ਤੁਸੀਂ ਲਾਲ ਸਿੰਘ ਦਸੂਹਾ ਦੀਆਂ ਰਚਨਾਵਾਂ ਪੜ੍ਹ ਰਹੇ ਹੋ । ਤਾਜ਼ਾ ਅੰਕ ਪੜ੍ਹਨ ਲਈ ਇਥੇ ਕਲਿਕ ਕਰੋ

ਅੰਕ


ਕਹਾਣੀਆਂ

  •    ਨਾਇਟ ਸਰਵਿਸ / ਲਾਲ ਸਿੰਘ ਦਸੂਹਾ (ਕਹਾਣੀ)
  •    ਧੁੰਦ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਮਾਂ / ਲਾਲ ਸਿੰਘ ਦਸੂਹਾ (ਕਹਾਣੀ)
  •    ਪੌੜੀ / ਲਾਲ ਸਿੰਘ ਦਸੂਹਾ (ਕਹਾਣੀ)
  •    ਚੀਕ-ਬੁਲਬਲੀ / ਲਾਲ ਸਿੰਘ ਦਸੂਹਾ (ਕਹਾਣੀ)
  •    ਫਿਕਰ / ਲਾਲ ਸਿੰਘ ਦਸੂਹਾ (ਮਿੰਨੀ ਕਹਾਣੀ)
  •    ਪਿੜੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਥਰਸਟੀ ਕਰੋਅ / ਲਾਲ ਸਿੰਘ ਦਸੂਹਾ (ਕਹਾਣੀ)
  •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਬਲੌਰ / ਲਾਲ ਸਿੰਘ ਦਸੂਹਾ (ਕਹਾਣੀ)
  •    ਗ਼ਦਰ / ਲਾਲ ਸਿੰਘ ਦਸੂਹਾ (ਕਹਾਣੀ)
  •    ਅੱਧੇ-ਅਧੂਰੇ / ਲਾਲ ਸਿੰਘ ਦਸੂਹਾ (ਕਹਾਣੀ)
  •    ਐਚਕਨ / ਲਾਲ ਸਿੰਘ ਦਸੂਹਾ (ਕਹਾਣੀ)
  •    ਅਕਾਲਗੜ੍ਹ / ਲਾਲ ਸਿੰਘ ਦਸੂਹਾ (ਕਹਾਣੀ)
  •    ਗੜ੍ਹੀ ਬਖ਼ਸ਼ਾ ਸਿੰਘ / ਲਾਲ ਸਿੰਘ ਦਸੂਹਾ (ਕਹਾਣੀ)
  •    ਪਹਿਲੀ ਤੋਂ ਅਗਲੀ ਝਾਕੀ / ਲਾਲ ਸਿੰਘ ਦਸੂਹਾ (ਕਹਾਣੀ)
  •    ਤੀਸਰਾ ਸ਼ਬਦ / ਲਾਲ ਸਿੰਘ ਦਸੂਹਾ (ਕਹਾਣੀ)
  •    ਵਾਰੀ ਸਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਕਬਰਸਤਾਨ ਚੁੱਪ ਨਹੀਂ ਹੈ / ਲਾਲ ਸਿੰਘ ਦਸੂਹਾ (ਕਹਾਣੀ)
  •    ਆਪਣੀ ਧਿਰ–ਪਰਾਈ ਧਿਰ / ਲਾਲ ਸਿੰਘ ਦਸੂਹਾ (ਕਹਾਣੀ)
  •    ਪੈਰਾਂ ਭਾਰ- ਹੱਥਾਂ ਭਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਚਿੱਟੀ ਬੇਂਈ–ਕਾਲੀ ਬੇਈਂ / ਲਾਲ ਸਿੰਘ ਦਸੂਹਾ (ਕਹਾਣੀ)
  •    ਛਿੰਝ / ਲਾਲ ਸਿੰਘ ਦਸੂਹਾ (ਕਹਾਣੀ)
  •    ਮਿੱਟੀ / ਲਾਲ ਸਿੰਘ ਦਸੂਹਾ (ਕਹਾਣੀ)
  •    ਬਿੱਲੀਆਂ / ਲਾਲ ਸਿੰਘ ਦਸੂਹਾ (ਕਹਾਣੀ)
  •    ਸੁਪਨਿਆਂ ਦੀ ਲੀਲ੍ਹਾ (ਬਾਲ ਕਹਾਣੀ) / ਲਾਲ ਸਿੰਘ ਦਸੂਹਾ (ਕਹਾਣੀ)
  •    ਸੰਸਾਰ / ਲਾਲ ਸਿੰਘ ਦਸੂਹਾ (ਕਹਾਣੀ)
  •    ਰੁਮਾਲੀ / ਲਾਲ ਸਿੰਘ ਦਸੂਹਾ (ਕਹਾਣੀ)
  •    ਉਹ ਵੀ ਕੀ ਕਰਦਾ...! / ਲਾਲ ਸਿੰਘ ਦਸੂਹਾ (ਕਹਾਣੀ)
  •    ਬੂਟਾ ਰਾਮ ਪੂਰਾ ਹੋ ਗਿਐ ! / ਲਾਲ ਸਿੰਘ ਦਸੂਹਾ (ਕਹਾਣੀ)
  •    ਮਹਾਂਮਾਰੀ / ਲਾਲ ਸਿੰਘ ਦਸੂਹਾ (ਕਹਾਣੀ)
  •    ਕਥਾ ਕਾਲੇ ਕਲਾਮ ਦੀ / ਲਾਲ ਸਿੰਘ ਦਸੂਹਾ (ਕਹਾਣੀ)
  •    ਮਾਰਖੋਰੇ / ਲਾਲ ਸਿੰਘ ਦਸੂਹਾ (ਕਹਾਣੀ)
  • ਪਹਿਲੀ ਤੋਂ ਅਗਲੀ ਝਾਕੀ (ਕਹਾਣੀ)

    ਲਾਲ ਸਿੰਘ ਦਸੂਹਾ   

    Email: voc_lect2000@yahoo.com
    Phone: +91 1883 285731
    Cell: +91 94655 74866
    Address: ਨੇੜੇ ਸੈਂਟ ਪਾਲ ਕਾਨਵੈਂਟ ਸਕੂਲ ਪਿੰਡ ਨਿਹਾਲਪੁਰ , ਦਸੂਹਾ
    ਹੁਸ਼ਿਆਰਪੁਰ India 144205
    ਲਾਲ ਸਿੰਘ ਦਸੂਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ ਦੇਸ਼-ਭਗਤਾਂ , ਯੋਧਿਆਂ-ਸੂਰਬੀਰਾਂ , ਇਤਿਹਾਸਾਂ-ਮਿਥਿਹਾਸਾਂ , ਧਰਮਾਂ-ਗ੍ਰੰਥਾਂ, ਰਾਜਿਆਂ-ਰਾਣਿਆਂ ਦੇ ਨਾਵਾਂ ਨਾਲ ਜੋੜ ਕੇ ਰੱਖੇ ਹੋਏ ਹਨ ।
    ਹਾਲ ਕਮਰੇ ਦੇ ਉੱਚੇ ਥੜ੍ਹੇ ‘ਤੇ ਬੈਠੀ ਵੱਡੀ ਕੁਰਸੀ ਕੁਝ ਬੋਲਣ ਲਈ ਆਪਣੀ ਢੋਅ ਤਣ ਲੈਂਦੀ ਹੈ ।
    ਕਮਰੇ ਅੰਦਰ ਗੋਲ ਦਾਇਰੇ ਬਣਾਈ ਬੈਠੀਆਂ ਛੋਟੀਆਂ ਕੁਰਸੀਆਂ ਦੇ ਕੰਨ ਖੜੇ ਹੋ ਜਾਂਦੇ ਹਨ ।
    “ ਯਾਦ ਹੈ ਨਾ ਕਿ ਤੁਹਾਡੀ ਹੋਂਦ ਮੇਰੇ ਕਾਰਨ ਹੈ ? “ ਵੱਡੀ ਆਖਦੀ ਹੈ ।
    “ ਜੀ ........ਈ ਮਾਈ ਬਾਪ , ਹਾਂ ....ਹਾਂ ਮਾਈ ਬਾਪ । “
    “ ਕਿਸੇ ਨੂੰ ਭੁਲੇਖਾ ਨਾ ਹੋਵੇ ਕਿ ਮੈਂ ਤੁਹਾਡੀ ਬਦੌਲਤ ਹਾਂ । “
    “ ਕੰਧਾਂ ਦੀ ਇਸ ਸਬੰਧੀ ਕੀ ਰਾਏ ਹੈ ? “ ਵੱਡੀ ਕੁਰਸੀ ਨੇ ਚਾਰੇ ਪਾਸੇ ਅੱਖਾਂ ਘੁਮਾਈਆਂ ਹਨ ।
    ਪਿਛਲੀ ਕੰਧ ਨੇ ਹੱਥਾਂ ‘ਚ ਸਾਂਭੇ ਚੋਰ ਸਮੇਤ ਕੁਰਸੀ ਸਾਹਮਣੇ ਹੋ ਕੇ ਡੰਡੌਤ ਕੀਤੀ ਹੈ, ਬੋਲੀ ਕੁਝ ਨਹੀਂ । ਸਾਹਮਣੀ ਕੰਧ ਨੇ ਚਾਰ ਕਦਮ ਅੱਗੇ ਵੱਧ ਕੇ ਸਲੂਟ ਮਾਰਿਆ ਹੈ ,ਬੋਲੀ ਕੁਝ ਨਹੀਂ । ਸੱਜੇ –ਪਾਸੇ ਵਾਲੀਆਂ ਦੋਨੋਂ ਕੰਧਾਂ ਨੇ ਦੋ-ਦੋ ਕਦਮ ਖੱਬੇ-ਸੱਜੇ ਪੁਜ਼ੀਸ਼ਨਾਂ ਲੈ ਕੇ ਇਕੱਠਿਆਂ ਸਲੂਟ ਮਾਰਿਆ ਹੈ , ਬੋਲੀਆਂ ਉਹ ਵੀ ਕੁਝ ਨਹੀਂ ।
    ਵੱਡੀ ਕੁਰਸੀ ਦੇ ਚਿਹਰੇ ਉਤੇ ਮਸ਼ਕਰੀ ਭਰੀ ਮੁਸਕਾਨ ਤਣ ਗਈ ਹੈ । .....ਹੌਲੇ ਜਿਹੇ ਪੈੱਨ ਵਾਲਾ ਹੱਥ ਕਾਪੀ ਤੋਂ ਉੱਪਰ ਉੱਠਾ , ਅਸ਼ੀਰਵਾਦ ਦੀ ਮੁਦਰਾ ਵਜੋਂ ਹਵਾ ਵਿੱਚ ਹਿਲਾਇਆ ਹੈ ।
    ਕੰਧਾਂ ਨੇ ਸਲੂਟ ਲਈ ਚੁੱਕਿਆ ਇਕ-ਇਕ ਹੱਥ ਦੂਜੇ ਮੋਢੇ ‘ਤੇ ਧਰੇ ਹਥਿਆਰਾਂ ਦੇ ਬੱਟ ‘ਤੇ ਮਾਰ ਕੇ ਨੀਵਾਂ ਕੀਤਾ ਹੈ ਅਤੇ ਅਪਣੀ ਥਾਂ ਸਿਰ ਚਲੀਆਂ ਗਈਆਂ ਹਨ ।
    “ ਦਰਵਾਜ਼ੇ-ਖਿੜਕੀਆਂ ਦਾ ਕੀ ਵਿਚਾਰ ਹੈ ? “ ਵੱਡੀ ਕੁਰਸੀ ਦੇ ਚਿਹਰੇ ‘ਤੇ ਫਿਰ ਗੰਭੀਰਤਾ ਦੀ ਛਾਂ ਹੋ ਗਈ ।ਦਰਵਾਜ਼ੇ-ਖਿੜਕੀਆਂ ਨੂੰ ਜਿਵੇਂ ਕੁਝ ਵੀ ਨਾ ਸੁਣਿਆ ਹੋਵੇ ।
    ਵੱਡੀ ਕੁਰਸੀ ਦੇ ਬੋਲ ਫਿਰ ਕੜਕੇ ਹਨ ।
    ਹਵਾ ਦਾ ਇਕ ਠੰਡਾ-ਠਾਰ ਫ਼ਰਾਟਾ ਹਾਲ ਕਮਰੇ ਅੰਦਰ ਲੰਘ ਆਉਂਦਾ ਹੈ , ਪਰ ਹਰ ਦਰਵਾਜ਼ਾ ਬਾਹਰ ਵਲ ਮੂੰਹ ਕੀਤੀ ਆਪਣੀ ਆਪਣੀ ਥਾਂ ਖੜਾ ਰਹਿੰਦਾ ਹੈ 
     ਵੱਡੀ ਕੁਰਸੀ ਦਾ ਧਿਆਨ ਛੱਤ ਵਲ ਜਾਂਦਾ ਹੈ ।
    ਛੱਤ, ਹੱਸ ਛੱਡਦੀ ਹੈ ।
    ਵੱਡੀ ਕੁਰਸੀ ਦੇ ਚਿਹਰੇ ‘ਤੇ ਤਿਊੜੀਆਂ ਉਭਰ ਆਉਂਦੀਆਂ ਹਨ ਅਤੇ ਉਹ ਫ਼ਰਸ਼ ਵਲ ਦੇਖਣ ਲੱਗਦੀ ਹੈ ।
    ਕੁਰਸੀਆਂ ਦੇ ਪੈਰਾਂ ਨੂੰ ਲੱਗੀਆਂ ਖੁਰੀਆਂ ਦੀ ਚੌਭ ਕਾਰਨ ਸੁੱਤੇ ਹੋਏ ਫ਼ਰਸ਼ ਨੇ ਅੱਖਾਂ ਪੁਟੀਆਂ ਹਨ- ਪਾਸਾ ਪਰਤਿਆ ਹੈ । ਆਕੜ ਭੰਨ ਕੇ ਉਹਨੇ ਆਲਸ ਤੋੜੀ ਹੈ ਅਤੇ ਖਿਲਰੀ ਜੁੱਲੀ ਦੀ ਬੁੱਕਲ ਮਾਰ ਕੇ ਬੈਠ ਜਾਂਦਾ ਹੈ । ਨੀਦੋਂ –ਜਾਗੇ ਫ਼ਰਸ਼ ਦੀਆਂ ਅੱਖਾਂ ਅੰਦਰ ਲਾਲ-ਲਾਲ ਡੋਰੇ ਦੇਖ ਕੇ ਵੱਡੀ ਕੁਰਸੀ ਅਵਾ-ਤਵਾ ਬੋਲਦੀ , ਚੌਹਾਂ ਲੱਤਾਂ ਭਾਰ ਉੱਠ ਕੇ ਖੜੀ ਹੋ ਜਾਂਦੀ ਹੈ ।
    ਚੀਥੜੇ ਜਿਹੀ ਜੁੱਲੀ ਦੀ ਢੋਅ ਲਾਈ ਬੈਠਾ , ਕਾਲ-ਹਲੂਣਾ ,ਚਿੱਥ-ਖੜਿਬਾ ਫ਼ਰਸ਼,ਸਿਓ ਰੰਗੀ ਕੁਰਸੀ ਦੇ ਗੋਲ-ਮਟੋਲ ਚਿਹਰੇ ‘ਤੇ ਬੀੜੀਆਂ ਬਿੱਲੀਆਂ ਅੱਖਾਂ ਵਿਚੋਂ ਚੌ ਕੇ ਸ਼ਰਬਤੀ ਰੰਗ ਨੂੰ ਦੇਖਦਾ ਰਹਿੰਦਾ ਹੈ ........ਦੇਖਦਾ ਰਹਿੰਦਾ ਹੈ ।
    ਬੇ-ਆਰਾਮ ਹੋਈ ਕੁਰਸੀ ਤਲਮਲਾ ਜਾਂਦੀ ਹੈ ਤੇ ਅਕਾਰਨ ਹੀ ਪਾਸੇ ਮਾਰਨ ਲੱਗਦੀ ਹੈ ।
    ਫ਼ਰਸ਼ ਦੀ ਤਾੜਵੀਂ ਨਿਗਾਹ ਕੁਰਸੀ ਦੇ ਚਿਹਰੇ ‘ਤੇ ਉਵੇਂ ਦੀ ਉਵੇਂ ਹੀ ਟਿਕੀ ਰਹਿੰਦੀ ਹੈ ........ਟਿਕੀ ਰਹਿੰਦੀ ਹੈ ।
    “ ਇਹ ਕੀ ਬਕਵਾਸ ਹੈ ? “ ਆਖਿਰ ਕੁਰਸੀ ਤੋਂ ਰਿਹਾ ਨਹੀਂ ਜਾਂਦਾ ।
    ਫ਼ਰਸ਼ ‘ਤੇ ਕੋਈ ਅਸਰ ਨਹੀਂ ਹੁੰਦਾ ।
    ਆਪੇ ਤੋਂ ਬਾਹਰ ਹੋਈ ਵੱਡੀ ਕੁਰਸੀ ਨੂੰ ਆਪਣਾ ਸਿੰਘਾਸਣ ਹਿਲਦਾ ਜਾਪਦਾ ਹੈ । ਉਸ ਨੇ ਛੋਟੀਆਂ ਕੁਰਸੀਆਂ ਤੋਂ ਅਜਿਹੇ ‘ਵਾਹਿਯਾਤ ’ ਫ਼ਰਸ਼ ਨੂੰ ਤਹਿਸ –ਨਹਿਸ ਕਰ ਦੇਣ ਦਾ ਸਮਰਥਨ ਮੰਗਿਆ ਹੈ ।
    ਛੋਟੀਆਂ ਕੁਰਸੀਆਂ ਨੇ ਦੋਨੋਂ-ਦੋਨੋਂ ਬਾਹਾਂ ਖੜ੍ਹੀਆਂ ਕਰ ਕੇ ਪਰਸਤਾਵ ਪਾਸ ਕਰ ਦਿੱਤਾ ਹੈ , ਪਰ ........ਪਰ ਪੰਜ-ਚਾਰ ਕੁਰਸੀਆਂ ਬਾਹਾਂ ਖੜੀਆਂ ਕਰਨ ਦੀ ਥਾਂ ਆਪ ਖੜੀਆਂ ਹੋ ਗਈਆਂ ਹਨ ।
    ਵੱਡੀ ਕੁਰਸੀ ਦਾ ਨਜ਼ਲਾ ਫ਼ਰਸ਼ ਤੋਂ ਹਟ ਕੇ ਖੜੀਆਂ ਕੁਰਸੀਆਂ ‘ਤੇ ਡਿੱਗਦਾ ਹੈ ।
    “ਇੰਝ ਸਾਹਮਣੇ ਹੋਣਾ ਹੁਕਮ-ਅਦੂਲੀ ਹੈ । ”
    “ ਨਹੀਂ ..........ਮਾਈ-ਬਾਪ , ਸਾਡੀ ਰਾਏ.........।“
    “ ਰਾਏ-ਵਾਏ ਕੁਛ ਨਹੀਂ, ਪਰਸਤਾਵ ਪਾਸ ਹੋ ਚੁੱਕਾ ਹੈ । “
    “ਸਾਡੀ ਗੱਲ ਤਾਂ ਸੁਣ ਲਈ ਜਾਏ , “ ਖੜੀਆਂ-ਕੁਰਸੀਆਂ ਇਕੱਠੀਆਂ ਬੌਲੀਆਂ ਹਨ ।
    “ ਮੇਰੇ ਕੰਨ ਗੁਸਤਾਖ ਗੱਲਾਂ ਸੁਣਨ ਦੇ ਆਦੀ ਨਹੀਂ । “
    “ ਇਹ , ਗੁਸਤਾਖੀ ਨਹੀਂ ਸੱਚਾਈ ਹੈ , ਡਿਕਟੇਟਰ ਸਾਹਬ .........। ਫ਼ਰਸ਼ ਤੋਂ ਬਿਨਾਂ ਕੁਰਸੀਆਂ ਕਿੱਥੇ ਬੈਠਣਗੀਆਂ,ਕੰਧਾਂ ਕਿੱਥੇ ਖੜੀਆਂ ਹੋਣਗੀਆਂ ........,”
    ਸ਼ਬਦ ‘ਡਿਕਟੇਟਰ ’ ਸੁਣ ਕੇ ਵੱਡੀ ਕੁਰਸੀ ਨੂੰ ਜਿਵੇਂ ਅੱਗ ਈ ਲੱਗ ਗਈ ਹੋਵੇ । ਖੜੀਆਂ ਕੁਰਸੀਆਂ ਦੀ ਗੱਲ ਦਾ ਬਾਕੀ ਹਿੱਸਾ , ਵੱਡੀ ਕੁਰਸੀ ਦੇ ਕੰਨਾਂ ਤਕ ਪਹੁੰਚਣ ਤੋਂ ਪਹਿਲਾਂ ਹੀ , ਉਸ ਦੇ ਮੂੰਹ ‘ਚੋਂ ਉੱਗਲ ਹੁੰਦੀ ਅੱਗ ਵਿੱਚ ਭਸਮ ਹੋ ਗਿਆ ਹੈ ।
    ਅੱਗ ਭਬੂਕਾ ਹੋਈ ਵੱਡੀ ਕੁਰਸੀ ਨੇ ਖੜੀਆਂ ਕੁਰਸੀਆਂ ਨੂੰ ਢਹਿ-ਢੇਰੀ ਕਰਨ ਦਾ ਹੁਕਮ ਚਾੜ੍ਹ ਦਿੱਤਾ ।
    ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਮਾਰ-ਮਾਰ ਖੜੀਆਂ ਕੁਰਸੀਆਂ ਨੂੰ ਫ਼ਰਸ਼ ‘ਤੇ ਵਿਛਾ ਦਿੱਤਾ ਹੈ ।
    ਵੱਡੀ ਕੁਰਸੀ ਨੇ ‘ਫ਼ਸਾਦ ਦੀ ਜੜ੍ਹ ‘ ਫ਼ਰਸ਼ ਨੂੰ ‘ਬੰਦੇ ਦਾ ਪੁੱਤ ’ ਬਣਾਉਣ ਦਾ ਹੁਕਮ ਦਿੱਤਾ ਹੈ ।
    ਪਿਛਲੀ ਅਤੇ ਸਾਹਮਣਲੀ ਕੰਧ ਨੇ ਲਾਠੀਆਂ ਦੀ ਥਾਂ ਅਥਰੂ-ਗੈਸ,ਪਸਤੌਲਾਂ,ਰਾਈਫ਼ਲਾਂ,ਕਾਰਬਾਈਨਾਂ ,ਸਟੇਨ ਗੱਨਾਂ , ਬਰੈਨਗੱਲਾਂ ਦੀ ਵਰਤੋਂ ਕੀਤੀ ਹੈ ।
    ਜ਼ਖਮੀ ਹੋਏ  ਫ਼ਰਸ਼ ਦੀਆਂ ਅੱਖਾਂ ਵਿਚਲੇ ਲਾਲ ਡੋਰੇ ਹੋਰ ਸੰਘਣੇ ਹੋ ਗਏ ਹਨ ਅਤੇ ਸਮਾਧੀ ਹੋਰ ਸਥਿਰ ।
    ਵੱਡੀ ਕੁਰਸੀ ਨੇ , ਫ਼ਰਸ਼ ਦੀਆਂ ਹਾਲੀਂ ਤੱਕ ਦੇਖੀ ਜਾਣ ਦੀ ਸਮਰੱਥਾ ਰੱਖਣ ਯੋਗ ਅੱਖਾਂ ਅੰਦਰ ਬਾਰੂਦ ਦਾ ਹੋਰ ਧੂੰਆਂ ਭਰਨ ਲਈ , ਤਿਆਰ-ਬਰ-ਤਿਆਰ ਖੜੀਆਂ ਦੂਜੀਆਂ ਕੰਧਾਂ ਨੂੰ ਵੀ ਇਸ਼ਾਰਾ ਕੀਤਾ ਹੈ ।
    ਅੱਧੇ ਛਿੰਨ ਅੰਦਰ ਦੋਨੋਂ ਕੰਧਾਂ ਨੇ ‘ਫਾਇਰ-ਦੀ-ਪੁਜ਼ੀਸਨ ’ ਲਈ ਆਪਣਾ ਇਕ-ਇਕ ਗੋਡਾ ਟੇਕਿਆ ਹੀ ਹੈ ਕਿ.........ਕਿ.........ਕਿ ਉਹਨਾਂ ਆਸਰੇ ਖੜੀ ਛੱਤ ਵੀ ਖਿਸਕਣ ਲੱਗਦੀ ਹੈ ,ਡੋਲ ਜਾਂਦੀ ਹੈ ।
    ਭੈ-ਭੀਤ ਹੋਈ ਵੱਡੀ ਕੁਰਸੀ ,ਡਿਗਣ ਲੱਗੀ ਛੱਤ ਵਿੱਚੋਂ ਆਪਣਾ ਆਪ ਬਚਾਉਣ ਲਈ ਦਰਵਾਜ਼ੇ ਵਲ ਦੌੜਦੀ ਹੈ .....ਤੇ ਰਵਾਂ-ਰਵੀਂ ਬਾਹਰ ਨਿਕਲ ਜਾਂਦੀ ਹੈ 
    ਹਾਲ ਕਮਰੇ ਅੰਦਰ ਬੈਠੀਆਂ ਛੋਟੀਆਂ ਕੁਰਸੀਆਂ ਫਿਕਰਮੰਦ ਹੋ ਗਈਆਂ ਹਨ ਅਤੇ ‘ਐਕਸ਼ਨ ’ ਰੋਕ ਕੇ ਆਪਣੀ ਆਪਣੀ ਥਾਂ ਸਿਰ ਜਾ ਖੜੀਆਂ ਕੰਧਾਂ-ਪਰੇਸ਼ਾਨ ।
    ਬਾਹਰ ਵਲ ਮੂੰਹ ਕੀਤੀ ਖੜਾ ਦਰਵਾਜ਼ਾ ,ਅਡੋਲ ਖੜਾ ਹੈ ।
    ਹਵਾ ਦਾ ਇਕ ਠੰਡਾ-ਠਾਰ ਫਰਾਟਾ ਅੰਦਰ ਲੰਘ ਆਉਂਦਾ ਹੈ । ਅਤੇ ....ਅਤੇ ਲਹੂ-ਲੁਹਾਨ ਹੋਇਆ ਫ਼ਰਸ਼ ਜ਼ਖਮਾਂ ‘ਚੋਂ ਰਿਸਦੀ ਪੀੜ ਨੂੰ ਭੁੱਲ ਕੇ ਵੀ , ਹੱਸਣ ਦਾ ਯਤਨ ਕਰਦਾ ਹੈ .........ਹੱਸਣ ਵਿੱਚ ਸਫ਼ਲ ਹੁੰਦਾ ਹੈ ........ਹੱਸਦਾ ਰਹਿੰਦਾ ਹੈ .......ਅਤੇ ਹੱਸਦਾ ..........ਹੀ..........ਰਹਿੰਦਾ ........ਹੈ ।..........ਪਰਦਾ ।