ਤਿਰਾਨਵੇਂ ਰੁਪਏ ਦੀ ਟਿਕਟ (ਮਿੰਨੀ ਕਹਾਣੀ)

ਬਲਵਿੰਦਰ ਸਿੰਘ ਗੁਰਾਇਆ    

Email: babusuper@gmail.com
Cell: +91 94170 58020
Address: ਕ੍ਰਿਸ਼ਨਾ ਕਾਲੋਨੀ ਗੁਰਾਇਆ
ਜਲੰਧਰ India
ਬਲਵਿੰਦਰ ਸਿੰਘ ਗੁਰਾਇਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਕੁੱਝ ਦਿਨ ਹੋਏ ਮੈਨੂੰ ਮਲੋਟ ਮੰਡੀ ਜਾਣਾ ਪਿਆ। ਮੈਂ ਸਵੇਰੇ ਤਿਆਰ ਕੇ ਬੱਸ ਅੱਡੇ ਪੁੱਜਿਆ, ਤਦ ਤਕ ਬਾਜ਼ਾਰ ਵਿਚ ਕਾਫ਼ੀ ਰੌਣਕ ਹੋ ਚੁੱਕੀ ਸੀ। ਲੋਕੀ  ਸਵੇਰੇ ਸਵੇਰੇ ਹੀ ਵਾਹੋਦਾਹੀ ਹੀ ਭੱਜੇ ਫਿਰਦੇ ਸਨ, ਜਿਵੇਂ ਰਾਤ ਮਸੀਂ ਲੰਘਾਈ ਹੋਵੇ। ਮੈਂ ਪ੍ਰਾਈਵੇਟ ਬੱਸ ਰਾਹੀਂ ਲੁਧਿਆਣਾ ਪੁੱਜਾ। ਲੁਧਿਆਣਾ ਬੱਸ ਅੱਡੇ ਤੋਂ ਮਲੋਟ ਜਾਣ ਲਈ ਵੀ ਪ੍ਰਾਈਵੇਟ ਬੱਸ ਹੀ ਤਿਆਰ ਖੜੀ ਸੀ । ਮੈਂ ਸ਼ੀਸ਼ੇ ਨਾਲ ਦੀ ਸੀਟ ਤੇ ਬੈਠ ਗਿਆ ਤੇ ਅਖ਼ਬਾਰ ਪੜ੍ਹਨ ਲੱਗਾ । ਇੰਨੇ ਚਿਰ ਨੂੰ ਇਕ ਨੌਜਵਾਨ ਲੜਕੀ ਮੇਰੇ ਨਾਲ ਸੀਟ ਤੇ ਆਕੇ ਬੈਠ ਗਈ, ਉਹ ਬਿਨਾਂ ਕੁੱਝ ਬੋਲੇ ਮੇਰੇ ਹੱਥ ਵਿਚ ਫੜੀ ਅਖ਼ਬਾਰ ਚੋਰ ਨਿਗਾਹ ਨਾਲ ਪੜ੍ਹਨ ਲੱਗੀ। ਇਸ ਤੋਂ ਬਾਅਦ ਮੇਰੇ ਹੱਥ ਵਿਚ ਅਖ਼ਬਾਰ ਫੜਦੇ ਹੀ ਉਸ ਕਿਹਾ, ਤੁਸੀਂ ਕਿਥੇ ਜਾਣਾ ਹੈ?, ਮੈ ਮਲੋਟ ਕਿਹਾ ਤਾਂ ਉਹ ਮੁਸਕਰਾਉਂਦੀ ਹੋਈ ਬੋਲੀ, ਮੈਂ ਵੀ ਮਲੋਟ ਹੀ ਜਾਣਾ ਹੈ। ਤੇ ਉਹ ਬਿਨ ਬਰੇਕੋਂ ਗੱਲਾਂ ਕਰਨ ਲੱਗੀ। ਤੁਸੀਂ ਕੀ ਕਰਦੇ ਹੋਏ, ਮੈਂ ਵਿਹਲੀ ਹਾਂ, ਬੇਰੁਜ਼ਗਾਰ ਹਾਂ, ਪੜਕੇ ਕੇ ਹਟੀ ਹਾਂ, ਬਗੈਰਾ ਬਗੈਰਾ । ਮੈਨੂੰ ਉਹ ਕੁੜੀ ਬੜੀ ਸਿਆਣੀ ਲੱਗੀ। ਕੰਡਕਟਰ ਟਿਕਟ ਦੇਣ ਆਇਆ ਤਾਂ ਮੈਂ ਇਹ ਸਮਝ ਕੇ ਕਿ ਕੁੜੀ ਬੇਰੁਜ਼ਗਾਰ ਹੈ, ਉਸ ਦੀ ਵੀ ਟਿਕਟ ਮਲੋਟ ਤਕ  ਦੀ ਖ਼ਰੀਦ ਲਈ, ਉਸ ਮਾੜਾ ਮੋਟਾ ਨਾ ਨਾ ਕਿਹਾ। ਪਰ ਜਦ ਤਕ ਕੰਡਕਟਰ ਪੰਜ ਸੌ ਦੇ ਨੋਟ ਵਿਚੋਂ ਦੋ ਟਿਕਟਾਂ ਦੇ ਪੈਸੇ ਕੱਟ ਕੇ ਟਿਕਟਾਂ ਮੇਰੇ ਹੱਥ ਫੜਾ ਕੇ ਅਗਾਂਹ ਚਲਾ ਗਿਆ ਸੀ। ਫਿਰ ਸਾਡੀਆਂ ਕਾਫ਼ੀ ਗੱਲਾਂ ਬਾਤਾਂ ਹੋਈਆ। ਅੱਜਕੱਲ੍ਹ ਦੀ ਪੜਾਈ ਵਾਰੇ, ਕਾਲਜਾਂ ਵਿਚ ਵੱਧ ਰਹੇ ਫ਼ੈਸ਼ਨ ਵਾਰੇ ਤੇ ਹੋਰ ਅਨੇਕਾਂ ਗੱਲਾਂ। ਬੱਸ ਤਦ ਤਕ ਮੋਗੇ ਪੁੱਜ ਚੁੱਕੀ ਸੀ। ਕੁੜੀ ਸ਼ਾਇਦ ਥੱਕ ਗਈ ਤੇ ਸੀਟ ਤੇ ਸਿਰ ਸੁੱਟ ਕੇ ਸੌਣ ਲੱਗੀ। ਮੈਂ ਵੀ ਬੱਸ ਦੀ ਆਰਾਮਦਾਇਕ ਸੀਟ ਤੇ ਸੌਣ ਦਾ ਯਤਨ ਕਰਨ ਲੱਗਾ। ਮੈਨੂੰ ਸੌਂਦਾ  ਦੇਖ ਕੇ  ਕੁੜੀ ਨੇ ਆਪਣਾ ਮੋਬਾਈਲ ਕੱਢਿਆ । ਫ਼ੋਨ ਮਿਲਾ ਕੇ ਕਿਸੇ ਨਾਲ ਗੱਲਬਾਤ ਕਰਨ ਲੱਗੀ। ਉਹ ਗੱਲਾਂ ਕਰਦੀ ਰਹੀ। ਕੁੱਝ ਸਮੇਂ ਬਾਅਦ ਉਹ ਫ਼ੋਨ ਤੇ ਗੱਲ ਕਰ ਰਹੀ ਸੀ, ਕੀ ਕਰਾਂ ਅੱਜ ਤਾਂ ਬੜੀ ਪ੍ਰੇਸ਼ਾਨ ਹੋਈ ਹਾਂ, ਮੇਰੇ ਨਾਲ ਦੀ ਸੀਟ ਤੇ ਅਧਖੜ ਜਿਹਾ ਬੰਦਾ ਬੈਠਾ ਹੈ, ਮੈਂ ਲੁਧਿਆਣਾ ਤੋ ਮਲੋਟ ਦੀ ਟਿਕਟ ਦੀ ਖ਼ਾਤਰ ਇਸ ਨਾਲ ਮੁਸਕਰਾ ਕੇ ਬੈਠ ਗਈ, ਇਸ ਝੁੱਡੂ ਨੇ  ਟਿਕਟ ਤਾਂ ਲੈ ਲਈ ਹੈ। ਪਰ ਹੈ ਮੀਸਣਾ ਜਿਹਾ, ਬੜਾ ਚੁਸਤ, ਗੱਲਾਂ ਹੀ ਕਰੀ ਜਾਂਦਾ ਹੈ, ਮੋਗੇ ਤਕ ਤਾਂ ਇਵੇਂ ਗੱਲਾਂ ਕਰੀ ਗਿਆ, ਜਿਵੇਂ ਮੈਂ ਮੁੱਲ ਲੈ ਲਈ ਹੁੰਦੀ ਹਾਂ, ਹੁਣ ਸੁੱਤਾ ਪਿਆ ਹੈ, ਤਦ ਤੇਰੇ ਨਾਲ ਗੱਲ ਕਰਨ ਲੱਗੀ ਹਾਂ, ਇਸ ਤਰਾਂ ਦੇ ਘਰੇ ਭਾਵੇਂ ਤੀਵੀਂ ਨਾਲ ਲੜਨੋਂ ਨਾ ਹਟਣ , ਪਰ ਬਾਹਰ ਆ ਕੇ ਇਵੇਂ ਗੱਲ ਕਰਨਗੇ, ਜਿਵੇਂ ਇਨ੍ਹਾਂ ਨਾਲੋਂ ਸ਼ਰੀਫ਼ ਕੋਈ ਹੈ ਹੀ ਨਹੀਂ, ਮੈਨੂੰ ਤਾਂ ਦੋ ਨਿਆਣਿਆਂ ਦਾ ਪਿਉ ਵੀ ਲੱਗਦਾ ਹੈ, ਤੇ ਮਾਰਦਾ ਹੈ ਮੇਰੇ ਤੇ ਲਾਇਨ, ਸਿਰਫ਼ 93 ਰੁਪਏ ਦੀ ਟਿਕਟ ਲੈ ਕੇ। ਮੈ ਅੱਖਾਂ ਮੀਟੀ ਸਾਰਾ ਕੁੱਝ ਸੁਣ ਰਿਹਾ ਸੀ,ਬੱਸ ਵੱਡੇ ਵੱਡੇ ਟੋਇਆ ਵਿਚ ਟੱਪਦੀ ਹੋਈ ਲੰਘ ਰਹੀ ਸੀ,ਸਾਰੇ ਸੁੱਤੇ ਮੁਸਾਫ਼ਰ ਜਾਗ ਪਏ ਸਨ। ਪਰ ਮੇਰੀਆਂ ਅੱਖਾਂ ਅਜੇ ਵੀ ਖੁੱਲ ਨਹੀਂ ਸਕੀਆਂ ਸਨ।