ਨਸ਼ਿਆਂ ਨੇ ਪੱਟ ਤੇ ਪੰਜਾਬੀ ਗੱਭਰੂ (ਲੇਖ )

ਬਲਬੀਰ ਸਿੰਘ ਬੱਬੀ   

Cell: +91 92175 92531
Address: ਪਿੰਡ ਤੇ ਡਾਕ - ਤੱਖਰਾਂ
ਲੁਧਿਆਣਾ India
ਬਲਬੀਰ ਸਿੰਘ ਬੱਬੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਪੰਜਾਬ ਵਸਦਾ ਗੁਰਾਂ ਦੇ ਨਾਂਅ ਵਾਲੀ ਕਵਿਤਾ ਦੀ ਇਹ ਲਾਇਨ ਪੰਜਾਬ ਨੂੰ ਧਾਰਮਿਕ ਖਿੱਤਾ ਤੇ ਵਧੀਆ ਮਾਹੌਲ ਵਾਲੀ ਦੱਸ ਰਹੀ ਹੈ। ਧਰਮ ਦੇ ਨਾਂ ਹੇਠ ਸਭ ਕੁਝ ਸ਼ੁਭ ਹੀ ਮੰਨਿਆਂ ਜਾਂਦਾ ਹੈ। ਪਰ ਅੱਜ ਜੋ ਹਾਲ ਤਕਰੀਬਨ ਸਭ ਪਾਸੇ ਤੋਂ ਪੰਜਾਬ ਦਾ ਹੈ, ਉਥੇ ਇਹ ਕਵਿਤਾ ਵਾਲੀ ਲਾਇਨ ਝੂਠੀ ਜਿਹੀ ਜਾਪ ਰਹੀ ਹੈ। ਪਿਛਲੇ ਸਮੇਂ 'ਚ ਬਹੁਤੇ ਪੰਜਾਬੀ ਧਾਰਮਿਕ ਬਿਰਤੀ ਨਾਲ ਜੁੜੇ ਹੋਏ ਸਨ ਤੇ ਸਮਾਜਿਕ ਕੁਰੀਤੀਆਂ ਤੋਂ ਵੀ ਦੂਰ ਸਨ। ਚੰਗੇ ਜੁੱਸੇ, ਚੰਗੀ ਰਹਿਣੀ-ਬਹਿਣੀ ਤੇ ਚੰਗੀ ਖੁਰਾਕ ਖਾਣ ਪੀਣ ਦੇ ਸ਼ੌਕੀਨ ਵੀ ਸਨ। ਅੱਜ ਨਜ਼ਰ ਮਾਰੋ ਜੋ ਹਾਲ ਪੰਜਾਬ 'ਚ ਨਸ਼ਿਆਂ ਦਾ ਹੈ, ਉਸ ਬਾਰੇ ਤਾਂ ਸਾਡੇ ਬਜ਼ੁਰਗਾਂ ਨੇ ਕਦੀ ਸੁਪਨਾ ਵੀ ਨਹੀਂ ਲਿਆ ਹੋਣਾ। ਪਹਿਲਾਂ ਸ਼ਾਇਦ ਕੁਝ ਲੋਕ ਹੀ ਸ਼ਰਾਬ ਦਾ ਸੇਵਨ ਕਰਦੇ ਸਨ, ਉਹ ਵੀ ਘਰ ਦੀ ਕੱਢੀ ਹੋਈ ਚੰਗੀ ਸ਼ੁੱਧ ਦੇਸੀ ਸ਼ਰਾਬ ਦਾ ਉਹ ਵੀ ਕਿਸੇ ਖਾਸ ਮੌਕੇ ਉਪਰ ਪਰ ਹੁਣ ਤਾਂ ਮਾਰੂ ਨਸ਼ਿਆਂ ਨੇ ਮੇਰੇ ਰੰਗਲੇ ਪੰਜਾਬ ਦੀ ਧਰਤੀ ਨੂੰ ਜਕੜ ਹੀ ਲਿਆ ਹੈ। ਸ਼ਾਇਦ ਹੀ ਕੋਈ ਭਾਗਾਂ ਵਾਲਾ ਘਰ ਹੋਵੇਗਾ ਜੋ ਇਸ ਭੈੜੀ ਅਲਾਮਤ ਤੋਂ ਬਚਿਆ ਹੋਵੇਗਾ। ਅਸੀਂ ਉਸ ਨੂੰ ਹੀ ਸੁੱਖੀ ਕਹਿ ਸਕਦੇ ਹਾਂ ਨਹੀਂ ਤਾਂ ਸਭ ਪਾਸੇ ਹੀ ਅੱਜ ਨਸ਼ਿਆਂ ਨੇ ਪੱਟਤੇ ਪੰਜਾਬੀ ਗੱਭਰੂ ਹੀ ਤੱਕਦੇ ਹਾਂ।
ਮੰਨਦੇ ਹਾਂ ਕਿ ਪਹਿਲਾਂ ਸ਼ਰਾਬ ਆਦਿ ਕੁਝ ਹੱਦ ਤਕ ਚੱਲਦੀ ਹੋਵੇਗੀ। ਕੁਝ ਵੱਡੇ ਲੋਕ ਅਫੀਮ ਆਦਿ ਦਾ ਸੇਵਨ ਸੁਗਲ ਲਈ ਕਰਦੇ ਹੋਣਗੇ। ਫਿਰ ਪ੍ਰਵਾਸੀ ਮਜ਼ਦੂਰਾਂ ਦੇ ਆਉਣ ਕਾਰਨ ਕਾਫ਼ੀ ਹੱਦ ਤੱਕ ਤੰਬਾਕੂ ਰਾਹੀਂ ਜਰਦਾ, ਸਿਗਰਟ ਤੇ ਬੀੜੀ ਵੱਧ ਗਿਆ ਸੀ ਪਰ ਪਿਛਲੇ ਸਮੇਂ ਦੌਰਾਨ ਚਲੀ ਖਾੜਕੂ ਲਹਿਰ ਕਾਰਨ ਸਭ ਕੁਝ ਬੰਦ ਹੀ ਹੋ ਗਿਆ ਸੀ। ਪਰ ਹੁਣ ਤਾਂ ਨਸ਼ਿਆਂ ਨੇ ਪੂਰੀ ਹਨੇਰੀ ਹੀ ਲਿਆਂਦੀ ਪਈ ਹੈ। ਜੋ ਸਰਹੱਦਾਂ ਤੋਂ ਨਵੇਂ ਨਸ਼ੇ ਹੈਰੋਇਨ, ਸਮੈਕ, ਆਇਸ ਨਸ਼ੀਲਾ ਪਾਊਡਰ ਤੇ ਹੋਰ ਜੋ ਨਿੱਕ ਸੁੱਕ ਆ ਰਿਹਾ ਹੈ ਉਸਦਾ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਨਾਮ ਤੱਕ ਪਤਾ ਨਹੀਂ ਸੀ। ਅੱਜ ਇਹ ਮਹਿੰਗੇ ਨਸ਼ੇ ਪੰਜਾਬ ਦੇ ਪਿੰਡਾਂ-ਸ਼ਹਿਰਾਂ ਖਾਸ ਕਰ ਸਰਹੱਦੀ ਇਲਾਕਿਆਂ 'ਚ ਪ੍ਰਚੂਨ ਹੀ ਮਿਲ ਰਹੇ ਹਨ। ਇਨ•ਾਂ ਦਾ ਸੇਵਨ ਨੌਜੁਆਨਾਂ ਤੋਂ ਬਿਨਾਂ ਵੱਡੀ ਉਮਰ ਦੇ ਲੋਕਾਂ ਤੋਂ ਲੈ ਕੇ ਲੜਕੀਆਂ ਵੀ ਨਸ਼ਿਆਂ ਵਿੱਚ ਗ੍ਰਸਤ ਹੋ ਕੇ ਜ਼ਿੰਦਗੀ ਖ਼ਰਾਬ ਕਰ ਰਹੀਆਂ ਹਨ।
ਮਹਿੰਗੇ ਨਸ਼ਿਆਂ ਦਾ ਪੰਜਾਬ 'ਚ ਆਮ ਮਿਲਣਾ ਵੀ ਚਿੰਤਨ ਹੈ। ਇਹ ਸਭ ਕੁਝ ਸਹਿਜੇ ਹੀ ਨਹੀਂ ਹੋ ਸਕਦਾ ਤੇ ਆਮ ਬੰਦਾ ਇਨ•ਾਂ ਦੀ ਤਸਕਰੀ ਵੀ ਨਹੀਂ ਕਰ ਸਕਦਾ। ਇਸ ਪਿੱਛੇ ਵੀ ਯੋਜਨਾ ਬੱਧ ਤਰੀਕੇ ਨਾਲ ਇੱਕ ਟੀਮ ਕੰਮ ਕਰ ਰਹੀ ਹੈ। ਨਸ਼ਿਆਂ ਦਾ ਕੰਮ ਕਰਨ ਵਾਲਿਆਂ ਨੂੰ ਰਾਜਨੀਤਿਕ ਲੋਕਾਂ, ਸਰਹੱਦੀ ਸੁਰੱਖਿਆ, ਪੰਜਾਬ ਪੁਲਿਸ ਦੇ ਕੁਝ ਮੈਂਬਰਾਂ ਤੋਂ ਇਲਾਵਾ ਹੋਰ ਕਈ ਅਫਸਰ ਸ਼ਾਹੀ ਤੱਕ ਦੀ ਪੂਰੀ ਸਰਪ੍ਰਸਤੀ ਹੈ, ਇੱਥੋਂ ਤੱਕ ਕਿ ਕੁਝ ਧਾਰਮਿਕ ਲੋਕ ਵੀ ਇਸ ਪਾਸੇ ਜੁੜੇ ਹਨ। ਉਹ ਕਿਹੜਾ ਦਿਨ ਹੈ ਜਿਸ ਦਿਨ ਪੰਜਾਬ ਦੇ ਸਰਹੱਦੀ ਇਲਾਕੇ ਤੋਂ ਲੱਖਾਂ ਦੀ ਹੈਰੋਇਨ, ਪੰਜਾਬ ਦੇ ਪਿੰਡਾਂ ਸ਼ਹਿਰਾਂ 'ਚ ਵੱਡੀ ਮਾਤਰਾ ਵਿੱਚ ਸਮੈਕ, ਟਰੱਕਾਂ ਰਾਹੀਂ ਅਫੀਮ ਤੇ ਚੂਰਾ ਪੋਸਤ ਮੈਡੀਕਲ ਸਟੋਰਾਂ ਦੇ ਗੁਦਾਮਾਂ 'ਚੋਂ ਰੋਜ਼ ਹੀ ਵੱਡੀ ਮਾਤਰਾ 'ਚ ਗੋਲੀਆਂ ਟੀਕੇ ਤੇ ਹੋਰ ਨਿੱਕ ਸੁੱਕ ਨਾ ਫੜ ਹੋਵੇ। ਆਖਿਰ ਕਿਸੇ ਤਾਣੇ-ਬਾਣੇ 'ਚ ਤਾਂ ਇਹ ਗੋਰਖ ਧੰਦਾ ਚੱਲ ਹੀ ਰਿਹਾ ਹੈ। ਪੁਲਿਸ ਤਾਂ ਕੁਝ ਮਾਤਰਾ 'ਚ ਹੀ ਬਰਾਮਦ ਕਰਦੀ ਹੈ ਤੇ ਚੱਲ ਤਾਂ ਇਹ ਕੌਮ ਵੱਡੇ ਪੱਧਰ ਤੇ ਰਿਹਾ ਹੈ। ਜੇ ਨਸ਼ਿਆਂ ਦਾ ਸੇਵਨ ਵਧਿਆ ਹੈ ਤਾਂ ਫਿਰ ਸਪਲਾਈ ਵੀ ਤਾਂ ਵੱਧੀ ਹੀ ਹੈ। ਇਸ ਧੰਦੇ ਨਾਲ ਲੋਕ ਜੁੜ ਕੇ ਜਲਦੀ ਹੀ ਧਨਾਢ ਹੋ ਗਏ ਹਨ ਤੇ ਹੋ ਵੀ ਰਹੇ ਹਨ।
ਅੱਜ ਬੱਚੇ, ਜੁਆਨ, ਬਜ਼ੁਰਗਾਂ, ਔਰਤਾਂ, ਪੜ•ੇ-ਲਿਖੇ, ਅਨਪੜ•, ਕਿਸਾਨ, ਮਜ਼ਦੂਰ ਆਦਿ ਕਿਸੇ ਨਾ ਕਿਸੇ ਰੂਪ ਵਿੱਚ ਨਸ਼ੇ 'ਚ ਗ੍ਰਸਤ ਹਨ। ਇਹੀ ਕਾਰਨ ਹੈ ਕਿ ਨਸ਼ੇ ਦੀ ਪੂਰਤੀ ਲਈ ਪੈਸੇ ਦੀ ਲੁੱਟਮਾਰ, ਚੋਰੀਆਂ, ਡਕੈਤੀਆਂ ਤੇ ਕਤਲੋਗਾਰਦ ਦਿਨ-ਬ-ਦਿਨ ਵੱਧ ਰਹੀ ਹੈ ਤੇ ਕਈ ਕਾਂਡਾਂ ਵਿੱਚ ਪੁਲਿਸ ਦੀ ਮਿਲੀ ਭੁਗਤ ਵੀ ਸਾਹਮਣੇ ਆਈ ਹੈ ਫਿਰ ਜਨਤਾ ਕਿਸ ਤੋਂ ਰਾਖੀ ਭਾਲੇ। ਸਰਕਾਰੀ ਵੱਡੇ ਅਧਿਕਾਰੀਆਂ ਤੇ ਸਿਆਸਤਦਾਨਾਂ ਨੇ ਸ਼ਕਤੀਸ਼ਾਲੀ ਗਰੁੱਪ ਬਣਾ ਕੇ ਨਸ਼ਿਆਂ ਦੇ ਵਪਾਰ  ਧੱਕੇ ਨਾਲ ਵਧਾਇਆ ਹੈ ਜੇ ਕੋਈ ਇਨ•ਾਂ ਵਿਰੁੱਧ ਆਵਾਜ਼ ਚੁੱਕਦਾ ਹੈ ਤਾਂ ਜਾਨ ਤੱਕ ਖਤਰਾ ਹੋ ਜਾਂਦਾ ਹੈ। ਫਿਰ ਇਨ•ਾਂ ਡਰੱਗ-ਮਾਫੀਆ ਵਿਰੁੱਧ ਕੌਣ ਆਵਾਜ਼ ਚੁੱਕੇ?
ਪੰਜਾਬ ਦੀ ਜੁਆਨੀ ਦਾ ਜੇ ਵੱਡਾ ਹਿੱਸਾ ਨਸ਼ਿਆ 'ਚ ਗ੍ਰਸਤ ਹੈ ਤਾਂ ਵੱਡਾ ਹਿੱਸਾ ਅੱਜ ਆਮ ਹੀ ਨਸ਼ਾ ਛਡਾਊ ਕੇਦਰਾਂ ਭਰਤੀ ਹੈ। ਇਥੇ ਨੌਜੁਆਨੀ ਉਹ ਨਸ਼ਾ ਛੱਡਣਾ ਚਾਹੁੰਦੇ ਹੈ ਜੋ ਨਸ਼ਿਆਂ ਤੋਂ ਤੌਬਾ ਕਰ ਮੋਤ ਦੇ ਮੂੰਹ ਤੇ ਖੜ•ੀ ਹੈ। ਇਨ•ਾਂ 'ਚ ਜ਼ਿਆਦਾਤਰ ਵੱਡਿਆ ਘਰਾਂ ਦੇ ਹੀ ਕਾਕੇ ਹਨ ਜੋ ਨਸ਼ੇ ਨੇ ਨਿਢਾਲ ਕਰ ਦਿੱਤੇ ਹਨ ਕਈ ਤਾਂ ਵਿਆਹ-ਸਾਦੀਆਂ ਦੇ ਯੋਗ ਵੀ ਨਹੀਂ ਰਹੇ। ਕਿਥੋਂ ਪੰਜਾਬ 'ਚ ਚੰਗੀ ਸੰਤਾਨ ਦੀ ਆਸ ਰੱਖੀਏ। ਤਰਨਤਾਰਨ ਦੇ ਸਰਕਾਰੀ ਨਸ਼ਾ ਛਡਾਊ ਕੇਂਦਰ ਦੇ ਡਾਕਟਰ ਦੱਸ ਰਹੇ ਹਨ ਕਿ ਉਨ•ਾਂ ਕੋਲ ਜੋ ਲੋਕ ਨਸ਼ੇ ਛੱਡਣ ਆ ਰਹੇ ਹਨ ਉਹ 20 ਤੋਂ 25-30 ਸਾਲ ਦੇ ਗੱਭਰੂ ਹਨ ਤੇ ਬਹੁਤੇ ਸਮੈਕ ਤੇ ਹੈਰੋਇਨ ਦੀ ਵਰਤੋਂ ਕਰਦੇ ਸਨ। ਇਹ ਮੇਰੇ ਪੰਜਾਬ ਦਾ ਭਵਿੱਖ ਹੈ ਜੋ ਨਸ਼ਾ ਛਡਾਊ ਕੇਂਦਰਾਂ ਦੀ ਸ਼ਾਨ ਬਣ ਕੁੱਟ-ਮਾਰ ਖਾ ਰਿਹਾ ਹੈ।
ਜਦ ਪੰਜਾਬ 'ਚ ਮਹਿੰਗੇ ਨਸ਼ੇ ਆਮ ਹੀ ਮਿਲਣ ਤਾਂ ਫਿਰ ਸ਼ਾਇਦ ਸ਼ਰਾਬ ਦਾ ਤਾਂ ਕੋਈ ਮਹੱਤਵ ਹੀ ਨਹੀਂ ਰਹਿ ਜਾਂਦਾ, ਅੱਜ ਸ਼ਰਾਬ ਦਾ ਸੇਵਨ ਪੰਜਾਬ 'ਚ ਪੂਰੇ ਜੋਬਨ ਤੇ ਹੈ ਸ਼ਾਇਦ ਹੀ ਕੋਈ ਖੁਸ਼ੀ ਪੰਜਾਬੀਆਂ ਦੀ ਹੋਵੇ ਜੋ ਸ਼ਰਾਬ ਬਿਨ ਪੂਰੀ ਨਾ ਹੋਵੇ। ਪੰਜਾਬ 'ਚ ਸਰਕਾਰੀ ਸ਼ਰਾਬ ਨੀਤੀ ਨੇ ਵੀ ਨਿਰਾਸ਼ਾਜਨਕ ਹੀ ਕੰਮ ਕੀਤਾ ਹੈ। ਪੰਜਾਬ ਸਰਕਾਰ ਨੇ ਆਪਣੀ ਆਮਦਨ 'ਚ ਗਲਤ ਤਰੀਕੇ ਨਾਲ ਵਾਧਾ ਕਰਨ ਲਈ ਸਾਰੇ ਪਾਸੇ ਸ਼ਰਾਬ ਹੀ ਸ਼ਰਾਬ ਕਰ ਦਿੱਤੀ ਹੈ। ਜਿੱਥੇ ਪਿਛਲੇ ਸਮੇਂ 'ਚ ਇੱਕ ਠੇਕਾ ਸੀ ਉਥੇ ਹੁਣ ਤਿੰਨ-ਤਿੰਨ ਜਾਇਜ ਨਜ਼ਾਇਜ ਠੇਕੇ ਚੱਲ ਰਹੇ ਹਨ ਤੇ ਉਪਰੋ ਸ਼ਰਾਬ ਦੀ ਨਜ਼ਾਇਜ ਤਸਕਰੀ ਹੋ ਰਹੀ ਹੈ। ਹੋਰ ਤਾਂ ਹੋਰ ਜਿਨ•ਾਂ ਪੰਚਾਇਤਾਂ ਨੇ ਪਿੰਡਾਂ 'ਚ ਠੇਕੇ ਨਾ ਖੁੱਲਣ ਲਈ ਬੇਨਤੀ ਪੱਤਰ ਦਿੱਤੇ ਸਨ। ਉਥੇ ਧੱਕੇ ਨਾਲ ਹੀ ਡੱਬੇਨੁਮਾ ਠੇਕੇ ਖੋਲ• ਰੱਖੇ ਹਨ। ਸ਼ਾਮ ਵੇਲੇ ਉਨ•ਾਂ ਠੇਕਿਆਂ ਤੇ ਬਹੁਤ ਹੀ ਰੌਣਕ ਦੇਖਣ ਨੂੰ ਮਿਲਦੀ ਹੈ ਜੋ ਕਿ ਆਉਣ ਵਾਲੇ ਸਮੇਂ ਲਈ ਖ਼ਤਰਨਾਕ ਹੈ। ਮੈਂ ਇਕੋ ਦਿਨ ਪੇਂਡੂ ਰੂਟ ਇਲਾਕੇ 'ਚ ਸਤਾਰ ਕਿਲੋਮੀਟਰ ਸਫ਼ਰ ਕੀਤਾ ਜਿਥੇ ਠੇਕੇ ਤਾਂ ਸੱਤ ਆਏ ਤੇ ਹਸਪਤਾਲ ਇਕ ਉਹ ਵੀ.....।
ਜਿਥੇ ਪੰਜਾਬ 'ਚ ਮਹਿੰਗੀਆਂ ਜਮੀਨਾਂ ਵਿਕ ਰਹੀਆਂ ਹਨ ਉਥੇ ਇਨ•ਾਂ ਤੋਂ ਮਿਲਦਾ ਪੈਸਾ ਮਹਿੰਗੇ ਨਸ਼ਿਆਂ ਤੇ ਮਹਿੰਗੀ ਸ਼ਰਾਬ ਤੇ ਵੀ ਵਰਤਿਆ ਜਾ ਰਿਹਾ ਹੈ। ਜੋ ਕਿ ਬਹੁਤੇ ਘਰਾਂ ਦੀ ਗੱਲ ਹੈ। ਅੱਜ ਸਾਡੀ ਸਭ ਦੀ ਇੱਛਾ ਹੈ ਕਿ ਸਾਡੀ ਲੜਕੀ ਲਈ ਨਸ਼ਾ ਰਹਿਤ ਲੜਕਾ ਮਿਲੇ ਪਰ ਅੱਜ ਜੋ ਸਾਡੇ ਸਮਾਜ ਵਿਚ ਹੈ ਤੇ ਹੋ ਰਿਹਾ ਹੈ ਸਭ ਨੂੰ ਪਤਾ ਹੈ ਫਿਰ ਕਿਥੋ ਨਸ਼ਾ ਰਹਿਤ ਵਰ ਭਾਲੀਏ। ਅੱਜ ਪੰਜਾਬ ਦੇ ਮੈਰਿਜ ਪੈਲਸਾ ਵਿੱਚ ਵਿਆਹ ਸਮੇਂ ਪਾਣੀ ਵਾਂਗ ਦਾਰੂ ਵਰਤਾਈ ਜਾਂਦੀ ਹੈ। ਇਹ ਦੇਖ ਕੇ ਲੱਗਦਾ ਹੈ ਨਹੀਂ ਕਿ ਕੋਈ ਸੋਫੀ ਵੀ ਹੋਵੇਗਾ।
ਇੱਕ ਹੋਰ ਮੰਦਭਾਗੀ ਘਟਨਾ ਦਾ ਜ਼ਿਕਰ ਕਰਨਾ ਲੇਖ ਵਿੱਚ ਜ਼ਰੂਰੀ ਹੈ। ਪੰਜਾਬ ਦੇ ਪੱਟੀ ਇਲਾਕੇ ਦੇ ਦੋ ਭਰਾ ਜੇਲ• ਵਿੱਚ ਬੰਦ ਹਨ। ਇੱਕ ਨਸ਼ਾ ਤਸਕਰੀ ਅਧੀਨ ਤੇ ਦੂਸਰਾ ਸ਼ਰਾਬ ਪੀ ਲੜਾਈ ਝਗੜਾ ਕਰ। ਉਨ•ਾਂ ਦੀ ਮਾਤਾ ਜਦੋਂ ਜੇਲ• 'ਚ ਆਪਣੇ ਪੁੱਤਰਾਂ ਦੀ ਮੁਲਾਕਾਤ ਕਰਨ ਗਈ ਤਾਂ ਪੁੱਤਰ ਦੇ ਕਹੇ ਅਨੁਸਾਰ ਜੁੱਤੀਆਂ ਦੇ ਹੇਠਲੇ ਹਿੱਸੇ ਤਲਿਆਂ ਵਿੱਚ ਕੋਈ ਨਸ਼ਾ ਭਰਕੇ ਲੈ ਗਈ ਤਲਾਸ਼ੀ ਹੋ ਤੇ ਫੜੀ ਗਈ ਫਿਰ ਉਸ ਮਾਂ ਨੇ ਖੁਲਾਸਾ ਕੀਤਾ ਕਿ ਉਸ ਦੇ ਦੋਵੇਂ ਪੁੱਤਰ ਅਤਿ ਨਸ਼ਈ ਹਨ। ਜੇ ਨਸ਼ਾ ਨਾ ਮਿਲੇ ਤਾਂ ਸ਼ਾਇਦ ਮਰ ਹੀ ਨਾ ਜਾਣ ਮਾਤਾ ਰੋ-ਰੋ ਕੇ ਪੁੱਤਰਾਂ ਦਾ ਹਾਲ ਦੱਸ ਰਹੀ ਸੀ। ਇਥੋਂ ਅੰਦਾਜ਼ਾ ਲਾਓ ਕਿ ਨਸ਼ੇ ਵਾਲੇ ਅਸੀਂ ਕਿੱਥੇ ਪੁੱਜ ਗਏ ਹਾਂ। ਇਹੋ ਜਿਹੀਆਂ ਹੋਰ ਵੀ ਕਈ ਮਿਸਾਲਾਂ ਹਨ।
ਅੰਤ 'ਚ ਸਭ ਨੂੰ ਬੇਨਤੀ ਹੈ ਕਿ ਨਸ਼ਿਆਂ ਹੱਥੋਂ ਜਖ਼ਮੀ ਹੋ ਕੇ ਮਰ ਰਹੇ ਪੰਜਾਬ ਨੂੰ ਸਾਂਭੀਏ। ਧਾਰਮਿਕ, ਰਾਜਨੀਤਿਕ, ਬੁੱਧੀਜੀਵੀ ਵਰਗ ਗੱਲ ਕੀ ਹਰ ਪੰਜਾਬ ਵਾਸੀ ਇਸ ਬਿਮਾਰੀ ਦੀ ਰੋਕਥਾਮ ਲਈ ਉਪਰਾਲਾ ਕਰੀਏ। ਆਉਣ ਵਾਲੀਆਂ ਪੀੜ•ੀਆਂ ਜੋ ਨਸ਼ੇ ਦੀ ਪੈਦਾਇਸ਼ ਹੀ ਨਾ ਹੋਣ, ਲਈ ਚੰਗਾ ਸਮਾਜ ਸਿਰਜੀਏ ਤੇ ਉਨ•ਾਂ ਨੂੰ ਵਰਜ ਕੇ ਸਮਝਾ ਕੇ ਨਸ਼ਿਆਂ ਦੇ ਮਾਰੂ ਤੇ ਗਲਤ ਪ੍ਰਭਾਵਾਂ ਤੋਂ ਬਚਾ ਸਕੀਏ।  ਨਸ਼ਿਆਂ ਵਾਲਾ ਧੱਬਾ ਸਾਡੇ ਤੇ ਪੱਕਾ ਹੀ ਨਾ ਲੱਗ ਜਾਵੇ। ਆਓ ਚੰਗੇ ਪੰਜਾਬ ਵਾਸੀ ਬਣ ਪੰਜਾਬ ਖ਼ੁਸਹਾਲ ਬਣਾਈਏ।