ਪਾਕਿਸਤਾਨ ਯਾਤਰਾ - ਕਿਸ਼ਤ 11 (ਸਫ਼ਰਨਾਮਾ )

ਬਲਬੀਰ ਮੋਮੀ   

Email: momi.balbir@yahoo.ca
Phone: +1 905 455 3229
Cell: +1 416 949 0706
Address: 9026 Credit View Road
Brampton L6X 0E3 Ontario Canada
ਬਲਬੀਰ ਮੋਮੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਲਾਹੌਰ ਵਿਚ ਕਿਤਾਬ ਰੀਲੀਜ਼ ਫੰਕਸ਼ਨ   

ਪਾਕਿਸਤਾਨ ਦੇ ਪ੍ਰੈਜ਼ੀਡੰਟ ਜ਼ਰਦਾਰੀ ਵੱਲੋਂ "ਸੂਫੀਇਜ਼ਮ ਐਂਡ ਪੀਸ" ਕਾਨਫਰੰਸ ਤੇ ਦੁਨੀਆਂ ਭਰ ਵਿਚੋਂ ਆਏ ਡੈਲੀਗੇਟਸ ਨੂੰ ਦਿਤੇ ਲੰਚ ਸਮੇਂ ਮੇਰੀ ਪਾਕਿਸਤਾਨ ਦੇ ਐਜੂਕੇਸ਼ਨ ਮਨਿਸਟਰ ਸਰਦਾਰ ਅਸਾਫ ਅਹਿਮਦ ਅਲੀ ਖਾਂ ਨਾਲ ਮੁਲਾਕਾਤ ਹੋਈ ਸੀ। ਜਦੋਂ ਮੈਂ ਦਸਿਆ ਕਿ ਜ਼ਿਲਾ ਕਸੂਰ ਦੀਆਂ ਕਚਿਹਰੀਆਂ ਵਿਚ ਪਿੰਡ ਬੁਰਜ ਕਲਾਂ ਦੇ ਵਕੀਲ ਚੌਧਰੀ ਮੁਹੰਮਦ ਨਵਾਜ਼ ਬਾਰ ਦੇ ਪ੍ਰੈਜ਼ੀਡੰਟ ਮੇਰੇ ਬਹੁਤ ਪੁਰਾਣੇ ਮਿਤਰ ਹਨ ਤੇ ਲਾਹੌਰ ਮੈਂ ਉਹਨਾਂ ਕੋਲ ਹੀ ਠਹਿਰਾਂਗਾ। ਕੁਝ ਦਿਨਾਂ ਬਾਅਦ ਐਜੂਕੇਸ਼ਨ ਮਨਿਸਟਰ  ਜਦ ਇਕ ਵਿਆਹ ਤੇ ਚੌਧਰੀ ਮੁਹੰਮਦ ਨਵਾਜ਼ ਨੂੰ ਮਿਲੇ ਤਾਂ ਉਹਨਾਂ ਦੱਸਿਆ ਕਿ ਇਸਲਾਮਾਬਾਦ ਪ੍ਰੈਜ਼ੀਡੰਟ ਹਾਊਸ ਵਿਚ ਤੁਹਾਡੇ ਕੈਨੇਡਾ ਰਹਿੰਦੇ ਦੋਸਤ ਸਰਦਾਰ ਬਲਬੀਰ ਸਿੰਘ ਮੋਮੀ ਮਿਲੇ ਸਨ ਅਤੇ ਕਹਿੰਦੇ ਸਨ ਕਿ ਲਾਹੌਰ ਵਿਚ ਤੁਸੀਂ ਮੇਰੀ ਕਿਤਾਬ ਰੀਲੀਜ਼ ਕਰਨੀ ਹੈ। ਨਵਾਜ਼ ਕਹਿਣ ਲੱਗਾ ਕਿ ਮੈਨੂੰ ਮੋਮੀ ਸਾਹਿਬ ਦਾ ਇਸਲਾਮਾਬਾਦ ਤੋਂ ਫੋਨ ਆ ਗਿਆ ਸੀ ਅਤੇ ਮੈਂ ਕਹਿ ਦਿਤਾ ਸੀ ਕਿ ਸਰਦਾਰ ਆਸਫ ਅਹਿਮਦ ਅਲੀ ਖਾਂ ਮੇਰੇ ਬਹੁਤ ਪੁਰਾਣੇ ਦੋਸਤ ਹਨ ਅਤੇ ਮੇਰੇ ਹਲਕੇ ਤੋਂ ਨੈਸ਼ਨਲ ਅਸੈਂਬਲੀ ਦੀ ਚੋਣ ਜਿੱਤਦੇ ਹਨ। ਜਿਥੇ ਕਹਾਂਗੇ, ਓਥੇ ਆ ਕੇ ਉਹ ਤੁਹਾਡੀ ਕਿਤਾਬ ਰੀਲੀਜ਼ ਕਰਨਗੇ। ਦਰਅਸਲ ਕੈਨੇਡਾ ਵਾਲੇ ਮੇਰੇ ਦੋਸਤ ਅਸ਼ਫਾਕ ਹੁਸੈਨ ਨੇ ਇਸਲਾਮਾਬਾਦ ਹੀ ਪੰਜਾਬ ਸਰਕਾਰ ਦੇ ਪੰਜਾਬੀ ਅਦਬ ਦੀ ਤਰੱਕੀ ਲਈ ਕਿਸੇ ਸਰਕਾਰੀ ਅਦਾਰੇ ਦੇ ਡਾਇਰੈਕਟਰ ਨੂੰ ਕਹਿ ਦਿਤਾ ਸੀ ਕਿ ਲਾਹੌਰ ਵਿਚ ਮੇਰੀ ਤਿਕਾਬ ਉਹ ਰੀਲੀਜ਼ ਕਰਨਗੇ ਪਰ ਅਦਾਰਾ ਸਾਂਝ ਦੇ ਮਾਲਕ ਅਤੇ ਮੇਰੀ ਕਿਤਾਬ ਦੇ ਪਬਲਿਸ਼ਰ  ਅਮਜਦ ਸਲੀਮ ਮਿਨਹਾਸ ਸਾਹਿਬ ਦਾ ਕਹਿਣਾ ਸੀ ਕਿ ਅਸੀਂ ਕਿਤਾਬ ਖੁਦ ਰੀਲੀਜ਼ ਕਰਾਂਗੇ ਅਤੇ ਕੋਈ ਸਰਕਾਰੀ ਮਦਦ ਨਹੀਂ ਲਵਾਂਗੇ। ਸਲੀਮ ਸਾਹਿਬ ਨੇ ਜੋ ਕਿਹਾ, ਉਹ ਕਰ ਵਿਖਾਇਆ ਅਤੇ 27 ਮਾਰਚ ਦੀ ਸ਼ਾਮ ਨੂੰ ਲਾਹੌਰ ਦੀ ਇਕ ਆਲੀਸ਼ਾਨ ਇਮਾਰਤ ਅਲ ਹੁਮਾਰਾ ਦਾ ਇਕ ਮਹਿੰਗਾ ਹਾਲ ਬੁਕ ਕਰਵਾ ਕੇ ਕਿਤਾਬ ਰੀਲੀਜ਼ ਕਰਨ ਦਾ ਐਲਾਨ ਕਰ ਦਿਤਾ। ਸਾਂਝ ਪਬਲੀਕੇਸ਼ਨ ਦੇ ਮਾਲਕ ਅਮਜਦ ਸਲੀਮ ਮਿਨਹਾਸ ਨੇ ਰੀਲੀਜ਼ ਸਮਾਗਮ ਦੇ ਪ੍ਰੈੱਸ ਨੋਟ ਦੀਆਂ ਕਾਪੀਆਂ ਸਾਰੇ ਮੀਡੀਏ ਅਤੇ ਲੇਖਕਾਂ ਨੂੰ ਭੇਜ ਦਿਤੀਆਂ ਅਤੇ ਰੀਲੀਜ਼ ਸਾਗਮ ਦੀ ਮੂਵੀ ਬਨਾਉਣ ਲਈ ਵਿਸ਼ੇਸ਼ ਬੰਦੇ ਦੀ ਡਿਊਟੀ ਲਗਾ ਦਿਤੀ। ਸਲੀਮ ਦਾ ਨੈੱਟਵਰਕ ਬਹੁਤ ਸਲਾਹੁਤਾ ਯੋਗ ਸੀ। ਪਾਕਿਸਤਾਨ ਦੀਆਂ ਪੰਜਾਬੀ ਨਾਲ ਸਬੰਧਤ ਪ੍ਰਸਿਧ ਹਸਤੀਆਂ ਜਿਵੇਂ ਪ੍ਰੋ: ਆਸ਼ਕ ਰਹੀਲ, ਤਾਜ ਜੋਇਓ, ਸੈਕਰਟਰੀ ਸਿੰਧੀ ਲੈਂਗੂਏਜ ਅਥਾਰਟੀ ਹੈਦਰਾਬਾਦ ਸਿੰਧ, ਇਕਬਾਲ ਕੈਸਰ ਪੰਜਾਬੀ ਖੋਜ ਗੜ੍ਹ, ਅਫਜ਼ਲ ਸਹਿਰਾ, ਡਾæ ਸ਼ਾਹਿਦਾ ਦਿਲਾਵਰ ਸ਼ਾਹ, ਸਰਵਤ ਮੁਹਈਉਦੀਨ, ਰਾਤੋ ਰਾਤ ਕਿਤਾਬ ਪੜ੍ਹ ਕੇ ਕਿਤਾਬ ਤੇ ਪੇਪਰ ਲਿਖ ਕੇ ਪੜ੍ਹਨ ਵਾਲੇ ਪ੍ਰੋ: ਗੁਲਾਮ ਹੁਸੈਨ ਸਾਜਿਦ ਸਾਹਿਬ ਤੇ ਬਹੁਤ ਸਾਰੇ ਪੰਜਾਬੀ ਅਦਬ ਨਾਲ ਸਬੰਧਤ ਲੋਕ ਸੱਦੇ ਗਏ ਸਨ। ਨਜ਼ੀਰ ਕਹੂਟ ਅਤੇ ਤਾਰਕ ਗੁੱਜਰ ਰੁਝੇਵਿਆਂ ਅਤੇ ਦੂਰ ਹੋਣ ਕਾਰਨ ਪਹੁੰਚ ਨਾ ਸਕੇ। ਅਦਾਰਾ ਸਾਂਝ ਵੱਲੋਂ ਸਟੇਜ ਸੰਭਾਲਣ ਦਾ ਕੰਮ ਇਕ ਨੌਜਵਾਨ ਨੂੰ ਦਿਤਾ ਗਿਆ ਸੀ। 
ਹੋਇਆ ਕੀ ਕਿ ਕਿਸੇ ਵਜ੍ਹਾ ਕਾਰਨ ਐਜੂਕੇਸ਼ਨ ਮਨਿਸਟਰ ਸਾਹਿਬ ਜੋ ਵਕਤ ਦੇ ਬੜੇ ਪਾਬੰਦ ਹਨ, ਇਕ ਘੰਟਾ ਪਹਿਲਾਂ ਪੰਜ ਵਜੇ ਹੀ ਅਲ ਹੁਮਾਰਾ ਹਾਲ ਵਿਚ ਪਹੁੰਚ ਗਏ ਜਦ ਕਿ ਵਕਤ ਛੇ ਵਜੇ ਦਾ ਸੀ। ਮੈਂ ਤੇ ਚੌਧਰੀ ਮੁਹੰਮਦ ਨਵਾਜ਼ ਛੇ ਵਜੇ ਹਾਲ ਵਿਚ ਪਹੁੰਚਣ ਦੀ ਤਿਆਰੀ ਬੜੇ ਆਰਾਮ ਨਾਲ ਕਰ ਰਹੇ ਸਨ। ਸਾਰੇ ਪਾਕਿਸਤਨ ਵਿਚ ਮਸ਼ਹੂਰ ਹੈ ਕਿ ਸਰਦਾਰ ਆਸਫ ਅਲੀ ਖਾਂ ਜੋ ਪਹਿਲਾਂ ਪਾਕਿਸਤਾਨ ਦੇ ਬਦੇਸ਼ ਮੰਤਰੀ ਵੀ ਰਹਿ ਚੁਕੇ ਹਨ, ਵਕਤ ਦੇ ਬੜੇ ਪਾਬੰਦ ਹਨ। ਅਸੀਂ ਜਲਦੀ ਜਲਦੀ ਤਿਆਰ ਹੋ ਕੇ ਅਲ ਹੁਮਾਰਾ ਸੈਂਟਰ ਪਹੁੰਚ ਗਏ ਅਤੇ ਸਾਡੇ ਜਾਣ ਤੋਂ ਪਹਿਲਾਂ ਐਜੂਕੇਸ਼ਨ ਮਨਿਸਟਰ ਸਾਹਿਬ ਆ ਚੁਕੇ ਸਨ। ਹਾਲ ਵਿਚ ਅਜੇ ਬਹੁਤੀ ਰੌਣਕ ਵੀ ਨਹੀਂ ਹੋਈ ਸੀ। ਖੈਰ ਅਸੀਂ ਗੱਲਾਂ ਕਰਨ ਲਗੇ, ਹੋਰ ਗੈਸਟਸ ਆ ਰਹੇ ਸਨ ਅਤੇ ਦਿਤੇ ਸਮੇਂ ਅਨੁਸਾਰ ਗੈਸਟਸ ਪਹੁੰਚ ਰਹੇ ਸਨ। ਸਟੇਜ ਸੰਭਾਲਦਿਆਂ ਨੌਜਵਾਨ ਸਟੇਜ ਸੈਕਰਟਰੀ ਨੇ ਸਭ ਤੋਂ ਪਹਿਲਾਂ ਆਨਰੇਬਲ ਐਜੂਕੇਸ਼ਨ ਮਨਿਸਟਰ ਆਫ ਪਾਕਿਸਤਾਨ ਨੂੰ ਸਟੇਜ ਤੇ ਆਉਣ ਲਈ ਕਿਹਾ ਅਤੇ ਉਹਨਾਂ ਤੋਂ ਬਾਅਦ ਚੌਧਰੀ ਮੁਹੰਮਦ ਨਵਾਜ਼, ਮੈਨੂੰ ਅਤੇ ਸਰਵਤ ਮੁਹਈਉਦੀਨ ਕਰਮਵਾਰ ਸਟੇਜ ਤੇ ਲੱਗੀਆਂ ਕੁਰਸੀਆਂ ਤੇ ਬਿਠਾਇਆ। ਪਰੋਗਰਾਮ ਦਾ ਅਰੰਭ ਕਰਦਿਆਂ ਸਟੇਜ ਸੈਕਰਟਰੀ ਨੇ ਸਰੋਤਿਆਂ ਅਤੇ ਦਰਸ਼ਕਾਂ ਨਾਲ ਸਾਡੀ ਸਭ ਦੀ ਜਾਣ ਪਛਾਣ ਕਰਵਾਈ ਅਤੇ ਪੁਸਤਕ ਰੀਲੀਜ਼ ਸਮਾਗਮ ਦਾ ਬਾਕਾਇਦਾ ਅਰੰਭ ਕਰਦਿਆਂ ਸਭ ਤੋਂ ਪਹਿਲਾਂ ਪੰਜਾਬੀ ਖੋਜ ਗੜ੍ਹ ਦੇ ਟਰਸਟੀ ਇਕਬਾਲ ਕੈਸਰ ਨੂੰ ਸਟੇਜ ਤੇ ਆ ਕੇ ਮੇਰੀ ਇੰਟਰੋ ਦੇਣ ਲਈ ਕਿਹਾ। ਇਕਬਾਲ ਕੈਸਰ ਮੈਨੂੰ 1975 ਤੋਂ ਜਾਣਦਾ ਸੀ ਅਤੇ ਪਾਕਿਸਤਾਨ ਵਿਚਲੇ ਸਾਰੇ ਸਿੱਖ ਗੁਰਦਵਾਰਿਆਂ ਦੀ ਉਸ ਨੇ ਬੜੀ ਮਿਹਨਤ ਨਾਲ ਅਤੇ ਬੜੇ ਔਖੇ ਹੋ ਕੇ ਫੋਟੋਗਰਾਫੀ ਕੀਤੀ ਸੀ ਅਤੇ ਹਰ ਗੁਰਦਵਾਰੇ ਬਾਰੇ ਅੰਗਰੇਜ਼ੀ ਅਤੇ ਪੰਜਾਬੀ ਵਿਚ ਮੁਢਲੀ ਜਾਣਕਾਰੀ ਦਿਤੀ ਸੀ। ਇਸ ਬਹੁਤ ਵਡੇ ਖਰਚੇ ਵਾਲੇ ਪ੍ਰਾਜੈਕਟ ਨੂੰ ਪੂਰਾ ਕਰਦਿਆਂ ਉਸ ਨੇ ਵਡੇ ਆਕਾਰ ਦੀ ਰੰਗਦਾਰ ਕਿਤਾਬ ਛਾਪੀ ਸੀ ਜੋ ਸਿੱਖ ਇਤਿਹਾਸ ਵਿਚ ਕਿਸੇ ਇਨਸਾਈਕਲੋਪੀਡੀਆ ਨਾਲੋਂ ਘੱਟ ਨਹੀਂ ਹੈ। ਇਕਬਾਲ ਕੈਸਰ ਨੇ ਮੇਰਾ ਨਾਵਲ "ਪੀਲਾ ਗੁਲਾਬ" ਜੋ ਵੰਡ ਕਾਰਨ ਹੋਈ ਸੂਹੀ ਕਲਚਰ ਨੂੰ ਪੀਲੀ ਕਰਦਾ ਹੈ, ਨੂੰ 1975 ਵਿਚ ਗੁਰਮਖੀ ਤੋਂ ਸ਼ਾਹਮੁਖੀ ਵਿਚ ਉਲਥਾ ਕੇ ਛਾਪਣ ਦਾ ਉਪਰਾਲਾ ਕੀਤਾ ਸੀ। ਜਦ ਉਹ ਕੈਨੇਡਾ ਆਇਆ ਸੀ ਤਾਂ ਇਕ ਰਾਤ ਮੇਰੇ ਕੋਲ ਠਹਿਰਿਆ ਵੀ ਸੀ। ਉਸ ਨੇ ਮੇਰੇ ਬਾਰੇ, ਮੇਰੀਆਂ ਸਾਹਿਤਕ ਗਤੀਵਿਧੀਆਂ ਬਾਰੇ, ਮੇਰੀ ਸਵੈ ਜੀਵਨੀ ਬਾਰੇ ਬੜੇ ਵਿਸਥਾਰ ਅਤੇ ਆਦਰ ਨਾਲ ਆਏ ਸਾਰੇ ਸਰੋਤਿਆਂ ਨੂੰ ਮੇਰੀ ਇੰਟਰੋ ਦਿਤੀ ਅਤੇ ਪੁਸਤਕ ਰੀਲੀਜ਼ ਦੇ ਸਾਰੇ ਮਾਹੌਲ ਨੂੰ ਲੋੜੋਂ ਵੱਧ ਸੁਖਾਵਾਂ ਬਣਾ ਦਿਤਾ। ਕਿਤਾਬ ਦੇ ਪਬਲਿਸ਼ਰ ਅਮਜਦ ਸਲੀਮ ਮਿਨਹਾਸ ਨੇ ਮੇਰੇ ਅਤੇ ਮੇਰੀ ਸਵੈ ਜੀਵਨੀ ਬਾਰੇ ਹੋਰ ਵਿਸਥਾਰ ਨਾਲ ਦਸਿਆ ਅਤੇ ਇਹ ਵੀ ਕਿਹਾ ਕਿ ਪਾਕਿਸਤਨ ਦੇ ਨਸਰ ਸਾਹਿਤ ਵਿਚ ਇਸ ਤਰ੍ਹਾਂ ਦੀ ਵਾਰਤਕ ਦੀ ਬਹੁਤ ਸਖਤ ਜ਼ਰੂਰਤ ਹੈ ਅਤੇ ਉਹਨਾਂ ਕਿਹਾ ਕਿ ਉਹ ਮੇਰੀਆਂ ਹੋਰ ਕਿਤਾਬਾਂ ਵੀ ਛਾਪਣਗੇ। ਤਾਜ ਜੋਇਓ, ਸੈਕਰਟਰੀ ਸਿੰਧੀ ਲੈਂਗੂਏਜ ਅਥਾਰਟੀ, ਹੈਦਰਾਬਾਦ ਸਿੰਧ, ਨੇ ਸਿੰਧੀ ਸ਼ਾਲ ਮੇਰੇ ਗਲ ਵਿਚ ਪਾ ਕੇ ਸਾਬਤ ਕਰ ਦਿਤਾ ਕਿ ਸਿੰਧੀ ਲੋਕ ਪੰਜਾਬੀ ਨੂੰ ਅਤੇ ਇਕ ਸਰਦਾਰ ਪੰਜਾਬੀ ਲੇਖਕ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਸਦਾ ਸਬੂਤ ਹਾਜ਼ਰ ਹੈ। 

ਐਜੂਕੇਸ਼ਨ ਮਨਿਸਟਰ ਸਰਦਾਰ ਆਸਫ ਅਹਿਮਦ ਅਲੀ ਦਵਾਰਾ ਕਿਤਾਬ ਰੀਲੀਜ਼ ਹੋਣ ਲਾਹੌਰ ਵਿਚ ਕਿਤਾਬ ਰੀਲੀਜ਼ ਹੋਣ ਸਮੇਂ, ਨਾਲ ਬੈਠੇ ਹਨ ਪਾਕਿਸਤਾਨ ਦੇ ਐਜੂਕੇਸ਼ਨ ਮਨਿਸਟਰ ਸਰਦਾਰ ਅਸਾਫ ਅਹਿਮਦ ਅਲੀ ਖਾਂ, ਚੌਧਰੀ ਮੁਹੰਮਦ ਨਵਾਜ਼ ਅਤੇ ਸਰਵਤ

ਰਾਤੋ ਰਾਤ ਕਿਤਾਬ ਪੜ੍ਹ ਕੇ ਕਿਤਾਬ ਤੇ ਬੜੀ ਮਿਹਨਤ ਨਾਲ ਲਿਖੇ ਪੇਪਰ ਪੜ੍ਹਨ ਵਾਲੇ ਪ੍ਰੋ: ਗੁਲਾਮ ਹੁਸੈਨ ਸਾਜਿਦ ਸਾਹਿਬ ਨੇ ਬੜਾ ਖੋਜ ਭਰਪੂਰ ਪੇਪਰ ਪੇਸ਼ ਕਰ ਕੇ ਆਪਣੀ ਵਿਦਵਤਾ ਦਾ ਭਾਰੀ ਸਬੂਤ ਦਿਤਾ। ਹੈਰਾਨੀ ਵਾਲੀ ਗੱਲ ਸੀ ਕਿ ਉਹਨਾਂ ਨੇ ਮੇਰੀ 300 ਤੋਂ ਵਧ ਸਫੇ ਦੀ ਸਵੈ-ਜੀਵਨੀ ਕਿਵੇਂ ਇਕੋ ਰਾਤ ਵਿਚ ਪੜ੍ਹੀ ਅਤੇ ਇਸ ਤੇ ਪੇਪਰ ਵੀ ਲਿਖਿਆ। ਪੇਪਰ ਪੇਸ਼ ਕਰ ਕੇ ਉਹਨਾਂ ਸਰੋਤਿਆਂ ਅਤੇ ਮੇਰੀ ਜਾਣਕਾਰੀ ਵਿਚ ਕਈ ਹੈਰਾਨੀਜਨਕ ਸੱਚਾਈਆਂ ਦਾ ਵਾਧਾ ਕਰ ਦਿਤਾ। ਜਦ ਪੇਪਰ ਦੇ ਅੰਤ ਨੇ ਉਹਨਾਂ ਨੇ ਇਹ ਕਹਿ ਦਿਤਾ ਕਿ ਮੇਰੀ ਘਰ ਵਾਲੀ ਕੰਬੋਹ ਬਰਾਦਰੀ ਦੀ ਹੈ ਅਤੇ ਹੋ ਸਕਦਾ ਹੈ ਕਿ ਉਸਦੇ ਵਡੇਰੇ ਮੋਮੀ ਖਾਨਦਾਨ ਵਿਚੋਂ ਹੋਣ। ਸੁਣ ਕੇ ਲੱਗਾ ਕਿ ਹਿੰਦੋਸਤਾਨ ਵਿਚ ਹਜ਼ਾਰ ਸਾਲ ਤਕ ਰਹੇ ਮੁਸਲਿਮ ਰੂਲ ਵੇਲੇ ਲੱਖਾਂ ਹਿੰਦੂ ਮੁਸਲਮਾਨ ਹੋ ਗਏ ਸਨ ਜਿਨ੍ਹਾਂ ਵਿਚ ਹਿੰਦੂ ਕੰਬੋਹ ਵੀ ਸ਼ਾਮਲ ਸਨ। ਸ਼ਹਿਨਸ਼ਾਹ ਅਕਬਰ ਦਾ ਇਕ ਜਰਨੈਲ ਸ਼ਾਹਬਾਜ਼ ਖਾਂ ਕੰਬੋਹ ਸੀ ਅਤੇ ਦਿੱਲੀ ਰਾਸ਼ਟਰਪਤੀ ਭਵਨ ਵਿਚ ਉਹਦਾ ਚਿਤਰ ਲੱਗਾ ਹੋਇਆ ਹੈ। ਦਸਦੇ ਹਨ ਕਿ ਉਹਨੇ ਮੁਗਲ ਫੌਜ ਵਿਚ ਬਹੁਤ ਸਾਰੇ ਕੰਬੋਹ ਭਰਤੀ ਕੀਤੇ ਹੋਏ ਸਨ ਅਤੇ ਉਸ ਦੇ ਆਧਾਰ ਤੇ ਹੀ ਵਾਰਸ ਸ਼ਾਹ ਨੇ ਲਿਖਿਆ ਹੈ:- ਕੁੱਕੜ ਕਾਂ ਕੰਬੋਹ ਕਬੀਲਾ ਪਾਲਦਾ, ਜੱਟ ਮਹਿਆਂ ਸੰਸਾਰ ਕਬੀਲਾ ਗਾਲਦਾ। ਵਾਰਸ ਸ਼ਾਹ ਮੇਰਾ ਬਹੁਤ ਜ਼ਿਆਦਾ ਪਸੰਦੀਦਾ ਸ਼ਾਇਰ ਹੈ ਪਰ ਮੈਂ ਉਸਦੀਆਂ ਇਹਨਾਂ ਸਤਰਾਂ ਨਾਲ ਕਦੇ ਵੀ ਸਹਿਮਤ ਨਹੀਂ ਹੋਇਆ। ਮੇਰਾ ਤਜਰਬਾ ਹੈ ਕਿ ਜਿੰਨੀ ਮਦਦ ਇਕ ਜੱਟ ਦੂਜੇ ਜੱਟ ਦੀ ਕਰਦਾ ਹੈ, ਇਕ ਕੰਬੋਹ ਦੂਜੇ ਕੰਬੋਹ ਦੀ  ਨਹੀਂ ਕਰਦਾ।

ਪ੍ਰੋ: ਆਸ਼ਕ ਰਹੀਲ ਨੇ ਟਰਾਂਟੋ ਨਾਲ ਸਬੰਧਤ ਸਾਡੀਆਂ ਯਾਦਾਂ ਨੂੰ ਹਵਾਲੇ ਵਿਚ ਰਖਦਿਆਂ ਮੇਰੇ ਸਾਹਿਤਕ ਜੀਵਨ ਦੀ ਬੜੀ ਸ਼ਾਨਦਾਰ ਜਾਣਕਾਰੀ ਦਿਤੀ ਅਤੇ ਸਰਵਤ ਮੁਹਈਉਦੀਨ ਨੇ ਵੀ ਮੇਰੇ ਅਤੇ ਮੇਰੀ ਪੁਸਤਕ ਦੇ ਹਵਾਲੇ ਨਾਲ ਕਾਫੀ ਜਾਣਕਾਰੀ ਭਰਪੂਰ ਲੈਕਚਰ ਦਿਤਾ। ਸਰਵਤ ਅਤੇ ਮੈਂ ਇਕ ਦੂਜੇ ਨੂੰ 1990 ਤੋਂ ਜਾਣਦੇ ਹਾਂ ਅਤੇ ਬੜੇ ਨਿੱਘੇ ਤੇ ਪੁਰਖਲੂਸ ਦੋਸਤ ਹਾਂ। ਉਹ ਹਰ ਸਾਲ ਕੈਨੇਡਾ ਆਉਂਦੀ ਹੈ ਅਤੇ ਉਹਦੀ ਆਮਦ ਕੈਨੇਡਾ ਦੇ ਸਾਹਿਤਕ ਹਲਕਿਆਂ ਵਿਚ ਰੰਗ ਭਰ ਦੇਂਦੀ ਹੈ। ਕਈ ਲੋਕ ਉਹਦੀ ਸੁਹਿਰਦਤਾ ਅਤੇ ਖੂਬਸੂਰਤੀ ਕਾਰਨ ਉਸ ਨੂੰ ਪਾਕਿਸਤਾਨ ਦੀ ਅਮ੍ਰਿਤਾ ਪ੍ਰੀਤਮ ਕਹਿੰਦੇ ਹਨ। ਪਾਕਿਸਤਾਨ ਵਿਚ ਹੋਏ ਕਈ ਸਮਾਗਮਾਂ ਜਿਵੇਂ ਗੁਜਰਾਤ ਯੂਨੀਵਰਸਿਟੀ ਵਿਚ ਉਹ ਅਕਸਰ ਮੇਰੇ ਨਾਲ ਨਾਲ ਰਹੀ ਅਤੇ ਅਨੇਕਾਂ ਸਾਹਿਤਕ ਗੱਲਾਂ ਜਿਥੇ ਸਾਂਝੀਆਂ ਹੁੰਦੀਆਂ ਰਹੀਆਂ, ਓਥੇ ਅਦਬੀ ਪਰਖ ਪੜਚੋਲ ਵੀ ਹੁੰਦੀ ਰਹੀ। ਉਸ ਦੀਆਂ ਕੁਝ ਕਿਤਾਬਾਂ ਗੁਰਮਖੀ ਲਿੱਪੀ ਵਿਚ ਛਪ ਚੁਕੀਆਂ ਹਨ।
                
ਜਦੋਂ ਚੌਧਰੀ ਮੁਹੰਮਦ ਨਵਾਜ਼ ਸਟੇਜ ਤੇ ਆਏ ਤਾਂ ਉਹਨਾਂ ਨੇ ਫਿਲਮ ਦੇ ਸੀਨ ਵਾਂਗ 1961 ਵਿਚ ਸ਼ੁਰੂ ਹੋਈ ਸਾਡੀ ਦੋਸਤੀ ਜਦ ਪਰਤ ਦਰ ਪਰਤ ਖੋਲ੍ਹ ਕੇ ਪੇਸ਼ ਕੀਤੀ ਤਾਂ ਸਰੋਤਿਆਂ ਦੀਆਂ ਅੱਖਾਂ ਨਮ ਹੋ ਗਈਆਂ। ਅਸੀਂ 50 ਸਾਲ ਬਾਅਦ ਮਿਲੇ ਸਾਂ ਅਤੇ ਉਹਨਾਂ ਨੂੰ ਪਿਛਲਾ ਕੁਝ ਨਹੀਂ ਸੀ ਭੁਲਿਆ। ਨਵੰਬਰ 1961 ਵਿਚ ਹੁਸੈਨੀ ਵਾਲਾ ਬਾਰਡਰ ਤੇ ਹੋਈ ਸਾਡੀ ਪਹਿਲੀ ਮਿਲਣੀ ਜਦ ਉਹ ਗੌਰਮਿੰਟ ਕਾਲਜ ਲਾਹੌਰ ਵਿਚ ਪੜ੍ਹਦਾ ਸੀ ਅਤੇ ਆਪਣੇ ਦੋਸਤਾਂ ਨਾਲ ਬਾਰਡਰ ਵੇਖਣ ਆਇਆ ਸੀ, ਮੈਨੂੰ ਆਪਣੇ ਟਰੈਕਟਰ ਤੇ ਬਿਠਾ ਕੇ ਲਾਗੇ ਪੈਂਦੇ ਆਪਣੇ ਪਿੰਡ ਬੁਰਜ ਕਲਾਂ ਲੈ ਗਿਆ ਸੀ ਜਿਥੇ ਓਸ ਪਿੰਡ ਵਿਚ ਵੰਡ ਪਿਛੋਂ ਪਹਿਲੀ ਵਾਰ ਆਏ ਇਕ ਸਰਦਾਰ ਦੀ ਆਮਦ ਨਾਲ ਚੌਧਰੀ ਮੁਹੰਮਦ ਨਵਾਜ਼ ਦਾ ਵਿਹੜਾ ਚਮਕ ਉਠਿਆ ਸੀ। ਉਸ ਨੇ ਜਜ਼ਬਾਤੀ ਹੋ ਕੇ ਐਨਾ ਵਧੀਆ ਮਾਹੌਲ ਸਿਰਜਿਆ ਕਿ ਸਾਰਾ ਮੇਲਾ ਲੁੱਟ ਲਿਆ। ਸਾਡੀ ਦੋਸਤੀ ਦਾ ਅਨੋਖਾਪਨ ਇਹ ਸੀ ਕਿ ਇਹ ਪਾਕਿਸਤਾਨ ਬਨਣ ਤੋਂ 14 ਸਾਲ ਬਾਅਦ ਸ਼ੁਰੂ ਹੋਈ ਸੀ। ਮੁਲਕਾਂ ਦੇ ਵਿਗੜੇ ਹਾਲਾਤਾਂ ਤੇ ਹੋਈਆਂ ਦੋ ਜੰਗਾਂ ਦਾ ਇਸ ਤੇ ਕੋਈ ਅਸਰ ਨਹੀਂ ਪਿਆ ਸੀ। 


ਮਿਸਟਰ ਤਾਜ ਜੋਇਓ, ਸੈਕਰਟਰੀ ਸਿੰਧੀ ਲੈਂਗੂਏਜ ਅਥਾਰਟੀ, ਹੈਦਰਾਬਾਦ ਸਿੰਧ, ਸਿੰਧੀ ਸ਼ਾਲ ਪਾਉਂਦੇ ਹੋਏ
ਉਸ ਤੋਂ ਬਾਅਦ ਪਾਕਿਸਤਾਨ ਦੇ ਐਜੂਕੇਸ਼ਨ ਮਨਿਸਟਰ ਸਰਦਾਰ ਆਸਫ ਅਲੀ ਖਾਂ ਨੇ ਕਿਤਾਬ ਰੀਲੀਜ਼ ਕਰਨ ਦੀ ਰਸਮ ਅਦਾ ਕੀਤੀ ਅਤੇ ਪੰਜਾਬੀ ਵਿਚ ਲੈਕਚਰ ਦੇ ਕੇ ਅਤੇ ਪੰਜਾਬੀ ਅਦਬ ਤੇ ਬੋਲੀ ਦੀਆਂ ਗੱਲਾਂ ਕਰ ਕੇ ਹਾਜ਼ਰ ਲੋਕਾਂ ਤੇ ਇਕ ਜ਼ਬਰਦਸਤ ਪ੍ਰਭਾਵ ਛਡਿਆ ਕਿ ਉਹਨਾਂ ਨੂੰ ਵੀ ਪੰਜਾਬੀ ਹੋਣ ਦਾ ਮਾਣ ਹੈ ਅਤੇ ਉਹ ਪੰਜਾਬੀ ਬੋਲੀ ਅਤੇ ਅਦਬ ਨੂੰ ਪਿਆਰ ਕਰਦਾ ਹੈ। ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਅਤੇ ਅਮਜਦ ਸਲੀਮ ਹੁਰਾਂ ਬੜੀ ਖੁਸ਼ੀ ਜ਼ਾਹਰ ਕੀਤੀ ਕਿ ਅਜ ਸਾਡੇ ਵਿਚ ਦੋ ਨਵੇਂ ਦੋਸਤ ਚੌਦਰੀ ਮੁੰਹਮਦ ਨਵਾਜ਼ ਅਤੇ ਸਰਦਾਰ ਆਸਫ ਅਹਿਮਦ ਅਲੀ ਖਾਂ ਸ਼ਾਮਲ ਹੋਏ ਹਨ। ਸਰਦਾਰ ਆਸਫ ਅਲੀ ਖਾਂ ਨੇ ਅਗੇ ਕਿਸੇ ਹੋਰ ਫੰਕਸ਼ਨ ਵਿਚ ਜਾਣਾ ਸੀ ਅਤੇ ਉਹ ਸਭ ਨੂੰ ਬੜੇ ਖਲੂਸ ਨਾਲ ਮਿਲ ਕੇ ਅਤੇ ਮੇਰੀ ਕਿਤਾਬ ਰੀਲੀਜ਼ ਕਰ ਕੇ ਵਿਦਾ ਹੋ ਗਏ। ਜਦ ਮੇਰੀ ਵਾਰੀ ਆਈ ਤਾਂ ਮੈਂ ਆਪਣੇ ਸੁਪਣੇ ਸੱਚੇ ਹੋਣ ਦੇ ਕਥਨ ਤੋਂ ਸ਼ੁਰੂ ਹੋ ਕੇ ਵੰਡ ਤੋਂ ਪਹਿਲਾਂ ਅਤੇ ਪਿਛੋਂ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਮੇਰੀ ਸਵੈ-ਜੀਵਨੀ ਜਿਸ ਦਾ ਪਹਿਲਾ ਭਾਗ ਅਜ ਲਾਹੌਰ ਵਿਚ ਸ਼ਾਹਮੁਖੀ ਵਿਚ ਰੀਲੀਜ਼ ਹੋਇਆ ਹੈ, ਨੂੰ ਮੈਂ ਤਿੰਨ ਹਿੱਸਿਆਂ ਵਿਚ ਵੰਡਿਆ ਹੈ। ਵੰਡ ਤੋਂ ਪਹਿਲਾਂ ਦਾ ਪੰਜਾਬ, ਵੰਡ ਤੋਂ ਪਿਛੋਂ ਦਾ ਪੰਜਾਬ ਅਤੇ ਕੈਨੇਡਾ ਵਿਚ ਪੰਜਾਬ। ਪਹਿਲੇ ਭਾਗ ਵਿਚ ਬਾਰ ਆਬਾਦ ਹੋਣ ਦਾ ਬੜਾ ਜਾਣਕਾਰੀ ਭਰਪੂਰ ਵਰਨਣ ਕੀਤਾ ਹੈ ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਸਾਰੇ ਇਕਠੇ ਰਹਿੰਦੇ ਸਨ। ਫਿਰ ਵੰਡ ਦੇ ਉਜਾੜੇ ਅਤੇ ਮੁੜ ਵਸੇਬੇ ਦਾ ਹਿਰਦੇ-ਵੇਦਕ ਜ਼ਿਕਰ ਕੀਤਾ ਹੈ ਅਤੇ ਪੰਜਾਬ ਦੇ ਲੋਕਾਂ ਦੀ ਰਹਿਤਲ, ਮੁਆਸ਼ਰਤੀ ਹਾਲਾਤ, ਬੋਲੀ ਅਤੇ ਸਕਾਫਤ (ਸਭਿਆਚਾਰ) ਨੂੰ ਰੂਪਮਾਨ ਕੀਤਾ ਹੈ। ਲੋਕਾਂ ਨੇ ਮੇਰੀ ਕਿਸ਼ਤਵਾਰ ਛਪ ਰਹੀ ਸਵੈ-ਜੀਵਨੀ ਨੂੰ ਬੜੀ ਦਿਲਚਸਪੀ ਅਤੇ ਰੀਝ ਨਾਲ ਪੜ੍ਹ ਕੇ ਮੇਰਾ ਬਹੁਤ ਹੌਸਲਾ ਵਧਾਇਆ ਹੈ। ਜਦ ਲੋਕ ਕਹਿੰਦੇ ਹਨ ਕਿ ਜੀਵਨੀ ਤਾਂ ਤੁਹਾਡੀ ਹੈ ਪਰ ਲਗਦੀ ਸਾਡੀ ਹੈ ਤਾਂ ਮੈਂ ਲੋਕਾਂ ਦਾ ਹੋ ਕੇ ਰਹਿ ਜਾਂਦਾ ਹਾਂ। ਮੇਰੀਆਂ ਜੜ੍ਹਾਂ ਲੋਕਾਂ ਵਿਚ ਹਨ, ਜਿਨ੍ਹਾਂ ਵਿਚ ਦੋਹਾਂ ਪੰਜਾਬਾਂ ਤੋਂ ਇਲਾਵਾ ਕੈਨੇਡਾ ਵਿਚਲਾ  ਪੰਜਾਬ ਵੀ ਸ਼ਾਮਲ ਹੈ। ਮੇਰੇ ਇਸ ਜੀਵਨ ਵਿਚ ਮੈਨੂੰ ਇਸ ਤੋਂ ਵਧ ਹੋਰ ਖੁਸ਼ੀ ਕੀ ਹੋ ਸਕਦੀ ਹੈ ਕਿ ਤਿੰਨਾਂ ਪੰਜਾਬਾਂ ਵਿਚ ਮੇਰੇ ਪਾਠਕ ਮੌਜੂਦ ਹਨ। ਹਾਜ਼ਰੀਨ ਨੇ ਤਾੜੀਆਂ ਨਾਲ ਮੇਰੇ ਬੋਲੇ ਬੋਲਾਂ ਦਾ ਸਵਾਗਤ ਕੀਤਾ ਅਤੇ ਹੋਰ ਖੁਸ਼ੀ ਹੋਈ ਜਦ ਮੈਂ ਵੇਖਿਆ ਕਿ ਪਾਕਿਸਤਾਨ ਦੀ ਨੌਜਵਾਨ ਲੇਖਿਕਾ ਡਾ: ਸ਼ਾਹਿਦਾ ਦਿਲਾਵਰ ਸ਼ਾਹ ਜਿਸ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ  ਚਾਰ ਐਮ. ਏ. ਪਾਸ ਕੀਤੀਆਂ ਹਨ ਜਿਨ੍ਹਾਂ ਵਿਚ ਪੰਜਾਬੀ ਦੀ ਐਮ. ਏ. ਵੀ ਹੈ, ਗੁਰਮਖੀ ਵਿਚ ਸਿੱਧਾ ਲਿਖਦੀ ਹੈ, ਵੀ ਮੇਰੀ ਕਿਤਾਬ ਦੀ ਰੀਲੀਜ਼ ਰਸਮ ਤੇ ਆਈ ਹੋਈ ਸੀ। ਅਸੀਂ ਕੈਨੇਡਾ ਵਿਚੋਂ ਉਸ ਨੂੰ ਉਹਦੀ ਕਹਾਣੀਆਂ ਦੀ ਕਿਤਾਬ "ਤਿੜਕੇ ਘੜੇ ਦਾ ਪਾਣੀ" ਗੁਰਮਖੀ ਅਤੇ ਸ਼ਾਹਮੁਖੀ ਵਿਚ ਛਪਵਾਣ ਲਈ ਲੋੜੀਂਦੀ ਮਦਦ ਭੇਜੀ ਸੀ। ਉਸ ਨੇ ਸਾਨੂੰ ਛਪੀ ਕਿਤਾਬ ਦੀ ਕੋਈ ਕਾਪੀ ਨਹੀਂ ਭੇਜੀ ਸੀ, ਇਸ ਲਈ ਮੈਂ ਉਹਦੇ ਵੱਲ ਮੂੰਹ ਮੋਟਾ ਕੀਤਾ ਹੋਇਆ ਸੀ। ਪਰ ਪਤਾ ਨਹੀਂ ਉਸਦੀਆਂ ਕੀ ਮਜਬੂਰੀਆਂ ਸਨ ਕਿ ਕਿਤਾਬ ਛਪਣ ਤੋਂ ਬਾਅਦ ਉਸ ਨੇ ਸਾਡੇ ਨਾਲ ਰਾਬਤਾ ਤੋੜ ਦਿਤਾ ਸੀ। ਖੈਰ ਲਾਹੌਰ ਵਿਚ ਪੂਰੀ ਕਾਮਯਾਬੀ ਨਾਲ ਪੁਸਤਕ ਰੀਲੀਜ਼ ਸਮਾਗਮ ਖਤਮ ਹੋਣ ਤੋਂ ਪਹਿਲਾਂ ਮੈਂ ਚੌਧਰੀ ਮੁਹੰਮਦ ਨਵਾਜ਼ ਦੀ ਪ੍ਰਾਹੁਣਚਾਰੀ ਤੇ ਪਿਆਰ ਦਾ ਬੜੇ ਜਜ਼ਬਾਤੀ ਸ਼ਬਦਾਂ ਵਿਚ ਧੰਵਾਦ ਕੀਤਾ ਅਤੇ ਲਾਹੌਰ ਵਾਸੀਆਂ ਨੂੰ ਇਹ ਸ਼ਬਦ ਕਹਿ ਕਿ "ਨਗਰੀ ਵਸਦੀ ਭਲੀ ਅਤੇ ਜੋਗੀ ਚਲਦੇ ਭਲੇ" ਮਾਈਕ ਛਡ ਦਿਤਾ ਤਾਂ ਕੁਰਸੀਆਂ ਤੋਂ ਉਠ ਕੇ ਸਰੋਤੇ ਆ ਕੇ ਮੇਰੇ ਨਾਲ ਜਫੀਆਂ ਪਾਉਣ ਅਤੇ ਫੋਟੋਜ਼ ਲੁਹਾਣ ਲਗੇ।


ਲਾਹੌਰ ਵਿਚ ਸਵੈ ਜੀਵਨੀ ਰੀਲੀਜ਼ ਹੋਣ ਤੋਂ ਬਾਅਦ ਓਥੋਂ ਦੇ ਲੇਖਕਾਂ ਨਾਲ ਫੋਟੋ

 ਇਨ੍ਹਾਂ ਵਿਚ ਅਫਜ਼ਲ ਸਹਿਰਾ ਵੀ ਸ਼ਾਮਲ ਸੀ। ਸ਼ਾਹਿਦਾ ਦਿਲਾਵਰ ਸ਼ਾਹ ਵੀ ਸਟੇਜ ਤੇ ਆ ਗਈ ਤੇ ਓਸ "ਤਿੜਕੇ ਘੜੇ ਦਾ ਪਾਣੀ" ਦੀ ਕਿਤਾਬ ਮੈਨੂੰ ਭੇਟ ਕੀਤੀ ਅਤੇ ਸਾਡੇ ਨਾਲ ਫੋਟੋਜ਼ ਖਿਚਵਾਈਆਂ। ਉਹ ਸਰਵਤ ਨੂੰ ਮਿਲ ਕੇ ਬਹੁਤ ਖੁਸ਼ ਹੋਈ ਅਤੇ ਸਰਵਤ ਦੀ ਕਾਰ ਵਿਚ ਬੈਠ ਕੇ ਗੁਲਬਰਗ ਆ ਗਈ ਜਿਥੇ ਮੈਂ ਚੌਧਰੀ ਮੁਹੰਮਦ ਨਵਾਜ਼ ਕੋਲ ਠਹਿਰਿਆ ਹੋਇਆ ਸਾਂ। ਚੌਧਰੀ ਸਾਹਿਬ ਨੇ ਸਰਵਤ ਅਤੇ ਸ਼ਾਹਿਦਾ ਦਿਲਾਵਰ ਸ਼ਾਹ ਲਈ ਵਧੀਆ ਚਾਹ ਦਾ ਪ੍ਰਬੰਧ ਕਰਨ ਦਾ ਹੁਕਮ ਦਿਤਾ ਅਤੇ ਅਸੀਂ ਚਾਰੇ ਕਾਫੀ ਚਿਰ ਗੱਲਾਂ ਕਰਦੇ ਰਹੇ। ਮੁੜ ਮਿਲਦੇ ਰਹਿਣ ਦਾ ਕਹਿ ਕੇ ਸਰਵਤ ਜੋ ਲਾਗੇ ਹੀ ਰਹਿੰਦੀ ਸੀ, ਚਲੀ ਗਈ ਅਤੇ ਸ਼ਾਹਿਦਾ ਨੂੰ ਅਸੀਂ ਡਿਨਰ ਕਰ ਕੇ ਜਾਣ ਦਾ ਕਹਿ ਉਸ ਤੋਂ ਮੁਆਜ਼ਰਤ ਮੰਗਦਿਆਂ ਸਕਾਚ ਦੇ ਦੋ ਦੋ ਪੈਗ ਪੀ ਸ਼ਾਹਿਦਾ ਨਾਲ ਕੁਝ ਗਿਲੇ ਸ਼ਿਕਵੇ ਕੀਤੇ ਜਿਵੇਂ ਕਿਤਾਬ ਛਪਣ ਪਿਛੋਂ ਉਹ ਰਾਡਾਰ ਵਿਚੋਂ ਕਿਉਂ ਨਿਕਲ ਗਈ ਸੀ ਅਤੇ ਕਿਸੇ ਈਮੇਲ ਦਾ ਜਵਾਬ ਵੀ ਨਹੀਂ ਦਿੰਦੀ ਸੀ। ਫੋਨ ਵੀ ਨਹੀਂ ਕਰਦੀ ਸੀ ਪਰ ਜਦ ਉਸ ਬਾਰ ਬਾਰ ਆਪਣੀ ਮਾਲੀ ਹਾਲਤ ਦਾ ਵਾਸਤਾ ਪਾਇਆ ਤਾਂ ਚੌਧਰੀ ਸਾਹਿਬ ਨੇ ਉਸਨੂੰ ਐਂਟੀ ਟੀ ਬੀ ਐਸੋਸੀਏਸ਼ਨ ਦੇ ਸ਼ੁਰੂ ਹੋ ਰਹੇ ਮੈਗਜ਼ੀਨ ਨੂੰ ਪੰਦਰਾਂ ਹਜ਼ਾਰ ਰੁਪੈ ਮਹੀਨੇ ਤੇ ਬਤੌਰ ਐਡੀਟਰ ਕੰਮ ਕਰਨ ਦੀ ਜੌਬ ਆਫਰ ਕਰ ਦਿਤੀ ਤੇ ਅਗੇ ਜਾ ਕੇ ਤਨਖਾਹ ਵਧਾਉਣ ਦਾ ਵਾਅਦਾ ਵੀ ਕੀਤਾ। ਮੈਨੂੰ ਇੰਜ ਲੱਗਾ ਜਿਵੇਂ ਸ਼ਾਹਿਦਾ ਦੀਆਂ ਖੂਬਸੂਰਤ ਅੱਖਾਂ ਵਿਚੋਂ ਡਿਗਣ ਵਾਲੇ ਅਥਰੂ ਰੁਕ ਗਏ ਸਨ।       

ਡਿਨਰ ਆ ਗਿਆ ਸੀ ਅਤੇ ਸ਼ਾਹਿਦਾ ਨੇ ਆਪਣੇ ਵਰਕਿੰਗ ਵੁਮੈਨ ਹੋਸਟਲ ਪਹੁੰਚਣ ਵਿਚ ਲੇਟ ਹੋਣ ਕਾਰਨ ਕਨਟਕੀ ਚਿਕਨ ਦੇ ਡਿਨਰ ਵਾਲਾ ਡੱਬਾ ਆਪਣੇ ਨਾਲ ਹੀ ਰੱਖ ਲਿਆ ਅਤੇ ਮੁਨੀਰ ਉਹਨੂੰ ਚੌਧਰੀ ਸਾਹਿਬ ਦੀ ਮਹਿੰਗੀ ਗਡੀ ਵਿਚ ਦੂਰ ਰਾਵੀ ਵੱਲ ਪੈਂਦੇ ਵਰਕਿੰਗ ਵੁਮੈਨ ਹੋਸਟਲ ਵਿਚ ਛਡਣ ਚਲਾ ਗਿਆ। ਰਾਤ ਪੈ ਰਹੀ ਸੀ। ਮੈਂ ਤੇ ਨਵਾਜ਼ ਨੇ ਕਈ ਅਲਵਿਦਾਈ ਪੈਗ ਪੀਤੇ, ਕਨਟਕੀ ਚਿਕਨ ਫਰਾਈ ਦਾ ਡਿਨਰ ਕੀਤਾ। ਭਾਵੇਂ ਪਾਕਿਸਤਾਨ ਦਾ ਮੇਰਾ ਤਿੰਨ ਮਹੀਨੇ ਦਾ ਓਪਨ ਵੀਜ਼ਾ ਸੀ ਪਰ ਅਗਲੀ ਸਵੇਰ ਮੈਂ ਪਾਕਿਸਤਾਨ ਨੂੰ ਅਲਵਿਦਾ ਕਹਿ ਕੇ ਭਾਰਤ ਜਾਣ ਲਈ ਅਟਾਰੀ ਬਾਰਡਰ ਨੂੰ ਚਲੇ ਜਾਣਾ ਸੀ। ਚੌਧਰੀ ਸਾਹਿਬ ਕਹਿਣ ਲਗੇ ਕਿ ਮੈਂ ਸਵੇਰੇ ਤੁਹਾਨੂੰ ਬਾਰਡਰ ਤੇ ਛਡ ਕੇ ਆਵਾਂਗਾ ਤੇ ਡੂੰਘੀ ਹੋ ਰਹੀ ਰਾਤ ਵਿਚ ਵੀ ਸਦਾ ਵਾਂਗ  ਕਸੂਰਤੋਂ ਅਗੇ ਪੈਂਦੇ ਆਪਣੇ ਪਿੰਡ ਬੁਰਜ ਕਲਾਂ ਨੂੰ ਗਡੀ ਵਿਚ ਬੈਠ ਕੇ ਚਲੇ ਗਏ।

 

---ਚਲਦਾ---