ਬੱਚਿਆਂ ਦੇ ਮਨ ਵਿੱਚ ਡਰ ਕਿਉਂ ? (ਲੇਖ )

ਚਰਨਜੀਤ ਸਿੰਘ ਰੁਪਾਲ   

Email: cschanni33@gmail.com
Cell: +91 98154 11884
Address: ਪਿੰਡ ਤੇ ਡਾਕ. ਮੰਗਵਾਲ
ਸੰਗਰੂਰ India
ਚਰਨਜੀਤ ਸਿੰਘ ਰੁਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਚਪਨ ਵਿੱਚ ਬੱਚੇ ਅਕਸਰ ਡਰ ਜਾਂਦੇ ਹਨ ਕਿਉਂਕਿ ਬੱਚੇ ਨੂੰ ਕੋਈ ਸਮਝ ਨਹੀਂ ਹੁੰਦੀ। ਪਰ ਪ੍ਰੇਮ ਨਾਲ ਬੱਚੇ ਨੂੰ ਸਮਝਾਇਆ ਜਾ ਸਕਦਾ ਹੈ। 3 ਤੋਂ 6 ਸਾਲ ਦੀ ਉਮਰ ਦੇ ਬੱਚੇ ਦੇ ਸਾਹਮਣੇ ਜਦੋਂ ਉਸਦੇ ਮਾਤਾਪਿਤਾ ਝਗੜਾ ਕਰਦੇ ਹਨ ਤਾਂ ਉਹਨ੍ਹਾਂ ਦੇ ਮਨ ਵਿੱਚ ਡਰ ਪੈਦਾ ਹੋਣਾ ਸੁਭਾਵਿਕ ਹੈ, ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕੌਣ ਸਹੀ ਹੈ, ਕੌਣ ਗਲਤ ਹੈ ? ਜੋ ਵੀ ਹੋਵੇ ਮਾਤਾਪਿਤਾ ਦੇ ਝਗੜੇ ਦਾ ਅਸਰ ਬੱਚੇ ਦੇ ਮਨ ਅੰਦਰ ਡਰ ਪੈਦਾ ਕਰ ਦਿੰਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਇਸ ਉਮਰ ਵਿੱਚ ਬੱਚੇ ਦਾ ਮਾਂ ਪ੍ਰਤੀ ਹੀ ਲਗਾਵ ਅਤੇ ਝੁਕਾਅ ਹੁੰਦਾ ਹੈ, ਉਹ ਆਪਣੇ ਡਰ ਨੂੰ ਦੂਰ ਕਰਨ ਲਈ ਮਾਂ ਦੇ ਪੱਲੂ ਵਿੱਚ ਹੀ ਬੈਠਣਾ ਚਾਹੁੰਦਾ ਹੈ। ਕਿਉਂਕਿ ਉਸਨੂੰ ਲਗਦਾ ਹੈ ਕਿ ਮਾਂ ਹੀ ਉਸਨੂੰ ਡਰ ਤੋਂ ਮੁਕਤ ਕਰ ਸਕਦੀ ਹੈ (ਕੁੱਝ ਪਲਾਂ ਲਈ) । ਇਸ ਦੌਰਾਨ ਜੇਕਰ ਮਾਂ ਬੱਚੇ ਨੂੰ ਆਪਣੇ ਕੋਲ ਨਹੀਂ ਆਉਣ ਦਿੰਦੀ ਜਾਂ ਝਿੜਕ ਦਿੰਦੀ ਹੈ ਤਾਂ ਬੱਚਾ ਫਿਰ ਪਿਤਾ ਦੀ ਗੋਦੀ ਵਿੱਚ ਬੈਠਦਾ ਹੈ। ਉਸ ਵਕਤ ਪਿਤਾ ਦੇ ਸੁੰਦਰ ਕੱਪੜੇ ਪਾਏ ਹੁੰਦੇ ਹਨ ਅਤੇਉਹ ਕਿਸੇ ਵਿਆਹਸ਼ਾਦੀ ਜਾਂ ਹੋਰ ਕੋਈ ਵੀ ਪ੍ਰੋਗਰਾਮ ਵਿੱਚ ਜਾਣ ਲਈ ਤਿਆਰ ਬਰ ਤਿਆਰ ਹੁੰਦਾ ਹੈ। ਪਰ ਬੱਚੇ ਨੂੰ ਆਪਣੇ ਪਿਤਾ ਦੇ ਕੀਮਤੀ ਕੱਪੜਿਆਂ ਬਾਰੇ ਕੋਈ ਧਿਆਨ ਨਹੀਂ ਹੁੰਦਾ। ਹੁਣ ਜੇਕਰ ਪਿਤਾ ਵੀ ਬੱਚੇ ਨੂੰ ਕਹਿ ਦੇਵੇ ਕਿ ਤੂੰ ਕਿਤੇ ਹੋਰ ਜਾ ਕੇ ਖੇਡ, ਟੀ.ਵੀ. ਵੇਖ, ਵਗੈਰਾ ਵਗੈਰਾ । ਚਾਹੇ ਇਹ ਪਿਤਾ ਪਿਆਰ ਨਾਲ ਹੀ ਕਹੇ ਫਿਰ ਵੀ ਇਸ ਤਰ੍ਹਾਂ ਦੀ ਸਥਿਤੀ ਵਿੱਚ ਬੱਚਾ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਹੈ, ਜੋ ਕਿ ਸੁਭਾਵਿਕ ਹੈ । ਪਰ ਬੱਚਾ ਡਰਿਆ ਹੋਣ ਕਰਕੇ ਆਪਣੇ ਮਾਤਾਪਿਤਾ ਤੋਂ ਦੂਰ ਨਹੀਂ ਹੋਣਾ ਚਾਹੁੰਦਾ । ਜਦੋਂ ਮਾਤਾ ਪਿਤਾ ਆਪਣੇ ਝਗੜੇ ਦਾ ਗੁੱਸਾ ਆਪਣੇ ਬੱਚੇ ਤੇ ਉਤਾਰ ਦਿੰਦੇ ਹਨ (ਝਿੜਕ ਦਿੰਦੇ ਹਨ) ਤਾਂ ਉਹ ਹੋਰ ਵੀ ਡਰ ਜਾਂਦਾ ਹੈ ਅਤੇ ਉਸਨੂੰ ਸਮਝ ਨਹੀਂ ਆਉਂਦਾ ਕਿ ਮੇਰੇ ਨਾਲ ਅਜਿਹਾ ਕੀ ਅਤੇ ਕਿਉਂ ਹੋ ਰਿਹਾ ਹੈ ? ਇਸ ਤਰ੍ਹਾਂ ਹੌਲੀ ਹੌਲੀ ਬੱਚੇ ਦੇ ਮਨ ਵਿੱਚ ਦੁਵਿਧਾ ਪੈਦਾ ਹੋ ਜਾਂਦੀ ਹੈ ਅਤੇ ਉਹ ਭੈਅਭੀਤ ਹੋ ਜਾਂਦਾ ਹੈ। ਉਸਦਾ ਸੁਭਾਅ ਹੀ ਅਜਿਹਾ ਬਣ ਜਾਂਦਾ ਹੈ ਕਿ ਜੇਕਰ ਆਪਣਿਆਂ ਤੋਂ ਬੱਚਾ ਇਤਨਾ ਡਰ ਜਾਂਦਾ ਹੈ ਦੂਸਰਿਆਂ ਤੋਂ ਵੀ ਡਰਨਾ ਸੁਭਾਵਿਕ ਹੈ। ਜਦੋਂ ਬੱਚੇ ਨੂੰ ਆਪਣਿਆਂ ਤੇ ਭਰੋਸਾ ਨਹੀਂ ਰਹਿੰਦਾ ਕਿ ਉਸ ਨੂੰ ਪ੍ਰੇਮ ਜਿਸਦੀ ਦੀ ਉਸ ਨੂੰ ਸਖਤ ਲੋੜ ਹੁੰਦੀ ਹੈ ਨਹੀਂ ਮਿਲਦਾ, ਤਾਂ ਦੂਸਰਿਆਂ ਤੇ ਭਰੋਸਾ ਕਿਵੇਂ ਕਰੇਗਾ ?
ਫਿਰ ਜਦੋਂ ਬੱਚਾ ਹੌਲੀ ਹੌਲੀ ਵੱਡਾ ਹੋਣ ਲੱਗਦਾ ਹੈ, ਸਕੂਲ ਜਾਂਦਾ ਹੈ। ਉਥੇ ਕੋਈ ਉਸਦਾ ਆਪਣਾ ਨਹੀਂ ਹੁੰਦਾ । ਦੋਸਤ ਮਿੱਤਰ ਬਣਾਉਣ ਲਈ ਉਹ ਕੰਨੀ ਕਤਰਾਉਂਦਾ ਹੈ, ਕਿਉਂਕਿ ਉਸਦਾ ਸੁਭਾਵ ਹੀ ਅਜਿਹਾ ਬਣਿਆ ਰਹਿੰਦਾ ਹੈ (ਚੁੱਪ ਚਾਪ ਰਹਿਣਾ) ਜਾਂ ਕਹਿ ਲਵੋ ਕਿ ਕਿਸੇ ਨਾਲ ਬੋਲਚਾਲ ਨਹੀਂ ਕਰਦਾ, ਕਿਉਂਕਿ ਉਪਰੋਕਤ ਅਨੁਸਾਰ ਕਿਸੇ ਤੇ ਭਰੋਸਾ ਨਹੀਂ ਹੁੰਦਾ । ਅਜਿਹੀ ਹਾਲਤ ਵਿੱਚ ਉਸਦੇ ਇਸ ਸੁਭਾਅ ਅਤੇ ਚੁੱਪੀ ਦਾ ਫਾਇਦਾ ਸਮਾਜ ਦੇ ਗਲਤ ਅਨਸਰ ਉਠਾ ਲੈਂਦੇ ਹਨ ਤੇ ਉਸਨੂੰ ਮਿੱਠੀਆਂ ਮਿੱਠੀਆਂ ਪਿਆਰ ਭਰੀਆਂ ਗੱਲਾਂ ਬਾਤਾਂ ਕਰਕੇ ਆਪਣੇ ਵੱਸ ਵਿੱਚ ਕਰ ਲੈਂਦੇ ਹਨ । ਕਿਉਂਕਿ ਮਾਤਾ ਪਿਤਾ ਤੋਂ ਸੱਚਾ ਪਿਆਰ ਨਾਲ ਮਿਲਣ ਕਾਰਨ ਜਿਵੇਂ ਉਪਰ ਕਿਹਾ ਗਿਆ ਹੈ ਕਿ ਬੱਚੇ ਨੂੰ ਪ੍ਰੇਮ ਦੀ ਸਖਤ ਜਰੂਰਤ ਹੁੰਦੀ ਹੈ। ਇਸ ਲਈ ਜਦੋਂ ਕੋਈ ਉਸ ਨਾਲ ਪ੍ਰੇਮ ਭਾਵਨਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਸੁਭਾਵਿਕ ਤੌਰ ਤੇ ਚੰਗਾ ਲਗਦਾ ਹੈ। ਅਜਿਹੇ ਵਿੱਚ ਸ਼ਰਾਰਤੀ ਅਨਸਰ ਉਸਦਾ ਫਾਇਦਾ ਉਠਾਉਂਦੇ ਰਹਿੰਦੇ ਹਨ ਜੋ ਕਿ ਅੱਗੇ ਚੱਲ ਕੇ ਉਸ ਲਈ ਹਾਨੀਕਾਰਕ/ਨੁਕਸਾਨਦਾਇਕ ਸਿੱਧ  ਹੋ ਸਕਦਾ ਹੈ, ਹੁੰਦੇ ਵੀ ਹਨ (ਜਿਆਦਾਤਰ ਮਾਮਲਿਆਂ ਵਿੱਚ) । 
ਦੂਸਰੇ ਨਜ਼ਰੀਏ ਨਾਲ ਦੇਖੀਏ ਤਾਂ ਉਸਦੀ ਚੁੱਪੀ ਅਤੇ ਉਦਾਸੀ ਦਾ ਕਾਰਨ ਲੱਭਣ ਲਈ ਕਈ ਇਨਸਾਨ ਸੱਚੇ ਦਿਲੋਂ ਉਸ ਦੀ ਮਦਦ ਕਰਨਾ ਅਤੇ ਉਸ ਦੇ ਦੁੱਖ ਨੂੰ ਦੂਰ ਕਰਨਾ ਚਾਹੁੰਦੇ ਹਨ ਅਤੇ ਦਿਲੋਂ ਆਪਣਾ ਮਿੱਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਸ ਨੂੰ ਪ੍ਰੇਮ ਅਤੇ ਸਨੇਹ ਪ੍ਰਦਾਨ ਕਰਦੇ ਹਨ । ਇਹ ਇੱਕ ਸਾਕਾਰਾਤਮਕ ਪੱਖ ਹੁੰਦਾ ਹੈ। ਇਹੋ ਜਿਹੇ ਸੰਬੰਧਾਂ ਵਿੱਚ ਜ਼ਿਆਦਾਤਰ ਉਹ ਬੱਚੇ ਜਾਂ ਵੱਡੇ ਹੀ ਅਜਿਹਾ ਕਰਦੇ ਹਨ ਜੋ ਖੁਦ ਉਸ ਵਾਂਗੂ ਆਪਣਿਆਂ ਤੋਂ ਡਰਿਆ ਮਹਿਸੂਸ ਕਰਦੇ ਹਨ। ਪਰ ਅਜਿਹੇ ਵਿੱਚ ਬੱਚੇ ਨੂੰ ਸ਼ਰਾਰਤੀ ਅਨਸਰ ਅਤੇ ਸਹੀ ਅਨਸਰਾਂ ਦੀ ਪਛਾਣ ਕਰਨੀ ਵੀ ਮੁਸ਼ਕਿਲ ਹੁੰਦੀ ਹੈ। ਕਈ ਵਾਰ ਉਹ ਸਹੀ ਨੂੰ ਗਲਤ ਅਤੇ ਗਲਤ ਨੂੰ ਸਹੀ ਸਮਝ ਬੈਠਦੇ ਹਨ। ਸਿਰਫ ਆਪਣੇ ਮਨ ਅੰਦਰ ਪੈਦਾ ਹੋਈ ਡਰ ਦੀ ਸਥਿਤੀ ਹੀ ਇਸਦੀ ਵਜ੍ਹਾ ਹੁੰਦੀ ਹੈ। 
ਇਹੋ ਕੁਝ ਸਮਾਜ ਵਿੱਚ ਚੱਲ ਰਿਹਾ ਹੈ, ਵਿਅਕਤੀ ਪ੍ਰੇਮ ਕਰਨਾ ਚਾਹੁੰਦਾ ਹੈ ਪਰ ਫਿਰ ਵੀ ਪ੍ਰੇਮ ਨੂੰ ਸਵੀਕਾਰ ਕਰਨ ਵਿੱਚ ਕੋਈ ਨਾ ਕੋਈ ਡਰ ਬਣਿਆ ਰਹਿੰਦਾ ਹੈ। ਕਿਉਂਕਿ ਜਦੋਂ ਇਨਸਾਨ ਸੱਚੇ ਮਨ ਨਾਲ ਕਿਸੇ ਨੂੰ ਪ੍ਰੇਮ ਕਰਦਾ ਹੈ ਤਾਂ ਉਸ ਦੇ ਖੋਹੇ ਜਾਣ ਦਾ ਡਰ ਵੀ ਬਣਿਆ ਰਹਿੰਦਾ ਹੈ। ਮਨ ਤੇ ਚੋਟ ਨਾ ਲੱਗ ਜਾਵੇ। ਤਾਂ ਫਿਰ ਉਹ ਇੱਕਲਾ ਹੀ ਜਿਉਣ ਨੂੰ ਬਿਹਤਰ ਸਮਝਦਾ ਹੈ। ਕਿਉਂਕਿ ਇਸ ਨਾਲ ਕਿਸੇ ਦੇ ਮਨ ਨੂੰ ਦੁੱਖ ਤਾਂ ਨਹੀਂ ਪਹੁੰਚਦਾ ਕਿਉਂਕਿ ਇੱਕਲਾ ਰਹਿਣ ਨਾਲ ਉਹ ਆਪਣੇ ਆਪ ਨੂੰ ਕਿਸੇ ਨੂੰ ਦੁੱਖ ਨਾ ਪਹੁੰਚਾਉਣ ਕਰਕੇ ਆਪਣੀ ਬਦਨਾਮੀ ਤੋਂ ਬਚ ਸਕਦਾ ਹੈ। 
ਇਸ ਲਈ ਅੰਤ ਵਿੱਚ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹਾਂ ਕਿ ਬੱਚੇ ਨੂੰ ਸ਼ੁਰੂ ਵਿੱਚ ਹੀ ਕੋਮਲ ਮਨ ਦੀ ਬਜਾਏ ਉਸ ਵਿੱਚ ਉਸਦੇ ਆਉਣ ਵਾਲੇ ਜੀਵਨ ਪ੍ਰਤੀ ਆਤਮਵਿਸ਼ਵਾਸ ਪੈਦਾ ਕਰੀਏ ਤੇ ਜੀਵਨ ਨੂੰ ਬਿਨ੍ਹਾਂ ਡਰੇ ਬਿਤਾਉਣ ਲਈ ਉਸਦੀ ਹਰ ਤਰੀਕੇ ਨਾਲ ਸਹਾਇਤਾ ਕਰੀਏ, ਕਿਸੇ ਵੀ ਤਰ੍ਹਾਂਉਸ ਨੂੰ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਮੁਕਤ ਰੱਖੀਏ, ਭਾਵ ਕਿ ਬੱਚੇ ਦੇ ਮਨ ਵਿੱਚ ਸ਼ੁਰੂ ਤੋਂ ਹੀ ਕਿਸੇ ਪ੍ਰਕਾਰ ਦਾ ਡਰ ਨਾ ਪੈਦਾ ਹੋਵੇ ਅਜਿਹੀ ਕੋਸ਼ਿਸ਼ ਕਰੀਏ। ਆਪਣੇ ਨਿੱਜੀ ਲੜਾਈ ਝਗੜੇ ਜਾਂ ਹੋਰ ਮਸਲੇ ਬੱਚਿਆਂ ਸਾਹਮਣੇ ਉਜਾਗਰ ਨਾ ਕਰੀਏ। ਬੱਸ ਇਹੀ ਸੁਨੇਹਾ ਹਰ ਮਾਤਾਪਿਤਾ ਲਈ ਹੈ ਕਿ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਬੱਚਿਆਂ ਸਾਹਮਣੇ ਪੇਸ਼ ਨਾ ਕਰੀਏ ਅਤੇ ਉਨ੍ਹਾਂ ਨੂੰ ਨਿਰਭਉ (ਡਰ ਤੋਂ ਮੁਕਤ) ਬਣਾਈਏ।