ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਨਾਲ ਰੂਬਰੂ (ਖ਼ਬਰਸਾਰ)


ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ.) ਫਿਲੌਰ ਵੱਲੋਂ ਕਰਮਜੀਤ ਸਿੰਘ ਗਰੇਵਾਲ ਨਾਲ ਰੂਬਰੂ ਸਮਾਗਮ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਪਦਮ ਸ੍ਰੀ ਸੁਰਜੀਤ ਪਾਤਰ, ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ ਅਤੇ ਸਭਾ ਦੇ ਪ੍ਰਧਾਨ ਜਨਾਬ ਸਰਦਾਰ ਪੰਛੀ ਨੇ ਕੀਤੀ।
ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਨੇ ਆਪਣੇ ਸਾਹਿਤਕ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਸਖ਼ਤ ਮਿਹਨਤ ਨੂੰ ਹੀ ਮਿੱਠਾ ਫ਼ਲ ਲੱਗਦਾ ਹੈ। ਇਸ ਮੌਕੇ 'ਤੇ ਉਸ ਨੇ ਕੁਝ ਗੀਤ, ਨਜ਼ਮਾਂ ਸਰੋਤਿਆਂ ਨਾਲ ਸਾਂਝੇ ਕੀਤੇ, 'ਛੱਡ ਜਾਂਦੇ ਜਾਂ ਭੱਜ ਜਾਂਦੇ ਨੇ ਜਿੱਥੇ ਹਿੰਮਤਾ ਹਾਰੇ, ਸਿਦਕਵਾਨ ਦੀ ਮੰਜ਼ਿਲ ਨਹੀਂ ਏ ਉਸ ਨੇ ਛੂਹਣੇ ਤਾਰੇ'
ਪਦਮ ਸ੍ਰੀ ਡਾ ਸੁਰਜੀਤ ਪਾਤਰ ਨੇ ਕਰਮਜੀਤ ਸਿੰਘ ਗਰੇਵਾਲ ਦੁਆਰਾ ਕੀਤੇ ਹੋਏ ਕਾਰਜਾਂ ਦੀ ਖ਼ੂਬ ਪ੍ਰਸੰਸਾ ਕੀਤਾ।
ਗਿੱਲ ਸਾਹਿਬ ਨੇ ਇਹ ਦੱਸਦਿਆਂ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਪੰਜਾਬੀ ਸਾਹਿਤ ਅਕਾਡਮੀ ਦੇ ਮੈਂਬਰ ਕਰਮਜੀਤ ਸਿੰਘ ਗਰੇਵਾਲ ਨੂੰ ਅਧਿਆਪਕ ਦਿਵਸ ਮੌਕੇ 'ਤੇ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਨੈਸ਼ਨਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਸਾਹਿਤ ਦੇ ਖੇਤਰ ਵਿਚ ਹੀ ਨਹੀਂ, ਸਗੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਇਹ ਮਾਣ ਵਾਲੀ ਗੱਲ ਹੈ।   

Photo
ਜਨਾਬ ਸਰਦਾਰ ਪੰਛੀ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਬਹੁਤ ਜਲਦੀ ਹੀ ਤਰੱਕੀ ਦੀਆਂ ਮੰਜ਼ਿਲਾਂ ਛੂੰਹਦਾ ਹੋਇਆ ਆਪਣਾ ਪਰਿਵਾਰ, ਕੌਮ ਤੇ ਦੇਸ਼ ਦਾ ਨਾਂ ਹੋਰ ਉਚਾ ਕਰੇਗਾ।
ਦੂਜੇ ਸ਼ੈਸਨ ਦੌਰਾਨ ਚੱਲਿਆ ਰਚਨਾਵਾਂ ਦਾ ਦੌਰ, ਜਿਸ ਦਾ ਆਗ਼ਾਜ਼ ਤ੍ਰੈਲੋਚਨ ਲੋਚੀ ਨੇ 'ਪਤਾ ਨਈਂ ਤਿੱਤਲੀ ਕੀ ਕੀ ਗੱਲਾਂ ਕਰ ਜਾਂਦੀ, ਫੁੱਲਾਂ ਦੇ ਵਿਚ ਮਹਿਕ ਨਈਂ ਐਵੇਂ ਭਰ ਜਾਂਦੀ', ਗੁਰਭਜਨ ਗਿੱਲ ਨੇ 'ਕਿ ਸੁਰਖ ਅੰਗਾਰਾਂ ਉਤੇ ਵੇਖਾਂ ਜਦ ਵੀ ਭੁੱਜਦੀ ਛੱਲੀ, ਤ੍ਰਿਡ਼ ਤ੍ਰਡ਼ ਕਰਦੀ ਆਖੈ ਹਾਏ ਜ਼ਿੰਦਗੀ ਚੱਲੀ। ਜਾਗੀਰ ਸਿੰਘ ਪ੍ਰੀਤ ਨੇ 'ਹਰ ਬਗੀਚੀ ਪਿਆਰ ਦੀ ਮਹਿਕਾਂ ਭਰੀ ਹੋ ਜਾਏਗੀ, ਜਦ ਕਲੀ ਤੇ ਭੌਰ ਦੇ ਵਿਚ ਸਹਿਮਤੀ ਹੋ ਜਾਏਗੀ', ਤਰਲੋਚਨ ਝਾਂਡੇ ਨੇ ਗੀਤ 'ਉੱਡ ਗਿਆ ਇਕ ਵਾਵਰੋਲਾ, ਇਹ ਮੇਰਾ ਫ਼ਰਨਾ ਨਹੀਂ ਸੀ', ਦਲਵੀਰ ਸਿੰਘ ਲੁਧਿਆਣਵੀ ਨੇ 'ਆਓ ਕਰੀਏ ਰਲ ਮਿਲ ਕੇ, ਪਾਣੀ ਦਾ ਸਤਿਕਾਰ, ਬੂੰਦ-ਬੂੰਦ ਨੂੰ ਤਰਸੇ ਨਾ ਇਹ ਸਾਡਾ ਸੰਸਾਰ', ਜਸਪ੍ਰੀਤ ਫ਼ਲਕ ਨੇ 'ਤੂੰ ਅਗਰ ਬੇਵਫਾ ਨਹੀਂ ਹੋਤਾ, ਦਰਦ ਸੇ ਦਿਲ ਭਰਾ ਨਹੀਂ ਹੋਤਾ', ਪਰਮਜੀਤ ਕੌਰ ਮਹਿਕ ਨੇ ਗ਼ਜ਼ਲ 'ਤੀਆਂ-ਤ੍ਰਿੰਝਣ, ਪੀਘਾਂ-ਝੂਟੇ, ਬੋਹਡ਼ ਤੇ ਪਿੱਪਲ ਲਭਦੇ ਨਾ, ਬਾਤਾਂ-ਲੋਰੀ, ਵਾਰ-ਕਥਾਵਾਂ-ਪਰੀ-ਕਹਾਣੀ ਹੁਣ ਕਿੱਥੇ', ਮਲਕੀਤ ਸਿੰਘ ਮਾਨ ਨੇ 'ਕੀ ਸਾਡਾ ਸਰਨਾਵਾਂ ਵੇ ਬਾਪੂ, ਕੀ ਸਾਡਾ ਸਰਨਾਵਾਂ', ਪ੍ਰਿੰ: ਇੰਦਰਜੀਤ ਕੌਰ ਭਿੰਡਰ, ਭਗਵਾਨ ਢਿੱਲੋ, ਸਰਬਜੀਤ ਸਿੰਘ ਵਿਰਦੀ, ਮਹਿੰਦਰ ਸਿੰਘ ਪੁਰਬਾ,  ਬਲਵਿੰਦਰ ਔਲੱਖ ਗਲੈਕਸੀ, ਬੁੱਧ ਸਿੰਘ ਨੀਲੋ, ਦਲੀਪ ਅਵਧ, ਇੰਜ: ਸੁਰਜਨ ਸਿੰਘ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ ਰਚਨਾਵਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ। ਜਨਾਬ ਸਰਦਾਰ ਪੰਛੀ ਨੇ ਆਏ ਹੋਏ ਵਿਦਵਾਨਾਂ, ਸਾਹਿਤਾਕਰਾਂ ਦਾ ਧਨਵਾਦ ਕਰਦਿਆ ਕਿਹਾ ਕਿ ਕਰਮਜੀਤ ਗਰੇਵਾਲ ਦਾ ਸਨਮਾਨ ਕਰਕੇ ਗ਼ਜ਼ਲ ਮੰਚ ਖ਼ੁਦ ਮਾਣ ਮਹਿਸੂਸ ਕਰਦਾ ਹੈ।  

ਦਲਵੀਰ ਸਿੰਘ ਲੁਧਿਆਣਵੀ