ਉਦਾਸ ਫਿਜ਼ਾ (ਕਹਾਣੀ)

ਰਵੀ ਸਚਦੇਵਾ    

Email: ravi_sachdeva35@yahoo.com
Cell: +61 449 965 340
Address:
ਮੈਲਬੋਰਨ Australia
ਰਵੀ ਸਚਦੇਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਮੇਰੀ ਮੀਂਹ ਦੀ ਝੜੀ ਦੇ ਥੰਮ੍ਹ ਜਾਣ ਤੋਂ ਬਾਅਦ, ਚੜ੍ਹਦੇ ਪੰਜਵੇਂ ਦੀ ਤੜ੍ਹਕੇ, ਤ੍ਰੇਲ ਦੀ ਚਾਦਰ ਹਰ ਪਾਸੇ ਖਿੰਡੀ ਹੋਈ ਸੀ। ਠੰਢ ਬੀਤੇ ਦਿਨ ਨਾਲੋਂ ਅੱਜ ਭੋਰਾ ਘੱਟ ਸੀ। ਪਰ ਚਾਲ ਫਿਰ ਵੀ ਮੱਠੀ ਸੀ। ਲੋਕ ਢਿੱਲੇ-ਢਿੱਲੇ ਕਦਮ ਪੁੱਟਦੇ ਕੰਮ-ਧੰਦਿਆਂ ਦੇ ਜਾ ਰਹੇ ਸਨ। ਪਰ ਧੀਰੋ ਕਾਹਲੇ ਕਦਮੀ ਵਾਹੋਦਾਹੀ ਬੱਸ ਅੱਡੇ 'ਤੋਂ ਗਰਲ ਪੀ.ਜੀ (ਪੇਇੰਗ ਗੈਸਟ) ਵੱਲ ਜਾਂ ਰਹੀ ਸੀ।  ਆਪਣੀ ਧੀ ਨੂੰ ਬਥੇਰੇ ਸਮੇਂ ਪਿੱਛੋਂ ਮਿਲਣ ਦੀ ਉਤਸੁਕਤਾ ਉਹਦੀਆਂ ਬਰਫ਼ ਵਰਗੀਆਂ ਠੰਢੀਆਂ ਗੱਲ੍ਹਾਂ ਨੂੰ ਨਿੱਘ ਦੇ ਰਹੀ ਸੀ। ਸਵਾ ਨੌਂ ਦੇ ਕਰੀਬ ਉਹ ਪੀ.ਜੀ ਪਹੁੰਚੀ। ਰਿਸੈਪਸ਼ਨਿਸਟ ਨੇ ਉਹਨੂੰ ਉਹਦੀ ਧੀ ਦਾ ਕਮਰਾ ਸਮਝਾ ਕੇ ਤੋਰ ਦਿੱਤਾ। ਕਮਰਾ ਤਲਾਸ਼ ਕੇ ਉਨ੍ਹੇ ਬੂਹਾ ਖੜਕਾਇਆਂ। ਰੂਮ-ਮੇਟ ਤਿੰਨਾਂ ਸਹਿਪਾਠਣਾਂ 'ਚੋ ਉਹਦੀ ਧੀ ਨੇ ਹੀ ਬੂਹਾ ਖੋਲਿਆਂ।
-"ਮਾਂ ਤੂੰ......?"  ਮਾਂ ਨੂੰ ਵੇਖਦੇ ਹੀ ਧੀ ਨੇ ਉਹਦੀ ਬਾਂਹ ਫੜ੍ਹੀ ਤੇ ਕੰਟੀਨ ਵੱਲ ਖਿੱਚ ਕੇ ਲੈ ਗਈ।
-"ਮਾਂ ਐਥੇ  ਕੀ ਕਰਨ ਆਈ ਏ ਤੂੰ, ਤੈਂਨੂੰ ਪਤਾ ਹੀ ਹੈ ਕਿ ਅਗਲੇ ਮਹੀਨੇ ਮੈਂਨੂੰ ਛੁੱਟੀਆਂ ਨੇ, ਮੈਂ ਖ਼ੁਦ ਤੈਂਨੂੰ ਮਿਲਣ ਆ ਜਾਂਦੀ"।
-"ਬੇਗਾਨਗੀ ਭਰੇ ਤੇਰੇ ਇਸ ਵਤੀਰੇ ਦੇ ਬੇਰੁਖੇ ਪਨ ਨਾਲੋਂ ਮੈਂਨੂੰ ਬਹੁਤੇਰੀ ਖੁਸ਼ੀ ਤੇਰਾ ਮੁਖ ਦੇਖ ਕੇ ਹੋਈ ਏ ਧੀਏ। ਤੈਂਨੂੰ ਸ਼ਾਇਦ ਇਹ ਖੁਸ਼ੀ ਮਹਿਸੂਸ ਨਾ ਹੋਈ ਹੋਵੇ। ਤੇਰੇ ਸਹਾਰੇ ਹੀ ਤਾਂ ਚੱਲਦੇ ਨੇ ਮੇਰੇ ਏਹ ਸਾਹ। 'ਤੇ ਹੁਣ ਤੂੰ ਕਹਿੰਦੀ ਏ ਕੀ ਮੈਂ ਏਨ੍ਹਾਂ ਸਾਹਾਂ ਨੂੰ ਵੀ ਰੋਕ ਲਵਾ। ਕਿਉਂ ਧੀਏ ਕਿਉਂ....?
-"ਮਾਂ ਉਹ ਤਾਂ ਸਭ ਠੀਕ ਏ, ਪਰ ਤੂੰ....?"  
-"ਪਰ ਤੂੰ"… ਕੀ....?
-"ਮਾਂ ਜੇ ਤੂੰ ਦੱਸ ਦਿੰਦੀ ਤਾਂ ਆਪਾਂ ਕਿਤੇ ਬਾਹਰ ਮਿਲ ਲੈਦੇ"
-"ਐਥੇ ਕਿਉਂ ਨਹੀਂ ਧੀਏ....?"
-"ਮਾਂ ਅੱਜ ਸਾਡੇ ਕਾਲਜ ਦੀਆਂ ਸੀਨੀਅਰ ਵਿਦਿਆਰਥਣਾਂ ਨੇ ਜੂਨੀਅਰ ਵਿਦਿਆਰਥਣਾਂ ਨੂੰ ਇੱਕ ਫਰੈਸ਼ਰ ਪਾਰਟੀ ਦੇਣੀ ਆ। ਮਿਸ ਫਰੈਸ਼ਰ ਦੀ ਚੋਣ ਹੋਣੀ ਏ। ਮਾਡਲਿੰਗ ਤੇ ਐਕਟੀਵਿਟੀ ਦੇ ਮੁਕਾਬਲੇ ਵੀ ਹੋਣੇ ਨੇ। ਸਭ ਕੁੜੀਆਂ ਤਿਆਰ ਹੋ ਰਹੀਆਂ ਨੇ ਇਸ ਵਕਤ। ਜੇ ਕਿਸੇ ਨੇ ਤੈਂਨੂੰ ਇੰਝ.....ਵੇਖ...ਲਿਆ ਤਾਂ.........?"
-"ਇੰਝ ਵੇਖ ਲਿਆ ਤਾਂ, ਫਿਰ ਕੀ....?"
-"ਮਾਂ ਪਲੀਜ਼ ਸਮਝਣ ਦੀ ਕੋਸ਼ਿਸ਼ ਕਰ ਤੂੰ, ਮੇਰੀ ਪ੍ਰਤਿਸ਼ਠਾ....?"
-"ਬਸ ਧੀਏ ਬਸ ਹੋਰ ਕੁਝ ਨਾ ਬੋਲ, ਮੈਂ ਸਭ ਸਮਝ ਗਈ"  ਵੱਡੇ ਘਰਾਂ ਦੀਆਂ ਕੁੜੀਆਂ ਨਾਲ ਰਹਿ ਕੇ ਤੂੰ ਵੀ ਮਾਡਰਨ ਹੋ ਗਈ" ਹੁਣ ਇਸ ਦੇਸਣ ਦੀ ਨਿਰਸੁਆਰਥ ਪ੍ਰੀਤ ਤੈਂਨੂੰ ਕਿਦਾ ਭਾਉ ਗੀ। ਅਨਪੜ੍ਹ ਗੰਵਾਰ ਮਾਂ ਦੇ ਘਸਮੈਲੇ ਲੀੜੇ ਵੇਖ ਕੇ ਤੈਂਨੂੰ ਸ਼ਰਮਿੰਦਾ ਜੋ ਹੋਣਾ ਪੈਦੇ। ਸ਼ਾਇਦ ਤੈਂਨੂੰ ਇਨ੍ਹਾਂ ਗੰਦੇਲੇ ਲੀੜਿਆਂ 'ਚੋ ਬੂ ਵੀ ਆਉਂਦੀ ਹੋਵੇ। ਤੂੰ ਹੋਰ ਬੇਚੈਨ ਨਾ ਹੋ ਧੀਏ, ਤੇਰੇ ਵਕਾਰ ਨੂੰ ਹੋਰ ਠੇਸ ਨਹੀਂ ਲਗਾਉਂਦੀ ਮੈਂ 'ਤੇ ਨਾ ਹੀ ਇਸ ਗੱਲੋਂ ਮੈਂ ਤੇਰੇ ਨਾਲ ਕੋਈ ਤਰਕ-ਵਿਤਰਕ ਕਰਨਾ ਚਾਹੁਣੀ ਆ। ਜਾਂ ਰਹੀ ਆ, ਬਸ ਜੀਣ ਜੋਗੀਏ ਤੂੰ ਦੁੱਖੀ ਨਾ ਹੋਈ। ਦੁੱਖੀ ਹੋਣ ਨੂੰ ਮੈਂ ਬਥੇਰੀ ਆ ਨਾ। ਤੂੰ ਬਸ ਹੱਸਦੀ ਖੇਡਦੀ ਰਹਿ। ਹੱਸਦੀ ਹੀ ਸੋਹਣੀ ਲੱਗਦੀ ਏ। ਤੂੰ ਮੇਰੀ ਫ਼ਿਕਰ ਨਾ ਕਰੀ, ਪਈ ਰਹਾਗੀ ਚਾਰ ਦੀਵਾਰੀ ਦੀ ਕਿਸੀ ਉਦਾਸ ਫਿਜ਼ਾ 'ਚ, ਆਪਣੇ ਬਚੇ ਸਾਹ ਗਿਣਦੀ। ਬੜ੍ਹਾ ਪੁਰਾਣਾ ਯਾਰਾਨਾ ਹੈ ਏਨ੍ਹਾਂ ਉਦਾਸ ਫਿਜ਼ਾਵਾ ਨਾਲ, ਤੂੰ ਐਵੇਂ ਦੁੱਖੀ ਨਾ ਹੋਈ। ਝੋਰਾ ਦਾ ਬਸ ਇਸ ਗੱਲ ਦਾ ਏ ਕਿ ਮੈਂ ਤੇਰੇ ਆਸਰੇ ਹੀ ਤੇਰੇ ਅੜਬ ਵੈਲੀ ਪਿਓ ਨਾਲ ਆਪਣੀ ਸਰੋਂ ਵਰਗੀ ਕਾਇਆਂ ਗਾਲ ਤੀ ਕਿ ਚੱਲ ਧੀ ਦੇ ਸਹਾਰੇ ਹੀ ਬਚੀ ਜਿੰਦਗੀ ਕੱਢ ਲਵਾਗੀ। ਪਰ ਅੱਜ ਤੂੰ ਵੀ.......??