ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ (ਖ਼ਬਰਸਾਰ)


  ਬਰੈਂਪਟਨ -- ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਦੀ ਅਪ੍ਰੈਲ 2015 ਦੀ ਮੀਟਿੰਗ 25ਅਪ੍ਰੈਲ ਨੂੰ ਹਰ ਵਾਰ ਦੀ ਤਰ੍ਹਾਂ ਮਹੀਨੇ ਦੇ ਅਖੀਰਲੇ ਸਨਿਚਰਵਾਰ ਬਰੈਮਲੀ ਸਿਟੀ ਸੈਂਟਰ ਦੀ ਲਾਇਬ੍ਰੇਰੀ ਦੇ ਮੀਟਿੰਗ ਹਾਲ ਵਿੱਚ ਹੋਈ। ਮੁੱਖ ਸੰਚਾਲਕ ਵਕੀਲ ਕਲੇਰ ਨੇ ਸਭ ਨੂੰ ਜੀ ਆਇਆਂ ਕਿਹਾ, ਜਰਨੈਲ ਸਿੰਘ ਕਹਾਣੀਕਾਰ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਿਆ ਅਤੇ ਸਭ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਅੱਜ ਕਾਫ਼ਲੇ ਦੀ ਨਵੀਂ ਟੀਮ ਬਣਾਈ ਜਾਣੀ ਹੈ। ਇਸ ਲਈ ਵਕੀਲ ਨੇ ਆਪਣੇ ਵੱਲੋਂ ਕੁਲਵਿੰਦਰ ਖਹਿਰਾ ਦੇ ਨਾਂ ਦਾ ਸੁਝਾਅ ਦਿੱਤਾ ਜਿਸ ਲਈ ਜਰਨੈਲ ਸਿੰਘ ਕਹਾਣੀਕਾਰ ਨੇ ਹਾਮੀ ਭਰੀ। ਇਸ ਤਰ੍ਹਾਂ ਤਾੜੀਆਂ ਦੀ ਗੂੰਜ ਵਿੱਚ ਨਵੀਂ ਟੀਮ ਨੂੰ ਸਰਬ ਸੰਮਤੀ ਨਾਲ ਕਾਫ਼ਲਾ ਦੇ ਸੰਚਾਲਨ ਦੀ ਜਿ਼ੰਮੇਵਾਰੀ ਸਾਲ 2015-16 ਲਈ ਸੌਂਪ ਦਿੱਤੀ ਗਈ।ਮੀਡੀਆ ਸੰਚਾਲਕ ਦੀ ਜਿ਼ੰਮੇਵਾਰੀ ਇੱਕ ਵਾਰ ਫੇਰ ਬ੍ਰਜਿੰਦਰ ਗੁਲਾਟੀ ਨੂੰ ਅਤੇ ਵਿੱਤ ਸੰਚਾਲਕ ਗੁਰਦਾਸ ਮਿਨਹਾਸ ਨੂੰ ਚੁਣਿਆ ਗਿਆ। ਵਕੀਲ ਕਲੇਰ ਨੇ ਕੁਲਵਿੰਦਰ ਖਹਿਰਾ ਨੂੰ ਅੱਜ ਦੀ ਕਾਰਵਾਈ ਚਲਾਉਣ ਲਈ ਕਿਹਾ ਪਰ ਕੁਲਵਿੰਦਰ ਨੇ ਪਿਛਲੀ ਟੀਮ ਨੂੰ ਹੀ ਜਾਰੀ ਰੱਖਣ ਲਈ ਕਿਹਾ। 
  ਪ੍ਰੋਗ੍ਰਾਮ ਦੇ ਸ਼ੁਰੂ ਵਿੱਚ ਬ੍ਰਜਿੰਦਰ ਨੇ ਲੀਗ ਔਫ਼ ਕਨੇਡੀਅਨ ਪੋਇਟਸ’ ਵੱਲੋਂ 1998 ਤੋਂ ‘ਨੈਸ਼ਨਲ ਪੋਇਟਰੀ ਮੰਥ’ ਮਨਾਏ ਜਾਣ ਦੀ ਗੱਲਕੀਤੀ ਅਤੇ 2015 ਵਿੱਚ ਮਿੱਥੇ ਥੀਮ ‘ਭੋਜਨ ਅਤੇ ਪੋਇਟਰੀ’ ਨੂੰ ਇਕੱਠੇ ਮਨਾਏ ਜਾਣ ਬਾਰੇ ਦੱਸਿਆ। ਇਸ ਥੀਮ ਪਿੱਛੇ ਸੋਚ ਹੈ ਕਿ ਜਿਵੇਂ ਖਾਣਾ ਸਰੀਰ ਵਾਸਤੇ ਜ਼ਰੂਰੀ ਹੈ, ਇਸੇ ਤਰ੍ਹਾਂ ਕਵਿਤਾ ਰੂਹ ਨੂੰ ਸਕੂਨ ਦਿੰਦੀ ਹੈ।
  ਗੁਲਜ਼ਾਰ ਦੀ ਕਵਿਤਾ ‘ਕਿਤਾਬੇਂ ਝਾਂਕਤੀ ਰਹਿਤੀ ਹੈਂ ਅਲਮਾਰੀ ਮੇਂ...’ ਨਾਲ ਸ਼ੁਰੂਆਤ ਕਰਦਿਆਂ ਬ੍ਰਜਿੰਦਰ ਨੇ ਦੱਸਿਆ ਕਿ ਸੰਸਾਰ ਭਰ ਵਿੱਚ 23 ਅਪ੍ਰੈਲ ਨੂੰ ਕਿਤਾਬ ਦਿਵਸ ਵੀ ਮਨਾਇਆ ਜਾਂਦਾ ਹੈ। ਇੰਡੀਆ ਦੇ ਪਦਮ ਭੂਸ਼ਨ ਨਾਲ ਸਨਮਾਨਿਤ ਕਵੀ ਰਾਮਧਾਰੀ ਸਿੰਘ ‘ਦਿਨਕਰ’ ਨੂੰ ਯਾਦ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸ: ਪੂਰਨ ਸਿੰਘ ਪਾਂਧੀ ਦੀ ਕਿਤਾਬ ‘ਸੰਗੀਤ ਦੀ ਦੁਨੀਆਂ’ ਰਿਲੀਜ਼ ਕੀਤੀ ਜਾਵੇਗੀ ਅਤੇ ਨਾਲ ਹੀ ਪਾਂਧੀ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ।


  ‘ਸੰਗੀਤ ਦੀ ਦੁਨੀਆਂ’ ਬਾਰੇ ਸਭ ਤੋਂ ਪਹਿਲਾਂ ਪਿੰਸੀਪਲ ਸਰਵਣ ਸਿੰਘ ਨੇ ਗੱਲ ਕੀਤੀ ਕਿ ਉਨ੍ਹਾਂ ਬਹੁਤ ਪਹਿਲਾਂ ਕਿਤਾਬ ਦਾ ਖਰੜਾ ਪੜ੍ਹ ਕੇ ਕੁਝ ਸਤਰਾਂ ਵੀ ਲਿਖੀਆਂ ਸਨ। ਉਨ੍ਹਾਂ ਮੁਤਾਬਿਕ, ਵਾਕ-ਬਣਤਰ ਅਤੇ ਸ਼ਬਦਾਵਲੀ ਸੰਗੀਤਕ ਹੋਣ ਦੇ ਨਾਲ ਹੀ ਰਸੀਲੀ ਵੀ ਹੈ। ਇਸ ਤਰ੍ਹਾਂ ਦੀ ਕਿਤਾਬ ਲਿਖਣ ਅਤੇ ਛਪਵਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।ਇਕਬਾਲ ਰਾਮੂਵਾਲੀਆ ਨੇ ਕਿਹਾ ਕਿ ਧੁਨ, ਮਧੁਰ ਸੰਗੀਤ ਵਰਗੇ ਸੂਖਮ ਵਿਸ਼ੇ ‘ਤੇ ਕਿਤਾਬ ਬਾਰੇ ਸੁਣ ਬਹੁਤ ਚੰਗਾ ਲੱਗਾ। 
  ਥਿਆਰਾ ਜੀ ਨੇ ਦੱਸਿਆ ਕਿ ਕਿਤਾਬ ਵਿੱਚ ਰਾਗ ਦੀਆਂ ਤਾਨਾਂ ਅਤੇ ਹੋਰ ਬਹੁਤ ਵਿਸਥਾਰ ਵਿੱਚ ਜਾਣਕਾਰੀ ਮਿਲਦੀ ਹੈ। ਨਵੇਂਕੀਰਤਨ ਵਾਲਿਆਂ ਦੇ ਸਹੀ ਲੀਹਾਂ ਤੋਂ ਥਿੜਕਣ ਦੀ ਗੱਲ ਵੀ ਕੀਤੀ ਹੈ। ਨਾਲ ਹੀ ਉਨ੍ਹਾਂ ਜੂਨ ਵਿੱਚ ਹੋਣ ਵਾਲੀ ਪੰਜਾਬੀ ਵਰਲਡ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ ਅਤੇ ਕਾਫ਼ਲਾ ਦੇ ਮੈਂਬਰਾਂ ਨੂੰ ਇਸ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ। ਇਸ ਸੱਦੇ ਲਈ ਬਾਅਦ ਵਿੱਚ ਰਵਿੰਦਰ ਸਿੰਘ ਕੰਗ ਨੇ ਵੀ ਸਭ ਨੂੰ ਕਿਹਾ।
  ਕ੍ਰਿਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਮਸ਼ਹੂਰ ਸਾਹਿਤਕਾਰ ਵਰਿਆਮ ਸਿੰਘ ਸੰਧੂ ਨੇ ਇਸ ਕਿਤਾਬ ਦੀ ਸ਼ੈਲੀ ਬਾਰੇ ਗੱਲ ਕੀਤੀ ਹੈ ਪਰ ਸੰਗੀਤ ਬਾਰੇ ਅਸੀਂ ਜਿ਼ਆਦਾ ਜਾਣਦੇ ਨਹੀਂ ਇਸਲਈ ਬਹੁਤਾ ਕੁਝ ਕਹਿ ਨਹੀਂ ਸਕਦੇ ਪਰ ਲਿਖਣ ਦੀ ਸ਼ੈਲੀ ਚੰਗੀ ਲੱਗੀ ਹੈ।
  ਇਕਬਾਲ ਬਰਾੜ ਨੇ ਸੱਚ ਕਿਹਾ ਕਿ ਸੰਗੀਤ ਤਾਂ ਇੱਕ ਸਮੁੰਦਰ ਹੈ ਜਿਸ ਦੀ ਥਾਹ ਪਾਣਾ ਸੌਖਾ ਨਹੀਂ। ਗੁਰਮਤਿ ਸੰਗੀਤ ਨਾਲ ਪਾਂਧੀ ਜੀ ਦੇ ਜੁੜੇ ਹੋਣ ਦੀ ਗੱਲ ਕੀਤੀ ਅਤੇ ਇੱਕਸ਼ਬਦ “ਮਿੱਤਰ ਪਿਆਰੇ ਨੁੂੰ” ਨੂੰ ਆਪਣੀ ਸੁਰੀਲੀ ਆਵਾਜ਼ ਵਿੱਚ ਗਾਇਆ। ਸੁਰਜਨ ਜਿ਼ਰਵੀ ਜੀ ਨੇ ਸੰਗੀਤ ਦੀ ਮਹੱਤਤਾ ਦੀ ਗੱਲ ਕਰਦਿਆਂ ਪਾਂਧੀ ਸਾਹਿਬ ਨੂੰ ਵਧਾਈ ਦਿੱਤੀ। ਬਲਦੇਵ ਦੂਹੜੇ ਨੇ ਕਿਤਾਬ ਦੀ ਵਧਾਈ ਦਿੱਤੀ ਅਤੇ ਕਿਤਾਬ ਦੀ ਪਬਲਿਸਿ਼ੰਗ ਬਾਰੇ ਕੁਝ ਗੱਲਾਂ ਕੀਤੀਆਂ।
  ਪ੍ਰੂਰਨ ਸਿੰਘ ਪਾਂਧੀ ਜੀ ਨੇ ਆਪਣੇ ਕਿਤਾਬਾਂ ਛਪਵਾਉਣ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੰਗੀਤ ਦਾ ਵਿਸ਼ਾ ਵਾਕਿਆ ਹੀ ਡੂੰਘਾ ਹੈ, ਸਮੁੰਦਰ ਹੈ। ਕਵਿਤਾ ਵਿੱਚ ਛੰਦ, ਲੈਅ ਅਤੇ ਰਸ ਹੁੰਦਾ ਐ। ਨੌਂ ਰਸ ਹੁੰਦੇ ਹਨ, ਦੁਨੀਆਂ ਮੰਨਦੀ ਹੈ। ਭਾਵਨਾਵਾਂ ਨਾਲ ਕਵਿਤਾ ਅਤੇ ਸੰਗੀਤ ਜੁੜੇ ਹੋਏ ਹਨ। ਰਾਗ ਦਿਨ-ਰਾਤ, ਮੌਸਮ ਅਤੇ ਸਮੇਂ ਅਨੁਸਾਰ ਬਣਾਏ ਗਏ ਹਨ ਅਤੇ ਸਪਤਕ ਵਿੱਚ ਹਜ਼ਾਰਾਂ ਰਾਗ ਹਨ। ਤਾਲ-ਲੈਅ ਦੇ ਸੂਖਮ ਹੋਣ ‘ਤੇ ਇਕਹਿਰਵਾ ਹੀ ਨਹੀਂ, ਤਕਰੀਬਨ ਦੋ ਦਰਜਨ ਮਾਤਰਾ, ਰੂਪ-ਰੇਖਾ, ਲੈਅ ਦੀ ਜਾਣਕਾਰੀ ਇਸ ਕਿਤਾਬ ਵਿੱਚ ਹੈ। ਰਾਗਾਂ ਬਾਰੇ ਕਹੀਏ ਤਾਂ ਸਭ ਤੋਂ ਛੋਟੀ ਇਕਾਈ ‘ਸੁਰ’ ਹੈ ਅਤੇ ਵਾਦੀ, ਸੰਵਾਦੀ, ਮੁਰਕੀ ਵਰਗੇ ਤਕਰੀਬਨ ਦੋ ਦਰਜਨ ਬਾਰੇਜਾਣਕਾਰੀ ਕਿਤਾਬ ਵਿੱਚ ਮਿਲੇਗੀ। ਗੁਰੁ ਗ੍ਰੰਥ ਸਾਹਿਬ ਵਿੱਚ 31 ਸੰਪੂਰਨ ਅਤੇ 29 ਮਿਸਿ਼੍ਰਤ ਰਾਗ ਹਨ। ਗਾਇਕੀ ਮਰਾਸੀਆਂ ਤੋਂ ਸ਼ੁਰੂ ਹੋਈ, ਮਰਦਾਨਾ ਸੁਰ ਦਾ ਰਾਗੀ ਸੀ। ਉਨ੍ਹਾਂ ਕਿਹਾ ਕਿ ਗ਼ਜ਼ਲ, ਤਰਾਨਾ ਜਾਂ ਗਾਇਕੀ ਵਿੱਚ ਧਰੁਪਦ, ਖਿ਼ਆਲ, ਠੁਮਰੀ, ਕਵਾਲੀ ਅਤੇ ਮਿਰਜ਼ਾ ਤਾਂ ਹੋਇਆ ਪਰ ਅੱਜਕਲ੍ਹ ਬਹੁਤ ਮੰਨੀ ਜਾਂਦੀ “ਸੂਫ਼ੀ ਗਾਇਕੀ” ਬਾਰੇ ਸੁਆਲ ਉਠਾਇਆ ਕਿ ਇਹ ਸਭ ਕੀ ਹੈ? ਅੰਤ ਵਿੱਚ ਉਨ੍ਹਾਂ ਅੱਜਕਲ੍ਹ ਕੀਰਤਨ ਵਿੱਚ ਸੁਰ ਨਾਲੋਂ ਜਿ਼ਆਦਾ ਢੋਲਕੀਆਂ ਛੈਣਿਆਂ ਆਦਿ ‘ਤੇ ਜ਼ੋਰ ਹੋਣ ਦੀ ਵੀ ਗੱਲ ਕੀਤੀ।
  ਹੁਣ, ਕਵਿਤਾਵਾਂ ਦਾ ਦੌਰ ਸ਼ੁਰੂ ਹੋਇਆ ਮਕਸੂਦ ਚੌਧਰੀ ਦੀ ਕਵਿਤਾ ... ਸਫ਼ਰ ਗੁਆਚੇ, ਤੋਰਾਂ ਭੁੱਲੀਆਂ’ ਨਾਲ। ਫਿਰ ਬਲਜੀਤ ਧਾਲੀਵਾਲ ਨੇ ਬੱਸ-ਅੱਡੇ ‘ਤੇ ਦਵਾਈਆਂ ਵੇਚਣ ਵਾਲਿਆਂ ਬਾਰੇ ਹਾਸ-ਵਿਅੰਗ ਕਵਿਤਾ ਕਹੀ। ਗੁਰਮੁਖ ਸਿੰਘ ਨੇ ਇਲੈਕਟ੍ਰਿਕ ਗਿਟਾਰ ਨਾਲ ਨੰਦ ਲਾਲ ਨੂਰਪੁਰੀ ਦਾ ਗੀਤ ‘ਗੋਰੀ ਦੀਆਂ ਝਾਂਜਰਾਂ’ ਸੁਣਾਇਆ। 
  ‘ਪੱਤਾ ਪੱਤਾ ਨਾਲ ਤੂਫ਼ਾਨਾਂ ਲੜਦਾ ਏ ਤਾਂ ਕਿਤੇ ਦਰੱਖ਼ਤ ਜੜ੍ਹਾਂ ਤੇ ਖੜਦਾ ਏ’ ਜਗੀਰ ਸਿੰਘ ਕਾਹਲੋਂ ਦੀ ਕਵਿਤਾ ਸੀ। ਸੁਖਚਰਨਜੀਤ ਗਿੱਲ ਨੇ ਅਪਣੇ ਅੰਦਾਜ਼ ਵਿੱਚ ‘ਪਿਛਲੇ ਪਹਿਰ ਦਾ ਚੰਨ’ ਗੀਤ ਸੁਣਾਇਆ। ਹਰਭਜਨ ਗਿੱਲ ਨੇ ਪੰਜਾਬ ਦੇ ਸੁਪਨੇ ਲੈਂਦੇ ਪਰਵਾਸੀ ਦੀ ਗੱਲ ਕੀਤੀ। ਡਾ: ਬਲਜਿੰਦਰ ਸੇਖੋਂ ਨੇ ਪੁਨਰ-ਜਨਮ ਨੂੰ ਲੈ ਕੇ ਪਿਰਾਮਿਡਜ਼ ਵਿੱਚ ਬੰਦਿਆਂ ਨਾਲ ਦੱਬੇ ਸਮਾਨ ਦੀ ਗੱਲ ਕੀਤੀ। ਹਰਜੀਤ ਬੇਦੀ ਨੇ ਪਾਖੰਡ ਅਤੇ ਟੈਕਸ ਚੋਰੀ ਦੀ ਗੱਲ ਕਹੀ। ਪ੍ਰੀਤਮ ਅਟਵਾਲ ਨੇ ਇੱਕ ਚੁਟਕਲਾ ਸੁਣਾਇਆ।
  ਪੰਕਜ ਸ਼ਰਮਾ ਦੀ ਕਵਿਤਾ ਸੀ ‘ਰੱਬ ਦੀ ਕੁਦਰਤ ਤੇ ਉਸ ਦੇ ਸਿ਼ੰਗਾਰ ਦਾ ਗੀਤ’। ਗਿਆਨ ਸਿੰਘ ਦਰਦੀ ਨੇ ਯਾਦ ਕਰ ਰਹੀ ਪਤਨੀ ਦੀ ਗੱਲ ਸੁਣਾਈ। ਅਜਮੇਰ ਰੰਧਾਵਾ ਨੇ ਕਾਮੇਡੀ ਵਿੱਚ ਮਾੜੇ ਸ਼ਬਦਾਂ ਬਾਰੇ ਕਵਿਤਾ ਕਹੀ। ਇਕਬਾਲ ਰਾਮੂਵਾਲੀਆਂ ਨੇ ਸੁਰ ਵਿੱਚ ਮੇਕਅੱਪ ਬਾਰੇ ਵਿਅੰਗ ਪੇਸ਼ ਕਰਦਾ ਗੀਤ ਸੁਣਾਇਆ। 
  ਹਰਮੋਹਨ ਛਿੱਬੜ ਨੇ ਸੰਗੀਤ ਬਾਰੇ ਚੁਟਕਲਾ ਸਾਂਝਾ ਕੀਤਾ। ਰਾਜਪਾਲ ਬੋਪਾਰਾਏ ਨੇ ਅਪਣੀ ਬੇਟੀ ਦੀ ਲਿਖੀ ਕਵਿਤਾ ਦਾ ਅਨੁਵਾਦ ਸਾਂਝਾ ਕੀਤਾ। ਅੰਤ ਵਿੱਚ ਕੁਲਵਿੰਦਰ ਖਹਿਰਾ ਨੇ ਆਪਣੀ ਕਵਿਤਾ ‘ਉਨ੍ਹਾਂ ਦਾ ਸ਼ੌਕ ਹਰਦਮ ਸਿਆਸਤ ਖੇਡਦੇ ਰਹਿਣਾ’ ਵਿੱਚ ਅੰਧਵਿਸ਼ਵਾਸਾਂ ਦੀ ਗੱਲ ਕੀਤੀ।
  ਜਰਨੈਲ ਸਿੰਘ ਕਹਾਣੀਕਾਰ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਾਫ਼ਲਾ ਦੀ ਨਵੀਂ ਟੀਮ ਨੂੰ ਵਧਾਈ ਦਿੱਤੀ, ਕਿਤਾਬ ‘ਸੰਗੀਤ ਦੀ ਦੁਨੀਆਂ’ ਬਾਰੇ ਅਪਣੇ ਵਿਚਾਰ ਦੱਸੇ ਕਿ ਪਾਂਧੀ ਜੀ ਨੇ ਧਰਮ, ਜੀਵਨੀਆਂ ਬਾਰੇ ਕਿਤਾਬਾਂ ਲਿਖਣ ਤੋਂ ਬਾਅਦ ਹੁਣ ਸੰਗੀਤ ਬਾਰੇ ਪ੍ਰਭਾਵਸ਼ੈਲੀ ਅਤੇ ਵਿਚਾਰਾਂ ਦੀ ਗਹਿਰਾਈ ਨਾਲ ਇਹ ਕਿਤਾਬ ਲਿਖੀ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤੀਆਂ ਕਵਿਤਾਵਾਂ ਪਾਰੰਪਰਿਕ ਸਨ, ਕਵੀਆਂ ਨੂੰ ਨਵੇਂ ਰੰਗ ਭਰਨ ਦੀ ਕੋਸਿ਼ਸ਼ ਲਈ ਕਹਿ ਕੇ ਮੀਟਿੰਗ ਬਰਖ਼ਾਸਤ ਕੀਤੀ।
  ਇਨ੍ਹਾਂ ਬੁਲਾਰਿਆਂ ਤੋਂ ਇਲਾਵਾ ਗੁਰਦਾਸ ਮਿਨਹਾਸ, ਅਮਰਜੀਤ ਮਿਨਹਾਸ, ਪਤਵੰਤ ਕੌਰ ਪੰਨੂੰ, ਸੁਰਿੰਦਰ ਸੰਧੂ, ਗੁਰਜਿੰਦਰ ਸੰਘੇੜਾ, ਮਨਮੋਹਣ ਗੁਲਾਟੀ, ਬਿਕਰਮਜੀਤ ਗਿੱਲ, ਗੁਰਬਚਨ ਚਿੰਤਕ, ਕੁਲਵੰਤ ਸਿੰਘ ਕਮੋ, ਜਗਤਾਰ ਸਿੰਘ, ਅਲੀ ਅਹਿਮਦ ਸਿੱਦੀਕੀ, ਜੇ ਐੱਸ ਸਹੋਤਾ, ਹਰਚੰਦ ਬਾਸੀ, ਜਸਵਿੰਦਰ ਸੰਧੂ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ ਵੀ ਸ਼ਾਮਿਲ ਹੋਏ। 
  ਵੀਡੀਓ ਦੀ ਜਿ਼ੰਮੇਵਾਰੀ ਕੁਲਵਿੰਦਰ ਖਹਿਰਾ ਅਤੇ ਕੈਮਰੇ ਨਾਲ ਪ੍ਰੋਗ੍ਰਾਮ ਨੂੰ ਰਾਜਪਾਲ ਬੋਪਾਰਾਏ ਕੈਦ ਕਰਦੇ ਰਹੇ। ਸਭ ਨੇ ਚਾਹ ਪਾਣੀ ਦਾ ਅਨੰਦ ਵੀ ਮਾਣਿਆ।

  ਬ੍ਰਜਿੰਦਰ ਗੁਲਾਟੀ