ਸਿਰਜਣਧਾਰਾ ਦੀ ਇਕੱਤਰਤਾ 'ਚ ਰਚਨਾਵਾਂ ਦਾ ਦੌਰ ਚੱਲਿਆ (ਖ਼ਬਰਸਾਰ)


ਲੁਧਿਆਣਾ --  'ਉਹ ਰਚਨਾ, ਉਹ ਪੁਸਤਕ ਜੋ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਦਾ ਸੁਨੇਹਾ ਦਿੰਦੀ ਹੋਵੇ, ਪਾਠਕਾਂ ਦੇ ਮਨ ਨੂੰ ਛੂਹ ਜਾਂਦੀ ਹੈ, ਲਾਬਿਰੇਰੀਆਂ ਦਾ ਸ਼ਿੰਗਾਰ ਬਣਦੀ ਹੈ', ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਪ੍ਰਸਿੱਧ ਨਾਵਲਕਾਰ ਮਿੱਤਰ ਸੈਨ ਮੀਤ ਨੇ ਸਾਹਿਤਕ ਸੰਸਥਾ ਸਿਰਜਣਧਾਰਾ ਵੱਲੋਂ ਪੰਜਾਬੀ ਮੈਗਜ਼ੀਨ 'ਯੁਗ ਬੋਧ' ਪੰਜਾਬੀ ਭਵਨ ਲੁਧਿਆਣਾ ਵਿਖੇ ਲੋਕ ਅਰਪਣ ਕਰਦਿਆਂ ਕੀਤਾ। ਮੀਤ ਸਾਹਿਬ ਦੇ ਇਲਾਵਾ ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਪ੍ਰਧਾਨ ਸ. ਕਰਮਜੀਤ ਸਿੰਘ ਔਜਲਾ, ਜਨਰਲ ਸਕੱਤਰ ਗੁਰਚਰਨ ਕੌਰ ਕੋਚਰ ਅਤੇ ਮੀਤ ਪ੍ਰਧਾਨ ਦਲਵੀਰ ਸਿੰਘ ਲੁਧਿਆਣਵੀ ਹਾਜ਼ਿਰ ਹੋਏ। 
ਸ. ਔਜਲਾ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਲੇਖਕਾਂ ਨੂੰ ਨਵੇਂ ਤੋਂ ਨਵੇਂ ਵਿਸ਼ਿਆਂ 'ਤੇ ਲਿਖਣਾ ਚਾਹੀਦਾ ਹੈ, ਇਹ ਤਾਂ ਹੀ ਹੋ ਸਕਦਾ ਹੈ ਜੇ ਉਹ ਵੱਧ ਤੋਂ ਵੱਧ ਸਾਹਿਤ ਪੜ੍ਹਿਆ ਕਰਨ, ਸਾਹਿਤ ਨਾਲ ਜੁੜਿਆ ਕਰਨ। 

ਰਚਨਾਵਾਂ ਦੇ ਦੌਰ ਵਿਚ ਗੁਰਨਾਮ ਸਿੰਘ ਸੀਤਲ ਨੇ 'ਬਿਨਾਂ ਪੁੱਛੇ-ਦੱਸੇ ਰੱਬਾ ਯਾਰ ਚੱਲੇ ਨੇ ਪਿਆਰੇ', 'ਯੁਗ ਬੋਧ' ਦੇ ਸਾਹਿ-ਸੰਪਾਦਕ ਸੋਮਨਾਥ ਨੇ 'ਸਰਹੱਦ ਤੋਂ ਅਸੀਂ ਮਿੱਟੀ ਲਿਆਏ ਸਭ ਨੂੰ ਤਿਲਕ ਲਗਾਈਏ', ਹਰਦੇਵ ਸਿੰਘ ਕਲਸੀ ਨੇ 'ਖ਼ੂਨ, ਖ਼ੂਨ ਦਾ ਬਣਿਆ ਵੈਰੀ, ਭੈਣ-ਭਰਾ ਵੀ ਲੜਦੇ ਨੇ', ਸੰਪੂਰਨ ਸਿੰਘ ਸਨਮ ਨੇ 'ਐਸੀ ਸੋਚ ਬਣਾਈਏ, ਸਮਾਜ ਦਾ ਸੁਧਾਰ ਕਰਦੇ  ਜਾਈਏ', ਪ੍ਰਗਟ ਸਿੰਘ ਇਕੋਲਾਹਾ ਨੇ 'ਨਸ਼ਿਆ ਦਾ ਰੋਗ ਚੰਦਰਾ, ਰੱਬਾ ਲੱਗ ਨਾ ਕਿਸੇ ਨੂੰ ਜਾਵੇ', ਅਮਰਜੀਤ ਸ਼ੇਰਪੁਰੀ ਨੇ 'ਹੈ ਸਫਾਈ ਵਿਚ ਖੁਦਾਈ', ਰਜਿੰਦਰ ਸ਼ਰਮਾ ਨੇ 'ਬੱਸ ਰਹਿਣ ਦੇ, ਛੱਡ ਪਰ੍ਹੇ ਨਸ਼ਿਆ ਨੂੰ', ਮੈਡਮ ਗੁਰਚਰਨ ਕੌਰ ਕੋਚਰ ਨੇ 'ਹੱਕਾਂ ਖਾਤਰ ਲੜਦੀ ਦਾ ਹਾਂ ਮੈਂ, ਇਹ ਜੁਰਮ ਨਿੱਤ ਕਰਦੀ ਹਾਂ ਮੈਂ', ਦਲਵਰਿ ਸਿੰਘ ਲੁਧਿਆਣਵੀ ਨੇ ਵਿੱਦਿਆ ਦਿਵਾ ਦੇ ਬਾਬਲਾ, ਮੈਨੂੰ ਦਈਂ ਨਾ ਦਾਜ ਵਿਚ ਗਹਿਣੇ', ਪਿੰ੍ਰ: ਹਰੀ ਕ੍ਰਿਸ਼ਨ ਮਾਇਰ ਨੇ ਭਾਵ-ਪੂਰਤ ਕਵਿਤਾ ਪੇਸ਼ ਕੀਤੀ। ਇੰਜ: ਸੁਰਜਨ ਸਿੰਘ ਨੇ 'ਕਰਮਾਮਾਰੀ 'ਕੱਲੀ ਜਾਗਾ ਸੌਂ ਗਿਆ ਜੱਗ ਸਾਰਾ', ਬਲਕੌਰ ਸਿੰਘ ਗਿੱਲ ਨੇ 'ਮੇਰੇ ਪਰਵਾਸ ਨੂੰ ਲੋਕੀਂ ਬਨਵਾਸ ਕਹਿੰਦੇ ਨੇ', ਐਡਵੋਕੇਟ ਦਰਸ਼ਨ ਸਿੰਘ ਰਾਏ ਨੇ 'ਸਾਡੀ ਕਾਹਦੀ ਲੋਹੜੀ', ਭਗਵਾਨ ਢਿੱਲੋ ਨੇ ਕਵਿਤਾ 'ਗਲੋਬਲ ਵਿਲਿਜ਼', ਰਾਵਿੰਦਰ ਰਵੀ ਨੇ 'ਅਸੀਂ ਚਿੜੀਆਂ ਹੀ ਭਲੀਆ', ਸੁਖਵਿੰਦਰ ਨੇ 'ਮੈਂ ਚਾਨਣ ਦੀ ਖੋਜ ਵਿਚ ਸੀ, ਹਨੇਰੇ ਕਿੱਥੋਂ ਆ ਗਏ ਨੇ', ਗੁਰਦੀਸ਼ ਕੌਰ ਗਰੇਵਾਲ ਨੇ ਦੋਹਰਾ 'ਨੇਰੀ ਆਈ ਵਿਕਾਸ ਦੀ, ਜੜ੍ਹ ਤੋਂ ਪੁੱਟੇ ਰੁੱਖ', ਰਘਬੀਰ ਸਿੰਘ ਸੰਧੂ ਨੇ ਪਾਕਿਸਤਾਨੀ ਨਜ਼ਮ 'ਓ! ਅਸੀਂ ਕਿੱਥੇ ਆ ਬੈਠੇ' ਬੁੱਧ ਸਿੰਘ ਨੀਲੋ ਨੇ ਕਵਿਤਾ, ਪੰਮੀ ਹਬੀਬ ਨੇ ੰਿਮੰਨੀ ਕਹਾਣੀ 'ਕੌਮ' ਤੇ ਵਿਅੰਗ ਕੱਸਿਆ, ਆਦਿ ਨੇ ਆਪੋ-ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।