ਪਰਿਵਾਰ ਦੀ ਖੁਸ਼ਹਾਲੀ (ਲੇਖ )

ਸਰਬਜੋਤ ਕੌਰ (ਡਾ.)   

Email: sarabjotkaur@ymail.com
Address: 171-C ਭਾਈ ਰਣਧੀਰ ਸਿੰਘ ਨਗਰ
ਲੁਧਿਆਣਾ India
ਸਰਬਜੋਤ ਕੌਰ (ਡਾ.) ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇਕ ਅੰਗਰੇਜ਼ ਵਿਦਵਾਨ T.R. Dewar ਦਾ ਕਥਨ ਸਾਂਝਾ ਕਰਨਾ ਚਾਹਾਂਗੀ।ਉਹ ਲਿਖਦਾ ਹੈ:

   The road to success is filled with women pushing their husbands along

ਯਨੀ ਕਿ ਸਫਲਤਾ ਦਾ ਰਾਹ ਔਰਤਾਂ ਨਾਲ ਭਰਿਆ ਪਿਆ ਹੈ ਤੇ ਉਹ ਆਪਣੇ ਪਤੀਆਂ ਨੂੰ ਨਾਲ ਖਿੱਚੀ ਲਈ ਆਉਂਦੀਆਂ ਹਨ।ਪੂਰਨ ਸੱਚ ਭਰਿਆ ਹੈ ਇਸ ਕਥਨ ਵਿਚ।ਧਰਤੀ ਉਪਰਲਾ ਸਾਰਾ ਜੀਵਨ ਔਰਤ ਦੀ ਹੀ ਦੇਣ ਹੈ।ਔਰਤ ਪ੍ਰਕਿਰਤੀ ਦੀ ਕੰਨਿਆ ਹੈ।ਆਪਣੀ ਮਾਂ ਪ੍ਰਕਿਰਤੀ ਵਾਂਗ ਹੀ ਔਰਤ ਵੀ ਜਣਨੀ ਹੈ।ਉਹ ਜਨਮ ਦੇਂਦੀ ਹੈ ਸੰਸਾਰ ਉਤੇ ਜੀਵਨ ਨੂੰ ਕਾਇਮ ਰੱਖਣ ਲਈ,ਉਹ ਜਨਮ ਦੇਂਦੀ ਹੈ ਸੰਸਾਰ ਵਿਚ ਸੁਹਜ ਅਤੇ ਸਦਗੁਣਾਂ ਦੇ ਪ੍ਰਕਾਸ਼ ਲਈ,ਉਹ ਜਨਮ ਦੇਂਦੀ ਹੈ ਸੰਸਾਰ ਵਿਚ ਪ੍ਰੇਮ ਅਤੇ ਤਿਆਗ ਦੀ ਭਾਵਨਾ ਦੀ ਵਰਿਧੀ ਲਈ।ਪਰੰਤੂ ਜਣਨੀ ਦਾ ਰੋਲ ਅਦਾ ਕਰਨ ਤੋਂ ਪਹਿਲਾਂ ਉਸ ਨੂੰ ਧੀ, ਭੈਣ, ਪਤਨੀ, ਨੂੰਹ ਆਦਿ ਕਈ ਹੋਰ ਰਿਸ਼ਤਿਆਂ ਵਿਚੋਂ ਲੰਘਣਾ ਪੈਂਦਾ ਹੈ।ਅੱਜ ਮੈਂ ਆਪ ਨਾਲ ਔਰਤ ਦੇ ਕੇਵਲ ਪਤਨੀ ਰੂਪ ਦੀ ਗੱਲ ਕਰਾਂਗੀ।
ਅੰਗਰੇਜ਼ੀ ਦੀ ਇਕ ਕਹਾਵਤ ਹੈ-

A good wife and a good health are man’s best wealth

ਯਨੀ ਕਿ ਪਤਨੀ ਨੂੰ ਦੌਲਤ ਅਤੇ ਚੰਗੀ ਸਿਹਤ ਨਾਲ ਤੁਲਨਾ ਦਿੱਤੀ ਗਈ ਹੈ।ਅਸੀਂ ਸਭ ਜਾਣਦੇ ਹਾਂ ਕਿ ਦੌਲਤ ਅਤੇ ਚੰਗੀ ਸਿਹਤ ਦਾ ਸਾਡੇ ਜੀਵਨ ਵਿਚ ਕੀ ਮਹੱਤਵ ਹੈ।ਸਿਹਤ ਠੀਕ ਨਾ ਹੋਵੇ ਤਾਂ ਮਨੁੱਖ ਨਕਾਰਾ ਹੋ ਜਾਂਦਾ ਹੈ ਤੇ ਜੇ ਦੌਲਤ ਕੋਲ ਨਾ ਹੋਵੇ ਤਾਂ ਮਨੁੱਖ ਮੁਹਤਾਜ ਹੋ ਜਾਂਦਾ ਹੈ।ਅਰਥਾਤ ਇਕ ਚੰਗੀ ਪਤਨੀ ਬਿਨਾਂ ਮਨੁੱਖ ਨਕਾਰਾ ਤੇ ਮੁਹਤਾਜ ਹੈ।ਇਸ ਦਾ ਅਰਥ ਇਹ ਹੋਇਆ ਕਿ ਪਤੀ ਦੀ ਅਰਥ ਭਰਪੂਰ ਜ਼ਿੰਦਗੀ ਇਕ ਚੰਗੀ ਪਤਨੀ ਉੱਤੇ ਹੀ ਨਿਰਭਰ ਕਰਦੀ ਹੈ।ਇਹ ਸਭ ਦੇਖਦਿਆਂ ਹੋਇਆਂ ਪਤਨੀ ਦਾ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ ਅਤਿ ਆਵਸ਼ਕ ਹੈ।ਅਜਿਹਾ ਕਰਨ ਨਾਲ ਪਤੀ ਦਾ ਜੀਵਨ ਤਾਂ ਸੰਵਰੇਗਾ ਹੀ,ਪਤਨੀ ਵੀ ਪਤੀ-ਪ੍ਰੇਮ ਪਾ ਕੇ ਜ਼ਿੰਦਗੀ ਦੇ ਅਨਮੋਲ ਪਲਾਂ ਦਾ ਰਸ ਮਾਣ ਸਕੇਗੀ।ਗੁਰਬਾਣੀ ਦਾ ਫੁਰਮਾਣ ਹੈ:
   
ਹਉ ਜਾਇ ਪੁਛਾ ਸੁਹਾਗ ਸੁਹਾਗਣਿ ਤੁਸੀ ਕਿਉ ਪਿਰ ਪਾਇਅੜਾ ਪ੍ਰਭ ਮੇਰਾ॥
    ਮੈ ਊਪਰਿ ਨਦਰਿ ਕਰੀ ਪਿਰ ਸਾਚੈ ਮੈ ਛੋਡਿਅੜਾ ਮੇਰਾ ਤੇਰਾ॥

ਪਹਿਲੀ ਜ਼ਰੂਰੀ ਸ਼ਰਤ ਜੋ ਇਥੇ ਪ੍ਰਭੂ ਪਿਰ ਦੀ ਪ੍ਰਾਪਤੀ ਲਈ ਜ਼ਰੂਰੀ ਦੱਸੀ ਗਈ ਹੈ ਉਹ ਦੁਨਿਆਵੀ ਪਤੀ ਦੀ ਖੁਸ਼ੀ ਲਈ ਵੀ ਪੂਰੀ ਤਰ੍ਹਾਂ ਢੁੱਕਦੀ ਹੈ।ਜਿਤਨੀ ਦੇਰ ਪਤਨੀ ਮੇਰ- ਤੇਰ ਦੀ ਭਾਵਨਾ ਦਾ ਤਿਆਗ ਨਹੀਂ ਕਰਦੀ ਉਤਨੀ ਦੇਰ ਦੋਨੋਂ ਇਕ ਨਹੀਂ ਹੋ ਸਕਦੇ।ਇਥੇ ਇਹ ਨਹੀਂ ਸੋਚਣਾ ਕਿ ਮੇਰ-ਤੇਰ ਮੈਂ ਹੀ ਕਿਉਂ ਛੱਡਾਂ,ਪਤੀ ਕਿਉਂ ਨਹੀਂ।ਪ੍ਰਮਾਤਮਾ ਨੇ ਔਰਤ ਨੂੰ ਗੁਣਾਂ ਨਾਲ ਭਰਪੂਰ ਕਰਕੇ ਦੁਨੀਆਂ ਵਿਚ ਭੇਜਿਆ ਹੈ।ਉਸ ਅੰਦਰ ਸਹਿਣਸ਼ੀਲਤਾ, ਕੋਮਲਤਾ, ਬਹਾਦਰੀ, ਬੁੱਧੀਮਾਨਤਾ, ਪ੍ਰੇਮ, ਨਿਰਮਲਤਾ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਗੁਣ ਹਨ।ਇਸੇ ਲਈ ਕਹਿੰਦੇ ਹਨ ਕਿ ਜੇ ਮਰਦ ਵਿਚ ਔਰਤ ਵਾਲੇ ਗੁਣ ਆ ਜਾਣ ਤਾਂ ਮਰਦ ਮਹਾਤਮਾ ਬਣ ਜਾਏ।ਇਸ ਦਾ ਅਰਥ ਇਹ ਹੋਇਆ ਕਿ ਔਰਤ ਪਹਿਲਾਂ ਹੀ ਮਹਾਤਮਾ ਹੈ।ਏਸੇ ਲਈ ਗੁਰਬਾਣੀ ਨੇ ਔਰਤ ਨੂੰ 'ਸਭ ਪਰਵਾਰੈ ਮਾਹਿ ਸਰੇਸ਼ਟ' ਕਿਹਾ ਹੈ।ਪਰ ਕੋਈ ਵਸਤੂ ਜਿਤਨੀ ਵਧੇਰੇ ਸਰੇਸ਼ਟ ਹੋਵੇ, ਉਤਨੀ ਹੀ ਵਧੇਰੇ ਮਿਹਨਤ ਉਸ ਨੂੰ ਆਪਣੀ ਸਰੇਸ਼ਟਤਾ ਕਾਇਮ ਰੱਖਣ ਲਈ ਕਰਨੀ ਪੈਂਦੀ ਹੈ।ਸੋ ਔਰਤ ਨੂੰ ਵੀ ਪ੍ਰਮਾਤਮਾ ਵੱਲੋਂ ਦਿਤੇ ਗਏ ਗੁਣਾਂ ਦੀ ਸੰਭਾਲ ਲਈ ਮਿਹਨਤ ਕਰਨੀ ਜ਼ਰੂਰੀ ਹੈ।ਏਥੇ ਕਿਉਂਕਿ ਅਸੀਂ ਕੇਵਲ ਪਤਨੀ ਦੇ ਰੋਲ ਦੀ ਗੱਲ ਕਰ ਰਹੇ ਹਾਂ ਇਸ ਲਈ ਮੈਂ ਵਧੇਰੇ ਵਿਸਥਾਰ ਵਿਚ ਨਾ ਜਾਂਦੀ ਹੋਈ ਕੇਵਲ ਤਿੰਨ 'ਸੱਸੇ' ਆਪ ਜੀ ਨਾਲ ਸਾਂਝੇ ਕਰਾਂਗੀ:

• ਸਹਿਣਸ਼ੀਲਤਾ
• ਸੰਜਮ
• ਸਵੈ-ਵਿਸ਼ਵਾਸ

ਸਹਿਣਸ਼ੀਲਤਾ- ਸਹਿਣਸ਼ੀਲਤਾ ਘਰ ਦੀ ਬੁਨਿਆਦ ਹੈ।ਸਾਡੀ ਸਾਰੀ ਪੜ੍ਹਾਈ ਦਾ ਨਤੀਜਾ ਸਹਿਣਸ਼ੀਲਤਾ ਹੈ।ਘਰ ਦਾ ਸਾਰਾ ਮਾਹੌਲ ਘਰ ਦੀ ਔਰਤ ਤੇ ਹੀ ਨਿਰਭਰ ਕਰਦਾ ਹੈ।ਹੋ ਸਕਦਾ ਹੈ, ਹੋ ਸਕਦਾ ਹੈ ਨਹੀਂ, ਅਕਸਰ ਹੁੰਦਾ ਹੈ, ਕਿ ਘਰ ਵਿਚ ਪਤੀ ਕਿਸੇ ਵੇਲੇ ਪਤਨੀ ਨਾਲ ਔਖਾ ਵੀ ਬੋਲੇ।ਹੋ ਸਕਦਾ ਹੈ ਉਹ ਕਿਸੇ ਵੇਲੇ ਗਲਤ ਕਰਮ ਵੀ ਕਰੇ-ਇਹੀ ਸਮਾਂ ਹੈ ਔਰਤ ਦੇ ਇਮਤਿਹਾਨ ਦਾ ਤੇ ਇਸ ਇਮਤਿਹਾਨ ਵਿਚੋਂ ਔਰਤ ਨੇ ਪਾਸ ਹੋਣਾ ਹੈ।ਅਜਿਹਾ ਤਾਂ ਹੀ ਸੰਭਵ ਹੈ ਜੇ  ਔਰਤ ਅਸਹਿਣਸ਼ੀਲਤਾ ਨੂੰ ਵੀ ਸਹਿਣ ਕਰਨ ਦੀ ਜਾਚ ਸਿੱਖ ਲਏ।ਸਹਿਣ ਸ਼ਕਤੀ ਕਿਧਰੋਂ ਬਾਹਰੋਂ ਨਹੀਂ ਮਿਲਣੀ।ਇਹ ਸਾਡੀ ਆਪਣੀ ਸੋਚ ਵਿਚੋਂ ਉਪਜਣੀ ਹੈ।ਜੇ ਇਹ ਸੋਚ ਲਈਏ ਕਿ ਧਰਤੀ ਉੱਤੇ ਪੈਦਾ ਹੋਇਆ ਹਰ ਮਨੁੱਖ ਇੱਕ ਕੀਮਤੀ ਹੀਰਾ ਹੈ ਤਾਂ ਉਸ ਦੇ ਔਗੁਣਾਂ ਵਲ ਧਿਆਨ ਹੀ ਨਹੀਂ ਜਾਏਗਾ।ਹਰ ਮਨੁੱਖ ਵਿਚ ਗੁਣ ਵੀ ਹਨ ਤੇ ਔਗੁਣ ਵੀ।ਸੋ ਪਤੀ ਨੂੰ ਵੀ ਗੁਣਾਂ-ਔਗੁਣਾਂ ਸਮੇਤ ਸਵੀਕਾਰੀਏ।ਅੰਗਰੇਜ਼ੀ ਦੀ ਇੱਕ ਕਹਾਵਤ ਹੈ:

ਅਚਚeਪਟ ਟਹe ਪeਰਸੋਨ aਸ ਹe ਸਿ, ਨੋਟ aਸ ਹe ਸਹੁਲਦ ਬe.

ਇਹ ਸੋਚ ਸਾਡੀ ਜ਼ਿੰਦਗੀ ਨੂੰ ਸੁਖੱਲਿਆਂ ਕਰ ਦੇਵੇਗੀ ਅਤੇ ਇਹ ਔਰਤ ਦੀ ਨੈਤਿਕ  ਜ਼ਿੰਮੇਵਾਰੀ ਵੀ ਹੈ।ਜ਼ਿੰਮੇਵਾਰੀ, ਕਾਬਲ ਇਨਸਾਨ ਨੂੰ ਸੌਂਪੀ ਜਾਂਦੀ ਹੈ।ਗੁਰੁ ਸਾਹਿਬਾਨ ਨੇ ਸਾਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਕਾਬਲ ਸਮਝਿਆ ਹੈ ਇਸੇ ਲਈ ਔਰਤ ਨੂੰ ਸਹਿਣਸ਼ੀਲ ਰਹਿਣ ਲਈ ਕਿਹਾ ਗਿਆ ਹੈ।

ਸੰਜਮ- ਬਲਵਾਨ ਬਣਨ ਲਈ ਇੱਕ ਜ਼ਰੂਰੀ ਸ਼ਰਤ ਹੈ ਸੰਜਮੀ ਹੋਣਾ।ਸੰਜਮ ਕੋਈ ਹਥਿਆਰ ਨਹੀਂ,ਇਹ ਸਭ ਹਮਲਿਆਂ ਅਤੇ ਹਥਿਆਰਾਂ ਨੂੰ ਬਰਦਾਸ਼ਤ ਕਰਨ ਵਾਲੀ ਢਾਲ ਹੈ।ਜ਼ਿੰਦਗੀ ਰੂਪੀ ਕੱਪੜਾ ਦੁੱਖਾਂ-ਸੁੱਖਾਂ ਦਾ ਬੁਣਿਆ ਹੋਇਆ ਹੈ।ਜਿਵੇਂ ਕੋਈ ਮਨੁੱਖ ਪਾਣੀ ਵਿਚ ਭਿੱਜੇ ਬਿਨਾ ਤਰ ਨਹੀਂ ਸਕਦਾ ਉਸੇ ਤਰ੍ਹਾਂ ਕੋਈ ਮਨੁੱਖ ਇਹਨਾਂ ਦੋਹਾਂ ਵਿਚੋਂ ਲੰਘੇ ਬਿਨਾਂ ਜ਼ਿੰਦਗੀ ਨਹੀਂ ਲੰਘਾ ਸਕਦਾ।ਇੱਕ ਸੁਘੜ ਪਤਨੀ ਦੋਹਾਂ ਹਾਲਤਾਂ ਵਿਚ ਸੰਜਮ ਵਿਚ ਰਹਿੰਦੀ ਹੈ।ਸੰਜਮ ਕੇਵਲ ਧਨ ਦੌਲਤ ਦਾ ਹੀ ਨਹੀਂ ਰਖਣਾ ਹੁੰਦਾ ਆਤਮ-ਸੰਜਮ ਵੀ ਰਖਣਾ ਹੁੰਦਾ ਹੈ।ਸ਼ਕਤੀਮਾਨ ਓਹੀ ਹੈ ਜੋ ਆਤਮ ਸੰਜਮੀ ਹੈ।ਆਪਣੇ ਉਪਰ ਕਾਬੂ ਪਾ ਕੇ ਰੱਖੀਏ- ਆਪਣੀ ਘਬਰਾਹਟ ਤੇ, ਆਪਣੇ ਬੋਲਾਂ ਤੇ, ਆਪਣੇ ਗੁੱਸੇ ਤੇ।ਗੁਰਬਾਣੀ ਦਾ ਕਥਨ ਹੈ:
ਫਰੀਦਾ ਬੁਰੇ ਦਾ ਭਲਾ ਕਰ ਗੁਸਾ ਮਨ ਨ ਹੰਢਾਇ॥
ਦੇਹੀ ਰੋਗ ਨ ਲਗਈ ਪਲੈ ਸਭ ਕਿਛੁ ਪਾਇ॥
………………….
ਕਾਮ ਕ੍ਰੋਧਿ ਕਾਇਆ ਕਉ ਗਾਲੈ॥
ਜਿਉ ਕੰਚਨ ਸੋਹਾਗਾ ਢਾਲੇ॥
      ਗੁੱਸਾ ਜਮਦੂਤ ਦੀ ਮੂਰਤ ਹੈ।ਇਸ ਵਿਚੋਂ ਹੋਰ ਚਾਹੇ ਕੁਝ ਵੀ ਮਿਲ ਜਾਏ ਪਰ ਖੁਸ਼ੀ ਅਤੇ ਸੰਤੁਸ਼ਟੀ ਕਦੇ ਹਾਸਲ ਨਹੀਂ ਹੋ ਸਕਦੀ।
      ਬੋਲ ਮਨੁੱਖ ਦੀ ਆਤਮਾ ਦਾ ਚਿਤਰ ਹਨ।ਇਹਨਾਂ ਤੋਂ ਹੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਦਿਸ ਪੈਂਦਾ ਹੈ।ਕਹਾਵਤ ਹੈ ਕਿ ਪਹਿਲਾਂ ਤੋਲੋ ਫਿਰ ਤੋਲੋ।ਭਾਵੇਂ ਇਸ ਅਸੂਲ ਤੇ ਹਰ ਮਨੁੱਖ ਨੂੰ ਚਲਣਾ ਚਾਹੀਦਾ ਹੈ ਪਰ ਔਰਤ ਲਈ ਇਹ ਅਤਿ ਆਵੱਸ਼ਕ ਹੈ ਕਿਉਂਕਿ ਘਰ ਦਾ ਸਾਰਾ ਮਾਹੌਲ ਔਰਤ ਉਪਰ ਹੀ ਨਿਰਭਰ ਕਰਦਾ ਹੈ।ਗੁਰਬਾਣੀ ਵੀ ਸਿਖਾਉਂਦੀ ਹੈ 'ਬਹੁਤਾ ਬੋਲਣ ਝਖਣ ਹੋਇ'।ਬੋਲਣਾ ਜ਼ਰੂਰੀ ਹੈ ਪਰ ਕਿੱਥੇ ਚੁੱਪ ਕਰਨਾ ਹੈ,ਇਹ ਪਤਾ ਹੋਣਾ ਵਧੇਰੇ ਜ਼ਰੂਰੀ ਹੈ।ਮੂੰਹੋਂ ਨਿਕਲਿਆ ਇਕ ਵੀ ਫਾਲਤੂ ਸ਼ਬਦ ਤਲਵਾਰ ਦੇ ਫੱਟ ਤੋਂ ਵਧੇਰੇ ਘਾਇਲ ਕਰਦਾ ਹੈ।ਇਸ ਲਈ ਬੋਲਾਂ ਤੇ ਸੰਜਮ ਰੱਖਦੇ ਹੋਏ ਸ਼ਬਦਾਂ ਪ੍ਰਤੀ ਸਾਵਧਾਨੀ ਵਰਤੀਏ।ਅਜਿਹਾ ਸੰਜਮ ਹਰ ਤਰ੍ਹਾਂ ਦੇ ਸੰਜਮ ਤੋਂ ਵਧੇਰੇ ਮਹੱਤਵ ਰੱਖਦਾ ਹੈ।         

ਸਵੈ-ਵਿਸ਼ਵਾਸ- ਸ਼ਾਹ ਹੁਸੈਨ ਕਹਿੰਦਾ ਹੈ:
ਬੰਦੇ ਆਪ ਨੂੰ ਪਛਾਣ
  ਜੇ ਤੈਂ ਆਪਣਾ ਆਪ ਪਛਾਤਾ    
  ਸਾਂਈਂ ਦਾ ਮਿਲਣ ਆਸਾਨ
ਇਸ਼ਕ ਹਕੀਕੀ ਦਾ ਰਾਹ ਇਸ਼ਕ ਮਜ਼ਾਜ਼ੀ ਥਾਂਣੀ ਲੰਘਦਾ ਹੈ।ਜਿਸ ਨੂੰ ਪਤੀ ਰੀਝਾਣਾ ਆ ਗਿਆ ਉਸ ਵਾਸਤੇ ਫਿਰ ਪਤੀ-ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ ਆਸਾਨ ਹੈ।ਇਸ ਲਈ ਕੋਈ ਵੀ ਕੰਮ ਕਰਨ ਲਈ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ।ਸੰਸਾਰ ਦਾ ਇਤਿਹਾਸ ਉਹਨਾਂ ਚੰਦ ਲੋਕਾਂ ਦਾ ਇਤਿਹਾਸ ਹੈ ਜਿਹਨਾਂ ਵਿਚ ਆਤਮ ਵਿਸ਼ਵਾਸ ਸੀ।ਸੰਸਾਰ ਘਰ ਤੋਂ ਹੀ ਸ਼ੁਰੂ ਹੁੰਦਾ ਹੈ।ਔਰਤ ਨੇ ਮਕਾਨ ਨੂੰ ਘਰ ਵਿਚ ਤਬਦੀਲ ਕਰਨਾ ਹੁੰਦਾ ਹੈ।ਅਜਿਹਾ ਕਰਨ ਲਈ ਹੋਰ ਕਿਸੇ ਤੇ ਨਿਰਭਰ ਕਰਨ ਨਾਲੋਂ ਆਪਣੇ ਆਪ ਤੇ ਵਿਸ਼ਵਾਸ ਰੱਖੀਏ।ਹਰ ਸਮੱਸਿਆ ਸਹਿਜੇ ਹੀ ਹੱਲ ਹੋ ਜਾਏਗੀ।ਸਮੱਸਿਆ ਦਾ ਦੋਸ਼ ਕਿਸੇ ਹੋਰ ਤੇ ਨਾ ਮੜ੍ਹੀਏ।ਆਪਣੀਆਂ ਕਮੀਆਂ ਨੂੰ ਦੇਖਦੇ ਹੋਏ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ।ਆਪਣੇ ਆਪ ਨੂੰ ਆਪਣੀਆਂ ਅੱਖਾਂ ਨਾਲ ਦੇਖੀਏ।ਆਪਣਾ ਭਵਿੱਖ ਆਪਣੇ ਹੱਥਾਂ ਵਿਚ ਲਈਏ।ਪਰਿਵਾਰ ਦਾ ਸੁੱਖ ਔਰਤ ਦੇ ਆਪਣੇ ਵਿਸ਼ਵਾਸ ਵਿਚੋਂ ਉਪਜਦਾ ਹੈ।ਇਸ ਲਈ ਸਵੈ-ਵਿਸ਼ਵਾਸ ਰੱਖਦੇ ਹੋਏ ਆਪਣੇ ਫਰਜ਼ਾਂ ਦੀ ਪੂਰਤੀ ਕਰੀਏ।ਸਵੈ-ਵਿਸ਼ਵਾਸ ਬਹਾਦਰੀ ਦਾ ਸਾਰ ਹੈ।ਔਖੇ ਕਾਰਜ ਬਹਾਦਰੀ ਨਾਲ ਹੀ ਸੰਪੂਰਨ ਹੁੰਦੇ ਹਨ।ਪਰਿਵਾਰ ਇਕ ਮਹੱਤਵਪੁਰਨ ਇਕਾਈ ਹੈ।ਇਸ ਨੂੰ ਬਣਾਈ ਰੱਖਣਾ ਮਿਹਨਤ ਦੀ ਮੰਗ ਕਰਦਾ ਹੈ।ਇਸ ਲਈ ਪੂਰੀ ਮਿਹਨਤ ਤੇ ਸਮਝਦਾਰੀ ਨਾਲ ਘਰ ਚਲਾਈਏ।ਇਕ ਖੁਸ਼ਹਾਲ ਘਰ ਇਸ ਧਰਤੀ ਦਾ ਸਵਰਗ ਹੈ।ਆਉ ਗੁਰੂ ਦੀ ਆਸ਼ੀਰਵਾਦ ਨਾਲ ਆਪਣੇ ਫਰਜ਼ਾਂ ਨੂੰ ਪੂਰੀ ਤਨਦੇਹੀ ਨਾਲ ਨਿਭਾਈਏ।