ਇਕਵਾਕ ਸਿੰਘ ਪੱਟੀ ਦੀ ਪੁਸਤਕ ਲੋਕ ਅਰਪਣ (ਖ਼ਬਰਸਾਰ)


ਅੰਮ੍ਰਿਤਸਰ -- ਵਿਰਾਸਤ ਮੈਗਜ਼ੀਨ ਦੇ ਸੰਪਾਦਕ ਨੌਜਵਾਨ ਲੇਖਕ ਸ. ਇਕਵਾਕ ਸਿੰਘ ਪੱਟੀ ਵੱਲੋਂ ਲਿਖੀ ਗਈ ਪੁਸਤਕ 'ਤਬਲਾ-ਸਿਧਾਂਤਕ ਪੱਖ' ਅੱਜ ਅੰਤਰਰਾਸ਼ਟਰੀ ਤਬਲਾ ਵਾਦਕ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਬਤੌਰ ਤਬਲਾ ਪ੍ਰੋਫੈਸਰ ਦੀ ਡਿਊਟੀ ਨਿਭਾਅ ਰਹੇ ਉਸਤਾਦ ਡਾ. ਮੁਰਲੀ ਮਨੋਹਰ ਜੀ ਵੱਲੋਂ ਲੋਕ ਅਰਪਣ ਕੀਤੀ ਗਈ। ਡਾ. ਮੁਰਲੀ ਮਨੋਹਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਪੰਜਾਬੀ ਭਾਸ਼ਾ ਵਿੱਚ ਪਹਿਲੀ ਤਬਲੇ ਦੀ ਪੁਸਤਕ ਜਾਰੀ ਕੀਤੀ ਗਈ ਹੈ ਜਿਸ ਵਿੱਚ ਤਬਲੇ ਦੇ ਹਰ ਪੱਖ ਨੂੰ ਬੜੀ ਬਾਰੀਕੀ ਨਾਲ ਸਪੱਸ਼ਟ ਕੀਤਾ ਗਿਆ ਹੈ, ਜੋ ਨੋਜਵਾਨ ਵਰਗ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗੀ। ਪੁਸਤਕ ਦੇ ਪ੍ਰਕਾਸ਼ਕ ਰਤਨ ਬ੍ਰਦਰਜ਼ ਦੇ ਮੁੱਖ ਪ੍ਰਬੰਧਕ ਸ. ਤਰਲੋਕ ਸਿੰਘ ਹੁੰਦਲ ਨੇ ਕਿਹਾ ਕਿ, ਇਹ ਘਾਟ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ ਕਿਉਂਕਿ ਪਹਿਲਾਂ ਤਬਲੇ ਨਾਲ ਸਬੰਧਿਤ ਜਿਆਦਾ ਕਿਤਾਬਾਂ ਹਿੰਦੀ ਜਾਂ ਅੰਗ੍ਰੇਜੀ ਵਿੱਚ ਹੀ ਮਿਲਦੀਆਂ ਸਨ ਤੇ ਪੰਜਾਬੀ ਭਾਸ਼ਾ ਵਿੱਚ ਕੋਈ ਵੀ ਸਾਰਥਕ ਤਬਲੇ ਨਾਲ ਸਬੰਧਿਤ ਪੁਸਤਕ ਨਹੀਂ ਸੀ, ਜੋ ਘਾਟ ਅੱਜ ਨੌਜਵਾਨ ਇਕਵਾਕ ਸਿੰਘ ਪੱਟੀ ਵੱਲੋਂ ਪੂਰੀ ਕਰ ਦਿੱਤੀ ਗਈ ਹੈ। ਸ. ਇਕਵਾਕ ਸਿੰਘ ਪੱਟੀ ਨੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਕਿਤਾਬ ਪੂਰੀ ਕਰਨ ਵਿੱਚ ਉਨ੍ਹਾਂ ਨੂੰ ਚਾਰ ਸਾਲ ਦਾ ਸਮਾਂ ਲੱਗਾ ਹੈ ਅਤੇ ੨੭੬ ਸਫਿਆਂ ਦੀ ਇਹ ਕਿਤਾਬ 'ਪੰਜਾਬੀ ਮਾਂ ਬੋਲੀ' ਨੂੰ ਸਮਰਪਣ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਆਪਣੇ ਆਪ ਵਿੱਚ ਪਹਿਲੀ ਪੰਜਾਬੀ ਵਿੱਚ ਤਬਲੇ ਦੀ ਕਿਤਾਬ ਹੈ, ਜਿਸ ਰਾਹੀ ਵਿਦਿਆਰਥੀ ਨੂੰ ਆਪਣਾ ਸਿਲੇਬਸ ਲੱਭਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ ਅਤੇ ਕਿਤਾਬ ਨੂੰ ਚਾਰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ. ਪੱਟੀ ਨੇ ਤਿੰਨ ਸਾਲਾ ਰੈਗੁਲਰ ਤਬਲਾ ਵਾਦਨ ਦਾ ਕੋਰਸ ਸਿੱਖ ਮਿਸ਼ਨਰੀ ਕਾਲਜ ਅਨੰਦਪੁਰ ਸਾਹਿਬ ਤੋਂ, ੫ ਸਾਲਾ ਡਿਪਲੋਮਾ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ ਅਤੇ ਗੁਰੂ ਨਾਨਕ ਦੇਵ ਯੁਨੀਵਰਸਿਟੀ ਤੋਂ ਗ੍ਰੈਜੁਏਸ਼ਨ ਵੀ ਤਬਲਾ ਵਿਸ਼ੇ ਨਾਲ ਪੂਰੀ ਕੀਤੀ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਭੁਪਿੰਦਰ ਸਿੰਘ, ਸ. ਦਮਨਦੀਪ ਸਿੰਘ, ਸ. ਪਵਿੱਤਰਜੀਤ ਸਿੰਘ, ਸ. ਕੁਲਦੀਪ ਸਿੰਘ ਅਜ਼ਾਦ ਬੁੱਕ ਡੀਪੂ, ਸ੍ਰੀ ਰਵੀ ਕਾਂਤ ਜੀ, ਸ. ਨਰਿੰਦਰ ਸਿੰਘ ਸੰਧੂ ਆਦਿ ਹਾਜ਼ਰ ਸਨ।