ਸਭ ਰੰਗ

 •    ਨਵੀਆਂ ਆਸਾਂ ਤੇ ਉਮੰਗਾਂ ਦਾ ਪ੍ਰਤੀਕ ਹੈ ਨਵਾਂ ਸਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੀ ਵਿਚਾਰਧਾਰਾ ਨੌਜਵਾਨਾਂ ਲਈ ਪ੍ਰੇਰਨਾ ਸਰੋਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਮਰਦ ਅਗੰਮੜਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਾਦ-ਮੁਰਾਦੇ ਵਿਆਹ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਪੱਤਰਕਾਰਤਾ ਤੇ ਸਾਹਿਤਕਾਰਤਾ ਦਾ ਸੁਮੇਲ -ਹਰਬੀਰ ਸਿੰਘ ਭੰਵਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗ਼ਜ਼ਲ ਬਾਗ ਦਾ ਮਾਲੀ - ਹਰਭਜਨ ਧਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਵਿਲੱਖਣ ਸ਼ਖ਼ਸੀਅਤ ਹੈ–ਡਾ. ਮਿਨਹਾਸ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਬਹੁ-ਕਲਾਵਾਂ ਦਾ ਸੁਮੇਲ - ਕਰਮਜੀਤ ਸਿੰਘ ਔਜਲਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਮੇਰੀ ਮਾਂ ਨਹੀਓਂ ਲੱਭਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗੁਰੂ ਅਰਜਨ ਵਿਟਹੁ ਕੁਰਬਾਨੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਕਲਮ ਤੇ ਬੁਰਸ਼ ਦਾ ਧਨੀ ਅਜਾਇਬ ਚਿੱਤਰਕਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਅਲੌਕਿਕ ਪ੍ਰਤਿਭਾ ਦੇ ਮਾਲਕ ਗਿਆਨੀ ਦਿੱਤ ਸਿੰਘ ਜੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਪਰਉਪਕਾਰੀ ਕਾਰਜ ਹੈ ਕਲਮ ਨੂੰ ਸਨਮਾਨਿਤ ਕਰਨਾ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਮੇਂ ਦਾ ਸਦ-ਉਪਯੋਗ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਰੁੱਤਾਂ ਦੀ ਰਾਣੀ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਕਾਲੇ ਦਿਨ - 1984 ਤੋਂ ਬਾਅਦ ਸਿੱਖ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਗੁਰਭਜਨ ਗਿੱਲ ਦੀ 'ਗੁਲਨਾਰ' / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਹਲੂਣਾ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਚੁੱਪ ਦੇ ਖ਼ਿਲਾਫ਼ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਬਦਕਾਰ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਚੇਤੰਨ ਸ਼ਾਇਰ ਮੁਹਿੰਦਰਦੀਪ ਗਰੇਵਾਲ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸ਼ਖ਼ਸੀਅਤ / ਦਲਵੀਰ ਸਿੰਘ ਲੁਧਿਆਣਵੀ (ਲੇਖ )
 •    ਬਲਜੀਤ (ਨਾਵਲ) / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਰੰਗਿ ਹਸਹਿ ਰੰਗਿ ਰੋਵਹਿ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਸੰਤ ਹਰਚੰਦ ਸਿੰਘ ਲੌਗੋਵਾਲ / ਦਲਵੀਰ ਸਿੰਘ ਲੁਧਿਆਣਵੀ (ਪੁਸਤਕ ਪੜਚੋਲ )
 •    ਮਜ਼ਦੂਰਾਂ ਦੀ ਹਾਲਤ ਕਿੰਝ ਬਿਹਤਰ ਬਣਾਈ ਜਾ ਸਕੇ / ਦਲਵੀਰ ਸਿੰਘ ਲੁਧਿਆਣਵੀ (ਲੇਖ )
 • ਰੁੱਤਾਂ ਦੀ ਰਾਣੀ (ਲੇਖ )

  ਦਲਵੀਰ ਸਿੰਘ ਲੁਧਿਆਣਵੀ   

  Email: dalvirsinghludhianvi@yahoo.com
  Cell: +91 94170 01983
  Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
  ਲੁਧਿਆਣਾ India 141013
  ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


  'ਆਈ ਬਸੰਤ ਪਾਲਾ ਉਡੰਤ'। ਬਸੰਤ ਰੁੱਤ ਦੇ ਆਉਂਦਿਆਂ ਹੀ ਮੌਸਮ ਦੁਪਹਿਰ ਖਿੜੀ ਵਾਂਗ ਖਿੜਿਆ-ਖਿੜਿਆ, ਸੱਜਰੇ ਗੁਲਾਬ ਵਾਂਗ ਮਹਿਕਿਆਂ-ਮਹਿਕਿਆਂ ਅਤੇ ਤ੍ਰੇਲ ਦੀਆਂ ਬੂੰਦਾਂ ਨਾਲ ਲੱਦੇ ਹਰੇ-ਕਚੂਰ ਘਾਹ ਵਾਂਗ ਸਭ ਨੂੰ ਨਿਆਰਾ-ਨਿਆਰਾ, ਪਿਆਰਾ-ਪਿਆਰਾ ਤੇ ਸੁਹਾਵਣਾ-ਸੁਹਾਵਣਾ ਲੱਗ ਰਿਹਾ ਹੁੰਦਾ ਹੈ।  ਨਾ ਗਰਮੀ ਨਾ ਸਰਦੀ। 'ਕੱਲਾ ਮਨੁੱਖ ਹੀ ਨਹੀਂ, ਸਗੋਂ ਸਾਰੇ ਹੀ ਜੀਵ-ਜੰਤੂ ਇਸ ਮੌਸਮ ਦਾ ਖ਼ੂਬ ਅਨੰਦ ਮਾਣਦੇ ਨੇ। ਤਾਹੀਓਂ ਇਸ ਰੁੱਤ ਨੂੰ 'ਰੁੱਤਾਂ ਦੀ ਰਾਣੀ' ਕਹਿ ਕੇ  ਵਡਿਆਇਆ ਜਾਂਦਾ ਹੈ। ਪੰਜਾਬੀ ਦੇ ਉਘੇ ਕਵੀ ਧਨੀ ਰਾਮ 'ਚਾਤ੍ਰਿਕ' ਨੇ ਇਸ ਰੁੱਤ ਬਾਰੇ ਇਉਂ ਲਿਖਿਆ ਹੈ:
   ਨਿਕਲੀ ਬਸੰਤ ਵੇਸ ਕਰ,  ਫੁੱਲਾਂ ਦੀ ਖਾਰੀ ਸਿਰ ਤੇ ਧਰ,
   ਖਿੜਦੀ ਤੇ ਹੱਸਦੀ ਗਾਉਂਦੀ, ਨੱਚਦੀ ਤੇ ਪੈਲਾਂ ਪਾਉਂਦੀ ।
  ਇਹ ਕੁਦਰਤ ਦਾ ਨਿਯਮ ਐ ਕਿ ਦੁੱਖ ਦੇ ਬਾਅਦ ਸੁੱਖ ਆਉਂਦਾ ਹੈ, ਭਾਵ ਇੱਕ ਦੇ ਬਾਅਦ ਦੂਜੀ ਰੁੱਤ ਆਉਂਦੀ ਹੈ। ਭਾਰਤ ਵਿਚ ਕੁੱਲ ਛੇ ਰੁੱਤਾਂ ਆਉਂਦੀਆਂ ਨੇ –ਗਰਮੀ, ਔੜ, ਵਰਖਾ, ਸਰਦੀ, ਪਤਝੜ ਅਤੇ ਬਸੰਤ।  ਪਰ, ਇਨ੍ਹਾਂ ਵਿਚੋਂ ਸਭ ਤੋਂ ਪਿਆਰੀ ਤੇ ਮਨਮੋਹਨੀ ਰੁੱਤ ਹੈ ਬਸੰਤ। ਇਹ ਪਤਝੜ ਦੇ ਬਾਅਦ ਆਉਂਦੀ ਹੈ। ਕਹਿਰ ਦੀ ਸਰਦੀ ਕਾਰਣ ਕਈ ਬੂਟਿਆਂ ਤੇ ਬਿਰਖਾਂ ਦਾ ਵਾਧਾ ਰੁੱਕ ਜਾਂਦਾ ਹੈ। ਉਹ ਦਰਖਤ ਜੋ ਪਤਝੜ ਦੇ ਦੌਰਾਨ ਰੁੰਡ-ਮਰੁੰਡ ਹੋਏ ਹਨ, ਨਵੀਆਂ ਕਰੂੰਬਲਾਂ ਫੁੱਟਦੀਆਂ ਨੇ; ਬਾਗਾਂ ਵਿੱਚ ਫੁੱਲ ਖਿੜਨ ਲੱਗਦੇ ਨੇ। ਇੱਥੋਂ ਤੀਕਰ ਕਿ ਇਸ ਰੁੱਤ ਵਿੱਚ ਸੁੱਕੀਆਂ ਟਾਹਣੀਆਂ ਵੀ ਹਰੀਆਂ-ਹਰੀਆਂ ਹੋ ਜਾਂਦੀਆਂ ਨੇ । ਚਾਰੇ ਪਾਸੇ ਹੀ ਹਰਿਆਲੀ ਦੀ ਚਾਦਰ ਵਿਛ ਜਾਂਦੀ ਹੈ ਤੇ ਰੰਗ-ਬਰੰਗੇ ਫੁੱਲ ਖਿੜਨ ਨਾਲ ਸਾਰੀ ਪ੍ਰਕਿਰਤੀ ਹੀ ਸੱਜ-ਵਿਆਹੀ ਮੁਟਿਆਰ ਵਾਂਗ ਫੱਬ ਉੱਠਦੀ ਹੈ। 
  'ਬਸੰਤ' ਸ਼ਬਦ ਦਾ ਅਰਥ ਹੈ ਖੁਸ਼ੀ। ਪ੍ਰਾਕ੍ਰਿਤਿਕ ਖੁਸ਼ੀ, ਅਰਥਾਤ ਪ੍ਰਕ੍ਰਿਤੀ ਦੇ ਅੰਗ-ਅੰਗ ਵੱਸਦੀ ਹੋਈ ਖੁਸ਼ੀ। ਸਾਰੀ ਪ੍ਰਕਿਰਤੀ ਹੀ ਹੱਸਦੀ, ਗਾਉਂਦੀ ਤੇ ਨੱਚਦੀ ਹੋਈ ਦਿਖਾਈ ਦਿੰਦੀ ਹੈ। ਜੇ ਖੇਤਾਂ ਵੱਲ ਧਿਆਨ ਮਾਰੀਏ ਤਾਂ ਇੰਝ ਪ੍ਰਤੀਤ ਹੁੰਦਾ ਹੈ ਜਿਉਂ ਸਰੋਂ ਦੇ ਫੁੱਲ ਸੋਨੇ ਦੀ ਵਰਖਾ ਕਰ ਰਹੇ ਹੋਣ। ਇਹੋ ਜਿਹੇ ਮਨਮੋਹਕ ਦ੍ਰਿਸ਼ਾਂ ਨੂੰ ਦੇਖਦਿਆਂ ਹੀ ਮਨ-ਤਨ ਖੁਸ਼ੀ ਨਾਲ ਭਰ ਜਾਂਦਾ ਹੈ। ਸ਼ਾਇਦ ਇਸੇ ਕਰਕੇ ਹੀ ਫਰਵਰੀ ਨੂੰ ਖੁਸ਼ੀਆਂ-ਖੇੜਿਆਂ ਦਾ ਤੇ ਜਨਵਰੀ ਨੂੰ 'ਉਦਾਸ ਮਹੀਨਾ' ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ  ਪਤਝੜ ਪੂਰੇ ਜ਼ੋਬਨ 'ਤੇ ਹੁੰਦੀ ਹੈ। ਇੱਕ ਗੱਲ ਹੋਰ ਵੀ ਦੱਸਣੀ ਬਣਦੀ ਹੈ ਕਿ ਇਸ ਮਹੀਨੇ ਹੀ ਜ਼ਿਆਦਾਤਰ ਬੀਮਾਰੀਆਂ ਮਨੁੱਖ ਨੂੰ ਆ ਘੇਰਦੀਆਂ ਨੇ। 
  'ਫੱਗਣ' ਮਹੀਨਾ ਚੜ੍ਹਦਿਆਂ ਹੀ ਸਾਰੀ ਪ੍ਰਕਿਰਤੀ ਖੁਸ਼ੀ 'ਚ ਝੂੰਮ ਉਠਦੀ ਹੈ। ਕੁਦਰਤ ਰਾਣੀ ਆਪਣੇ-ਆਪ ਨੂੰ ਨਵੀਂ-ਦੁਲਹਣ ਵਾਂਗ ਸ਼ਿੰਗਾਰਦੀ ਹੈ। ਅੰਬਾਂ ਨੂੰ ਬੂਰ ਪੈਂਦਾ ਹੈ, ਕੋਇਲ ਕੂਕਦੀ ਹੈ। ਫੁੱਲ-ਕਲੀਆਂ ਉੱਤੇ ਭੌਰੇ ਤੇ ਤਿੱਤਲੀਆਂ ਕਲੋਲ ਕਰਦੇ ਨੇ। ਇੱਥੇ ਹੀ ਬੱਸ ਨਹੀਂ, ਭਿੰਨੀ-ਭਿੰਨੀ ਖੁਸ਼ਬੂ ਭਰੀਆਂ ਹਵਾਵਾਂ ਵਗਦੀਆਂ ਨੇ। ਪੰਛੀ ਵੀ ਅੰਬਰ 'ਚ ਲੰਮੀਆਂ ਉਡਾਰੀਆਂ ਭਰਦੇ ਨੇ।  ਗੱਲ ਤਾਂ ਇੱਥੇ ਨਿਬੜਦੀ ਹੈ ਕਿ ਹਰ ਜੀਵ-ਪ੍ਰਾਣੀ ਹੀ ਖੁਸ਼ੀ ਮਹਿਸੂਸ ਕਰਦਾ ਏ। ਸਰੀਰ 'ਤੇ ਅਨੋਖੀ ਚਮਕ ਆ ਜਾਂਦੀ ਹੈ। ਇੱਥੋਂ ਤੱਕ ਕਿ ਪੁੰਗਾਰ ਰੁੱਤ ਦੇ ਆਉਣ ਨਾਲ ਹੀ ਲਹੂ ਵਿੱਚ ਨਵਾਂਪਨ ਆ ਜਾਂਦਾ ਹੈ, ਸਿਟੋਂ ਵਜੋਂ ਚੌਦਵੀਂ ਦੇ ਚੰਨ ਜਿਹੇ ਮੁਖੜੇ ਹੋਰ ਨਿਖਰ ਜਾਂਦੇ ਨੇ, ਅੱਖਾਂ 'ਚ ਜ਼ਿਆਦਾ ਚਮਕ ਆ ਜਾਂਦੀ ਹੈ। ਇਸ ਵੇਲੇ ਧਰਤੀ-ਮਾਂ ਵੀ ਸਵਰਗ ਨਾਲੋਂ ਘੱਟ ਨਹੀਂ ਜਾਪਦੀ। ਤਾਹੀਓਂ ਇਸ ਰੁੱਤ ਨੂੰ 'ਰੁੱਤਾਂ ਦੀ ਸਿਰਤਾਜ' ਕਿਹਾ ਜਾਂਦਾ ਹੈ। 
  ਬਸੰਤ ਰੁੱਤ ਦਾ ਮਹੱਤਵਪੂਰਨ ਦਿਨ ਹੈ ਬਸੰਤ ਪੰਚਮੀ। ਇਹ ਤਿਉਹਾਰ ਵਾਂਗ ਮਨਾਇਆ ਜਾਂਦਾ ਹੈ। ਇਸ ਦਿਨ ਛਿੰਝਾਂ (ਕੁਸ਼ਤੀਆਂ) ਹੁੰਦੀਆਂ ਨੇ, ਪਹਿਲਵਾਨ ਆਪੋ-ਆਪਣਾ ਜ਼ੋਰ ਦਿਖਾਉਂਦੇ ਨੇ। ਬੱਚੇ, ਬੁੱਢੇ ਤੇ ਜਵਾਨ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਬਸੰਤ ਪੰਚਮੀ ਦੇ ਮੇਲੇ 'ਤੇ ਜਾਂਦੇ ਨੇ। ਖਾਸ ਕਰਕੇ ਘਰਾਂ ਵਿਚ ਵੀ ਪੀਲੇ ਰੰਗ ਦੇ ਮਿੱਠੇ ਪਕਵਾਨ ਬਣਾਏ ਜਾਂਦੇ ਨੇ। ਹਰ ਸ਼ਖ਼ਸ਼ ਹੀ  ਮਸਤੀ ਵਿੱਚ ਝੂਮ ਉਠਦਾ ਹੈ।
  ਇਸ ਰੁੱਤ ਦੌਰਾਨ ਬੱਚੇ ਖੂਬ ਪਤੰਗ ਉਡਾਂਦੇ ਨੇ ਤੇ ਸਿੱਟੇ ਵਜੋਂ ਸਾਰਾ ਅਸਮਾਨ ਹੀ ਪਤੰਗਾਂ ਨਾਲ ਭਰ ਜਾਂਦਾ ਹੈ। ਉਹ ਤਾਂ ਪੇਚੇ ਪਾ ਕੇ ਇੱਕ-ਦੂਜੇ ਦਾ ਪਤੰਗ ਕੱਟਦੇ ਨੇ, ਬੇਹੱਦ ਖੁਸ਼ੀ ਦਾ ਇਜ਼ਹਾਰ ਕਰਦੇ ਨੇ। ਚਾਰ-ਚੁਫੇਰਿਓਂ ਇਹੀ ਰੌਲਾ-ਰੱਪਾ ਸੁਣਾਈ ਦੇਂਦਾ ਏ ਕਿ ਪੇਚਾ ਲੱਗ ਗਿਆ, ਪੇਚਾ ਲੱਗ ਗਿਆ---। ਇਹ ਅਨੋਖੀ ਖੇਡ ਹੈ ਕਿ ਫੜ-ਫੜਾਈ ਵਿਚ ਮੰਡੀਰ ਦੇ ਹੱਥਾਂ 'ਚ ਪਤੰਗ ਪੁਰਜਾ-ਪੁਰਜਾ ਹੋ ਜਾਂਦਾ ਹੈ, ਤਦ ਵੀ ਉਹ ਖੁਸ਼ੀ ਮਹਿਸੂਸ ਕਰਦੇ ਨੇ। ਖਾਸ ਕਰਕੇ ਬਸੰਤ ਪੰਚਮੀ 'ਤੇ, ਪੀਲੇ ਰੰਗ ਦੇ ਪਤੰਗ, ਅਕਾਸ਼ 'ਚ ਪੰਛੀਆਂ ਵਾਂਗ ਉਡਾਰੀਆਂ ਭਰਦੇ ਨੇ। 
  'ਬਸੰਤ ਪੰਚਮੀ' ਨਾਲ ਕਈ ਇਤਿਹਾਸਕ ਘਟਨਾਵਾਂ ਜੁੜੀਆਂ ਹਨ। ਵੀਰ ਹਕੀਕਤ ਰਾਏ ਇਸ ਦਿਨ ਹਿੰਦੂ ਧਰਮ ਦੀ ਰੱਖਿਆ ਖ਼ਾਤਰ ਸ਼ਹੀਦ ਹੋਏ ਸਨ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਦਾ ਜਨਮ ਇਸੇ ਹੀ ਦਿਨ ਹੋਇਆ ਸੀ। ਉਨ੍ਹਾਂ ਦੇ ਸ਼ਰਧਾਲੂ ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਨੇ। 
  ਸਭ ਜੀਵ-ਜੰਤੂਆਂ ਚੋਂ ਸਿਰਫ਼ ਮਨੁੱਖ ਨੂੰ ਹੀ ਹੱਸਣ ਤੇ ਸੋਚ-ਸ਼ਕਤੀ ਦਾ ਵਰਦਾਨ ਪ੍ਰਾਪਤ ਹੈ। ਪਰ, ਅਜੋਕਾ ਮਨੁੱਖ ਹੱਸਣਾ ਹੀ ਭੁੱਲ ਗਿਆ। ਕਿੱਡੀ ਸ਼ਰਮ ਵਾਲੀ ਗੱਲ ਹੈ! ਖੁਸ਼ੀਆਂ-ਖੇੜੇ ਵੰਡਦੀ ਹੋਈ ਇਹ ਰੁੱਤ ਮਨੁੱਖ ਨੂੰ ਸੰਦੇਸ਼ ਦੇ ਜਾਂਦੀ ਹੈ ਕਿ ਹੱਸੋ-ਖੇਡੋ ਤੇ ਮੌਜ ਮਨਾਉ, ਇਸ ਦਾ ਨਾਮ ਹੀ ਜ਼ਿੰਦਗੀ ਹੈ। 
  ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਫੁੱਲ-ਬੂਟੇ ਲਗਾਉਣੇ ਚਾਹੀਦੇ ਨੇ ਤਾਂ ਜੋ ਸਾਰੀ ਧਰਤੀ ਹੀ ਫੁੱਲਾਂ ਵਾਂਗ ਮਹਿਕਦੀ, ਟਹਿਕਦੀ ਰਹੇ ਤੇ ਸਿੱਟੇ ਵਜੋਂ ਮਨੁੱਖ ਦੀ ਝੋਲੀ ਖੁਸ਼ੀਆਂ ਨਾਲ ਭਰੀ ਰਹੇ। ਇੱਕ ਗੱਲ ਯਾਦ ਰੱਖਿਉ ਕਿ ਸਿਰਫ਼ ਕੁਦਰਤ ਨਾਲ ਸਾਂਝ ਪਾਇਆਂ ਹੀ ਖੁਸ਼ੀ ਨਾਲ ਝੋਲੀਆਂ ਭਰਦੀਆਂ ਨੇ।