ਅੱਥਰੂ ਬਣੇ ਅੱਖਰ (ਪੁਸਤਕ ਪੜਚੋਲ )

ਹਰਚੰਦ ਸਿੰਘ ਬਾਸੀ   

Email: harchandsb@yahoo.ca
Cell: +1 905 793 9213
Address: 16 maldives cres
Brampton Ontario Canada
ਹਰਚੰਦ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਅੱਥਰੂ ਬਣੇ ਅੱਖਰ
ਲੇਖਿਕਾ - ਪ੍ਰੋ: ਮਧੂ ਸ਼ਰਮਾ
 ਪ੍ਰਕਾਸ਼ਕ: ਤਰਲੋਚਨ ਪਬਲੀਸ਼ਰਜ਼,
ਸੈਕਟਰ 15 ਡੀ, ਚੰਡੀਗੜ੍ਹ

ਉਚ ਕੋਟੀ ਵਿਦਿਆ ਪ੍ਰਾਪਤ ਪ੍ਰੋ: ਮਧੂ ਸ਼ਰਮਾ ਇੱਕ ਬਹੁਤ ਹੀ ਸੰਜੀਦਾ ਲੇਖਿਕਾ ਹੈ। ਉਸ ਨੇ ਆਪਣੀ ਪਲੇਠੀ ਕਾਵਿ ਪੁਸਤਕ ਲਿਖ ਕੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਬਹੁਤ ਮਹੱਤਵ ਪੂਰਨ ਯੋਗਦਾਨ ਪਾਇਆ ਹੈ। ਉਹ ਬਹੁਤ ਦੇਰ ਤੋਂ ਲਿਖਦੀ ਅਤੇ ਅਖਬਾਰਾਂ/ ਰਸਾਲਿਆਂ ਵਿੱਚ ਛਪਦੀ ਰਹੀ। ਵਿਦਿਆਰਥੀ ਜੀਵਨ ਤੋਂ ਉਸ ਦੀਆਂ ਕਵਿਤਾਵਾਂ ਨੇ ਕਵਿਤਾ ਮੁਕਾਬਲਿਆਂ ਵਿੱਚ ਢੇਰ ਸਾਰੀਆਂ ਟਰੌਫੀਆਂ ਜਿੱਤ ਕੇ ਆਪਣੇ ਕਾਲਜ ਦਾ ਮਾਣ ਤੇ ਉਸਦ ਦਾ ਅਸਤਿਤਵ ਵਧਾਇਆ। ਪਰ ਪਤਾ ਨਹੀਂ ਕਿਉਂ ਉਸਨੇ ਆਪਣੀਆਂ ਮੌਲਿਕ ਕਵਿਤਾਵਾਂ ਨੂੰ ਸਫਿਆਂ ਦੀ ਸੰਦੂਕੜੀ, ਘਰ ਦੀਆਂ ਨੁਕਰਾਂ, ਟੇਬਲ ਦੇ ਦਰਾਜ਼ਾਂ, ਅਲਮਾਰੀਆਂ ਦੇ ਖਾਨਿਆਂ ਤੇ ਕਿਤਾਬਾਂ ਦੇ ਭਾਰ ਥਲੇ ਲੁਕੋਈ ਜਾਂ ਸਾਂਭੀ ਰੱਖਿਆ। ਉਸ ਦੇ ਦੱਸਣ ਮੁਤਾਬਕ ਉਸ ਨੇ ਕਾਫੀ ਸਾਰੀਆਂ ਲਿਖਤਾਂ ਨਾ ਸਾਂਭਣ ਵਜੋਂ ਗੁਆ ਵੀ ਲਈਆਂ। ਇਹ ਜੋ ਕੁਝ ਹੋਇਆ ਸੋ ਹੋਇਆ, ਇਹ ਇੰਜ ਹੀ ਹੋਣਾ ਸੀ, ਉਹਦਾ ਮੱਤ ਹੈ। ਪਰ ਆਖਰ ਜ਼ਿੰਦਗੀ ਦੀ ਪ੍ਰੌੜ ਅਵਸਥਾ ਵਿਚ ਪਹੁੰਚ ਕੇ ਜੋ ਕੁਝ ਹੁਣ ਉਨ੍ਹਾਂ ਪਾਠਕਾਂ ਦੀ ਭੇਟ ਕੀਤਾ ਹੈ, ਉਹ ਅਤਿ ਸਲਾਹੁਣ ਯੋਗ ਹੈ। ਇਸ ਪੁਸਤਕ ਵਿੱਚ ਉਸ ਦੀਆਂ ਕੁੱਲ ਚੌਹੱਤਰ ਕਵਿਤਾਵਾਂ ਹਨ। ਇਨਾਂ੍ਹ ਕਵਿਤਾਵਾਂ ਵਿੱਚ ਹਰ ਵਰਗ ਦੇ ਵਿਅਕਤੀ ਦੇ ਦੁਖ ਦੀ ਪੀੜ ਬਹੁਤ ਪ੍ਰਭਾਵਸਾਲੀ ਸ਼ਬਦਾਂ ਨਾਲ ਪਾਠਕ ਨੂੰ ਹਲੂਣਦੀ ਅਤੇ ਕਹਿੰਦੀ ਹੈ ਜ਼ਰਾ ਦੇਖ ਅੱਜ ਦੇ ਆਦਮੀ ਦਾ ਵਰਤਾਰਾ।
"ਸੁਦਾਮਾ" ਕਵਿਤਾ ਵਿੱਚ ਉਸ ਦ੍ਰਿਸ਼ ਨੂੰ ਦ੍ਰਿਸ਼ਮਾਨ ਕਰਦੀ ਹੈ ਜੋ ਹੱਕ ਲਈ ਲੜਣ ਵਾਸਤੇ ਪ੍ਰੇਰਨਾ ਦੇਣ ਵਾਲੇ ਕ੍ਰਿਸ਼ਨ ਜੀ ਦੇ ਗਰੀਬ ਮਿੱਤਰ ਸੁਦਾਮਾ ਪ੍ਰਤੀ ਸਤਿਕਾਰ ਤੇ ਮੋਹ ਸੀ। ਪਰ ਅੱਜ ਦਾ ਅਖੌਤੀ ਕ੍ਰਿਸ਼ਨ ਇੰਨਾ ਹੰਕਾਰੀ ਹੋ ਗਿਆ ਹੈ ਕਿ ਅਖੌਤੀ ਕ੍ਰਿਸ਼ਨ ਦੇ ਮਹਿਲਾਂ ਦੇ ਦੁਆਰ ਤੇ ਦਰਬਾਰੀਆ ਤੋਂ ਅਖੌਤੀ ਕ੍ਰਿਸ਼ਨ ਬਾਰੇ ਪੁੱਛਣ ਤੋਂ ਵੀ ਡਰਦਾ ਹੈ। ਅੱਜ ਦਾ ਕ੍ਰਿਸ਼ਨ ਸਤਾ ਦੇ ਨਸ਼ੇ ਵਿੱਚ ਅੰਨ੍ਹਾ ਹੋਇਆ ਸੁਦਾਮੇ ਨੂੰ ਮਿਲਣ ਤੋਂ ਕੰਨੀ ਕਤਰਾਉਂਦਾ ਤੇ ਕੰਸ ਦਾ ਰੋਲ ਨਿਭਾਉਂਦਾ ਹੈ।

ਜਦੋਂ ਨਾਨਕ ਦੀ ਜੋਤ (ਗੁਰੂ ਤੇਗ ਬਹਾਦਰ ਜੀ) ਨੇ ਮਨੁੱਖੀ ਬਰਾਬਰੀ ਦਾ ਪਰਚਾਰ ਕੀਤਾ ਅਤੇ ਅੱਲਾ ਤੇ ਨਿਰੰਕਾਰ ਨੂੰ ਇਕੋ ਦੱਸਿਆ ਤਾਂ ਉਦੋਂ ਇਸਲਾਮੀ ਜਹਾਦੀਆਂ ਨੇ ਹੋ ਹੱਲਾ ਮਚਾ ਲਿਆ ਅਤੇ ਖੂਨ ਨਾਲ ਚਾਂਦਨੀ ਚੌਕ ਨੂੰ ਸੰਵਾਰਿਆ। ਚਾਂਦਨੀ ਚੌਂਕ ਦੀ ਇਸ ਘਟਨਾਂ ਨੂੰ ਦ੍ਰਿਸ਼ਟਮਾਨ ਕਰਨ ਦੀ ਕਲਾ ਮਧੂ ਜੀ ਦੇ ਹਿਸੇ ਹੀ ਆਈ ਹੈ। ਅੱਜ ਵੀ ਉਸੇ ਤਰਾਂ ਸਿਲਸਲਾ ਜਾਰੀ ਹੈ। ਸਿਰਫ ਜ਼ਾਲਮ ਰਾਜਿਆਂ ਦੇ ਤੇ ਹੱਕਾਂ ਦੀ ਗੱਲ ਕਰਨ ਵਾਲਿਆਂ ਦੇ ਨਾਂ ਬਦਲੇ ਹਨ। ਮਧੂ ਜੀ ਨੇ ਬੇਇਨਸਾਫੀ, ਨਾ ਬਰਾਬਰੀ ਅਤੇ ਜ਼ਾਲਮ ਦੇ ਖਿਲਾਫ ਨਿਝੱਕ ਹੋ ਕੇ ਕਲਮ ਚਲਾਈ ਹੈ। "ਸੰਕਰ ਦਾ ਸੁਪਣਾ ਟੁਟਿਆ" ਕਵਿਤਾ ਵਿੱਚ ਲੇਖਿਕਾ ਸਮੇਂ ਦੇ ਮਨੁੱਖਾਂ ਨੂੰ ਨਿਹੋਰਾ ਮਾਰਦੀ ਹੈ। ਸੰਕਰ ਦੇ ਮੂੰਹੋਂ ਪਾਠਕਾਂ ਨੂੰ ਸੰਬੋਧਨ ਕਰਾਉਂਦੀ ਹੈ ਕਿ "ਐ ਇਨਸਾਨ ਮੈਂ ਤੈਨੂੰ ਤੀਸਰਾ ਨੇਤਰ ਗਿਆਨ ਦਿੱਤਾ, ਬੇਇਨਸਾਫੀ ਨਾਲ ਜੂਝਣ ਲਈ ਹੱਥ ਦਿੱਤੇ, ਤੈਨੂੰ ਰਾਹਨੁਮਾਈ ਲਈ ਮਾਰਕਸ, ਲੈਨਿਨ, ਮਾਉ ਦਿਤੇ ਜੇ ਉਨ੍ਹਾਂ ਦੀ ਅਗਵਾਈ ਨਹੀਂ ਮੰਨੀ ਤਾਂ ਲੋਕੋ ਤੁਸੀਂ ਗੁਲਾਮ ਹੀ ਰਹੋਗੇ।" ਇਸ ਤਰਾਂ ਦੀਆਂ ਇਸਤ੍ਰੀ ਅਤੇ ਪੁਰਸ਼ ਕਿਤੇ ਮਾਲਕਣ ਨੌਕਰਾਨੀ ਦੇ ਸਬੰਧ ਦੀਆਂ ਦੁਖਦੀਆਂ ਰਗਾਂ ਤੇ ਹੱਥ ਰੱਖਦੀ ਹੈ। ਕਿਤੇ ਆਦਮੀ ਦੇ ਬੇਲੋੜੇ ਲਾਲਚ ਨੂੰ ਕਵਿਤਾ ਰਾਹੀ ਦੱਸਦੀ ਹੈ ਅਤੇ ਕਿਤੇ ਰੱਬ ਨੂੰ ਨਿਹੋਰੇ ਵੀ ਮਾਰਦੀ ਹੈ। ਕਿਤੇ ਹਾਣੀ ਦੇ ਸਦੀਵੀ ਵਿਛੌੜੇ ਦਾ ਦੁੱਖ ਕਹਿੰਦੀ ਕਿਤੇ ਜਿਉਂਦੀ ਜਾਗਦੀ ਲਾੜੀ ਦੇ ਕਜੋੜ ਰਿਸ਼ਤੇ ਦੀਆਂ ਬਖੀਆਂ ਉਧੇੜਦੀ ਹੈ।

ਇਸ ਸਾਰੀ ਪੁਸਤਕ ਵਿੱਚ ਬਹੁਤ ਸੰਵੇਦਨਸ਼ੀਲ ਕਵਿਤਾਵਾਂ ਹਨ। ਸਾਰੀ ਕਿਤਾਬ ਪਾਠਕ ਨੂੰ ਉਹ ਸਾਰੇ ਹਾਦਸੇ ਦਿਖਾਉਂਦੀ ਹੈ ਜੋ ਸਾਡੇ ਆਲੇ ਦੁਆਲੇ ਦੇ ਸਮਾਜ ਵਿੱਚ ਮਨੁੱਖ ਨਾਲ ਸਹਿਜੇ ਹੀ ਵਾਪਰਦੇ ਹਨ। ਉਹ ਪਾਠਕ ਨੂੰ ਸੋਚਣ ਲਈ ਸਵਾਲ ਛੱਡਦੀ ਹੈ ਕਿ ਇਹ ਕਿਉਂ ਵਾਪਰਦਾ ਹੈ ਇਸ ਦਾ ਕੀ ਕਾਰਨ ਹੈ। ਇਸ ਦੇ ਨਾਲ ਦੀ ਨਾਲ ਮਸਲੇ ਹੱਲ ਕਰਨ ਲਈ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਇਸ ਪੁਸਤਕ ਵਿੱਚ ਜੋ ਲੇਖਿਕਾ ਨੇ ਕਿਹਾ ਹੈ ਉਸ ਬਾਰੇ ਮੈਂ ਕਹਾਂਗਾ ਕਿ ਪਾਠਕ ਪੜ੍ਹ ਕੇ ਜ਼ਰੂਰ ਆਪਣੀ ਸੋਚ ਨੂੰ ਪ੍ਰਚੰਡ ਕਰਨਗੇ। ਮੈਂ ਲੇਖਿਕਾ ਨੂੰ ਉਨ੍ਹਾਂ ਦੀ ਪਹਿਲੀ ਕਾਵਿ ਪੁਸਤਕ, ਸਫ਼ਲ ਪੇਸ਼ਕਾਰੀ ਤੇ ਵਧਾਈ ਦਿੰਦਾ ਹਾਂ। ਇਸ ਪੁਸਤੱਕ ਦਾ ਟਾਈਟਲ ਆਰਟਿਸਟ ਤਾਨੀਆਂ ਮੋਮੀ ਨੇ ਬਣਾਇਆ ਹੈ ਜੋ ਪੁਸਤਕ ਦੀ  ਦਿਖ ਤੇ ਵਿਸ਼ੇ ਨੂੰ ਹੋਰ ਨਿਖਾਰਦਾ ਹੈ। ਪੁਸਤਕ ਦੀ ਛਪਾਈ ਵਿੱਚ ਸ਼ਬਦ ਜੋੜਾਂ ਦੀਆਂ ਉਕਾਈਆਂ ਨਾ ਮਾਤਰ ਹੀ ਹਨ। ਮੈਂ ਕਾਮਨਾ ਕਰਦਾ ਹਾ ਕਿ ਕਲਮ ਨਿਰੰਤਰ ਜਾਰੀ ਰਹੇ ਅਤੇ ਮਧੂ ਸ਼ਰਮਾ ਜੀ ਆਪਣੀ ਅਗਲੀ ਪੁਸਤਕ ਲਈ ਆਪਣੇ ਪਾਠਕਾਂ ਨੂੰ ਲੰਮਾ ਇੰਤਜ਼ਾਰ ਨਹੀਂ ਕਰਨ ਦੇਣਗੇ।