ਆ ਬੇਲੀਆ (ਗੀਤ )

ਮਲਕੀਅਤ "ਸੁਹਲ"   

Email: malkiatsohal42@yahoo.in
Cell: +91 98728 48610
Address: ਪਿੰਡ- ਨੋਸ਼ਹਿਰਾ ਬਹਾਦੁਰ ਪੁਲ ਤਿਬੜੀ
ਗੁਰਦਾਸਪੁਰ India
ਮਲਕੀਅਤ "ਸੁਹਲ" ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਆ ਬੇਲੀਆ!
             ਨਵੇਂ ਸਾਲ ਤੇ , ਨਵੀਆਂ ਕਸਮਾਂ ਖਾਈਏ ।
             ਮਾਂ ਪੰਜਾਬੀ ,
             ਬੋਲੀ  ਵਾਲਾ  ਰਿਸ਼ਤਾ  ਤੋੜ ਨਿਭਾਈਏ ।

             ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ।
             ਤੇਰਾਂ ਤੇਰਾਂ  ਤੋਲਣ ਵਾਲਾ , ਨਾਨਕ  ਬੜਾ  ਹਿਸਾਬੀ ।
             ਅੱਜ ਉਨ੍ਹਾਂ ਦੇ ਪੂਰਨਿਆਂ ਤੇ , ਸੋਹਣੇ ਅੱਖਰ ਪਾਈਏ,
             ਆ ਬੇਲੀਆ! ਨਵੇਂ ਸਾਲ ਤੇ  ਨਵੀਆਂ .............. ।

             ਵਾਰਿਸ ਸ਼ਾਹ ਦੀ ਪੜ੍ਹਕੇ ਹੀਰ, ਯਾਦ ਇਸ਼ਕ ਦੀ ਆਵੇ।
             ਸੋਹਣੀ ਵਾਂਗਰ ਕੋਈ ਨਾ ਲੋਕੋ, ਐਵੇਂ ਹੀ  ਡੁੱਬ  ਜਾਵੇ ।
             ਲਾਜ ਰਖੋ ਤੁਸੀਂ ਮਾਂ ਬੋਲੀ ਦੀ, ਸਭਨਾ ਨੂੰ ਸਮਝਾਈਏ ,
             ਆ ਬੇਲੀਆ! ਨਵੇਂ ਸਾਲ ਤੇ ਨਵੀਆਂ ..................।

             ਮਾਂ ਆਪਣੀ ਤੇ ਮਾਂ ਬੋਲੀ ਨੂੰ, ਭੁੱਲ ਕੇ ਕਦੇ ਵਿਸਾਰੋ ਨਾ।
             ਹੋਰ ਬੋਲੀਆਂ ਬੋਲ ਕੇ ਮਹਿਲ , ਰੇਤਾ ਨਾਲ ਉਸਾਰੋ ਨਾ ।
             ਜਿਸ ਮਾਂ ਤੋਂ ਲਈਆਂ ਲੋਰੀਆਂ, ਉਹਦੇ ਹੀ ਗੁਣ ਗਾਈਏ,
             ਆ ਬੇਲੀਆ ! ਨਵੇਂ ਸਾਲ ਤੇ ਨਵੀਆਂ .................।

             ਸ਼ਾਹ ਹਸੈਨ , ਬੁੱਲਾ ਤੇ ਪੀਲੂ , ਭੁੱਲ ਨਾ ਜਾਇਉ ਲੋਕੋ ।
             ਠੇਠ ਪੰਜਾਬੀ ਲਿਖੀ ਇਨ੍ਹਾਂ ਨੇ, ਰੱਜ  ਰੱਜ  ਗਾਉ ਲੋਕੋ ।
             ਪੰਜ ਪਾਣੀ ਤੇ ਪੰਜ ਬਾਣੀਆਂ  ਹਿਰਦੇ ਵਿਚ  ਵਸਾਈਏ ,
             ਆ ਬੇਲੀਆ! ਨਵੇਂ ਸਾਲ ਤੇ ਨਵੀਆਂ ...................।

             ਪੜ੍ਹੋ  ਲਿਖੋ , ਪੰਜਾਬੀ  ਬੋਲੋ , ਸਭਨਾ ਨੂੰ  ਸਮਝਾਇਉ।
             ਐਵੇਂ  ਬੋਲੀਆਂ  ਹੋਰ ਬੋਲ ਕੇ , ਧੋਖਾ ਨਾ  ਖਾ ਜਾਇਉ।
             "ਸੁਹਲ" ਪੰਜਾਬੀ ਮਾਂ ਬੋਲੀ ਦੀ ਗ਼ੱਜ ਕੇ ਫ਼ਤਹਿ ਬੁਲਾਈਏ,

             ਆ ਬੇਲੀਆ! ਨਵੇਂ ਸਾਲ ਤੇ , ਨਵੀਆਂ  ਕਸਮਾ ਖਾਈਏ।
             ਮਾਂ ਪੰਜਾਬੀ, ਬੋਲੀ  ਵਾਲਾ  ਰਿਸ਼ਤਾ  ਭੁੱਲ  ਨਾ  ਜਾਈਏ।