ਛੜਯੰਤਰ (ਕਹਾਣੀ)

ਕੁਲਦੀਪ ਸਿੰਘ ਬਾਸੀ    

Email: kbassi@comcast.net
Phone: 651 748 1061
Address:
United States
ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


" ਮੇਰੀ ਸਮਝ ਤੋਂ ਬਾਹਰ ਹੈ। ਤੈਨੂੰ ਐਨੀ ਵੇਰ ਵਰਜਣ ਤੋਂ ਬਾਅਦ ਵੀ ਤੇਰਾ ਰਵੱਈਆ ਨਹੀਂ ਬਦਲਿਆ। ਦਾਲ ਸਬਜ਼ੀ ਵਿੱਚ ਐਨੀਆਂ ਮਿਰਚਾਂ, ਐਨਾਂ ਜ਼ਿਆਦਾ ਨਮਕ ਭੁੱਕਣਾ ਜ਼ਰੂਰੀ ਐ। ਬੇਬੇ ਨੇ ਵੀ ਕਈ ਵੇਰ ਵਰਜਿਆ ਹੈ। ਭਾਬੀ ਦੇ ਹਥੋਂ ਬਣੇ ਭੋਜਨ ਉੱਤੇ ਕੋਈ ਸ਼ਕਾਇਤ ਨਹੀਂ ਕਰਦਾ। ਲਗਦਾ ਭੋਜਨ ਬਣਾਉਣਾ ਤੇਰੀ ਮਾਂ ਨੂੰ ਵੀ ਨਹੀਂ ਆਉਂਦਾ ਹੋਣਾ।"  ਜੀਤੇ ਨੇ ਅੱਜ ਵੀ ਪਹਿਲਾਂ ਵਾਂਗ ਹੀ, ਅਪਣੀ ਪਤਨੀ, ਨਿਰਵੈਰ ਤੇ ਗੁੱਸਾ ਝਾੜ ਲਿਆ।

ਨਿਰਵੈਰ ਦੇ ਮਨ ਵਿੱਚ ਕਈ ਫਿਲਮਾਂ ਵਿੱਚ ਇੰਝ ਵਾਪਰਦੇ ਕਲਪਿਤ ਨਜ਼ਾਰੇ ਆਏ। ਉਹ ਅੰਤ ਬੋਲੀ," ਮੇਰੀ ਤੂੰ ਕਦੇ ਸੁਣਦਾ ਹੀ ਨਹੀਂ। ਮੈਂ ਨਹੀਂ ਪਾਉਂਦੀ ਅਧਿਕ ਮਸਾਲੇ। ਘਰ ਵਿੱਚੋਂ ਹੀ ਕੋਈ ਸ਼ਰਾਰਤ ਕਰਦੀ ਐ, ਮੈਨੂੰ ਬਦਨਾਮ ---।"  ਪਤਨੀ ਦੀ ਗੱਲ ਪੂਰੀ ਵੀ ਨਾ ਹੋਣ ਦਿੱਤੀ , ਜੀਤੇ ਨੇ ਉੱਠ ਪਤਨੀ ਨੂੰ ਧੱਕਾ ਦਿੱਤਾ। ਕੁਦਰਤ ਦਾ ਕ੍ਰਿਸ਼ਮਾ,  ਨਿਰਵੈਰ ਦਾ ਭਰਾ ਐਨ੍ਹ ਓਸੇ ਪਲ ਆ ਖਲੋਤਾ। ਨਿਰਵੈਰ ਨੂੰ ਝੱਟ ਬਾਹਾਂ ਫੈਲਾ, ਫੜ, ਡਿੱਗਣ ਤੋਂ ਬਚਾਇਆ ਅਤੇ ਜੀਤੇ ਵੱਲ ਭਿਆਨਕ ਨਿਗਾਹਾਂ ਘੁਮਾਈਆਂ।

ਨਿਰਵੈਰ ਨੂੰ ਸੰਭਾਲਾ ਆਇਆ ਤੇ ਬੋਲੀ, " ਵੀਰ, ਸਤਿ ਸ੍ਰੀ ਅਕਾਲ। ਅਚਾਨਕ ਕਿਵੇਂ ਆਉਣਾਂ ਹੋਇਆ। ਸਭ ਸੁੱਖ ਤੇ ਹੈ?"

" ਸਤਿ ਸ਼੍ਰੀ ਅਕਾਲ ਭੈਣ।" 

ਭਰਾ ਨੇ ਰੋਹ ਭਰੀ ਵਾਣੀ ਉਗਲ, ਦਿਲ ਵਿੱਚ ਤਾਜ਼ੇ ਲਗੇ ਭਾਂਬੜ ਦਾ ਸੇਕ ਜੀਤੇ ਵੱਲ ਸੁੱਟਿਆ,"  ਜੀਤੇ, ਹਰਾਮੀਆ, ਤੇਰੀ ਐਨੀ ਹਿੰਮਤ! ਜੇ ਤੂੰ ਜੀਜਾ ਨਾ ਹੁੰਦਾ ਤਾਂ ਤੇਰੀ ਗੀਚੀ ਹੁਣੇ ਐਥੇ ਹੀ ਤੋੜ ਮਰੋੜ ਕੇ ਰੱਖ ਦੇਣੀ ਸੀ। ਸਾਡੀ ਕੁੜੀ ਵਰਗਾ ਵਧੀਆ ਭੋਜਨ ਕੋਈ ਕੋਈ ਔਰਤ ਬਣਾ ਸਕਦੀ ਹੈ। ਘਰੋਂ ਹੀ ਕੋਈ ਸ਼ਰਾਰਤ ਕਰ ਰਹੀ ਹੈ। ਤੈਨੂੰ ਦਿੱਸਦਾ ਨਹੀਂ, ਅੰਨ੍ਹਿਆਂ, ਤੇਰੀ ਭਾਬੀ ਕਿਵੇਂ ਗਈ ਐ ਐਥੋਂ। ਬਹੁਤ ਸ਼ਰੀਫ ਬਣਕੇ ਵਖਾਉਂਦੀ ਐ। ਉਸ ਦੀਆਂ ਸ਼ਰਾਰਤੀ ਅੱਖਾਂ ਕਿਵੇਂ ਨਾਚ ਨੱਚ ਰਹੀਆਂ ਸਨ, ਜਿਵੇਂ ਅਪਰਾਧੀ ਅੱਖਾਂ ਚ ਸਿੱਧਾ ਨਹੀਂ ਵੇਖ ਸਕਦਾ।"

ਜੀਤੇ ਦੇ ਮਨ ਵਿੱਚ ਸੰਕਾ ਪੈਦਾ ਹੋਈ ਜਿਵੇਂ ਵਹੁਟੀ ਨੇ ਪਹਿਲਾਂ ਵੀ ਅਪਣੇ ਵੀਰ ਕੋਲ, ਇਸ ਵਾਰੇ, ਸ਼ਕਾਇਤ ਕੀਤੀ ਹੋਵੇ। ਜੀਤਾ ਚੁੱਪ ਚਾਪ ਖੇਤਾਂ ਵੱਲ ਚਲਾ ਗਿਆ ਅਤੇ ਉਸਦੀ ਮਾਤਾ ਗੋਹਾ ਕੂੜਾ ਕਰਨ ਚਲੀ ਗਈ। ਧੀ ਵੱਡੀ ਭਾਬੀ ਕੋਲ ਰਸੋਈ ਵਿੱਚ ਜਾ ਬੈਠੀ।

" ਬੀਬੀ, ਆਹ ਫੜ ਚਾਹ ਅਤੇ ਨਿਰਵੈਰ ਦੇ  ਵੀਰ ਨੂੰ ਜਾਕੇ ਪਿਆ। ਗੁੱਸਾ ਥੋੜ੍ਹਾ ਠੰਡਾ ਕਰਕੇ ਆ। ਐਵੇਂ ਕਲੇਸ਼ ਵਧ ਜਾਏਗਾ। ਆਂਢੀ ਗੁਆਂਢੀ ਇਕੱਠੇ ਕਰਨ ਦਾ ਲਾਭ ਨਹੀਂ।"

" ਤੂੰ ਵੀ ਚੱਖ ਲੈ, ਥੋੜ੍ਹਾ ਸੁਆਦ, ਜਾ ਕੇ, ਭਾਬੀ। ਮੈਂ ਨਹੀਂ ਜਾ ਸਕਦੀ। ਉਸੇ ਦੀ ਭੈਣ ਨੂੰ ਹੀ ਕਹਿ ਆ ਕੇ ਲੈ ਜਾਵੇ। ਨਹੀਂ ਤਾਂ ਐਥੇ ਪਈ ਹੀ ਠੰਢੀ ਹੋ ਜਾਣੀ ਐਂ।" ਆਖ ਧੀ ਵੀ ਅਪਣੀ ਮਾਂ ਕੋਲ ਜਾ ਬੈਠੀ।

ਨਿਰਵੈਰ ਨੇ ਭਰਾ ਨੂੰ ਚਾਹ ਪਿਆਈ। ਕਾਫੀ ਦੇਰ ਦੁੱਖ ਦਰਦ ਸਾਂਝੇ ਕੀਤੇ। ਵਾਤਾਵਰਣ ਅਨੂਕੂਲ ਹੋਣ ਤੇ ਨਿਰਵੈਰ ਦੀ ਸੱਸ ਆਈ। ਬੋਲੀ," ਪੁੱਤਰ, ਚੰਗਾ ਕੀਤਾ ਤੂੰ ਮਿਲਣ ਆ ਗਿਆ ਏਂ। ਅਸੀਂ ਨਿਰਵੈਰ ਨੂੰ ਪੇਕੇ ਭੇਜਣ ਦੀ ਤਿਆਰੀ ਕਰ ਰਹੇ ਸਾਂ। ਪਹਿਲਾ ਬੱਚਾ ਮਾਂ ਦੀ ਦੇਖ ਭਾਲ ਵਿੱਚ ਹੀ ਹੋਵੇ ਉਹੋ ਠੀਕ ਹੁੰਦਾ ਐ। ਸਾਡੇ ਜ਼ਮਾਨੇ ਵਿੱਚ ਤਾਂ ਇਹ ਰਿਵਾਜ਼ ਹੀ ਸੀ।"

ਨਿਰਵੈਰ ਉੱਠ ਚਲੀ ਗਈ। ਸ਼ਾਇਦ ਸ਼ਰਮਾ ਗਈ। ਭਰਾ ਨੂੰ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ।

" ਹਾਂ ਜੀ, ਮੈਂ ਇਸ ਨੂੰ ਅਪਣੇ ਨਾਲ਼ ਹੀ ਲੈ ਜਾਵਾਂਗਾ। ਇਹ ਹੁਣ ਸਾਲ ਭਰ ਓਥੇ ਹੀ ਰਹੇਗੀ। ਮੈਨੂੰ ਤਾਂ ਪਤਾ ਹੀ ਹੁਣ ਲੱਗਾ ਹੈ। ਖਬਰ ਮਿਲ ਜਾਂਦੀ ਤਾਂ ਅਸੀਂ ਭੈਣ ਨੂੰ ਪਹਿਲਾਂ ਆ ਕੇ ਲੈ ਜਾਂਦੇ।" ਨਿਰਵੈਰ ਦੇ ਭਰਾ ਨੇ ਡਰਾਉਣੀਆਂ ਨਜ਼ਰਾਂ ਘੁਮਾਈਆਂ  ਅਤੇ ਰੋਹ ਭਰੀ ਵਾਣੀ ਬੋਲੀ। ਬੁੱਢੀ ਡਰੀ ਅਤੇ ਚਲੀ ਗਈ।

ਨਿਰਵੈਰ ਦੇ ਜਾਣ ਦੀ ਤਿਆਰੀ ਹੋ ਗਈ। ਚੱਲਣ ਲੱਗਿਆਂ ਨਿਰਵੈਰ ਦੇ ਭਰਾ ਨੇ ਜੀਤੇ ਨੂੰ ਚੇਤਾਵਨੀ ਦੇਂਦਿਆਂ ਕਿਹਾ," ਹੁਣ ਤੂੰ ਜਦੋਂ ਆਪ ਆ ਕੇ ਲੈ ਜਾਵੇਂਗਾ ਤਦ ਹੀ ਤੇਰੇ ਨਾਲ਼ ਭੇਜਾਂਗੇ, ਕੁੜੀ ਨੂੰ।" ਦੋਵੇਂ ਚਲੇ ਗਏ।

ਜੀਤੇ ਦੀ ਘਰ ਵਿੱਚ ਬਹੁਤ ਸੇਵਾ ਹੋਣ ਲਗੀ। ਸਮਂੇ ਸਿਰ ਦੁੱਧ, ਭੋਜਨ, ਸਾਫ ਕੱਪੜੇ ਅਤੇ ਖਰਚੇ ਲਈ ਕੁੱਝ ਪੈਸੇ ਵੀ ਦਿੱਤੇ ਜਾਣ ਲਗੇ। ਉਸ ਦੀ ਜ਼ਿੰਦਗੀ ਸਾਂਤਮਈ ਖ਼ੁਸ਼ਗਵਾਰ ਬਣਾਈ ਗਈ। ਭਤੀਜੇ ਖੂਬ ਦੇਖ ਭਾਲ ਕਰਦੇ। ਜੀਤਾ, ਭਾਬੀ ਦੇ ਪ੍ਰਭਾਵ  ਹੇਠ ਆਉਂਦਾ ਗਿਆ। ਆਖ਼ਿਰ ਅਜੇਹੀ ਦਸ਼ਾ ਹੋ ਗਈ, ਜੋ ਭਾਬੀ ਕਹਿੰਦੀ ਸੋ ਸ਼ੁਭ ਮੰਨਣ ਲਗ ਪਿਆ। ਇੱਕ ਦਿਨ ਭਰਾ ਭਰਜਾਈ ਦੋਹਾਂ ਨੇ ਅਪਣੇ ਕੋਲ਼ ਬੈਠਾ ਮਸ਼ਵਰਾ ਦਿੱਤਾ। ਮਸ਼ਵਰਾ ਕੀ, ਵਿਚਾਰੇ ਦੀ ਤਬਾਹੀ ਦਾ ਪਹਿਲਾ ਕਾਂਡ ਰਚ ਦਿੱਤਾ।

" ਜੀਤਿਆ, ਜਦੋਂ ਨਿਰਵੈਰ ਐਥੇ ਹੁੰਦੀ ਐ, ਘਰ ਚ ਕਲੇਸ਼ ਹੀ ਰਹਿੰਦਾ ਐ। ਪੇਕੇ ਬੈਠੀ ਐ, ਵੇਖ ਘਰ ਵਿੱਚ ਕਿੰਨੀਆਂ ਖੁਸ਼ੀਆਂ ਆ ਵੱਸੀਆਂ ਨੇ। ਭੋਜਨ ਸਹੀ ਬਣਨ ਲਗ ਪਿਆ ਹੈ। ਨਿਰਵੈਰ ਨੂੰ ਉਸ ਦੇ ਘਰ ਹੀ ਰਹਿਣ ਦੱਈਏ ਠੀਕ ਉਹੋ ਰਹੇਗਾ। ਛੁਟਕਾਰਾ ਅਪਣੇ ਆਪ ਹੀ ਮਿਲ ਜਾਊ।"

" ਠੀਕ ਐ ਭਾਬੀ। ਮੈਨੂੰ ਕੀ ਇਤਰਾਜ਼ ਹੋ ਸਕਦਾ ਐ। ਮੈਂ ਨਿਰਵੈਰ ਨੂੰ ਨਹੀਂ ਲਿਆਵਾਂਗਾ। ਉਸ ਦਾ ਭਰਾ ਬਹੁਤ ਜ਼ਿੱਦੀ ਐ ਕਿਸੇ ਹੋਰ ਨਾਲ਼ ਭੈਣ ਨੂੰ ਸਾਡੇ ਘਰ ਨਹੀਂ ਭੇਜੇਗਾ।" ਜੀਤਾ, ਸਿੱਧੜ ਜਿਹਾ ਬੰਦਾ, ਦੇਖ ਨਾ ਸਕਿਆ, ਪਾਪੀਆਂ ਵੱਲੋਂ ਪੁੱਟਿਆ ਜਾ ਰਿਹਾ, ਰਸਤੇ ਚ ਟੋਆ।

ਨਿਰਵੈਰ ਨੇ ਮੁੰਡੇ ਨੂੰ ਜਨਮ ਦਿੱਤਾ। ਜੀਤਾ ਵੇਖਣ ਵੀ ਨਾ ਆਇਆ। ਨਾਮਕਰਨ ਤੇ ਵੀ ਦਾਦਕਿਆਂ ਵੱਲੋਂ ਕੋਈ ਨਾ ਪਹੁੰਚਿਆ। ਸਮਾਂ ਬੀਤਦਾ ਰਿਹਾ। ਮੁੰਡਾ ਤਿੰਨ ਸਾਲ ਦਾ ਹੋ ਗਿਆ। ਨਿਰਵੈਰ ਦੀ ਸਸੁਰਾਲ ਜਾਣ ਦੀ ਆਸ ਵੀ, ਹੁਣ, ਮੱਧਮ ਪੈ ਗਈ। ਅੰਤ ਭਰਾ ਨੇ ਉਸ ਦਾ ਵਿਆਹ ਕਿਸੇ ਹੋਰ ਲੋੜੀਲੇ ਘਰ ਕਰ ਦਿੱਤਾ, ਜਿਨ੍ਹਾਂ ਨੇ ਨਿਰਵੈਰ ਨੂੰ ਮੁੰਡੇ ਸਮੇਤ ਸਵਿਕਾਰ ਕਰ ਲਿਆ। ਦੋ ਹੋਰ ਮੁੰਡਿਆਂ ਦਾ ਜਨਮ ਹੋਇਆ। ਜੀਤੇ ਦਾ ਮੁੰਡਾ,ਗੋਗਾ, ਪਹਿਲਾਂ ਪਾਲ਼ੀ ਬਣਾਇਆ ਗਿਆ ਅਤੇ ਵੱਡਾ ਹੋਣ ਤੇ ਹਾਲ਼ੀ। ਗੋਗਾ ਕਾਮਾ ਚੰਗਾ ਸੀ ਅਨਪੜ੍ਹ ਰਹਿ ਗਿਆ ਪਰ ਛੋਟੇ ਦੋਵੇਂ ਦਸ ਜਮਾਤਾਂ ਕਰ ਗਏ। ਇੱਕ ਦਿਨ, ਨਿਰਵੈਰ ਦੇ ਪਤੀ ਨੇ, ਦਿਲ ਦੁਖਾਂਵੀਂ ਗੱਲ ਕਹਿ ਹੀ ਦਿੱਤੀ।

" ਨਿਰਵੈਰ, ਦੇਖ ਗੋਗਾ ਹੁਣ ਖੇਤੀ ਵਾੜੀ ਦੇ ਕੰਮ ਵਿੱਚ ਨਿਪੁਣ ਬਣਾ ਦਿੱਤਾ ਗਿਆ ਹੈ, ਇਸ ਦਾ ਇਸ ਦੇ ਪਿਓ ਕੋਲ ਜਾਣਾ ਹੀ ਠੀਕ ਹੈ। ਇਸ ਦੇ ਹਿੱਸੇ ਦੀ ਅੱਧੀ ਜ਼ਮੀਨ ਰੁਜ਼ਗਾਰ ਕਰਨ ਲਈ ਲੋੜ ਤੋਂ ਵੀ ਵੱਧ ਹੈ। ਬਹੁਤ ਖ਼ੁਸ਼ ਰਹੇਗਾ।"

"  ਇਹ ਤੂੰ ਕੀ ਕਹਿ ਰਿਹਾ ਏਂ! ਹੁਣ ਤੀਕ ਤਾਂ ਤੂੰ ਕਹਿੰਦਾ ਰਿਹਾ ਏਂ ਕਿ ਤੇਰੇ ਤਿੰਨੇ ਮੁੰਡੇ ਜਇਦਾਦ ਦੇ ਬਰਾਬਰ ਦੇ ਹਿੱਸੇਦਾਰ ਹੋਣਗੇ। ਹੁਣ ਬੇਈਮਾਨੀ ਕਿਉਂ। ਮੇਰਾ ਮੁੰਡਾ ਜੀਅ ਜਾਨ ਲਗਾ ਕੇ ਸੋਨਾ ਉਗਲ ਰਿਹਾ ਐ ਤੇਰੇ ਖੇਤਾਂ ਵਿੱਚੋਂ।" ਨਿਰਵੈਰ ਕ੍ਰੋਧ ਨਾਲ਼ ਭਰ ਗਈ।

" ਤੇਰੀ ਮੱਤ ਤੇ ਨਹੀਂ ਮਾਰੀ ਗਈ। ਮੈਂ ਅਪਣੀ ਜ਼ਮੀਨ ਕਿਸੇ ਗ਼ੈਰ ਦੀ ਔਲਾਦ ਨੂੰ ਕਿਉਂ ਦਿਆਂਗਾ? ਖਾਸ ਕਰ ਜਦੋਂ ਇਸ ਦਾ ਪਿਉ ਜਿਉਂਦਾ ਹੈ। ਐਨੀ ਜ਼ਮੀਨ ਵਿੱਚ ਅਧ ਦਾ ਮਾਲਕ ਹੈ। ਗੋਗਾ ਤਾਂ ਵੱਡੀ ਜਇਦਾਦ ਦਾ ਮਾਲਕ ਐ।" ਪਤੀ ਨੇ ਸਾਰਾ ਭੁਲੇਖਾ ਦੂਰ ਕਰ ਦਿੱਤਾ।

" ਇਸਦਾ ਪਿਉ ਤਾਂ ਜਿਉਂਦਾ ਹੀ ਮਰ ਗਿਆ ਤਾਂ ਹੀ ਤਾਂ ਮੈਂ ਤੇਰੇ ਪੱਲੇ ਪੈ ਗਈ। ਓਦੋਂ ਜੋ ਬੋਲਦਾ ਸੈਂ ਹੁਣ ਸਭ ਭੁੱਲ ਗਿਅ ਏਂ। ਹੁਣ ਗੋਗਾ ਪਰਾਇਆ ਹੋ ਗਿਆ। ਪਤਾ ਹੁੰਦਾ, ਤੇਰੀ ਬਦਨੀਯਤ ਦਾ, ਤੇਰਾ ਤਾਂ ਮੈਂ ਮੂੰਹ ਵੀ ਨਾ ਵੇਖਦੀ।" ਨਿਰਵੈਰ ਰੋਣ ਲਗ ਪਈ। ਪਤੀ ਖੇਤਾਂ ਵੱਲ ਚਲਾ ਗਿਆ।

ਘਰ ਵਿੱਚ ਲੜਾਈ ਆ ਵੜੀ। ਗੋਗੇ ਦੇ ਕੰਨਾ ਵਿੱਚ ਵੀ ਗੂੰਜ ਪਹੁੰਚ ਗਈ। ਇੱਕ ਦਿਨ ਗੋਗੇ ਨੇ ਮਾਂ ਨੂੰ ਆਖਿਆ,"  ਮੈਂ ਅਪਣੇ ਪਿੰਡ ਅਪਣੇ ਪਿਉ ਕੋਲ ਹੋ ਆਉਂਦਾ ਹਾਂ। ਤੈਨੂੰ ਇਤਰਾਜ਼ ਨਾ ਹੋਵੇ ਮੈਂ ਓਥੇ ਹੀ ਕੁੱਝ ਸਮਾਂ ਬਿਤਾਵਾਂਗਾ।" ਮਜਬੂਰ ਮਾਂ ਸਹਿਮਤ ਹੋ ਗਈ।

" ਪੁੱਤਰ, ਤੇਰੇ ਪਿਉ ਨੇ ਤੈਨੂੰ ਪਹਿਚਾਨਣਾ ਵੀ ਨਹੀਂ। ਮੈਂ ਵੀ ਤੇਰੇ ਨਾਲ਼ ਚਲਦੀ ਆਂ। ਪਿੰਡ ਦਾ ਸਰਪੰਚ ਚੰਗਾ ਬੰਦਾ ਹੈ, ਮੈਨੂੰ ਜਾਣਦਾ ਹੈ। ਪਹਿਲਾਂ ਜਾ ਕੇ ਉਸੇ ਨੂੰ ਮਿਲਾਂਗੇ।"

ਪਿੰਡ ਦੀ ਪੰਚਾਇਤ ਨੇ ਜੀਤੇ ਨੂੰ ਬੁਲਾਇਆ ਅਤੇ ਗੋਗੇ ਨੂੰ ਪਿਆਰ ਨਾਲ਼ ਅਪਣਾਉਣ ਦੀ ਹਦਾਇਤ ਦਿੱਤੀ। ਸਰਪੰਚ ਨੇ ਸਖਤ ਸ਼ਬਦਾਂ ਵਿੱਚ ਕਿਹਾ, " ਜੀਤਿਆ, ਸਾਡੇ ਪਿੰਡ ਦਾ ਇਹ ਜੁਆਨ ਸਾਰੇ ਪਿੰਡ ਦਾ ਪੁੱਤਰ ਵੀ ਹੈ। ਕਿਤੇ ਹੋਰ ਓਪਰੇ ਪਿੰਡ ਰੁਲਦਾ ਫਿਰੇ, ਪਿੰਡ ਦੀ ਵੀ ਬਦਨਾਮੀ ਹੁੰਦੀ ਐ। ਵੈਸੇ ਮੈਂ ਤੈਨੂੰ ਪਹਿਲਾਂ ਵੀ ਬਹੁਤ ਵੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ।"

ਫੇਰ ਜੀਤੇ ਦਾ ਮੂੰਹ ਵੀ ਖੁੱਹਲਿਆ,"  ਸਰਪੰਚ ਸਾਹਿਬ, ਮੇਰੇ ਭਰਾ ਭਰਜਾਈ ਅਜੇਹਾ ਕਰਨਾ ਨਹੀਂ ਚਾਹੁੰਦੇ। ਗੋਗੇ ਨੂੰ ਐਥੇ ਰਹਿਣ ਦਾ ਕੋਈ ਲਾਭ ਨਹੀਂ। ਨਵੇਂ ਪਿਉ ਦੀ ਜ਼ਮੀਨ ਦਾ ਕੁੱਝ ਹਿੱਸਾ ਗੋਗੇ ਨੁੰ ਵੀ ਮਿਲੇ ਉਹੋ ਠੀਕ ਹੈ। ਓਥੇ ਖੁਸ਼ ਰਹੇਗਾ। ਓਤੇ ਹੀ ਕਮਾਈ ਕੀਤੀ ਹੈ ਇਸ ਨੇ ਐਨੇ ਸਾਲ। ਮੇਰੀ ਜ਼ਮੀਨ ਚੋਂ ਇਸ ਨੂੰ ਹੁਣ ਕੱਖ ਨਹੀਂ ਮਿਲਣਾ।"

" ਇਸਦੀ ਉਸ ਘਰ ਵਿੱਚ ਵੀ ਕੋਈ ਪੁੱਛ ਨਹੀਂ। ਉਹ ਵੀ ਬੇਈਮਾਨ ਨਿਕਲੇ।" ਮਾਂ ਸਰਪੰਚ ਅੱਗੇ ਰੋਣ ਲਗ ਪਈ।

ਆਖਿਰ ਜੀਤੇ ਦੇ ਟੱਬਰ ਨੂੰ ਪੰਚਾਇਤ ਦੀ ਝਿੜਕ ਝੰਬ ਕਾਰਨ ਪੰਚਾਇਤ ਦਾ ਫੈਸਲਾ ਮੰਨਣਾ ਪਿਆ। ਜੀਤਾ ਗੋਗੇ ਨਾਲ਼ ਤੂੰ ਤੂੰ ਮੈਂ ਮੈਂ ਕਰਦਾ ਰਹਿੰਦਾ। ਉਸ ਨੂੰ ਅਸਿਹ ਸ਼ਬਦਾਂ ਰਾਹੀਂ ਚਿੜਾਉਂਦਾ ਰਹਿੰਦਾ। 

" ਤੇਰੀ ਮਾਂ ਜਿਸ ਦੇ ਘਰ ਜਾ ਵਸੀ ਐ, ਤੇਰੀ ਵੀ ਸਹੀ ਥਾਂ ਉਹੋ ਹੀ ਹੈ। ਐਨੇ ਸਾਲਾਂ ਤੋਂ ਜੋ ਮੈਨੂੰ ਰੋਟੀ ਦੇ ਰਹੇ ਹਨ ਮੇਰਾ ਸਭ ਕੁੱਝ ਉਹਨਾ ਦਾ ਹੀ ਹੈ।"

" ਬਾਪੂ, ਕੀ ਮੈਂ ਅਪਣੇ ਘਰ ਵਿੱਚ ਰਹਿ ਵੀ ਨਹੀਂ ਸਕਦਾ? ਓਥੇ ਰਹਿੰਦਾ ਹਾਂ ਤਾਂ ਮਾਪਿਆਂ ਦੀ ਲੜਾਈ ਲਗੀ ਰਹਿੰਦੀ ਐ। ਮੇਰੇ ਲਈ ਕੋਈ ਥਾਂ ਨਹੀਂ। ਤਾਈ ਦੀ ਚੁੱਕ ਵਿੱਚ ਆ ਕੇ ਤੂੰ ਅਪਣਾ ਕੁੰਡਾ ਕਰੀ ਜਾ ਰਿਹਾ ਏਂ। ਤੇਰੀ ਤਾਂ ਅਰਥੀ ਵੀ ਨਹੀਂ ਚੁੱਕਣੀ ਉਹਨਾ ਨੇ।"

" ਬਾਹਲ਼ਾ ਬਕਵਾਸ ਕਰਨ ਦੀ ਜ਼ਰੂਰਤ ਨਹੀਂ ਗੋਗਿਆ।" ਪਿਉ ਝਿੜਕ ਦਿੰਦਾ। ਗੋਗਾ ਚਲਾ ਜਾਂਦਾ। ਸੋਚਦਾ, ਪਿਉ ਪਿਆਰ ਨਹੀਂ ਕਰਦਾ, ਮਾਂ ਮਜਬੂਰ ਹੈ, ਮਰਨਾ ਪਾਪ ਹੈ। ਉਸ ਨੇ ਆਤਮ ਹੱਤਿਆ ਕਰਨ ਦੀ ਗੱਲ ਵੀ ਸਰਪੰਚ ਅੱਗੇ ਕਈ ਵੇਰ ਕੀਤੀ। ਸਰਪੰਚ ਹਰ ਵੇਰ ਸਮਝਾ ਕੇ ਉਸਦਾ ਦਿਲ ਟਿਕਾਉਂਦਾ।

ਜੀਤੇ ਦੀ ਭਾਬੀ ਨੂੰ ਅੱਧੀ ਜ਼ਮੀਨ ਖੁੱਸਦੀ ਨਜ਼ਰ ਆਉਣ ਲਗੀ। ਪਤੀ ਨਾਲ਼ ਸਲਾਹ ਕੀਤੀ।

" ਗੋਗੇ ਨੂੰ ਜੇਕਰ, ਜੀਤੇ ਦੀ, ਵਸੀਹਤ ਦਾ ਪਤਾ ਲਗ ਗਿਆ ਤਾਂ ਕਲੇਸ਼ ਖੜ੍ਹਾ ਹੋ ਜਾਏਗਾ। ਸਰਪੰਚ ਹਰਾਮੀ ਗੋਗੇ ਦੇ ਪੱਖ ਦਾ ਹੈ। ਗੋਗੇ ਨੂੰ ਭਾਰੇ ਮੁਸ਼ਕਲ ਕੰਮਾਂ ਚ ਲਗਾਇਆ ਕਰ। ਭਾਰੀ ਬੋਰੀਆਂ ਚੁਕਵਾ ਕੇ ਪਿੱਠ ਦਾ ਕਵਾੜਾ ਕਰ ਦਿਓ। ਬਿਮਾਰ ਹੋ ਆਪੇ ਮਰ ਜਾਊਗਾ ਜਾਂ ਚਲਾ ਜਾਏਗਾ। ਅੰਨ ਪਾਣੀ ਵੀ, ਬਚਿਆ ਖੁਚਿਆ, ਬਾਸੀ ਹੀ ਦੇ ਰਹੀ ਆਂ।"

ਇਨਸਾਨ ਦੀ ਬੁੱਧੀ ਭਰਿਸ਼ਟ ਕਰ ਦੇਂਦਾ ਹੈ, ਧਨ ਦਾ ਲਾਲਚ। ਗੋਗੇ ਦੇ ਤਾਏ ਦੀ ਜ਼ਮੀਰ ਵੀ ਫਿਸਲ ਗਈ। ਕੁੱਝ ਮਹੀਨਿਆਂ ਵਿੱਚ ਹੀ ਸਿਹਤ ਦਾ ਧਨੀ, ਗੋਗਾ, ਸੁੱਕ ਕੇ ਤੀਲਾ ਬਣ ਗਿਆ। ਗੋਗੇ ਦਾ ਸ਼ੁਭਚਿੰਤਕ, ਸਰਪੰਚ ਫਿਕਰਮੰਦ ਸੀ ਪਰ ਸਹੀ ਨਬਜ਼ ਫੜ ਨਾ ਸਕਿਆ। ਸ਼ਡਯੰਤਰ ਪਕੜ ਨਾ ਸਕਿਆ ਪਰ ਗੋਗੇ ਦੇ ਰੋਕਣ ਦੇ ਬਾਵਜੂਦ ਵੀ ਉਸ ਦੀ ਮਾਂ ਤੱਕ ਸੂਹ ਪਹੁੰਚਾ ਹੀ ਦਿੱਤੀ। ਮਾਂ ਪੁੱਤਰ ਨੂੰ ਵਾਪਸ ਲੈ ਗਈ। ਪੁੱਤਰ ਦਾ ਇਲਾਜ ਕਰਵਾਇਆ ਤੇ ਉਹ ਮੁੜ ਸਿਹਤਮੰਦ ਹੋ ਗਿਆ। ਮਾਂ ਦੇ ਘਰ ਕੰਮ ਕਰਦਾ ਰਿਹਾ। ਖੁਸ਼ ਸੀ ਘੱਟੋ ਘੱਟ ਰੋਟੀ ਤਾਂ ਠੀਕ ਨਸੀਬ ਹੋ ਰਹੀ ਸੀ।

ਓਧਰ ਜੀਤੇ ਦੇ ਭਰਾ ਦੀ ਜ਼ਮੀਰ, ਮਾਇਆ ਦੇ ਲਾਲਚ ਕਾਰਨ, ਦਿਨੋ ਦਿਨ ਨਿੱਘਰਦੀ ਗਈ। ਇੱਕ ਦਿਨ ਅਪਣੀ ਪਤਨੀ ਨਾਲ਼ ਸਲਾਹ ਕਰਨ ਲੱਗਾ ਬੋਲਿਆ," ਜੀਤੇ ਨੂੰ ਅਫੀਮ ਖਾਣ ਦੀ ਲਤ ਲਗ ਜਾਵੇ ਤਾਂ ਛੇਤੀ ਹੀ ਮਰ ਜਾਵੇਗਾ।"

" ਅਸਂੀ ਪਾਗਲ ਹਾਂ। ਐਨੀ ਮਹਿੰਗੀ ਚੀਜ਼ ਕਿਵੇਂ ਤੇ ਕਿਥੋਂ ਲਿਆਵਾਂਗੇ? ਇਹ ਲਤ ਤਾਂ ਸਾਡਾ ਹਿੱਸਾ ਵੀ ਖਾ ਜਾਏਗੀ।" ਪਤਨੀ ਸਹਿਮਤ ਨਾ ਹੋਈ। 

" ਜੀਤੇ ਨੇ ਜੇ, ਸਰਪੰਚ ਦੇ ਪ੍ਰਭਾਵ ਹੇਠ, ਵਸੀਹਤ ਬਦਲ ਦਿੱਤੀ ਜਾਂ ਰੱਦ ਕਰ ਦਿੱਤੀ ਤਾਂ ਕੀ ਕਰਾਂਗੇ। ਛੇਤੀ ਨਿਕਲ ਜਾਵੇ ਇਹ ਚੁਭਦਾ ਕੰਡਾ ਤਾਂ ਡਰ ਮੁੱਕ ਜਾਵੇਗਾ।"

" ਇਹ ਤੂੰ ਮੇਰੇ ਤੇ ਹੀ ਛੱਡ ਦੇ।"

ਕੁੱਝ ਮਹੀਨਿਆਂ ਵਿੱਚ ਜੀਤੇ ਦੀ ਸੇਹਤ ਵੀ ਕਾਫੀ ਖ਼ਰਾਬ ਹੋ ਗਈ। ਹਕੀਮਾਂ ਕੋਲ ਜਾਂਦਾ ਕੋਈ ਕਹਿੰਦਾ ਟੀਬੀ ਐ, ਕੋਈ ਕਹੇ ਕੈਂਸਰ ਤੇ ਕੋਈ ਕਹਿੰਦਾ ਕੇਵਲ ਖੂੰਨ ਦੀ ਘਾਟ ਹੈ। ਹਸਪਤਾਲ ਦਾ ਖਰਚਾ ਉਪਲਭਦ ਨਾ ਹੋਣ ਕਾਰਨ ਰੋਗ ਦੀ ਦਾਰੂ ਨਾ ਮਿਲੀ।

ਸਰਪੰਚ ਬਹੁਤ ਚਿੰਤਿਤ ਸੀ। ਉਸਨੂੰ ਸ਼ੱਕ ਸੀ ਕਿ ਜੀਤੇ ਦੇ ਭੋਜਨ ਚ ਕੋਈ ਗੜਬੜ ਕੀਤੀ ਜਾ ਰਹੀ ਐ ਪਰ ਬਿਨਾਂ ਸਬੂਤ ਕਿਸੇ ਤੇ ਇਲਜ਼ਾਮ ਲਗਾਉਣਾ ਸਹੀ ਨਹੀਂ, ਪਾਸਾ ਪੁੱਠਾ ਪੈਣ ਦਾ ਡਰ ਹੁੰਦਾ ਐ। ਸਰਪੰਚ ਦੀ, ਜੀਤੇ ਨਾਲ, ਗੋਗੇ ਦਾ ਹਿੱਸਾ ਗੋਗੇ ਦੇ ਨਾਂ ਕਰਵਾ ਦੇਣ ਦੀ ਗੱਲ ਹਮੇਸਾæ ਹੁੰਦੀ ਪਰ ਜੀਤਾ ਮੰਨਦਾ ਹੀ ਨਾ। ਪਰ ਅੱਜ ਜਦੋਂ ਸਰਪੰਚ ਨੇ ਹਿੰਮਤ ਕਰਕੇ ਕਿਹਾ," ਜੀਤਿਆ, ਤੇਰੀ ਸੇਹਤ , ਅਨੀਂ ਤੇਜ਼ੀ ਨਾਲ ਬਹੁਤ ਖਰਾਬ ਹੋ ਜਾਣ ਦਾ ਕੋਈ ਕਾਰਨ ਤਾਂ ਹੋਵੇਗਾ ਹੀ। ਸ਼ਰੀਕੇ ਵਾਲੇ, ਤੈਨੂੰ ਪਤਾ ਹੀ ਐ, ਕਈ ਵੇਰ ਜ਼ਮੀਨ ਦੇ ਲਾਲਚ ਕਾਰਨ, ਭੋਜਨ ਵਿੱਚ ਮਿਲਾਵਟ ਵੀ ਕਰੀ ਜਾਂਦੇ ਨੇ। ਕਿਤੇ ਤੇਰੇ ਨਾਲ਼ ਵੀ ਇਹੋ ਤਾਂ ਨਹੀਂ ਹੋ ਰਿਹਾ?"

ਜੀਤੇ ਦੀਆਂ ਅੱਖਾ ਤੋਂ ਪੱਟੀ ਉਤਰੀ ਤੇ ਬੋਲਿਆ," ਸਰਪੰਚ ਸਾਹਿਬ, ਇੱਕ ਮਿਹਰਬਾਨੀ ਕਰੋਗੇ।"

" ਕੀ ਜੀਤਿਆ?"

" ਮੈਂ ਅਪਣੀ ਜ਼ਮੀਨ ਦੀ ਵਸੀਹਤ ਭਰਾ ਦੇ ਪੁੱਤਰਾਂ ਦੇ ਨਾਂ ਕਰਵਾਈ ਸੀ। ਰੱਦ ਕਰਨਾ ਚਾਹੁੰਦਾ ਹਾਂ। ਰੱਦ ਕੀਤਾ ਹੋਇਆ ਪਰਚਾ ਜੀਤੇ ਦੇ ਹੱਥ ਫੜਾ ਦੇਣ ਦੀ ਇਛਾ ਜਾਗ ਪਈ ਹੈ। ਮੇਰੇ ਗੋਗੇ ਦਾ ਹਿੱਸਾ ਉਸ ਨੂੰ ਦਿਵਾਉਣਾ। ਵੀਰ ਦੇ ਆਲ੍ਹਣੇ ਵਿੱਚ ਬੈਠੀ ਚਿੜੀ ਮੇਰਾ ਖੇਤ ਵੀ ਚੁਗਦੀ ਗਈ। ਮੇਰੇ ਬਚਣ ਦੀ ਆਸ ਨਹੀਂ।" ਜੀਤੇ ਦੇ ਦੀਦੇ ਪਾਣੀ ਨਾਲ ਲੱਥ ਪੱਥ ਹੋ ਗਏ।

ਸਰਪੰਚ ਦੀ ਮਦਦ ਨਾਲ਼ ਕੰਮ ਚੁੱਪ ਚੁੱਪੀਤੇ ਸਿਰੇ ਚੜ੍ਹ੍ਹ ਗਿਆ। ਜੀਤਾ ਇੱਕ ਦਿਨ, ਮੂੰਹ ਹਨੇਰ, ਭੁੱਖਾ ਭਾਣਾ, ਗੋਗੇ ਨੂੰ  ਮਿਲਣ ਚਲਾ ਗਿਆ। ਦਰ ਤੇ ਜਾ ਕੇ ਆਵਾਜ਼ ਮਾਰੀ। ਨਿਰਵੈਰ ਭੱਜੀ ਆਈ।

" ਹਾਏ ਵੇ ਮੋਇਆ ਤੈਨੂੰ ਕੀ ਹੋ ਗਿਆ। ਕਿਵੇਂ ਆਇਆ! ਕਦੇ ਅੱਗੇ ਨਾ ਪਿੱਛੇ! ਤੂੰ ਹੱਡੀਆਂ ਦਾ ਪਿੰਜਰ ਕਿਵੇਂ ਬਣ ਗਿਆ?" ਨਿਰਵੈਰ ਦੇ ਪੁਰਾਣੇ, ਬਚੇ ਖੁਚੇ, ਮੋਹ ਨੇ, ਪੀੜ ਭਰੀ, ਵਾਣੀ ਬੋਲੀ।

" ਨਿਰਵੈਰ, ਫੜ, ਇਹ ਕਾਗਜ਼ ਮੇਰੇ ਗੋਗੇ ਨੂੰ ਦੇ ਦੇਵੀਂ। ਕਾਗਜ਼ ਪੂਰੀ ਕਥਾ ਬਿਆਨ ਕਰੇਗਾ।" ਜੀਤਾ ਬੋਲ ਕੇ ਡਿਗ ਪਿਆ। ਮੁੜ ਕਦੇ ਨਾਂ ਉੱਠਿਆ।

ਚਿਤਾ ਮਘਾਈ, ਗੋਗੇ ਨੇ। ਤਾਏ ਦਾ ਟੱਬਰ, ਖਬਰ ਮਿਲਣ ਤੇ ਵੀ, ਨਾਂ ਪਹੁੰਚਿਆ। ਸਮਾਂ ਬੀਤਦਾ ਗਿਆ। 

ਗੋਗੇ ਨੇ ਇੱਕ ਦਿਨ ਮਾਂ ਨੂੰ ਕਿਹਾ, " ਜ਼ਮੀਨ ਖੋਹ ਲੈਣ ਦੀ ਮੇਰੇ ਵਿੱਚ ਹਿੰਮਤ ਨਹੀਂ।" ਮਤਰੇਆ ਪਿਉ ਸੁਣ ਰਿਹਾ ਸੀ, ਬੋਲਿਆ," ਗੋਗੇ, ਮੇਰੇ ਪਿਆਰੇ ਪੁੱਤਰ, ਜੇ ਉਹ ਪਿਆਰ ਨਾਲ ਨਾ ਦੇਣਗੇ ਤਾਂ ਡੰਡਾ ਸੋਟਾ ਵੀ ਖੜਕਾਵਾਂਗੇ, ਨਹੀਂ ਤਾਂ ਕਚਿਹਰੀਆਂ ਵਿੱਚ ਘਸੀਟਾਂਗੇ। ਜ਼ਮੀਨ ਵੇਚ ਕੇ ਐਥੈ ਹੋਰ ਖ਼ਰੀਦਾਂਗੇ।"

ਨਿੱਤ ਪੰਜ ਬਾਣੀਆਂ ਦਾ ਪਾਠ ਕਰਨ ਵਾਲੀ, ਗੋਗੇ ਦੀ ਮਾਂ ਨੇ ਗੋਗੇ ਵੱਲ, ਤਰਸ ਭਰਭੂਰ ਨਿਗਾਹ ਨਾਲ਼ ਵੇਖਿਆ, ਫੇਰ ਪਤੀ ਵੱਲ ਗਿਲਾਨੀ ਭਰੀ ਤੱਕਣੀ ਘੁਮਾਈ। ਮਨ ਵਿੱਚ, ਰਾਮ ਭਜਨ ਕੀ ਗਤਿ ਨਹੀਂ ਜਾਨੀ ਮਾਇਆ ਹਾਥਿ ਬਿਕਾਨਾ, ਗੁਰ ਸ਼ਬਦ ਬਿਜਲੀ ਦੀ ਚਮਕ ਵਾਂਗ ਚਮਕੇ ਅਤੇ ਮਹਿਸੂਸ ਕੀਤਾ ਅਸਿਹ ਦਰਦ। ਹੰਝੂ ਡਿੱਗੇ। ਬੋਲੀ," ਸੋਚਾਂਗੀ।"