ਡੈਲਟਾ ਵਿਚ ਮੁਸ਼ਾਇਰਾ (ਖ਼ਬਰਸਾਰ)


ਸਾਲ ੨੦੧੪ ਨੂੰ ਅਲਵਿਦਾ ਕਹਿਣ ਅਤੇ ਨਵੇਂ ਸਾਲ ਨੂੰ ਖੁਸ਼-ਆਮਦੀਦ ਆਖਣ ਲਈ ੨੦ ਦਸੰਬਰ ੨੦੧੪, ਦਿਨ ਸ਼ਨਿਚਰਵਾਰ, ਬਾਅਦ ਦੁਪਹਿਰ ਡੇਢ ਵਜੇ ਤੋਂ ਸਾਢੇ ਚਾਰ ਵਜੇ ਤਕ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਖੇ ਮੁਸ਼ਾਇਰਾ ਕਰਵਾਇਆ ਗਿਆ। ਬਾਹਰ ਬਾਰਸ਼ ਹੋ ਰਹ ਸੀ ਤੇ ਲਾਇਬ੍ਰੇਰੀ ਦੇ ਖਚਾ ਖਚ ਭਰੇ ਹਾਲ ਅੰਦਰ ਕਵਿਤਾਵਾਂ ਦੀ ਝੜੀ ਲੱਗੀ ਹੋਈ ਸੀ। ਇਸ ਪ੍ਰੋਗਰਾਮ ਦੇ ਇੰਚਾਰਜ, ਲਾਇਬ੍ਰੇਰੀਅਨ ਕ੍ਰਿਟਸ ਐਂਟਨ ਨੇ ਇਥੇ ਆਏ ਸਾਰੇ ਸ਼ਾਇਰਾਂ, ਸਾਹਿਤਕਾਰਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਤੇ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਜਰਨੈਲ ਸਿੰਘ ਸੇਖਾ ਤੇ ਮੋਹਨ ਗਿੱਲ ਨੇ ਸਾਂਝੇ ਤੌਰ 'ਤੇ ਮੰਚ ਸੰਚਾਲਣ ਕੀਤਾ ਅਤੇ ਆਪਣੀਆਂ ਰਚਨਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
  ਪ੍ਰਿਤਪਾਲ ਸੰਧੂ ਨੇ ਹਾਰਮੋਨੀਅਮ ਨਾਲ ਗੀਤ ਗਾ ਕੇ ਮੁਸ਼ਾਇਰੇ ਦਾ ਆਗਾਜ਼ ਕੀਤਾ ਅਤੇ ਉਸ ਤੋਂ ਮਗਰੋਂ ਰਾਜਵੰਤ ਬਾਗੜੀ, ਭੋਲਾ ਸਿੰਘ ਹੇਰ, ਰੁਪਿੰਦਰ ਰੂਪੀ, ਹਰਦਮ ਸਿੰਘ ਮਾਨ, ਸੁਖ ਗੋਹਲਵੜ, ਪ੍ਰਮਜੀਤ ਸਿੰਘ ਸੇਖੋਂ, ਅਮਰੀਕ ਪਲਾਹੀ, ਹਰਜੀਤ ਦੌਧਰੀਆ, ਪ੍ਰਮਿੰਦਰ ਸਵੈਚ, ਨਰਿੰਦਰ ਬਾਈਆ, ਕੁਲਦੀਪ ਸਿੰਘ ਬਾਸੀ, ਨਛੱਤਰ ਸਿੰਘ ਬਰਾੜ, ਗਿੱਲ ਮੋਰਾਂਵਾਲੀ, ਹਰਚੰਦ ਸਿੰਘ ਗਿੱਲ, ਗਿਆਨ ਸਿੰਘ ਕੋਟਲੀ, ਹਰਪਾਲ ਸਿੰਘ ਬਰਾੜ, ਸ਼ਿੰਗਾਰਾ ਸਿੰਘ ਸੰਘੇੜਾ, ਪ੍ਰੀਤ ਮਨਪ੍ਰੀਤ, ਕਰਨਲ ਦਰਸ਼ਨ ਸਿੰਘ ਸਿੱਧੂ, ਅੰਗ੍ਰੇਜ਼ ਬਰਾੜ ਅਤੇ ਦਰਸ਼ਨ ਸਿੰਘ ਸੰਘਾ ਨੇ ਵਾਰੀ ਵਾਰੀ ਆਪਣੀਆਂ ਰਚਨਾਵਾਂ ਸੁਣਾਈਆਂ। ਹਰ ਇਕ ਸ਼ਾਇਰ ਦੀ ਕਵਿਤਾ ਦਾ ਵਿਸ਼ਾ ਤਾਂ ਵੱਖਰਾ ਹੈ ਹੀ ਸੀ, ਕਵਿਤਾ ਨੂੰ ਪੇਸ਼ ਕਰਨ ਦਾ ਅੰਦਾਜ਼ ਵੀ ਵਿਲੱਖਣ ਸੀ, ਜਿਸ ਕਾਰਨ ਸਰੋਤਿਆਂ ਨੇ ਹਰ ਸ਼ਾਇਰ ਨੂੰ ਤਾੜੀਆਂ ਨਾਲ ਭਰਪੂਰ ਦਾਦ ਦਿੱਤੀ।
  ਅੰਤ ਵਿਚ ਮੋਹਨ ਗਿੱਲ ਨੇ ਮੁਸ਼ਾਇਰੇ ਵਿਚ ਆਏ ਸਾਰੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਲਈ ਸ਼ੁਭ ਇਛਾਵਾਂ ਭੇਟ ਕਰਦੇ ਹੋਏ, ੨੦੧੫ ਵਿਚ, ਮੰਗਲਵਾਰ ੧੨ ਮਾਰਚ ਨੂੰ ਸ਼ਾਮੀ ਸਾਢੇ ਛੇ ਵਜੇ ਦੋ ਲੇਖਕਾਂ ਸੰਗ ਰੂ-ਬ-ਰੂ ਹੋਣ ਦਾ ਵਾਅਦਾ ਕੀਤਾ। ਨਰਿੰਦਰ ਬਾਈਆ ਅਤੇ ਗਿੱਲ ਮੋਰਾਂਵਾਲੀ ਵਲੋਂ ਚਾਹ ਪਾਣੀ ਤੇ ਸਮੋਸੇ ਲਿਉਣ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।