ਮੇਰੀ ਮਾਂ ਨਹੀਓਂ ਲੱਭਣੀ (ਲੇਖ )

ਦਲਵੀਰ ਸਿੰਘ ਲੁਧਿਆਣਵੀ   

Email: dalvirsinghludhianvi@yahoo.com
Cell: +91 94170 01983
Address: 402-ਈ ਸ਼ਹੀਦ ਭਗਤ ਸਿੰਘ ਨਗਰ, ਪੱਖੋਵਾਲ ਰੋਡ
ਲੁਧਿਆਣਾ India 141013
ਦਲਵੀਰ ਸਿੰਘ ਲੁਧਿਆਣਵੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


'ਮਾਂ' ਸ਼ਬਦ ਸੁਣਦੇ ਸਾਰ ਹੀ ਤਨ-ਮਨ ਵਿੱਚ ਸ਼ਾਂਤੀ, ਸੰਤੋਖ ਤੇ ਸੰਜਮ ਦਾ ਸੋਮਾ ਆਪ-ਮੁਹਾਰੇ ਹੀ ਫੁੱਟ ਪੈਦਾ ਹੈ।   ਪਰਮਾਤਮਾ ਦੇ ਬਾਅਦ ਦੂਜਾ ਸਥਾਨ ਮਾਂ ਨੂੰ ਹੀ ਮਿਲਿਆ ਹੈ। ਵਰਤਮਾਨ ਪੰਜਾਬੀ ਸ਼ਬਦ 'ਮਾਂ' ਸੰਸਕ੍ਰਿਤ ਸਬਦ ਮਾਤ੍ਰ (ਮਾਤਰੀ) ਤੋਂ ਲਿਆ ਹੈ। ਪ੍ਰੋ: ਮੋਹਨ ਸਿੰੰਘ ਮਾਹਿਰ ਆਪਣੀ ਕਵਿਤਾ 'ਮਾਂ' ਵਿਚ ਇਉਂ ਫੁਰਮਾਉਂਦੇ ਹਨ: 
ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਵੇ,
ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ।
ਬਾਕੀ ਕੁਲ ਦੁਨੀਆਂ ਦੇ ਬੂਟੇ ਜੜ੍ਹ ਸੁਕਿਆਂ ਮੁਰਝਾਂਦੇ,
ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁਕ ਜਾਏ।
ਮਾਤਾ ਜੀ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਕਾਰਜਾਂ ਵਿਚ ਬਹੁਤ ਰੁੱਚੀ ਰੱਖਦੇ ਸਨ। ਉਹ ਕਦਰਾਂ-ਕੀਮਤਾਂ ਦੇ ਧਾਰਨੀ ਹੀ ਨਹੀਂ, ਸਗੋਂ ਦੂਜਿਆਂ ਦੇ ਰਾਹਾਂ ਚੋਂ ਕੰਡੇ ਚੁੱਗ ਕੇ ਫੁੱਲ ਵਿਛਾਉਂਦੇ ਰਹੇ। ਕੰਵਲ ਦੇ ਫੁੱਲ ਵਾਂਗ ਪਵਿੱਤਰ, ਸੱਚੇ-ਸੁੱਚੇ ਤੇ ਆਦਰਸ਼ਵਾਦੀ ਸ਼ਖ਼ਸੀਅਤ ਵਜੋਂ ਜਾਣੇ ਜਾਂਦੇ ਸਨ। ਸ਼੍ਰੋਮਣੀ ਭਗਤ ਕਬੀਰ ਜੀ ਦੀ ਤਰ੍ਹਾਂ ਹੀ ਅਨਪੜ੍ਹ ਹੋਣ ਦੇ ਬਾਵਜੂਦ ਮਾਤਾ ਜੀ ਪੜ੍ਹਿਆ-ਲਿਖਿਆ ਨੂੰ ਮਾਤ ਪਾਉਂਦੇ ਰਹੇ। ਉਨ੍ਹਾਂ ਨੇ ਸਮਾਜ ਨੂੰ ਯੋਗ ਅਗਵਾਈ ਦੇ ਕੇ ਆਪਣੀ ਸੂਝ, ਸਿਆਣਪ ਅਤੇ ਸੁਹਿਰਦਤਾ ਦਾ ਸਬੂਤ ਦਿੱਤਾ ਹੈ; ਜੋ ਸਾਡਾ ਵੀ ਮਾਰਗ-ਦਰਸ਼ਕ ਕਰੇਗੇ।
ਮਾਤਾ ਜੀ ਆਪਣੇ ਪਿੱਛੇ ਆਪਣੇ ਜੀਵਨ ਸਾਥੀ ਸਰਦਾਰ ਪ੍ਰੀਤਮ ਸਿੰਘ ਦੇ ਇਲਾਵਾ ਤਿੰਨ ਬੇਟੇ ਤੇ ਤਿੰਨ ਬੇਟੀਆਂ, ਜੋ ਆਪੋ-ਆਪਣੇ ਕੰਮਾਂ-ਕਾਰਾਂ ਵਿਚ ਪੂਰੀ ਤਰ੍ਹਾਂ ਸਥਾਪਿਤ ਹਨ। ਪਰ, ਦੁੱਖ ਇਸ ਗੱਲ ਦਾ ਹੈ ਕਿ ਇਸ ਹਰੇ-ਭਰੇ ਬਾਗ ਦਾ ਮਾਲੀ ਸਾਥੋਂ ਹਮੇਸ਼ਾ ਲਈ ਵਿਛੜ ਗਿਆ ਹੈ।
ਸਿਆਣਿਆਂ ਦਾ ਕਹਿਣਾ ਹੈ ਕਿ ਮੁਕੱਦਰ ਵਿਚ ਜੋ ਲਿਖਿਆ ਹੁੰਦਾ ਹੈ, ਉਹ ਅਕਸਰ ਮਿਲ ਹੀ ਜਾਂਦਾ ਹੈ; ਉਸ ਨੂੰ ਕੋਈ ਰੋਕ ਨਹੀਂ ਸਕਦਾ। ਭਾਵੇਂ ਸਾਡੇ ਮਾਤਾ-ਪਿਤਾ ਜੀ ਅਨਪੜ੍ਹ ਸਨ, ਪਰ ਉਨ੍ਹਾਂ ਨੇ ਸਾਨੂੰ ਰੱਜ ਕੇ ਪੜ੍ਹਾਇਆ; ਇੱਥੋਂ ਤੀਕਰ ਕਿ ਬੇਟੀਆਂ ਨੂੰ। ਬੇਟੀ-ਬੇਟੇ ਵਿਚ ਫ਼ਰਕ ਨਾ ਰੱਖਿਆ। ਉਨ੍ਹਾਂ ਦੀ ਨੇਕ ਅਗਵਾਈ ਸਦਕਾ ਹੀ ਬੱਚੇ ਆਪੋ-ਆਪਣੀ ਜਗ੍ਹਾ 'ਤੇ ਖ਼ੂਬ ਨਾਮਣਾ ਖੱਟ ਰਹੇ ਹਨ।  ਮਾਤਾ ਜੀ ਸਾਨੂੰ ਸਿੱਖਿਆ ਦਿੰਦੇ ਸਨ, 'ਇੰਨੀ ਮਿਹਨਤ ਕਰੋ ਕਿ ਪਰਮਾਤਮਾ ਖ਼ੁਦ ਆ ਕੇ ਪੁੱਛੇ ਕਿ ਬੋਲ ਬੱਚਾ: ਤੈਨੂੰ ਕੀ ਚਾਹੀਦਾ ਹੈ'। 
ਇਹ ਤਾਂ ਹਰ ਕੋਈ ਜਾਣਦਾ ਹੈ ਕਿ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ, ਬਲਕਿ ਫੁੱਲਾਂ ਤੇ ਖਾਰਾਂ ਦਾ ਸੰਗਮ ਹੈ।  ਤੰਗੀਆਂ-ਤੁਰਸ਼ੀਆਂ ਚੋਂ ਗੁਜ਼ਰਦੇ ਹੋਏ ਮਾਤਾ-ਪਿਤਾ ਨੂੰ ਆਖਿਰ ਕਿਨਾਰਾ ਮਿਲ ਹੀ ਗਿਆ। ਇਹ ਗੱਲ ਸੋਲਾਂ ਆਨੇ ਸੱਚ ਹੈ ਕਿ ਸਖ਼ਤ ਮਿਹਨਤ ਨੂੰ ਮਿੱਠਾ ਫ਼ਲ ਲੱਗਿਆ ਕਰਦਾ ਹੈ। ਬੱਚੇ ਆਪਣੇ ਮਾਤਾ-ਪਿਤਾ ਤੋਂ ਬਹੁਤ ਕੁਝ ਸਿੱਖਦੇ ਹਨ।  ਮਿਹਨਤ ਕਰਨਾ, ਸੱਚ ਬੋਲਣਾ, ਨਿਆਂ 'ਤੇ ਚੱਲਣਾ, ਕਿਸੇ ਨੂੰ ਦੁੱਖ ਨਾ ਦੇਣਾ, ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਕਰਨਾ, ਗ਼ਰੀਬਾਂ ਦੀ ਤਨੋਂ-ਮਨੋਂ ਸਹਾਇਤਾ ਕਰਨਾ, ਦੁੱਖੀਆਂ ਨਾਲ ਦੁੱਖ ਵੰਡਾਉਣੇ ਆਦਿ ਦੇ ਨਾਲ ਹੀ ਹੇਰਾਫੇਰੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਤੋਂ ਕੋਹਾਂ ਦੂਰ ਰਹਿਣਾ,  ਇਹ ਸਭ ਕੁਝ ਮਾਤਾ-ਪਿਤਾ ਦੀ ਸਿੱਖਿਆ ਦੀ ਬਦੌਲਤ ਹੀ ਸੰਭਵ ਹੋ ਸਕਿਆ ਹੈ।  
ਮਾਤਾ ਜੀ ਅਕਸਰ ਹੀ ਭਗਤ ਫਰੀਦ ਜੀ ਦਾ ਸਲੋਕ: ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥ ਕਹਿ ਕੇ ਸਾਨੂੰ ਸਮਝਾਇਆ ਕਰਦੇ ਸਨ ਕਿ ਸਬਰ-ਸੰਤੋਖ ਵਿਚ ਰਹਿਣਾ, ਆਪਣੀ ਚਾਦਰ ਤੋਂ ਬਾਹਰ ਨਾ ਜਾਣਾ, ਬੱਚਿਆਂ ਨੂੰ ਰੱਜ ਕੇ ਪੜ੍ਹਾਉਣਾ, ਧੀ-ਪੁੱਤ ਦਾ ਫ਼ਰਕ ਨਾ ਸਮਝਣਾ। ਇਹੀ ਤੁਹਾਡਾ ਧਨ ਹੈ। ਭਗਤ ਕਬੀਰ ਜੀ ਫੁਰਮਾਉਂਦੇ ਹਨ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥ 
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ  ॥ 
ਮਾਤਾ ਜੀ ਕਿਹਾ ਕਰਦੇ ਸਨ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਵੱਧ ਤੋਂ ਵੱਧ ਸੇਵਾ ਕਰਨਾ, ਆਪਣੇ ਦੇਸ਼ ਨੂੰ ਧੱਬਾ ਨਾ ਲੱਗਣ ਦੇਣਾ ਤੇ ਪੰਜਾਬੀ ਮਾਂ-ਬੋਲੀ ਨੂੰ ਕਦੇ ਨਾ ਵਿਸਾਰਨਾ। ਬੱਚਿਆਂ ਨੂੰ ਵੀ ਅੰਗਰੇਜ਼ੀ ਦੇ ਨਾਲ-ਨਾਲ ਪੰਜਾਬੀ ਪੜ੍ਹਾਉਣਾ ਨਾ ਭੁੱਲਣਾ।  ਅਸੀਂ ਵੀ ਮਾਤਾ ਜੀ ਦੇ ਵਚਨਾਂ 'ਤੇ ਫੁੱਲ ਚੜ੍ਹਾਏ ਹਨ। 
ਮਾਤਾ ਜੀ ਦੁਆਰਾ ਪਾਏ ਹੋਏ ਪੂਰਨੇ ਸਾਡੀ ਹਨੇਰਿਆਂ ਭਰੀ ਜ਼ਿੰਦਗੀ ਨੂੰ ਰੁਸ਼ਨਾਉਂਦੇ ਰਹਿਣਗੇ। ਇਹੋ ਜਿਹੀਆਂ ਰੂਹਾਂ ਤਾਂ ਧੁਰ ਦਰਗਾਹੋਂ ਹੀ ਸਹਿਜ, ਸੁਹਜ ਤੇ ਸੰਜਮ ਨਾਲ ਵਰੋਸਾਈਆਂ ਹੁੰਦੀਆਂ ਹਨ। ਇਹ ਗੱਲ ਸੌ ਫੀਸਦੀ ਸੱਚ ਹੈ ਕਿ ਮਿਕਨਾਤੀਸੀ ਸ਼ਖ਼ਸੀਅਤਾਂ ਦੇ ਦਰਸ਼ਨ ਕੀਤਿਆਂ ਮਨ ਠੰਡਾ-ਠਾਰ ਹੋ ਜਾਂਦਾ ਹੈ।