
ਹਾਰੀ ਹਾਰਾ ਦਿਸਦੇ ਨਾ, ਨਾ ਦਾਣਿਆਂ ਵਾਲੀ ਬੁਖਾਰੀ।
ਬੋਰੀਆਂ ਵਿੱਚ ਪਾ ਕਣਕ ਨੂੰ ਅੱਜਕੱਲ੍ਹ, ਤੂੜੀ ਵਿੱਚ ਕੋਈ ਦੱਬਦਾ ਨਾ।
ਕਹਿੰਦੇ ਰਿਵਾਜ ਪੁਰਾਣਾ ਹੋਇਆ, ਹੁਣ ਤਾਂ ਇਹ ਕੰਮ ਫੱਬਦਾ ਨਾ।
ਟੋਕਰੇ ਛਟੀਆਂ ਤੂਤ ਦੀਆਂ ਦੇ, ਕਿਧਰੇ ਕੋਈ ਬਨਾਉਂਦਾ ਨਹੀ।
ਸਣ ਬੀਜ ਕੇ ਛੱਪੜਾਂ ਦੇ ਵਿੱਚ ਕੋਈ ਹੁਣ ਦਬਾਉਂਦਾ ਨਹੀ।
ਵਿੱਚ ਰਸੋਈ ਕੋਰੇ ਤੌੜੇ ਪਾਣੀ ਦੇ, ਰੱਖਣ ਦਾ ਰਿਵਾਜ ਨਹੀ।
ਆਰ.ਓ ਵਾਲਾ ਪਾਣੀ ਪੀਣ ਨਾਲ, ਕਹਿੰਦੇ ਹੁੰਦੀ ਸਿਹਤ ਖ਼ਰਾਬ ਨਹੀ।
ਦਿਸਦੇ ਨਾ ਪੁਰਾਣੇ ਛਾਬੇ, ਚੰਗੇਰ ਜਿਸਨੂੰ ਕਹਿੰਦੇ ਸੀ।
ਨਾ ਦਿਸਦੀ ਪੀੜ੍ਹੀ ਲੱਕੜ ਦੀ ਜਿਸਦੇ ਉੱਤੇ ਬਹਿੰਦੇ ਸੀ।
ਵਿੱਚ ਰਸੋਈ ਟੰਗਣੀ ਉੱਤੇ, ਆਲੂ ਲਸਣ ਤੇ ਗੰਢੇ ਰੱਖਦੇ ਸਾਂ।
ਜਦੋਂ ਲੋੜ ਸੀ ਪੈਂਦੀ ਉਦੋਂ ਟੰਗਣੀ ਉੱਪਰੋਂ ਚੱਕਦੇ ਸਾਂ।
ਦੇਸੀ ਟਾਣਾ ਰਸੋਈ ਵਿੱਚ ਆਪਾ ਉਦੋਂ ਬਨਾਉਂਦੇ ਸੀ।
ਜਰੂਰੀ ਸਮਾਨ ਰਸੋਈ ਵਾਲਾ, ਚਿਣਤੀ ਲਾ ਟਿਕਾਉਂਦੇ ਸੀ।
ਨਵੀਂਆਂ ਗੁੱਡੀਆਂ ਨਵੇਂ ਪਟੋਲੇ, ਅੱਜਕੱਲ੍ਹ ਦੁਨੀਆਂਦਾਰੀ ਦੇ।
ਨੋਟਾਂ ਵਾਲੇ ਹੋ ਗਏ ਆਪਾਂ, ਰੁਲ ਗਏ ਵਿੱਚ ਸਰਦਾਰੀ ਦੇ।
ਜਾਨੋ ਵੱਧ ਸੀ ਪਿਆਰੀਆਂ ਚੀਜਾਂ, ਜੋ ਪੁਰਖਿਆਂ ਦਾ ਸਰਮਾਇਆ ਸੀ।
ਬਹੁਤ ਘਾਲਣਾਂ ਘਾਲ ਕੇ ਸਭ ਕੁਝ, ਉਹਨਾਂ ਆਪ ਬਨਾਇਆ ਸੀ।
ਵਿੱਸਰ ਗਿਆ ਹੈ ਸਭ ਕੁਝ ਹੁਣ ਤਾਂ, ਚਾਅ ਅਧੂਰੇ ਰਹਿ ਗਏ ਨੇ।
ਅਜੋਕੀ ਪੀੜੀ ਨੂੰ ਵਿਖੌਣ ਲਈ ਬਜ਼ੁਰਗ, ਵਿੱਚ ਮਿਊਜ਼ਮਾਂ ਲੈ ਗਏ ਨੇ।
ਕੁਝ ਤਾਂ ਰੱਖੋ ਸਾਂਭ ਦੋਸਤੋ ਪੁਰਖਿਆਂ ਦੀਆਂ ਨਿਸ਼ਾਨੀਆਂ ਨੂੰ।
'ਦੱਦਾਹੂਰੀਆ' ਸਭ ਕੁਝ ਭੁੱਲ ਕੇ, ਨਾ ਜਾਹਰ ਕਰੋ ਨਾਦਾਨੀਆਂ ਨੂੰ।