ਮਾਂ ਉਡੀਕਦੀ ਹੈ (ਕਹਾਣੀ)

ਹਰਭਜਨ ਫੱਲੇਵਾਲਵੀ   

Email: harbhajan.phallewalvi@gmail.com
Cell: +91 98726 65229
Address: 219, ਮੋਤੀ ਬਾਗ਼ ਕਾਲੋਨੀ ਪਖੋਵਾਲ ਰੋਡ,
ਲੁਧਿਆਣਾ India 141003
ਹਰਭਜਨ ਫੱਲੇਵਾਲਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਧ ਖੁੱਲ੍ਹੇ ਦਰਵਾਜ਼ੇ ਦੇ ਕਿਵਾੜ ਧਕੇਲਦਿਆਂ ਮੈਂ ਘਰ ਅੰਦਰ ਆ ਗਈ|  ਸਾਹਮਣੇ ਸਵਾਤ ਕੋਲ ਬੈਠੀ ਨਾਨੀ ਮਾਂ ਚਰਖਾ ਡਾਹ ਸੂਤ ਕੱਤ ਰਹੀ ਸੀ|  ਚਰਖੇ ਦੀ ਘੂਕਰ ਦੇ ਨਾਲ ਹੀ ਉਸਦੇ ਮੂੰਹੋਂ ਨਿੱਕਲੇ ਕਿਸੇ ਉਦਾਸ ਪੇਂਡੂ ਗੀਤ ਦੇ ਬੋਲ ਮਿਲਕੇ ਮਾਹੌਲ ਵਿਚ ਕੰਬਣੀ ਜਿਹੀ ਛੇੜ ਰਹੇ ਸਨ|  ਮੈਨੂੰ ਵੇਖਦਿਆਂ ਹੀ ਨਾਨੀ ਮਾਂ ਚਰਖਾ ਛੱਡ ਉਠ ਖੜ੍ਹੀ ਹੋਈ ਅਤੇ ਆਪਣੀ ਜੱਫੀ ‘ਚ ਲੈਂਦਿਆਂ, ਸਿਰ ਪਲੋਸਦੀ ਹੋਈ ਮੇਰੇ ਸਹੁਰਿਆਂ ਦੀ ਸੁੱਖ-ਸਾਂਦ ਪੁੱਛਣ ਲੱਗ ਪਈ| ਮਾਂ ਤੋਂ ਅਲੱਗ ਹੋ ਕੇ ਡਹੇ ਹੋਏ ਮੰਜੇ ਤੇ ਬੈਠਦਿਆਂ ਮੈਂ ਇਕ ਪਲ ਮਾਂ ਵੱਲ ਤੱਕਿਆ, ਉਹਦੀਆਂ ਝੁਰੜੀਆਂ ਭਰੀਆਂ ਗੱਲ੍ਹਾਂ ‘ਤੇ ਦੋ ਹੰਝੂ ਸਿੰਮ ਆਏ ਸਨ|
‘ਮਾਂ ! ਤੂੰ ਐਵੇਂ ਗੱਲ ਗੱਲ ‘ਤੇ ਨਾ ਰੋ ਪਿਆ ਕਰ..........|  ਧੀਰਜ ਵੀ ਕੋਈ ਚੀਜ਼ ਹੁੰਦੀ ਆ........|’
ਆਖਦਿਆਂ ਖ਼ੁਦ ਮੇਰਾ ਦਿਲ ਪਸੀਜ ਜਿਹਾ ਗਿਆ ਸੀ|
‘ਕੀ ਕਰਾਂ ਧੀਏ.......ਹੁਣ ਤਾਂ ਅੱਖਾਂ ‘ਚੋਂ ਚੰਦ੍ਰੇ ਹੰਝੂ ਵੀ ਰਹਿ ਗਏ ਨੇ..........| ਜਿਨ੍ਹਾਂ ਹੰਝੂ ਪੂੰਝਣੇ ਸੀ ਉਹੀ ਨਾ ਆ ਸਕੇ ਤਾਂ ਹੰਝੂ ਈ ਰਹਿਗੇ ਹੁਣ........|’ ਕਹਿੰਦਿਆਂ ਮਾਂ ਦਾ ਮਨ ਹੋਰ ਭਰ ਆਇਆ|  ਉਨ੍ਹਾਂ ਦੇ ਅੰਦਰਲਾ ਫੋੜਾ ਖ਼ਬਰੇ ਕਿਉਂ ਥੋੜ੍ਹੀ ਜਿਹੀ ਚੋਟ ਨਾਲ ਹੀ ਫਿੱਸ ਪੈਂਦਾ ਸੀ|   ਮਾਂ ਦਾ ਧਿਆਨ ਮੋੜਨ ਲਈ ਮੈਂ ਗੱਲ ਦਾ ਰੁੱਖ ਬਦਲ ਪਿੰਡ ਬਾਰੇ ਗੱਲਾਂ ਕਰਨ ਲੱਗ ਪਈ|
ਚਰਖਾ ਚੁੱਕ ਮਾਂ ਮੇਰੇ ਲਈ ਚਾਹ ਧਰਨ ਲੱਗ ਪਈ|  ਮੈਂ ਬੈਠੀ ਇਕ ਪਲ ਸੋਚਦੀ ਰਹੀ|  ਸਿਰ ਨੂੰ ਉਤਾਂਹ ਚੁੱਕ ਮੈਂ ਇਕ ਵਾਰ ਦੁਆਲ਼ੇ ਨਜ਼ਰ ਮਾਰੀ, ਵਿਹੜੇ ਦੇ ਵਿਚਕਾਰ ਲੱਗੀ ਧਰੇਕ ਨਾਲ ਮੱਝ ਬੰਨ੍ਹੀ ਹੋਈ ਸੀ, ਜਿਸਦੇ ਹੱਡ ਉਮਰ ਦੇ ਥਪੇੜਿਆਂ ਨੇ ਅਸਲੋਂ ਹੀ ਬੁੱਢੇ ਕਰ ਦਿੱਤੇ ਸਨ|
ਘਰ ਦੇ ਬਨੇਰਿਆਂ ‘ਤੇ ਡੁੱਬ ਰਹੇ ਸੂਰਜ ਦੀ ਮੱਧਮ  ਜਿਹੀ ਲਾਲੀ ਚਮਕ ਰਹੀ ਸੀ|  ਮੈਂ ਵੀ ਉਠ ਕੇ ਚੁੱਲ੍ਹੇ ਲਾਗੇ ਬੈਠੀ ਨਾਨੀ ਮਾਂ ਕੋਲ ਆ ਕੇ ਬੈਠ ਗਈ|   ਮੱਝ ਵਾਂਗ ਹੀ ਬੁੱਢੀ ਹੋ ਚੁੱਕੀ ਨਾਨੀ ਮਾਂ ਦੇ ਮੂੰਹ ਦੀਆਂ ਝੁਰੜੀਆਂ ਬੀਤੇ ਵਰ੍ਹਿਆਂ ‘ਚ ਵਾਪਰੇ ਹਾਦਸਿਆਂ ਦੇ ਇਕ ਲੰਮੇ ਸਫ਼ਰ ਦੀ ਗਾਥਾ ਦੱਸ ਰਹੀਆਂ ਸਨ|  ਕਿੰਨੀ ਵਾਰ ਇਹੋ ਜਿਹੀਆਂ ਸੋਚਾਂ ਅਕਸਰ ਮੇਰੇ ਦੁਆਲ਼ੇ ਜੁੜ ਬਹਿੰਦੀਆਂ|  ਬੜਾ ਚਾਹਿਆ ਸੀ ਇਹ ਸਭ ਭੁੱਲ ਜਾਵਾਂ ਪਰ ਨਾਨੀ ਮਾਂ ਦੀ ਦਹਿਲੀਜ਼ ‘ਤੇ ਆ ਪੈਰ ਧਰਦੀ ਤਾਂ ਅਤੀਤ ਦੀ ਪ੍ਰਛਾਈਂ ਜਿਵੇਂ ਮੁੜ ਕਿਸੇ ਕੋਨੇ ‘ਚੋਂ ਸਾਹਮਣੇ ਆ ਖੜੋਂਦੀ|  ਘਰ ਦੀ ਸਾਹਮਣੀ ਦੀਵਾਰ ‘ਤੇ ਗੁਜ਼ਰ ਚੁੱਕੀ ਭੈਣ ਦੀ ਤਸਵੀਰ ਵੇਖਦੀ ਤਾਂ ਜਾਪਦਾ, ਹਾਦਸੇ ਦਾ ਹਰ ਜ਼ਖ਼ਮਸ਼ਾਇਦ ਉਮਰ ਤੱਕ ਇੰਝ ਹੀ ਰਿਸਦਾ ਰਹੇ|  ਇਕ ਦੋ ਵਾਰ ਮੈਂ ਤਸਵੀਰ ਨੂੰ ਲਾਹ ਅਲਮਾਰੀ ਵਿਚ ਰੱਖਿਆ, ਪਰ ਨਾਨੀ ਮਾਂ ਨੇ ਫਿਰ ਉਸੇ ਦੀਵਾਰ ‘ਤੇ ਟਿਕਾ ਦਿੱਤੀ|   ਮਾਂ ਵੀ ਸਭ ਕੁਝ ਜਾਣਦੀ ਏ, ਉਸਨੂੰ ਆਖਾਂ ਵੀ ਕੀ...........?
ਪੰਜ ਵਰ੍ਹਿਆਂ ਦੀ ਸਾਂ ਜਦੋਂ ਬੀ ਜੀ ਬੀਮਾਰ ਹੋ ਕੇ ਗੁਜ਼ਰ ਗਏ ਸਨ|  ਪਿਤਾ ਜੀ ਦੇ ਕਹਿਣ ‘ਤੇ ਭੂਆ ਦੀ ਕੁੜੀ ਦੇ ਵਿਆਹ ‘ਤੇ ਬੀਮਾਰ ਹਾਲਤ ਵਿਚ ਹੀ ਚਲੇ ਗਏ ਤੇ ਮੁੜ ਦੂਸਰੇ ਦਿਨ ਬੀ ਜੀ ਦੀ ਲਾਸ਼ ਹੀ ਵਾਪਸ ਆਈ ਸੀ|  ਐਨੀ ਹੋਸ਼ ਵੀ ਨਹੀਂ ਸੀ ਮੈਨੂੰ|  ਮੈਂ ਸਾਂ ਤੇ ਦੋ ਸਾਲ ਦੀ ਛੋਟੀ ਭੈਣ ਚੰਨੀ|  ਸਮਝਿਆ ਸੀ ਬੀ ਜੀ ਕੀਤੇ ਦੂਰ ਚਲੇ ਗਏ ਨੇ............. ਜਲਦੀ ਹੀਆ ਜਾਣਗੇ.......... ਪਿਤਾ ਜੀ ਨੇ ਉਂਝ ਵੀ ਬੀ ਜੀ ਨੂੰ ਪਿਆਰ ਨਹੀਂ ਸੀ ਦਿੱਤਾ|  ਦਾਦੀ ਪਿੱਛੇ ਲੱਗ ਰੋਜ਼ ਬੀ ਜੀ ਨੂੰ ਕੁੱਟਦੇ|  ਹਰ ਨਿੱਕੀ ਜਿਹੀ ਗੱਲ ‘ਤੇ ਬੀ ਜੀ ਨੂੰ ਤਾਅਨੇ ਸਹਿਣੇ ਪੈਂਦੇ ਸਨ|
ਪਿਤਾ ਜੀ ਦਾ ਘਰ ਤੇ ਦਾਦੀ ਮਾਂ ਉਦੋਂ ਹੀ ਸਭ ਓਪਰੇ ਜਿਹੇ ਲੱਗਣ ਲੱਗ ਪਏ ਸਨ|  ਬੱਸ ਇੰਝ ਹੀ ਦਿਨ ਬੀਤਦੇ ਰਹੇ ਤੇ ਇਕ ਦਿਨ ਪਿਤਾ ਜੀ ਹੋਰ ਬੀ ਜੀ ਨੂੰ ਘਰ ਲੈ ਆਏ ਸਨ|  ਘਰ ਵਿਚ ਬਹੁਤ ਇਕੱਠ ਸੀ|  ਨਵੀਂ ਬੀ ਜੀ ਨੂੰ ਦੇਖਣ ਕਿੰਨੀਆਂ ਹੀ ਤੀਵੀਆਂ ਘਰ ਵਿਚ ਆਈਆਂ ਹੋਈਆਂ ਸਨ|  ਕੁਝ ਦਿਨਾਂ ਬਾਅਦ ਹੀ ਪਿਤਾ ਜੀ ਨਵੀਂ ਬੀ ਜੀ ਨੂੰ ਲੈ ਕਲਕੱਤੇ ਚਲੇ ਗਏ| ਮੈਂ ਤੇ ਚੰਨੀ ਦਾਦੀ ਕੋਲ ਰਹਿਓ ਗਈਆਂ ਸਾਂ| ਕਿੰਨੇ ਹੀ ਦਿਨ ਤੱਕ ਮੈਂ ਪਿਤਾ ਜੀ ਕੋਲ ਜਾਂ ਲਈ ਰੋਂਦੀ ਰਹੀ ਸੀ|
ਤੇ ਫਿਰ ਮਾਮਾ ਜੀ ਇਕ ਦਿਨ ਆ ਕੇ ਸਾਨੂੰ ਦੋਵਾਂ ਨੂੰ ਨਾਨੀ ਮਾਂ ਕੋਲ ਲੈ ਆਏ|   ਨਾਨਾ ਜੀ ਸਨ, ਜਿੰਨ੍ਹਾਂ ਨੂੰ ਅਸੀਂ ਮਾਮਾ ਜੀ ਪਿੱਛੇ ਲੱਗ ਕੇ ਬਾਪੂ ਜੀ ਆਖਣ ਲੱਗ ਪਈਆਂ ਸਾਂ, ਸਾਨੂੰ ਬਹੁਤ ਪਿਆਰ ਦਿੰਦੇ, ਪਰ ਮੈਂ ਬੀ ਜੀ ਨੂੰ ਯਾਦ ਕਰਕੇ ਕਈ ਵਾਰ ਰੋ ਪੈਂਦੀ ਸਾਂ|
ਉਨ੍ਹਾਂ ਹੀ ਦਿਨਾਂ ਵਿਚ ਮਾਮਾ ਜੀ ਦੇਸ਼ ਛੱਡ ਰੋਜ਼ੀ ਦੀ ਤਲਾਸ਼ ਵਿਚ ਇੰਗਲੈਂਡ ਚਲੇ ਗਏ|  ਉਨ੍ਹਾਂ ਦੇ ਪਿੱਛੇ ਹੀ ਵੱਡੇ ਮਾਮਾ ਜੀ ਜੋ ਸ਼ਹਿਰ ਵਿਚ ਨੌਕਰੀ ਕਰਦੇ ਸਨ, ਨੌਕਰੀ ਛੱਡ ਹੋਰ ਧਨ ਕਮਾਉਣ ਲਈ ਕੈਨੇਡਾ ਚਲੇ ਗਏ|  ਉਨ੍ਹਾਂ ਨੂੰ ਜਾਣ ਤੋਂ ਪਹਿਲਾਂ ਬਾਪੂ ਜੀ ਤੇ ਨਾਨੀ ਜੀ  ਨੇ ਬਹੁਤ ਰੋਕਿਆ ਸੀ, ‘ ਬੱਚਾ..........! ਚੰਗੀ ਭਲੀ ਤੇਰੀ ਨੌਕਰੀ ਆ....... ! ਏਥੇ ਜ਼ਮੀਨ ਜਾਇਦਾਦ ਆ.........ਅਸੀਂ ਵੀ ਦੋਵੇਂ ਬਿਰਧ ਹੋ ਗਏ ਹਾਂ............ ਕੀ ਲੋੜ ਆ ਤੈਨੂੰ ਈਦੀ ਦੂਰ ਜਾਣ ਦੀ ! ਕੌਣ ਸੰਭਾਲੂਗਾ ਇਹ ਸਭ.............|’
ਨਾਨੀ ਮਾਂ ਤਾਂ ਮਾਮਾ ਜੀ ਨਾਲ ਬਹੁਤ ਗੁੱਸੇ ਹੋ ਗਈ ਸੀ|  ਪਰ ਵੱਡੇ ਮਾਮਾ ਜੀ ਮਿੰਨਤ ਤਰਲਾ ਕਰ ਜਲਦੀ ਵਾਪਸ ਪਰਤਨ ਦਾ ਯਕੀਨ ਦੀਵਾ ਕੇ ਚਲੇ ਗਏ|  ਮਾਮਾ ਜੀ ਦੇ ਚਲੇ ਜਾਣ ਬਾਅਦ ਨਾਨੀ ਮਾਂ ਨੇ ਕਿੰਨੇ ਹੀ ਦਿਨ ਤੱਕ ਚੰਗ ਤਰ੍ਹਾਂ ਰੋਟੀ ਨਹੀਂ ਸੀ ਖਾਧੀ|  ਜਦ ਵੀ ਬੁਰਕੀ ਮੂੰਹ ਵਿਚ ਪਾਉਂਦੇ, ਦੋਹਾਂ ਪੁੱਟਣ ਦੇ ਵਿਛੋੜੇ ਦਾ ਦਰਦ ਬੁਰਕੀ ਨੂੰ ਸੰਘ ਵਿਚ ਰੋਕ ਲੈਂਦਾ|
ਤੇ ਫਿਰ ਵਕਤ ਨੇ ਦਰਦ ਕੁਝ ਫਿੱਕਾ ਪਾ ਦਿੱਤਾ ਸੀ|  ਉਥੇ ਜਾ ਕੇ ਵੱਡੇ ਮਾਮਾ ਜੀ ਨੇ ਆਪਣੇ ਬੱਚੇ ਵੀ ਬੁਲਾ ਲਏ ਸਨ|  ਛੋਟੇ ਮਾਮਾ ਜੀ ਵੀ ਵਿਆਹ ਕਰਵਾਉਣ ਲਈ ਇੰਗਲੈਂਡ ਤੋਂ ਪਿੰਡ ਆ ਗਏ ਅਤੇ ਮਮੀ ਜੀ ਨੂੰ ਨਾਲ ਲੈ ਕੇ ਵਾਪਸ ਕੁਝ ਦਿਨਾਂ ਬਾਅਦ ਹੀ ਚਲੇ ਗਏ|  ਸਭ ਕੁਝ ਜਿਵੇਂ ਹਵਾ ਦੇ ਬੁੱਲੇ ਵਾਂਗ ਗੁਜ਼ਰਦਾ ਜਾ ਰਿਹਾ ਸੀ| ਬਾਪੂ ਜੀ ਸਕੂਲ ਪੜ੍ਹਾਉਣ ਲਈ ਜਾਂਦੇ| ਸਾਨੂੰ ਦੋਵਾਂ ਭੈਣਾਂ ਨੂੰ ਵੀ ਨਾਲ ਲੈ ਜਾਂਦੇ|
ਨਾਨੀ ਮਾਂ ਦੀ ਉਹ ਖੁਸ਼ੀ ਪਤਾ ਨਹੀਂ ਕਿਧਰ ਖੰਭ ਲਾ ਉੱਡ ਗਈ ਸੀ|  ਪਹਿਲਾਂ ਵਾਲਾ ਹੌਸਲਾ ਜਿਵੇਂ ਮੁੱਕ ਹੀ ਚੁੱਕਾ ਸੀ|  ਸਕੂਲ ਬਾਅਦ ਅਸੀਂ ਦੋਵੇਂ ਭੈਣਾਂ ਕਾਲਜ ਪੜ੍ਹਨ ਲੱਗ ਪਈਆਂ ਸਾਂ|  ਦੋਵੇਂ ਮਾਮਾ ਜੀ ਸਾਡੀ ਪੜ੍ਹਾਈ ਲਈ ਤੇ ਘਰ ਦੇ ਖਰਚੇ ਲਈ ਕਾਫ਼ੀ ਪੈਸੇ ਭੇਜ ਦਿੰਦੇ| ਪਰ ਨਾਨੀ ਮਾਂ ਦੇ ਹਾਸਿਆਂ ਦੇ ਉਹ ਦਿਨ ਪਤਾ ਨਹੀਂ ਕਿੱਥੇ ਰਹਿ ਗਏ ਸਨ? ਪੁਰਾਣਾ ਅੱਧ-ਪੱਕਾ ਘਰ, ਮੱਝ ਅਤੇ ਅਸੀਂ ਘਰ ਦੇ ਜੀਅ ਲੰਘ ਰਹੇ ਦਿਨਾਂ ‘ਚ ਜਿਵੇਂ ਸਭ ਕੁਝ ਖੜੋ ਗਿਆ ਸੀ|  ਬੱਸ ਉਤਸ਼ਾਹਹੀਣ ਜਿਹਾ ਹੋ ਗਿਆ ਸੀ|  ਬਾਪੂ ਜੀ ਨਵਾਂ ਘਰ ਬਣਾਉਣ ਲਈ ਆਖਦੇ ਤਾਂ ਨਾਨੀ ਮਾਂ ਕੁੱਦ ਕੇ ਪੈਂਦੇ .............”ਮੈਂ ਕੀ ਕਰਨੈਂ ਨਵੇਂ ਘਰ ‘ਚ ...........|   ਮੁੰਡੇ ਆਉਣਗੇ ਆਪੇ ਬਣਾ ਲੈਣਗੇ...........ਕੁੜੀਆਂ ਨੇ, ਉਹ ਵੀ ਵਿਆਹ ਦਿਆਂਗੀ..........ਏਥੇ ਤੂੰ ਰਹਿਣੈ, ਤੂੰ ਹੀ ਬਣਾ ਲਈਂ ਘਰ.....|’  ਖ਼ਬਰੇ ਕਿਉਂ ਉਹ ਜ਼ਿੰਦਗੀ ਦੀਆਂ ਇਨ੍ਹਾਂ ਖੁਸ਼ੀਆਂ ਤੋਂ ਕੱਟ ਜਾਣਾ ਚਾਹੁੰਦੀ ਸੀ? ਦੋਵੇਂ ਮਾਮਾ ਜੀ ਹੁੰਦੇ ਸਨ ਤਾਂ ਨਾਨੀ ਮਾਂ ਉਨ੍ਹਾਂ ਤੋਂ ਪੀਲੀ ਮਿੱਟੀ ਦਾ ਗੱਡਾ ਸੁਟਵਾ ਕੱਚੀਆਂ ਕੰਧਾਂ ਨੂੰ ਲਿੱਪਦੀ, ਰਸੋਈ ‘ਤੇ ਕਈ ਤਰ੍ਹਾਂ ਦੇ ਵੇਲ ਬੂਟੇ ਬਣਾਉਂਦੀ, ਘਰ ਦੀ ਸਫ਼ਾਈ ਕਰਨ ਵਿਚ ਕਈ ਦਿਨ ਲੱਗ ਜਾਂਦੇ|  ਘਰ ਦਾ ਕੋਈ ਕੋਨਾ ਗੰਦਾ ਨਾ ਲੱਗਦਾ|  ਦੋ ਮੱਝਾਂ ਘਰ ਵਿਚ ਖੜ੍ਹੀਆਂ ਰਹਿੰਦੀਆਂ ਪਰ ਉਹ ਦਿਨ ਜਿਵੇਂ ਹੁਣ ਰਹੇ ਹੀ ਨਹੀਂ ਸਨ|  ਬਾਪੂ ਜੀ ਨਾਨੀ ਮਾਂ ਤੋਂ ਉਂਝ ਹੀ ਡਰਦੇ ਸਨ|  ਘਰ ਦੇ ਉਹ ਹਾਸੇ ਪਤਾ ਨਹੀਂ ਕਿੱਥੇ ਗੁਆਚ ਗਏ ਸਨ ?
ਕਈ ਵਾਰੀ ਸੋਚਦੀ, ਕੀ ਦੋਵੇਂ ਮਾਮਾ ਜੀ ਉਹਨਾਂ ਪੁਰਾਣੇ ਦਿਨਾਂ ‘ਚ ਕਦੀ ਪਰਤ ਸਕਣਗੇ........? ਉਸੇ ਛੋਟੇ ਜਿਹੇ ਪਿੰਡ ਵਿਚ, ਜਿੱਥੇ ਗਈ ਰਾਤ ਤੱਕ ਗਲ਼ੀਆਂ ‘ਚ ਦੌੜਿਆ ਕਰਦੇ ਸਨ|  ਵਾਢੀ ਦੇ ਉਹ ਦਿਨ............ਖਾਲੀ ਪਏ ਖੇਤਾਂ ਦੇ ਵਿਚਕਾਰ ਕਣਕ ਦੀਆਂ ਮੰਡਲੀਆਂ ਸਾਂਭਣ ਲਈ............. ਮੱਝਾਂ ਨੂੰ ਚਾਰਾ ਲੈਣ ਗਏ ਰਾਹ ਵਿਚ ਆਉਂਦੇ ਸੇਮ ਨਾਲੇ ‘ਚ ਨਹਾਉਣ ਲਈ ............ ਆਪਣੇ ਏਸ ਨਿੱਕੇ ਜਿਹੇ ਪਿੰਡ ਦੀ ਮਿੱਟੀ ਦੀ ਗੰਧ ਨੂੰ ਮੁੜ ਸਮੇਟਣ ...........| ਕਿਵੇਂ ਆਖਦੀ ਮਾਂ ਨੂੰ........ ਉਹ ਦਿਨ ਬਹੁਤ ਪਿਛਾਂਹ ਰਹਿ ਗਏ .......|   ਕਿਵੇਂ ਮੁੜ ਕੇ ਪਿਛਾਂਹ ਵੇਖਣਾ ਚਾਹੁਣਗੇ ਉਹ ਇਨ੍ਹਾਂ ਬੀਤੇ ਦਿਨਾਂ ਨੂੰ .............|  ਮੈਂ ਜਾਣਦੀ ਸਾਂ, ਨਾਨੀ ਮਾਂ ਦੇ ਅੰਦਰਲੀ ਭਟਕਦੀ ਮਾਂ ਇਸ ਸੱਚ ਨੂੰ ਵੇਖਣ ਦਾ ਹੌਸਲਾ ਨਹੀਂ ਕਰੇਗੀ......... ਆਪਣੇ ਸੁਪਨਿਆਂ ਦਾ ਖ਼ੁਦ ਗਲ਼ਾ ਨਹੀਂ ਘੁੱਟੇਗੀ ਉਹ..............| 
ਅਸੀਂ ਉਸ ਦਿਨ ਕਾਲਜ ਗਈਆਂ ਹੋਈਆਂ ਸਾਂ|  ਮੈਂ ਬੀ.ਏ. ਦਾ ਰਿਜ਼ਲਟ ਵੇਖਣ ਅਤੇ ਚੰਨੀ ਅੱਗੋਂ ਦਾਖਲਾ ਲੈਣ ਲਈ|  ਸ਼ਾਮ ਨੂੰ ਘਰ ਆਈਆਂ ਤਾਂ ਇਕ ਪਲ ਜਾਪਿਆ ਜਿਵੇਂ ਸਾਡਾ ਸਭ ਕੁਝ ਲੁੱਟ ਗਿਆ ਹੋਵੇ|  ਘਰ ਵਿਚ ਕਿੰਨੇ ਹੀ ਲੋਕ ਇਕੱਠੇ ਹੋ ਗਏ ਸਨ|  ਮਰਦ ਬਰਾਮਦੇ ਵਿਚ ਤੇ ਤੀਵੀਆਂ ਗੋਲ ਘੇਰਾ ਬਣਾ ਵਿਛੀਆਂ ਦਰੀਆਂ ‘ਤੇ ਬੈਠਿਆਂ ਹੌਲ਼ੀ ਹੌਲ਼ੀ ਗੱਲਾਂ ਕਰ ਰਹੀਆਂ ਸਨ|  ਉਨ੍ਹਾਂ ਦੇ ਚਿਹਰਿਆਂ ‘ਤੇ ਬੀਤ ਚੁੱਕੇ ਹਾਦਸੇ ਦੀਆਂ ਲਕੀਰਾਂ ਸਨ|  ਖਿੰਡਰੇ ਹੋਏ ਵਾਲਾਂ ਨਾਲ ਨਾਨੀ ਮਾਂ ਦੂਸਰੀਆਂ ਤੀਵੀਆਂ ਨੇ ਸੰਭਾਲ ਰੱਖੀ ਸੀ|   ਘਰ ਦੇ ਬਰਾਮਦੇ ਵਿਚ ਲੋਕਾਂ ‘ਚ ਘਿਰੀ ਮੰਜੇ ‘ਤੇ ਬਾਪੂ ਜੀ ਦੀ ਲਾਸ਼ ਚਿੱਟੇ ਕੱਪੜੇ ਨਾਲ ਢਕੀ ਪਈ ਸੀ|  ਛੋਟੀ ਚੰਨੀ ਦੌੜ ਕੇ ਲਾਸ਼ ਨਾਲ ਚਿੰਬੜ ਚੀਕਾਂ ਮਾਰਨ ਲੱਗ ਪਈ|  ਮੇਰੇ ਹੋਸ਼-ਹਵਾਸ ਜਿਵੇਂ ਜੁਆਬ ਦੇ ਗਏ ਸਨ|  ਮੈਨੂੰ ਕੋਈ ਪਤਾ ਨਹੀਂ ਸੀ, ਕਦੋਂ ਮੈਨੂੰ ਤੀਵੀਆਂ ਨੇ ਸੰਭਾਲਿਆ, ਕਦੋਂ ਮੈਂ ਨਾਨੀ ਮਾਂ ਦੇ ਗਲ਼ ਲੱਗ ਉੱਚੀ ਉੱਚੀ ਰੋ ਪਈ|  ਜੜ੍ਹ ਹੋਈ ਨਾਨੀ ਮਾਂ ਦਾ ਅੰਦਰਲਾ ਵੇਗ ਭੁੱਬਾਂ ਬਣ ਬਾਹਰ ਆ ਗਿਆ|
ਚੰਨੀ ਬੇਹੋਸ਼ ਹੋ ਗਈ ਸੀ|  ਜਦ ਵੀ ਉਸਨੂੰ ਹੋਸ਼ ਆਉਂਦੀ ਬਾਪੂ ਜੀ ਨੂੰ ਆਵਾਜ਼ਾਂ ਮਾਰ ਉਹ ਫਿਰ ਬੇਹੋਸ਼ ਹੋ ਜਾਂਦੀ|  ਦਿਲਾਸਿਆਂ ਦਾ ਜਿਵੇਂ ਉਸ ‘ਤੇ ਕੋਈ ਅਸਰ ਨਹੀਂ ਸੀ|
ਬਾਪੂ ਜੀ ਦੀ ਲਾਸ਼ ਦਾ ਮੜ੍ਹੀਆਂ ਵਿਚ ਲਿਜਾ ਕੇ ਸਸਕਾਰ ਕਰ ਦਿੱਤਾ ਗਿਆ|  ਲਾਸ਼ ਨੂੰ ਅੱਗ ਦੇਣ ਲਈ ਉਨ੍ਹਾਂ ਦੇ ਦੋਵੇਂ ਪੁੱਤਰਾਂ ‘ਚੋਂ ਕੋਈ ਵੀ ਨਾ ਆ ਸਕਿਆ|  ਕਿਹੋ ਜਿਹਾ ਅਭਾਗਾ ਬਾਪ ਸੀ ਉਹ ਜੋ ਆਖ਼ਰੀ ਸਾਹਾਂ ‘ਤੇ ਵੀ ਪੁੱਤਰਾਂ ਨੂੰ ਕੋਲ ਨਾ ਦੇਖ ਸਕਿਆ|  ਦਿਲ ਦਾ ਦੌਰਾ ਉਨ੍ਹਾਂ ਦੀ ਜਾਨ ਲੈ ਗਿਆ| ਅਜੇ ਵੀ ਇੰਝ ਹੀ ਲੱਗਦਾ ਸੀ ਜਿਵੇਂ ਉਹ ਜਿਉਂਦੇ ਹੋਣ, ਹੁਣੇ ਹੀ ਬਾਹਰ ਗਏ ਵਾਪਸ ਆ ਜਾਣਗੇ| 
ਦਿੱਤੀ ਤਾਰ ਦੇ ਜੁਆਬ ਵਿਚ ਵੱਡੇ ਮਾਮਾ ਜੀ ਦਾ ਇਕ ਖ਼ਤ ਆ ਗਿਆ|  ਉਨ੍ਹਾਂ ਨੂੰ ਬਾਪੂ ਜੀ ਦੇ ਅਚਾਨਕ ਚਲੇ ਜਾਣ ‘ਤੇ ਬਹੁਤ ਦੁੱਖ ਪਹੁੰਚਿਆ ਸੀ ਪਰ ਉਹ ਅਫ਼ਸੋਸ ਲਈ ਪੰਜਾਬ ਨਹੀਂ ਆ ਸਕਣਗੇ, ਕੰਮ ਬਹੁਤ ਜ਼ਿਆਦਾ ਹਨ|   ਖ਼ਤ ਵਿਚ ਨਾਨੀ ਮਾਂ ਨੂੰ ਭਾਣਾ ਮੰਨਣ ਲਈ ਕਿਹਾ ਗਿਆ ਸੀ|  ਨਾਨੀ ਮਾਂ ਇਕ ਤਕ ਖ਼ਤ ਵੱਲ ਵੇਖਦੀ ਰਹੀ.............! ਡਬਡਬਾਈਆਂ ਅੱਖਾਂ ਨਾਲ ਮੈਂ ਉਨ੍ਹਾਂ ਤੋਂ ਖ਼ਤ ਫੜ ਅਲਮਾਰੀ ਵਿਚ ਰੱਖ ਦਿੱਤਾ|  ਜਾਪਿਆ, ਇਸ ਘਰ ਦੀ ਜ਼ਿੰਦਗੀ ਦੇ ਰੇਸ਼ੇ ਹੁਣ ਬਿਖ੍ਰਦੇ ਜਾ ਰਹੇ ਨੇ| ਮਰ ਰਹੇ ਇਹਸਾਸ ਦੀ ਪੇਤਲੀ ਜਿਹੀ ਤਹਿ ਹੌਲ਼ੀ ਹੌਲ਼ੀ ਘਰ ਦੇ ਵਾਤਾਵਰਣ ਵਿਚ ਜੰਮਦੀ ਜਾ ਰਹੀ ਸੀ| 
ਛੋਟੇ ਮਾਮਾ ਜੀ ਖ਼ੁਦ ਆ ਗਏ| ਪਿੰਡ ਦੇ ਆਦਮੀ ਮੁੜ ਘਰ ਵਿਚ ਜੁੜ ਗਏ|  ਬਾਪੂ ਜੀ ਦੇ ਚੰਗੇਰੇਪਣ ਦੀਆਂ ਗੱਲਾਂ ਮੱਧਮ ਬੋਲਾਂ ਵਿਚ ਕਰਦੇ ਰਹੇ|
ਤੇ ਫੇਰ ਅਗਲੇ ਰਸਮ-ਰਿਵਾਜ਼ਾਂ ਦੀਆਂ ਗੱਲਾਂ ਜੋ ਬਾਪੂ ਜੀ ਦੇ ਮਰਨ ਬਾਅਦ ਵੱਡੇ ਮਾਮਾ ਜੀ ਦੇ ਜ਼ਿੰਮੇ ਸਨ|  ਘਰ ਵਿਚ ਸਧਾਰਨ ਪਾਠ ਲਈ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ|  ਪਾਠ ਦਾ ਭੋਗ ਪੈਣ ‘ਤੇ ਸਾਰੇ ਸ਼ਰੀਕੇ ਨੂੰ ਰੋਟੀ ਕੀਤੀ ਗਈ|  ਮਾਮਾ ਜੀ ਆਪਣਾ ਫ਼ਰਜ਼ ਨਿਭਾ ਰਹੇ ਸਨ|
ਜਿੰਨੇ ਦਿਨ ਮਾਮਾ ਜੀ ਰਹੇ, ਨਾਨੀ ਮਾਂ ਤੇ ਚੰਨੀ ਨੂੰ ਦਿਲਾਸਾ ਦਿੰਦੇ ਰਹੇ|  ਪਰ ਚੰਨੀ ਨੂੰ ਜਿਵੇਂ ਕੁਝ ਵੀ ਸਮਝ ਵਿਚ ਨਹੀਂ ਸੀ ਪੈ ਰਿਹਾ| ਜਿਵੇਂ ਉਸਦੇ ਕੋਮਲ ਮਨ ‘ਤੇ ਕੋਈ ਗਹਿਰੀ ਝਰੀਟ ਆ ਗਈ ਸੀ|  ਬੱਸ ਗੁੰਮ-ਸੁੰਮ ਜਿਹੀ ਹੋਈ ਨਾਨੀ ਮਾਂ ਦੇ ਕੋਲ ਬੈਠੀ ਰਹਿੰਦੀ|
ਗ਼ਮ ਕੁਝ ਹਲਕਾ ਹੋਇਆ ਤਾਂ ਮੈਂ ਅਗਲੀ ਪੜ੍ਹਾਈ ਲਈ ਦੂਰ ਦੇ ਸ਼ਹਿਰ ਵਿਚ ਕਾਲਜ ਹੋਸਟਲ ਵਿਚ ਰਹਿਣ ਲਈ ਚਲੀ ਗਈ|  ਨਾਨੀ ਮਾਂ ਚਰਖਾ ਕੱਤਦੀ, ਖੇਤਾਂ ਵਿਚੋਂ ਮੱਝ ਲਈ ਚਰ ਲਿਆਉਂਦੀ|  ਚੰਨੀ ਵੀ ਪੜ੍ਹਨ ਲਈ ਚਲੀ ਜਾਂਦੀ|   ਪਰ ਇਸ ਜ਼ਖ਼ਮ ਨਾਲ ਚੰਨੀ ਸੱਚਮੁੱਚ ਮੁਰਝਾ ਗਈ ਸੀ|  ਹੋਸਟਲ ‘ਚ ਮੈਨੂੰ ਚੰਨੀ ਨੇ ਖ਼ਤ ਲਿਖਿਆ|  ਉਸਨੂੰ ਕੋਈ ਬਿਮਾਰੀ ਘੁਣ ਵਾਂਗ ਖਾਣ ਲੱਗ ਪਈ ਸੀ|  ਪੁਰਾਣੇ ਵਿਚਾਰਾਂ ਦੀ ਨਾਨੀ ਮਾਂ ਕਿਸੇ ਭੂਤ-ਪ੍ਰੇਤ ਦੀ ਛਾਇਆ ਸਮਝ ਸਾਧਾਂ-ਸੰਤਾਂ ਪਾਸ ਕਈ ਵਾਰ ਲੈ ਜਾ ਚੁੱਕੀ ਸੀ|  ਮੈਂ ਉਸੇ ਵਕਤ ਹੀ ਘਰ ਨੂੰ ਚੱਲ ਪਈ|  ਚੰਨੀ ਵੱਲ ਵੇਖ ਕੇ ਇਕ ਵਾਰ ਮੇਰਾ ਵੀ ਤ੍ਰਾਹ ਨਿੱਕਲ ਗਿਆ|  ਮੰਜੇ ‘ਤੇ ਪਈ ਚੰਨੀ ਅਸਲੋਂ ਹੀ ਨਿਢਾਲ ਹੋਈ ਪਈ ਸੀ|  ਹਸਪਤਾਲ ਵਿਚ ਉਸਨੂੰ ਚੈੱਕ ਕਰਵਾਇਆ ਗਿਆ|  ਗੁਰਦਿਆਂ ਦੀ ਬਿਮਾਰੀ ਤੀਸਰੀ ਸ੍ਟੇਜ ‘ਤੇ ਪੁੱਜ ਚੁੱਕੀ ਸੀ| 
ਪਤਾ ਲੱਗਣ ‘ਤੇ ਉਸ ਦਿਨ ਮੈਂ ਬਹੁਤ ਰੋਈ ਸਾਂ|  ਸਾਰੀ ਰਾਤ ਚੰਨੀ ਵੱਲ ਵੇਖ ਵੇਖ ਦਿਲ ਭਰ ਆਉਂਦਾ ਰਿਹਾ|  ਚੰਨੀ ਹੀ ਤਾਂ ਰਹਿ ਗਈ ਸੀ ਮੇਰਾ ਸਭ ਕੁਝ, ਇਹ ਵੀ ਛੱਡ ਕੇ ਚਲੀ ਗਈ, ਫਿਰ ਕੀ ਹੋਵੇਗਾ............?  ਅਗਲੀ ਜ਼ਿੰਦਗੀ ਮੈਨੂੰ ਹਨੇਰਾ ਜਾਪਦੀ, ਜਾਣਦੀ ਸਾਂ ਕਿ ਚੰਨੀ ਕੁਝ ਦਿਨਾਂ ਦੀ ਮਹਿਮਾਨ ਹੈ, ਪਰ ਫਿਰ ਸੋਚਦੀ, ਕਾਸ਼! ਚੰਨੀ ਨਾਲ ਕੁਝ ਵੀ ਨਾ ਵਾਪਰੇ.............|  ਪਰ ਡਾਕਟਰੀ ਰਿਪੋਰਟ !! ਕਿਹੋ ਜਿਹੇ ਮੋੜ ‘ਤੇ ਆ ਕੇ ਜ਼ਿੰਦਗੀ ਨੇ ਝਟਕਾ ਦਿੱਤਾ ਸੀ........?  ਇਸ ਪੀੜ ਦਾ ਨਸ਼ਤਰ ਮੇਰੇ ਧੁਰ ਅੰਦਰ ਤੱਕ ਲਹਿ ਗਿਆ|  ਸਬਰ........ਹੌਸਲਾ..........ਇਹ ਲਫ਼ਜ਼ ਅਜਨਬੀ ਜਿਹੇ ਲੱਗਦੇ|
ਤੇ ਫੇਰ ਚੰਨੀ ਵੀ ਛੱਡ ਕੇ ਸਦਾ ਲਈ ਚਲੀ ਗਈ|  ਉਸਦੇ ਜਾਣ ਬਾਅਦ ਮੇਰੇ ਅਰਮਾਨ, ਮੇਰੀਆਂ ਹਸਰਤਾਂ ਹਨੇਰਿਆਂ ‘ਚ ਦਫ਼ਨ ਹੋ ਕੇ ਰਹਿ ਗਈਆਂ|  ਇਕ ਮੌਤ ਵਰਗੀ ਜ਼ਿੰਦਗੀ ਮੇਰੇ ਪੈਰਾਂ ਹੇਠ ਸੀ|  ਨਾਨੀ ਮਾਂ ਨੇ ਹਾਸਿਆਂ ਤੋਂ ਜਿਵੇਂ ਹਮੇਸ਼ਾ ਲਈ ਨਾਤਾ ਤੋੜ ਲਿਆ ਸੀ|  ਸਭ ਦੇ ਸਾਹਮਣੇ ਗੁੰਮ-ਸੁੰਮ ਰਹਿਣ ਵਾਲੀ ਨਾਨੀ ਮਾਂ ਦਾ ਰੋਂ ਰਾਤ ਦੇ ਹਨੇਰੇ ਵਿਚ ਦਿਲ ਨੂੰ ਚੀਰਦਾ|  ਉਸਦੀ ਕਰੁਣਾਮਈ ਆਵਾਜ਼ ਘਰ ਦੇ ਕੋਨੇ ਕੋਨੇ ‘ਚ ਭਟਕਦੀ|  ਉਸਦਾ ਆਪਣੇ ਆਪ ਵਿਚ ਬੁੜਬੁੜਾਉਣਾ, ਹਰ ਗੱਲ ‘ਤੇ ਖਿਝਣਾ, ਰੋਨਾ ਤੇ ਫਿਰ ਘੰਟਿਆਂ ਤੱਕ ਚੁੱਪ ਚਾਪ ਬੈਠੀ ਰਹਿਣਾ, ਨਿੱਤ ਦਾ ਸੁਭਾਅ ਬੰਦਾ ਜਾ ਰਿਹਾ ਸੀ|
ਚੰਨੀ ਵਾਂਗ ਹੀ ਮੇਰੀ ਵਿਗੜਦੀ ਜਾ ਰਹੀ ਹਾਲਤ ਵੇਖ ਕੇ ਨਾਨੀ ਮਾਂ ਨੇ ਮੇਰੇ ਵਿਆਹ ਲਈ ਲੋਕਾਂ ਨੂੰ ਕੋਈ ਚੰਗਾ ਲੜਕਾ ਵੇਖਣ ਲਈ ਆਖਣਾ ਸ਼ੁਰੂ ਕਰ ਦਿੱਤਾ|
ਮੈਂ ਵੀ ਵਿਆਹ ਕਰਵਾ ਚਲੀ ਗਈ|  ਪਿੱਛੋਂ ਇਕੱਲੀ ਮਾਂ ਸੀ ਜਾਂ ਘਰ ਦੇ ਕਿੱਲੇ ‘ਤੇ ਬੰਨ੍ਹੀ ਮੱਝ, ਜੋ ਮਾਂ ਵਾਂਗ ਹੀ ਇਸ ਘਰ ਵਿਚ ਬੁੱਢੀ ਹੋ ਗਈ ਸੀ|   ਉਦੋਂ ਮੈਨੂੰ ਨਾਨੀ ਮਾਂ ਨੂੰ ਇਕੱਲੀ ਇਸ ਘਰ ਵਿਚ ਛੱਡ ਕੇ ਚਲੀ ਜਾਣਾ ਕਿੰਨਾ ਔਖਾ ਲੱਗਿਆ ਸੀ ! ਪਰ ਨਾਨੀ ਮਾਂ ਆਪਣੀ ਜ਼ਿਦ ‘ਤੇ ਅੜੀ ਰਹੀ ਸੀ|  ਨਿਰਾਸ਼ ਹੋ ਕੇ ਮੈਨੂੰ ਏਸ ਘਰ ਤੋਂ ਵਿਦਾ ਹੋਣਾ ਪਿਆ| 
ਕਈ ਵਾਰ ਖ਼ਿਆਲ ਆਉਂਦਾ............ ਇਸ ਘਰ ਦੀ ਜ਼ਿੰਦਗੀ ਹਾਦਸਿਆਂ ਵਿਚ ਹੀ ਲੰਘ ਗਈ|   ਹਰ ਕਦਮ ਇਕ ਹਾਦਸੇ ਦੇ ਭਰ ਹੇਠ ਦੱਬਿਆ ਪਿਆ ਸੀ|   ਮੈਂ ਤਾਂ ਅਨਾਥ ਹੋ ਗਈ ਸਾਂ, ਨਾਨੀ ਮਾਂ ਵੀ ਸਾਰੀ ਉਮਰ ਕੋਈ ਸੁਖ ਨਾ ਵੇਖ ਸਕੀ|  ਉਮਰ ਹੀ ਇਸੇ ਤਰ੍ਹਾਂ ਬੀਤ ਗਈ|  ਇਸ ਉਮਰ ਵਿਚ ਵੀ ਨਾਨੀ ਨੂੰਹਾਂ ਦਾ ਸੁਖ ਨਾ ਲੈ ਸਕੀ................ ਨਾ ਪੋਤੇ ਹੀ ਖਿਡਾ ਸਕੀ|   ਵਕਤ ਦੇ ਨਾਲ ਹੋਰ ਹਾਦਸੇ ਭਾਵੇਂ ਫਿੱਕੇ ਪੈ ਗਏ ਸਨ, ਪਰ ਇਹ ਕਿਹੋ ਜਿਹਾ ਹਾਦਸਾ ਸੀ, ਜਿਸਦਾ ਜ਼ਖ਼ਮ ਵਕਤ ਬੀਤਣ ਨਾਲ ਸਗੋਂ ਹੋਰ ਹਰਾ ਹੋ ਜਾਂਦਾ ਸੀ| ਇਹ ਹਾਦਸੇ ਨਾਨੀ ਮਾਂ ਦੇ ਅੰਦਰ ਪਲ-ਪਲ ਸੁਲਗਦੇ ........ਜਿਨ੍ਹਾਂ ਨੇ ਨਾਨੀ ਮਾਂ ਦਾ ਵਜੂਦ ਕਦੀ ਗੂੜ੍ਹਾ ਹੋਣ ਹੀ ਨਹੀਂ ਸੀ ਦਿੱਤਾ...........|   ਉਹਦੇ ਅੰਦਰਲੀ ਮਾਂ ਰੋਜ਼ ਆਪਣੇ ਪੁੱਤਰਾਂ ਲਈ ਤੜਫ਼ਦੀ, ਰੋਜ਼ ਉਹਨਾਂ ਦੇ ਵਿਯੋਗ ਵਿਚ ਘੁਲਦੀ............ਹੌਕਿਆਂ ਦੇ ਕਤਰੇ ਉਹਦੀਆਂ ਅੱਖਾਂ ਰਹਿਣ ਸਿੰਮ ਆਉਂਦੇ|
ਨਾਨੀ ਮਾਂ ਵਿਚ ਜਿਉਣ ਦੀ ਲਾਲਸਾ ਮੁੱਕ ਹੀ ਗਈ ਸੀ|  ਦਿਨੇ ਆ ਕੇ ਗੁਆਂਢ ਦੀਆਂ ਤੀਵੀਆਂ ਗੱਲਾਂ ਛੇੜ ਬਹਿੰਦੀਆਂ|  ਨਾਨੀ ਮਾਂ ਦਾ ਗਲ਼ਾ ਭਰ ਆਉਂਦਾ........... ਅੱਖਾਂ ਵਿਚ ਅੱਥਰੂ ਤੀਰ ਆਉਂਦੇ|   ਕੋਲ ਬੈਠਿਆਂ ਤੀਵੀਆਂ ਆਪਣੇ ਮੂੰਹਾਂ ‘ਤੇ ਹਮਦਰਦੀ ਦੇ ਭਾਵ ਲਿਆ ਨਾਨੀ ਮਾਂ ਦਾ ਹੁੰਗਾਰਾ ਭਰਦੀਆਂ|  ਉਸਨੂੰ ਵੀ ਮਾਮਾ ਜੀ ਕੋਲ ਕੈਨੇਡਾ ਚਲੀ ਜਾਣ ਲਈ ਸਲਾਹ ਦਿੰਦੀਆਂ|   ਨਾਨੀ ਮਾਂ ਹੋਰ ਵਹਿਣਾਂ ਵਿਚ ਵਹਿ ਜਾਂਦੀ| ਅਧੀਰ ਹੋਏ ਮਨ ਨਾਲ ਆਖਦੀ..... ‘ ਮੈਂ ਕੀ ਕਰਨੈ ਕਨੇਡੇ ਜਾ ਕੇ .......... ਇਹ ਘਰ, ਇਹ ਜ਼ਮੀਨ ਜਾਇਦਾਦ ਆ ਕੇ ਸਾਂਭ ਲੈਣ, ਮੈਂ ਵੀ ਸੁਰਖ਼ੁਰੂ ਹੋ ਜਾਂਦੀ.......|’
ਫਿਰ ਨਾਲ ਦੀ ਤੀਵੀਂ ਨੂੰ ਮੁਖ਼ਾਤਿਬ ਹੋ ਕੇ ਆਖਦੀ.........’ਤੇਰਾ ਜੇਠ ਇਸ ਘਰ ਵਿਚ ਮੈਨੂੰ ਵਿਆਹ ਕੇ ਲਿਆਇਆ ਸੀ| .......  ਹੁਣ ਤੱਕ ਇਸ ਘਰ ਨੂੰ ਸੰਭਾਲਿਆ ..........ਬਣਾਇਆ....... ਪੁੱਤਾਂ ਨੂੰ ਖਿਡਾਇਆ|  ਇਸ ਘਰ ਦੀ ਮਿੱਟੀ ਦਾ ਮੋਹ ਮੇਰੀਆਂ ਰਗਾਂ ਵਿਚ ਵਸ ਚੁੱਕੈ......! ਤੂੰ ਹੀ ਦੱਸ ਧਨ ਕੁਰੇ ! ਇਸ ਘਰ ਨੂੰ ਜਿੱਥੇ ਉਸਦੀਆਂ ਯਾਦਾਂ ਨੇ, ਦਰਵਾਜ਼ੇ ਬੰਦ ਕਰ ਆਖ਼ਰੀ ਸਾਹਾਂ ‘ਤੇ ਹੁਣ ਹੋਰ ਕਿਤੇ ਚਲੀ ਜਾਵਾਂ ........? ਮੈਂ ਤੇ ਤੇਰੇ ਜੇਠ ਨਾਲ ਇਸੇ ਮਿੱਟੀ ‘ਚ ਦਫ਼ਨ ਹੋਵਾਂਗੀ.......|’  ਨਾਨੀ ਮਾਂ ਦੇ ਗ਼ਮ ਦਾ ਫੋੜਾ ਜਿਵੇਂ ਫਿੱਸ ਪੈਂਦਾ|
ਯਾਦਾਂ ‘ਚ ਘਿਰੀ ਉਹ ਬੀਤੇ ਦੀਆਂ ਗੱਲਾਂ ਲੈ ਬਹਿੰਦੀ........... “ਛੋਟੇ ਤੇਜੇ ਨੂੰ ਜਦੋਂ ਬਾਹਰ ਕੋਈ ਨੌਕਰੀ ਮਿਲ ਗਈ ਸੀ, ਦਸ ਪੰਦਰਾਂ ਦਿਨਾਂ ਮਗਰੋਂ ਆ ਜਾਂਦਾ.........|  ਕਈ ਵਾਰੀ ਰਾਤ ਨੂੰ ਆ ਕੇ ਆਖਦਾ, ‘ ਮਾਂ ਅੱਜ ਕੜਾਹ ਬਣਾ ਲੈ.....ਕਲ੍ਹ ਸਰ੍ਹੋਂ ਦਾ ਸਾਗ ਬਣਾਈਂ.........|’ ਘਰ ਵਿਚ ਰੌਣਕ ਆ ਜਾਂਦੀ............ ਆ ਕੇ ਆਪਣੇ ਬਾਪੂ ਜੀ ਕੋਲ ਬੈਠਾ ਰਹਿੰਦਾ ਜਾਨ ਗੁਆਂਢ ਦੇ ਜੁਆਕ ਚੁੱਕੀ ਘਰ ਲੈ ਆਉਂਦਾ............|”
ਘਟਦੇ ਦਿਲ ਨਾਲ ਉਸਨੂੰ ਆਪਣੇ ਪੋਤਿਆਂ ਦੀ ਯਾਦ ਆ ਜਾਂਦੀ, ਜੋ ਬਚਪਨ ਵਿਚ ਹੀ ਥੋੜ੍ਹੇ ਜਿਹੇ ਦਿਨ ਇਸ ਘਰ ਵਿਚ ਉਸਦੀ ਗੋਦ ਵਿਚ ਖੇਡੇ ਸਨ|  ਸੋਚਦਿਆਂ ਮਮਤਾ ਦੀ ਇਕ ਚੰਗਿਆੜੀ ਜਿਹੀ ਉਸਦੇ ਅੰਦਰ ਤੱਕ ਨੂੰ ਲੂਹ ਜਾਂਦੀ|  ਨਾਨੀ ਮਾਂ ਨੂੰ ਇਹੋ ਜਿਹੀਆਂ ਝੱਲੀਆਂ ਸੋਚਾਂ ਦੇ ਸਮੁੰਦਰ ਵਿਚ ਵਹਿੰਦਿਆਂ ਵੇਖ ਕੇ ਮੈਨੂੰ ਅਕਸਰ ਖ਼ਿਆਲ ਆ ਜਾਂਦਾ, ਉਸਦੀ ਸੋਚ ਦਾ ਇਹ ਸੁਪਨਾ ਕਦੀ ਸਾਕਾਰ ਵੀ ਹੋ ਸਕੇਗਾ................?  ਮੇਰਾ ਆਪਾ ਮਾਂ ਲਈ ਹਮਦਰਦੀ ਨਾਲ ਭਰ ਉੱਠਦਾ|  ਕਿ ਉਹ ਪਰਤ ਸਕਣਗੇ ਆਪਣੇ ਵਤਨ, ਆਪਣੇ ਇਸ ਛੋਟੇ ਜਿਹੇ ਪਿੰਡ ਵਿਚ.......... ਜਿੱਥੇ ਉਨ੍ਹਾਂ ਦੇ ਪਿਤਾ ਸਕੂਲ ਦੀਆਂ ਸਲੇਟਾਂ ‘ਤੇ ਉੱਕਰੇ ਬਚਪਨ ਤੋਂ ਜਵਾਨੀ ਤੱਕ ਇਸ ਮਿੱਟੀ ਵਿਚ ਖੇਡੇ ਨੇ.......... ਤੇ ਜਵਾਨ ਹੋ ਆਪਣੇ ਘਰ ਤੋਂ ਦੂਰ ਸਮੁੰਦਰੋਂ ਪਾਰ ਰੋਜ਼ੀ ਦੀ ਭਾਲ ਵਿਚ ਆ ਗਏ ਨੇ ............. ਅਜਨਬੀ ਲੋਕਾਂ ਵਿਚ ਤੇ ਇਕ ਵੱਖਰੇ ਮਾਹੌਲ ਵਿਚ........| ਖੜਕਦੇ ਪੌਂਡਾਂ ਦੀ ਛਣਕਾਰ ਦੇ ਪਿੱਛੇ, ਭਾਵੇਂ ਇਨ੍ਹਾਂ ਦੇ ਮਾਂ-ਬਾਪ ਨੂੰ ਕਦੀ ਵਤਨ ਦੀ ਯਾਦ ਆ ਜਾਂਦੀ ਹੋਵੇ ਪਰ ਪ੍ਰਦੇਸਾਂ ‘ਚ ਪਲ਼ੇ ਇਹ ਬੱਚੇ ਕਿ ਕਦੀ ਆ ਕੇ ਵੇਖਣਗੇ ਉਸ ਜਰਜਰੀਆਂ ਕੰਧਾਂ ਵਾਲੇ ਛੋਟੇ ਜਿਹੇ ਘਰ ਨੂੰ, ਜਿੱਥੇ ਉਨ੍ਹਾਂ ਦੀ ਕੋਈ ਦਾਦੀ ਅੱਖਾਂ ਵਿਛਾਈ ਉਨ੍ਹਾਂ ਦਾ ਰਾਹ ਰੋਜ਼ ਵੇਖਦੀ ਹੈ........... ਜਿਸ ਦਾਦੀ ਦਾ ਧੁੰਦਲਾ ਜਿਹਾ ਅਕਸ ਜੋ ਉਨ੍ਹਾਂ  ਦੀਆਂ ਅੱਖਾਂ ਵਿਚ ਕਦੀ ਆਪਣੇ ਬਚਪਨ ਵਿਚ ਆਇਆ ਸੀ............. ਜੋ ਖ਼ਬਰੇ ਹੁਣ ਤੱਕ ਫਿੱਕਾ ਪੈ ਮਿਟ ਚੁੱਕਾ ਹੋਵੇਗਾ.......... ਉਸ ਦਾਦੀ ਦੀਆਂ ਗੱਲਾਂ,,,,,,,,,,ਛੋਟਾ ਜਿਹਾ ਘਰ............. ਆਪਣੇ ਪਿੰਡ ਦੇ ਲੋਕ ਤੇ ਖੇਤਾਂ ਵਿਚ ਗਰਮੀਆਂ ਦੀ ਇਕ ਤਿੱਖੜ ਦੁਪਹਿਰ ਦੀ ਧੁੱਪ.......... ਜਿੱਥੇ ਉਹਨਾਂ ਦੇ ਪਾਪਾ ਨੰਗੇ ਪੈਰੀਂ ਧੁੱਪ ਵਿਚ ਸੇਮ ਨਾਲੇ ‘ਤੇ ਮੁੰਡਿਆਂ ਦਾ ਟੋਲਾ ਬਣਾ ਨਹਾਉਣ ਚਲੇ ਜਾਇਆ ਕਰਦੇ ਸਨ............ |  ਵੱਖਰੇ ਮਾਹੌਲ ਵਿਚ ਪਲ਼ ਕੇ ਉਹ ਹੁਣ ਕਿਵੇਂ ਪਿਛਾਂਹ ਪਰਤ ਸਕਣਗੇ ........?  ਕਿਵੇਂ ਸੋਚਣਗੇ ਉਹ ਕਿ ਦੂਰ ਉਨ੍ਹਾਂ ਦੇ ਪਾਪਾ ਦੇ ਦੇਸ਼ ਵਿਚ ਇਕ ਦਾਦੀ ਅਜੇ ਵੀ ਪਥਰਾਈਆਂ ਅੱਖਾਂ ‘ਚ ਉਮੀਦ ਲਈ ਉਸ ਛੋਟੇ ਜਿਹੇ ਘਰ ਵਿਚ ਉਨ੍ਹਾਂ ਨੂੰ ਉਡੀਕਦੀ ਪਈ ਹੈ........| ਬੀਤੇ ਦਿਨਾਂ ਦੇ ਪ੍ਰਛਾਵਿਆਂ ਨਾਲ ਦਿਲ ਪਰਚਾ ਰਹੀ ਉਸ ਦਾਦੀ ਨੂੰ ਕੌਣ ਆ ਕੇ ਕਹੇ ਕਿ ਉਸਦੇ ਪੋਤਿਆਂ ਨੂੰ ਹੁਣ ਇਹ ਸਭ ਕੋਈ ਪਰੀ-ਕਹਾਣੀ ਜਾਪਦਾ ਹੋਵੇਗਾ...........|
ਰਾਤ ਹੁੰਦੀ, ਚਰਖਾ ਕੰਧ ਨਾਲ ਖੜ੍ਹਾ ਕਰ ਨਾਨੀ ਮਾਂ ਬੈਠਕ ਦੇ ਦਰਵਾਜ਼ੇ ਲਾਗੇ ਮੰਜਾ ਡਾਹ ਲੈਂਦੀ|  ਲੰਮੀ ਪਈ ਉੱਪਰ ਤਾਰਿਆਂ ਭਰੇ ਅਸਮਾਨ ਵੱਲ ਤੱਕਦੀ ਤੇ ਕੋਈ ਉਦਾਸ ਗੀਤ ਦੀ ਹੇਕ ਮੁੜ ਛੋਹ ਲੈਂਦੀ|  ਉਸਦੀ ਭਟਕਦੀ ਆਤਮਾ ਨੂੰ ਜਿਵੇਂ ਸ਼ਾਂਤੀ ਨਹੀਂ ਸੀ|  ਗਈ ਰਾਤ ਤੱਕ ਮੱਧਮ ਜਿਹੇ ਬੋਲਾਂ ਵਿਚ ਰੋਂਦੀ ਤੇ ਪ੍ਰਦੇਸੀ ਹੋਏ ਪੁੱਤਾਂ ਨੂੰ ਆਵਾਜ਼ਾਂ ਮਾਰਦੀ|  ਪੀੜ ਵਿੰਨ੍ਹੇ ਬੋਲ ਘਰ ਦੀ ਬੋਝਲ ਚੁੱਪ ਵਿਚ ਫੈਲਦੇ ਚਲੇ ਜਾਂਦੇ|  ਤੇਜ਼ ਹਵਾ ਤੋਂ ਜਦ ਕਦੇ ਮੈਂ ਬੈਠਕ ਦਾ ਬੂਹਾ ਬੰਦ ਕਰਨ ਲਗਦੀ ਤਾਂ ਸਾਰਾ ਦਰਦ ਉਹਦੇ ਬੋਲਾਂ ‘ਚ ਆ ਜਾਂਦਾ|  ਰੋ ਕੇ ਆਖਦੀ, ‘ ਨਾ ਧੀਏ, ਮੈਨੂੰ ਅਸਮਾਨ ਵੇਖਣ ਦੇ, ਔਹ ਵੇਖ ਤਾਰੇ ਵੀ ਕਿੰਨੇ ਚੁੱਪ ਨੇ.............?’ ਕਈ ਵਾਰ ਰਾਤ ਨੂੰ ਉੱਠ ਸੰਦੂਕ ਕੋਲ ਆ ਖੜ੍ਹਦੀ, ਸੰਦੂਕ ‘ਚੋਂ ਕੱਪੜੇ ਫਰੋਲਦੀ ਆਪਣੇ ਆਪ ਬੁੜਬੁੜਾਉਂਦੀ ਰਹਿੰਦੀ|  ਉਸਦੀ ਇਸ ਹਾਲਤ ਨੂੰ ਵੇਖ ਮੈਂ ਉਹਦੇ ਮੰਜੇ ਦੀ ਬਹਿ ‘ਤੇ ਆ ਬਹਿੰਦੀ|   ਮੇਰੇ  ਵੱਲ ਪਰਤਦੀ ਹੋਈ ਨਾਨੀ ਮਾਂ ਆਖਦੀ, ‘ ਤੂੰ ਪੈ ਜਾ ਧੀਏ !........ਤੂੰ ਕਾਹਨੂੰ ਨੀਂਦ ਖ਼ਰਾਬ ਕਰਨੀ ਏਂ ........... ਮੇਰੀ ਚਿੰਤਾ ਨਾ ਕਰ......ਜਿੱਥੇ ਉਹ ਦਿਨ ਬੀਤ ਗਏ ਇਹ ਦਿਨ ਵੀ ਬੀਤ ਜਾਣੇ ਨੇ .......... ਮੇਰੀ ਚੰਦਰੀ ਕਿਸਮਤ ਵਿਚ ਈ ਏਹੋ ਕੁਝ ਲਿਖਿਆ ਸੀ.......ਇਹ ਕਿਵੇਂ ਮਿਟਦਾ.........!’
ਕੁਝ ਕੁ ਦਿਨ ਬਾਅਦ ਆ ਕੇ ਮੈਂ ਨਾਨੀ ਦੇ ਪੁਰਾਣੇ ਮੈਲ਼ੇ ਕੱਪੜੇ ਧੋਂਦੀ, ਘਰ ਸੰਵਾਰਦੀ ਤੇ ਉਸ ਵਾਂਗ ਅਸਲੋਂ ਹਰ ਚੁੱਕੀ ਮੱਝ ਨੂੰ ਕਿਸੇ ਨੂੰ ਦੇ ਦੇਣ ਲਈ ਆਖਦੀ|   ਪਰ ਮੱਝ ਦਾ ਉਹ ਕਿੱਲਾ ਸੁਣਨਾ ਵੇਖਣਾ ਨਾਨੀ ਮਾਂ ਦੇ ਜਿਵੇਂ ਦਿਲ ਵਿਚ ਕੋਈ ਪੀੜ ਭਰ ਜਾਂਦਾ|  ਅਠਾਰਾਂ ਵਰ੍ਹੇ ਰਹਿ ਚੁੱਕੀ ਇਸ ਮੱਝ ਨਾਲ ਵੀ ਉਸਦਾ ਡਾਢਾ ਮੋਹ ਸੀ|  ਵਿਹੜੇ ਦੇ ਵਿਚਕਾਰ ਲੱਗੀ ਧਰੇਕ ਨਾਲ ਬੱਝੀ ਰਹਿੰਦੀ ਸੁੱਕੇ ਹੱਡਾਂ ਵਾਲੀ ਮੱਝ ਦੀਆਂ ਅੱਖਾਂ ਵਿਚ ਵੀ ਇਸ ਘਰ ਨਾਲ ਪਏ ਮੋਹ ਦੀ ਝਲਕ ਦਿਸਦੀ|
ਨਾਨੀ ਮਾਂ ਦੇ ਹੱਥ ਪੈਰ ਵੀ ਹੁਣ ਜੁਆਬ ਦਿੰਦੇ ਜਾ ਰਹੇ ਸਨ|  ਕਈ ਵਾਰ ਉਹ ਬੀਮਾਰ ਹੋ ਜਾਂਦੀ ਤਾਂ ਮੈਂ ਨੇੜੇ ਦੇ ਸ਼ਹਿਰ ਜਾ ਦਵਾਈ ਲਿਆ ਮਾਂ ਦੀ ਦੇਖ ਭਾਲ ਕਰਦੀ| ਉਸ ਦਿਨ ਵੀ ਮੈਂ ਦਵਾਈ ਲੈਣ ਸ਼ਹਿਰ ਚਲੀ ਗਈ ਸੀ|  ਹਨੇਰੀ ਜ਼ਰਾ ਰੁਕਣ ਤੇ ਮੈਂ ਨਾਨੀ ਮਾਂ ਦੇ ਫ਼ਿਕਰ ਵਿਚ ਘਰ ਪਹੁੰਚੀ|  ਤੇਜ਼ ਹਵਾ ਨਾਲ ਬਾਹਰਲੇ ਦਰਵਾਜ਼ੇ ਦੇ ਕਿਵਾੜ ਖੁੱਲ੍ਹੇ ਪਏ ਸਨ| ਮੈਂ ਦੌੜ ਕੇ ਨਾਨੀ ਮਾਂ ਦੇ ਮੰਜੇ ਕੋਲ ਆ ਗਈ|  ਬਰਾਮਦੇ ਵਿਚ ਮੰਜੇ ਪਈ ਨਾਨੀ ਮਾਂ ਦਾ ਪਿੰਡਾ ਬੁਖ਼ਾਰ ਨਾਲ ਤਪ ਰਿਹਾ ਸੀ ਤੇ ਬੇਹੋਸ਼ੀ ਜਿਹੀ ਵਿਚ ਅੱਧ-ਖੁੱਲ੍ਹੀਆਂ ਅੱਖਾਂ ਨਾਲ ਉਹ ਅਜੇ ਵੀ ਬਾਹਰ ਖੁੱਲ੍ਹੇ ਹੋਏ ਬੂਹੇ ਵੱਲ ਤੱਕ ਰਹੀ ਸੀ|   ਮੇਰਾ ਮਨ ਉਦਾਸ ਹੋ ਗਿਆ|  ਮੈਂ ਸਾਹਮਣੇ ਨਜ਼ਰ ਮਾਰੀ, ਵਿਹੜੇ ਵਿਚ ਖੜ੍ਹੀ ਧਰੇਕ ਤੇਜ਼ ਹਨੇਰੀ ਨਾਲ ਟੁੱਟ ਕੇ ਧਰਤੀ ‘ਤੇ ਆ ਪਈ ਸੀ ਤੇ ਨਾਲ ਬੰਨ੍ਹੀ ਮੱਝ ਟੁੱਟੇ ਹੋਏ ਟਾਹਣੇ ਹੇਠ ਆਈ ਬੁਢੇ ਹੱਡ ਰਗੜਦੀ ਜ਼ਿੰਦਗੀ ਦੇ ਆਖ਼ਰੀ ਸਾਹ ਮੁਕਾ ਚੁੱਕੀ ਸੀ|  ਭਰੇ ਹੋਏ ਦਿਲ ਨਾਲ ਮੈਂ ਨਜ਼ਰਾਂ ਘੁਮਾ ਅੱਖਾਂ ਪੂੰਝ ਲਈਆਂ ਤੇ ਮੁੜ ਬੀਮਾਰ ਪਈ ਨਾਨੀ ਮਾਂ ਨੂੰ ਸੰਭਾਲਣ ਲੱਗ ਪਈ|