ਕਵਿਤਾ ਦੀ ਭਾਲ (ਕਵਿਤਾ)

ਜਗਜੀਤ ਸਿੰਘ ਗੁਰਮ   

Email: gurmjagjit@ymail.com
Cell: +91 99145 16357 , 99174 01668
Address: 1008/29/2 1008/29/2, ਗਲੀ ਨੰ: 8, ਬਾਲ ਸਿੰਘ ਨਗਰ, ਜੋਧੇਵਾਲ ਬਸਤੀ
ਲੁਧਿਆਣਾ India 141007
ਜਗਜੀਤ ਸਿੰਘ ਗੁਰਮ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਤੇ
ਕਵਿਤਾ ਦੀ
ਭਾਲ 'ਚ
ਮੁੜਿਆ ਪਿਛਾਂਹ ਨੂੰ
ਤੱਕਿਆ, ਮੈਂ
ਬੋਲ ਪੁਗਾਉਂਦੀ
ਵਚਨ ਨਿਭਾਉਂਦੀ
ਆਪਣਿਆਂ ਤੋਂ ਹਾਰੀ
ਦਰਦਾਂ ਦੀ ਮਾਰੀ
ਭੀਸ਼ਮ ਦੇ ਰੂਪ 'ਚ
ਤੀਰਾਂ ਦੀ ਸੇਜੇ
ਕਵਿਤਾ ਪਈ ਸੀ।
ਤੁਰਿਆ
ਅਗਾਂਹ ਨੂੰ
ਜਾਬਰ ਨੂੰ ਵੰਗਾਂਰਦੀ
ਜ਼ੁਲਮ ਨੂੰ ਲਲਕਾਰਦੀ
ਨਾਨਕ ਦੇ ਬੋਲਾਂ 'ਚ
ਕਵਿਤਾ ਬੜੀ ਸੀ
ਹੱਕ ਲਈ ਖੜੀ ਸੀ
ਸੱਚ ਲਈ ਲੜੀ ਸੀ।
ਤੱਕਿਆ ਸੀ
ਮੈਂ, ਫਿਰ
ਤੱਤੀ ਤਵੀ ਦੇ
ਸੇਕ 'ਚੋਂ ਨਿਕਲੀ
ਸਬਰ ਤੇ ਸਿਦਕ ਦੀ
ਕਵਿਤਾ ਨਿਆਰੀ
ਰਹੀ ਨਾ ਵਿਚਾਰੀ
ਰਾਵੀ ਦਾ ਪਾਣੀ
ਭਰਦਾ ਗਵਾਹੀ।
ਪਹੁੰਚਿਆ
ਜਦੋਂ, ਮੈਂ
ਚੌਂਕ ਚਾਂਦਨੀ
ਤੱਕਿਆ ਸੀ ਉਥੇ
ਦੇਗਾਂ 'ਚ ਉੱਬਲੇ
ਰੂੰਆਂ 'ਚ ਸਾੜੀ
ਆਰਿਆਂ ਨਾਲ ਚੀਰੀ
ਲਹੂ ਦੇ ਨਾਲ
ਸਿੰਜੀ ਸੀ ਧਰਤੀ
ਕਵਿਤਾ ਨਾ ਹਾਰੀ
ਲੋਕਾਂ ਦੇ ਸਿਰ ਚੜ੍ਹ
ਬੋਲੀ ਸੀ ਕਵਿਤਾ
ਲੋਕਾਂ ਦੀ ਖਾਤਰ
ਡੋਲੀ ਨਾ ਕਵਿਤਾ।
ਮੈਥੋਂ, ਫਿਰ
ਤਰਿਆ ਨਾ ਜਾਵੇ
ਤੁਰਨਾ ਤਾਂ ਪੈਣੈ
ਤੱਕਿਆ, ਆ
ਸਰਸਾ ਦੇ ਕੰਢੇ
ਟੁੱਟੀ ਸੀ ਕਵਿਤਾ
ਮੁੱਕੀ ਨਾ ਕਵਿਤਾ।
ਚਮਕੌਰ ਦੇ ਵਿੱਚ
ਆਇਆ ਜਦੋਂ ਮੈਂ
ਲਹੂ ਨਾਲ ਭਿੱਜੀ
ਲਹੂ ਨਾਲ ਗੜੂਚੀ
ਕਵਿਤਾ ਹੀ ਕਵਿਤਾ
ਖਿਲਰੀ ਪਈ ਸੀ
ਸਾਂਭੀ, ਮੈਂਜਿੰਨੀ ਕੁ
ਸਾਂਭ ਸੀ ਸਕਿਆ
ਇੱਕ ਵੀ ਪਲ
ਰੁੱਕ ਨਹੀਂ ਹੋਇਆ।
ਤੁਰਨਾ ਤਾਂ ਪੈਣੈ
ਤਰਿਆ ਮੈਂ ਉਥੋਂ
ਊਬੜ ਖਾਬੜ
ਰਾਹ ਕੰਡਿਆਲੇ
ਗਾਹੁੰਦਾ ਗਾਹੁੰਦਾ
ਪਹੁੰਚਿਆ ਜਾ ਮੈਂ
ਮਾਛੀਵਾੜੇ
ਉਥੇ ਵੀ ਕਵਿਤਾ
ਮਿੱਤਰ ਪਿਆਰੇ
ਨੂੰ ਹਾਲ ਸੁਣਾਉਂਦੀ
ਮੈਂ ਵੀ ਸੁਣੀ ਸੀ
ਨੈਣਾਂ ਵਿੱਚ ਹਝੂੰ
ਲੈ, ਮੈਂ
ਉਥੋਂ ਤੁਰਿਆ।
ਪਹੁੰਚਿਆ
ਫਿਰ ਮੈਂ
ਸਰਹਿੰਦ ਦੇ ਅੰਦਰ
ਨੀਹਾਂ 'ਚ ਖੜ੍ਹੀ
ਭੋਲੀ ਹੀ ਭੋਲੀ
ਨੂਰੀ ਹੀ ਨੂਰੀ
ਡਰੀ ਨਾ ਕਿਸੇ ਤੋਂ
ਹਰੀ ਨਾ ਕਿਸੇ ਤੋਂ
ਹਾਅ ਦੇ ਨਾਅਰੇ
ਵਰਗੀ ਕਵਿਤਾ।
ਬਿਖੜੇ ਪੈਂਡੇ
ਜਾਣੇ ਅਣਜਾਣੇ
ਰਾਹਾਂ 'ਚ ਘੁਮੰਦਾ
ਕਵਿਤਾ ਦੇ ਸੰਗ
ਪਹੁੰਚਿਆ ਜਾ, ਮੈਂ
ਦੀਨੇ ਕਾਂਗੜ।
ਉਥੇ ਵੀ ਕਵਿਤਾ
ਲਿਖੀ ਜਾ ਰਹੀ ਸੀ।
ਕਵਿਤਾ ਨੂੰ ਪੜ੍ਹ ਕੇ
ਜ਼ਾਲਮ ਸੀ ਰੋਇਆ
ਮੁੜ ਮੁੜ ਸੀ ਕਹਿੰਦਾ
ਬੜਾ ਕੁਝ ਖੋਇਆ
ਕਵਿਤਾ ਨੂੰ ਪੜ੍ਹ ਕੇ
ਜ਼ੁਲਮ ਹੀ ਹਰਿਆ
ਜ਼ਾਲਮ ਸੀ ਮਰਿਆ।
ਤਲਵਾਰ ਦੇ ਨਾਲੋਂ
ਕਵਿਤਾ 'ਚ
ਸ਼ਕਤੀ ਜ਼ਿਆਦਾ
ਬੋਲ ਹੋਣ ਸੁੱਚੇ
ਸੱਚ ਹੋਵੇ ਝੜਦਾ
ਇਹੋ ਜਿਹੀ ਕਵਿਤਾ
ਹਰ ਥਾਂ ਹੈ ਖੜ੍ਹਦੀ
ਲੋਕਾਂ ਲਈ ਲੜਦੀ
ਹੱਕ ਸੱਚ ਤੇ ਪਹਿਰਾ
ਕਵਿਤਾ ਨੇ ਦਿੱਤਾ
ਦਿੰਦੀ ਹੈ ਕਵਿਤਾ
ਦਿੰਦੀ ਰਹੇਗੀ।