ਉੱਘੇ ਕਵੀ ਪ੍ਰੀਤਮ ਪੰਧੇਰ ਦਾ ਵਿਛੋੜਾ (ਖ਼ਬਰਸਾਰ)


ਲੁਧਿਆਣਾ -- ਪੰਜਾਬੀ ਦੇ ਉੱਘੇ ਕਵੀ ਪ੍ਰੀਤਮ ਸਿੰਘ ਪੰਧੇਰ ਪਿਛਲੇ ਦਿਨੀਂ ਹਾਰਟ ਅਟੈਕ ਕਾਰਣ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿੰਦੇ ਹੋਏ ਪ੍ਰਭੂ ਦੇ ਚਰਨਾ ਵਿਚ ਜਾ ਬਿਰਾਜੇ ਹਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਆਰੀਆ ਕਾਲਜ ਦੇ ਪਿਛਵਾੜੇ ਪੈਂਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਸਪੁੱਤਰ ਨੇ ਅਗਨੀ ਦਿਖਾਉਣ ਦੀ ਰਸਮ ਨਿਭਾਈ।


ਪ੍ਰੀਤਮ ਸਿੰਘ ਪੰਧੇਰ
ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਧੇਰ ਸਾਹਿਬ ਇਸ ਮੰਚ ਦੇ ਪ੍ਰਧਾਨ ਸਨ। ਉਨ੍ਹਾਂ ਨੇ ਜੀਅ ਭਰ ਕੇ ਮੰਚ ਦੀ ਸੇਵਾ ਕਰਦਿਆਂ ਆਪਣੀ ਸੂਝ, ਸਿਆਣਪ ਤੇ ਸੁਹਿਰਦਤਾ ਦਾ ਸਬੂਤ ਦਿੱਤਾ, ਸਾਹਿਤ ਦੇ ਵੱਖ-ਵੱਖ ਰੰਗਾਂ ਨੂੰ ਰੂਪਮਾਨ ਕੀਤਾ। ਤੇ ਜ਼ਿੰਦਗੀ ਦੇ ਸੰਘਰਸ਼ 'ਚੋਂ ਬਹੁਤ ਕੁਝ ਗ੍ਰਹਿਣ ਕੀਤਾ। ਤੰਗੀਆਂ-ਤੁਰਸ਼ੀਆਂ ਹੰਢਾਉਣ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਦੇ ਨ੍ਹੇਰੇ ਨੂੰ ਚੀਰਦੇ ਹੋਏ ਜੁਗਨੂੰ ਦੀ ਭਾਂਤੀ ਚਾਨਣ ਹੀ ਖਿਲਾਰਦੇ ਰਹੇ। ਸਾਹਿਤ ਦੇ ਖੇਤਰ ਵਿਚ ਵੀ ਉਨ੍ਹਾਂ ਵੱਡੀਆਂ ਮੱਲ੍ਹਾਂ ਮਾਰੀਆਂ। ਤਿੰਨ ਕਾਵਿ-ਸੰਗ੍ਰਹਿ:ਸੁਲਘਦੀ ਅੱਗ (੧੯੯੯), ਅਗਨ ਫੁੱਲ (੧੯੯੯), ਜੰਗਲ ਦੀ ਅੱਖ (੨੦੧੦) ਅਤੇ ਦੋ  ਗ਼ਜ਼ਲ-ਸੰਗ੍ਰਹਿ: ਅਹਿਸਾਸ ਦੀ ਲੋਅ (੨੦੦੪) ਤੇ ਚੁੱਪ ਦੇ ਖ਼ਿਲਾਫ਼ (੨੦੧੫) ਲਿਖ ਕੇ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ।
ਪੰਜਾਬ ਦੀ ਜੱਥੇਬੰਦਕ ਅਧਿਆਪਕ ਲਹਿਰ ਅਤੇ ਸੰਘਰਸ਼ਾਂ ਵਿਚ ਉਹ ਖੱਬੇ-ਪੱਖੀ ਸੋਚ ਰੱਖਦੇ ਹੋਏ ਵੱਧ ਚੜ੍ਹ ਕੇ ਹਿੱਸਾ ਲੈਂਦੇ ਰਹੇ। ਪੰਧੇਰ ਜੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਪ੍ਰਧਾਨ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। 
ਇਸ ਮੌਕੇ 'ਤੇ ਪੰਜਾਬੀ ਸਾਹਿਤ ਅਕਾਡਮੀ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਨਾਮਧਾਰੀ ਸੰਪ੍ਰਦਾ ਵੱਲੋਂ ਮ੍ਰਿਤਕ ਦੇਹ 'ਤੇ ਦੁਸ਼ਾਲਾ ਅਤੇ ਸੀ ਪੀ ਆਈ ਵੱਲੋਂ ਲਾਲਾ ਝੰਡਾ ਪਾਇਆ ਗਿਆ।ਪ੍ਰਿੰ: ਪ੍ਰੇਮ ਸਿੰਘ ਬਜਾਜ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਨਾਮਧਾਰੀ ਕਸ਼ਮੀਰ ਸਿੰਘ ਭਿੰਡਰ, ਕਾਮਰੇਡ ਕਰਤਾਰ ਸਿੰਘ ਬੁਆਣੀ, ਸ਼੍ਰੀ ਡੀ ਪੀ ਮੌੜ, ਡਾ. ਅਰੁਨ ਮਿਤਰਾ, ਰਣਬੀਰ ਸਿੰਘ ਢਿੱਲੋ, ਅਵਤਾਰ ਗਿੱਲ, ਡਾ. ਰੁਪਿੰਦਰ ਕੌਰ ਤੂਰ, ਤਰਲੋਚਨ ਝਾਡੇ,  ਭਗਵਾਨ ਢਿੱਲੋ, ਰਵਿੰਦਰ ਰਵੀ, ਬੁੱਧ ਸਿੰਘ ਨੀਲੋ, ਜਸਵੰਤ ਸਿੰਘ ਅਮਨ, ਅਮਰਜੀਤ ਸ਼ੇਰਪੁਰੀ ਆਦਿ ਦੇ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਭਾਵਾਂ ਦੇ ਮੈਂਬਰ ਹਾਜ਼ਿਰ ਸਨ।