ਓਵਰਲੋਡ (ਕਹਾਣੀ)

ਰਵੀ ਸਚਦੇਵਾ    

Email: ravi_sachdeva35@yahoo.com
Cell: +61 449 965 340
Address:
ਮੈਲਬੋਰਨ Australia
ਰਵੀ ਸਚਦੇਵਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਹਰ ਰੋਜ ਦੀ ਤਰ੍ਹਾਂ ਅੱਜ ਵੀ ਉਨ੍ਹੇ ਘੁੱਪ ਹਨੇਰੇ ਹੀ ਮੰਡੀ 'ਚੋ ਦੁਸਹਿਰੀ ਅੰਬਾਂ ਨਾਲ ਰੇਡ਼੍ਹੀ ਫੁਲ ਕੀਤੀ ਤੇ ਬਜ਼ਾਰ ਵੱਲ ਵਧਿਆ। ਚੌਂਕ ਤੇ ਪਹੁੰਚਿਆਂ ਹੀ ਸੀ ਕੀ ਅਚਾਨਕ ਇੱਕ ਪੁਲਸੀਏ ਨੇ ਪਿੱਛੋਂ ਆਵਾਜ਼ ਮਾਰ ਦਿੱਤੀ।
-"ਉਏ ਇੱਥੇ ਹੀ ਠੱਲ੍ਹ ਲੈ ਤੂੰ ਏਨੂੰ...  'ਤੇ ਆ ਜਾ ਤੂੰ ਉਰ੍ਹੇ।  ਬਿਨ੍ਹਾਂ ਪੁੱਛੇ ਤਡ਼੍ਹਕੇ-ਤਡ਼੍ਹਕੇ ਗੱਡੀ ਓਵਰਲੋਡ ਕਰੀ ਤੂੰ ਚੱਲਿਆ ਕਿੱਧਰ ਏ ਕਾਣਿਆਂ ਜਿਹਾ?"
-"ਜੀ ਕਾਹਨੂੰ..., ਕੋਈ ਗਲਤੀ ਤਾਂ ਨਹੀਂ ਹੋ ਗਈ ਮੈਥੋਂ?"
-"ਉਏ ਮੈਂ ਤੇਰੇ ਟਕੂਆ ਮਾਰਦਾ ਸਾਲਿਆ ਨਲੀਚੋਚਲਾ।  ਅੱਖਾਂ ਕਿਸਨੂੰ ਪਾਡ਼-ਪਾਡ਼ ਕੇ ਵਿਖਾਉਂਦੇ , ਭੰਨਾਂ ਟੋਟਣ ਤੇਰੀ। "
-"ਜੀ...ਜੀ....?"
- "ਮੈਂ ਤੈਂਨੂੰ ਖਾਂਦਾ ਤਾਂ ਨ੍ਹੀ ਸਾਲਿਆ ਸੀਂਢਲਾ ਜਿਹਾ?" ਆ ਜਾ ਉਰ੍ਹੇ ਛੇਤੀ ਨਾਲ,  ਨਾਲੇ ਆਉਂਦਾ ਇੱਕ ਅੰਬ ਚੁੱਕੀ ਲਿਆਈ, ਅੱਜ ਸੈਂਪਲ ਭਰਨਾ ਏ ਤੇਰੇ ਏਨ੍ਹਾਂ ਅੰਬਾਂ ਦਾ।
-"ਆ ਲੋ ਜੀ ਅੰਬ 'ਤੇ ਜਾਣ ਦਿਉ ਮੈਂਨੂੰ! ਕੰਮ ਤੋਂ ਪਹਿਲਾ ਹੀ ਕਵੇਲ਼ਾ ਹੋ ਗਿਆ ਏ ਮੈਂਨੂੰ।"
-"ਉਏ ਖਡ਼੍ਹ ਜਾ... ਖਡ਼੍ਹ ਜਾਂ.... ਪਹਿਲਾ ਖਾ ਕੇ ਤਾ ਵੇਖਣ ਦੇ  ਤੇਰਾ ਇਹ ਅੰਬ?"
ਪੁਲਸੀਏ ਨੇ ਅੰਬ ਨੂੰ ਦੰਦੀ ਮਾਰੀ ਤੇ ਫਿਰ ਅਸਮਾਨੀ ਬਿਜਲੀ ਵਾਂਗ ਗਰਜਿਆ.....
-"ਉਏ ਤੇਰੇ ਅੰਬ ਦਾ ਤਾ ਗੁੱਦਾ ਖੱਟਾ ਏ, ਗੁੱਦਾ ਘੱਟ ਤੇ ਗੁਠਲੀ  ਵੀ ਕੁਝ ਜਿਆਦਾ ਹੀ ਵੱਡੀ ਏ।" ਹੁਣ ਸੈਂਪਲ ਭਰਨਾ.....ਤਾ ਬਣਦੈ ਹੀ ਬਣਦੈ।
-"ਜੀ...ਜੀ... ਦਇਆ ਕਰੋ ਇਸ ਗਰੀਬ ਤੇ!"
-"ਸਾਲਿਆ ਤੈਂਨੂੰ ਕਾਨੂੰਨ ਨਹੀਂ ਪਤਾਂ?" ਚੱਲ ਤੋਲ ਫਿਰ ਦੋ ਕਿੱਲੋ ਮਿੱਠੇ-ਮਿੱਠੇ ਰਸੇਦਾਰ ਅੰਬ ਨਹੀਂ ਤਾਂ ਚੱਲ ਥਾਣੇ, ਤੌਣੀ ਲਗਾਈਏ ਤੇਰੇ, ਮੋਰ ਬਣਾਈਏ ਤੈਂਨੂੰ ਵੀ।
-"ਜੀ...ਜੀ...ਹਾਲੇ ਤਾਂ ਬੋਹਣੀ ਵੀ...!"
-"ਉਏ ਅੱਖਾਂ ਕੀਹਨੂੰ ਵਿਖਾਉਂਦੇ, ਮਾਰਾ ਤੇਰੇ ਮੌਰਾਂ 'ਚ ਰੱਖ ਕੇ ਘੋਟਣੇ ਫੇਰ ਤੱਕਲੇ ਵਾਂਗੂ ਸਿੱਧੇ ਹੋ ਜਾਣਾ ਤੂੰ ਮਿੰਟਾ-ਸੰਕਿਟਾ 'ਚ। ਪੁਲਸੀਏ ਅੱਗੇ ਜਬਾਨ ਚਲਾਉਂਦੇ ਕੱਢ ਜੈਲਿਆ ਫਾਈਲ ਆਪਣੀ, ਸੈਂਪਲ ਭਰੀਏ ਏਦਾ।"
-"ਮਾਫ਼ ਕਰਨਾ ਸਾਹਬ ਛੋਟੇ-ਛੋਟੇ ਬੱਚੇ ਨੇ ਮੇਰੇ, ਅੰਬ ਲੈ ਲਵੋ 'ਤੇ ਜਾਣ ਦਿਉ ਮੈਂਨੂੰ!"
ਕਡ਼ਿਕੀ 'ਚ ਫਸੇ ਰੇਡ਼੍ਹੀ ਵਾਲੇ ਦੀ ਜਬਾਨ ਲਡ਼ਖਡ਼ਾਈ  ਉਨ੍ਹੇ ਛੇਤੀ ਨਾਲ ਬਿਨ੍ਹਾਂ ਤੋਲੇ ਅੰਬ ਪਲਾਸਟਿਕ ਦੇ ਲਿਫਾਫੇ 'ਚ ਪਾਕੇ ਪੁਲਸੀਏ ਨੂੰ ਫਡ਼ਾਏ। ਰੇਡ਼੍ਹੀ ਦਾ ਰੁਖ ਦੂਜੇ ਪਾਸੀ ਕੀਤਾ ਤੇ ਤੇਜ ਕਦਮੀ ਦੂਰ ਨਿਕਲ ਗਿਆ।
ਸ਼ੈਤਾਨੀ ਹਾਸੀ ਹੱਸਦਾ ਪੁਲਸੀਆ ਚੌਂਕ ਦੇ ਵਿਚਕਾਰ ਖਡ਼੍ਹਾ ਦੂਜਾ ਮੁਰਗਾ ਲੱਭਣ ਲੱਗਾ ਸੀ।