An error has occurred. Error: is currently unavailable.

An error has occurred. Error: is currently unavailable.

An error has occurred. Error: is currently unavailable.

An error has occurred. Error: is currently unavailable.

ਕਾਲੇ ਦਿਨਾਂ ਦੀ ਦਾਸਤਾਂ (ਪਿਛਲ ਝਾਤ )

ਨਾਇਬ ਸਿੰਘ ਬੁੱਕਣਵਾਲ   

Email: naibsingh62708@gmail.com
Cell: +91 94176 61708
Address: ਪਿੰਡ ਬੁੱਕਣਵਾਲ ਤਹਿ: ਮਲੇਰਕੋਟਲਾ
ਸੰਗਰੂਰ India
ਨਾਇਬ ਸਿੰਘ ਬੁੱਕਣਵਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ੧੯੯੦ ਦੇ ਦਿਨਾਂ ਦੀ  ਹੈ। ਮੈਂ ਉਸ ਸਮੇਂ ਦਸਵੀਂ ਜਮਾਤ ਦਾ ਇਮਿਤਹਾਨ ਪਾਸ ਕੀਤਾ ਸੀ।ਅਖ਼ਬਾਰ ਪੜ੍ਹਨ ਦਾ ਸ਼ੌਕ ਸੀ। ਪਰ ਉਹਨਾਂ ਦਿਨਾਂ ਵਿੱਚ ਫਿਲਮੀ ਅੰਕ ਜ਼ਿਆਦਾ ਪੜ੍ਹਿਆ ਕਰਦਾ ਸੀ। ਬਰਨਾਲੇ ਦੇ ਨੇੜੇ ਪੈਂਦੇ ਪਿੰਡ ਖੁੱਡੀ ਕਲਾਂ ਦੇ ਇੱਕ ਪੱਤਰਕਾਰ ਵੀਰ ਨਾਲ ਜੋ ਫਿਲਮੀ ਹੀਰੋ –ਹੀਰੋਇਨਾਂ  ਬਾਰੇ ਲਿਖਿਆ ਕਰਦੇ ਸਨ। ਉਹਨਾਂ ਨਾਲ ਚਿੱਠੀ ਪੱਤਰ ਸ਼ੁਰੂ ਹੋ ਗਿਆ। ਉਹ ਵੀਰ ਜੀ ਆਪ ਤਾਂ ਮੇਰੇ ਪੱਤਰਾਂ ਦਾ ਜਵਾਬ ਨਹੀਂ ਦਿੰਦੇ ਸਨ, ਪਰ ਉਹਨਾਂ ਦਾ ਇੱਕ ਸਹਾਇਕ ਵੀਰ ਦਰਦੀ ਜੀ ਮੇਰੀਆਂ ਚਿੱਠੀਆਂ ਦਾ ਜਵਾਬ ਦਿਆ ਕਰਦੇ ਸਨ। ਉਸ ਸਮੇਂ ਤਾਂ ਇਹਨੀ ਵੀ ਜਾਣਕਾਰੀ ਨਹੀਂ ਸੀ ਕਿ ਜੇ ਕਿਸੇ ਨੂੰ ਚਿੱਠੀ ਪਾਉਣੀ ਹੈ ਤਾਂ ਉਸ ਤੇ ਟਿਕਟਾਂ ਲਗਦੀਆਂ ਹਨ। ਮੈਂ ਉਹਨਾਂ ਨੂੰ ਬੈਰੰਗ ਚਿੱਠੀ ਹੀ ਪਾ ਦਿੰਦਾ ਸੀ। ਉਹਨਾਂ ਨੇ ਮੈਂਨੂੰ ਦੱਸਿਆ ਕਿ ਪੋਸਟ ਕਾਰਡ ਤੇ ਲਿਖ ਕੇ ਪਾਇਆ ਕਰੋ, ਉਸ ਸਮੇਂ ਪੋਸਟ ਕਾਰਡ ੨੫ ਪੈਸੇ ਦੀ ਮਿਲਦਾ ਸੀ। ਮੈਂ ਮਾਲੇਰਕੋਟਲੇ ਤੋਂ ੧੦੦ ਪੋਸਟ ਕਾਰਡ ਖਰੀਦ ਲਿਆਇਆ। ਜਿਸ ਨਾਲ ਸਾਡਾ ਚਿੱਠੀ ਪੱਤਰ ਕਾਫੀ ਸਮਾਂ ਚਲਦਾ ਰਿਹਾ।
ਦਰਦੀ ਜੀ, ਮੈਨੂੰ ਬਹੁਤ ਸੇਧ ਦਿੱਤੀ। ਉਹਨਾਂ ਤੇ ਮੈਨੂੰ ਕਈ ਵਾਰ ਖੁੱਡੀ ਕਲਾਂ ਵਿਖੇ ਆਉਣ ਲਈ ਵੀ ਕਿਹਾ ਪਰ ਮੇਲ ਨਾ ਹੋ ਸਕਿਆ। ਫੇਰ ਇੱਕ ਦਿਨ ਉਹਨਾਂ ਨੇ ਮੈਨੂੰ ਫਿਲਮੀ ਅੰਕਾਂ ਦੇ ਨਾਲ ਨਾਲ ਸਾਹਿਤ ਪੜ੍ਹਿਆ ਕਰ, ਉਹਨਾਂ ਨੇ ਮੈਨੂੰ ਦੱਸਿਆ  ਕਿ ਸ਼ੇਰਪੁਰ ਦੀ ਸਾਹਿਤ ਸਭਾ ਸੰਤ ਰਾਮ ਉਦਾਸੀ ਦੀ ਯਾਦ ਵਿੱਚ ਪਿੰਡ ਕਾਲਾਬੂਲਾ ਜੋ ਸ਼ੇਰਪੁਰ ਦੇ ਨਾਲ ਹੀ ਪੈਂਦਾ ਹੈ ਵਿਖੇ ਇੱਕ ਸਾਹਿਤਕ ਸਮਾਗਮ ਕਰਵਾ ਰਹੀ ਹੈ।ਜਿਸ ਵਿੱਚ ਇੱਕ ਪ੍ਰਸ਼ਨ-ਉੱਤਰ ਮੁਕਾਬਲਾ ਕਰਵਾਇਆ ਜਾਣਾ ਹੈ।ਇਸ ਸਬੰਧੀ ਸਿਲੇਬਸ ਨਿਰਧਾਰਤ ਹੈ। ਇਸ ਸਬੰਧੀ ਉਹਨਾਂ ਨੇ ਮੈਂਨੂੰ ਕੁੱਝ ਕਿਤਾਬਾਂ ਦਿੱਤੀਆਂ ਅਤੇ ਕੁੱਝ ਖਰੀਦਣ ਲਈ ਕਿਹਾ, ਇਹ ਕਿਤਾਬਾਂ ਪੜ੍ਹ ਕੇ ਇਹਨਾਂ ਵਿੱਚੋਂ ਹੀ ਪ੍ਰਸ਼ਨ ਆਉਣਗੇ । ਜੇਕਰ ਤੁਸੀਂ ਕੋਈ ਸਥਾਨ ਹਾਸਿਲ ਕਰ ਲਿਆ ਤਾਂ ਕੋਈ ਨਾ ਕੋਈ ਇਨਾਮ ਜਰੂਰ ਮਿਲੂ।
ਮੈਂ ਕਿਤਾਬਾਂ ਤੋਂ ਤਿਆਰੀ ਕਰ ਦਿੱਤੀ । ਮੈਨੂੰ ਇਸ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਹੋਇਆ ਅਤੇ ਮੇਰੇ ਲਈ ਇਹ ਪਹਿਲਾ ਸਮਾਗਮ ਸੀ । ਜਿਸ ਵਿੱਚ ਬੜੀ ਰੌਣਕ ਸੀ ਅਤੇ ਮੈਨੂੰ ਇਸ ਸਮਾਗਮ ਵਿੱਚ ਦਸ ਕਿਤਾਬਾਂ ਦਾ ਸੈੱਟ ਇਨਾਮ ਵਜੋਂ ਪ੍ਰਾਪਤ ਹੋਇਆ।
ਗਰਮੀ ਦੇ ਦਿਨ ਸਨ। ਸਮਾਗਮ ਲਗਭਗ ਤਿੰਨ ਚਾਰ ਵਜੇ ਸਮਾਪਤ ਹੋਇਆ, ਮੈਂ ਸ਼ੇਰਪੁਰ ਤੋਂ ਦੇ ਪੁਰਾਣੇ ਬਸ ਅੱਡੇ ਤੋਂ ਆਪਣੇ ਪਿੰਡ ਬੁੱਕਣਵਾਲ ਲਈ ਬਸ ਵਿੱਚ ਬੈਠ ਗਿਆ ਜੋ ਤਰਕਰੀਬਨ ੨੦ ਕੁ ਕਿਲੋਮੀਟਰ ਦੀ ਦੂਰੀ ਤੇ ਸੀ।
ਫਹਿਤਗੜ੍ਹ ਪੰਜਗਰਾਈਆਂ ਦੇ ਬਸ ਅੱਡੇ ਤੇ ਆਕੇ ਬਸ ਜਿਉਂ ਹੀ ਰੁੱਕੀ, ਦਗੜ-ਦਗੜ ਕਰਦੇ ਮਿਲਟਰੀ ਵਾਲੇ ਬਸ ਵਿੱਚ ਚੜ੍ਹ ਗਏ ਅਤੇ ਸਾਰੀ ਬਸ ਨੂੰ ਘੇਰਾ ਪਾ ਲਿਆ।ਚਾਰ ਪੰਜ ਮਿਲਟਰੀ ਵਾਲੇ ਅਗਲੀ ਤਾਕੀ ਅਤੇ ਚਾਰ ਪੰਜ ਪਿਛਲੀ ਤਾਕੀ ਰਾਹੀਂ ਬੱਸ ਵਿੱਚ ਚੜ੍ਹ ਗਏ। ਉਹਨਾਂ ਸਾਰੀਆਂ ਸਵਾਰੀਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਉਹਨਾਂ ਦੀ ਫੁਰਤੀ ਅਤੇ ਜਲਦੀ ਜਲਦੀ ਤਲਾਸ਼ੀ ਨੇ ਸਾਰੀ ਬਸ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।ਬਸ ਵਿੱਚ ਸਵਾਰ ਬੱਚਿਆਂ ਨੇ ਡਰ ਕੇ ਚੀਕ ਚਿਹਾੜਾ ਸ਼ੁਰੂ ਕਰ ਦਿੱਤਾ। ਉਹ ਸਭ ਦੇ ਝੋਲੇ, ਪਰਸ, ਪੱਗਾਂ, ਸ਼ੀਟਾਂ ਦੇ ਥੱਲੇ –ਉੱਪਰ ਪੂਰੀ ਤਰ੍ਹਾਂ ਤਲਾਸ਼ੀ ਲੈ ਰਹੇ ਸਨ।
ਇੱਕ ਮਿਲਟਰੀ ਵਾਲਾ ਸਿਪਾਹੀ ਮੇਰੀ ਸੀਟ ਦੇ ਨੇੜੇ ਆ ਕੇ ਕਹਿਣ ਲੱਗਾ, " ਇਸ ਮੇਂ ਕਿਆ ਹੈ, ਕਹਾ ਜਾਨਾਂ ਹੈ ? ਕਿਧਰ ਸੇ ਆਏ ਹੋ ? ਕਿਆ ਕਰਤੇ ਹੋ ? ਉਸ ਦੇ ਸਵਾਲਾਂ ਦੀ ਝੜੀ ਨੇ ਮੇਰੇ ਤਾਂ ਹੋਸ਼ ਹੀ ਉਡਾ ਦਿੱਤੇ। ਮੈਂ ਮੇਰੇ ਵੱਡੇ ਭਰਾ ਤੋਂ ਸੁਣ ਰੱਖਿਆ ਸੀ ਕਿ ਇਹ ਮਿਲਟਰੀ ਵਾਲੇ  ਗੋਲੀ ਮਾਰਨ ਲੱਗਿਆ ਘੱਟ ਹੀ ਘੋਲ ਕਰਦੇ ਨੇ। 
ਮੇਰਾ ਵੱਡਾ ਭਰਾ ਜੋ ਦਿੱਲੀ ਵਿਖੇ ਡਰਾਈਵਰੀ ਕਰਦਾ ਸੀ ।ਉਸ ਸਮੇਂ ਉਹਜੋ ੮੪ ਦੇ ਦੰਗਿਆਂ ਦੀ ਲਪੇਟ 'ਚ ਆ ਗਿਆ ਸੀ। ਪਰ ਉਹ ਸਾਰੇ ਡਰਾਈਵਰ ਆਪਣੇ ਮਾਲਕ ਦੇ ਘਰ ਇੱਕਠੇ ਹੋ ਗਈ ਸੀ।ਭਰਾ ਦੱਸਦਾ ਹੁੰਦਾ ਸੀ ਕਿ ਇੱਕ ਰਾਤ ਕਿਸ ਤਰ੍ਹਾਂ ਮਿਲਟਰੀ ਵਾਲੇ ਉਹਨਾਂ ਨੂੰ ਮਾਲਕ ਦੇ ਘਰੋ  ਫੜ੍ਹ ਕੇ ਲੈ ਗਏ ਅਤੇ ਉਹਨਾਂ ਦੀਆਂ ਪਿੱਛੇ ਬੰਨ ਕੇ ਇੱਕ ਦੂਰ ਜੰਗਲ ਵਿੱਚ ਛੱਡ ਦਿੱਤਾ। ਜਿੱਥੇ ਉਹਨਾਂ ਦੀ ਮਸਾਂ ਮਸਾਂ ਜਾਨ ਬਚੀ ਸੀ ।
ਮੈਂ ਮਿਲਟਰੀ ਵਾਲੇ ਸਿਪਾਹੀ ਦੇ ਕਿਸੇ ਵੀ ਸਵਾਲ ਦਾ ਜੁਆਬ ਨਾ ਦੇ ਸਕਿਆ। ਉਸ ਨੇ ਮੈਂਥੋ ਝੋਲਾ ਫੜ੍ਹ ਕੇ ਜਿਸ ਵਿੱਚ ਕਿਤਾਬਾਂ ਸਨ। ਬਸ ਤੋਂ ਬਾਹਰ ਵਗਾਹ ਮਾਰਿਆ, ਸਾਰੀਆਂ ਕਿਤਾਬਾਂ ਖਿਲਰ ਗਈਆਂ। ਹੱਥ ਉਪਰ ਕਰਕੇ ਮੈਂਨੂੰ ਬਸ ਤੋਂ ਥੱਲੇ ਉਤਰਨ ਲਈ ਕਿਹਾ।
"ਸਾਹਬ, ਇਸ ਕੇ ਪਾਸ ਸੇ ਯੇ ਮਿਲਾ ਹੈ" ਮਿਲਟਰੀ ਵਾਲੇ ਨੇ ਆਪਣਾ ਸਰੀਰ ਤਣਦੇ ਹੋਏ ਕਿਹਾ।
" ਕਿਆ ਹੈ, ਇਸ ਮੇਂ, ਕਹਾਂ ਸੇ ਆਏ ਹੋ ? ਕਹਾਂ ਜਾਨਾ ਹੈ ? ਕਿਆ ਕਰਤੇ ਹੋ ? ਬਤਾਉ!" ਉਸ ਦੀ ਉੱਚੀ ਅਵਾਜ਼ ਸੁਣ ਕੇ ਸਾਰੇ ਅੱਡੇ ਵਾਲਿਆ ਦਾ ਧਿਆਨ ਮੇਰੇ ਤੇ ਕੇਦਰਿਤ ਹੋ ਗਿਆ।
" ਮੈਂ ਜੀ ਇੱਕ ਸਮਾਗਮ ਤੋਂ ਆਇਆ ਹਾਂ, ਕਾਲੇ ਬੂਲੇ ਪਿੰਡ ਜੋ ਸ਼ੇਰਪੁਰ ਕੋਲ ਹੈ। ਇਹ ਕਿਤਾਬਾਂ ਮੈਂਨੂੰ ਉੱਥੇ ਮਿਲੀਆ ਹਨ" ਮੈਂ ਆਪਣੇ ਹੰਝੂ ਪੂਝਦੇ ਹੋਏ ਨੇ ਕਾਲੀ ਐਂਨਕ ਅਤੇ ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਮਿਲਟਰੀ ਮੈਨ ਨੂੰ ਕਿਹਾ ਜੋ ਉਹਨਾਂ ਦਾ ਅਫ਼ਸਰ ਸੀ।
" ਡਰੋ ਮਤ! ਹਮ ਆਪ ਸੇ ਪੁਛਤੇ ਹੈ, ਬੋ ਹਮੇ ਬਤਾਉ, ਹਿੰਦੀ ਆਤੀ ਹੈ" ਉਸ ਨੇ ਮੇਰੀ ਹਾਲਤ ਦੇਖਦੇ ਹੋਏ ਕਿਹਾ।
" ਜੀ ਥੋੜ੍ਹੀ ਬੋਲ ਲੈਦਾ ਹਾਂ" ਮੈਂ ਕਿਤਾਬਾਂ ਵਲ ਨਜ਼ਰ ਮਾਰਦੇ ਕਿਹਾ ਜੋ ਉਸ ਦੇ ਟੇਬਲ ਤੇ ਸਿਪਾਹੀ ਨੇ ਲਿਆ ਕੇ ਰੱਖ ਦਿੱਤੀਆਂ ਸਨ ਅਤੇ ਉਹ ਸੰਤ ਰਾਮ ਉਦਾਸੀ ਦੀ ਕਿਤਾਬ 'ਚਹੁੰ ਨੁੱਕਰੀਆਂ ਸੀਖਾਂ" ਨੂੰ ਦੇਖ ਰਿਹਾ ਸੀ।
ਪੂਰਾ ਇੱਕ ਘੰਟਾ ਉਹ ਮੇਰੇ ਕੋਲੋ ਪੁੱਛ ਗਿੱਛ ਕਰਦਾ ਰਿਹਾ । ਸਾਰੇ ਪੰਜਗਰਾਈਆਂ ਅੱਡੇ ਤੇ ਬਸ ਵਾਲੇ ਲੋਕ ਮੁੰਹ ਵਿੱਚ ਉਂਗਲਾਂ ਪਾਈ ਦੇਖਦੇ ਰਹੇ ਕਿ ਪਤਾ ਨੀਂ ਇਹ ਮੁੰਡੇ ਨੇ ਕੀ ਕੀਤਾ ਹੋਵੇਗਾ। ਉਸ ਨੇ ਸਮਾਗਮ ਬਾਰੇ ਪੁੱਛਿਆ, ਉੱਥੇ ਕੀ ਹੋਇਆ ? ਕਿਸ ਪ੍ਰਕਾਰ ਦੀਆਂ ਗੱਲਾਂ ਕਰਦੇ ਸੀ ਉੱਥੇ ? ਉੱਥੇ ਕੌਣ ਕੌਣ ਆਏ ਸਨ, ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਸਨ।
ਫਿਰ ਇੱਕ ਮਿਲਟਰੀ ਵਾਲੇ ਉਸ ਦੇ ਕੰਨ ਵਿੱਚ ਆ ਕੇ ਕੁੱਝ ਕਿਹਾ। ਉਸ ਤੋਂ ਬਾਅਦ ਉਸ ਨੇ ਮੈਨੂੰ ਅਤੇ ਬਸ ਨੂੰ ਅਜ਼ਾਦ ਕੀਤਾ, ਮੈਂ ਝਟ ਦੇਣੇ ਬਸ ਵਿੱਚ ਜਾ ਬੈਠਾ, ਸਾਰੀਆਂ ਸਵਾਰੀਆਂ ਮੈਂਥੋ ਪੁੱਛਣ, " ਵੇ ਕਾਕਾ ! ਕੀ ਗੱਲ ਸੀ। ਤੈਂਨੂੰ ਇਹਨਾਂ ਨੇ ਕਿਉਂ ਬਿਠਾਈ ਰੱਖਿਆ?" ਮੈਨੂੰ ਤਾਂ ਆਪ ਨੀਂ ਜੀ ਪਤਾ ਇਹ ਕਹਿ ਕੇ ਮੈਂ ਸਵਾਰੀਆਂ ਦਾ ਮੂੰਹ ਬੰਦ ਕਰ ਦਿੱਤਾ।ਉਸ ਦਿਨ ਦੀ ਦਾਸਤਾਂ ਜਦੋ ਵੀ ਯਾਦ ਆਉਂਦੀ ਹੈ, ਦਿਲ ਠਠੰਬਰ ਜਾਂਦਾ ਹੈ।
ਅੱਜ ਪਤਾ ਚਲਦਾ ਹੈ ਕਿ ਉਹਨਾਂ ਨੇ ਮੈਨੂੰ ਕਿਉਂ ਬਿਠਾਈ ਰੱਖਿਆ ਸੀ,ਕਿਉਂ ਕਿ ਉਹਨਾਂ ਨੂੰ ਮੇਰੇ ਉੱਪਰ ਕੋਈ ਗੰਭੀਰ ਸ਼ੱਕ ਹੋ ਗਈ ਸੀ। ਕਿਉਂ ਕਿ ਇੱਕ ਤਾਂ ਚੜ੍ਹਦੀ ਉਮਰ , ਦੂਜਾ ਪੀਲੇ ਰੰਗ ਦਾ ਗੋਲ ਸਿਰ ਤੇ ਪਰਨਾ, ਤੀਜਾ ੧੨-੧੫ ਕਿਤਾਬਾਂ ਦਾ ਮੰਡਲ । ਉਹਨਾਂ ਮਿਲਟਰੀ ਵਾਲਿਆਂ ਨੂੰ ਮੇਰੇ ਪ੍ਰਤੀ ਕਾਲੇ ਦਿਨਾਂ ਦੇ ਪ੍ਰਛਾਵੇਂ ਵਿੱਚ ਕੋਈ ਗਹਿਰਾ ਭੁਲੇਖਾ ਪਾ ਰਿਹਾ ਸੀ। ਜਿਸ ਨੇ ਮੇਰੀ ਇੱਕ ਘੰਟੇ ਤੋਂ ਵੀ ਜ਼ਿਆਦਾ ਜਾਨ ਕੜਕੀ ਵਿੱਚ ਕਰਕੇ ਰੱਖੀ ਸੀ।