ਛੱਬੀ ਜਨਵਰੀ (ਕਵਿਤਾ)

ਮੁਹਿੰਦਰ ਸਿੰਘ ਘੱਗ   

Email: ghagfarms@yahoo.com
Phone: +1 530 695 1318
Address: Ghag farms 8381 Kent Avenue Live Oak
California United States
ਮੁਹਿੰਦਰ ਸਿੰਘ ਘੱਗ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਸਾਲ ਵਾਗੂੰ ਛੱਬੀ ਜਨਵਰੀ ਨੂੰ ਲਾਲ ਕਿਲ੍ਹੇ ਤੇ ਪ੍ਰੱਚਮ ਲੈਹਰਾਏ ਜਾਣੇ
ਧੂਆਂ ਧਾਰ ਭਾਸ਼ਨ ਵੀ ਬਹੁਤ ਹੋਣੇ  ਫੋਕੇ  ਵਾਅਦੇ ਨੇ ਫੇਰ ਦੁਹਰਾਏ  ਜਾਣੇ।
ਬਾਹਾਂ ਚੁਕ ਚੁਕ ਦੇਸ਼ ਦਾ ਬੜਾ ਆਗੂ, ਪ੍ਰਧਾਨ ਮੰਤਰੀ ਜਦੋਂ ਬਿਆਨ ਦਾਗੂ 
ਲਾਲ ਕਿਲ੍ਹੇ ਦੀਆਂ ਕੰਧਾਂ ਨੂੰ ਛਿੜੂ ਕੰਬਣੀ ਐਟਮ ਬੰਬ ਦੇ ਧੌਂਸ ਜਮਾਏ ਜਾਣੇ।
ਸੋਭਾ ਕਰੂ ਗਾ ਆਪਣੀ ਪੋਲਿਸੀ ਦੀ ਉਂਗਲ ਦੂਜੀਆਂ ਪਾਰਟੀਆਂ ਵਲ ਕਰ ਕੇ
ਅੰਤਰ ਰਾਸ਼ਟਰ  ਬਣੀ ਏ ਭਲ ਸਾਡੀ ਬਾਰ ਬਾਰ ਇਹ ਸ਼ਬਦ ਦੁਹਰਾਏ ਜਾਣੇ।
ਆਪੇ ਰੱਜੀ ਪੁੱਜੀ ਤੇ ਆਪੇ ਜੀਣ ਬੱਚੇ ਲਛੇਦਾਰ ਭਾਸ਼ਨ ਸਿਫਤਾਂ ਆਪਣੀਆਂ ਦੇ
ਬਿਨਾ ਝਾਤ ਪਾਇਆਂ ਗਿਰੇਬਾਨ ਅਪਣੇ ਫਰਜ਼ ਜੰਤਾ ਨੂੰ ਬੜੇ ਸਮਝਾਏ ਜਾਣੇ।
ਸਾਂਝੀ ਵਾਲਤਾ ਦੀ ਤੌੜੀ ਦਿਸੇ ਬਾਹਰੋਂ ਕੱਟੜਵਾਦ ਦਾ ਪੱਕੇ ਪਕਵਾਨ ਅੰਦਰ
ਹਿੰਦੂਤੱਵ ਦੇ ਦੈਂਤ ਨੂੰ ਪਾਲਣੇ ਲਈ ਅੰਦਰੋ ਅੰਦਰੀ ਨੇ ਕੁਸ਼ਤੇ ਛਕਾਏ ਜਾਣੇ।
ਕੁਰਸੀ ਡੋਲੇ ਨਾ, ਡੋਲ ਜਾਏ ਦੇਸ ਭਾਮੇਂ ਖੋਰਾ ਲੱਗੇ ਖਜ਼ਾਨੇ ਨੂੰ ਫਿਕਰ ਕੀ ਏ
ਲਤਾਂ ਕੁਰਸੀ ਦੀਆਂ ਤਕੜੀਆਂ ਕਰਨ ਦੇ ਲਈ ਕੁੱਝ ਨਵੇਂ ਵਜ਼ੀਰ ਬਣਾਏ ਜਾਣੇ।
ਇਕਨਾਂ ਫੌਜੀ ਸਲਾਮੀਆਂ ਲੈਣੀਆਂ ਨੇ ਚੰਗੇ ਚੰਗੇ  ਪਕਵਾਨ  ਵੀ ਮਾਨਣੇ  ਨੇ
ਫੁਟ ਪਾਥਾਂ ਤੇ ਜਿਹੜੇ ਨੇ ਦਿਨ ਕਟਦੇ, ਢਿਡੋਂ ਭੁਖੇ ਨੇ ਬਾਲ ਸੁਲਾਏ ਜਾਣੇ।
ਛੱਬੀ ਜਨਵਰੀ ਦੇ ਜਸ਼ਨ ਪੈਣ ਫਿਕੇ ਲਾਗੂ ਦੋਗਲਾ ਹੋਵੇ ਕਾਨੂੰਨ ਜਦ ਵੀ
ਇਕ ਕਾਲਿਉਂ ਬੱਗੇ ਹੋਏ ਜੇਹਲ ਸੜਦੇ ਰਾਜ ਗਦੀਆਂ ਦਾ ਦੂਜਾ ਨਿੱਘ ਮਾਣੇ। 
ਭ੍ਰਿਸ਼ਟਾਚਾਰ ਤੇ ਜੁਰਮ ਦਾ ਮਿਲੇ ਪ੍ਰਮਿਟ ਬਾਗ ਡੋਰ ਜਦ ਦੇਸ਼ ਦੀ ਹੱਥ ਆ ਜਾਏ
ਲੋਕੀ ਕਰ ਨਾ ਦੇਣ ਵਿਦਰੋਹ ਕਿਧਰੇ ਨਮੇਂ ਨਮੇਂ  ਕਾਨੂੰਨ ਬਣਾਏ ਜਾਣੇ।
ਅੰਨਦਾਤਾ ਕਿਰਸਾਣ ਦੀ ਫਿਕਰ ਕਿਸਨੂੰ ਆਤਮ ਹੱਤਿਆ ਕਰੇ ਕਰਜ਼ਾਈ ਹੋਕੇ
ਆਗੂ ਭਾਸ਼ਨਾ ਤਕ ਹੀ ਰਹਿਣ ਸੀਮਤ ਖਾਂਦੇ ਠੋਕਰਾਂ  ਕਰਮਾਂ ਨੂੰ ਰੋਣ ਨਿਆਣੇ ।
ਜੇਹੜੇ ਧਰਮ ਦਾ ਵਾਸਤਾ ਪਾ ਪਾ ਕੇ ਆਪੋ ਵਿਚ ਨੇ ਤੈਨੂੰ ਲੜਾਈ ਜਾਂਦੇ
ਜੇ ਨਾ ਉਹਨਾਂ ਦੀ ਤੈਂ ਪੈਹਚਾਣ ਕੀਤੀ ਦੁਖ ਉਮਰਾਂ ਦੇ ਫੇਰ ਹੰਢਾਏ ਜਾਣੇ।
ਮਤ ਦਾਨ ਵੇਲੇ ਮਤ ਵਰਤਿਆ ਕਰ ਦੇਵੇਂ ਮਤ ਜੇ ਭੁਕੀ ਸ਼ਰਾਬ ਬਦਲੇ
ਘੱਗ ਦੋਸ਼ ਫੇਰ ਕਰਮਾਂ ਨੂੰ ਦੇਵਣਾ ਕੀ ਆਪੇ ਸਾਜ ਕੇ ਨਰਕ ਹੰਢਾਏ ਜਾਣੇ।