ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ (ਖ਼ਬਰਸਾਰ)


ਬਰੈਂਪਟਨ:-  ਸ਼ਨਿਚਰਵਾਰ 22 ਜੂਨ 2013 ਨੂੰ 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਦੀ ਮਾਸਿਕ ਮਿਲਣੀ ਬਰੈਂਪਟਨ ਸਿਵਿਕ ਲਾਇਬ੍ਰੇਰੀ ਵਿਚ ਹੋਈ। ਜਿਸ ਵਿਚ ਕੁਲਵਿੰਦਰ ਖਹਿਰਾ ਨੇ ਸਟੇਜ ਦੀ ਜੁਮੇਵਾਰੀ ਸੰਭਾਲਦਿਆਂ ਹਾਜ਼ਰ ਸਰੋਤਿਆਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਡਾæ ਵਰਿਆਮ ਸਿੰਘ ਸੰਧੂ, ਨਿਊਜ਼ੀਲੈਂਡ ਤੋਂ ਆਏ ਲੇਖਕ ਬਲਵਿੰਦਰ ਚਾਹਿਲ ਅਤੇ ਐਚ ਐਲ ਛਿੱਬੜ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸੱਦਾ ਦਿੱਤਾ। ਖੇਡ ਜਗਤ ਦੇ ਮਸ਼ਹੂਰ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਨੇ ਆਪਣੀ ਪੁਸਤਕ  'ਹਸੰਦਿਆਂ ਖੈਡੰਦਿਆਂ' ਦੀ ਨਵੀਂ ਅਡੀਸ਼ਨ ਡਾæ ਵਰਿਆਮ ਸਿੰਘ ਸੰਧੂ ਨੂੰ ਭੇਂਟ ਕੀਤੀ।

ਪਹਿਲੇ ਬੁਲਾਰੇ ਅਜਾਇਬ ਟਲੇਵਾਲੀਆ ਨੇ ਨਿਊਜ਼ੀਲੈਂਡ ਤੋਂ ਆਏ ਲੇਖਕ ਬਲਵਿੰਦਰ ਚਾਹਲ ਬਾਰੇ ਜਾਣਕਾਰੀ ਸ੍ਰੋਤਿਆਂ ਨਾਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਚਾਹਿਲ ਦਾ ਪਿਛੋਕੜ ਮਾਨਸਾ (ਪੰਜਾਬ) ਨਾਲ  ਸਬੰਧਤ ਹੈ। ਪੰਜਾਬ ਵਿਚ ਰਹਿੰਦਿਆਂ ਪੜਾਈ ਦੇ ਨਾਲ ਨਾਲ ਅਜਮੇਰ ਔਲਖ ਦੇ ਸਹਿਯੋਗ ਸਦਕਾ ਨਾਟਕਾਂ ਵਿਚ ਕੰਮ ਕਰਦੇ ਰਹੇ। ਪਿਛਲੇ ਦਸ ਸਾਲ ਤੋਂ ਉਹ ਨਿਉਜ਼ੀਲੈਂਡ ਵਿਚ ਰਹਿ ਰਹੇ ਨੇ ਅਤੇ ਹੁਣ ਤੱਕ ਚਾਰ ਕਿਤਾਬਾਂ ਲਿਖ ਚੁੱਕੇ ਨੇ। ਬਲਵਿੰਦਰ ਚਾਹਲ ਨੇ ਨੀਊਜ਼ੀਲੈਂਡ ਬਾਰੇ ਬੜੀ ਭਰਪੂਰ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਨਿਊਜ਼ੀਲੈਂਡ 42 ਲੱਖ ਦੀ ਅਬਾਦੀ ਵਾਲਾ ਦੋ ਟਾਪੂਆਂ ਵਾਲ਼ਾ ਬਹੁਤ ਹੀ ਖ਼ੂਬਸੂਰਤ ਦੇਸ਼ ਹੈ ਜਿੱਥੇ ਦੁਨੀਆਂ ਵਿਚ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਹੈ। ਚਾਰ ਚੁਫੇਰੇ ਜਿਵੇਂ ਮਖਮਲੀ ਚਾਦਰਾਂ ਵਿਛੀਆਂ ਹੋਣ। ਉਥੋਂ ਦੇ ਲੋਕ ਬਹੁਤ ਈਮਾਨਦਾਰ ਨੇ। ਸਾਹਿਤਕ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਚਾਹਲ ਨੇ ਦੱਸਿਆ ਕਿ ਮਹੀਨੇ ਵਿਚ ਦੋ ਅਖਬਾਰ ਛਪਦੇ ਨੇ। ਪੰਜਾਬੀਆਂ ਦੀ ਆਬਾਦੀ ਬਾਰਾਂ ਹਜ਼ਾਰ ਦੇ ਕਰੀਬ ਹੋਵੇਗੀ।

ਇਸ ਤੋਂ ਬਾਅਦ ਉਂਕਾਰਪ੍ਰੀਤ ਨੇ 'ਗ਼ਦਰ ਸ਼ਤਾਬਦੀ ਕਮੇਟੀ ਟਰਾਂਟੋ' (ਕੈਨੇਡਾ) ਵਲੋਂ ਉਲੀਕੇ ਗਏ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਸਾਂਝੀ ਕੀਤੀ। ਸਮਾਗਮਾਂ ਦਾ ਵੇਰਵਾ ਇਸ ਪ੍ਰਕਾਰ ਹੈ, 29 ਜੂਨ 2013, ਗ਼ਦਰ ਮਾਰਚ ਰੈਲੀ। ਗ਼ਦਰ ਮਾਰਚ ਮਾਲਟਨ ਕਮਿਊਨਟੀ ਸੈਂਟਰ ਦੇ ਮੂਹਰਲੇ ਸਕੂਲ  ਦੀ ਪਾਰਕਿੰਗ ਲੌਟ ਤੋਂ ਸਵੇਰੇ 11:30 ਵਜੇ ਚੱਲੇਗਾ। ਚੱਲਣ ਤੋਂ ਪਹਿਲਾਂ ਪ੍ਰਸਿੱਧ ਗਾਇਕ ਅਤੇ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਦੇਸ਼ ਵਿਦੇਸ਼ ਤੋਂ ਪੁੱਜ ਰਹੇ ਪ੍ਰਸਿੱਧ ਬੁਲਾਰੇ ਗ਼ਦਰ ਲਹਿਰ ਦੀ ਮਹਤੱਤਾ ਬਾਰੇ ਚਾਨਣਾ ਪਾਉਣਗੇ। ਮਾਰਚ ਰੈਲੀ ਵਿਚ ਖਾਣ ਪੀਣ ਦਾ ਖੁੱਲਾ ਪ੍ਰਬੰਧ ਹੋਵੇਗਾ। 30 ਜੂਨ 2013 ਨੂੰ ਨਾਟਕ ਮੇਲਾ ਰੋਜ਼ ਥੀਏਟਰ ਬਰੈਂਪਟਨ ਵਿੱਚ ਹੋਵੇਗਾ ਜਿਸ ਵਿੱਚ ਚਾਰ ਨਾਟਕ ਖੇਲੇ ਜਾਣਗੇ: ਪਹਿਲਾ ਨਾਟਕ 'ਬਾਬਾ ਬੰਦਾ ਸਿੰਘ ਬਹਾਦਰ', ਦੂਸਰਾ 'ਲਰੈ ਦੀਨ ਕੇ ਹੇਤ', ਤੀਸਰਾ 'ਆਜ਼ਾਦੀ ਦੇ ਜਹਾਜ਼', ਅਤੇ ਚੌਥਾ ਨਾਟਕ 'ਇੱਕ ਸੁਪਨੇ ਦਾ ਪੁਲਿਟੀਕਲ ਮਰਡਰ' ਖੇਡਿਆ ਜਾਵੇਗਾ। 1 ਜੁਲਾਈ 2013 ਨੂੰ ਗ਼ਦਰ ਕਾਨਫਰੰਸ 'ਲੋਫਰ'ਜ਼ ਲੇਕ ਆਡੀਟੋਰੀਅਮ (30 ਲੋਫਰ'ਜ਼ ਲੇਕ ਲੇਨ, ਕੈਨੇਡੀ ਰੋਡ ਅਤੇ ਸੈਂਡਲਵੁੱਡ ਪਾਰਕਵੇ ਦੀ ਨੁੱਕਰ ਤੇ) ਵਿੱਚ ਹੋਵੇਗੀ 9 ਵਜੇ ਸਵੇਰ ਤੋਂ 6 ਵਜੇ ਸ਼ਾਮ ਤੱਕ ਹੋਵੇਗੀ। ਇਸ ਵਿੱਚ ਮੁੱਖ ਬੁਲਾਰੇ ਡਾ ਵਰਿਆਮ ਸਿੰਘ ਸੰਧੂ, ਡਾ ਰਘੁਬੀਰ ਸਿਰਜਨਾ ਅਤੇ ਡਾ ਸਾਧੂ ਸਿੰਘ ਹੋਣਗੇ। ਸ਼ਾਮ ਦੇ 4 ਵਜੇ ਤੋਂ ਲੈ ਕੇ 6 ਵਜੇ ਤੱਕ ਕਵੀ ਦਰਬਾਰ ਹੋਵੇਗਾ, ਜਿਸ ਵਿਚ ਸਥਾਨਿਕ ਸ਼ਾਇਰਾਂ ਤੋਂ ਇਲਾਵਾ ਨਾਰਥ ਅਮਰੀਕਾ, ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਤੋਂ ਸ਼ਾਇਰ ਪੁੱਜਣਗੇ। ਇਹ ਦਾਖਲਾ ਮੁਫਤ ਹੈ ਜਦਕਿ ਨਾਟਕਾਂ ਲਈ ਪੂਰੇ ਦਿਨ ਦੀ ਟਿਕਟ 20 ਡਾਲਰ  ਹੈ। ਸਮੂਹ ਇਲਾਕਾ ਨਿਵਾਸੀਆਂ ਨੂੰ ਗ਼ਦਰ ਕਾਨਫਰੰਸ ਅਤੇ ਕਵੀ ਦਰਬਾਰ ਵਿਚ ਸ਼ਾਮਲ ਹੋਣ ਦੀ ਤਾਕੀਦ ਕੀਤੀ ਗਈ। ਇਸ ਤੋਂ ਇਲਾਵਾ ਉਂਕਾਰਪਰੀਤ ਨੇ ਗਦਰ ਲਹਿਰ ਦੀ ਕਵਿਤਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਗਦਰ ਲਹਿਰ ਦੀ ਕਵਿਤਾ ਬਾਰੇ ਵਿਚਾਰ ਦੇਂਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਗ਼ਦਰ ਲਹਿਰ ਦੀ ਕਵਿਤਾ ਇਹ ਸਾਬਤ ਕਰਦੀ ਹੈ  ਕਿ ਜੇ ਸਾਹਿਤ ਲੋਕਾਂ ਦੇ ਮਸਲਿਆਂ ਨਾਲ਼ ਜੁੜਿਆ ਹੋਵੇ ਤਾਂ ਉਹ ਜ਼ਰੂਰ ਸਮਾਜ ਨੂੰ ਸੁਧਾਰਨ ਅਤੇ ਮਦਲਨ ਵਿੱਚ ਕਾਮਯਾਬ ਹੁੰਦਾ ਹੈ।

Photo
ਡਾ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਸਾਹਿਤ ਲਿਖਣ ਦਾ ਮਕਸਦ ਕੇਵਲ ਸ਼ਬਦਾਂ ਨਾਲ ਖੇਲਣਾ ਹੀ ਨਹੀ ਹੈ। ਉਨ੍ਹਾ ਉਦਾਹਰਣਾ ਦੇ ਕੇ ਦੱਸਿਆ ਕਿ ਕਿਵੇਂ ਭਾਰਤੀਆਂ ਨੇ ਬਿਦੇਸ਼ਾਂ ਵਿਚ ਆ ਕੇ ਸੰਤਾਪ ਹੰਢਾਇਆ। ਜੇਲਾਂ ਵਿਚ ਗਏ। ਕੁਰਬਾਨੀਆਂ ਦਿੱਤੀਆਂ। ਗਦਰ ਪਾਰਟੀ ਸਥਾਪਤ ਹੋਈ। ਲੰਮੀਆਂ ਕੈਦਾਂ ਕੱਟ ਕੇ ਜ਼ਿੰਦਗੀ ਦੇ ਤਜਰਬੇ ਲਿਖੇ। ਪਰਦੇਸੀ ਧਰਤੀ ਤੋਂ ਅੰਗਰੇਜੀ ਸਾਮਰਾਜ ਵਿਰੁਧ ਗ਼ਦਰੀ ਪਰਚਾ ਕੱਢਿਆ। ਇਸ ਇਨਕਲਾਬੀ ਲਹਿਰ ਦੇ ਬੀਜ ਆਉਣ ਵਾਲੀਆਂ ਇਨਕਲਾਬੀ ਲਹਿਰਾਂ ਵਿਚ ਘੁਲਦੇ ਰਹੇ। ਗਦਰੀ ਬਾਬੇ ਕੌਣ ਸਨ? ਉਨ੍ਹਾ ਦੱਸਿਆ ਕਿ ਉਹ ਗ਼ਦਰੀ ਛੋਟੇ ਭੁਗੋਲਿਕ ਖਿੱਤੇ ਵਾਸਤੇ ਨਹੀਂ ਬਲਕਿ ਸਰਬੱਤ ਦੇ ਭਲੇ ਲਈ ਲੜੇ ਸਨ। ਗ਼ਦਰ ਪਾਰਟੀ ਵਿੱਚ ਧਰਮ ਹਰ ਇੱਕ ਦਾ ਨਿੱਜੀ ਮਸਲਾ ਸੀ ਅਤੇ ਪਾਰਟੀ ਮੰਚ ਉਤੇ ਮਜ਼ਬੀ ਪਰਚਾਰ ਲਈ ਕੋਈ ਥਾਂ ਨਹੀਂ ਸੀ। ਹਿੰਦੂ, ਸਿੱਖ, ਮੁਸਲਮਾਨ ਭਰਾਵਾਂ ਵਾਂਗ ਰਹਿੰਦੇ ਤੇ ਵਿਚਰਦੇ ਸਨ। ਡਾæ ਸੰਧੂ ਇਨਕਲਾਬੀ ਲਹਿਰ ਦੇ ਹਰ ਤੱਥ ਉਪੱਰ ਮਿਸਾਲਾਂ ਦੇ ਦੇ ਕੇ ਚਾਨਣਾ ਪਾ ਰਹੇ ਸਨ। ਉਨ੍ਹਾ ਦੀ ਬੋਲੀ ਵਿੱਚੋਂ ਚਰ੍ਹੀ ਦੇ ਚੂਪਣ ਦੀ ਮਿਠਾਸ ਤੇ ਗਿੱਲੀ ਮੱਕੀ ਦੇ ਭੁਨੇਂ੍ਹ ਮੁਰਮਰੇ ਚੱਬਣ ਦਾ ਸੁਆਦ ਆ ਰਿਹਾ ਸੀ। ਉਹ ਗਦਰ ਲਹਿਰ ਬਾਰੇ ਇੱਕ ਵਿਸ਼ਾਲ ਭੰਡਾਰ ਲੈ ਕੇ ਬੋਲ ਰਹੇ ਸਨ । ਉਹ ਵੀ ਮੂੰਹ ਜ਼ੁਬਾਨੀ। ਉਨ੍ਹਾ ਦੱਸਿਆ ਕਿ ਜਦੋਂ ਅਸੀਂ ਗ਼ਦਰੀਆਂ ਦੇ ਲਿਖੇ ਖਤ ਪੜ੍ਹਦੇ ਹਾਂ ਤਾਂ ਪਤਾ ਚਲਦਾ ਹੈ ਕਿ ਕਿਨ੍ਹੇਂ ਮਹਾਨ ਸਨ ਉਹ ਇਨਕਲਾਬੀ ਯੋਧੇ। ਇੱਕ ਖਤ ਦਾ ਜ਼ਿਕਰ ਇਸ ਤਰਾਂ ਸੀ, ਕਿ 'ਫਾਂਸੀ ਦਾ ਹੁਕਮ ਹੋ ਗਿਆ ਹੈ। ਕਿਸੀ ਕਿਸਮ ਕਾ ਫਿਕਰ ਨਾ ਕਰੇਂ। ਰੁਕਮਣੀ ਕੋ ਵਰਿਆਮਾ ਕੇ ਹੱਕ ਵਿਚ ਕਰ ਦੇਣਾ। - ਨਾਮ੍ਹਾਂ, ਫਾਂਸੀ ਵਾਲਾ'। ਉਨ੍ਹਾਂ ਕਿਹਾ ਕਿ ਇਹ ਖ਼ਤ ਸਾਡੀਆਂ ਅੱਖਾਂ ਖੋਲ੍ਹਦਾ ਹੈ ਕਿ ਗ਼ਦਰੀਆਂ ਨੇ ਤੇ ਕੁਰਬਾਨੀਆਂ ਕੀਤੀਆਂ ਹੀ ਸਨ ਪਰ ਜੋ ਕੁਰਬਾਨੀਆਂ ਉਨ੍ਹਾਂ  ਦੀਆਂ ਪਤਨੀਆਂ ਅਤੇ ਮਾਵਾਂ ਨੂੰ ਦੇਣੀਆਂ ਪਈਆਂ ਉਨ੍ਹਾਂ ਦਾ ਕਿਸੇ ਇਤਿਹਾਸ ਵਿੱਚ ਜ਼ਿਕਰ ਨਹੀਂ ਹੈ। ਇਹ ਸਤਰਾਂ ਸੁਣ ਕੇ ਸਭ ਦੀਆਂ ਅਖਾਂ ਨਮ ਹੋ ਗਈਆਂ।

ਇਸ ਤੋਂ ਬਾਅਦ ਬੀਬੀ ਗੁਰਦੀਸ਼ ਗਰੇਵਾਲ ਨੇ ਆਪਣੀ ਨਵੀਂ ਕਿਤਾਬ 'ਸੋਚਾਂ ਦੇ ਸਿਰਨਾਵੇਂ' ਡਾ ਵਰਿਆਮ ਸੰਧੂ ਨੂੰ ਅਤੇ ਇੱਕ ਕਿਤਾਬ ਕਾਫ਼ਲੇ ਨੂੰ ਭੇਂਟ ਕੀਤੀ ਅਤੇ ਆਜ਼ਾਦੀ ਦੇ ਸਬੰਧ ਵਿਚ ਇੱਕ ਕਵਿਤਾ ਕਹਿ ਕੇ ਆਪਣੀ ਹਾਜ਼ਰੀ ਲਵਾਈ। ਸਾæਇਰ ਬਾਬੂ ਸਿੰਘ ਤੇ ਬੀਬੀ ਹਰਭਜਨ ਕੌਰ ਨੇ ਵੀ ਆਪਣੀਆਂ ਆਪਣੀਆਂ ਨਜ਼ਮਾਂ ਪੜੀਆਂ। ਐਸ਼ ਐਸ਼ ਚੋਹਲਾ ਹੁਰਾਂ ਵੀ ਆਪਣੀ ਹਾਜ਼ਰੀ ਲਗਵਾਈ। ਗੁਰਦਾਸ ਮਿਨਹਾਸ ਨੇ ਹਾਜ਼ਰ ਮੈਂਬਰਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ।  ਹਾਜ਼ਰ ਮੈਂਬਰਾਂ ਵਿਚ ਡਾæ ਗੁਰਬਖਸ਼ ਭੰਡਾਲ, ਪ੍ਰੋæ ਜਗੀਰ ਸਿੰਘ ਕਾਹਲੋਂ, ਸਰਬਜੀਤ ਕਾਹਲੋਂ, ਕਿਰਪਾਲ ਸਿੰਘ ਪਨੂੰ, ਡਾæ ਤੇਜਾ ਸਿੰਘ, ਵਕੀਲ ਸਿੰਘ ਕਲੇਰ, ਅਮਰਜੀਤ ਮਿਨਹਾਸ, ਜਰਨੈਲ ਸਿੰਘ ਬੁੱਟਰ, ਬਲਵਿੰਦਰ ਚਾਹਿਲ, ਬਲਕਾਰ ਸਿੰਘ ਬਾਜਵਾ, ਬਿਕਰਮ ਜੀਤ ਗਿੱਲ, ਮਿਸਜ਼ ਛਿੱਬੜ, ਕੰਵਲਜੀਤ ਕੌਰ ਢਿੱਲੋਂ, ਬਲਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਦੀਪਕ ਪੁੰਜ, ਇਕਬਾਲ ਸੁੰਬਲ, ਆਦਿ ਦੇ ਨਾਂ ਸ਼ਾਮਲ ਹਨ। ਅਖੀਰ ਵਿਚ ਐਚ ਐਲ਼ ਛਿਬੱੜ ਨੇ ਸਮਾਗਮ ਦੀ ਸਮਾਪਤੀ ਕਰਦਿਆਂ ਸਭ ਦਾ ਧੰਨਵਾਦ ਕੀਤਾ।  

ਗੁਰਜਿੰਦਰ ਸੰਘੇੜਾ