ਗ਼ਜ਼ਲ (ਗ਼ਜ਼ਲ )

ਆਰ ਬੀ ਸੋਹਲ   

Email: rbsohal@gmail.com
Cell: +91 95968 98840
Address: ਨਜਦੀਕ ਗੁਰਦਾਸਪੁਰ ਪਬਲਿਕ ਸਕੂਲ
ਬਹਿਰਾਮਪੁਰ ਰੋਡ ਗੁਰਦਾਸਪੁਰ India
ਆਰ ਬੀ ਸੋਹਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਖੁਦਾ  ਦਾ  ਖੌਫ਼  ਖਾਓ  ਹੁਣ, ਨਾ  ਕੋਈ ਘਰ ਜਲਾ ਦੇਣਾ I
ਬੁਝਾਨਾ ਵੇਖ  ਕੇ  ਅੱਗ  ਨੂੰ,  ਸਗੋਂ  ਨਾ  ਤੇਲ  ਪਾ  ਦੇਣਾ I 

ਕਿਸੇ  ਦੇ  ਵਾਸਤੇ  ਜੀਣਾ ,ਰਹੇ  ਮਕਸਦ ਹੀ ਜਿੰਦਗੀ ਦਾ,
ਜਦੋਂ  ਡਿਗਿਆ  ਕੋਈ ਵੇਖੋ , ਸਮਝ  ਆਪਣਾ ਉਠਾ ਦੇਣਾ I

ਲਗਾ ਕੇ  ਪਿਆਰ  ਦੇ ਬੂਟੇ , ਰਹੋ  ਮਹਿਕਾਂ  ਸਦਾ ਵੰਡਦੇ,
ਵਫ਼ਾ ਦੀ  ਵੇਲ  ਰੂਹਾਂ  ਦੇ , ਤੂੰ  ਰਿਸ਼ਤੇ  ਤੇ  ਚੜਾ  ਦੇਣਾ I

ਤੂੰ  ਵਰ੍ਹਨਾ  ਸਾਉਣ  ਦੇ ਵਾਂਗੂੰ ,ਦਿਲਾਂ ਦੀ ਔੜ ਧਰਤੀ ਤੇ,
ਕਿਸੇ ਭਵਰਾਂ ‘ਚ ਫਸ ਗਏ ਨੂੰ ,ਕਿਨਾਰੇ  ਤੇ  ਲਗਾ ਦੇਣਾ I

ਪਿਆਲਾ ਜ਼ਹਿਰ ਦਾ  ਪੀ ਕੇ, ਸਦਾ  ਸੁਕਰਾਤ ਬਣ ਜਾ ਤੂੰ,
ਕਦੇ  ਵੀ  ਝੂਠ  ਦੇ  ਅੱਗੇ, ਨਾ  ਅਸਲੀਅਤ  ਝੁਕਾ  ਦੇਣਾ I

ਜਗਾ  ਦੇ  ਆਸ  ਦੇ  ਦੀਵੇ ,  ਦਿਲਾਂ  ਦੇ  ਹਰ  ਬਨੇਰੇ  ਤੇ,
ਹਮੇਸ਼ਾਂ  ਰਹਿਣ  ਇਹ  ਜਗਦੇ , ਤੁਫਾਨਾਂ  ਤੋਂ  ਬਚਾ ਦੇਣਾ I

ਜੇ  ਕਰਨਾ  ਜ਼ੁਲਮ  ਹੈ ਮਾੜਾ ,ਤੇ  ਵਢਾ ਪਾਪ  ਹੈ ਸਹਿਣਾ,
ਰਹੇ  ਕਿਰਦਾਰ  ਵੀ  ਉੱਚਾ, ਤੂੰ  ਜਬਰਾਂ  ਨੂੰ  ਮਿਟਾ ਦੇਣਾ I

ਰਹੋ ਅਹਿਸਾਨ ਮੰਦ ਬਣਕੇ , ਜਿਨ੍ਹਾ ਜੀਣਾ ਸਿਖਾਇਆ ਹੈ,
ਉਹਨਾਂ ਦੇ ਰਾਹਾਂ  ਤੇ ਚੱਲ  ਕੇ, ਤੁਸੀਂ  ਬਦਲਾ ਚੁਕਾ ਦੇਣਾ I