ਖ਼ਬਰਸਾਰ

 •    ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਕਰਵਾਇਆ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
 •    'ਆਲ੍ਹਣੇ ਦੀ ਉਡਾਣ' ਦਾ ਰੀਲੀਜ਼ ਸਮਾਗਮ / ਬੀ ਸੀ ਕਲਚਰਲ ਫਾਊਂਡੇਸ਼ਨ
 •    ਕਾਫਲਾ ਵੱਲੋਂ ‘ਸੰਗੀਤ ਦੀ ਦੁਨੀਆਂ’ ਰਿਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਰਾਸ਼ਟਰੀ ਸੈਮੀਨਾਰ ਦਾ ਆਯੋਜਨ / ਸਾਹਿਤ ਸਭਾ ਪੰਜਾਬੀ ਯੂਨੀਵਰਸਿਟੀ ਪਟਿਆਲਾ
 •    ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
 •    ਇੰਦਰਜੀਤ ਧਾਮੀ ਦੀ ਕਾਵਿ ਪੁਸਤਕ ਰੀਲੀਜ਼ / ਸਾਹਿਤ ਸਭਾ ਦਸੂਹਾ
 •    'ਕਦਮ ਦਰ ਕਦਮ' ਲੋਕ ਅਰਪਣ / ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
 •    ਸੁਖਿੰਦਰ ਦੀਆਂ ਦੋ ਪੁਸਤਕਾਂ ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
 •    ਸਾਹਿਤਕਾਰ ਸਦਨ ਵੱਲੋਂ ਗੁਰਦੀਸ਼ ਕੌਰ ਨਾਲ ਸਾਹਿਤਕ ਮਿਲਣੀ / ਸਾਹਿਤਕਾਰ ਸਦਨ
 •    ਕਹਾਣੀਕਾਰ ਲਾਲ ਸਿੰਘ ਨੂੰ ਸਾਲ 2015 ਲਈ ਵਿਸ਼ੇਸ਼ ਸਨਮਾਨ / ਸਾਹਿਤ ਸਭਾ ਦਸੂਹਾ
 •    ਸਾਹਿਤ ਸਭਾ ਮੁੱਦਕੀ ਵਲੋਂ ਦੂਜਾ ਸਲਾਨਾ ਸਾਹਿਤਕ ਸਮਾਗਮ / ਸਾਹਿਤ ਸਭਾ ਮੁੱਦਕੀ (ਰਜਿ:)
 •    ਗੁਰਬਚਨ ਚਿੰਤਕ ਦੀ ਕਿਤਾਬ "ਜੰਗ ਗੁਰਬਤ ਸੰਗ" ਰਲੀਜ਼ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
 •    ਪੁਸਤਕ 'ਵਿਰਸੇ ਦਾ ਪ੍ਰਵਾਹ' ਲੋਕ ਅਰਪਣ / ਸਿਰਜਣਧਾਰਾ
 • ਸ਼ਾਇਰ ਜਸਵਿੰਦਰ ਤੇ ਡਾ. ਜਸਮਲਕੀਤ ਦਰਸ਼ਕਾਂ ਦੇ ਰੂ ਬ ਰੂ (ਖ਼ਬਰਸਾਰ)


  ਸਰੀ --  ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਹਰ ਮਹੀਨੇ ਦੇ ਤੀਜੇ ਮੰਗਲਵਾਰ ਮਨਾਈ ਜਾਂਦੀ ਕਾਵਿ-ਸ਼ਾਮ ਵਿਚ ਪ੍ਰਸਿੱਧ ਸ਼ਾਇਰ ਜਸਵਿੰਦਰ ਅਤੇ ਡਾ. ਜਸਮਲਕੀਤ ਨੂੰ ਸਰੋਤਿਆਂ ਦੇ ਰੂ ਬ ਰੂ ਹੋਣ ਦਾ ਅਵਸਰ ਮਿਲਿਆ। ਪ੍ਰੋਗਰਾਮ ਦੇ ਆਗਾਜ਼ ਵਿਚ ਸਟੇਜ ਸੰਚਾਲਕ ਮੋਹਨ ਗਿੱਲ ਨੇ ਪ੍ਰੋਗਰਾਮ ਦੀ ਰੂਪ ਰੇਖਾ ਦਸਦਿਆਂ ਦੋਹਾਂ ਸ਼ਾਇਰਾਂ ਅਤੇ ਸਮਾਗਮ ਵਿਚ ਪੁੱਜੇ ਤਮਾਮ ਪੰਜਾਬੀ ਪ੍ਰੇਮੀਆਂ ਦਾ ਸਵਾਗਤ ਕੀਤਾ।    ਉਪਰੰਤ ਜਰਨੈਲ ਸਿੰਘ ਚਿਤ੍ਰਕਾਰ ਨੇ ਪੰਜਾਬੀ ਕਵਿਤਰੀ ਡਾ. ਜਸਮਲਕੀਤ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਰੀਬ ਇਕ ਸਾਲ ਪਹਿਲਾਂ ਹੀ ਕਵਿਤਾ ਉਪਰ ਜ਼ੋਰ-ਅਜਮਾਈ ਸ਼ੁਰੂ ਕੀਤੀ ਹੈ ਪਰ ਉਨ੍ਹਾਂ ਦੀਆਂ ਕਵਿਤਾਵਾਂ ਵਿਚ ਨਾਰੀ ਦੀ ਵੇਦਨਾ ਤੇ ਸੰਵੇਦਨਾ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਡਾ. ਜਸਮਲਕੀਤ ਨੇ ਆਪਣੇ ਕਾਵਿਕ ਸਫਰ ਬਾਰੇ ਦੱਸਿਆ ਕਿ ਬੇਸ਼ੱਕ ਉਨ੍ਹਾਂ ਦਾ ਕਵਿਕ ਸਫਰ ਬਹੁਤ ਲੰਮਾ ਨਹੀਂ ਪਰ ਉਹ ਕਵਿਤਾ ਨਾਲ ਬਚਪਨ ਤੋਂ ਹੀ ਜੁੜੇ ਰਹੇ  ਹਨ ਕਿਉਂਕਿ ਉਨ੍ਹਾਂ ਦੇ ਪਿਤਾ ਕਵੀ ਸਨ ਅਤੇ ਉਨ੍ਹਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਪੜ੍ਹਨ ਦਾ ਅਵਸਰ ਮਿਲਦਾ ਰਿਹਾ। ਉਨ੍ਹਾਂ ਆਪਣੇ ਕਾਵਿਕ ਸਫਰ ਵਿਚ ਆਪਣੇ ਪਤੀ ਵੱਲੋਂ ਮਿਲੇ ਭਰਪੂਰ ਸਹਿਯੋਗ ਦਾ ਵੀ ਜ਼ਿਕਰ ਕੀਤਾ। ਫਿਰ ਉਨ੍ਹਾਂ ਆਪਣੀਆਂ ਕਈ ਕਵਿਤਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚ "ਨੰਨ੍ਹੀ ਛਾਂ, ਵਤਨ-ਵੇ-ਵਤਨ, ਕੋਰਾ ਪੰਨਾ, ਪੱਥਰ ਯੁਗ, ਮਾਂ ਅਤੇ ਹੰਝੂ ਸਨ। ਕਵਿਤਾਵਾਂ ਵਿਚੋਂ ਉਨ੍ਹਾਂ ਦੀ ਚੰਗੇ ਸਮਾਜ ਪ੍ਰਤੀ ਤੜਪ, ਔਰਤ ਦੀ ਅਜ਼ਾਦੀ, ਔਰਤ ਦੀਆਂ ਖਾਹਸ਼ਾਂ, ਉਮੰਗਾਂ ਤੇ ਨਾਰੀ ਸੰਵੇਦਨਾ ਦਾ ਬਾਖੂਬੀ ਝਲਕਾਰਾ ਮਿਲਿਆ। 
    ਦੂਜੇ ਸ਼ਾਇਰ ਜਸਵਿੰਦਰ ਨੂੰ ਪੇਸ਼ ਕਰਦਿਆਂ ਮੋਹਨ ਗਿੱਲ ਨੇ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਕਿ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਹੁਣ ਪੱਕੇ ਤੋਰ 'ਤੇ  ਕੈਨੇਡਾ ਵਾਸੀ ਬਣ ਗਏ ਹਨ। ਸਮੂਹ ਪੰਜਾਬੀ ਲੇਖਕਾਂ, ਪਾਠਕਾਂ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਜਸਵਿੰਦਰ ਦੀ ਸ਼ਾਇਰੀ ਬਾਰੇ ਹਰ ਪੰਜਾਬੀ ਪਾਠਕ ਜਾਣਦਾ ਹੈ। ਉਨ੍ਹਾਂ ਦੀਆਂ ਤਿੰਨ ਕਵਿ-ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ। 'ਕੱਕੀ ਰੇਤ ਦੇ ਵਿਰਕੇ', ਕਾਲ਼ੇ ਹਰਫਾਂ ਦੀ ਲੋਅ' ਤੇ 'ਅਗਰਬੱਤੀ'। ਉਨ੍ਹਾਂ ਦੇ ਗ਼ਜ਼ਲ ਸੰਗ੍ਰਹਿ 'ਅਗਰਬੱਤੀ' ਨੂੰ ਪਿਛਲੇ ਸਾਲ ਭਾਰਤੀ ਸ਼ਾਹਿਤ ਅਕੈਡਮੀ ਪੁਰਸਕਾਰ ਮਿਲਣ ਦਾ ਮਾਣ ਹਾਸਲ ਹੋਇਆ ਹੈ। ਇਸ ਤੋਂ ਬਿਨਾਂ ਇਨ੍ਹਾਂ ਨੂੰ ਹੋਰ ਅਨੇਕਾਂ ਸੰਸਥਾਵਾਂ ਵੱਲੋਂ ਵੀ ਮਾਣ ਸਨਮਾਣ ਪ੍ਰਾਪਤ ਹੋ ਚੁੱਕੇ ਹਨ।
    ਉਪਰੰਤ ਜਸਵਿੰਦਰ ਨੇ ਆਪਣੀ ਕਲਮ ਦੇ ਸਫਰ ਬਾਰੇ ਵਿਸਥਾਰ ਵਿਚ ਦਸਦਿਆਂ ਕਿਹਾ ਕਿ ਉਨ੍ਹਾਂ ਛੇਵੀਂ ਸੱਤਵੀਂ ਵਿਚ ਸਾਹਿਤਕ ਪੁਸਤਕਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਸਕੂਲ ਦੀ ਲਾਇਬ੍ਰੇਰੀ ਵਿਚ ਪਈਆਂ ਸੈਂਕੜੇ ਪੁਸਤਕਾਂ ਉਨ੍ਹਾਂ ਛੋਟੀ ਉਮਰ ਵਿਚ ਹੀ ਪੜ੍ਹ ਲਈਆਂ ਸਨ। ਇਹ ਪੁਸਤਕਾਂ ਹੀ ਉਨ੍ਹਾਂ ਦੀ ਲੇਖਣੀ ਦਾ ਅਧਾਰ ਬਣੀਆਂ। ਉਨ੍ਹਾਂ ਸਰੋਦੀ ਕਵਿਤਾ ਵੀ ਲਿਖੀ, ਗੀਤ ਵੀ ਲਿਖੇ ਪਰ ਜਦੋਂ ਉਨ੍ਹਾਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਜਗਤਾਰ, ਮੀਸ਼ਾ ਤੇ ਸੁਰਜੀਤ ਪਾਤਰ ਦੀਆਂ ਗ਼ਜ਼ਲਾਂ ਪੜ੍ਹੀਆਂ ਤਾਂ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਹੁਤ ਵਿਸ਼ਾਲ ਹੋਇਆ ਅਤੇ ਰੁਝਾਨ ਗ਼ਜ਼ਲ ਲਿਖਣ ਵੱਲ ਹੋ ਗਿਆ। ਉਸਤਾਦ ਸ਼ਾਇਰ ਦੀਪਕ ਜੈਤੋਈ ਦੀ ਪੁਸਤਕ 'ਗ਼ਜ਼ਲ ਕੀ ਹੈ' ਪੜ੍ਹ ਕੇ ਗ਼ਜ਼ਲ ਦੇ ਰੂਪਕ ਪੱਖ ਬਾਰੇ ਵੀ ਸੋਝੀ ਹੋਈ। ਇਸ ਮੌਕੇ ਜਸਵਿੰਦਰ ਨੇ ਆਪਣੀਆਂ ਕੁਝ ਗ਼ਜ਼ਲਾਂ ਪੇਸ਼ ਕੀਤੀਆਂ, ਜਿਨ੍ਹਾਂ ਦੇ ਹਰ ਇਕ ਸ਼ਿਅਰ ਨੇ ਸਰੋਤਿਆਂ ਦੇ ਮਨਾਂ ਨੂੰ ਟੁੰਬਿਆ। ਉਨ੍ਹਾਂ ਦੇ ਕੁਝ ਸ਼ਿਅਰ ਹਾਜ਼ਰ ਹਨ;
  • ਅੱਜ ਵੀ ਕੱਟ ਸਕਿਆ ਨਾ ਮੋਹ-ਜਾਲ਼ ਤੇ ਹਰਨਾ ਪਿਆ
    ਅੱਜ  ਵੀ  ਮੈਨੂੰ  ਬੁੱਧ  ਹੋਣਾ  ਮੁਲਵੀ  ਕਰਨਾ  ਪਿਆ
  • ਜ਼ਿੰਦਗੀ ਦੀ  ਵਾਟ ਹੈ ਰੰਗੀਨ ਵੀ ਗ਼ਮਗੀਨ ਵੀ
     ਪੈਰ ਇਕ ਫੁੱਲਾਂ ਤੇ ਦੂਜਾ ਕੱਚ 'ਤੇ ਧਰਨਾ ਪਿਆ
  • ਚਿੜੀ ਦੀ ਚੁੰਝ ਡੁੱਬੀ ਤਾਂ ਕਰੀ ਲਹਿਰਾਂ ਨੇ ਪ੍ਰਕਰਮਾ
    ਲਹੂ ਲਿੱਬੜੀ ਛੁਰੀ ਡੁੱਬੀ ਤਾਂ ਪੱਥਰ ਹੋ ਗਿਆ ਪਾਣੀ
  • ਨਮੋਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ
    ਚਲੋ ਹੁਣ ਫਾਲਤੂ ਚੀਜ਼ਾਂ ਦਾ ਰੂਹ ਤੋਂ ਭਾਰ ਲਾਹ ਦੇਈਏ
  • ਚੰਗਾ ਸੀ ਜੇ ਚੁੱਪ ਦੀ ਭਾਸ਼ਾ ਵਿਚ ਗੱਲ ਕਹਿ ਲੈਂਦਾ
  ਮੂਹੋਂ ਬੋਲਣ ਸਾਰ ਮੇਰੇ ਸ਼ਬਦਾਂ ਦੇ ਅਰਥ ਗੁਆਚ ਗਏ
  • ਬਾਹਰ ਹੀ ਰੁਕ ਜਾਓ ਕਿਰਨੋ! ਅੰਦਰ ਤਾਂ ਵਿਦਵਾਨ ਅਜੇ
  ਚਾਨਣ ਦੀ ਪਰਿਭਾਸ਼ਾ ਲਭਦੇ, ਬੈਠ ਕਿਤਾਬਾਂ ਫੋਲ ਰਹੇ
   ਇਸ ਪ੍ਰੋਗਰਾਮ ਵਿਚ ਪੰਜਾਬ ਤੋਂ ਆਏ ਨਾਮਵਰ ਗੀਤਕਾਰ ਅਲਮਸਤ ਦੇਸਰਪੁਰੀ ਵੀ ਸਰੋਤਿਆਂ ਦੇ ਸਨਮੁਖ ਹੋਏ ਤੇ ਆਪਣੀ ਇਕ ਕਵਿਤਾ ਪੇਸ਼ ਕੀਤੀ। 
    ਇਸ ਕਾਵਿ-ਸ਼ਾਮ ਦੀ ਮਹਿਫਲ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਸਿੰਘ, ਜਰਨੈਲ ਸਿੰਘ ਸੇਖਾ, ਨਦੀਮ ਪਰਮਾਰ, ਅਜਮੇਰ ਰੋਡੇ, ਸੁਰਜੀਤ ਕਲਸੀ, ਪ੍ਰੋ. ਸ਼ਾਹਿਬ ਸਿੰਘ, ਮਨਜੀਤ ਕੰਗ, ਅੰਗ੍ਰੇਜ਼ ਬਰਾੜ, ਹਰਦਮ ਸਿੰਘ ਮਾਨ, ਸੁਰਿੰਦਰ ਚਾਹਲ, ਕੁਲਵਿੰਦਰ ਕੁਲਾਰ, ਗੁਰਚਰਨ ਟੱਲੇਵਾਲੀਆ, ਸੁਰਿੰਦਰ ਸਹੋਤਾ, ਨਿਰਮਲ ਗਿੱਲ, ਅਮਰਜੀਤ ਕੌਰ ਸ਼ਾਂਤ, ਅਮਰਜੀਤ ਸਿੰਘ ਰੈਣਾ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ ਬਾਗੜੀ, ਪ੍ਰਮਜੀਤ ਸਿੰਘ ਸੇਖੋਂ, ਅਵਤਾਰ ਕੌਰ ਰੈਂਚਿ ਅਤੇ ਕਈ ਹੋਰ ਸ਼ਖਸੀਅਤਾਂ ਨੇ ਇਸ ਕਾਵਿ ਮਹਿਫਲ ਦਾ ਅਨੰਦ ਮਾਣਿਆ। 

  ਹਰਦਮ ਸਿੰਘ ਮਾਨ