ਗਜ਼ਲ ਦੇਵਿੰਦਰ ਦਿਲਰੂਪ

ਕਰਮਾਂ ਦੀ ਖੇਡ ਹੈ ਜਾਂ ਇਹ ਗ੍ਰਹਿਆਂ ਦੀ ਚਾਲ ਹੈ
ਆਮਦ ਖੁਸ਼ੀ ਦੀ ਸੁਣਦਿਆਂ ਗਮ ਆਉਂਦਾ ਨਾਲ ਹੈ
ਬੱਦਲ ਗਰਜ ਕੇ ਲਿਸ਼ਕ ਕੇ ਉਤੋਂ ਦੀ ਲੰਘ ਗਏ
ਤਪਦੇ ਥਲਾਂ ‘ਚ ਰਹਿ ਗਿਆ ਅੰਤਾਂ ਦਾ ਕਾਲ ਹੈ
ਉੱਡੀ ਜੋ ਬਾਹਰ ਧੂੜ ਤਾਂ ਮੂੰਹ ਸਿਰ ਨੂੰ ਢਕ ਲਿਆ
ਉਸਦਾ ਕਰੋਗੇ ਕੀ ਕਿ ਜੋ ਅੰਦਰ ਭੂੁਚਾਲ ਹੈ
ਨਜ਼ਰਾਂ ਦੇ ਤੀਰ ਵਿੰਨ੍ਹ ਗਏ ਬਾਝੋਂ ਕਮਾਨ ਦੇ
ਉਸ ਹਾਲ ਕਾਹਦਾ ਪੁੱਛਿਆ ਕੀਤਾ ਬੇਹਾਲ ਹੈ
ਹਫ਼ਤੇ, ਮਹੀਨੇ, ਸਾਲ ਕਹਿ ਕਹਿ ਕੌਣ ਗਿਣ ਸਕੇ
ਇਹ ਹਿਜਰ ਚਲਦਾ ਪੂਰੀਆਂ ਉਮਰਾਂ ਦੇ ਨਾਲ ਹੈ
ਸਾਇਆ ਜੇ ਚਲਦਾ ਨਾਲ ਤਾਂ ਪੱਕਾ ਸਬੂਤ ਹੈ
ਕੋਈ ਰਿਸ਼ਮ ਕੋਈ ਕਿਰਨ ਵੀ ਤੇਰੇ ਨਾਲ ਨਾਲ ਹੈ
ਮੇਰੇ ਦਿਲ ‘ਚ ਝਿਲਮਿਲਾ ਉਠੇ ਕੁਲ ਤਾਰੇ ਅਰਸ਼ ਦੇ
ਹੋਇਆ ਕੀ ਬਸ ਕਿ ਆ ਗਿਆ ਤੇਰਾ ਖਿਆਲ ਹੈ।
ਖ਼ਬਰ
ਇਕ ਨਦੀ ਜੋ ਵਹਿ ਤੁਰੀ
ਪਰਬਤ ਤੋਂ ਚਟਾਨਾਂ ਨਾਲ ਖਹਿੰਦੀ
ਉਹ ਮੈਂ ਸੀ
ਤੇ ਉਹ ਸਮੁੰਦਰ
ਜਿਸ ‘ਚ ਜਾ ਰਲੀ
ਉਹ ਤੂੰ ਸੀ
ਜੋ ਲਹਿਰਾਂ ਸਨ
ਇਕ ਦੂਜੇ ‘ਚ ਘੁਲੀਆਂ
ਉਹ ਸੀ ਸਾਡਾ ਪਿਆਰ
ਭਾਫ਼ ਵਾਂਗਰਾਂ
ਜੋ ਉਡ ਗਏ
ਉਹ ਸਨ ਤੇਰੇ ਵਾਅਦੇ
ਰੇਤ ਵਾਂਗਰਾਂ
ਜੋ ਤਪਦਾ ਰਿਹਾ
ਉਹ ਸੀ ਮੇਰਾ ਦਰਦ
ਬੱਦਲਾਂ ਵਾਂਗ
ਜੋ ਗਰਜੇ ਤੇ ਲਿਸ਼ਕੇ
ਉਹ ਸੀ ਤੇਰੇ ਦਾਅਵੇ
ਜੋ ਸਿਮਦਾ ਸੀ
ਮਾੜਾ ਮਾੜਾ ਰੇਤ ‘ਚੋਂ ਪਾਣੀ
ਉਹ ਸਨ ਮੇਰੇ ਹੰਝੂ
ਜੋ ਆਈ ਸੀ
ਤੇਰੇ ਵਲੋਂ ਸਿੱਲੀ ਹਵਾ
ਉਹ ਸੀ ਤੇਰੇ
ਕਿਤੇ ਹੋਰ ਵਰਸ ਜਾਣ ਦੀ ਖ਼ਬਰ।