ਦੋ ਨਿੱਕੀਆਂ ਕਹਾਣੀਆਂ (ਮਿੰਨੀ ਕਹਾਣੀ)

ਬਰਿੰਦਰ ਸਿੰਘ ਧਾਲੀਵਾਲ   

Cell: 94178-85509
Address: ਪਿੰਡ ਤੇ ਡਾਕ: ਪਵਾਤ
ਸਮਰਾਲਾ (ਲੁਧਿਆਣਾ) Punjab India
ਬਰਿੰਦਰ ਸਿੰਘ ਧਾਲੀਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਬਲ਼ਦੇ ਹਾਰ

ਪੁਰਾਣੇ ਟਾਇਰ ਵੇਚ  ਲਓ...... ਦਾ ਹੋਕਾ ਸੁਣ ਹਰਨਾਮ ਸਿੰਘ ਨੇ ਆਪਣੇ  ਪੋਤੇ ਨੂੰ ਅਵਾਜ਼ ਦਿੱਤੀ ਕਿਹਾ, ''ਗੁਰਮੁੱਖ, ਦੇਖੀ ਆਹ ਟਾਇਰਾਂ ਵਾਲਾ, ਜਾਹ ਛੇਤੀ ਬੁਲਾ ਕੇ ਲਿਆ ਉਸਨੂੰ, ਨਾਲੇ ਆਹ ਏਨੇ ਸਾਰੇ ਟਾਇਰ  ਪਏ ਨੇ ਘਰ ਵਿੱਚ  ਐਵੇਂ ਥਾਂ ਰੋਕੀ ਏ ਇਹਨਾਂ ਨੂੰ ਵੇਚੋ ਸਾਰਿਆਂ ਨੂੰ।'' ਦਾਦਾ ਜੀ ਦੇ ਆਖੇ ਤੋਂ ਉਸਦਾ ਪੋਤਾ ਬਾਹਰ ਨੂੰ ਦੌੜਿਆ ਅਤੇ ਹਰਨਾਮ ਸਿੰਘ ਰੋਟੀ ਖਾਂਦਾ ਹੋਇਆ ਉਸਨੂੰ ਛੇਤੀ ਤੋਂ ਛੇਤੀ ਕਰਨ ਨੂੰ ਬੋਲ ਰਿਹਾ ਸੀ।  ਦੋ-ਤਿੰਨ ਮਿੰਟ ਬਾਅਦ ਪੋਤਾ ਉਸ ਟਾਇਰਾਂ ਵਾਲੇ ਕਬਾੜੀਏ ਨੂੰ ਟਰੱਕ ਸਣੇ ਵਿਹੜੇ ਵਿੱਚ ਲੈ ਆਇਆ। ਹਰਨਾਮ ਸਿੰਘ ਨੇ ਉਸ ਕਬਾੜੀਏ ਨੂੰ ਖੂੰਜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਈ ਇਹ ਸਾਰੇ ਟਾਇਰ ਲੈ ਜਾਓ। ਕਬਾੜੀਆ ਕੁਝ ਭਾਅ ਵਗੈਰਾ ਕਰਨ ਲੱਗਾ ਤਾਂ ਹਰਨਮ ਸਿੰਘ ਨੇ ਕਿਹਾ ਕਿ ਅਸੀਂ ਕੋਈ ਪੈਸਾ ਨਹੀਂ ਲੈਣਾ, ਬੱਸ ਤੁਸੀਂ ਲੈ ਜਾਓ, ਐਵੇਂ ਜਗ੍ਹਾ ਘੇਰੀ ਏ ਨਾਲੇ ਇਨ੍ਹਾਂ ਵਿੱਚ ਪਾਣੀ ਵਗੈਰਾ ਭਰ ਜਾਂਦਾ ਏ। ਕਬਾੜੀਆਂ ਬੜੀ ਖੁਸ਼ੀ ਖੁਸ਼ੀ ਉਨ੍ਹਾਂ ਨੂੰ ਖੂੰਜੇ 'ਚੋ ਬਾਹਰ ਕੱਢਣ ਲੱਗ ਪਿਆ।  ਹਰਨਾਮ ਸਿੰਘ ਨੇ ਉਸਨੂੰ ਪਹਿਲਾਂ ਰੋਟੀ-ਚਾਹ ਬਾਰੇ ਪੁੱਛਿਆ, ਪਰ ਉਹ ਕਬਾੜੀਆ ਹੱਥ ਜੋੜਦਾ ਹੋਇਆ ਉਹਨਾਂ ਟਾਇਰਾਂ ਦੀ ਵਿਹੜੇ ਵਿੱਚ ਢੇਰੀ ਜਿਹੀ ਲਾਉਂਦਾ ਹੋਇਆ ਪੁੱਛਣ ਲੱਗਾ, ''ਬਾਬਾ ਜੀ, ਲੱਗਦਾ ਆਪਣਾ ਗੱਡੀਆਂ ਦਾ ਕੰਮ ਹੋਣਾ?'' ਹਰਨਾਮ ਸਿੰਘ, ''ਹਾਂ ਭਾਈ ਹੁੰਦਾ ਸੀ, ਬਹੁਤ ਕੰਮ ਹੁੰਦਾ ਸੀ, ਪਰ ਰੱਬ ਦੀ ਮਰਜ਼ੀ (ਥੋੜਾ ਰੁਕਦਾ ਹੋਇਆ) ਰਾਜਧਾਨੀ ਵਿੱਚ ਨਾਂ ਚੱਲਦਾ ਸੀ ਮੇਰੇ ਪੁੱਤ ਦਾ, ਪਰ ਹੁਣ ...., ਚਲੋ ਉਸ ਰੱਬ ਦੀ ਮੌਜ਼ ਹੈ।'' ਰੋਟੀ ਖਾਂਦਾ ਹੋਇਆ ਹਰਨਾਮ ਸਿੰਘ ਕੁਝ ਸੋਚਣ ਲੱਗਾ। ਕਬਾੜੀਏ ਨੇ ਸਾਰੇ ਟਾਇਰ ਇਕੱਠੇ ਕਰਕੇ ਜਦੋਂ ਟਰੱਕ ਵਿੱਚ ਭਰਨ ਦੀ ਤਿਆਰੀ ਕਰਨ ਲੱਗਾ ਤਾਂ ਪੋਤੇ ਨੇ ਕਬਾੜੀਏ ਨੂੰ ਅਚਾਨਕ ਹੀ ਪੁੱਛ ਲਿਆ, '' ਤੁਸੀਂ ਇੰਨੇ ਟਾਇਰਾਂ ਦਾ ਕਰਦੇ ਕੀ ਹੋ?'' ਕਬਾੜੀਆ ਸੁਭਾਵਿਕ ਹੀ ਬੋਲਿਆ, '' ਕਰਨਾ ਕੀ ਹੈ, ਅਸੀਂ ਤਾਂ ਸਾਰੇ ਟਾਇਰ ਟਰੱਕ 'ਚ ਭਰ ਕੇ ਸਿੱਧਾ ਦਿੱਲੀ ਭੇਜ ਦਿੰਦੇ ਹਾਂ।'' ਉਸਦੀ ਗੱਲ ਸੁਣ ਕੇ ਹਰਨਾਮ ਸਿੰਘ ਦੀ ਰੋਟੀ ਉਸਦੇ ਗਲ਼ੇ ਵਿੱਚ ਹੀ ਅਟਕ ਗਈ ਅਤੇ ਅੱਖਾਂ ਵਿੱਚ ਅਚਾਨਕ ਹੀ ਲਾਲੀ ਆ ਗਈ। ਉਸਨੇ ਬੜੇ ਤਿੱਖੇ ਲਹਿਜੇ ਵਿੱਚ ਉਸ ਕਬਾੜੀਏ ਨੂੰ ਕਿਹਾ, ''ਭਾਈ ਇਹ ਟਾਇਰ ਇੱਥੇ ਹੀ ਪਏ ਰਹਿਣ ਦੇ ਅਸੀਂ ਨੀ ਦੇਣੇ ਤੈਨੂੰ।'' ਕਬਾੜੀਆ ਹੈਰਾਨ ਹੁੰਦਾ ਹੋਇਆ ,'' ਕੀ ਗੱਲ ਹੋ ਗਈ ਬਾਬਾ ਜੀ, ਹੁਣ ਕੀ ਹੋ ਗਿਆ, ਮੈਂ ਪੈਸੇ ਵੀ ਦੇਵਾਂਗਾ।'' ਪਰ ਹਰਨਾਮ ਸਿੰਘ ਉਠ ਕੇ ਖੜ੍ਹਾ ਹੁੰਦਾ ਹੋਇਆ ਉਸ ਕਬਾੜੀਏ ਨੂੰ ਉੱਥੋਂ ਚਲੇ ਜਾਣ ਲਈ ਕਹਿਣ ਲੱਗਾ। ਹੁਣ ਉਸਨੂੰ ਉਹ ਟਾਇਰ ਨਿਰਦੋਸ਼ਿਆਂ ਦੇ ਗਲ਼ਾਂ ਵਿਚ ਪਾਏ ਬਲ਼ਦੇ ਹਾਰਾਂ ਵਾਗੂੰ ਲੱਗ ਰਹੇ ਸਨ। ਬੇਚੈਨ ਹੋਇਆ ਹਰਨਾਮ ਸਿੰਘ ਜਿਵੇਂ ਮਾਸ ਅਤੇ ਰਬੜ ਦੇ ਧੂੰਏ ਵਿੱਚੋਂ ਆਪਣੇ ਪੁੱਤ ਦੀ ਛਵੀ ਨੂੰ ਲੱਭ ਰਿਹਾ ਹੋਵੇ।

ਉਹ ਕਬਾੜੀਆ ਕੁਝ ਸਮਝਣ ਤੋਂ ਅਸਮਰੱਥ ਬੁੜ ਬੁੜ ਕਰਦਾ ਹੋਇਆ ਜਾਂਦਾ ਜਾਂਦਾ ਸ਼ਾਇਦ  ਇਹੀ ਸੋਚ ਰਿਹਾ ਸੀ ਕਿ ਇਸ ਬਜ਼ੁਰਗ  ਦੀ ਦਿਮਾਗੀ ਹਾਲਤ ਠੀਕ ਨਹੀਂ ਸੀ। ਦਿੱਲੀ  ਅਤੇ ਟਾਇਰਾਂ ਦੇ ਰਿਸ਼ਤੇ ਦਾ ਉਸਨੂੰ ਰਤੀ ਭਰ ਵੀ ਇਲਮ ਨਹੀਂ ਸੀ।


2.

ਅਸਲੀ ਸਵਰਗ

ਜ਼ਿੰਦਗੀ ਵਿੱਚ ਕੋਈ ਕੰਮ  ਤਾਂ ਐਸਾ ਕੀਤਾ ਨਹੀਂ ਸੀ ਕਿ ਸਵਰਗ ਨਸੀਬ ਹੋਵੇ, ਪਰ ਫਿਰ ਵੀ ਮੈਂ ਸਵਰਗ ਵਿੱਚ ਘੁੰਮ ਰਿਹਾ ਸਾਂ। ਚਾਰੇ ਪਾਸੇ ਬੜੀ ਸ਼ਾਂਤੀ ਸੀ। ਧੁੱਪ ਅਤੇ ਛਾਂ ਦਾ ਸੁਮੇਲ ਜਿਹਾ ਬਹੁਤ ਹੀ ਸੁਹਾਵਨਾ ਲੱਗ ਰਿਹਾ ਸੀ। ਮੈਂ ਬੜੇ ਹੋਲੀ ਹੋਲੀ ਕਦਮ ਵਧਾਉਂਦਾ ਹੋਇਆ ਅੱਗੇ ਵੱਧਦਾ ਸਵਰਗ ਦੇ ਨਜ਼ਾਰੇ ਦੇਖ ਰਿਹਾ ਸੀ। ਸ਼ੀਤਲ ਪਾਣੀ ਦੇ ਵਗਦੇ ਖਾਲ ਨੁਮਾ ਝਰਨੇ ਛੋਟੇ ਛੋਟੇ ਤਲਾਬਾਂ ਵਿੱਚ ਮਿਲ ਰਹੇ ਸਨ। ਕਦੇ ਕਦੇ ਪੀਂਘ ਦੇ ਹੁਲਾਰੇ ਦਾ ਅਹਿਸਾਸ ਹੁੰਦਾ ਅਤੇ ਨਿੱਘੀ-ਨਿੱਘੀ ਹਵਾ ਸਰੀਰ ਨੂੰ ਛੋਹਦੀ ਹੋਈ ਵੱਗ ਰਹੀ ਮਹਿਸੂਸ ਹੁੰਦੀ। ਮੈਂ ਜਾਣੀ ਥੋੜਾ ਤੁਰਦਾ ਅਤੇ ਥੋੜਾ ਉਡਦਾ ਜਾ ਰਿਹਾ ਸਾਂ। ਕਦੇ ਕਦੇ ਕਾਵਾਂ ਦੀ ਹਲਕੀ ਜਿਹੀ ਅਵਾਜ਼, ਚਿੜੀਆਂ ਦੇ ਖੰਭਾਂ ਦੀ ਫੜਫੜਾਹਟ ਅਤੇ ਕਾਟੋ (ਗਲਹਿਰੀ) ਦੀ ਚੀਂ ਚੀਂ ਮੱਧਮ ਮੱਧਮ ਸੁਣਾਈ ਦਿੰਦੀ। ਮੈਂ ਉਤਸੁਕਤਾ ਨਾਲ ਅੱਗੇ ਵੱਧਦਾ ਹੋਇਆ ਇਸ ਸਵਰਗ ਦਾ ਅਨੰਦ ਮਾਣਦਾ ਜਾ ਰਿਹਾ ਸੀ ਕਿ ਥੋੜਾ ਜਿਹਾ ਅੱਗੇ ਜਾ ਕੇ ਮੇਰੇ ਕੰਨਾਂ ਵਿੱਚ ਹਲਕੀ ਜਿਹੀ ਸੰਗੀਤ ਦੀ ਅਵਾਜ਼ ਪਈ। ਮੈਂ ਸੰਗੀਤ ਦੀ ਦਿਸ਼ਾ ਵੱਲ ਨੂੰ ਮੁੜ ਗਿਆ। ਜਿਵੇਂ ਜਿਵੇਂ ਮੈਂ ਅੱਗੇ ਵੱਧਦਾ ਗਿਆ ਸੰਗੀਤ ਦੀ ਅਵਾਜ਼ ਉੱਚੀ ਹੋਣ ਲੱਗੀ। ਥੋੜਾ ਹੋਰ ਅਗਾਂਹ ਜਾ ਕੇ ਇਹ ਅਵਾਜ਼ ਦਾ ਸ਼ੋਰ ਹੋਰ ਤੇਜ਼ ਹੋ ਗਿਆ। ਮੈਂ ਆਲਾ ਦੁਆਲਾ ਦੇਖਣ ਲੱਗਾ ਕਿ ਏਨੇ ਨੂੰ ਮੇਰੇ ਕੰਨਾਂ ਵਿੱਚ ਇੱਕ ਜਾਣੀ ਪਹਿਚਾਣੀ ਅਵਾਜ਼ ਪਈ, ''ਸਰਦਾਰ ਜੀ, ਸਰਦਾਰ ਜੀ'' ਮੈਂ ਹੈਰਾਨੀ ਨਾਲ ਆਲਾ ਦੁਆਲਾ ਦੇਖਣ ਲੱਗਾ ਅਤੇ ਸੋਚਣ ਲੱਗਾ ਕਿ ਏਥੇ ਸਵਰਗਾਂ ਵਿੱਚ ਮੈਨੂੰ ਕੌਣ ਬੁਲਾ ਰਿਹਾ ਹੈ। ਫਿਰ ਕਿਸੇ ਨੇ ਮੇਰਾ ਮੌਢਾ ਹਲੂਣਿਆ। ਮੇਰੀ ਇੱਕ ਦਮ ਅੱਖ ਖੁੱਲ ਗਈ ਤਾਂ ਮੇਰੇ ਸਰਾਣੇ ਮੇਰਾ ਰਾਮੂ ਭਈਆ ਚਾਹ ਦਾ ਗਲਾਸ ਫੜ੍ਹੀ ਖੜ੍ਹਾ ਸੀ ਅਤੇ ਉਸਦੀ ਜੇਬ ਵਿੱਚ ਪਾਇਆ ਚਾਇਨਾ ਦਾ ਫੋਨ ਉੱਚੀ ਅਵਾਜ਼ ਵਿੱਚ ਵੱਜ ਰਿਹਾ ਸੀ। ਮੈਨੂੰ ਗਲਾਸ ਫੜਾਉਂਦਾ ਹੋਇਆ ਰਾਮੂ ਬੋਲਿਆ, ''ਸਰਦਾਰ ਜੀ, ਕਿਆਰਾ ਬਰ ਗਿਆ ਹੈ ਜਾ ਕਰ ਕੱਦੂ ਕਰ ਦੋ।'' ਮੈਂ ਬਾਣ ਦੇ ਮੰਜੇ ਤੋਂ ਉੱਠਿਆ ਜਾ ਕੇ ਚੱਲਦੀ ਮੋਟਰ ਤੇ ਅੱਖਾਂ ਵਿੱਚ ਛਿੱਟੇ ਮਾਰੇ ਅਤੇ ਆ ਕੇ ਚਾਹ ਪੀਣ ਲੱਗ ਪਿਆ। ਦਰਅਸਲ ਇਹ ਇੱਕ ਜੂਨ ਮਹੀਨੇ ਦੀ ਗਰਮ ਦੁਪਹਿਰ ਸੀ। ਦਿਨ ਰਾਤ ਦੀ ਵਾਰੀ ਕਰਕੇ ਮੋਟਰਾਂ ਰਾਤ ਤੋਂ ਹੀ ਚੱਲ ਰਹੀਆਂ ਸਨ। ਇਸ ਕਰਕੇ ਮੈਂ ਵੀ ਤੜਕੇ ਤੋਂ ਆ ਕੇ ਕੱਦੂ ਕਰ ਰਿਹਾ ਸਾਂ। ਹੁਣ ਦੁਪਹਿਰ ਢੱਲ ਰਹੀ ਸੀ, ਚਾਰੇ ਪਾਸੇ ਬਹੁਤ ਹੀ ਸ਼ਾਂਤੀ ਸੀ, ਸਾਰੇ ਲੋਕ ਛਾਵਾਂ ਹੇਠ ਜਾ ਬੈਠੇ ਸਨ। ਮੈਂ ਵੀ ਅਰਾਮ ਕਰਨ ਲਈ ਦੋ ਘੜੀ ਮੰਜੇ ਤੇ ਪੈ ਗਿਆ ਸਾਂ। ਬਕੈਣ ਦੀ ਛਾਂ ਥੱਲੇ ਥੱਕੇ ਹੋਏ ਹੋਣ ਕਰਕੇ ਗੂੜੀ ਨੀਂਦ ਆ ਗਈ ਸੀ। ਇਸੇ ਕਰਕੇ ਸਵਰਗਾਂ ਵਿੱਚ ਪਹੁੰਚ ਗਿਆ ਸਾਂ, ਪਰ ਹੁਣ ਮੈਂ ਪੂਰੀ ਤਰ੍ਹਾਂ ਧਰਤੀ ਉੱਤੇ ਸੀ।

ਮੈਂ ਚਾਹ ਪੀ ਕੇ ਪਾਣੀ ਵਿੱਚ ਖੜ੍ਹੇ ਆਪਣੇ ਟਰੈਕਟਰ ਤੇ ਜਾ ਚੜ੍ਹਿਆ ਅਤੇ ਸੈਲਫ ਮਾਰ ਕੇ ਮਿੱਟੀ ਨੂੰ ਪਾਣੀ ਵਿੱਚ ਮਿਲਾਉਣ ਲੱਗਾ ਅਤੇ ਘੜੀ ਕੁ ਪਹਿਲਾਂ ਆਏ ਸੁਪਨੇ ਬਾਰੇ ਸੋਚਦਾ ਹੋਇਆ ਮੈਂ ਯਾਦ ਕਰ ਰਿਹਾ ਸਾਂ ਕਿ ਜੋ ਕੁਝ ਵੀ ਮੈਂ ਸਵਰਗ ਵਿੱਚ ਦੇਖਿਆ ਸੀ ਉਹ ਸਭ ਕੁਝ ਤਾਂ ਇੱਥੇ ਮੇਰੇ ਆਲੇ ਦੁਆਲੇ ਹੀ ਸੀ। ਬਿਲਕੁੱਲ ਉਸੇ ਤਰ੍ਹਾਂ ਦਾ ਅਹਿਸਾਸ ਹੋ ਰਿਹਾ ਸੀ। ਜਦੋਂ ਮੇਰੇ ਸਰੀਰ ਤੇ ਮਿੱਟੀ ਤੇ ਗਾਰੇ ਦੇ ਛਿੱਟੇ ਪੈਂਦੇ ਤਾਂ ਇਹ ਇੱਕ ਤਰ੍ਹਾਂ ਦੀ ਛਿੱਟਿਆਂ ਭਰੀ ਪੁਸ਼ਾਕ ਦਾ ਰੂਪ ਧਾਰ ਲੈਂਦੀ। ਇਹ ਪੁਸ਼ਾਕ ਸ਼ਾਇਦ ਕਿਸਮਤ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਸ਼ਾਇਦ ਸਵਰਗ ਵਿੱਚ ਵੀ ਇਸ ਤਰ੍ਹਾਂ ਦੀ ਸੋਹਣੀ ਪੁਸ਼ਾਕ ਨਾ ਹੋਵੇ। ਇਸ ਕਰਕੇ ਅੱਜ ਮੈਨੂੰ ਇਹ ਅਸਲੀ ਸਵਰਗ ਦਾ ਅਹਿਸਾਸ ਕਰਾ ਰਿਹਾ ਸੀ। ਇਹੀ ਤਾਂ ਮੇਰਾ ਅਸਲੀ ਸਵਰਗ ਹੈ।