ਚੇਤਿਆਂ ਦੀ ਚਿਲਮਨ - ਕਿਸ਼ਤ 10 (ਸਵੈ ਜੀਵਨੀ )

ਜਰਨੈਲ ਸਿੰਘ ਸੇਖਾ    

Email: jsekha@hotmail.com
Phone: +1 604 543 8721
Address: 7004 131 ਸਟਰੀਟ V3W 6M9
ਸਰੀ British Columbia Canada
ਜਰਨੈਲ ਸਿੰਘ ਸੇਖਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


18
ਮੈਂ ਭੂਤ ਦੇਖਿਆ
ਮੈਂ ਸਕੂਲੋਂ ਆ ਕੇ ਕਿਤਾਬਾਂ ਵਾਲਾ ਝੋਲ਼ਾ ਅਜੇ ਕੋਠੜੀ ਦੇ ਖੂੰਜੇ ਵਿਚ ਰੱਖਿਆ ਹੀ ਸੀ ਕਿ ਮਾਂ ਨੇ ਜਵਾਬ ਤਲਬੀ ਕਰ ਲਈ, "ਜਰਨੈਲ, ਤੂੰ ਅੱਜ ਕਵੇਲ਼ਾ ਕਰ'ਤਾ?"
"ਸਕੂਲ ਵਿਚ ਸਾਡੀ ਹਾਕੀ ਦੀ ਗੇਮ ਸੀ. ਅਸੀਂ ਤਾਂ ਸਾਰੇ ਰਾਹ ਭੱਜੇ ਆਏ ਆਂ, ਫੇਰ ਵੀ ਕੁਵੇਲਾ ਹੋਗਿਆ।" ਮੈਂ ਝੂਠ ਬੋਲਿਆ. ਅਸਲ ਵਿਚ ਅਸੀਂ ਇਕ ਜੱਟ ਦੇ ਖੇਤ ਵਿਚੋਂ ਗੰਨੇ ਭੰਨ ਲਏ ਸੀ ਅਤੇ ਉਹ ਉੱਤੇ ਆ ਗਿਆ. ਉਸ ਕੋਲ ਸੰਮਾਂ ਵਾਲੀ ਡਾਂਗ ਸੀ. ਅਸੀਂ ਡਰ ਦੇ ਮਾਰੇ ਪਿਛਾਂਹ ਨੂੰ ਦੌੜ ਗਏ ਸੀ ਅਤੇ ਹੋਰ ਰਾਹ ਪੈ ਕੇ ਘਰ ਆਏ ਸੀ. 
"ਤੇਰਾ ਬਾਈ ਤਾਂ ਵਾਂਦਰਾਂ ਨੂੰ ਗਿਆ ਹੋਇਐ. ਅੱਜ ਦੋਹੀਂ ਪਾਸੀਂ ਪਾਣੀ ਦੀ ਵਾਰੀ ਐ. ਮੁਖਤਿਆਰੇ ਨੇ ਰੋੜੀ ਆਲੇ ਖੇਤ ਪਾਣੀ ਲਾਉਣ ਜਾਣੈ ਤੇ ਤੈਨੂੰ  ਬੰਤੇ ਨਾਲ ਹੱਦ ਆਲੇ ਖੇਤ ਪਾਣੀ ਲਾਉਣ ਜਾਣਾ ਪੈਣੈ।"
   ਤਿੰਨ ਘੁਮਾਂ ਘਰ ਦੀ ਜ਼ਮੀਨ ਸੀ ਅਤੇ ਉਹ ਵੀ ਤਿੰਨੀਂ ਜੂਹੀਂ. ਇਕ ਹਲ਼ ਦੀ ਵਾਹੀ ਵਾਸਤੇ, ਦਸ ਬਾਰਾਂ ਘੁਮਾਂ ਜ਼ਮੀਂ ਹਿੱਸੇ ਠੇਕੇ 'ਤੇ ਲੈਣੀ ਪੈਂਦੀ ਸੀ. ਜਿਹੜੇ ਪਾਸਿਉਂ ਜ਼ਮੀਨ ਹਿੱਸੇ ਠੇਕੇ 'ਤੇ ਮਿਲਦੀ ਉਧਰ ਜਾ ਕੇ ਵਾਹ ਵਹਾਈ ਕਰਨੀ ਪੈਂਦੀ ਸੀ. ਕਿਸੇ ਨਾ ਕਿਸੇ ਪਾਸੇ ਪਾਣੀ ਦੀ ਵਾਰੀ ਵੀ ਆਈ ਹੀ ਰਹਿੰਦੀ. ਜੇ ਦੋ ਤਿੰਨ ਥਾਈਂ ਇਕੱਠੀ ਪਾਣੀ ਦੀ ਵਾਰੀ ਆ ਜਾਂਦੀ ਤਾਂ ਮੈਨੂੰ ਵੀ ਕਿਸੇ ਪਾਸੇ ਜਾਣਾ ਪੈਂਦਾ ਸੀ.
   ਮੈਂ ਉਦੋਂ ਅੱਠਵੀ ਜਮਾਤ ਵਿਚ ਪੜ੍ਹਦਾ ਸੀ. ਮੱਘਰ ਦਾ ਮਹੀਨਾ ਸੀ. ਸਵੇਰੇ ਪਹਿਲਾਂ ਮੈਂ ਦਸ ਕਿਲੋਮੀਟਰ ਤੁਰ ਕੇ ਸਕੂਲ ਗਿਆ ਸੀ ਤੇ ਮੁੜਦੇ ਹੋਇਆਂ ਤਾਂ ਸਾਨੂੰ ਪੰਦਰਾਂ ਕਿਲੋਮੀਟਰ ਦੀ ਵਾਟ ਪੈ ਗਈ ਸੀ ਤੇ ਆਉਂਦਿਆਂ ਨੂੰ ਪਾਣੀ ਲਾਉਣ ਜਾਣ ਦਾ ਸੁਨੇਹਾ ਮਿਲ ਗਿਆ ਸੀ. ਉਹ ਵੀ ਮਾੜੀ ਨੁਸਤਫਾ ਦੀ ਹੱਦ ਨਾਲ. ਪਿੰਡ ਤੋਂ ਚਾਰ ਕਿਲੋਮੀਟਰ ਦੂਰ. ਘਰ ਵਿਚ ਮੇਰੇ ਨਾਲੋਂ ਵੱਡਾ ਹੋਰ ਕੋਈ ਨਹੀਂ ਸੀ. ਮੈਨੂੰ ਹੀ ਜਾਣਾ ਪੈਣਾ ਸੀ. ਇੰਨਾ ਜਰੂਰ ਸੀ ਕਿ ਸਾਡੇ ਚਾਚੇ ਦੇ ਸੀਰੀ, ਬੰਤੇ ਨਾਲ ਮੇਰਾ ਸਾਥ ਬਣਾ ਦਿੱਤਾ ਸੀ. ਉਂਜ ਮੈਂ ਇਕੱਲੇ ਨੇ ਜਾਂਦਿਆਂ ਬਹੁਤ ਡਰਨਾ ਸੀ.
   ਮੈਂ ਅਜੇ ਰੋਟੀ ਖਾ ਹੀ ਰਿਹਾ ਸੀ ਕਿ ਮੁਖਤਿਆਰ, ਸਾਡਾ ਸੀਰੀ ਆ ਗਿਆ. ਉਸ ਨੇ ਮੈਨੂੰ ਸਮਝਾਉਂਦਿਆਂ ਕਿਹਾ, "ਚਾਰ ਕਰਮਾਂ ਰਹਿੰਦੇ ਕਿਆਰਾ ਮੋੜ ਦੇਣੈ. ਜੇ ਕਿਤੇ ਕਿਸੇ ਕਿਆਰੇ ਵਿਚ ਡੱਬ ਡੁਬ ਰਹਿ ਜਾਣ ਤਾਂ ਉੱਥੋਂ ਕਹੀ ਨਾਲ ਮਿੱਟੀ ਪਾਸੇ ਨਈਂ ਕਰਨੀ ਤੇ ਨਾ ਹੀ ਕਹੀ ਨਾਲ ਪਾਣੀ ਝਲਣੈ, ਨਈਂ ਤਾਂ ਸਾਨਮੀ ਕਣਕ ਪੱਟੀ ਜਾਊ. ਕਣਕ ਪੱਟਣ ਤੋਂ ਬਚਾ ਕੇ ਪੈਰਾਂ ਨਾਲ ਪਾਣੀ ਝੱਲ ਕੇ ਡੱਬ ਆਲੇ ਥਾਂ ਪਾਣੀ ਚੜਾ੍ਹਉਣੈ. ਬੰਤਾ ਬੌਅਤ ਲੀਚੜ ਐ, ਉਹਨੇ ਤੈਨੂੰ ਈ ਨੱਕੇ ਛੱਡਣ ਨੂੰ ਕe੍ਹੀ ਜਾਣੈ ਤੇ ਆਪ ਮੌਜ ਨਾਲ ਬੈਠਾ ਅੱਗ ਸੇਕੀ ਜਾਊ. ਤੂੰ ਕਿਆਰੇ ਦੇਖ ਕੇ ਉਹਨੂੰ ਅਗਲਾ ਨੱਕਾ ਵੱਢਣ ਨੂੰ ਕਹਿ ਦਿਆ ਕਰੀਂ. ਐਵੇਂ ਨਾ ਉਹਦੇ ਆਖੇ ਮੂਹੇਂ ਬੰਨ੍ਹਦਾ ਫਿਰੀਂ. ਮੈਂ ਭਾਗੂ ਨੂੰ ਕਹਿ ਦਿੱਤੈ. ਉਹ ਥੋਡੇ ਕੋਲ ਪਹਿਲਾਂ ਆ ਜਾਊਗਾ. ਵਾਰੀ ਦਾ ਪਾਣੀ ਜਾਅਦੇ ਐ. ਟੈਮ ਦੇਖ ਕੇ ਉਹਨਾਂ ਨੂੰ ਪਾਣੀ ਛਡਾ ਦਿਉ. ਮੈਂ ਸਵੇਰੇ ਮੀਰਾਬ ਨੂੰ ਆਪੇ ਦੱਸ ਦਿਊਂ।" ਮੈਨੂੰ ਹਦਾਇਤ ਕਰਦਾ ਹੋਇਆ ਉਹ ਆਪਣੀ ਰੋਟੀ ਲੈ ਕੇ ਆਪਣੇ ਘਰ ਨੂੰ ਚਲਾ ਗਿਆ ਅਤੇ ਮੈਂ ਬੰਤੇ ਨੂੰ ਉਡੀਕਣ ਲੱਗਾ. 
   ਸੱਤ ਕੁ ਵਜੇ ਬੰਤੇ ਨੇ ਆ ਅਵਾਜ਼ ਮਾਰੀ, "ਹਾਂ ਬਈ ਪਾੜ੍ਹਿਆ, ਤਿਆਰ ਐਂ? ਚੱਕ ਕਹੀ ਫੇਰ ਵਾਟ ਨਬੇੜੀਏ।"
   ਮੈਂ ਖੱਦਰ ਦੇ ਟੋਟੇ ਦੀ ਬੁੱਕਲ਼ ਮਾਰੀ ਅਤੇ ਮੋਢੇ ਉਪਰ ਕਹੀ ਰੱਖ ਕੇ, ਨੰਗੇ ਪੈਰੀਂ ਉਸ ਦੇ ਨਾਲ ਤੁਰ ਪਿਆ. ਰਾਹ ਵਿਚ ਉਸ ਮੈਨੂੰ ਇਕ ਭੂਤਨੀ ਦੀ ਲੰਮੀ ਕਹਾਣੀ ਸਣਾਈ, ਜਿਹੜੀ ਕੁਚੀਲ ਮਰ ਗਈ ਸੀ ਤੇ ਉਸਦੀ ਗਤੀ ਨਹੀਂ ਸੀ ਹੋਈ. ਉਹ ਚੁੜੇਲ ਬਣ ਗਈ ਸੀ. ਉਹ ਤੀਵੀਂ ਦਾ ਰੂਪ ਧਾਰ ਕੇ ਮੁੜ ਉਸੇ ਘਰ ਵਿਚ ਰਹਿਣ ਲੱਗ ਪਈ ਸੀ. ਉਹਨੇ ਆਵਦੇ ਆਦਮੀ ਨੂੰ ਹੋਰ ਵਿਆਹ ਨਹੀਂ ਸੀ ਕਰਵਾਉਣ ਦਿੱਤਾ. ਉਹ ਘਰ ਦੇ ਸਾਰੇ ਕੰਮ ਸਕਿੰਟਾਂ ਵਿਚ ਹੀ ਕਰ ਦਿੰਦੀ. ਉਸ ਦੇ ਕੰਮਾਂ ਦਾ ਵੇਰਵਾ, ਰਾਤ ਨੂੰ ਕਿਸੇ ਹੋਰ ਚੁੜੇਲ ਨੂੰ ਆਵਦੇ ਆਦਮੀ ਨਾਲ ਸੁਆ ਕੇ ਭੂਤਾਂ ਨਾਲ ਜਾ ਰਲਣਾ. ਉਹਨਾਂ ਦਾ ਰਲ਼ ਕੇ ਗਿੱਧਾ ਪਾਉਣਾ, ਆਦਿ ਗੱਲਾਂ ਦੱਸ ਕੇ ਅਖੀਰ ਵਿਚ ਦੱਸਿਆ, "ਇਕ ਦਿਨ ਉਹ ਕੇਸੀ ਨਹਾ ਕੇ ਵਿਹੜੇ ਦੀ ਨਿੰਮ ਹੇਠ ਮੰਜੀ ਡਾਹ ਕੇ ਪੈ ਗਈ. ਵਗਦੀ ਹਵਾ ਵਿਚ ਉਹਨੂੰ ਨੀਂਦ ਆ ਗਈ. ਉਹਦੀ ਜਿਠਾਣੀ ਕਿਸੇ ਕੰਮ ਉਹਨਾਂ ਦੇ ਘਰ ਆਈ. ਸੁੱਤੀ ਪਈ ਨੂੰ ਦੇਖ ਕੇ ਉਹ ਉਹਦੇ ਕੋਲ ਆ ਗਈ. ਉਸ ਨੇ ਉਹਦੇ ਹਵਾ ਨਾਲ ਹਿਲਦੇ ਲੰਮੇ ਵਾਲਾਂ ਵੱਲ ਦੇਖਿਆ ਤਾਂ ਉਹਨੂੰ ਉਹਦੇ ਸਿਰ ਵਿਚ ਮੇਖ ਖੁੱਭੀ ਹੋਈ ਦਿਸੀ. ਜਦੋਂ ਉਹਨੇ ਮੇਖ ਨੂੰ ਹੱਥ ਲਾਇਆ ਤਾਂ ਚੁੜੇਲ ਨੂੰ ਝਟ ਜਾਗ ਆ ਗਈ ਤੇ ਉਸ ਦੇ ਨਾਂਹ ਨਾਂਹ ਕਰਦਿਆਂ ਜਿਠਾਣੀ ਨੇ ਉਹ ਮੇਖ ਸਿਰ ਵਿਚੋਂ ਖਿਚ ਲਈ. ਬੱਸ! ਉਹ ਉੱਥੇ ਹੀ ਕਿਧਰੇ ਛੁਪਣ ਹੋ ਗਈ ਤੇ ਮੁੜ ਕੇ ਓਸ ਘਰ ਵਿਚ ਨਹੀਂ ਆਈ।" 
  ਮੈਂ ਬੜੀ ਉਤਸੁਕਤਾ ਨਾਲ ਬਾਤ ਸੁਣਦਾ ਹੋਇਆ ਹੁੰਗਾਰਾ ਭਰ ਰਿਹਾ ਸੀ. ਉਸ ਦੀ ਬਾਤ ਸੁਣਦਿਆਂ ਪਤਾ ਹੀ ਨਾ ਲੱਗਾ ਕਿ ਅਸੀਂ ਟਿੱਬੇ ਅਤੇ ਧੋੜੇ ਕਦੋਂ ਲੰਘ ਗਏ. ਫਿਰ ਮੈਨੂੰ ਉਹ ਭੂਤਾਂ ਚੁੜੇਲਾਂ ਦੀਆਂ ਕਿਸਮਾਂ ਦੱਸਣ ਲੱਗਾ. ਜਦੋਂ ਅਸੀਂ ਆਸੇ ਰੂੜੇ ਵਾਲੇ ਥੇਹ ਕੋਲ ਆ ਗਏ ਤਾਂ ਉਸ ਨੇ ਕਿਹਾ, "ਏਧਰ, ਥੇਹ ਉੱਤੇ ਵੀ ਭੂਤਾਂ ਰਹਿੰਦੀਆਂ ਐ। ਪਿਛਲੀਆਂ ਗਰਮੀਆਂ ਵਿਚ ਇਕ ਭੂਤ ਮੈਂ ਵੀ ਦੇਖਿਆ ਸੀ. ਮੇਰੇ ਕੋਲ ਕਹੀ ਸੀ. ਏਸ ਕਰਕੇ ਉਹ ਮੇਰੇ ਨੇੜੇ ਨਹੀਂ ਆਇਆ. ਲੋਹੇ ਤੋਂ ਡਰਦੇ ਭੂਤ ਬੰਦੇ ਦੇ ਕੋਲ ਨਈਂ ਆਉਂਦੇ।"
   ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਡਰ ਲੱਗਣ ਲੱਗਾ. ਪਰ ਨਾਲ ਹੀ ਮੈਨੂੰ ਹੌਸਲਾ ਸੀ ਕਿ ਮੇਰੇ ਕੋਲ ਕਹੀ ਹੈ. ਜਦੋਂ ਅਸੀਂ ਥੇਹ ਵਿਚਦੀ ਜਾ ਰਹੇ ਸੀ ਤਾਂ ਮੈਂ ਇਧਰ ਉਧਰ ਦੇਖਦਾ ਜਾ ਰਿਹਾ ਸੀ ਕਿ ਕਿਤੇ ਸਾਡੇ ਨੇੜੇ ਭੂਤ ਨਾ ਹੋਵੇ. ਅਸੀਂ ਟਾਈਮ ਤੋੰਂ ਪੰਦਰਾਂ ਮਿੰਟ ਪਹਿਲਾਂ ਨੱਕੇ 'ਤੇ ਪਹੁੰਚ ਗਏ. ਬੰਤਾ ਮੈਨੂੰ ਕਹਿਣ ਲੱਗਾ, "ਤੂੰ ਚੱਲ ਕੇ ਸਾਡੇ ਖੇਤ ਅਖੀਰਲੇ ਕਿਆਰੇ ਵਿਚ ਨੱਕਾ ਬਣਾ ਕੇ ਖਾਲ ਵਿਚ ਮੂਹਾਂ ਮਾਰ ਦੇਵੀਂ. ਮੈਂ ਪਿੱਛੇ ਗੇੜਾ ਮਾਰ ਆਵਾਂ।"
"ਘੜੀ ਤਾਂ ਤੇਰੇ ਕੋਲ ਐ, ਮੈਨੂੰ ਟੈਮ ਦਾ ਕਿਵੇਂ ਪਤਾ ਲੱਗੂ?"
"ਮੈਂ ਨਲ਼ੇ ਵਾਲੇ ਖੇਤ ਤਾਈਂ ਜਾ ਕੇ ਮੁੜ ਆਉਣੈ. ਪਾਣੀ ਤਾਂ ਮੈਂ ਈ ਛੱਡੂੰ. ਤੇਰੇ ਕੋਲੋਂ ਮੂਹਾਂ ਨਹੀਂ ਬੰਨ੍ਹਿਆ ਜਾਣਾ।" ਇਹ ਕਹਿ ਕੇ ਉਹ ਜਿਧਰੋਂ ਖਾਲ ਵਿਚ ਪਾਣੀ ਆਉਂਦਾ ਸੀ, ਉਧਰ ਨੂੰ ਤੁਰ ਗਿਆ. ਮੈਂ ਡਰਦਾ ਹੋਇਆ ਆਪਣੇ ਖੇਤ ਜਾਣ ਦੀ ਥਾਂ, ਬਾਬੇ ਗੋਖੇ ਕੋਲ ਚਲਾ ਗਿਆ ਜਿਸ ਦਾ ਸਾਡੇ ਖੇਤ ਤੋਂ ਚਾਰ ਖੇਤ ਉਰ੍ਹੇ ਪਾਣੀ ਛੱਡਿਆ ਹੋਇਆ ਸੀ. ਉਸ ਪੁੱਛਿਆ,"ਤੂੰ 'ਕੱਲਾ ਈ ਆਇਆ ਐਂ ਪਾੜ੍ਹਿਆ, ਮੰਦਰ ਸਿਉਂ ਘਰ ਨਹੀਂ ਸੀ?"
"ਬਾਬਾ, ਬਾਈ ਤਾਂ ਵਾਂਦਰ ਜਟਾਣੇ ਗਿਐ. ਚਾਚੇ ਕਾ ਸੀਰੀ ਬੰਤਾ ਐ ਮੇਰੇ ਨਾਲ. ਉਹ ਪਿਛਾਂਹ ਗੇੜਾ ਮਾਰਨ ਗਿਆ ਹੋਇਐ।"
"ਚੱਲ, ਜਾ ਕੇ ਮੂਹਾਂ ਮਾਰ ਲੈ. ਪਾਣੀ ਛੱਡਣ ਵਿਚ ਤਾਂ ਪੰਜ ਸੱਤ ਮਿਲਟ ਈ ਰਹਿੰਦੇ ਐ।" ਪਰ ਮੈਂ ਉੱਥੇ ਹੀ ਖੜ੍ਹਾ ਰਿਹਾ. ਮੈਨੂੰ ਖੜ੍ਹਾ ਦੇਖ ਕੇ ਉਸ ਪੁੱਛਿਆ, "ਡਰਦੈਂ?" ਮੈਂ ਕੁਝ ਨਾ ਬੋਲਿਆ. "ਹੈ ਸਹੁਰਾ! ਡਰੀਦਾ ਨਈਂ ਹੁੰਦਾ. ਏਥੇ ਡਰ ਕਾਹਦਾ? ਸਾਡਾ ਬਖਤੌਰਾ ਤੇਰਾ ਹਾਣੀ ਐ, ਉਹ ਪਿਛੱੇ 'ਕੱਲਾ ਧੁਰਸੂਏ ਤਾਈਂ ਗੇੜਾ ਮਾਰਨ ਗਿਆ ਹੋਇਐ. ਜਾਹ! ਤੂੰ ਮੂਹਾਂ ਮਾਰ, ਮੈਂ ਬੋਲਦਾ ਰਊਂਗਾ।" ਇਹ ਕਹਿ ਕੇ ਉਹ ਹੀਰ ਦੀਆਂ ਕਲੀਆਂ ਲਾਉਣ ਲੱਗ ਪਿਆ ਤੇ ਮੈਂ ਆਪਣੇ ਖੇਤ ਜਾ ਕੇ ਖਾਲ਼ ਵਿਚ ਮੂਹਾਂ ਮਾਰ ਦਿੱਤਾ. ਇੰਨੇ ਨੂੰ ਬੰਤੇ ਦੀ ਅਵਾਜ਼ ਆ ਗਈ, "ਚਾਚਾ, ਟੈਮ ਹੋ ਗਿਆ. ਮੈਂ ਪਾਣੀ ਵੱਢਣ ਲੱਗਾਂ।"
"ਵੱਢ ਲੈ।" ਬਾਬੇ ਗੋਖੇ ਨੇ ਕਹਿ ਦਿੱਤਾ.
"ਅਜੇ ਨਾ ਵੱਢੀਂ ਓਏ, ਅਜੇ ਚਾਰ ਮਿਲਟ ਰਹਿੰਦੇ ਐ।" ਬਖਤੌਰੇ ਨੇ ਲਲਕਾਰਾ ਮਾਰਿਆ. ਉਹ ਪਿੱਛੋਂ ਗੇੜਾ ਮਾਰ ਕੇ ਬਾਬੇ ਗੋਖੇ ਕੋਲ ਆ ਗਿਆ ਸੀ.
"ਦੋ ਚਾਰ ਮਿਲਟ ਅੱਗੇ ਪਿੱਛੇ ਦਾ ਕੀ ਫਰਕ ਪੈਂਦੈ। ਆਪਣਾ ਤਾਂ ਅਖੀਰਲਾ ਕਿਆਰਾ ਕਦੋਂ ਦਾ ਸਿਰੇ ਲੱਗਾ ਹੋਇਐ. ਹੁਣ ਤਾਂ ਮੈਂ ਦੋ ਕਿਆਰਿਆਂ ਵਿਚ ਊਂ ਈ ਮੂਹੇਂ ਖੋਲ੍ਹ ਛੱਡੇ ਐ। ਅਜੇ ਦੋ ਘੁਮਾਵਾਂ ਦਾ ਨਕਾਲ਼ ਵੀ ਆਉਣੈ।" ਬਾਬੇ ਗੋਖੇ ਨੇ ਆਪਣੇ ਮੁੰਡੇ ਨੂੰ ਕਿਹਾ. ਪਰ ਉਹ ਭੱਜ ਕੇ ਨੱਕੇ 'ਤੇ ਜਾ ਖੜ੍ਹਾ ਤੇ ਆਪਣੀ ਘੜੀ ਬੰਤੇ ਨੂੰ ਦਿਖਾਉਣ ਲੱਗਾ. ਦੋਹਾਂ ਦੀਆਂ ਘੜੀਆਂ ਵਿਚ ਦੋ ਮਿੰਟ ਦਾ ਹੀ ਫਰਕ ਸੀ. ਬੰਤੇ ਨੇ ਦੋ ਮਿੰਟ ਪਹਿਲਾਂ ਅਵਾਜ਼ ਦੇ ਦਿੱਤੀ ਸੀ. ਉਹਨਾਂ ਦੇ ਇਕ ਦੂਜੇ ਨੂੰ ਘੜੀਆਂ ਦਿਖਾਉਂਦਿਆਂ ਨੂੰ ਟਾਈਮ ਹੋ ਗਿਆ ਅਤੇ ਬੰਤੇ ਨੇ ਪਾਣੀ ਵੱਡ ਲਿਆ. ਸਾਡਾ ਖੇਤ ਹੱਦ ਨਾਲ ਹੋਣ ਕਰਕੇ ਉਹ ਖਾਲ਼ ਸਾਡੇ ਖੇਤ ਤਕ ਹੀ ਜਾਂਦਾ ਸੀ ਤੇ ਉੱਥੇ ਅਖੀਰਲੇ ਕਿਆਰੇ ਕੋਲ ਪਹਿਲਾਂ ਹੀ ਮੂਹਾਂ ਲੱਗਾ ਹੋਇਆ ਸੀ. ਮੈਂ ਚਾਚੇ ਕੇ ਖੇਤ ਵਿਚ ਕਿਆਰੇ ਦਾ ਨੱਕਾ ਖੋਲ੍ਹ ਕੇ ਅੱਗੇ ਖਾਲ਼ ਵਿਚ ਮੂਹਾਂ ਮਾਰ ਦਿੱਤਾ ਤੇ ਬੰਤੇ ਨੇ ਮੂਹੇਂ ਉਪਰ ਮਿੱਟੀ ਪਾ ਕੇ ਉਹਨੂੰ ਹੋਰ ਮਜ਼ਬੂਤ ਕਰ ਦਿੱਤਾ.  ਮੈਂ ਉਸ ਨਾਲ ਪਾਣੀ ਲੁਆਉਂਦਾ ਰਿਹਾ. ਸਾਡੇ ਖੇਤ ਦੀ ਵੱਟ ਸਾਂਝੀ ਸੀ. ਜਦੋਂ ਉਸ ਦਾ ਖੇਤ ਸਿੰਜਿਆ ਗਿਆ ਤਾਂ ਉਸ ਨੇ ਸਾਡੇ ਪਾਸੇ ਪਾਣੀ ਛੱਡ ਦਿੱਤਾ ਤੇ ਮੈਨੂੰ ਇਹ ਕਹਿੰਦਾ ਹੋਇਆ ਉੱਥੋਂ ਤੁਰ ਗਿਆ, "ਪਾੜ੍ਹਿਆ, ਮੈਂ ਪਿਛਾਂਹ ਗੇੜਾ ਮਾਰ ਆਵਾਂ. ਤੂੰ ਕਿਆਰੇ ਦੇਖ ਕੇ ਨੱਕੇ ਛੱਡੀ ਜਾਈਂ. ਬੱਸ ਮੈਂ ਪੰਦਰਾਂ ਮਿਲਟਾਂ 'ਚ ਮੁੜ ਆਇਆ ਸਮਝ।"
   ਪੰਦਰਾਂ, ਵੀਹ, ਤੀਹ, ਚਾਲੀ ਮਿੰਟ ਹੋ ਗਏ ਪਰ ਉਹ ਪਿੱਛੇ ਗੇੜਾ ਮਾਰਨ ਗਿਆ ਨਹੀਂ ਮੁੜਿਆ. ਪੌਣੇ ਕੁ ਘੰਟੇ ਮਗਰੋਂ ਚਾਚਾ ਭਾਗ ਸਿੰਘ ਮੇਰੇ ਕੋਲ ਆ ਗਿਆ. ਮੇਰੇ ਮਗਰੋਂ ਉਸ ਨੇ ਪਾਣੀ ਛੱਡਣਾ ਸੀ. 
"ਕਿਉਂ ਭਤੀਜ, 'ਕੱਲਾ ਈ ਡਟਿਆ ਹੋਇਐਂ?"
"ਬੰਤਾ ਸੀ ਮੇਰੇ ਨਾਲ. ਉਹ ਪਿੱਛੇ ਗੇੜਾ ਮਾਰਨ ਗਿਆ ਈ ਨਹੀਂ ਮੁੜਿਆ।" ਮੈਂ ਚਾਚੇ ਨੂੰ ਦੱਸਿਆ.
"ਉਹ ਤਾਂ ਕਦੋਂ ਦਾ ਪਿੰਡ ਪੌਂਚ੍ਹ ਗਿਆ. ਮੁੜਿਆ ਜਾਂਦਾ ਉਹ ਮੈਨੂੰ ਕਬਰਾਂ ਕੋਲ ਮਿਲਿਐ।"
"ਅੱਛਾ! ਦਿਖਾ ਗਿਆ ਆਵਦਾ ਲੀਚੜਪੁਣਾ!!" ਮੈਂ ਇੰਨਾ ਹੀ ਕਹਿ ਸਕਿਆ.
"ਕਿੰਨੇ ਕਿਆਰੇ ਰਹਿ ਗੇ?" 
"ਐਸ ਕਿਆਰੇ ਨੂੰ ਹੁਣੇ ਛੱਡਿਐ ਤੇ ਇਕ ਕਿਆਰਾ ਹੋਰ ਰਹਿੰਦਾ ਐ। ਤੁਸੀਂ ਪਿਛਾਂਹ ਤਾਂ ਨਹੀਂ ਗੇੜਾ ਮਾਰਨ ਜਾਣਾ?"
"ਨਹੀਂ, ਜੀਰੂ (ਜਾਗੀਰ ਸਿੰਘ) ਗਿਐ ਪਿੱਛੇ. ਜਾਹ, ਤੂੰ ਕਿਆਰਾ ਦੇਖ. ਜਦੋਂ ਮੋੜਨਾ ਹੋਇਆ ਦੱਸ ਦੇਈਂ. ਮੈਂ ਨੱਕਾ ਵੱਢ ਦਿਊਂਗਾ। ਤੇ ਟੈਂਪੀਸ ਕਿੱਥੇ ਰੱਿਖਐ? ਉਹ ਸਾਡਾ ਐ।"
"ਸਾਫੇ 'ਚ ਲਪੇਟ ਕੇ ਥੋਡੇ ਆਲੀ ਵੱਟ 'ਤੇ ਰੱਖਿਆ ਹੋਇਐ, ਲਿਆ ਕੇ ਦੇਵਾਂ?"
"ਪਿਆ ਰਹਿਣ ਦੇ ਤੇ ਤੂੰ ਜਾਕੇ ਕਿਆਰਾ ਦੇਖ. ਲੱਗ ਗਿਆ ਹੋਊ ਸਿਰੇ।"
   ਮੈਂ ਕਿਆਰਾ ਦੇਖ ਕੇ ਚਾਚੇ ਨੂੰ ਅਵਾਜ਼ ਦੇ ਦਿੱਤੀ ਅਤੇ ਉਸ ਨੇ ਅਖੀਰਲੇ ਕਿਆਰੇ ਵਿਚ ਪਾਣੀ ਵੱਢ ਦਿੱਤਾ. ਦਸਾਂ ਬਾਰਾਂ ਮਿੰਟਾਂ ਬਾਅਦ ਇਹ ਕਿਆਰਾ ਵੀ ਸਿੰਜਿਆ ਗਿਆ ਤੇ ਮੈਂ ਚਾਚੇ ਨੂੰ ਪਾਣੀ ਵੱਢ ਲੈਣ ਲਈ ਕਹਿ ਦਿੱਤਾ. ਉਸ ਨੇ ਘੜੀ ਦੇਖ ਕੇ ਕਿਹਾ, "ਭਤੀਜ, ਦਸ ਪੈਂਤੀ ਹੋਏ ਐ. ਹੁਣ ਤੂੰ ਸਿੱਧਾ ਘਰ ਜਾਈਂ. ਮੈਂ ਆਪੇ ਮੀ'ਰਾਬ ਨੂੰ ਦੱਸ ਦਿਊਂ. ਜਾਹ, ਚੱਕ ਜਾ ਛਾਲਾਂ।"
   ਮੈਂ ਹੱਦ ਵਾਲੀ ਵੱਟ ਪੈ ਕੇ ਮਾੜੀ ਦੇ ਰਾਹ ਪੈ ਗਿਆ. ਮੈਂ ਤੇਜ ਤੁਰਿਆ ਜਾ ਰਿਹਾ ਸੀ. ਜਦੋਂ ਮੈਂ ਰੱਧੂ ਕੱਸੀ ਟੱਪ ਕੇ ਅਗਾਂਹ ਵਣਾਂ ਕੋਲ ਗਿਆ ਤਾਂ ਮੈਨੂੰ ਇਕ ਝੋਟੇ ਦਾ ਝੌਲਾ ਜਿਹਾ ਪਿਆ. ਮੈਂ ਡਰਦਾ ਮਾਰਾ, ਬਿਨਾਂ ਇਧਰ ਉਧਰ ਦੇਖਿਆਂ, ਛੂਟ ਵੱਟ ਕੇ ਉੱਥੋਂ ਲੰਘ ਗਿਆ ਅਤੇ ਧੋੜੇ ਵੀ ਭੱਜ ਕੇ ਹੀ ਪਾਰ ਕੀਤੇ. ਉਸ ਤੋਂ ਅਗਾਂਹ ਟਿੱਬੇ ਹੀ ਸਨ. ਰਾਹ ਦੇ ਨੇੜੇ ਕੋਈ ਦਰਖਤ ਨਹੀਂ ਸੀ. ਇਸ ਲਈ ਉੱਥੋਂ ਮੈਨੂੰ ਡਰ ਨਹੀਂ ਲੱਗਾ ਤੇ ਮੈਂ ਅਰਾਮ ਨਾਲ ਤੁਰਦਾ ਗਿਆ ਪਰ ਜਦੋਂ ਮੈਂ ਵੱਡੇ ਟਿੱਬੇ ਦੇ ਨੇੜ ਗਿਆ ਤਾਂ ਉੱਥੇ ਮੈਨੂੰ ਇਕ ਬੰਦਾ ਰਾਹ ਦੇ ਵਿਚਕਾਰ ਖੜ੍ਹਾ ਦਿਸਿਆ. ਉਹ ਆਸੇ ਪਾਸੇ ਨੂੰ ਝੁਲ ਰਿਹਾ ਸੀ ਜਿਵੇਂ ਸ਼ਰਾਬੀ ਹੋਵੇ. ਮੈਂ ਉੱਥੇ ਹੀ ਪੈਰ ਗੱਡ ਕੇ ਖੜ੍ਹਾ ਹੋ ਗਿਆ. ਮੈਂ ਅੱਖਾਂ ਪਾੜ ਪਾੜ ਉਸ ਵੱਲ ਦੇਖਦਾ ਰਿਹਾ.  ਉਹ ਨਾ ਅਗਾਂਹ ਹੁੰਦਾ ਸੀ ਨਾ ਪਿਛਾਂਹ ਬੱਸ ਉੱਥੇ ਖੜਾ ਹੀ ਹਿੱਲੀ ਜਾਂਦਾ ਸੀ. ਮੈਂ ਹੌਲ਼ੀ ਹੌਲ਼ੀ ਪਿੱਛਲ ਪੈਰੀਂ ਪਿਛਾਂਹ ਹਟਣ ਲੱਗਾ ਤਾਂ ਮੈਨੂੰ ਜਾਪਿਆ ਜਿਵੇਂ ਉਹ ਮੇਰੇ ਵੱਲ ਆ ਰਿਹਾ ਹੋਵੇ. ਮੈਂ ਜਿੰਨੇ ਕੁ ਕਦਮ ਪਿਛਾਂਹ ਹਟਿਆ ਸੀ, ਉਨੇ ਕੁ ਕਦਮ ਅਗਾਂਹ ਵਧਾ ਲਏ ਤੇ ਪਹਿਲੇ ਵਾਲੀ ਥਾਂ ਖੜ੍ਹ ਗਿਆ. ਉਹ ਵੀ ਉੱਥੇ ਹੀ ਖੜ੍ਹ ਗਿਆ. ਜੇ ਮੈਂ ਪਿਛਾਂਹ ਹਟਦਾ ਤਾਂ ਉਹ ਅਗਾਂਹ ਵਧ ਆਉਂਦਾ ਤੇ ਜੇ ਮੈਂ ਅਗਾਂਹ ਵਧਦਾ ਤਾਂ ਉਹ ਪਿਛਾਂਹ ਹਟ ਜਾਂਦਾ. ਜੇ ਮੈਂ ਇਕ ਥਾਂ ਖੜ੍ਹਾ ਰਹਿੰਦਾ ਤਾਂ ਉਹ ਵੀ ਉੱਥੇ ਖੜ੍ਹਾ ਇਧਰ ਉਧਰ ਝੂਲੀ ਜਾਂਦਾ. ਮੈਂ ਇਸ ਰਾਹ ਕਈ ਵਾਰ ਆਇਆ ਗਿਆ ਸੀ. ਮਾੜੀ ਦੇ ਮੇਲੇ 'ਤੇ ਵੀ ਇਸੇ ਰਾਹ ਜਾਈਦਾ ਸੀ ਪਰ ਉਸ ਥਾਂ 'ਤੇ ਕਦੀ ਕੋਈ ਝਾੜ ਬੂਟ ਹੋਣ ਦਾ ਵੀ ਖਿਆਲ ਨਹੀਂ ਸੀ ਆਇਆ. ਮੈਂ ਸੋਚਿਆ, "ਜੇ ਇਹ ਕੋਈ ਬੰਦਾ ਹੁੰਦਾ ਤਾਂ ਇਸ ਨੇ ਮੇਰੇ ਕੋਲ ਆ ਜਾਣਾ ਸੀ. ਇਹ ਮੈਨੂੰ ਕੁਝ ਤਾਂ ਕਹਿੰਦਾ. ਇਹ ਤਾਂ ਜਰੂਰ ਕੋਈ ਭੂਤ ਹੋਊ। ਜਿਹੜਾ ਡਰਾ ਕੇ ਮੇਰੀ ਜਾਨ ਲੈਣਾ ਚਾਹੁੰਦਾ ਹੈ।"
   ਹਨੇਰੀ ਰਾਤ ਵਿਚ ਛਾਂਅ, ਛਾਂਅ ਦੀ ਅਵਾਜ਼ ਹੋਰ ਵੀ ਡਰ ਪੈਦਾ ਕਰ ਰਹੀ ਸੀ. ਮੈਨੂੰ ਬੰਤੇ ਦੀ ਕਹੀ ਹੋਈ ਗੱਲ ਦਾ ਖਿਆਲ ਆ ਗਿਆ ਕਿ 'ਭੂਤ ਲੋਹੇ ਤੋਂ ਡਰਦੇ ਹਨ'. ਮੈਂ ਆਪਣੇ ਮਨ ਵਿਚ ਸੋਚਿਆ, "ਜੋ ਹੋਊ, ਦੇਖੀ ਜਾਊ! ਹੁਣ ਏਥੇ ਨਹੀਂ ਖੜ੍ਹਨਾ, ਭਾਵੇਂ ਮਰ ਈ ਜਾਈਏ।" ਮੈਂ ਦੋਹਾਂ ਹੱਥਾਂ ਵਿਚ ਕਹੀ ਉਗਾਸ ਕੇ ਥੋੜਾ ਜਿਹਾ ਅਗਾਂਹ ਹੋਇਆ. ਪਰ ਉਹ ਬੰਦਾ ਉੱਥੇ ਹੀ ਖੜ੍ਹਾ ਰਿਹਾ. ਮੈਂ ਭੱਜ ਕੇ ਉਸ ਵੱਲ ਕਹੀ ਉਲਾਰੀ. ਇਹ ਦੇਖ ਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਉਹ ਕੋਈ ਭੂਤ ਨਹੀਂ ਸੀ. ਸਗੋਂ ਕਾਹੀ ਦਾ ਇਕ ਬੂਟਾ ਸੀ ਜਿਹੜਾ ਧੀਮੀ ਹਵਾ ਵਿਚ ਹੌਲ਼ੀ ਹੌਲ਼ੀ ਹਿੱਲ ਰਿਹਾ ਸੀ. ਇਹ ਸਭ ਮੇਰਾ ਭਰਮ ਅਤੇ ਮਨ ਵਿਚਲਾ ਦਹਿਲ ਹੀ ਸੀ ਜਿਸ ਕਾਰਨ ਮੈਂ ਕਾਹੀ ਦੇ ਬੂਟੇ ਨੂੰ ਹੀ ਭੂਤ ਸਮਝ ਲਿਆ.
   ਉਸ ਦਿਨ ਤੋਂ ਮਗਰੋਂ ਭੂਤਾਂ ਚੇੜੇਲਾਂ ਵਾਲਾ ਡਰ ਸਦਾ ਲਈ ਦਿਲ ਵਿਚੋਂ ਨਿਕਲ ਗਿਆ. ਫਿਰ ਤਾਂ ਕਈ ਵਾਰ ਹਨੇਰੀਆਂ ਰਾਤਾਂ ਵਿਚ ਇਕੱਲਿਆਂ ਪਾਣੀ ਵੀ ਲਾਇਆ. ਹੋਰ ਕੰਮੀਂ ਧੰਧੀਂ ਬਾਹਰ ਵੀ ਰਹਿਣਾ ਪਿਆ ਪਰ ਮੁੜ ਕੇ ਕਦੀ ਅਜੇਹਾ ਡਰ ਨਹੀਂ ਲੱਗਿਆ.
                                                    


19
ਨਿਕਾਰੀ ਪੈਨਸਿਲ
ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਭੁੱਲ ਭੁਲਾ ਜਾਂਦੀਆਂ ਹਨ ਪਰ ਕਈ ਵਾਰ ਕੋਈ ਸਧਾਰਨ ਜਿਹੀ ਗੱਲ ਵੀ ਚੇਤਿਆਂ ਵਿਚ ਆਲ੍ਹਣਾ ਪਾ ਕੇ ਬੈਠ ਜਾਂਦੀ ਹੈ. ਉਹ ਗੱਲ ਭੁਲਾਇਆਂ ਵੀ ਨਹੀਂ ਭੁਲਦੀ. ਕੁਝ ਮੇਰੇ ਨਾਲ ਵੀ ਅਜਿਹਾ ਹੀ ਵਾਪਰਿਆ ਹੈ. ਗੱਲ ਬੜੀ ਹੀ ਮਾਮੂਲੀ ਜਿਹੀ ਹੈ. ਇਹ ਗੱਲ ਕਿਸੇ ਨਾਲ ਸਾਂਝੀ ਕਰਦਿਆਂ ਵੀ ਹੋਸ਼ਾਪਨ ਜਿਹਾ ਮਹਿਸੂਸ ਹੁੰਦਾ ਹੈ. ਉਸ ਗੱਲ ਪਿੱਛੇ ਭਾਵੇਂ ਦੋਸ਼ ਕਿਸੇ ਦਾ ਵੀ ਨਾ ਹੋਵੇ ਪਰ ਜਦੋਂ ਉਸੇ ਗੱਲ ਕਾਰਨ ਕਿਸੇ ਦੀ ਅਹੰ 'ਤੇ ਸੱਟ ਵੱਜੇ ਤਾਂ ਉਸ ਬੰਦੇ ਲਈ ਉਹ ਗੱਲ ਮਾਮੂਲੀ ਨਹੀਂ ਰਹਿ ਜਾਂਦੀ. 
   ਇਹ ਗੱਲ ਮੇਰੇ ਸੱਤਵੀਂ ਵਿਚ ਪੜ੍ਹਦਿਆਂ ਦੀ ਹੈ. ਰੋਡਿਆਂ ਵਾਲੇ ਖਾਲਸਾ ਸਕੂਲ ਨੂੰ ਜਾਣ ਲਈ ਸਾਨੂੰ ਦੋ ਰਾਹ ਪੈਂਦੇ ਸਨ. ਇਕ ਨੂੰ ਰਾਜਿਆਣੇ ਵਾਲਾ ਰਾਹ ਕਹਿੰਦੇ ਸੀ ਤੇ ਦੂਜਾ ਸਮਾਲਸਰ ਵਾਲਾ ਰਾਹ. ਰਾਹ ਤਾਂ ਟੇਢੇ ਮੇਢੇ ਸਨ ਪਰ ਸਿੱਧੇ ਜਾਣ ਲਈ ਡੰਡੀਆਂ ਬਣੀਆਂ ਹੋਈਆਂ ਸਨ. ਸਮਾਲਸਰ ਵਾਲੇ ਰਾਹ ਨਾਲੋਂ ਰਾਜਿਆਣੇ ਵਾਲੇ ਰਾਹ ਦੀ ਵਾਟ ਦੋ ਢਾਈ ਫਰਲਾਂਗ ਘਟ ਹੋਵੇਗੀ. ਇਸ ਕਰਕੇ ਗਰਮੀਆਂ ਦੇ ਮੌਸਮ ਵਿਚ ਬਹੁਤਾ ਅਸੀਂ ਉਸੇ ਰਾਹ ਹੀ ਜਾਂਦੇ ਸਾਂ. ਪਰ ਉਸ ਰਾਹ ਵਿਚ ਇਕ ਬਹੁਤ ਚੌੜਾ ਖਾਲ਼ ਆਉਂਦਾ ਸੀ. ਪਾਣੀ ਵਗਦੇ ਸਮੇਂ ਜਿਸ ਨੂੰ ਟੱਪਣਾ ਬਹੁਤ ਮੁਸ਼ਕਲ ਹੁੰਦਾ ਸੀ. ਖਾਲ਼ ਟੱਪ ਕੇ ਕੁਝ ਦੂਰ ਤਕ ਉਸ ਦੀ ਵੱਟ ਉਪਰ ਤੁਰ ਕੇ ਵੀ ਜਾਣਾ ਪੈਂਦਾ ਸੀ. ਉਹ ਖਾਲ਼ ਦਸਾਂ ਦਿਨਾਂ ਵਿਚੋਂ ਦੋ ਦਿਨ ਵਗਦਾ ਸੀ. ਜਦੋਂ ਉਸ ਵਿਚ ਪਾਣੀ ਵਗਦਾ ਹੁੰਦਾ ਤਾਂ ਉਹ ਦੋ ਦਿਨ ਅਸੀਂ ਸਮਾਲਸਰ ਵਾਲੇ ਰਾਹ ਪੈ ਕੇ ਜਾਂਦੇ ਜਾਂ ਜਦੋਂ ਸਮਾਲਸਰ ਦੇ ਖੇਤਾਂ ਵਿਚਲੇ ਲਸੂੜਿਆਂ ਦੀਆਂ ਪੱਕੀਆਂ ਲਸੂੜੀਆਂ ਖਾਣੀਆਂ ਹੁੰਦੀਆਂ. ਸਮਾਲਸਰ ਅਤੇ ਖਾਲਸਾ ਸਕੂਲ, ਕੋਟਕਪੂਰਾ ਮੋਗਾ ਜਾਣ ਵਾਲੀ ਪੱਕੀ ਸੜਕ ਉਪਰ ਸਨ ਅਤੇ ਸਮਾਲਸਰ ਤੋਂ ਸਕੂਲ ਦਾ ਫਾਸਲਾ ਢਾਈ ਕੁ ਮੀਲ ਦਾ ਹੈ. ਭਾਵੇਂ ਕਿ ਰਾਜਿਆਣੇ ਵਾਲਾ ਰਾਹ ਦਾ ਸਫਰ ਸਾਨੂੰ ਘਟ ਕਰਨਾ ਪੈਂਦਾ ਸੀ ਪਰ ਤਰੇਲ਼ ਨਾਲ ਪਜਾਮੇ ਭਿੱਜਣ ਤੋਂ ਬਚਦਿਆਂ, ਸਿਆਲਾਂ ਵਿਚ ਅਸੀਂ ਬਹੁਤਾ ਸਮਾਲਸਰ ਵਾਲੇ ਰਾਹ ਹੀ ਜਾਂਦੇ ਸੀ. ਰਾਹ ਜਾਂਦਿਆਂ ਸਾਡੇ ਨਾਲ ਸਮਾਲਸਰ ਦੇ ਮੁੰਡੇ ਵੀ ਰਲ ਜਾਂਦੇ ਅਤੇ ਅਸੀਂ ਹਸਦੇ ਖੇਡਦੇ ਤੇ ਸ਼ਰਾਰਤਾਂ ਕਰਦੇ ਸਕੂਲ ਪਹੁੰਚ ਜਾਂਦੇ. 
   ਉਸ ਦਿਨ ਵੀ ਅਸੀਂ ਸੜਕ ਚੜ੍ਹਦਿਆਂ ਹੀ ਸਮਾਲਸਰ ਦੇ ਕੁਝ ਮੁੰਡਿਆਂ ਨਾਲ ਰਲ਼ ਗਏ ਸਾਂ ਜਿਨ੍ਹਾਂ ਵਿਚ ਮੇਰੀ ਜਮਾਤ ਵਿਚ ਪੜ੍ਹਦਾ ਗੁਲਜ਼ਾਰਾ ਵੀ ਸੀ. ਅਸੀਂ ਸ਼ਰਾਰਤਾਂ ਕਰਦੇ, ਇਕ ਦੂਜੇ ਉਪਰ ਕਿਤਾਬਾਂ ਵਾਲੇ ਝੋਲਿਆਂ ਨਾਲ ਹਮਲੇ ਕਰਦੇ ਤੇ ਹਸਦੇ ਖੇਡਦੇ ਸਕੂਲ ਪਹੁੰਚ ਗਏ. ਸਕੂਲ ਦੀ ਪਰਾਰਥਣਾ ਮਗਰੋਂ ਅਸੀਂ ਸਾਰੇ ਆਪੋ ਆਪਣੀਆਂ ਜਮਾਤਾਂ ਵਿਚ ਚਲੇ ਗਏ. ਪਹਿਲਾ ਪੀਰੀਅੜ ਗਿਆਨੀ ਜਰਨੈਲ ਸਿੰਘ ਦਾ ਸੀ ਅਤੇ ਉਹੀ ਸਾਡੀ ਜਮਾਤ ਦੇ ਇਨਚਾਰਜ ਸਨ. ਉਹ ਅਜੇ ਜਮਾਤ ਵਿਚ ਨਹੀਂ ਸੀ ਆਏ. ਮੈਂ ਆਪਣੀ ਨਵੀਂ ਪੈਨਸਿਲ ਘੜਨ ਲਈ ਉਠ ਕੇ ਪ੍ਰੀਤ ਕੋਲੋਂ ਚਾਕੂ ਮੰਗਣ ਗਿਆ ਜਿਹੜਾ ਕਿ ਗੁਲਜ਼ਾਰੇ ਦੀ ਡੈਸਕ ਤੋਂ ਅਗਲੀ ਡੈਸਕ ਉਪਰ ਬੈਠਾ ਸੀ. ਪੈਨਸਿਲ ਮੇਰੇ ਹੱਥ ਵਿਚ ਸੀ. ਗੁਲਜ਼ਾਰਾ ਪਹਿਲਾਂ ਆਪਣਾ ਝੋਲ਼ਾ ਫਰੋਲਦਾ ਰਿਹਾ ਤੇ ਫੇਰ ਉਸ ਨੇ ਮੇਰੇ ਕੋਲੋਂ ਨਵੀਂ ਪੈਨਸਿਲ ਖੋਹ ਲਈ. ਕਹਿੰਦਾ, "ਇਹ ਤਾਂ ਮੇਰੀ ਪਿਨਸਲ ਐ. ਜਦੋਂ ਆਪਾਂ ਰਾਹ ਵਿਚ ਝੋਲ਼ੋ ਝੋਲ਼ੀ ਹੁੰਦੇ ਸੀ. ਓਦੋਂ ਡਿੱਗ ਪਈ ਸੀ, ਤੂੰ ਚੱਕ ਲਈ ਐ।" 
   ਉਂਝ ਤਾਂ ਸਮਾਲਸਰ ਦੇ ਕਈ ਮੁੰਡੇ ਮੇਰੇ ਨਾਲ ਪੜ੍ਹਦੇ ਸਨ ਪਰ ਇਕੋ ਸੈਕਸ਼ਨ ਵਿਚ ਪੜ੍ਹਦੇ ਹੋਣ ਕਰਕੇ ਮੇਰੀ ਬਹੁਤੀ ਨੇੜਤਾ ਗੁਲਜ਼ਾਰੇ ਨਾਲ ਹੀ ਸੀ. ਉਸ ਕੋਲੋਂ ਇਹ ਆਸ ਨਹੀਂ ਸੀ ਕਿ ਉਹ ਮੇਰੇ ਨਾਲ ਕੋਈ ਵਧੀਕੀ ਕਰੇਗਾ. ਪਰ ਉਸ ਨੇ ਧੱਕੇ ਨਾਲ ਮੇਰੇ ਕੋਲੋਂ ਪੈਨਸਿਲ ਖੋਹ ਲਈ ਸੀ ਤੇ ਮੋੜ ਨਹੀਂ ਸੀ ਰਿਹਾ. ਨਾਲ ਹੀ ਉਸ ਮੇਰੇ ਉਪਰ ਹੋਰ ਊਜ ਲਾ ਦਿੱਤੀ, "ਫੀਸ ਤਾਂ ਤੈਥੋਂ ਟੈਮ ਸਿਰ ਦਿੱਤੀ ਨੀ ਜਾਂਦੀ ਤੇ ਤੂੰ ਨਵੀਂ ਪਿਨਸਲ ਲੈਣ ਜੋਗਾ ਕਿੱਥੋਂ ਹੋ ਗਿਆ!"
   ਗੱਲ ਉਸ ਦੀ ਕੁਝ ਜੱਦ ਤਕ ਠੀਕ ਵੀ ਸੀ. ਗਰੀਬੀ ਕਾਰਨ ਭਾਵੇਂ ਮੇਰੀ ਅੱਧੀ ਫੀਸ ਮੁਆਫ ਸੀ ਪਰ ਕਈ ਵਾਰ ਮੇਰੇ ਕੋਲੋਂ ਇਹ ਫੀਸ ਵੀ ਵੇਲ਼ੇ ਸਿਰ ਦਿੱਤੀ ਨਹੀਂ ਸੀ ਜਾਂਦੀ. ਇਸ ਵਾਰ ਵੀ ਮੈਂ ਆਪਣੀ ਫੀਸ ਦਸ ਤ੍ਰੀਕ ਤਕ ਜਮ੍ਹਾਂ ਨਹੀਂ ਸੀ ਕਰਵਾ ਸਕਿਆ. ਇਕ ਦਿਨ ਲੇਟ ਫੀਸ ਜਮ੍ਹਾਂ ਕਰਵਾਈ ਸੀ. ਘਰੋਂ ਫੀਸ ਦੇ ਪੈਸੇ ਪੂਰੇ ਹੀ ਮਿਲਦੇ ਸਨ. ਨਾ ਇਕ ਪੈਸਾ ਵੱਧ ਨਾ ਪੈਸਾ ਘੱਟ. ਗਿਆਰਾਂ ਤ੍ਰੀਕ ਹੋ ਜਾਣ ਕਰਕੇ ਉਸ ਦਿਨ ਮੈਂ ਜੁਰਮਾਨੇ ਦਾ ਇਕ ਆਨਾ ਵਾਧੂ ਲੈ ਕੇ ਆਇਆ ਸੀ. ਸ਼ਾਇਦ ਗਿਆਨੀ ਜਰਨੈਲ ਸਿੰਘ ਨੇ ਅਜੇ ਫੀਸ ਅਗਾਂਹ ਦਫਤਰ ਵਿਚ ਜਮ੍ਹਾਂ ਨਾ ਕਰਵਾਈ ਹੋਵੇ ਜਾਂ ਪੰਜਾਬੀ 'ਚ ਹੁਸਿਅæਾਰ ਹੋਣ ਕਰਕੇ ਉਂਝ ਹੀ ਮੇਰੇ ਨਾਲ ਹਮਦਰਦੀ ਸੀ ਅਤੇ ਉਹਨਾਂ ਮੇਰੀ ਫੀਸ ਆਪਣੇ ਕੋਲੋਂ ਜਮ੍ਹਾਂ ਕਰਵਾ ਦਿੱਤੀ ਹੋਵੇ, ਇਸ ਬਾਰੇ ਮੈਨੂੰ ਨਹੀਂ ਪਤਾ. ਪਰ ਉਹਨਾਂ ਨੇ ਜੁਰਮਾਨੇ ਵਾਲਾ ਇਕ ਆਨਾ ਮੈਨੂੰ ਵਾਪਸ ਮੋੜ ਦਿੱਤਾ ਸੀ. 
   ਉਸ ਦਿਨ ਮੇਰੀ ਰੀਝ ਹੋਈ ਸੀ ਕਿ ਮੈਂ ਵੀ ਅੱਜ ਇਯਾਸ਼ੀ ਕਰਾਂ ਤੇ ਦਾਲ ਨਾਲ ਰੋਟੀ ਖਾਵਾਂ. ਸਕੂਲ ਦੀ ਟੱਕਸ਼ਾਪ ਵਾਲੇ ਦੀ ਪਤਨੀ, ਰਾਜ ਰਾਣੀ, ਦੁਪਹਿਰ ਵੇਲੇ ਆਪਣੀ ਦੁਕਾਨ 'ਤੇ ਦਾਲ ਬਣਾ ਕੇ ਰਖਦੀ ਸੀ ਤੇ ਕਈੇ ਮੁੰਡੇ ਉੱਥੋਂ ਇਕ ਆਨੇ ਦੀ ਦਾਲ ਦੀ ਕੌਲੀ ਲੈ ਕੇ ਰੋਟੀ ਖਾ ਲੈਂਦੇ ਸਨ. ਰੋਟੀਆਂ ਮੁੰਡੇ ਘਰਾਂ ਤੋਂ ਲੈ ਜਾਂਦੇ ਸਨ. ਆਮ ਮੁੰਡੇ ਘਰੋਂ ਲਿਆਂਦੇ ਅਚਾਰ ਨਾਲ ਹੀ ਰੋਟੀਆਂ ਖਾਂਦੇ ਸਨ. ਕਿਤੇ ਕਿਤੇ ਸਕੂਲ ਵਿਚ ਦਾਲ ਨਾਲ ਰੋਟੀ ਖਾਣੀ ਮੁੰਡੇ ਆਪਣੀ ਸ਼ਾਨ ਸਮਝਦੇ ਸਨ ਅਤੇ ਦੂਸਰੇ ਮੁੰਡਿਆਂ ਨੂੰ ਦਿਖਾ ਦਿਖਾ ਕੇ ਦਾਲ ਨਾਲ ਰੋਟੀ ਖਾਂਦੇ ਸਨ. ਉਸ ਦਿਨ ਮੇਰੀ ਨੀਤ ਵੀ ਮੁੰਡਿਆਂ ਵਿਚ ਬੈਠ ਕੇ ਸ਼ਾਨ ਨਾਲ ਰੋਟੀ ਖਾਣ ਦੀ ਸੀ ਪਰ ਪੈਨਸਿਲ ਲੈਣੀ ਵੀ ਜਰੂਰੀ ਸੀ ਕਿਉਂਕਿ ਮੇਰੀ ਪੈਨਸਿਲ ਘੜ ਘੜ ਕੇ ਨਿੱਕਾ ਜਿਹਾ ਟੋਟਾ ਰਹਿ ਗਈ ਸੀ. ਫਿਰ ਘਰਦਿਆਂ ਨੇ ਪੈਨਸਿਲ ਲਈ ਛੇਤੀ ਪੈਸੇ ਦੇਣੇ ਨਹੀਂ ਸਨ. ਇਸ ਲਈ ਇਕ ਦਿਨ ਦਾਲ ਨਾਲ ਰੋਟੀ ਖਾਣ ਦੀ ਇਯਾਸ਼ੀ ਕਰਨ ਨਾਲੋਂ ਮੈਂ ਪੈਨਸਿਲ ਲੈਣੀ ਬਿਹਤਰ ਸਮਝੀ ਅਤੇ ਟੱਕਸ਼ਾਪ ਤੋਂ ਜਾ ਕੇ ਪੈਨਸਿਲ ਖਰੀਦ ਲਈ. ਹੁਣ ਇਸ ਪੈਨਸਿਲ 'ਤੇ ਗੁਲਜ਼ਾਰਾ ਹੱਕ ਜਮਾ ਰਿਹਾ ਸੀ ਤੇ ਮੇਰੇ ਉਪਰ ਚੋਰੀ ਦਾ ਦੂਸ਼ਣ ਵੀ ਲਾ ਰਿਹਾ ਸੀ.
  ਜਦੋਂ ਸਾਡੇ ਇਨਚਾਰਜ ਗਿਆਨੀ ਜਰਨੈਲ ਸਿੰਘ ਸਾਡੀ ਜਮਾਤ ਵਿਚ ਆਏ ਅਤੇ ਆ ਕੇ ਹਾਜ਼ਰੀ ਲਾ ਹਟੇ ਤਾਂ ਮੈਂ ਉਹਨਾਂ ਕੋਲ ਜਾ ਸ਼ਕਾਇਤ ਲਾਈ, "ਗੁਲਜ਼ਾਰੇ ਨੇ ਮੇਰੇ ਕੋਲੋਂ ਮੇਰੀ ਪਿਨਸਲ ਖੋਹ ਲਈ ਐ।"
   ਉਹਨਾਂ ਗੁਲਜ਼ਾਰੇ ਨੂੰ ਆਪਣੇ ਕੋਲ ਬੁਲਾ ਲਿਆ ਅਤੇ ਉਸ ਕੋਲੋਂ ਪੈਂਸਿਲ ਆਪਣੇ ਹੱਥ ਵਿਚ ਫੜ ਲਈ ਅਤੇ ਪੈਨਸਿਲ ਖੋਹਣ ਦਾ ਕਾਰਨ ਪੁੱਛਿਆ. ਉਸ ਨੇ ਦੱਸਿਆ, "ਅਸੀਂ ਰਾਹ ਵਿਚ 'ਕੱਠੇ ਆਉਂਦੇ ਸੀ. ਰਾਹ ਵਿਚ ਮੈਂ ਇਸ ਨੂੰ ਆਪਣਾ ਝੋਲ਼ਾ ਫੜਾਇਆ ਸੀ. ਉਦੋਂ ਇਹਨੇ ਕੱਢੀ ਹੋਊ।" ਉਸ ਨੇ ਇਹ ਨਹੀਂ ਦੱਸਿਆ ਕਿ ਅਸੀਂ ਇਕ ਦੂਜੇ ਦੇ ਝੋਲ਼ੇ ਮਾਰਦੇ ਸੀ.
"ਨਹੀਂ ਜੀ, ਇਹ ਝੂਠ ਬੋਲਦੈ. ਇਹਦੀ ਪਿਨਸਲ ਕਿਤੇ ਰਾਹ ਵਿਚ ਡਿੱਗ ਪਈ ਹੋਊ. ਕੱਲ੍ਹ ਜਿਹੜਾ ਆਨਾ ਤੁਸੀਂ ਮੈਨੂੰ ਮੋੜਿਆ ਸੀ, ਮੈਂ ਓਸ ਆਨੇ ਦੀ ਟੱਕਸ਼ਾਪ ਤੋਂ ਲਈ ਸੀ, ਭਾਵੇਂ ਟੱਕਸ਼ਾਪ ਵਾਲੇ ਨੂੰ ਪੁੱਛ ਲਓ." ਮੇਰੀਆਂ ਅੱਖਾਂ ਵਿਚ ਪਾਣੀ ਭਰ ਆਇਆ.
"ਉਹਨੂੰ ਸੱਦ ਕੇ ਪੁੱਛ ਲਓ. ਮੈਂ ਵੀ ਕੱਲ੍ਹ ਓਦ੍ਹੇ ਕੋਲੋਂ ਈ ਲਈ ਸੀ।" ਗੁਲਜ਼ਾਰੇ ਨੇ ਵੀ ਨਿਧੜਕ ਹੋ ਕਿਹਾ.
"ਤੇਰੀ ਪੈਨਸਿਲ ਦੀ ਕੀ ਨਿਸ਼ਾਨੀ ਐ?" ਗਿਆਨੀ ਜੀ ਨੇ ਪੁੱਛਿਆ. 
"ਖੱਟੇ ਰੰਗ ਵਾਲੀ ਐਚ ਬੀ ਦੀ ਐ।" ਅਸੀਂ ਦੋਹਾਂ ਇਕੱਠਿਆਂ ਹੀ ਕਿਹਾ.
"ਹੋਰ ਕੋਈ ਨਿਸ਼ਾਨੀ?"
"ਨਵੀਂ ਪਿਨਸਲ ਦੀ ਹੋਰ ਕੀ ਨਿਸ਼ਾਨੀ ਹੋਊ?" ਗੁਲਜ਼ਾਰੇ ਨੇ ਕਿਹਾ.
   ਜੇ ਮੈਂ ਕੱਲ੍ਹ ਹੀ ਫੀਸ ਨਾ ਦਿੱਤੀ ਹੋਈ ਹੁੰਦੀ ਤਾਂ ਪੈਨਸਿਲ ਗੁਲਜ਼ਾਰੇ ਨੂੰ ਹੀ ਮਿਲ ਜਾਣੀ ਸੀ. ਗਿਆਨੀ ਜੀ ਨੇ ਆਪਣੇ ਹੱਥੀਂ ਮੈਨੂੰ ਆਨਾ ਮੋੜਿਆ ਹੋਣ ਕਰਕੇ ਉਹਨਾਂ ਨੂੰ ਇਹ ਵੀ ਯਕੀਨ ਸੀ ਕਿ ਮੈਂ ਉਸ ਆਨੇ ਦੀ ਪੈਨਸਿਲ ਹੀ ਖਰੀਦੀ ਹੋਵੇਗੀ. ਇਸ ਲਈ ਉਹ ਦਬਿਧਾ ਵਿਚ ਪੈ ਗਏ ਕਿ ਪੈਨਸਿਲ ਕਿਸ ਨੂੰ ਦਿੱਤੀ ਜਾਵੇ. ਉਹਨਾਂ ਦੇ ਸਾਹਵੇਂ ਅਸੀਂ ਦੋਵੇਂ ਹੀ ਸੱਚੇ ਸਾਂ. ਅਖੀਰ ਸੋਚ ਕੇ ਉਹਨਾਂ ਕਿਹਾ, "ਜੀਹਦੀ ਪੈਨਸਿਲ ਹੈ ਉਹ ਸਹੁੰ ਖਾ ਕੇ ਲੈ ਜਾਵੇ।" 
   ਅਸੀਂ ਦੋਹਾਂ ਨੇ ਹੀ ਗੁਰੂ ਦੀਆਂ ਸੌਹਾਂ ਖਾ ਲਈਆਂ. ਫਿਰ ਗੱਲ ਓਥੇ ਦੀ ਓਥੇ ਹੀ ਰਹਿ ਗਈ. ਗਿਆਨੀ ਜੀ ਕੁਝ ਦੇਰ ਸੋਚਦੇ ਰਹੇ ਤੇ ਫਿਰ ਕਿਹਾ, "ਗੁਲਜਾਰੇ, ਤੂੰ ਜਰਨੈਲ ਕੋਲੋਂ ਪੈਨਸਿਲ ਖੋਹੀ ਐ, ਇਹ ਪੈਨਸਿਲ ਏਸੇ ਨੂੰ ਮਿਲੂਗੀ. ਜੇ ਤੈਨੂੰ ਸ਼ੱਕ ਸੀ ਤਾਂ ਪਹਿਲਾਂ ਸ਼ਕਾਇਤ ਲਾਉਂਦਾ।" ਇਹ ਕਹਿ ਕੇ ਗਿਆਨੀ ਜੀ ਨੇ ਪੈਨਸਿਲ ਮੇਰੇ ਹੱਥ ਫੜਾ ਦਿੱਤੀ. ਮੈਂ ਖੁਸ਼ੀ ਖੁਸ਼ੀ ਆਪਣੀ ਡੈਸਕ 'ਤੇ ਆ ਗਿਆ. ਗੁਲਜ਼ਾਰਾ ਵੀ ਭਰਿਆ ਪੀਤਾ ਆਪਣੀ ਡੈਸਕ 'ਤੇ ਜਾ ਬੈਠਾ.
  ਫਰਵਰੀ ਦੇ ਦਿਨ ਸਨ. ਸਾਰੀ ਛੁੱਟੀ ਮਿਲਣ ਮਗਰੋਂ ਮੈਂ ਬੇਧਿਆਨੀ ਵਿਚ ਆਪਣੇ ਪੇਂਡੂ ਸਾਥੀਆਂ ਨਾਲ ਰਲਣ ਲਈ ਬਾਹਰ ਸੜਕ 'ਤੇ ਆ ਗਿਆ ਸੀ. ਭਰ ਸਰਦੀਆਂ ਵਿਚ ਠੰਡ ਤੋਂ ਬਚਣ ਲਈ ਉਂਝ ਤਾਂ ਅਸੀਂ ਆਪਣੇ ਕੋਲ ਖੱਦਰ ਦੀ ਚਾਦਰ ਜਾਂ ਹੌਲ਼ਾ ਜਿਹਾ ਖੇਸ ਨਾਲ ਲੈ ਜਾਂਦੇ ਸਾਂ ਅਤੇ ਉਸ ਦੀ ਬੱਕਲ਼ ਵਿਚ ਬਸਤੇ ਲੁਕ ਜਾਂਦੇ ਸਨ. ਪਰ ਜਦੋਂ ਠੰਡ ਦਾ ਜ਼ੋਰ ਕੁਝ ਘਟਦਾ ਤਾਂ ਕਿਸੇ ਵਾਧੂ ਕਪੜੇ ਦੀ ਲੋੜ ਹੀ ਨਾ ਸਮਝਦੇ. ਫਰਵਰੀ ਦੇ ਦਿਨ ਹੋਣ ਕਰਕੇ ਠੰਡ ਘਟ ਸੀ ਤੇ ਮੇਰਾ ਝੋਲਾ ਉਂਝ ਹੀ ਅਜੇ ਹੱਥ ਵਿਚ ਫੜਿਆ ਹੋਇਆ ਸੀ. ਪਤਾ ਨਹੀਂ ਗੁਲਜ਼ਾਰਾ ਕਿਧਰੋਂ ਆਇਆ ਤੇ ਝਪਟ ਮਾਰ ਕੇ ਮੇਰਾ ਝੋਲ਼ਾ ਖੋਹ ਲਿਆ ਅਤੇ ਉਸ ਵਿਚੋਂ ਪੈਨਸਿਲ ਕੱਢ ਕੇ ਦੌੜ ਗਿਆ. ਜਾਂਦਾ ਹੋਇਆ ਕਹਿ ਗਿਆ, "ਇਹ ਪਿਨਸਲ ਮੇਰੀ ਐ. ਜਾਹ! ਲਾ ਲੈ ਜੋਰ, ਮੈਂ ਨਈਂ ਦੇਣੀ. ਲਾ ਦਈਂ ਸਕੈਤ ਗਿਆਨੀ ਕੋਲ! ਗਿਆਨੀ ਨੇ ਤੇਰੇ ਨਾਲ ਰਈ ਕੀਤੀ ਐ." 
   ਉਹ ਮੇਰੀ ਪੈਨਸਿਲ ਖੋਹ ਕੇ ਭੱਜ ਗਿਆ ਸੀ ਮੈਂ ਕਿਉਂ ਨਹੀਂ ਸੀ ਉਸ ਦੇ ਮਗਰ ਭੱਜਿਆ? ਕੀ ਮੈਂ ਉਸ ਕੋਲੋਂ ਡਰ ਗਿਆ ਸੀ ਕਿ ਉਹ ਮੇਰੇ ਨਾਲੋਂ ਸਰੀਰਕ ਤੌਰ 'ਤੇ ਤਕੜਾ ਹੈ ਜਾਂ ਉਹ ਸਮਾਲਸਰ ਦੇ ਰਾਹ ਜਾਂਦਿਆਂ ਮੈਨੂੰ ਘੇਰ ਕੇ ਕੁੱਟ ਸਕਦਾ ਹੈ? ਨਹੀਂ! ਉਸ ਸਮੇਂ ਉਹ ਮੇਰੇ ਵਰਗਾ ਹੀ ਪਤਲੂ ਜਿਹਾ ਸੀ ਤੇ ਸਰੀਰਕ ਤੌਰ 'ਤੇ ਮੈਂ ਉਸ ਨਾਲੋਂ ਛੋਹਲਾ ਸਾਂ. ਮੈਂ ਉਸ ਦੇ ਮਗਰ ਭੱਜ ਕੇ ਪੈਨਸਿਲ ਖੋਹ ਸਕਦਾ ਸਾਂ ਤੇ ਸਾਡੇ ਪਿੰਡ ਦੇ ਮੁੰਡੇ ਮੇਰੀ ਵਾਹਰ 'ਤੇ ਆ ਸਕਦੇ ਸਨ. ਰਾਹ ਵਿਚ ਘੇਰੇ ਜਾਣ ਤੋਂ ਅਸੀਂ ਨਹੀਂ ਸੀ ਡਰਦੇ, ਸਕੂਲ ਵਿਚ ਸੇਖੇ ਵਾਲੇ ਮੁੰਡਿਆਂ ਦਾ ਏਕਾ ਮਸ਼ਹੂਰ ਸੀ. ਕੀ ਮੈਨੂੰ ਆਪਣੀ ਗਰੀਬੀ ਦਾ ਪਾਲ਼ਾ ਮਾਰ ਗਿਆ ਸੀ ਕਿ ਮੇਰੀ ਗਰੀਬੀ ਕਾਰਨ ਅੱਧੀ ਫੀਸ ਮੁਆਫ ਹੈ? ਪਰ ਫੀਸ ਤਾਂ ਕਈਆਂ ਦੀ ਪੂਰੀ ਵੀ ਮੁਆਫ ਸੀ ਤੇ ਕਪੜੇ ਵੀ ਆਮ ਤੌਰ 'ਤੇ ਬਹੁਤੇ ਮੁੰਡਿਆਂ ਦੇ ਖੱਦਰ ਦੇ ਕੁੜਤੇ ਪਜਾਮੇ ਹੀ ਪਾਏ ਹੁੰਦੇ ਸੀ. ਨਿਰੋਲ ਮੁੰਡਿਆਂ ਦਾ ਸਕੂਲ ਹੋਣ ਕਰਕੇ ਗਰਮੀਆਂ ਵਿਚ ਮੁੰਡੇ ਬਿਨਾਂ ਪਜਾਮਿਆਂ ਤੋਂ ਵੀ ਸਕੂਲ ਆ ਜਾਂਦੇ ਸੀ. ਕਦੀ ਇਸ ਘਟੀਆਪਨ ਦਾ ਅਹਿਸਾਸ ਹੀ ਨਹੀਂ ਸੀ ਹੋਇਆ ਕਿ ਮੈਂ ਦੂਸਰਿਆਂ ਨਾਲੋਂ ਬਹੁਤਾ ਗਰੀਬ ਹਾਂ. ਫਿਰ ਉਸ ਸਮੇਂ ਪਤਾ ਨਹੀਂ ਮੇਰੇ ਅੰਦਰ ਕਿਹੜੀ ਹੀਣ ਭਾਵਨਾ ਆ ਗਈ ਕਿ ਮੈਂ ਨਾ ਤਾਂ ਗੁਲਜ਼ਾਰੇ ਨਾਲ ਲੜ ਕੇ ਉਸ ਕੋਲੋਂ ਆਪਣੀ ਪੈਨਿਸਲ ਖੋਹ ਸਕਿਆ ਅਤੇ ਨਾ ਹੀ ਮੁੜ ਕੇ ਸਕੂਲ ਵਿਚ ਮਾਸਟਰਾਂ ਕੋਲ ਸ਼ਕਾਇਤ ਹੀ ਲਾਈ. ਆਪਣੇ ਪੇਂਡੂ ਮੁੰਡਿਆਂ ਨੂੰ ਵੀ ਨਹੀਂ ਦਸਿਆ, ਬਸ ਸਬਰ ਦਾ ਘੁੱਟ ਭਰ ਕੇ ਰਹਿ ਗਿਆ.
   ਸਕੂਲ ਵਿਚ ਅਸੀਂ ਇਕੱਠਿਆਂ ਦਸ ਜਮਾਤਾਂ ਪਾਸ ਕੀਤੀਆਂ. ਇਕੱਠੇ ਪੜ੍ਹਦੇ, ਇਕੱਠ ਖੇਡਾਂ ਵਿਚ ਭਾਗ ਲੈਂਦੇ. ਫਿਰ ਨਾ ਕਦੀ ਮੈਂ ਪੈਨਸਿਲ ਦੀ ਗੱਲ ਚਿਤਾਰੀ ਅਤੇ ਨਾ ਹੀ ਕਦੀ ਉਸ ਨੇ. ਪੜ੍ਹ ਕੇ ਮੈਂ ਅਧਿਆਪਕ ਬਣ ਗਿਆ ਅਤੇ ਉਹ ਗੁਲਜ਼ਾਰੇ ਤੋਂ ਗੁਲਜ਼ਾਰ ਸਿੰਘ ਬਣ ਮਾਲ ਪਟਵਾਰੀ ਲੱਗ ਗਿਆ. ਪਟਵਾਰੀਆਂ ਦੀ ਹੜਤਾਲ ਮਗਰੋਂ ਕੈਰੋਂ ਦੀ ਉਹਨਾਂ ਉਪਰ ਪਈ ਗਾਜ ਕਾਰਨ ਗੁਲਜ਼ਾਰ ਸਿੰਘ ਨੂੰ ਪਟਵਾਰ ਤੋਂ ਤਾਂ ਹੱਥ ਧੋਣੇ ਪੈ ਗਏ ਪਰ ਵਿਦਿਆ ਮਹਿਕਮੇ ਵਿਚ ਉਸ ਨੂੰ ਕਲਰਕ ਐਡਜਸਟ ਕਰ ਦਿੱਤਾ ਗਿਆ. ਅਖੀਰ ਉਹ ਕਾਲਜ ਸੁਪਰਡੈਂਟ ਰਟਾਇਰ ਹੋਇਆ. ਉਹ ਇਕ ਸਫਲ ਮਨੁੱਖ ਬਣਿਆ, ਯਾਰਾਂ ਦਾ ਯਾਰ. ਲੋਕਾਂ ਦੇ ਕੰਮ ਆਉਣ ਵਾਲਾ. ਗੁਆਂਢੀ ਪਿੰਡਾਂ ਦੇ ਹੋਣ ਕਰਕੇ ਸਾਡਾ ਕਈ ਵਾਰ ਮੇਲ ਹੁੰਦਾ. ਇਕ ਦੂਜੇ ਨੂੰ ਦੋਸਤਾਂ ਵਾਂਗ ਖੁਸ਼ ਹੋ ਕੇ ਮਿਲਦੇ. ਇਕ ਦੂਜੇ ਦੇ ਦੁੱਖ ਸੁੱਖ ਵਿਚ ਵੀ ਸਹਾਈ ਹੁੰਦੇ. ਜਦੋਂ ਵੀ ਕਦੀ ਅਸੀਂ ਮਿਲਦੇ, ਉਸ ਨੂੰ ਭਾਵੇਂ ਇਹ ਗੱਲ ਯਾਦ ਵੀ ਨਾ ਹੋਵੇ, ਪਰ ਮੇਰੀਆਂ ਅੱਖਾਂ ਸਾਹਮਣੇ ਨਿਕਾਰੀ ਜਿਹੀ ਐਚ ਬੀ ਦੀ ਖੱਟੀ ਪੈਨਸਿਲ ਆ ਜਾਂਦੀ.