ਗ਼ਦਰ ਲਹਿਰ ਦੀ ਕਵਿਤਾ ਅੱਜ ਦੇ ਪ੍ਰਪੇਖ ਵਿੱਚ (ਆਲੋਚਨਾਤਮਕ ਲੇਖ )

ਪਰਮਿੰਦਰ ਕੌਰ ਸਵੈਚ   

Email: pswaich@hotmail.com
Phone: +1 604 760 4794
Address:
Canada
ਪਰਮਿੰਦਰ ਕੌਰ ਸਵੈਚ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪ੍ਰਾਚੀਨ ਕਾਲ ਤੋਂ ਇਤਿਹਾਸ ਵੱਲ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਮੁੱਢੋਂ ਸੁੱਢੋਂ ਹੀ ਕਵਿਤਾ ਤੇ ਮਨੁੱਖੀ ਜ਼ਜਬਿਆਂ ਦਾ ਆਪਸ ਵਿੱਚ ਗੂੜ੍ਹਾ ਸਬੰਧ ਰਿਹਾ ਹੈ। ਜਦੋਂ ਮਨੁੱਖ ਨੇ ਆਪਣੇ ਹਾਵਾਂ-ਭਾਵਾਂ ਨੂੰ ਪ੍ਰਗਟਾ ਕੇ ਆਪਣਾ ਸੁਨੇਹਾ ਦੂਜਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਵਿਤਾ ਨੂੰ ਸੰਗੀਤਕ ਲੈਅ ਵਿੱਚ ਪ੍ਰੋਇਆ। ਇਹ ਸੁਨੇਹਾ ਮਨੁੱਖ ਦੀਆਂ ਕਲਾ-ਕਿਰਤਾਂ ਵਿੱਚੋਂ ਉੱਭਰ ਕੇ ਉਸਦੇ ਨਿੱਜੀ, ਆਰਥਿਕ. ਸਮਾਜਿਕ, ਰਾਜਨੀਤਿਕ ਤੇ ਸਭਿਆਚਾਰਕ ਸਰੋਕਾਰਾਂ ਦੀ ਆਵਾਜ਼ ਬਣ ਕੇ ਵਿਕਾਸ ਦੀ ਦਿਸ਼ਾ ਵੱਲ ਸੇਧਤ ਹੁੰਦਾ ਹੋਇਆ ਇੱਕ ਨਵੇਂ ਨਰੋਏ ਸਮਾਜ ਦੀ ਸਥਾਪਨਾ ਵੱਲ ਕਦਮ ਧਰਦਾ ਹੈ। ਕਵਿਤਾ ਸਾਹਿਤ ਦੀ ਇੱਕ ਅਜਿਹੀ ਵਿਧਾ ਹੈ ਜਦੋਂ ਲਿੱਪੀ ਹੋਂਦ ਵਿੱਚ ਵੀ ਨਹੀਂ ਸੀ ਆਈ ਉਦੋਂ ਵੀ ਗਾਈ ਤੇ ਕਹੀ ਜਾਂਦੀ ਸੀ। ਅੱਜ ਵੀ ਲੋਕ ਗੀਤਾਂ ਵਿੱਚ ਰਚਿਆ ਗਿਆ ਸਾਹਿਤ ਮੂੰਹ ਜ਼ਬਾਨੀ ਸੀਨਾ-ਬਸੀਨਾ ਲੋਕਾਂ ਤੱਕ ਪਹੁੰਚਿਆ ਹੈ। ਕਵਿਤਾ ਸਾਹਿਤ ਦਾ ਇੱਕ ਅਜਿਹਾ ਰੂਪ ਹੈ ਜੋ ਮਨੁੱਖੀ ਮਨ ਨੂੰ ਸਿੱਧਾ ਪ੍ਰਭਾਵਤ ਕਰਦਾ ਹੈ।ਆਪਣੇ ਲੋਕਾਂ ਦੀਆਂ ਤੱਤੀਆਂ ਧੜਕਣਾਂ ਨੂੰ ਜ਼ੁਲਮ ਦੇ ਵਿਰੁੱਧ ਇਤਿਹਾਸਕ ਲਲਕਾਰ ਬਣਾਉਣਾ ਹੀ ਸਮੇਂ ਦੇ ਕਵੀ ਦਾ ਕਰਤੱਵ ਹੁੰਦਾ ਹੈ।ਬੁਰਜੂਆ ਗੰਦ ਨੂੰ ਹੂੰਝੇ ਬਿਨ੍ਹਾਂ ਸਿਹਤਮੰਦ ਸਮਾਜ ਨਹੀਂ ਸਿਰਜਿਆ ਜਾ ਸਕਦਾ।

੧੦੦ ਵਰ੍ਹੇ ਪਹਿਲਾ ੨੦ਵੀਂ ਸਦੀ ਦੇ ਸ਼ੁਰੂ ਵਿੱਚ ਗ਼ਦਰੀ ਦੇਸ਼-ਭਗਤ ਜੋ ਪਰਦੇਸਾਂ ਦੀ ਧਰਤੀ ਤੇ ਗਏ ਉਹਨਾਂ ਦੁਆਰਾ ਲਿਖੀ ਗਈ ਕਵਿਤਾ ਜੋ ਅੱਜ ਤੱਕ ਅਣਗੌਲੀ ਜਾਂਦੀ ਰਹੀ ਹੈ, ਅੱਜ ਜਦੋਂ ਮੈਂ ਇਸ ਭੁੱਲੀ-ਵਿਸਰੀ ਕਵਿਤਾ ਦੇ ਰੂ-ਬਰੂ ਹੋਈ ਹਾਂ ਤਾਂ ਇਸਦੀ ਸਾਰਥਿਕਤਾ ਨੂੰ ਅੱਜ ਦੇ ਹਾਲਾਤਾਂ ਵਿੱਚ ਦੇਖਣਾ ਜਰੂਰੀ ਮਹਿਸੂਸ ਹੋਇਆ ਹੈ। ਇਸ ਨੂੰ ਅੱਜ ਦੇ ਪ੍ਰਪੇਖ ਵਿੱਚ ਦੇਖਣ ਲਈ ਕਵਿਤਾ ਦੀ ਡੂੰਘਾਈ ਤੱਕ ਜਾਣਾ ਲਾਜ਼ਮੀ ਹੈ ਕਿ ਇਹ ਕਵਿਤਾ ਕਿਉਂ ਲਿਖੀ ਗਈ?, ਕਿਸਦੇ ਬਾਰੇ ਲਿਖੀ ਗਈ?, ਲਿਖਣ ਵਾਲੇ ਕੌਣ ਸਨ?, ਕਦੋਂ ਲਿਖੀ ਗਈ?, ਇਸਦੀ ਲੋੜ ਕੀ ਸੀ? ਆਓ ਇਸ ਨੂੰ ਜਾਣੀਏ ਇਹ ਕਵਿਤਾ ਘਰੋਂ-ਬੇਘਰ ਹੋਏ, ਨਾਮ-ਕਟੇ ਫੌਜੀ, ਭੁੱਖ ਦੇ ਸਤਾਏ ਕਿਸਾਨ, ਗੁਲਾਮੀ, ਗਰੀਬੀ, ਦੁਸ਼ਵਾਰੀਆਂ, ਮਜ਼ਬੂਰੀਆਂ, ਥੋੜ੍ਹੇ ਪੜ੍ਹੇ ਲਿਖੇ ਦੇਸ਼-ਭਗਤਾਂ ਦੇ ਹਾਵਾਂ-ਭਾਵਾਂ ਦੀ ਮੂੰਹ ਬੋਲਦੀ ਤਸਵੀਰ ਹੈ ਜਿਸ ਨੂੰ ਉਹਨਾਂ ਨੇ ਆਪਣੇ ਹੱਡਾਂ ਤੇ ਹੰਢਾਇਆ ਹੈ। ਇਹ ਹਿੰਦੋਸਤਾਨੀ ਜੋ ਸਖ਼ਤ ਮਿਹਨਤ ਕਰਕੇ ਆਪਣੀ ਤੇ ਆਪਣੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਸੁਪਨਾ ਲੈ ਕੇ ਕਨੇਡਾ, ਅਮਰੀਕਾ ਦੀ ਪਰਾਈ ਧਰਤੀ ਤੇ ਪਹੁੰਚੇ ਤਾਂ ਬਿਗਾਨੇਪਣ ਤੇ ਨਸਲੀ ਵਿਤਕਰੇ ਨੇ ਜੀਣਾ ਦੁੱਭਰ ਕਰ ਦਿੱਤਾ।ਇਸ ਕਰਕੇ ਨਿੱਤ ਦਿਨ ਦੀ ਬੇਇਜ਼ਤੀ, ਗ਼ੁਲਾਮੀ ਦਾ ਅਹਿਸਾਸ, ਬੋਲੀ ਦਾ ਅੰਤਰ, ਰੰਗ ਦਾ ਭੇਦ ਦੇ ਵਿਤਕਰੇ ਵਿਚੋਂ ਵਤਨ-ਪ੍ਰਸਤੀ ਦਾ ਜ਼ਜਬਾ ਅਤੇ ਅਜ਼ਾਦੀ ਦਾ ਅਹਿਸਾਸ ਲਾਬੂੰ ਬਣ ਕੇ ਇਸ ਤਰ੍ਹਾਂ ਬਾਹਰ ਨਿਕਲਿਆ ਜਿਹੜਾ ਕਵਿਤਾ ਦੇ ਰੂਪ ਵਿੱਚ ਗ਼ਦਰ ਅਖ਼ਬਾਰ ਰਾਂਹੀ ਉਹਨਾਂ ਦੀ ਰੂਹ ਵਿੱਚ ਉੱਤਰ ਗਿਆ ਜਿਸਨੂੰ ੧੮੫੭ ਦੇ ਗ਼ਦਰ ਬਾਅਦ ਫਿਰ ਉਦੋਂ ਜਾਗ ਲੱਗਿਆ।

ਗ਼ਦਰ ਲਹਿਰ ਦੀ ਕਵਿਤਾ ਕੋਈ ਅਸਮਾਨ ਵਿੱਚ ਉਡਾਰੀਆਂ ਲਾਉਂਦੀ ਕਲਪਣਾ ਦੀ ਕਵਿਤਾ ਨਹੀਂ ਸਗੋਂ ਨਿੱਤ ਦਿਨ ਦੀ ਜ਼ਿੰਦਗੀ ਵਿੱਚ ਵਿਚਰਦੀ, ਮੁਸ਼ਕਲਾਂ ਦੇ ਰੂ-ਬਰੂ ਹੁੰਦੀ ਹੋਈ, ਨਸਲੀ ਵਿਤਕਰੇ ਦਾ ਪਾਜ ਉਘਾੜਦੀ, ਸਿੱਖ ਵਿਰਸੇ ਦੀ ਕੁਰਬਾਨੀ ਦਾ ਪੱਲਾ ਫੜੀ, ਕੁਰਬਾਨੀ ਦਾ ਜ਼ਜਬਾ ਲੈ ਕੇ, ਅਣਖ ਨੂੰ ਵੰਗਾਰਦੀ, ਰਾਜਸੀ ਲੁੱਟ-ਖਸੁੱਟ ਦਾ ਮਖੌਟਾ ਲਾਹੁੰਦੀ, ਘਟਨਾਵਾਂ ਦਾ ਚਿਤਰਣ ਕਰਦੀ, ਧਰਮ ਨਿਰਪੱਖਤਾ ਦਾ ਸਵਾਲ ਖੜ੍ਹਾ ਕਰਦੀ, ਸੰਘਰਸ਼ ਵਿੱਚ ਕੁੱਦਣ ਦੇ ਪੈਗ਼ਾਮ ਨਾਲ ਤੁਰਦੀ ਹੋਈ, ਏਕੇ ਦੇ ਸਿਧਾਂਤ ਦੀਆਂ ਲੀਹਾਂ ਤੇ ਚਲਦੀ, ਜਾਤਾਂ-ਪਾਤਾਂ, ਛੂਤ-ਛਾਤ  ਦੇ ਖਿਲਾਫ਼ ਯੁੱਧ ਕਰਦੀ, ਆਪਸੀ ਫੁੱਟ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪਰਦਾ ਫਾਸ਼ ਕਰਦੀ, ਸੁੱਤੀ ਖਲਕਤ ਨੂੰ ਆਪਣੇ ਹੱਕਾਂ ਲਈ ਜੂਝਣ ਲਈ ਪ੍ਰੇਰਦੀ, ਮਨੁੱਖ ਦੀ ਪੂਰਨ ਅਜ਼ਾਦੀ ਦਾ ਹੋਕਾ ਦਿੰਦੀ, ਔਖੇ ਪੈਂਡੇ ਤੇ ਅਡੋਲ ਚੱਲਣ ਲਈ ਉਕਸਾਉਂਦੀ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਾ ਭੁੱਲਣ ਦਾ ਵਡਮੁੱਲਾ ਸੁਨੇਹਾ ਹੈ। 

ਗ਼ਦਰ ਲਹਿਰ ਦੀ ਕਵਿਤਾ ਵਿੱਚ ਜਦੋਂ ਆਰਥਿਕ ਪੱਖ ਬਾਰੇ ਸੋਚਦੇ ਹਾਂ ਤਾਂ ਪਹਿਲਾਂ ਉਸ ਸਮੇਂ ਦੇ ਹਲਾਤਾਂ ਤੇ ਝਾਤ ਪਾਈਏ ਤਾਂ ਬਰਤਾਨਵੀ ਸਰਕਾਰ ਦੇ ਰਾਜ ਥੱਲੇ ਫੌਜੀ ਭਾਰਤੀਆਂ ਨੇ ਜਦੋਂ ਦੇਖਿਆ ਕਿ ਉਹਨਾਂ ਨਾਲ ਖਾਣ ਪੀਣ ਤੇ ਘੱਟ ਖਰਚ ਕੀਤਾ ਜਾਂਦਾ ਹੈ ਤੇ ਤਨਖਾਹ ਵੀ ਗੋਰੇ ਫੌਜੀਆਂ ਦੇ ਮੁਕਾਬਲੇ ਘੱਟ ਦਿੱਤੀ ਜਾਂਦੀ ਹੈ ਸਗੋਂ ਜੰਗਾਂ ਵਿੱਚ ਸਭ ਤੋਂ ਮੂਹਰੇ ਭੇਜਿਆ ਜਾਂਦਾ ਹੈ ਤਾਂ ਬਹੁਤੇ ਭਾਰਤੀ ਨਾਂ ਕਟਾ ਕੇ ਬਾਹਰਲੇ ਦੇਸ਼ਾਂ ਨੂੰ ਜਾਣ ਲੱਗੇ।ਏਸੇ ਤਰ੍ਹਾਂ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਤੇ ਮਾਮਲਾ ਇੰਨਾ ਵਧਾ ਦਿੱਤਾ ਕਿ ਉਹ ਵੀ ਜ਼ਮੀਨਾਂ ਛੱਡ ਕੇ ਛੋਟੀਆਂ ਮੋਟੀਆਂ ਨੌਕਰੀਆਂ ਜਾਂ ਬਿਦੇਸ਼ਾਂ ਨੂੰ ਰੋਟੀ ਰੋਜ਼ੀ ਦੀ ਭਾਲ ਵਿੱਚ ਤੁਰ ਪਏ। :-

ਬਧਾਏ ਲਗਾਨ, ਕੀਤੇ ਟੈਕਸ ਤਾਂ ਭਾਰੇ ਨੇ

ਜ਼ਿਮੀਦਾਰ ਸਾਰੇ ਭਰਦੇ ਭਰਦੇ ਹਾਰੇ ਨੇ।ਤਲਬਾਂ ਚੰਗੀਆਂ ਦੇਵੰਦੇ ਗੋਰਿਆਂ ਨੂੰ, ਖਾਣ ਪੀਣ ਤੇ ਐਸ਼ ਉਡਾਨ ਲੋਕੋ।

ਛੋਲੇ ਚੱਬ ਕੇ ਕਰਨ ਗੁਜ਼ਰਾਨ ਸਾਰੇ, ਫੌਜੀ ਸਿੰਘ ਹਿੰਦੂ ਮੁਸਲਮਾਨ ਲੋਕੋ।

ਗੋਰੇ ਲੜਨ ਵੇਲੇ ਰੈਂਹਦੇ ਆਪ ਪਿੱਛੇ, ਦੂਰੋਂ ਖੜ੍ਹੇ ਹੀ ਹੁਕਮ ਚਲਾਨ ਲੋਕੋ।ਹੌਲੀ ਹੌਲੀ ਘਰ ਸਾਡੇ ਸਾਂਭਣੇ ਫਰੰਗੀਆਂ ਨੇ, ਏਸ ਦੀ ਨਿਸ਼ਾਨੀ ਵੱਧ ਗਿਆ ਜੋ ਲਗਾਨ ਹੈ।

ਕੁਲੀ ਕੁਲੀ ਸਭ ਆਖਦੇ ਨੇ ਹਿੰਦ ਤਾਂਈ, ਜੁੱਲੀ ਚੁੱਕ ਫੇਰ ਸਾਨੂੰ ਸੱਦਣਾ ਜਹਾਨ ਨੇ।ਅਮਰੀਕਾ, ਕਨੇਡਾ ਦੀ ਧਰਤੀ ਤੇ ਜਦੋਂ ਭਾਰਤੀਆਂ ਨੇ ਪੈਰ ਪਾਇਆ ਤਾਂ ਨਿੱਤ ਦੇ ਗੁਜ਼ਾਰੇ ਲਈ ਖੇਤਾਂ ਵਿੱਚ, ਮਿੱਲਾਂ ਵਿੱਚ, ਰੇਲਾਂ ਦੀਆਂ ਪਟੜੀਆਂ ਤੇ, ਲੋਹੇ ਤੇ ਕੋਇਲੇ ਦੀਆਂ ਖਾਣਾਂ ਵਿੱਚ ਜਾਂ ਸੜਕਾਂ ਦੇ ਲੁੱਕ ਪਾਉਣ ਦਾ ਸਖ਼ਤ ਕੰਮ ਕਰਦੇ ਫਿਰ ਵੀ ਉਹਨਾਂ ਨੂੰ ਘੱਟ ਉਜਰਤ ਦੇ ਨਾਲ ਨਾਲ ਹਿੰਸਕ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਤਾਂ ਉਹ ਕਿਰਤੀ ਕਵੀ ਕਵਿਤਾ ਦੇ ਰੂਪ ਵਿੱਚ ਇਸ ਤਰ੍ਹਾਂ ਕੁਰਲਾ ਉੱਠਦਾ ਹੈ:-

ਦੇਸ਼ ਪੈਣ ਧੱਕੇ ਬਾਹਰ ਮਿਲੇ ਢੋਈ ਨਾ

ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਏਸ ਸੂਬੇ ਦੇ ਗੋਰਿਆਂ ਅੱਤ ਚੁੱਕੀ, ਹਿੰਦੀ ਤੱਕ ਕੇ ਜੀਅੜਾ ਸਾੜਦੇ ਨੇ।

ਸੱਚ ਅਤੇ ਇਨਸਾਫ ਨੂੰ ਪਰ੍ਹਾਂ ਸਿੱਟਣ, ਹੱਕ ਨਾਹੀਂ ਨਾਹੱਕ ਵਚਾਰਦੇ ਨੇ।

ਸੁੰਨਾ ਸਾਰੇ ਕਨੇਡਾ ਦਾ ਇਹ ਟੋਟਾ, ਜਿੱਥੇ ਬੈਠ ਕੂਹਣੀ ਸਾਨੂੰ ਮਾਰਦੇ ਨੇ।ਦੋਹੀਂ ਹੱਥੀ ਲੁੱਟ ਮਚਾਈ, ਰੋਕੇ ਮੂਲ ਨਾ ਕੋਈ ਜੀ।

ਧੱਕੇ ਪੈਣ ਚੁਫੇਰੇ ਸਾਨੂੰ, ਕਿਧਰੇ ਮਿਲੇ ਨਾ ਢੋਈ ਜੀ।ਇਹਨਾਂ ਹੀ ਮੁਸ਼ਕਲਾਤਾਂ ਨੇ ਭਾਰਤੀਆਂ ਵਿੱਚ ਗ਼ੁਲਾਮੀ ਦਾ ਅਹਿਸਾਸ ਪੈਦਾ ਕਰ ਦਿੱਤਾ ਕਿ ਅਗਰ ਸਾਡਾ ਆਪਦਾ ਦੇਸ਼ ਅਜ਼ਾਦ ਹੋਵੇ ਤਾਂ ਉਹਨਾਂ ਨੂੰ ਘਰੋਂ ਬੇਘਰ ਨਹੀਂ ਹੋਣਾ ਪਵੇਗਾ। ਇਸ ਲੋੜ ਨੂੰ ਮੁੱਖ ਰੱਖ ਕੇ ਹੀ ੧੯੧੩ ਵਿੱਚ ਗ਼ਦਰ ਪਾਰਟੀ ਹੋਂਦ ਵਿੱਚ ਆਈ। ਉਸ ਦਾ ਮੁੱਖ ਮੰਤਵ ਹਥਿਆਰਬੰਦ ਸੰਗਰਾਮ ਰਾਂਹੀ ਬਰਤਾਨਵੀ ਸਾਮਰਾਜ ਦਾ ਵਿਰੋਧ ਕਰਕੇ ਫਰੰਗੀ ਨੂੰ ਦੇਸ਼ ਵਿੱਚੋਂ ਕੱਢ ਕੇ ਭਾਰਤ ਦੀ ਪ੍ਰਭੂਸਤਾ ਦੇਸ਼ ਵਾਸੀਆਂ ਦੇ ਹਥ ਵਿੱਚ ਕਰਨਾ ਸੀ।ਇਸ ਕਵਿਤਾ ਦਾ ਮੁੱਖ ਵਿਸ਼ਾ ਵਸਤੂ ਵਿਦਰੋਹ ਤੇ ਟੱਕਰ ਹੈ ਇਸ ਕਰਕੇ ਉਸ ਸਮੇਂ ਉਹਨਾਂ ਦਾ ਮਨੋਰਥ ਸਾਫ਼ ਸਪੱਸ਼ਟ ਸ਼ਬਦਾਂ ਵਿੱਚ ਨਜ਼ਰ ਆਉਂਦਾ ਹੈ :-ਅਸੀਂ ਵਿੱਚ ਪਰਦੇਸਾਂ ਦੇ ਖੁਆਰ ਫਿਰਦੇ, ਸਾਡਾ ਜੀਵਣਾ ਹੋਇਆ ਮੁਹਾਲ ਸਿੰਘੋ।

ਦੁਰੇ ਦੁਰੇ ਪੁਕਾਰਦਾ ਜੱਗ ਸਾਰਾ, ਸਾਡਾ ਕੋਈ ਨਾ ਬਣੇ ਰਖਵਾਲ ਸਿੰਘੋ।

ਜੇਕਰ ਅਜੇ ਇਲਾਜ ਨਾ ਤੁਸਾਂ ਕੀਤਾ, ਦਮਾ ਹੋ ਜਾਸੀ ਇਹਦੇ ਨਾਲ ਸਿੰਘੋ।

ਅਸੀਂ ਨਾਮ ਦੇ ਸਿੰਘ ਸਦਾਵੰਦੇ ਹਾਂ, ਭੈੜੀ ਗਿੱਦੜਾਂ ਤੋਂ ਸਾਡੀ ਚਾਲ ਸਿੰਘੋ।ਮਾਰ ਲਈਏ ਵੈਰੀ, ਮਰ ਜਾਈਏ ਆਪ ਜਾਂ।

ਕਾਇਰਤਾ, ਗਰੀਬੀ, ਮਿਟ ਜਾਏ ਤਾਪ ਤਾਂ।

ਪਾ ਲਈਏ ਸ਼ਹੀਦੀ ਸਿੰਘ ਸ਼ੇਰ ਗੱਜ ਕੇ।

ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ।ਦੁਨੀਆਂ ਕਦੇ ਵੀ ਨਹੀਂ ਸਾਡੀ ਕਰੂ ਇੱਜ਼ਤ, ਜਿਚਰ ਗਲੋਂ ਗੁਲਾਮੀ ਨੂੰ ਲਾਹੋਗੇ ਨਾ।

ਆਓ ਭਗਤ ਕਰਸੀ ਉੱਚਰ ਤੀਕ ਕੇਹੜਾ, ਜਿਚਰ ਆਪ ਅਜ਼ਾਦ ਕਹਿਲਾਉਗੇ ਨਾ।ਬੇਸ਼ੱਕ ਗ਼ਦਰੀ ਕਵੀਆਂ ਨੇ ਕਵਿਤਾ ਨੂੰ ਬਿਲਕੁੱਲ ਸਾਦੀ ਤੇ ਸੌਖੀ ਪੰਜਾਬੀ ਭਾਸ਼ਾ ਵਿੱਚ ਲਿਖਿਆ ਪਰ ਗ਼ਦਰੀ ਕਵੀ ਵਿੱਚ ਜਮਾਤੀ ਤੌਰ ਤੇ ਚੇਤਨਾ ਉੱਭਰ ਕੇ ਸਾਹਮਣੇ ਆਉਂਦੀ ਹੈ ਜਦੋਂ ਇਹ ਸਾਬਤ ਹੁੰਦਾ ਹੈ ਕਿ ਉਹਨਾਂ ਦੀ ਗੁਲਾਮੀ ਦਾ ਕਾਰਣ ਉਹਨਾਂ ਵਿੱਚ ਪਾਈ ਜਾਣ ਵਾਲੀ ਆਪਸੀ ਫੁੱਟ ਹੈ।ਇਸ ਤਰ੍ਹਾਂ ਉਹਨਾਂ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਦਾ ਸੁਨੇਹਾ ਆਪਦੀ ਬੁਲੰਦ ਆਵਾਜ਼ ਵਿੱਚ ਦਿੱਤਾ ਕਿ ਅਸੀਂ ਸਾਰੇ ਭਾਈ ਭਾਈ ਹਾਂ ਤੇ ਬਰਤਾਨਵੀ ਸਾਮਰਾਜ ਸਾਡੇ ਵਿੱਚ ਮਜ਼ਬੀ ਝਗੜੇ ਪਾ ਕੇ ਆਪ ਫਾਇਦਾ ਲੈ ਰਿਹਾ ਹੈ।

ਅਸੀਂ ਭਾਈ ਹਾਂ ਹਿੰਦ ਦੇ ਸਭ ਜਾਏ, ਜੁਦਾ ਜੁਦਾ ਸਾਨੂੰ ਦਗ਼ੇਵਾਜ਼ ਕੀਤਾ।

ਵੀਰੋ ਕਰੋ ਜਲਦੀ ਬਚੀਏ ਜ਼ਾਲਮਾਂ ਤੋਂ, ਛੂਤ ਛਾਤ ਨੇ ਕੰਮ ਖ਼ਰਾਬ ਕੀਤਾ।ਆਪਸ ਵਿੱਚ ਮੰਦਾ ਕੰਮ ਫੜਿਆ, ਝਗੜੇ ਝਗੜ ਹਿੰਦੂ ਮੁਸਲਮਾਨ ਵਾਲੇ।

ਹੀਰਾ ਹਿੰਦ ਉਹਨਾਂ ਖਾਕ ਰੋਲ਼ ਦਿੱਤਾ, ਰੌਲੇ ਘੱਤ ਕੇ ਵੇਦ ਕੁਰਾਨ ਵਾਲੇ।

ਗਾਂਈ ਸੂਰ ਝਟਕਾ ਜੇ ਦੁੱਖ ਦਿੰਦਾ, ਗੋਰੇ ਹੈਨ ਤਿੰਨੇ ਚੀਜ਼ਾਂ ਖਾਣ ਵਾਲੇ।ਗ਼ਦਰੀ ਕਵੀ ਇਸ ਗੱਲੋਂ ਸੁਚੇਤ ਹੋ ਚੁੱਕੇ ਸਨ ਕਿ ਹੁਣ ਮੰਦਰ, ਮਸਜਦਾਂ ਤੇ ਗੁਰਦਵਾਰੇ, ਧਰਮਾਂ ਦੀਆਂ ਫੋਕੀਆਂ ਰਸਮਾਂ, ਕਰਮਕਾਂਡਾ, ਧੜੇਬੰਦੀਆਂ ਦਾ ਰਾਹ ਛੱਡ ਕੇ ਹਰ ਹਾਲਤ ਵਿੱਚ ਹਥਿਆਰਬੰਦ ਇਨਕਲਾਬ ਦੇ ਰਾਹ ਤੁਰਨਾ ਪੈਣਾ ਹੈ ਜਿਹੜੀ ਸਮੇਂ ਦੀ ਮੁੱਖ ਲੋੜ ਹੈ। ਹਥਿਆਰਾਂ ਦਾ ਜਵਾਬ ਹਥਿਆਰਾਂ ਨਾਲ ਹੀ ਦਿੱਤਾ ਜਾ ਸਕਦਾ ਹੈ। ਅਰਦਾਸਾਂ ਦਾ ਸਮਾਂ ਵਿਹਾ ਚੁੱਕਿਆ ਹੈ ਤਾਂ ਹੀ ਤਾਂ ਕਵੀ ਕਹਿ ਉੱਠਦਾ ਹੈ:-

ਸਾਨੂੰ ਲੋੜ ਨਾ ਪੰਡਤਾਂ ਕਾਜ਼ੀਆਂ ਦੀ, ਨਹੀਂ ਸ਼ੌਕ ਹੈ ਬੇੜਾ ਡੁਬਾਵਣੇ ਦਾ।

ਮੰਦਰ ਮਸਜਦਾਂ ਕਿਸੇ ਨਾ ਕੰਮ ਸਾਡੇ, ਛੱਡੋ ਖਿਆਲ ਗੁਰਦਵਾਰੇ ਬਣਾਵਣੇ ਦਾ।

ਕਿਸੇ ਕੰਮ ਨਾ ਪੋਥੀਆਂ ਪਿਛਲੀਆਂ ਜੋ, ਐਵੇਂ ਢੰਗ ਸੀ ਬਖ਼ਤ ਲੰਘਾਵਣੇ ਦਾ।

ਜਪ ਜਾਪ ਦਾ ਬਖ਼ਤ ਬਤੀਤ ਹੋਇਆ, ਵੇਲਾ ਆ ਗਿਆ ਤੇਗ ਉਠਾਵਣੇ ਦਾ।ਗ਼ਦਰੀ ਕਵੀ ਕਵਿਤਾ ਵਿੱਚ ੧੮੫੭ ਵਾਲੇ ਇਤਿਹਾਸਕ ਗ਼ਦਰ ਨੂੰ ਯਾਦ ਕਰਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਦਿੰਦੇ ਹਨ ਤੇ ਉਹਨਾਂ ਦੀ ਕੁਰਬਾਨੀ ਦਾ ਜਜ਼ਬਾ ਲੈ ਕੇ ਅੱਗੇ ਆਪ ਦੇਸ਼ ਲਈ ਕੁਰਬਾਨੀ ਦੇਣ ਲਈ ਉਹਨਾਂ ਤੇ ਰਾਹਾਂ ਤੇ ਚੱਲ ਕੇ ਪ੍ਰਤੀਬੱਧਤਾ ਦਾ ਸਬੂਤ ਦਿੰਦੇ ਹਨ ਅਤੇ ਗ਼ਦਰ ਦੇ ਫੇਲ ਹੋਣ ਦੇ ਕਾਰਣਾਂ ਨੂੰ ਦੱਸਦੇ ਹਨ।ਜਿਵੇਂ:-

ਪੈਹਲੇ ਗ਼ਦਰ ਅੰਦਰ ਜਿਨ੍ਹਾਂ ਕੰਮ ਕੀਤਾ, ਨਾਨਾ ਸਾਹਿਬ ਅਲੀ ਨਕੀ ਖਾਨ ਹੋ ਗਏ।

ਰਾਣੀ ਲਖਸ਼ਮੀ ਮੌਲਵੀ ਸ਼ਾਹ ਐਹਮਦ, ਤੋਪੀ ਤਾਂਤੀਆ ਬੀਰ ਬਲਵਾਨ ਹੋ ਗਏ।

ਲੜਿਆ ਵਿੱਚ ਮੈਦਾਨ ਦੇ ਮੰਗਲ ਪਾਂਡੇ, ਨਾਲ ਪੂਰਬੀ ਕਈ ਜਵਾਨ ਹੋ ਗਏ।

ਦੇਸ਼ ਘਾਤੀਆਂ ਕੰਮ ਵਿਗਾੜ ਦਿੱਤਾ, ਵਿੱਚੋਂ ਕਈ ਮੂਰਖ ਬੇਈਮਾਨ ਹੋ ਗਏ।ਇਸੇ ਤਰਾਂ ਗ਼ਦਰ ਲਹਿਰ ਦੀ ਕਵਿਤਾ ਵਿੱਚ ਸਿੱਖ ਇਤਿਹਾਸ ਦੀ ਕੁਰਬਾਨੀ ਦੇ ਜਜ਼ਬੇ ਦਾ ਜ਼ਿਕਰ ਬਾਰ ਬਾਰ ਆਉਂਦਾ ਹੈ। ਕਵੀ ਸਿੱਖ ਸੂਰਬੀਰਾਂ ਦੀ ਬਹਾਦਰੀ ਜਿਸਨੂੰ ਲੋਕਾਂ ਨੇ ਭੁਲਾ ਦਿੱਤਾ ਸੀ ਉਹ ਕਵਿਤਾ ਰਾਂਹੀ ਚੇਤਿਆਂ ਵਿੱਚ ਉਜਾਗਰ ਕਰਨ ਦੀ ਕੋਸ਼ਿਸ਼ ਵਿੱਚ ਹੈ ਅਤੇ ਗ਼ਦਰ ਲਈ ਜੂਝ ਮਰਨ ਲਈ ਕਹਿੰਦਾ ਹੈ।

ਜਿਮੀਂ ਵੇਹਲ ਦੇਵੇ ਅਸੀਂ ਗਰਕ ਜਾਈਏ, ਪੈਦਾ ਹੋ ਗਿਆ ਤੀਹ ਕਰੋੜ ਕਾਹਨੂੰ।

ਜੇਕਰ ਅੱਜ ਹੁੰਦੇ ਦੀਪ ਸਿੰਘ ਵਰਗੇ, ਮੇਹਣੇ ਸਿੰਘਾਂ ਨੂੰ ਵੱਜਦੇ ਮੋੜ ਕਾਹਨੂੰ।

ਜੇਕਰ ਅੱਜ ਹੁੰਦੇ ਮਨੀ ਸਿੰਘ ਭਾਈ, ਹਿੰਦੋਸਤਾਨ ਹੁੰਦਾ ਭਲਾ ਚੌੜ ਕਾਹਨੂੰ।

ਹਿੰਦੋਸਤਾਨ ਦੇ ਤੀਹ ਕਰੋੜ ਬੰਦੇ, ਕਰਦੇ ਰਾਜ ਇਹ ਚਾਰ ਕਰੋੜ ਕਾਹਨੂੰ

ਛੇਤੀ ਕਰੋ ਤਿਆਰੀਆਂ ਗ਼ਦਰ ਦੀਆਂ, ਤੁਸਾਂ ਛੱਡੀ ਹੈ ਦੇਸ਼ ਦੀ ਲੋੜ ਕਾਹਨੂੰ।ਕਨੇਡਾ ਦੀ ਧਰਤੀ ਤੇ ਜਦੋਂ ਕਨੇਡਾ ਦੀ ਬਰਤਾਨੀਆ ਸਰਕਾਰ ਨੇ ਇਹ ਕਾਨੂੰਨ ਬਣਾ ਦਿੱਤਾ ਕਿ ਹਿੰਦੋਸਤਾਨੀ ਆਪਣੇ ਪਰਿਵਾਰਾਂ ਨੂੰ ਇੱਥੇ ਨਹੀਂ ਲਿਆ ਸਕਦੇ ਤਾਂ ਭਾਰਤੀਆਂ ਵਿੱਚ ਰੋਹ ਦੀ ਚਿਣਗ ਜਾਗੀ ਕਿ ਹੱਕ ਮੰਗਿਆਂ ਨਹੀਂ ਮਿਲਦੇ ਇਹਦੇ ਲਈ ਜਦੋਜਹਿਦ ਦੀ ਲੋੜ ਹੈ।

ਤਰਲੇ ਕਰਦਿਆਂ ਨਹੀਂ ਇਨਸਾਫ ਮਿਲਦਾ, ਬਾਦਸ਼ਾਹ ਨੀਚ ਬਦਕਾਰ ਕੋਲੋਂ।

ਬੈਰੀ ਮਿੱਨਤਾਂ ਨਾਲ ਨਾ ਸੂਤ ਆਉਂਦਾ, ਠੀਕ ਡਰੇਗਾ ਖੰਡੇ ਦੀ ਧਾਰ ਕੋਲੋਂ।ਹੱਥਾਂ ਬਾਝ ਕਰਾਰਿਆਂ ਯਾਰੋ, ਦੁਸ਼ਮਣ ਹੋਵੇ ਮਿੱਤ ਨਹੀਂ।

ਅਣਖ ਵਾਸਤੇ ਲੜੀਏ ਜੇਕਰ, ਕਿਉਂ ਫਿਰ ਹੋਵੇ ਜਿੱਤ ਨਹੀਂ।ਔਰਤ ਮਰਦ ਕੋਲੋਂ ਜਬਰਨ ਜੁਦਾ ਕੀਤੇ, ਭੌਂਦੂ ਅਜੇ ਬੀ ਵਾਸਤੇ ਪਾਣ ਤੇਰੇ।

ਵਾਂਗ ਗਿੱਦੜਾਂ ਭੱਜਦੇ ਪਿੱਠ ਦੇ ਕੇ,  ਸ਼ੇਰ ਕਿਉਂ ਨਹੀਂ ਹੱਥ ਵਖਾਣ ਤੇਰੇ।ਇਸ ਕਵਿਤਾ ਵਿੱਚ ਜਮਾਤੀ ਏਕਤਾ ਕਾਇਮ ਕਰਕੇ ਇੱਕ ਜਨਤਕ ਲਹਿਰ ਉਸਾਰਨ ਤੇ ਜੋਰ ਦਿੱਤਾ ਗਿਆ ਹੈ।ਗ਼ਦਰ ਪਾਰਟੀ ਦੇ ਸਾਰੇ ਪ੍ਰੋਗਰਾਮਾਂ ਏਕੇ ਦੇ ਸਿਧਾਂਤ, ਗੁਰੀਲਾ ਯੁੱਧ ਦੀ ਵਿਧੀ ਨਾਲ ਦੁਸ਼ਮਣ ਤੇ ਸਿੱਧਾ ਹਮਲਾ ਅਤੇ ਸਰਕਾਰੀ ਗ਼ਦਾਰਾਂ ਜਾਂ ਮੁਖਬਰਾਂ ਨੂੰ ਸੋਧਣ, ਖੁਫੀਆ ਸੰਸਥਾਵਾਂ ਬਣਾ ਕੇ ਗ਼ਦਰ ਨੂੰ ਅੰਜਾਮ ਦੇਣ ਲਈ ਪਾਰਟੀ ਦੀ ਕਾਰਜ ਵਿਧੀ ਤੇ ਉਸਦੇ ਅਦੇਸ਼ਾਂ ਦੀ ਕਾਫ਼ੀ ਚਰਚਾ ਕੀਤੀ ਗਈ ਹੈ ਕਿਉਂਕਿ ਇਹ ਉਹਨਾਂ ਦੀ ਸੱਚੀ ਸੁੱਚੀ ਭਾਵਨਾ ਦੀ ਕਵਿਤਾ ਹੈ।

ਘਰ ਘਰ ਗੁਪਤੀ ਸਭਾ ਬਣਾਓ, ਲੋਗਨ ਕੋ ਮੰਤਰ ਸਿਖਲਾਓ,

ਹਰ ਇੱਕ ਦਿਲ ਮੇਂ ਜੋਤ ਜਗਾਓ, ਬਿਨਾਂ ਜੂਤ ਏਹ ਭੂਤ ਨਾ ਜਾਈ।

ਜਲਦੀ ਗ਼ਦਰ ਮਚਾ ਦਿਓ ਭਾਈ।ਖੁਫੀਆ ਰਾਜ ਸੁਸਾਇਟੀਆਂ ਕਰੋ ਕਾਇਮ, ਮਰ੍ਹੈਠ ਅਤੇ ਬੰਗਾਲੇ ਦੇ ਯਾਰ ਹੋ ਜਾਓ।

ਪਹਿਲਾਂ ਖਬਰ ਲੈ ਕੇ ਦੇਸ਼ ਘਾਤੀਆਂ ਦੀ, ਛਾਤੀ ਦੁਸ਼ਮਣਾਂ ਦੀ ਅਸਵਾਰ ਹੋ ਜਾਓ।ਗ਼ਦਰ ਦੀ ਕਵਿਤਾ ਲੋਕਾਂ ਦੀ ਅਵਾਜ਼ ਬਣਕੇ ਸੰਘਰਸ਼ ਵਿੱਚ ਕੁੱਦਣ ਲਈ ਪ੍ਰੇਰਤ ਕਰਦੀ ਹੈ ਅਤੇ ਪੁਰਾਣੇ ਬਸਤੀਵਾਦੀ ਰਾਜ ਦੀਆਂ ਜੜ੍ਹਾਂ ਉਖਾੜ ਕੇ ਇੱਕ ਯੁੱਗ ਪਲਟਾਊ ਸਮਾਜ ਦਾ ਆਗਮਨ ਚਾਹੁੰਦੀ ਹੈ।ਲੋਕਾਂ ਵਿੱਚ ਅਜ਼ਾਦੀ ਦੀ ਚਿਣਗ ਪੈਦਾ ਕਰਦੀ ਹੈ ਕਿ ਇਹ ਜਨਮ ਵਾਰ ਵਾਰ ਨਹੀਂ ਆਉਣਾ। ਇਸ ਕਰਕੇ ਗੁਲਾਮੀ ਦੀ ਜ਼ਿੰਦਗੀ ਜੀਣ ਨਾਲੋਂ ਅਜ਼ਾਦੀ ਦੇ ਕੁਝ ਪਲ ਅਸਰਦਾਇਕ ਹੋਣੇ ਚਾਹੀਦੇ ਹਨ।

ਹਿੰਦੋਸਤਾਨੀਓ ਆਓ ਸ਼ਹੀਦ ਹੋਈਏ, ਹਿੰਦੋਸਤਾਨ ਦਾ ਜ਼ੁਲਮ ਮਿਟਾ ਲਈਯੇ।

ਮਰੀਯੇ ਆਪ ਜਾਂ ਦੁਸ਼ਮਣਾਂ ਮਾਰ ਲਈਯੇ, ਗਲੋਂ ਤੌਕ ਗ਼ੁਲਾਮੀ ਦਾ ਲਾਹ ਲਈਯੇ।ਅੱਤ ਭਾਗਾਂ ਵਾਲਿਆਂ ਨੂੰ ਮਿਲਦੀ ਸ਼ਹੀਦੀ ਵੀਰੋ, ਦੇਸ਼ ਦੇ ਪਿਆਰਿਆਂ ਦੇ ਕੰਮ ਹੈ ਚਲਾਉਣ ਦਾ।

ਕਾਇਰ ਕਲੰਕ ਲੱਗੇ ਸੂਰਮਾ ਸ਼ਹੀਦ ਹੋਵੇ, ਧਾਰ ਲੋ ਇਰਾਦਾ ਵੀਰੋ ਭਾਰਤ ਬਚਾਉਣ ਦਾ।ਸਿਰ ਦਿੱਤੇ ਬਾਝ ਨਹੀਂ ਸਰਨਾ।

ਯੁੱਧ ਵਿੱਚ ਪਵੇਗਾ ਜਰੂਰ ਮਰਨਾ।

ਗ਼ਦਰ ਲਹਿਰ ਦੀ ਕਵਿਤਾ ਵਿੱਚ ਸੁੱਤੇ ਹਿੰਦੋਸਤਾਨੀਆਂ ਨੂੰ ਜਗਾਉਣ ਲਈ ਇੱਕ ਅਜਿਹਾ ਹੋਕਾ ਹੈ ਕਿ ਉਹਨਾਂ ਦੇ ਮਨਾਂ ਵਿੱਚ ਅਜ਼ਾਦੀ ਦਾ ਦੀਪ ਲਟ ਲਟ ਜਗ ਉੱਠੇ।

ਸਾਰੀ ਖ਼ਲਕ ਖੁਦਾਇ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੋਸਤਾਨ ਕਿਉਂ ਨੀ।

ਪਾਟੇ ਕੱਪੜੇ ਜਿਸਮ ਕਮਜ਼ੋਰ ਹੋਇਆ, ਜੁੱਸੇ ਜੋਸ਼ ਤੇ ਜਿਗਰ ਦਾ ਤਾਣ ਕਿਉਂ ਨੀ।

ਕਾਲਾ ਚੋਰ ਆਖੇ ਸਾਰਾ ਜੱਗ ਸਾਨੂੰ, ਸੁਖੀ ਵਸਦੀ ਤੇਰੀ ਸੰਤਾਨ ਕਿਉਂ ਨੀ।

ਜਦੋਂ ਕਨੇਡਾ ਅਮਰੀਕਾ ਤੋਂ ਦੇਸ਼ ਭਗਤਾਂ ਨੇ ਭਾਰਤ ਨੂੰ ਜਾਣ ਲਈ ਗ਼ਦਰ ਪਾਰਟੀ ਦਾ ਸੁਨੇਹਾ ਗ਼ਦਰ ਅਖ਼ਬਾਰ ਰਾਂਹੀ ਪਹੁੰਚਾਹਿਆ ਤਾਂ ਕਵੀ ਦੀ ਕਲਮ ਨੇ ਇਸ ਨੂੰ ਇਸ ਤਰਾਂ ਬਿਆਨ ਕੀਤਾ।

ਅਸੀਂ ਦੇਸ਼ ਦਾ ਛੱਡ ਖਿਆਲ ਦਿੱਤਾ, ਤਾਹੀਓਂ ਦੋਸਤੋ ਕੰਮ ਵੈਰਾਨ ਹੋ ਗਏ।

ਚਲੋ ਦੇਸ਼ ਨੂੰ ਚੱਲੀਏ ਯੁੱਧ ਕਰਨੇ, ਇਹੋ ਆਖਰੀ ਬਚਨ ਫੁਰਮਾਨ ਹੋ ਗਏ।ਗ਼ਦਰ ਚੌਕੀਦਾਰੀ ਕਰਦਾ, ਜਿਹਨੂੰ ਫਿਕਰ ਤੁਸਾਂ ਦੇ ਘਰਦਾ।ਅਬ ਸਾਰ ਗ਼ਦਰ ਨੂੰ ਆਈ ਹੈ, ਦੇਂਦਾ ਖੜਾ ਦੁਹਾਈ ਹੈ।ਇਹ ਕਵਿਤਾ ਗ਼ਦਰ ਵਰਗੇ ਔਖੇ ਕੰਮ ਦੇ ਰਾਹ ਚੱਲਣ ਵਾਲਿਆਂ ਤੇ ਸ਼ਹੀਦੀਆਂ ਦੇਣ ਵਾਲਿਆਂ ਦਾ ਸੁਨੇਹਾ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਤਾਂ ਕਿ ਤੁਸੀਂ ਉਹਨਾਂ ਦੁਆਰਾ ਉਲੀਕੇ ਰਸਤੇ ਤੇ ਜਾ ਸਕੋ।

ਹਿੰਦੋਸਤਾਨੀਓ ਰੱਖਨਾ ਯਾਦ ਸਾਨੂੰ, ਕਿਤੇ ਦਿਲ ਤੋਂ ਨਹੀਂ ਭੁਲਾ ਜਾਣਾ।

ਖਾਤਰ ਵਤਨ ਦੀ ਚੜ੍ਹੇ ਹਾਂ ਫਾਂਸੀਆਂ ਤੇ, ਦੇਖ ਅਸਾਂ ਨੂੰ ਨਹੀਂ ਘਬਰਾ ਜਾਣਾ। ਜਦੋਂ ਗ਼ਦਰ ਪਾਰਟੀ ਬਣੀ ਤਾਂ ਉਹ ਆਪਣੇ ਕੁੱਝ ਆਸ਼ੇ ਤੇ ਸੁਪਨੇ ਲੈ ਕੇ ਤੁਰੀ ਸੀ ਜਿਹਨਾਂ ਨੂੰ ਗ਼ਦਰੀਆਂ ਨੇ ਪੂਰਾ ਕਰਨਾ ਸੀ। ਉਹਨਾਂ ਨੂੰ ਭਾਰਤੀ ਸਮਾਜ ਵਿੱਚ ਫੈਲੀ ਅਨਪੜ੍ਹਤਾ, ਜਾਤ ਪਾਤ, ਛੂਤ ਛਾਤ, ਪੁਰਾਣੇ ਦਕੀਆਨੂਸੀ ਵਿਚਾਰ, ਕਰਮਕਾਂਡਾਂ, ਰਸਮੋਂ-ਰਿਵਾਜ, ਕਿਸਮਤਵਾਦ, ਦੇਸ਼ ਦੀ ਗ਼ੁਲਾਮੀ ਤੇ ਜ਼ਿਹਨੀ ਗ਼ੁਲਾਮੀ, ਟੈਕਸਾਂ ਦੀ ਪੰਡ, ਟੋਡੀ ਜਮਾਤ ਆਦਿ ਜਿਹੜੇ ਸਮਾਜ ਦੇ ਵਿਕਾਸ ਨੂੰ ਖੋਰਾ ਲਾਉਂਦੇ ਸਨ, ਉਸਨੂੰ ਜੜ੍ਹੋਂ ਪੁੱਟਣਾ ਸੀ।ਅਜ਼ਾਦ ਦੇਸ਼ ਦਾ ਨਮੂਨਾ ਉਹਨਾਂ ਦੇ ਸ਼ਬਦਾਂ ਵਿੱਚ:

ਵਿਦਯਾ ਬਥੇਰੀ ਵਧ ਜਾਏਗੀ ਆਜ਼ਾਦੀ ਹੋਇਆਂ, ਕਿਸੇ ਦਾ ਮਜਾਲ ਫਿਰ ਸਾਨੂੰ ਅਟਕਾਨ ਦੀ।

               ਬਸੇ ਰਸੇ ਹਸੇਗਾ ਤਾਂ ਸਾਰਾ ਹੀ ਅਜ਼ਾਦ ਹਿੰਦ, ਹੌਲੀ ਜਦੋਂ ਹੋਈ ਪੰਡ ਟੈਕਸ ਲਗਾਨ ਦੀ।

               ਹੋਵੇਗੀ ਤਰੱਕੀ ਪਿੱਛੋਂ ਬੌਹਤ ਹੀ ਸੁਖਾਲ ਸਾਡੀ, ਕਰ ਲੋ ਤਿਯਾਰੀ ਪੈਹਲਾਂ ਗ਼ਦਰ ਮਚੌਣ ਦੀ।ਗ਼ਦਰ ਲਹਿਰ ਦਾ ਅਧਿਅਨ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਘੱਟ ਪੜ੍ਹੇ ਲਿਖੇ ਕਿਸਾਨ ਜਾਂ ਨਾਮ ਕਟੇ ਫੌਜੀਆਂ ਦੀ ਰਚਨਾ ਹੈ ਜਿਹੜੀ ਉਹਨਾਂ ਦੀਆਂ ਮੁਸ਼ਕਲਾਂ ਵਿਚੋਂ ਪੈਦਾ ਹੋਈ ਤੇ ਜਿਹੜੀ ਉਸ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਲੋਕ-ਅਵਾਜ਼ ਬਣ ਕੇ ਲੋਕਾਂ ਸਾਹਮਣੇ ਆਈ।ਇਹ ਧਰਤੀ ਦੀ ਕਵਿਤਾ ਹੈ, ਧਰਤੀ ਦੇ ਜੀਵਾਂ, ਮਨੁੱਖਾਂ ਵਿੱਚ ਜੀਵੀ ਜਾਣ ਵਾਲੀ ਕਵਿਤਾ ਜੋ ਉਹਨਾਂ ਦੇ ਦੁੱਖਾਂ-ਸੁੱਖਾਂ ਵਿੱਚੋਂ ਵਿਚਰਦੀ ਹੋਈ ਜੋਸ਼ ਨਾਲ ਉਬਾਲੇ ਖਾਂਦੀ ਇੱਕ ਵੰਗਾਰ ਦੇ ਰੂਪ ਵਿੱਚ ਐਲਾਨ, ਉਪਦੇਸ਼ ਤੇ ਫਰਿਆਦ ਹੈ।ਇਹ ਕਵਿਤਾ ਗ਼ੁਲਾਮੀ ਤੋਂ ਅਜ਼ਾਦੀ ਦਾ ਫਾਸਲਾ ਦਰਸਾਉਂਦੀ ਹੈ।ਗ਼ੁਲਾਮੀ ਦੇ ਯਥਾਰਥ ਵਿੱਚੋਂ ਪੁਲਾਘਾਂ ਪੁੱਟਦੀ ਹੋਈ ਅਜ਼ਾਦੀ ਦੇ ਸੁਪਨੇ ਤੱਕ ਪਹੁੰਚਣ ਦੀ ਪੌੜੀ ਹੈ। ਗ਼ਦਰ ਦੀ ਕਵਿਤਾ ਗ਼ਦਰ ਪਾਰਟੀ ਦਾ ਇੱਕ ਅਜਿਹਾ ਇਤਿਹਾਸਕ ਦਸਤਾਵੇਜ਼ ਹੈ ਜਿਸ ਵਿਚੋਂ ੧੭ਵੀਂ-੧੮ਵੀਂ ਸਦੀ ਦਾ ਸਮਾਂ, ੧੮੫੭ ਦਾ ਗ਼ਦਰ, ਕੂਕਾ ਲਹਿਰ, ਗ਼ਦਰ ਲਹਿਰ ਦੀ ਸਥਾਪਨਾ, ਕਾਮਾਗਾਟਾਮਾਰੂ ਦਾ ਦੁਖਾਂਤ, ਦੇਸ਼-ਭਗਤਾਂ ਦੀਆਂ ਸ਼ਹੀਦੀਆਂ, ਕੁਰਬਾਨੀਆਂ, ਸਰਗਰਮੀਆਂ, ਭੁੱਖ ਹੜਤਾਲਾਂ, ਕਾਲੇ ਪਾਣੀ ਦੀਆਂ ਸਜ਼ਾਵਾਂ ਆਦਿ ਦੀਆਂ ਘਟਨਾਵਾਂ ਵਿਚੋਂ ਸਾਰੇ ਹਲਾਤਾਂ ਦੀ ਅਸਲੀਅਤ ਸਾਡੇ ਸਾਹਮਣੇ ਹੈ।

ਉਸ ਸਮੇਂ ਦੀ ਗੁਰਬਤ ਦੀ ਜ਼ਿੰਦਗੀ ਨੂੰ ਦੇਖਦਿਆਂ ਅੱਜ ਦੇ ਹਲਾਤਾਂ ਤੇ ਨਜ਼ਰ ਮਾਰਦੇ ਹਾਂ ਚਾਹੇ ਇਹ ਕਵਿਤਾ ਸੌ ਸਾਲ ਪਹਿਲਾ ਰਚੀ ਗਈ ਸੀ ਫਿਰ ਵੀ ਇਹ ਅੱਜ ਦੀ ਕਵਿਤਾ ਲੱਗਦੀ ਹੈ ਕਿਉਂਕਿ ਗਰੀਬੀ, ਗ਼ੁਲਾਮੀ, ਲੁੱਟ-ਖਸੁੱਟ, ਧਾਰਮਿਕ ਪਾੜੇ, ਜਾਤ-ਪਾਤ, ਛੂਤ-ਛਾਤ, ਨਸਲੀ ਵਿਤਕਰੇ ਦੇ ਸਿਰਫ਼ ਢੰਗ ਤਰੀਕੇ ਹੀ ਬਦਲੇ ਹਨ।ਬਸਤੀਵਾਦੀ ਸਿਸਟਮ ਦੀ ਥਾਂ ਸਰਮਾਏਦਾਰੀ ਸਿਸਟਮ ਨੇ ਲੈ ਲਈ ਹੈ। ਲੋਕਾਂ ਕੋਲੋਂ ਜ਼ਮੀਨ ਤੇ ਜੰਗਲ ਅੱਜ ਵੀ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਵਿਕਾਸ ਦੇ ਨਾਂ ਥੱਲੇ ਖੋਹ ਰਹੀਆਂ ਹਨ। ਗ਼ਰੀਬ ਤੇ ਅਮੀਰ ਦਾ ਜਮਾਤੀ ਪਾੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਨਵੇਂ ਸੰਦਰਭ ਵਿੱਚ ਧਰਮਾਂ ਤੇ ਨਾਂ ਤੇ ਵੋਟ ਬੈਂਕ ਨੂੰ ਕਾਬੂ ਕਰਨ ਲਈ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਜਿਵੇਂ ਤਾਜ਼ੀ ਘਟਨਾ ਅਫਜ਼ਲ ਗੁਰੁ ਨੂੰ ਫਾਂਸੀ ਦੇ ਕੇ ਹਿੰਦੂ ਵੋਟਰ ਆਪਣੇ ਵੱਲ ਕਰਨਾ ਆਦਿ। ੧੯੪੭ ਤੇ ੧੯੮੪ ਦੀਆਂ ਉਦਾਹਰਣਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਪਾੜ ਕੇ ਰਾਜਨੀਤੀ ਦੀਆਂ ਰੋਟੀਆਂ ਸੇਕਣੀਆਂ ਹੀ ਸਨ। ਹੁਣ ਸਰਮਾਏਦਾਰ ਅੱਗੇ ਨਾਲੋਂ ਦੋ ਕਦਮ ਅੱਗੇ ਚੱਲ ਕੇ ਜਾਤ-ਪਾਤ ਤੇ ਛੂਤ-ਛਾਤ ਦਾ ਸਿੱਧਾ ਵਾਰ ਨਹੀਂ ਕਰਦਾ ਸਗੋਂ ਬੁੱਕਲ ਵਿੱਚ ਲੈ ਕੇ, ਢੰਗ ਤਰੀਕੇ ਨਵੇਂ ਬਣਾ ਕੇ ਪੱਠੇ ਪਾਉਂਦਾ ਹੈ। ਉਸ ਸਮੇਂ ਲੋਕਾਂ ਦੀ ਲੋੜ ਰੋਟੀ, ਕੱਪੜਾ ਅਤੇ ਮਕਾਨ ਤੱਕ ਸੀਮਤ ਸੀ ਹੁਣ ਉਹਨਾਂ ਦੀ ਲੋੜ ਇਸ ਚਮਕੀਲੇ ਭੜਕੀਲੇ ਸਮਾਜ ਦੇ ਅਨੁਕੂਲ ਹੋਣ ਦੀ ਦੌੜ ਲਈ ਹੋ ਗਈ ਹੈ ਕਿਉਂਕਿ ਪੂੰਜੀਵਾਦੀ ਸਿਸਟਮ ਨੇ ਬੇਅਥਾਹ ਬੇਲੋੜੀਆਂ ਚੀਜ਼ਾਂ ਦਾ ਉਤਪਾਦਨ ਕਰਕੇ ਮੀਡੀਏ ਰਾਂਹੀ ਲੋਕਾਂ ਨੂੰ ਵਰਗਲ਼ਾ ਕੇ ਉਹਨਾਂ ਦੀ ਲੋੜ ਬਣਾ ਕੇ ਰੱਖ ਦਿੱਤਾ ਹੈ।

ਅੱਜ ਵੀ ਗੁਰਬਤ ਦੇ ਮਾਰੇ ਨੌਜਵਾਨ ਡਿਗਰੀਆਂ ਕੂੜੇ ਦੇ ਢੇਰ ਵਿੱਚ ਸਿੱਟ ਕੇ ਬਿਦੇਸ਼ਾਂ ਵਿੱਚ ਜਾ ਕੇ ਦੂਹਰੀ ਗ਼ੁਲਾਮੀ ਅਪਣਾਉਣ ਲਈ ਹਰ ਵੇਲੇ ਤਿਆਰ ਬਰ ਤਿਆਰ ਬੈਠੇ ਹਨ।ਸੋਹਣੀਆਂ ਸੁਨੱਖੀਆਂ ਬੱਚੀਆਂ ਨੂੰ ਬੁੱਢਿਆਂ ਦੇ ਨਾਲ ਵਿਆਹ ਕੇ ਹਰ ਇਨਸਾਨ ਬਿਦੇਸ਼ਾਂ ਦੀ ਪੌੜੀ ਦੇ ਡੰਡੇ ਤੇ ਚੜ੍ਹਨਾ ਚਾਹੁੰਦਾ ਹੈ। ਗ਼ਦਰ ਲਹਿਰ ਦੀ ਕਵਿਤਾ ਨੇ ਇਤਿਹਾਸ ਵਿੱਚੋਂ ਕੁੱਝ ਸਿੱਖ ਕੇ ਅੱਗੇ ਵਧਣ ਲਈ ਪ੍ਰੇਰਿਆ ਹੈ ਪਰ ਅੱਜ ਇਤਿਹਾਸ ਨੂੰ ਹੀ ਤੋੜ-ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਜਿਵੇਂ ਸੌ ਸਾਲਾਂ ਬਾਅਦ ਕੁੱਝ ਫਿਰਕੂ ਜਥੇਬੰਦੀਆਂ ਗ਼ਦਰੀ ਬਾਬਿਆਂ ਨੂੰ ਯਾਦ ਤਾਂ ਕਰ ਰਹੀਆਂ ਹਨ ਪਰ ਉਹਨਾਂ ਦੀ ਧਰਮ ਨਿਰਪੱਖਤਾ ਦੀ ਸੋਚ ਤੇ ਠੱਪਾ ਲਾ ਕੇ ਗ਼ਦਰ ਲਹਿਰ ਨੂੰ ਸਿਰਫ਼ ਸਿੱਖ ਧਰਮ ਦੀ ਲਹਿਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਜਿਸ ਤੋਂ ਸੁਚੇਤ ਹੋਣ ਦੀ ਲੋੜ ਹੈ।ਗ਼ਦਰ ਦੀ ਕਵਿਤਾ ਵਿੱਚ ਵਤਨ-ਪ੍ਰਸਤੀ  ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਪਿਆ ਹੈ। ਜਿਸਤੋਂ ਪ੍ਰਭਾਵਤ ਹੋ ਕੇ ਹੀ ਦੇਸ਼-ਭਗਤਾਂ ਨੇ ਆਪਣੀ ਵਧੀਆ ਜ਼ਿੰਦਗੀ ਨੂੰ ਤਿਆਗ ਕੇ ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਫਾਂਸੀਆਂ ਦੇ ਰੱਸੇ ਚੁੰਮੇ, ਕੁਰਬਾਨੀਆਂ ਦਿੱਤੀਆਂ ਤੇ ਉਮਰ ਭਰ ਲਈ ਪਿੰਜਰਾ ਬੰਦ ਕੈਦਾਂ ਕੱਟੀਆਂ।

ਅੱਜ ਦੇ ਸਮੇਂ ਵਿੱਚ ਵਿਸ਼ਵੀਕਰਣ ਮੁਤਾਬਕ ਸਾਰਾ ਸੰਸਾਰ ਇੱਕ ਪਿੰਡ ਬਣ ਚੁੱਕਿਆ ਹੈ ਜਿੱਥੇ ਕਿਤੇ ਵੀ ਕੁਝ ਮਾੜਾ ਹੋ ਰਿਹਾ ਹੈ ਤਾਂ ਮਨੁੱਖਤਾ ਦੀ ਭਾਵਨਾ ਦੇ ਸੰਦਰਭ ਵਿੱਚੋਂ ਸੋਚਣਾ ਪਵੇਗਾ। ਗ਼ਦਰ ਦੀ ਕਵਿਤਾ ਵਾਲੇ ਜੋਸ਼-ਖਰੋਸ਼ ਦੀ ਅੱਜ ਵੀ ਉੱਨੀ ਲੋੜ ਹੈ ਕਿਉਂਕਿ ਅੱਜ ਅਗਰ ਸੋਚੀਏ ਜਨਤਾ ਸੁੱਤੀ ਹੋਈ ਨਹੀਂ ਤਾਂ ਆਪਣੇ ਹੱਕਾਂ ਪ੍ਰਤੀ ਸੁਚੇਤ ਵੀ ਨਹੀਂ ਹੈ। ਫਰਕ ਇੰਨਾ ਹੈ ਅੱਗੇ ਲੁਟੇਰਾ ਅੱਖਾਂ ਦੇ ਸਾਹਮਣੇ ਨਜ਼ਰ ਆਉਂਦਾ ਸੀ ਹੁਣ ਉਹ ਟੇਢੇ ਢੰਗ ਨਾਲ ਲੁੱਟਦਾ ਹੈ ਜਿਹੜੀਆਂ ਅਗਾਂਹਵਧੂ ਮਨੁੱਖੀ ਤਾਕਤਾਂ ਇਸ ਖਾਸੇ ਤੋਂ ਜਾਣੂ ਹਨ, ਉਹ ਗ਼ਦਰ ਲਹਿਰ ਦੀ ਕਵਿਤਾ ਦੀ ਸਾਰਥਿਕਤਾ ਨੂੰ ਅੱਖੋਂ ਪਰੋਖੇ ਨਹੀਂ ਕਰ ਰਹੀਆਂ ਸਗੋਂ ਉਹਨਾਂ ਦੇ ਦਰਸਾਏ ਰਾਹ ਤੇ ਚੱਲ ਰਹੀਆਂ ਹਨ।ਉਹ ਅੱਜ ਵੀ ਜੂਝ ਰਹੀਆਂ ਹਨ, ਕੁਰਬਾਨੀਆਂ ਦੇ ਰਹੀਆਂ ਹਨ ਤੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੀਆਂ ਹਨ। ਕਨੇਡਾ, ਅਮਰੀਕਾ ਵਿੱਚੋਂ ਸ਼ੁਰੂ ਹੋਈ ਇਹ ਕਵਿਤਾ ਉਸ ਵੇਲੇ ਨਸਲੀ ਵਿਤਕਰੇ, ਇੰਮੀਗ੍ਰੇਸ਼ਨ ਦੇ ਵਿਤਕਰੇ ਖ਼ਿਲਾਫ ਹੱਕਾਂ ਦੀ ਲੜਾਈ ਨੂੰ ਦਰਸਾਉਂਦੀ ਹੈ। ਅੱਜ ਵੀ ਜਦੋਂ ਆਹੇ-ਵਗਾਹੇ ਇਹਨਾਂ ਹੀ ਮਸਲਿਆਂ ਤੇ ਸਾਨੂੰ ਦਰਪੇਸ਼ ਮੁਸਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਅੱਜ ਦੀ ਮੌਜੂਦਾ ਸਰਕਾਰ ਨਿੱਤ ਇੰਮੀਗ੍ਰੇਸ਼ਨ ਲਾਅ ਬਦਲਦੀ ਹੈ ਤੇ ਅਵਾਸੀਆਂ ਦੇ ਆਉਣ ਤੇ ਕੱਟ ਤੇ ਕੱਟ ਲਾਏ ਜਾ ਰਹੇ ਹਨ, ਜਿਹੜਾ ਪਰਿਵਾਰਾਂ ਨੂੰ ਸੱਦਣ ਦਾ ਹੱਕ ਸਾਡੇ ਗ਼ਦਰੀਆਂ ਨੇ ਸੌ ਸਾਲ ਪਹਿਲਾਂ ਜੱਦੋਜਹਿਦ ਕਰਕੇ ਲਿਆ ਸੀ ਉਹ ਹੁਣ ਸੁਪਰ ਵੀਜੇ ਦੇ ਨਾਂ ਤੇ ਟੈਂਪਰੇਰੀ ਸੱਦ ਕੇ ਮਣਾਂ ਮੂੰਹੀਂ ਖਰਚਾ ਕਰਕੇ ਹੱਕਾਂ ਤੋਂ ਵਾਂਝਿਆਂ ਕਰਨ ਦਾ ਢਕਵੰਜ ਹੈ ਇਸੇ ਕਰਕੇ ਅੱਜ ਫਿਰ ਉਹੋ ਜਿਹੀ ਕਵਿਤਾ ਦੀ ਲੋੜ ਹੈ ਜੋ ਸਾਨੂੰ ਦਿਨ ਦੁਪਹਿਰੇ ਸੁਤਿਆਂ ਨੂੰ ਜਗਾ ਸਕੇ।

ਕਵਿਤਾ ਵਿੱਚ ਇੱਕ ਅਹਿਮ ਗੱਲ ਜਿਸ ਤੇ ਸਾਰਿਆਂ ਪੱਖਾਂ ਨਾਲੋਂ ਜਿਆਦਾ ਜੋਰ ਦਿੱਤਾ ਗਿਆ ਹੈ ਉਹ ਹੈ ਏਕੇ ਦੇ ਸਿਧਾਂਤ ਦੀ। ਜਿਸਦਾ ਸਬੂਤ ਗ਼ਦਰ ਲਹਿਰ ਨੇ ਗ਼ਦਰ ਅਖਬਾਰ ਰਾਂਹੀ ਏਕਤਾ ਦਾ ਸੱਦਾ ਕਨੇਡਾ, ਅਮਰੀਕਾ, ਜਪਾਨ, ਪੈਨਾਮਾ, ਅਰਜਨਟਾਇਨਾ, ਫਿਜੀ, ਚੀਨ, ਸਿੰਘਾਪੁਰ, ਮਲੇਸ਼ੀਆ, ਹਾਂਕਕਾਂਗ, ਮਲਾਇਆ, ਬਰਾਜ਼ੀਲ, ਫਿਲਪਾਈਨਜ਼, ਸਿਆਮ, ਬਰ੍ਹਮਾ, ਹਿੰਦੋਸਤਾਨ ਆਦਿ ਤੱਕ ਪਹੁੰਚਾਇਆ ਤਾਂ ਕਿ ਬਾਹਰਲੇ ਦੇਸ਼ਾਂ ਵਿੱਚ ਬੈਠੇ ਹਿੰਦੋਸਤਾਨੀ ਇਕੱਠੇ ਹੋ ਕੇ ਗ਼ਦਰ ਕਰਨ ਲਈ ਤੁਰਨ ਤੇ ਇਹ ਹੋਇਆ ਵੀ। ੧੦੦ ਸਾਲਾਂ ਬਾਅਦ ਵੀ ਇਸ ਏਕੇ ਦੇ ਸਿਧਾਂਤ ਦੀ ਸਾਰਥਿਕਤਾ ਉੱਨੀ ਹੀ ਹੈ ਕਿ ਲੋਕ ਇਕੱਠੇ ਹੋ ਕੇ ਦਰਿਆਵਾਂ ਦੇ ਵਹਿਣ ਮੋੜ ਦੇਣ ਵਾਂਗੂੰ ਯੁੱਗ ਪਲਟਾ ਸਕਦੇ ਹਨ, ਸਮਾਜ ਵਿੱਚ ਬਰਾਬਰਤਾ ਲਿਆ ਸਕਦੇ ਹਨ ਤੇ ਮਨੁੱਖ ਨੂੰ ਅਜ਼ਾਦੀ ਦਾ ਜੀਵਨ ਦੇ ਸਕਦੇ ਹਨ ਜਿਹੜਾ ਗ਼ਦਰ ਲਹਿਰ ਦੇ ਲੇਖਕਾਂ ਦਾ ਸਾਰੀ ਮਨੁੱਖਤਾ ਲਈ ਇੱਕ ਸੁੰਦਰ ਸੁਪਨਾ ਸੀ।