ਬਾਬੇ-ਕੇ ਬਨਾਮ ਪਾਧੇ-ਕੇ (ਕਵਿਤਾ)

ਗੁਰਮੀਤ ਸਿੰਘ 'ਬਰਸਾਲ'   

Email: gsbarsal@gmail.com
Address:
ਕੈਲੇਫੋਰਨੀਆਂ California United States
ਗੁਰਮੀਤ ਸਿੰਘ 'ਬਰਸਾਲ' ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹੱਕ ਸੱਚ ਦੇ ਮਾਪ ਵਾਲਾ, ਚੰਗੇ ਇਖਲਾਕ ਵਾਲਾ ।
ਬਿਪਰਾਂ ਨੂੰ ਭਾ ਨਹੀਂ ਸਕਦਾ, ਨਾਨਕ ਦੇ ਜਾਪ ਵਾਲਾ ।।
ਪਾਧੇ ਤੇ ਪਾਧੇ ਕਿਆਂ ਨੂੰ, ਬਾਬੇ ਤੇ ਬਾਬੇ ਕਿਆਂ ਵਿੱਚ,
ਲਗਦਾ ਸੀ ਕੋਈ ਵੱਖਰਾ, ਜਜ਼ਬਾ ਖੜਾਕ ਵਾਲਾ ।।
ਲੁੱਟਦੇ ਜੋ ਕਿਰਤੀਆਂ ਨੂੰ, ਮਜ਼ਹਬ ਦੀ ਆੜ ਲੈਕੇ ,
ਘੜ-ਘੜ ਕੇ ਸ਼ਰਧਾ-ਉੱਲੂ, ਧੰਦਾ ਜੋ ਪਾਪ ਵਾਲਾ ।।
ਨਸਲਾਂ ਦੀ ਘਾਤ ਖਾਤਿਰ, ਕੀਤੇ ਜੋ ਘੱਲੂ-ਕਾਰੇ,
ਕਿੱਦਾਂ ਸਮਾਂ ਉਹ ਭੁੱਲੇ,  ਭੋਗੇ ਸੰਤਾਪ ਵਾਲਾ ।।
ਅਣਖਾਂ ਦੇ ਨਾਲ ਜੀਣਾ, ਹੱਕ-ਸੱਚ ਲਈ ਲੜਕੇ ਮਰਨਾ,
ਨਾਨਕ ਨੇ ਦੱਸਿਆ ਰਸਤਾ, ਕਿਰਦਾਰ ਪਾਕ ਵਾਲਾ ।।
ਲੋਕਾਂ ਨੂੰ ਵੰਡਕੇ ਵਰਗੀਂ, ਚੱਲਦੀ ਹੈ ਜਿਸਦੀ ਰੋਟੀ,
ਰਸਤਾ ਉਹ ਕਿੰਝ ਕਬੂਲੇ, ਸਭ ਦੇ ਮਿਲਾਪ ਵਾਲਾ ।।
ਲਗਦਾ ਹੈ ਪਾਧੇ ਕਿਆਂ ਨੂੰ, ਝੰਡਾ ਬਗਾਵਤੀ ਜਿਹਾ,
ਭਾਵੇਂ ਕੈਲੰਡਰ ਹੋਵੇ,  ਨਾਨਕ ਦੀ ਛਾਪ ਵਾਲਾ ।।
ਬਾਬੇ ਦੇ ਦੱਸੇ ਰਸਤੇ, ਬਾਬੇ-ਕੇ ਤੁਰ ਰਹੇ ਨੇ,
ਛਿੱਤਰਾਂ ‘ਨਾ ਕੁੱਟਕੇ ਫਤਵਾ, ਬਿਪਰਾਂ ਦੇ ਬਾਪ ਵਾਲਾ ।।