ਜੁਲਾਈ 2010 ਅੰਕ
ਅਗਸਤ 2010 ਅੰਕ
ਜੂਨ 2010 ਅੰਕ
ਮਈ 2010 ਅੰਕ
|
ਸਿਰਜਣਧਾਰਾ ਦੀ ਮਾਸਿਕ ਇਕੱਤਰਤਾ
ਲੁਧਿਆਣਾ : 30 ਅਗਸਤ - ਸਾਹਿਤਕ ਸੰਸਥਾ ਸਿਰਜਣਧਾਰਾ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਈ । ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਸ੍ਰ. ਕਰਮਜੀਤ ਸਿੰਘ ਔਜਲਾ, ਪ੍ਰੋ: ਜਤਿੰਦਰਬੀਰ ਸਿੰਘ ਨੰਦਾ, ਸ੍ਰ. ਹਰਭਜਨ ਧਰਨਾ ਅਤੇ ਸ੍ਰੀਮਤੀ ਗੁਰਚਰਨ ਕੌਰ ਕੋਚਰ ਸ਼ਾਮਿਲ ਹੋਏ । ਸ. ਦਲਵੀਰ ਸਿੰਘ ਲੁਧਿਆਣਵੀ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ ।
ਸ੍ਰ. ਕਰਮਜੀਤ ਸਿੰਘ ਔਜਲਾ ਨੇ ਗਿਆਨੀ ਦਿੱਤ ਸਿੰਘ ਜੀ ਨੂੰ ਸਪਰਪਿਤ ਸਮਾਰੋਹ, ਜੋ 12 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਦੀ ਰੂਪ-ਰੇਖਾ ਘੜਦੇ ਹੋਏ ਦੱਸਿਆ ਕਿ ਉਹ ਇੱਕ ਮਹਾਨ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਸਾਹਿਤਕ, ਸਮਾਜਿਕ, ਵਿਦਿਅਕ ਅਤੇ ਵਹਿਮਾਂ-ਭਰਮਾਂ ਦੇ ਖਾਤਮੇ ਖਾਤਿਰ ਪਾਏ ਹੋਏ ਯੋਗਦਾਨ ਲਈ ਪੰਜਾਬ ਤੇ ਪੰਜਾਬੀਅਤ ਨੂੰ ਉਨ੍ਹਾਂ ਪ੍ਰਤੀ ਕ੍ਰਿਤੱਗ ਰਹਿਣਾ ਚਾਹੀਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਨੋਬਲ ਪਰਾਈਜ਼ ਜੇਤੂ ਰਬਿੰਦਰ ਨਾਥ ਟੈਗੋਰ ਅਤੇ ਪਿਆਰ ਦੀ ਦੇਵੀ ਮਦਰ ਟੈਰਿਸਾ ਦੀਆਂ ਸ਼ਤਾਬਦੀਆ ਵੀ ਵੱਧ ਉਤਸ਼ਾਹ ਨਾਲ ਮਨਾਉਣੀਆ ਚਾਹੀਦੀਆਂ ਹਨ ।
ਰਚਨਾਵਾਂ ਦੇ ਦੌਰ ਵਿੱਚ ਉਘੀ ਗ਼ਜ਼ਲਗੋ ਸ੍ਰੀਮਤੀ ਗੁਰਚਰਨ ਕੌਰ ਕੋਚਰ, “ਮੈਂ ਚਾਹੁੰਦੀ ਹਾਂ ਮੁਹੱਬਤ ਦੀ ਖਿੜੇ ਗੁਲਜ਼ਾਰ ਹਰ ਪਾਸੇ ਅਮਨ ਤੇ ਚੈਨ ਨੂੰ ਮਿਲਦਾ ਰਹੇ ਸਤਿਕਾਰ ਹਰ ਪਾਸੇ” ਦਲਵੀਰ ਸਿਘ ਲੁਧਿਆਣਵੀ ਨੇ “ਆਦੀ ਹੋ ਗਏ ਜ਼ਹਿਰ ਪੀਵਣ ਦੇ ਮਾਂ ਦੇ ਸ਼ਿੰਦੇ ਪੁੱਤ ਪਿਆਰੇ”, ਹਰਭਜਨ ਧਰਨਾ ਅਤੇ ਬਲਵੰਤ ਸਿੰਘ ਸਨੇਹੀ ਨੇ ਗ਼ਜ਼ਲ, ਹਰਦੇਵ ਸਿੰਘ ਕਲਸੀ ਨੇ ਧਾਰਮਿਕ ਰੇਡੀਓ ਵਾਰਤਾ, ਜਸਮੀਤ ਕੌਰ, ਕੁਲਵਿੰਦਰ ਕੌਰ ਧੀਮਾਨ, ਦਰਸ਼ਨ ਕੌਰ ਗਿੱਲ, ਪ੍ਰੋ: ਜਤਿੰਦਰਬੀਰ ਸਿੰਘ ਨੰਦਾ ਨੇ ਆਪਣੀਆਂ ਮਨਮੋਹਿਕ ਰਚਨਾਵਾਂ ਪੇਸ਼ ਕੀਤੀਆਂ । ਅਮਰਜੀਤ ਸ਼ੇਰਪੁਰੀ “ਰੁੱਖ ਤੇ ਮਨੁੱਖ ਦੋਵੇਂ ਜੜ੍ਹਾਂ ਭਾਲਦੇ” ਸੁਰਜੀਤ ਸਿੰਘ ਲਾਂਬੜਾ ਨੇ ਰੱਖੜੀ ਤੇ ਗੀਤ ਪੇਸ਼ ਕਰਕੇ ਭੈਣ-ਭਰਾ ਦੇ ਰਿਸ਼ਤੇ ਦੀ ਪਕਿਆਈ 'ਤੇ ਚਾਨਣਾ ਪਾਇਆ। ਸ੍ਰ. ਜੋਗਿੰਦਰ ਸਿੰਘ ਕੰਗ, ਰਵਿੰਦਰ ਦੀਵਾਨਾ, ਸ. ਚਰਨਜੀਤ ਸਿੰਘ ਦੋਸ਼ੀ, ਜਗਸ਼ਰਨ ਸਿੰਘ ਛੀਨਾ, ਗੁਰਨਾਮ ਸਿੰਘ ਕੋਮਲ, ਸੰਪੂਰਣ ਸਿੰਘ ਸਨਮ, ਰਾਵਿੰਦਰ ਸਿੰਘ, ਪਰਗਟ ਸਿੰਘ ਇਕੋਲਾਹਾ, ਤੇਜਾ ਸਿੰਘ ਸਾਜਨ, ਇੰਜ: ਸੁਰਜਨ ਸਿੰਘ, ਸੁੱਖ ਧੂਰਕੋਟੀਆ, ਸੁਰੇਸ਼ ਬੱਧਣ, ਗੁਰਵਿੰਦਰ ਸਿੰਘ, ਆਦਿ ਨੇ ਵੱਖ-2 ਵੰਨਗੀਆਂ 'ਤੇ ਆਪੋ-ਆਪਣੀਆਂ ਤਜ਼ੀਆਂ ਰਚਨਾਵਾਂ ਪੇਸ਼ ਕੀਤੀਆਂ । ਇਨ੍ਹਾਂ 'ਤੇ ਉਸਾਰੂ ਸੁਝਾਅ ਵੀ ਦਿੱਤੇ ਗਏ । ਸ੍ਰੀਮਤੀ ਇੰਦਰਜੀਤ ਪਾਲ ਕੌਰ ਭਿੰਡਰ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
ਦਲਵੀਰ ਸਿੰਘ ਲੁਧਿਆਣਵੀ, (ਸਕੱਤਰ)
(ਮੋ) 94170 01983
ਸ਼੍ਰੋਮਣੀ ਬਾਲ ਲੇਖਕ ਡਾ:ਦਰਸ਼ਨ ਸਿੰਘ ਆਸ਼ਟ ਨਾਲ ਰੂਬਰੂ ਸਾਹਿਤਕ ਸਮਾਗਮ ਯਾਦਗਾਰੀ ਹੋ ਨਿਬੜਿਆ
ਕਸਬਾ ਸਮਾਲਸਰ ਦੀ ਨਾਮਵਰ ਵਿਦਿਅਕ ਸੰਸਥਾ ਯੂਨੀਕ ਸਕੂਲ ਆਫ ਸਟੱਡੀਜ਼ ਅਤੇ ਸਾਹਿਤ ਸਭਾ ਰਜਿ: ਬਾਘਾ ਪੁਰਾਣਾ ਦੇ ਸਹਿਯੋਗ ਨਾਲ ਸ਼੍ਰੋਮਣੀ ਬਾਲ ਸਾਹਿਤਕਾਰ ਡਾ.ਦਰਸ਼ਨ ਸਿੰਘ ਆਸ਼ਟ ਨਾਲ ਸਕੂਲ ਵਿੱਚ ਇੱਕ ਬੱਚਿਆਂ ਨਾਲ ਰੂਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ ਸਮਾਗਮ ਦੀ ਪ੍ਰਧਾਨਗੀ ਵਿੱਚ ਡਾ.ਦਰਸ਼ਨ ਸਿੰਘ ਆਸ਼ਟ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ:) ਦੇ ਮੀਤ ਪ੍ਰਧਾਨ ਡਾ.ਸੁਰਜੀਤ ਬਰਾੜ, ਸਾਹਿਤ ਸਭਾ ਬਾਘਾ ਪੁਰਾਣਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ, ਨੈਸ਼ਨਲ ਅਤੇ ਸਟੇਟ ਐਵਾਰਡੀ ਬਾਲ ਲੇਖਕ ਅਮਰੀਕ ਸਿੰਘ ਤਲਵੰਡੀ, ਐਸ.ਡੀ.ਓ.ਜਗਤਾਰ ਸਿੰਘ, ਸਕੂਲ ਦੇ ਮੈਨੇਜਰ ਰਮਨਦੀਪ ਚਾਵਲਾ, ਪ੍ਰੋ:ਬਲਵਿੰਦਰ ਸਿੰਘ ਦੌਲਤਪੁਰਾ ਅਤੇ ਪ੍ਰਿੰਸੀਪਲ ਗੁਰਦੇਵ ਸਿੰਘ ਬਿਰਾਜਮਾਨ ਸਨ।ਸਮਾਗਮ ਦੀ ਸ਼ੁਰੂਆਤ ਵਿੱਚ ਸਕੂਲ ਦੇ ਬੱਚਿਆ ਵੱਲੋਂ ਸਵਾਗਤੀ ਗੀਤ ਪੇਸ਼ ਕੀਤੇ ਗਏ ਅਤੇ ਉਪਰੰਤ ਸਕੂਲ ਨੁਮਾਇੰਦੇ ਬਲਜੀਤ ਖਾਨ ਵੱਲੋਂ ਸਾਰਿਆਂ ਨੂੰ ਜੀ ਆਇਆਂ ਆਖਿਆ ਗਿਆ।

ਮੈਨੇਜਰ ਰਮਨਦੀਪ ਚਾਵਲਾ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਪਰੰਤ ਡਾ.ਸੁਰਜੀਤ ਬਰਾੜ ਨੇ ਡਾ.ਦਰਸ਼ਨ ਸਿੰਘ ਦੇ ਸਾਹਿਤਕ ਸਫਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਇਸਦੇ ਨਾਲ ਹੀ ਡਾ.ਦਰਸ਼ਨ ਸਿੰਘ ਆਸ਼ਟ ਨੇ ਬੱਚਿਆ ਦੇ ਰੂਬਰੂ ਹੁੰਦਿਆਂ ਕਿ ਉਹਨਾਂ ਨੂੰ ਬਾਲ ਨਾਲ ਸੰਬੰਧਤ ਵਿਸ਼ਿਆਂ ਉੱਪਰ ਲਿਖਣ ਤੇ ਹੀ ਵੱਧ ਸਕੂਨ ਪ੍ਰਾਪਤ ਹੁੰਦਾ ਹੈ ਉਹਨਾਂ ਨੇ ਹੁਣ ਤੱਕ ਬਾਲ ਵਿਸ਼ਿਆਂ ਨਾਲ ਸੰਬੰਧਤ ਤਕਰੀਬਨ ਪੰਜ ਦਰਜਨ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ।ਉਹਨਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਚੰਗਾ ਬਾਲ ਸਾਹਿਤ ਪੜ੍ਹਨ, ਅਤੇ ਸਾਹਿਤ ਰਚਨ ਬਾਰੇ ਵੀ ਪ੍ਰੇਰਿਤ ਕੀਤਾ ਅਤੇ ਉਹਨਾਂ ਬੱਚਿਆਂ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵਿਸਥਾਰ ਪੂਰਵਕ ਅਤੇ ਉਸਾਰੂ ਢੰਗ ਨਾਲ ਦਿੱਤੇ ਉਪਰੰਤ ਅਮਰੀਕ ਸਿੰਘ ਤਲਵੰਡੀ, ਖੁਸ਼ਵੰਤ ਬਰਗਾੜੀ, ਬਲਵਿੰਦਰ ਸਿੰਘ ਦੌਲਤਪੁਰਾ, ਐਸ.ਡੀ.ਓ. ਜਗਤਾਰ ਸਿੰਘ, ਸਾਧੂ ਰਾਮ ਲੰਗੇਆਣਾ, ਪ੍ਰੋ:ਰਾਜ਼ੇਸ਼ ਕੁਮਾਰ, ਡਾ.ਸੁਰਜੀਤ ਬਰਾੜ ਨੇ ਵੀ ਬੱਚਿਆਂ ਨੂੰ ਚੰਗਾ ਸਾਹਿਤ ਪੜਨ ਚੰਗੀ ਵਿੱਦਿਆ ਹਾਸਿਲ ਕਰਨ ਤੇ ਵਧੀਆ ਨਾਗਰਿਕ ਬਨਣ ਲਈ ਪ੍ਰੇਰਿਆ। ਇਸ ਸਮੇਂ ਬਾਲ ਸਾਹਿਤ ਨਾਲ ਸੰਬੰਧਤ ਲੇਖਕਾਂ ਬੂਟਾ ਸਿੰਘ ਪੈਰਿਸ, ਜਸਵੀਰ ਭਲੂਰੀਆ, ਬਿੱਕਰ ਸਿੰਘ ਹਾਂਗਕਾਂਗ, ਮਲਕੀਤ ਬਰਾੜ ਆਲਮਵਾਲਾ, ਸਰਵਨ ਸਿੰਘ ਪਤੰਗ, ਗੁਰਮੇਲ ਕੋਮਲ ਲੰਡੇ, ਗੁਰਜੰਟ ਕਲਸੀ ਲੰਡੇ, ਬੇਅੰਤ ਗਿੱਲ ਭਲੂਰ, ਕੰਵਲਜੀਤ ਭੋਲਾ ਲੰਡੇ, ਪਰਮਿੰਦਰ ਕੌਰ ਪ੍ਰੀਤ, ਭਿੰਦਰ ਘੋਲੀਆਂ, ਅਮਨਦੀਪ ਕੌਰ, ਕਰਮਜੀਤ ਕੌਰ, ਲਖਵੀਰ ਕੋਮਲ ਆਲਮਵਾਲਾ, ਅਸ਼ੋਕ ਕੁਮਾਰ, ਤਰਸੇਮ ਪੱਲਣ, ਲਵਪ੍ਰੀਤ ਸਿੰਘ, ਜਸਕਰਨ ਸਿੰਘ, ਹਰਮਨਦੀਪ, ਅੰਮ੍ਰਿਤਪਾਲ, ਰੀਟਾ ਚਾਵਲਾ ਆਦਿ ਕਵੀਆਂ ਨੇ ਆਪਣੀਆਂ ਬਾਲ ਕਵਿਤਾਵਾਂ ਤੇ ਹਾਸ-ਵਿਅੰਗ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮਾਗਮ ਵਿਚ ਪੀਪਲਜ਼ ਫੋਰਮ ਬਰਗਾੜੀ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਆਖੀਰ ਵਿੱਚ ਸਕੂਲ ਦੇ ਸਮੂਹ ਪ੍ਰਬੰਧਕਾਂ ਵੱਲੋਂ ਡਾ.ਦਰਸ਼ਨ ਸਿੰਘ ਆਸ਼ਟ ਨੂੰ ਯਾਦਗਾਰੀ ਚਿੰਨ੍ਹ, ਇੱਕ ਲੋਈ ਅਤੇ ਗਿਆਰਾਂ ਸੌ ਰੁਪਏ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਤੋਂ ਇਲਾਵਾ ਪਹੁੰਚੇ ਹੋਏ ਸਮੂਹ ਲੇਖਕਾਂ ਨੂੰ ਵੀ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਡਾ.ਸਾਧੂ ਰਾਮ ਲੰਗੇਆਣਾ ਅਤੇ ਪਿੰ੍ਰਸੀਪਲ ਗੁਰਦੇਵ ਸਿੰਘ ਵੱਲੋਂ ਸਮਾਗਮ ਵਿੱਚ ਹਾਜ਼ਰ ਸਾਹਿਤਕਾਰਾਂ ਅਤੇ ਬਾਕੀ ਪਤਵੰਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਅਤਿ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਕੰਵਲਜੀਤ ਭੋਲਾ ਲੰਡੇ ਨੇ ਬਾਖੂਬੀ ਨਿਭਾਈ।
ਡਾ.ਸਾਧੂ ਰਾਮ ਲੰਗੇਆਣਾ
ਰਾਬਿੰਦਰ ਨਾਥ ਟੈਗੋਰ ਦੀ 150ਵੀਂ ਵਰ੍ਹੇਗੰਢ ਮੌਕੇ ਦੋ ਰੋਜ਼ਾ ਸੰਮੇਲਨ
ਰਾਬਿੰਦਰ ਨਾਥ ਟੈਗੋਰ ਦੀ 150ਵੀਂ ਵਰ੍ਹੇਗੰਢ ਮੌਕੇ ਦੋ ਰੋਜ਼ਾ ਸੰਮੇਲਨ
ਲੁਧਿਆਣਾ(ਪੱਤਰ ਪ੍ਰੇਰਕ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸਾਹਿਤਯ ਅਕਾਡਮੀ ਦਿੱਲੀ ਦੇ ਸਹਿਯੋਗ ਨਾਲ ਦੇਸ਼ ਦੇ ਉਚਕੋਟੀ ਦੇ ਮਰਹੂਮ ਕਵੀ ਰਾਬਿੰਦਰ ਨਾਥ ਟੈਗੋਰ ਦੀ 150ਵੀਂ ਵਰ੍ਹੇਗੰਢ ’ਤੇ ਸਥਾਨਕ ਪੰਜਾਬੀ ਭਵਨ ਵਿਚ ਦੋ ਰੋਜ਼ਾ ਟੈਗੋਰ ਯਾਦਗਾਰੀ ਸੰਮੇਲਨ ਕਰਵਾਇਆ ਗਿਆ।ਸੰਮੇਲਨ ਦੇ ਪਹਿਲੇ ਦੌਰ ਵਜੋਂ ਟੈਗੋਰ ਯਾਦਗਾਰੀ ਕਵੀ ਦਰਬਾਰ ਹੋਇਆ, ਜਿਸ ਵਿਚ ਵੱਖ-ਵੱਖ ਭਾਰਤੀ ਭਾਸ਼ਾਵਾਂ ਦੇ 10 ਕਵੀਆਂ ਨੇ ਹਿੱਸਾ ਲਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਦਿੱਲੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਡਾ. ਸਤਿੰਦਰ ਸਿੰਘ ਨੂਰ, ਕਵੀ ਡਾ. ਸੁਰਜੀਤ ਪਾਤਰ, ਅਕਾਦਮੀ ਦੇ ਡਿਪਟੀ ਸੈਕਟਰੀ ਕੇ ਬੀ ਰਾਓ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ।
ਕਵੀ ਦਰਬਾਰ ਦਾ ਅਰੰਭ ਕਰਦਿਆਂ ਡਾ. ਸੁਤਿੰਦਰ ਸਿੰਘ ਨੂਰ ਨੇ ਕਿਹਾ ਕਿ ਮਨੁੱਖੀ ਖੇਤਰ ਦੇ ਅਨੁਭਵਾਂ ਵਿਚ ਰਾਵਿੰਦਰ ਨਾਥ ਟੈਗੋਰ ਨੂੰ ਉਚਾ ਸਥਾਨ ਪ੍ਰਾਪਤ ਹੈ। ਡਾ. ਨੂਰ ਨੇ ਕਿਹਾ ਕਿ ਦਿੱਲੀ ਸਾਹਿਤ ਅਕਾਦਮੀ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਟੈਗੋਰ ਦੀ ਸ਼ਤਾਬਦੀ ਮਨਾਉਣ ਦਾ ਫੈਸਲਾ ਲਿਆ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਟੈਗੋਰ ਅਜਿਹਾ ਭਾਰਤੀ ਸਾਹਿਤਕਾਰ ਹੈ, ਜਿਸ ਨੂੰ ਉਸ ਦੀ ਪ੍ਰਤਿਭਾ ਕਰਕੇ ਵਿਸ਼ਵ ਪੱਧਰ ’ਤੇ ਨਾਂ ਕੇਵਲ ਮਾਨਤਾ ਮਿਲੀ ਸਗੋਂ ਉਸ ਦੇ ਸਾਹਿਤ ਨੂੰ ਭਾਰਤੀ ਜਨ ਮਾਨਸ ਦੀ ਰੂਹ ਦਾ ਅਕਸ ਮੰਨਿਆ ਗਿਆ।
ਕਵੀ ਦਰਬਾਰ ਵਿਚ ਕੀਨੀਆ ਤੋਂ ਸ਼ਾਇਰ ਉਂਕਾਰ ਸਿੰਘ ਨੇ ਗੁਰੂ ਦੇਵ ਟੈਗੋਰ ਦਾ ਪ੍ਰਸਿੱਧ ਗੀਤ ਗਾਇਆ। ਜਿਸ ਨੂੰ ਪੰਜਾਬੀ ਵਿਚ ਅਨੁਵਾਦ ਡਾ. ਸੁਰਜੀਤ ਪਾਤਰ ਨੇ ਕੀਤਾ ਹੈ। ਹਿੰਦੀ ਕਵੀ ਲੀਲਾਧਰ ਜਗੂੜੀ ਨੇ ਟੈਗੋਰ ਦੀ 26 ਜਨਵਰੀ ਕਵਿਤਾ ਆਪਣੇ ਮੁਖਾਰਬੰਦ ਤੋਂ ਪੜ੍ਹੀ। ਹੋਰਨਾਂ ਤੋਂ ਇਲਾਵਾ ਕਵੀ ਦਰਬਾਰ ਵਿਚ ਹਿੰਦੀ ਕਵੀ ਸੁਸ਼ੀਲ ਜੈਨ, ਕੰਨੜ ਤੋਂ ਮਜੂ ਨਾਥ, ਕੋਕੇਬਰੋਕ ਭਾਸ਼ਾ ਦੇ ਕਵੀ ਚੰਦਰ ਕਾਂਤ ਮੂਰਾ ਸਿੰਘ, ਮਰਾਠੀ ਕਵੀ ਅਨੂਪਮ ਉਜ਼ਗਾਰੇ, ਤੈਲਗੂ ਕਵੀ ਪਾਲ ਪਾਰਥੀ ਇੰਦਰਾਨੀ, ਉਰਦੂ ਕਵੀ ਸੀਨ ਕਾਫ ਨਿਸ਼ਾਨ, ਪੰਜਾਬੀ ਕਵੀ ਜਸਵੰਤ ਦੀਦ, ਵਨੀਤਾ ਅਤੇ ਨੀਤੂ ਅਰੋੜਾ ਨੇ ਆਪਣੀਆਂ ਟੈਗੋਰ ਨੂੰ ਸਮਰਪਤ ਕਵਿਤਾਵਾਂ ਪੜ੍ਹੀਆਂ। ਸੁਰਜੀਤ ਪਾਤਰ ਨੇ ਟੈਗੋਰ ਨੂੰ ਸਮਰਪਤ ਲੰਬੀ ਕਵਿਤਾ ਰਾਹੀਂ ਉਨ੍ਹਾਂ ਨੂੰ ਆਪਣੀ ਕਾਵਿਕ ਆਸਥਾ ਭੇਟ ਕੀਤੀ। ਇਸ ਮੌਕੇ ਡਾ. ਆਤਮਜੀਤ ਸਿੰਘ, ਪ੍ਰੋ. ਰਵਿੰਦਰ ਭੱਠਲ, ਪ੍ਰੋ. ਗੁਰਇਕਬਾਲ, ਸੁਰਿੰਦਰ ਰਾਮਪੁਰੀ, ਪ੍ਰਿੰਸੀਪਲ ਪ੍ਰੇਮ ਸਿੰਘ ਬਜਾਜ, ਨਿਰਮਲ ਜੌੜਾ, ਡਾ. ਗੁਲਜਾਰ ਪੰਧੇਰ, ਅਮਰਜੀਤ ਸਿੰਘ ਗਰੇਵਾਲ, ਜਨਮੇਜਾ ਜੌਹਲ, ਇੰਦਰਜੀਤ ਕੌਰ, ਬੁੱਧ ਸਿੰਘ ਨੀਲੋਂ, ਸੁਰਿੰਦਰ ਕੈਲੇ, ਸਰਦਾਰ ਪੰਛੀ, ਸ਼ਾਹ ਚਮਨ, ਡਾ. ਜਗਦੀਸ਼ ਕੌਰ, ਜਸਵਿੰਦਰ ਰੋਪੜ ਆਦਿ ਹਾਜ਼ਰ ਸਨ। ਡਾ. ਸਿਰਸਾ ਨੇ ਅੰਤ ਵਿਚ ਦਿੱਲੀ ਸਾਹਿਤ ਅਕਾਦਮੀ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਟੈਗੋਰ ਦੀਆਂ 12 ਕਿਤਾਬਾਂ 60 ਵਿਆਂ ਵਿਚ ਅਨੁਵਾਦ ਕਰਵਾ ਨੇ ਛਪਵਾ ਲਈਆਂ ਸਨ। ਉਨ੍ਹਾਂ ਨੂੰ ਦੁਬਾਰਾ ਪ੍ਰਕਾਸ਼ਨ ਲਈ ਦਿੱਲੀ ਅਕਾਦਮੀ ਨੇ ਤਿੰਨ ਲੱਖ ਰੁਪਏ ਗ੍ਰਾਂਟ ਦਿੱਤੀ ਹੈ। ਮੰਚ ਸੰਚਾਲਨ ਕਵੀ ਸਵਰਨਜੀਤ ਸਵੀ ਨੇ ਬਾਖੂਬੀ ਕੀਤਾ।
ਤਸਵੀਰਾਂ - ਕਾਫ਼ਲੇ ਵੱਲੋਂ ਦਮਨ, ਗੁਰਭਜਨ ਗਿੱਲ, ਅਤੇ ਤੇਜਵੰਤ ਗਿੱਲ ਨਾਲ਼ ਬੈਠਕ
ਫੋਟੋ ਨੂੰ ਵੱਡਾ ਕਰ ਕੇ ਦੇਖਣ ਲਈ ਉਸ ਉਪਰ ਕਲਿੱਕ ਕਰੋ |
Displaying 1-3 items.
ਕਾਫ਼ਲੇ ਵੱਲੋਂ ਦਮਨ, ਗੁਰਭਜਨ ਗਿੱਲ, ਅਤੇ ਤੇਜਵੰਤ ਗਿੱਲ ਨਾਲ਼ ਬੈਠਕ
ਕਾਫ਼ਲੇ ਵੱਲੋਂ ਦਮਨ, ਗੁਰਭਜਨ ਗਿੱਲ, ਅਤੇ ਤੇਜਵੰਤ ਗਿੱਲ ਨਾਲ਼ ਬੈਠਕ
ਥੀਏਟਰ ਹੀ ਸਮਾਜਿਕ ਜਾਗ੍ਰਿਤੀ ਪੈਦਾ ਕਰ ਸਕਦਾ: ਦਮਨ
ਟਰਾਂਟੋ:- (ਕੁਲਵਿੰਦਰ ਖਹਿਰਾ) 'ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ' ਵੱਲੋਂ 14 ਅਗਸਤ ਨੂੰ 'ਸੰਤ ਸਿੰਘ ਸੇਖੋਂ ਹਾਲ' ਵਿੱਚ ਇੱਕ ਵਿਸ਼ੇਸ਼ ਮਿਲਣੀ ਦੌਰਾਨ ਨਾਟਕਕਾਰ ਦਵਿੰਦਰ ਦਮਨ, ਗੁਰਭਜਨ ਗਿੱਲ, ਅਤੇ ਆਲੋਚਕ ਡਾæ ਤੇਜਵੰਤ ਗਿੱਲ ਨਾਲ਼ ਗੱਲਬਾਤ ਕੀਤੀ ਗਈ ਜਿਸ ਦੌਰਾਨ ਰੰਗ-ਮੰਚ ਅਤੇ ਸਾਹਿਤ ਦੇ ਆਪਸੀ ਸਬੰਧ, ਰੰਗ-ਮੰਚ ਦੀ ਸੀਮਾ, ਅਤੇ ਸੰਤ ਸਿੰਘ ਸੇਖੋਂ ਦੀ ਲੇਖਣੀ ਬਾਰੇ ਚਰਚਾ ਹੋਈ।
ਉੱਘੇ ਕਹਾਣੀਕਾਰ, ਡਾæ ਵਰਿਆਮ ਸੰਧੂ ਹੁਰਾਂ ਦੀ ਪਧਾਨਗੀ ਹੇਠ ਇਸ ਵਿਸ਼ੇਸ਼ ਮਿਲਣੀ ਦੀ ਸ਼ੁਰੂਆਤ ਉਨਟੈਰੀਓ ਪੰਜਾਬੀ ਥੀਏਟਰ ਦੇ ਮੋਢੀ, ਨਾਮਵਰ ਐਕਟਰ-ਡਾਇਰੈਕਟਰ, ਅਤੇ ਦਵਿੰਦਰ ਦਮਨ ਦੇ ਲੰਬੇ ਸਮੇਂ ਤੋਂ ਸਹਿਯੋਗੀ ਜਸਪਾਲ ਢਿੱਲੋਂ ਹੁਰਾਂ ਵਲੋਂ ਦਮਨ ਹੁਰਾਂ ਦੀ ਭਰਪੂਰ ਜਾਣ-ਪਛਾਣ ਨਾਲ ਹੋਈ। ਉਪਰੰਤ ਨਾਟਕ ਅਤੇ ਸਾਹਿਤ ਦੇ ਆਪਸੀ ਸਬੰਧ ਬਾਰੇ ਬੋਲਦਿਆਂ ਦਵਿੰਦਰ ਦਮਨ ਹੁਰਾਂ ਕਿਹਾ ਕਿ ਨਾਟਕ ਅਸਲ ਵਿੱਚ ਦ੍ਰਿਸ਼ ਸਾਹਿਤ ਹੈ। ਉਨ੍ਹਾਂ ਦੇ ਵਿਚਾਰ ਅਨੁਸਾਰ ਸਾਹਿਤ ਦੀ ਸ਼ੁਰੂਆਤ ਹੀ ਨਾਟਕ ਤੋਂ ਹੋਈ ਹੋਵੇਗੀ ਕਿਉਂਕਿ ਜਦੋਂ ਭਾਸ਼ਾ ਦੀ ਅਣਹੋਂਦ ਵਿੱਚ ਲੋਕ ਇੱਕ-ਦੂਸਰੇ ਨੂੰ ਆਪਣੀ ਗੱਲ ਸਮਝਾਉਂਦੇ ਹੋਣਗੇ ਤਾਂ ਜ਼ਰੂਰ ਅਦਾਕਾਰੀ ਰਾਹੀਂ ਹੀ ਸਮਝਾਉਂਦੇ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਵੀ ਨਾਟਕ ਸਿਰਜਣਾ ਲਈ ਬਹੁਤ ਸਾਰੇ ਸਾਹਿਤ (ਕਹਾਣੀ, ਕਵਿਤਾ, ਨਾਵਲ, ਆਦਿ) ਦੀ ਲੋੜ ਪੈਂਦੀ ਹੈ ਅਤੇ ਅਦਾਕਾਰੀ ਲਈ ਕਲਾਕਾਰ ਫਿਰ ਸ਼ਬਦਾਂ ਤੋਂ ਅਦਾਵਾਂ ਵੱਲ ਪਰਤਦਾ ਹੈ। ਉਨ੍ਹਾਂ ਕਿਹਾ ਕਿ ਜੇ ਨਿਰਦੇਸ਼ਕ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਸਕਰਿਪਟ ਦਾ ਸਹੀ ਅਨੁਵਾਦ ਨਹੀਂ ਕਰ ਸਕੇਗਾ ਅਤੇ ਜੇ ਅਦਾਕਾਰ ਨੇ ਸਾਹਿਤ ਨਹੀਂ ਪੜ੍ਹਿਆ ਹੋਵੇਗਾ ਤਾਂ ਉਹ ਕਿਰਦਾਰ ਨੂੰ ਸਹੀ ਰੂਪ ਵਿੱਚ ਨਿਭਾਉਣ ਵਿੱਚ ਕਾਮਯਾਬ ਨਹੀਂ ਹੋਵੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਹਰ ਵਿਅਕਤੀ ਜ਼ਿੰਦਗੀ ਦੇ ਵੱਖ ਵੱਖ ਤਜ਼ਰਬਿਆਂ ਨੂੰ ਹੰਢਾ ਨਹੀਂ ਸਕਦਾ ਪਰ ਉਨ੍ਹਾਂ ਦੇ ਅਨੁਭਵ ਨੂੰ ਸਾਹਿਤ ਵਿੱਚੋਂ ਹਾਸਿਲ ਕਰ ਸਕਦਾ ਹੈ ਜੋ ਉਸ ਵੱਲੋਂ ਕਿਸੇ ਕਿਰਦਾਰ ਦੇ ਵਰਤਾਰੇ ਨੂੰ ਸਮਝਣ ਵਿੱਚ ਸਹਾਈ ਹੋ ਸਕਦਾ ਹੈ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਹਰ ਚੋਰ-ਉਚੱਕਾ ਜਾਂ ਹਰ ਸ਼ਰਾਬੀ ਇੱਕੋ ਜਿਹਾ ਨਹੀਂ ਹੋ ਸਕਦਾ ਜਿਸ ਕਰਕੇ ਇਨ੍ਹਾਂ ਦੇ ਕਿਰਦਾਰ ਨੂੰ ਨਿਭਾਉਣ ਲਈ ਸੁਭਾਵਾਂ ਦਾ ਵਖਰੇਵਾਂ ਬਹੁਤ ਜ਼ਰੂਰੀ ਹੋਵੇਗਾ ਅਤੇ ਇਸ ਵਖਰੇਵੇਂ ਦਾ ਅਨੁਭਵ ਸਾਹਿਤ ਪੜ੍ਹ ਕੇ ਹੀ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇ ਕਹਿਣ ਅਨੁਸਾਰ, "ਜਦੋਂ ਤੱਕ ਅਦਾਕਾਰ ਅੰਦਰ ਸਾਹਿਤ ਜਜ਼ਬ ਨਹੀਂ ਹੋ ਜਾਂਦਾ ਉਦੋਂ ਤੱਕ ਉਹ ਕਿਰਦਾਰ ਨਾਲ਼ ਇਨਸਾਫ਼ ਹੀ ਨਹੀਂ ਕਰ ਸਕਦਾ।"
ਤਰਲੋਚਨ ਸਿੰਘ ਗਿੱਲ ਵੱਲੋਂ ਇਹ ਪੁੱਛੇ ਜਾਣ 'ਤੇ ਕਿ ਸਟੇਜ 'ਤੇ ਲੜਾਈ ਜਾਂ ਸਮੁੰਦਰ ਦੇ ਦ੍ਰਿਸ਼ ਨੂੰ ਕਿਵੇਂ ਨਿਭਾਇਆ ਜਾ ਸਕਦਾ ਹੈ, ਦੇ ਜਵਾਬ ਵਿੱਚ ਦਮਨ ਹੁਰਾਂ ਕਿਹਾ ਕਿ ਅਦਾਕਾਰ ਦਾ ਕੰਮ ਸ਼ਬਦਾਂ ਅਤੇ ਅਦਾਵਾਂ ਰਾਹੀਂ ਅਣਦਿੱਸਦੇ ਨੂੰ ਵਿਖਾਉਣਾ ਅਤੇ ਦ੍ਰਸ਼ਕ ਨੂੰ ਉਸ ਦਾ ਅਨੁਭਵ ਕਰਵਾਉਣਾ ਹੁੰਦਾ ਹੈ। ਜਦੋਂ ਅਦਾਕਾਰ ਸਟੇਜ 'ਤੇ ਆ ਕੇ ਕਿਸੇ ਅਣਦਿੱਸਦੀ ਚੀਜ਼ ਦਾ ਕਲਾਤਮਿਕ ਵਰਨਣ ਕਰਦਾ ਹੈ ਤਾਂ ਦਰਸ਼ਕ ਉਸ ਦੇ ਸ਼ਬਦਾਂ 'ਚੋਂ ਉਸ ਚੀਜ਼ ਦਾ ਅਨੁਭਵ ਹਾਸਿਲ ਕਰਦਾ ਹੈ। ਉਨ੍ਹਾਂ ਕਿਹਾ ਕਿ ਨਾਟਕ ਸੋਸ਼ਲ ਜਾਗ੍ਰਿਤੀ ਪੈਦਾ ਕਰਨ ਲਈ ਸਭ ਤੋਂ ਕਾਰਗਰ ਤਰੀਕਾ ਹੈ, ਇਸੇ ਕਰਕੇ ਹੀ ਇਸ ਨੂੰ ਦਬਾਇਆ ਜਾ ਰਿਹਾ ਹੈ ਜਦਕਿ ਰੂਸ ਨੇ ਹਮੇਸ਼ਾਂ ਹੀ ਨਾਟਕ ਨੂੰ ਉਤਸ਼ਾਹਿਤ ਕੀਤਾ ਹੈ।
'ਪੰਜਾਬੀ ਸਾਹਿਤ ਅਕੈਡਮੀ' ਦੇ ਪ੍ਰਧਾਨ ਗੁਰਭਜਨ ਗਿੱਲ ਨੇ, ਸਾਹਿਤ ਅਕਾਦਮੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਦਵਿੰਦਰ ਦਮਨ ਹੁਰਾਂ ਦੇ ਸੰਬੋਧਨ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ 1910 'ਚ ਨੌਰਾ ਰਿਚਰਡ ਵੱਲੋਂ ਖੇਡੇ ਗਏ ਪੰਜਾਬੀ ਦੇ ਪਹਿਲੇ ਨਾਟਕ ਦੀ ਬਦੌਲਤ ਹੀ ਪੰਜਾਬੀ ਨਾਟਕ ਨੇ ਨੰਦਾ ਤੋਂ ਲੈ ਕੇ ਪਾਲੀ ਭੁਪਿੰਦਰ ਤੱਕ ਦਾ ਸਫ਼ਰ ਕੀਤਾ ਹੈ। ਸਾਹਿਤ ਅਕੈਡਮੀ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਅਫ਼ਸੋਸ ਦੀ ਗੱਲ ਹੈ ਕਿ ਜੋ ਸਾਹਿਤਕਾਰ ਸਾਰੀ ਉਮਰ ਆਪਣਾ ਸਿਰ ਨੀਵਾਂ ਨਹੀਂ ਹੋਣ ਦਿੰਦੇ ਅਤੇ ਆਪਣੀ ਸਾਰੀ ਜ਼ਿੰਦਗੀ ਸਾਹਿਤ ਦੇ ਲੇਖੇ ਲਾ ਜਾਂਦੇ ਹਨ ਉਹ ਆਪਣੀ ਉਮਰ ਦੇ ਆਖਰੀ ਦਿਨਾਂ ਵਿੱਚ ਲਾਚਾਰ ਹੋ ਕੇ ਰਹਿ ਜਾਂਦੇ ਹਨ ਅਤੇ ਅਸੀਂ ਵੀ ਉਨ੍ਹਾਂ ਦੀ ਮਦਦ ਦੀ ਉਨ੍ਹਾਂ ਹੀ ਸਰਕਾਰਾਂ ਤੋਂ ਆਸ ਕਰਨ ਲੱਗ ਪੈਂਦੇ ਹਾਂ ਜਿਨ੍ਹਾਂ ਖਿਲਾਫ ਲੜਦਿਆਂ ਲੇਖਕਾਂ ਨੇ ਜ਼ਿੰਦਗੀ ਲੰਘਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਲੋੜਵੰਦ ਲੇਖਕਾਂ ਦੀ ਸਾਂਭ-ਸੰਭਾਲ਼ ਲਈ ਬੀਮੇ ਕਰਵਾ ਸਕੀਏ ਜੋ ਕਿ ਬਹੁਤ ਹੀ ਘੱਟ ਰਕਮ ਨਾਲ਼ ਹੋ ਸਕਦੇ ਹਨ। ਉਨ੍ਹਾਂ ਨੇ ਭਾਸ਼ਾ ਨੂੰ ਵਿਹਾਰ ਤੋਂ ਵਕਾਰ ਦੀ ਭਾਸ਼ਾ ਬਣਾਉਣ ਵੱਲ ਵੀ ਜ਼ੋਰ ਦਿੱਤਾ ਤਾਂ ਜੋ ਭਾਸ਼ਾ ਨੂੰ ਮਰਨੋਂ ਬਚਾਇਆ ਜਾ ਸਕੇ।
ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੰਗ੍ਰੇਜ਼ੀ ਪੜ੍ਹਾਉਂਦੇ ਰਹੇ ਪੰਜਾਬੀ ਆਲੋਚਕ ਡਾæਤੇਜਵੰਤ ਗਿੱਲ ਹੁਰਾਂ ਨੇ ਕਿਹਾ ਕਿ ਅੱਜ ਦੇ ਯੁਗ ਵਿੱਚ ਆਪਣੀ ਪਛਾਣ ਕਾਇਮ ਰੱਖਣ ਲਈ ਸਾਹਿਤ ਅਤੇ ਭਾਸ਼ਾ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਸਾਹਿਤ ਅਜਿਹਾ ਹੋਣਾ ਚਾਹੀਦਾ ਹੈ ਜੋ ਸਮੇਂ ਦੇ ਜੀਵਨ ਨੂੰ ਉੱਤਰਦਾਇਕ ਹੁੰਦਾ ਹੋਇਆ ਭਵਿੱਖ ਦੀ ਸੂਝ ਪੇਸ਼ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਅਚੇਤ ਰੂਪ ਵਿੱਚ ਭਾਈ ਵੀਰ ਸਿੰਘ, ਪੂਰਨ ਸਿੰਘ, ਅਤੇ ਧਨੀ ਰਾਮ ਚਾਤ੍ਰਿਕ ਦੀ ਰਚਨਾ ਵਿੱਚੋਂ ਵੀ ਪ੍ਰਤੀਕ੍ਰਮ ਵਿਖਾਈ ਦਿੰਦਾ ਸੀ ਪਰ ਸੁਚੇਤ ਰੂਪ ਵਿੱਚ ਇਸ ਦੀ ਸ਼ੁਰੂਆਤ 1930 ਤੋਂ ਸੰਤ ਸਿੰਘ ਸੇਖੋਂ ਦੀ ਅਗਵਾਈ ਵਿੱਚ ਹੋਈ ਜਿਸ ਨੂੰ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋæ ਮੋਹਨ ਸਿੰਘ ਨੇ ਅੱਗੇ ਤੋਰਿਆ। ਉਨ੍ਹਾਂ ਕਿਹਾ ਕਿ ਸੰਤ ਸਿੰਘ ਸੇਖੋਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਪੁਰਾਣਾ ਸਾਹਿਤ ਕਿਵੇਂ ਪੜ੍ਹਨਾ ਚਾਹੀਦਾ ਹੈ ਅਤੇ ਉਸ ਵਿੱਚੋਂ ਕੀ ਗਹ੍ਰਿਣ ਕਰਕੇ ਆਪਣੀ ਸਾਹਿਤ ਰਚਨਾ ਲਈ ਵਰਤਣਾ ਚਾਹੀਦਾ ਹੈ ਅਤੇ ਕਿਸ ਨੂੰ ਅਣਗੌਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੇਖੋਂ ਹੁਰਾਂ ਨੇ ਹਮੇਸ਼ਾਂ ਹਰ ਰਚਨਾ 'ਚੋਂ ਅਜਿਹਾ ਅੰਸ਼ ਵੇਖਣ ਦੀ ਕੋਸ਼ਿਸ਼ ਕੀਤੀ ਜੋ ਸਾਡੀ ਸੋਚ ਨੂੰ ਉਭਾਰ ਸਕੇ। ਡਾæ ਗਿੱਲ ਹੁਰਾਂ ਕਿਹਾ ਕਿ ਭਾਵੇਂ ਕਿਸੇ ਵੀ ਸੰਸਥਾ ਵੱਲੋਂ ਸੇਖੋਂ ਦੇ ਨਾਂ 'ਤੇ ਕੋਈ ਚੇਅਰ ਜਾਂ ਇਨਾਮ ਦੀ ਸਥਾਪਨਾ ਨਹੀਂ ਕੀਤੀ ਗਈ ਪਰ ਜੋ ਸਥਾਨ ਉਨ੍ਹਾਂ ਨੇ ਪੰਜਾਬੀ ਸਾਹਿਤ ਵਿੱਚ ਪ੍ਰਾਪਤ ਕੀਤਾ ਹੈ ਉਹ ਉਨ੍ਹਾਂ ਤੋਂ ਪਹਿਲੇ ਕਿਸੇ ਸਾਹਿਤਕਾਰ ਨੂੰ ਹਾਸਿਲ ਨਹੀਂ ਹੋਇਆ।
ਅਜੋਕੀ ਆਲੋਚਨਾ ਬਾਰੇ ਕੁਲਜੀਤ ਮਾਨ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡਾæ ਗਿੱਲ ਨੇ ਕਿਹਾ ਕਿ ਆਲੋਚਨਾ ਦਾ ਸਾਹਿਤ ਵਿਚਲੇ ਮੂਲ਼ ਮੁੱਦਿਆਂ ਨਾਲ਼ੋਂ ਟੁੱਟਣ ਦਾ ਸਰੋਕਾਰ ਕੋਈ 25-30 ਸਾਲ ਪਹਿਲਾਂ ਡਾæ ਹਰਿਭਜਨ ਸਿੰਘ ਰਾਹੀਂ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਅੱਜ ਦੇ ਮੰਡੀਕਰਨ ਵਿੱਚ ਇਹ ਰੁਝਾਨ ਏਨਾ ਵਧ ਗਿਆ ਹੈ ਕਿ ਰਾਤੋ-ਰਾਤ ਇੱਕੋ ਹੀ ਕਿਤਾਬ ਅਰਸ਼ੋਂ ਫ਼ਰਸ਼ ਤੱਕ ਦਾ ਸਫ਼ਰ ਕਰ ਜਾਂਦੀ ਹੈ, ਭਾਵ ਜੋ ਕਿਤਾਬ ਇੱਕ ਦਿਨ ਪਹਿਲਾਂ ਅਸਮਾਨੀ ਚਾੜ੍ਹੀ ਗਈ ਹੁੰਦੀ ਹੈ ਅਗਲੇ ਦਿਨ ਉਹੀ ਕਿਤਾਬ ਪੂਰੀ ਤਰ੍ਹਾਂ ਰੱਦ ਵੀ ਕਰ ਦਿੱਤੀ ਜਾਂਦੀ ਹੈ।
ਮੀਟਿੰਗ ਵਿੱਚ ਸ਼ਾਮਿਲ ਉਨਟਾਰੀਓ ਦੀ ਮੌਜੂਦਾ ਸਰਕਾਰ ਦੇ ਮੈਂਬਰ ਡਾæ ਕੁਲਦੀਪ ਕੁਲਾਰ ਨੇ ਸਮੁੱਚੇ ਲੇਖਕਾਂ ਬਾਰੇ ਕਿਹਾ ਕਿ ਜਦੋਂ ਵੀ ਉਹ ਕੋਈ ਹੰਭਲ਼ਾ ਮਾਰਦੇ ਹਨ ਤਾਂ ਝੱਟ ਸਰਕਾਰਾਂ ਦੇ ਮੂੰਹ ਵੱਲ ਝਾਕਣ ਲੱਗ ਪੈਂਦੇ ਹਨ ਕਿ ਸਰਕਾਰ ਉਨ੍ਹਾਂ ਦੀ ਮਦਦ ਕਰੇ। ਉਨ੍ਹਾਂ ਕਿਹਾ ਕਿ ਸਰਕਾਰਾਂ ਲੋਕਾਂ ਕੋਲ਼ੋਂ ਟੈਕਸ ਦੇ ਰੂਪ ਵਿੱਚ ਪੈਸੇ ਲੈਂਦੀਆਂ ਹਨ ਅਤੇ ਆਪਣੀਆਂ ਪਰਾਈਔਰਿਟੀਜ਼ (ਪਹਿਲ) ਸੈੱਟ ਕਰਦੀਆਂ ਹਨ ਪਰ ਨਾਟਕ ਅਜੇ ਏਨਾ ਵਧੀਆ ਨਹੀਂ ਬਣ ਸਕਿਆ ਕਿ ਇਸ ਨੂੰ ਪਰਾਈਔਰਿਟੀ ਦਿੱਤੀ ਜਾ ਸਕੇ। ਉਨ੍ਹਾਂ ਸਲਾਹ ਦਿੱਤੀ ਕਿ ਰਲ਼ ਕੇ ਹੰਭਲ਼ਾ ਮਾਰਦੇ ਰਹੋ, ਜਦੋਂ ਕਦੇ ਪੈਰਾਡਾਇਮ (ਵਿਚਾਰਧਾਰਕ) ਸ਼ਿਫਟ ਆਈ ਤਾਂ ਜ਼ਰੂਰ ਕਾਮਯਾਬੀ ਮਿਲ਼ੇਗੀ। ਇਸ ਦੇ ਜਵਾਬ ਵਿੱਚ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਸਰਕਾਰ ਦੀਆਂ ਨਜ਼ਰਾਂ ਵਿੱਚ ਅਸੀਂ ਤਦ ਹੀ "ਵਧੀਆ" ਹੋ ਸਕਾਂਗੇ ਜੇ ਆਪਣੀ ਜ਼ਮੀਰ ਨੂੰ ਮਾਰ ਕੇ ਸਰਕਾਰ ਦੀ ਬੋਲੀ ਬੋਲਣ ਲੱਗ ਜਾਵਾਂਗੇ। ਉਸ ਨੇ ਕਿਹਾ ਕਿ ਇੱਕ ਸੱਚੇ ਲੇਖਕ ਦਾ ਧਰਮ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਨਾ ਹੈ ਅਤੇ ਜੇ ਲੋਕ-ਹੱਕਾਂ ਦੀ ਗੱਲ ਕਰਦਿਆਂ ਕੋਈ ਸਰਕਾਰ ਸਾਡੀ ਮਾਲੀ ਮਦਦ ਨਹੀਂ ਕਰਦੀ ਤਾਂ ਸਾਨੂੰ ਇਸ ਗੱਲ ਦੀ ਪ੍ਰਵਾਹ ਨਹੀਂ ਹੋਣੀ ਚਾਹੀਦੀ ਸਗੋਂ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਹੈ ਕਿ ਸਾਡੇ ਲਈ ਸਰਕਾਰੀ ਗ੍ਰਾਂਟਾਂ ਨਾਲ਼ੋਂ ਲੋਕ-ਹੱਕਾਂ ਲਈ ਜੂਝਣਾ ਵੱਧ ਮਹੱਤਤਾ ਰੱਖਦਾ ਹੈ।
ਆਪਣੇ ਪ੍ਰਧਾਨਗੀ ਸੰਬੋਧਨ ਦੌਰਾਨ ਡਾæ ਵਰਿਆਮ ਸੰਧੂ ਹੁਰਾਂ ਨੇ ਅਪਣੇ ਵਿਸ਼ੇਸ਼ ਅੰਦਾਜ਼ ਵਿੱਚ ਸਮੁੱਚੇ ਸਮਾਗਮ ਬਾਰੇ ਕੁੰਜੀਵਤ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਦਵਿੰਦਰ ਦਮਨ ਵਲੋਂ ਰੰਗਮੰਚ ਅਤੇ ਸਾਹਿਤ ਬਾਰੇ ਪੇਸ਼ ਕੀਤੇ ਗਏ ਵਿਚਾਰਾਂ ਦੀ ਭਰਪੂਰ ਪ੍ਰੋੜਤਾ ਕਰਦਿਆਂ ਐਸੀ ਮਿਆਰੀ ਗੱਲਬਾਤ ਦਾ ਮੌਕਾ ਪੈਦਾ ਕਰਨ ਲਈ ਕਾਫ਼ਲੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਮੀਟਿੰਗ ਕਲਾਤਮਿਕ ਸੋਚ ਅਤੇ ਫਿਕਰ ਦੇ ਪੱਧਰ ਨੂੰ ਬਹੁਪੱਖੀ ਸੂਝ ਨਾਲ ਅਮੀਰ ਕਰਨ ਵਾਲੀ ਹੈ। ਗੁਰਭਜਨ ਗਿੱਲ ਵਲੋਂ 'ਸਬਦ ਸਭਿਆਚਾਰ' ਦੇ ਪ੍ਰਸੰਗ 'ਚ ਪੇਸ਼ ਕੀਤੇ ਵਿਚਾਰਾਂ ਅਤੇ ਉਸ ਦੀ ਸਥਾਪਤੀ ਲਈ ਸੁਝਾਏ 'ਸਾਹਿਤ ਅਕੈਡਮੀ' ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਹਨਾਂ ਨੇ ਮੀਟਿੰਗ 'ਚ ਹਾਜ਼ਰ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਐਸੇ ਉਪਰਾਲਿਆਂ ਵਿੱਚ ਭਰਪੂਰ ਯੋਗਦਾਨ ਪਾਉਣ ਦੀ ਅਪੀਲ ਕੀਤੀ। ਡਾæ ਤੇਜਵੰਤ ਗਿੱਲ ਦੇ ਵਿਚਾਰਾਂ ਬਾਰੇ ਬੋਲਦਿਆਂ ਡਾæ ਸੰਧੂ ਨੇ ਸੰਤ ਸਿੰਘ ਸੇਖੋਂ ਦੀਆਂ ਕਈ ਚਰਚਿਤ ਰਚਨਾਵਾਂ 'ਚੋਂ ਹਵਾਲੇ ਦੇ ਕੇ ਕਿਹਾ ਕਿ ਸੰਤ ਸਿੰਘ ਸੇਖੋਂ ਪੰਜਾਬੀ ਦਾ ਅਜਿਹਾ ਵਿਦਵਾਨ ਸੀ ਜੋ ਆਪਣੇ ਵਿਚਾਰਾਂ ਨਾਲ਼ ਤੁਹਾਡੇ ਮਨ ਅੰਦਰ ਬੌਧਿਕ ਲਿਸ਼ਕ ਦੇ ਚੰਗਿਆੜੇ ਪੈਦਾ ਕਰਦਾ ਸੀ। ਸੰਤ ਸਿੰਘ ਸੇਖੋਂ ਦੀ ਪੰਜਾਬੀ ਸਾਹਿਤ ਅਤੇ ਆਲੋਚਨਾ ਨੂੰ ਬੁੱਧੀਮਾਨ ਲੇਖਕ ਵਜੋਂ ਦਿੱਤੀ ਦੇਣ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਆਪਣੇ ਨਾਟਕਾਂ ਵਿਚ ਇਤਿਹਾਸ ਤੇ ਮਿਥਿਹਾਸ ਨੂੰ ਪੁਨਰ ਸਿਰਜਿਤ ਕਰਦਿਆਂ ਜੀਵਨ ਨੂੰ ਨਵੇਂ ਤੇ ਵੱਖਰੇ ਰੰਗਾਂ ਤੇ ਕੋਨਾਂ ਤੋਂ ਵੇਖਣ ਦੀ ਪਿਰਤ ਪਾਈ। ਉਨ੍ਹਾਂ ਕਿਹਾ ਕਿ ਨਿੱਜੀ ਪੱਧਰ ਤੇ ਵੀ ਸੇਖੋਂ ਦੀ ਸਖਸ਼ੀਅਤ ਅਜਿਹੀ ਸੀ ਕਿ ਜਿੱਥੇ ਉਹ ਜਾਦੇ ਸਨ ਇਕੱਠ 'ਚ ਖੇੜਾ ਆ ਜਾਂਦਾ ਸੀ ਅਤੇ ਉਹਨਾਂ ਦੀ ਸੰਗਤ ਕਰਨ ਵਾਲੇ ਉਹਨਾ ਦੇ ਬੌਧਿਕ ਨਿੱਘ ਦੇ ਨਾਲ ਨਾਲ ਉਹਨਾਂ ਦੀ ਖੂਬਸੂਰਤ ਸ਼ਖਸੀਅਤ ਦੇ ਨਿੱਘ ਨੂੰ ਵੀ ਮਾਣਦੇ ਸਨ। ਸੇਖੋਂ ਹੁਰਾਂ ਦੀ ਪ੍ਰਗਤੀਸ਼ੀਲ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਸੇਖੋਂ ਨੇ ਸਿਰਫ਼ ਲਿਖਿਆ ਹੀ ਨਹੀਂ ਸਗੋਂ ਹਰ ਅਗਾਂਹਵਧੂ ਘੋਲ਼ 'ਚ ਆਗੂ ਦਾ ਰੋਲ ਵੀ ਨਿਭਾਇਆ। ਡਾæ ਵਰਿਆਮ ਸਿੰਘ ਸੰਧੂ ਹੁਰਾਂ ਨੇ ਜਿੱਥੇ ਤਿੰਨਾਂ ਬੁਲਾਰਿਆਂ ਦੇ ਕਹੇ ਤੇ ਕੀਤੇ ਨੂੰ ਸਲਾਹਿਆ ਓਥੇ ਸੰਵਾਦ ਵਿਚ ਉੱਠੇ ਨੁਕਤਿਆਂ 'ਤੇ ਚਰਚਾ ਕਰਦਿਆਂ ਕਿਹਾ ਕਿ ਕਲਾ ਅਤੇ ਸਾਹਿਤ ਦਾ ਖਾਸਾ ਤੇ ਖ਼ਮੀਰ ਸਦਾ ਸਥਾਪਤੀ ਵਿਰੋਧੀ ਹੋਣ ਕਰਕੇ ਇਹਨਾਂ ਨੂੰ ਪ੍ਰੋਤਸਾਹਨ ਦੇਣਾ ਕਦੀ ਵੀ ਸਰਕਾਰਾਂ ਦੀ ਪਹਿਲ ਨਹੀਂ ਹੁੰਦੀ।
ਉਂਕਾਰਪ੍ਰੀਤ ਦੀ ਸੰਚਾਲਨਾ ਹੇਠ ਹੋਈ ਇਸ ਭਾਵਪੂਰਤ ਮੀਟਿੰਗ ਵਿੱਚ ਕੋਈ 50 ਦੇ ਕਰੀਬ ਸਾਹਿਤ ਪ੍ਰੇਮੀਆਂ, ਕਲਾਕਾਰਾਂ, ਲੇਖਕਾਂ ਅਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ ਜਿਸ ਦੌਰਾਨ ਜਗਮੋਹਨ ਸੇਖੋਂ ਵੱਲੋਂ ਕਾਫ਼ਲੇ ਦੀ ਲਾਇਬਰੇਰੀ ਵਾਸਤੇ ਸੰਤ ਸਿੰਘ ਸੇਖੋਂ ਦੀਆਂ ਕਿਤਾਬਾਂ ਦਾ ਸੈੱਟ ਭੇਂਟ ਕੀਤਾ ਗਿਆ ਅਤੇ ਪ੍ਰੀਤਮ ਧੰਜਲ ਵੱਲੋਂ ਆਪਣੀਆਂ ਨਵੀਆਂ ਆਈਆਂ ਇਲੈਕਟ੍ਰੌਨਿਕ ਕਿਤਾਬਾਂ ('ਨ੍ਹੇਰਾ ਅਤੇ ਕਪਨ) ਡਾæ ਗਿੱਲ ਅਤੇ ਦਵਿੰਦਰ ਦਮਨ ਨੂੰ ਭੇਂਟ ਕੀਤੀਆਂ ਗਈਆਂ। ਚਾਹ-ਪਾਣੀ ਦੀ ਸੇਵਾ ਜਗਮੋਹਨ ਸੇਖੋਂ ਅਤੇ ਉਸ ਦੇ ਸਟਾਫ਼ ਵੱਲੋਂ ਕੀਤੀ ਗਈ
ਤਸਵੀਰਾਂ - ਵੱਖ-ਵੱਖ ਵਿਸ਼ਿਆਂ ਨੂੰ ਛੋਂਹਦਾ ਹੋਇਆ ਕੱਟੜਵਾਦ ਨੂੰ ਭੰਡਦਾ ਹੈ ਹਰਬੰਸ ਸਿੰਘ ਜਗਿਆਸੂ ਦਾ ਪਲੇਠਾ ਕਾਵਿ –ਸੰਗ੍ਰਿਹ ‘ਜਗਿਆਸਾ’
ਫੋਟੋ ਨੂੰ ਵੱਡਾ ਕਰ ਕੇ ਦੇਖਣ ਲਈ ਉਸ ਉਪਰ ਕਲਿੱਕ ਕਰੋ |
Displaying 1-3 items.
ਵੱਖ-ਵੱਖ ਵਿਸ਼ਿਆਂ ਨੂੰ ਛੋਂਹਦਾ ਹੋਇਆ ਕੱਟੜਵਾਦ ਨੂੰ ਭੰਡਦਾ ਹੈ ਹਰਬੰਸ ਸਿੰਘ ਜਗਿਆਸੂ ਦਾ ਪਲੇਠਾ ਕਾਵਿ –ਸੰਗ੍ਰਿਹ ‘ਜਗਿਆਸਾ’ ।
ਬੀਤੇ ਦਿਨੀ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਬੇਅ-ਏਰੀਆ ਇਕਾਈ (ਰਜਿ.) ਵਲੋਂ ਇਕ ਸਾਹਿਤਕ ਮਿਲਣੀ ਆਯੋਜਿਤ ਕੀਤੀ ਗਈ। ਜਿਸ ਵਿਚ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਦੇ ਯੂੁਬਾ ਸਿਟੀ / ਸੈਕਰਾਮੈਂਟੋ ਦੇ ਪ੍ਰਧਾਨ ਹਰਬੰਸ ਸਿੰਘ ਜਗਿਆਸੂ ਦੇ ਪਲੇਠੇ ਕਾਵਿ-ਸੰਗ੍ਰਿਹ ‘ਜਗਿਆਸਾ’ ੳੁੱਤੇ ਗੋਸ਼ਟੀ ਕਰਵਾਈ ਗਈ। ਇਸ ਸਮਂੇ ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ਵਿਚ ਰਬਿੰਦਰ ਸਿੰਘ ਅਟਵਾਲ, ਬਖ਼ਸ਼ੀਸ਼ ਕੌਰ ਸੰਧੂ, ਹਰਭਜਨ ਸਿੰਘ ਢਿੱਲੋਂ ਅਤੇ ਬੇਅ-ਏਰੀਆ ਯੂਨਿਟ ਦੇ ਪ੍ਰਧਾਨ ਤਾਰਾ ਸਿੰਘ ਸਾਗਰ ਸ਼ਾਮਿਲ ਹੋਏ। ਸਭ ਤੋਂ ਪਹਿਲਾਂ ਹਰਬੰਸ ਸਿੰਘ ਹੁਰੀਂ ਰਸਮੀ ਤੌਰ ਤੇ ਆਪਣੇ ਇਸ ਕਾਵਿ-ਸੰਗ੍ਰਿਹ ਵਿਚੋਂ ਇਕ ਗਜ਼ਲ ਪੜ੍ਹ ਕੇ ਸੁਣਾਈ। ਡਾ. ਅਮਰੀਕ ਸਿੰਘ ਜੀ ਨੇ ‘ਜਗਿਆਸਾ’ ਕਿਤਾਬ ਬਾਰੇ ਆਪਣਾ ਲਿਖਿਆ ਪੇਪਰ ਬਹੁਤ ਸੀ ਸਰਲ, ਸਪੱਸ਼ਟ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੜ੍ਹਦੇ ਹੋਏ ਕਿਹਾ ਕਿ ਵਾਕਿਆ ਹੀ ਇਸ ਕਿਤਾਬ ਵਿਚ ਜਗਿਆਸੂ ਸਾਹਿਬ ਦੀ ਹੋਰ, ਪਰ੍ਹੇ ਹੋਰ-ਹੋਰ ਜਾਣਨ ਦੀ ਪ੍ਰਬਲ ਜਗਿਆਸਾ ਦਿਖਾਈ ਦਿੰਦੀ ਹੈ। ਕਿਸੇ ਵੀ ਕਾਵਿ ਵੰਨਗੀ ਵਿਚ ਜਗਿਆਸਾ ਤੋਂ ਬਿਨਾ ਕਵਿਤਾ ਮਹਿਜ਼ ਤੁਕ ਬੰਦੀ ਦਾ ਜੋੜ-ਤੋੜ ਹੀ ਬਣ ਕੇ ਰਹਿ ਜਾਂਦੀ ਹੈ। ਬਹੁਤ ਹੀ ਸੁਚੱਜੇ ਢੰਗ ਨਾਲ ਜ਼ਿੰਦਗੀ ਅਤੇ ਮੌਤ ਦੀ ਸਚਾਈ ਨੂੰ ਪ੍ਰਵਾਨਣਾ, ਵੱਖ-ਵੱਖ ਵਿਸ਼ਿਆਂ ਨੂੰ ਛੋਹ ਕੇ ਲਿਖਣਾ ਅਤੇ ਕੱਟੜਵਾਦ ਨੂੰ ਭੰਡਣਾ ਇਸ ਪੁਸਤਕ ਵਿਚਲੀਆਂ ਖਾਸ ਵਿਸ਼ੇਸ਼ਤਾਈਆਂ ਹਨ।
ਪੇਪਰ ਪੜ੍ਹਨ ਉਪਰੰਤ ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਰਬਜੀਤ ਕੌਰ ਚੀਮਾ ਜੀ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਿਲ ਹੋਏ। ਦੋਵਾਂ ਨੇ ਹੀ ਡਾ. ਅਮਰੀਕ ਸਿੰਘ ਦਾ ਇਸ ਵਿਲੱਖਣ ਪੇਪਰ ਨੂੰ ਲਿਖਣ ‘ਤੇ ਪੜ੍ਹਨ ਲਈ ਧੰਨਵਾਦ ਕੀਤਾ। ਕੁਲਦੀਪ ਸਿੰਘ ਧਾਲੀਵਾਲ ਨੇ ਜਗਿਆਸੂ ਜੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਪੁਸਤਕ ਨੂੰ ਮੇਰੀ ਬੇਟੀ ਨੇ ਵੀ ਪੜ੍ਹਿਆ ਹੈ।ਉਨ੍ਹਾਂ ਆਖਿਆ ਕਿ ਇਕ ਚੰਗਾ ਸਾਹਿਤ ਉਹੀ ਜਾਣਿਆਂ ਜਾਂਦਾ ਹੈ ਜਿਸ ਨੂੰ ਕਿ ਇਕ ਬੱਚਾ ਵੀ ਸੌਖਿਆਂ ਹੀ ਸਮਝ ਲਵੇ ਅਤੇ ਵਿਦਵਾਨ ਲੋਕ ਵੀ ਪੜ੍ਹ-ਘੋਖ ਕੇ ਕੁੱਝ ਲਾਹਾ ਲੈ ਸਕਣ। ਇਸ ਉਪਰੰਤ ਕਮਲ ਬੰਗਾ, ਪਰਮਿੰਦਰ ਸਿੰਘ ਪਰਵਾਨਾ, ਜਯੋਤੀ ਸਿੰਘ, ਕੁਲਦੀਪ ਸਿੰਘ ਢੀਂਡਸਾ, ਸੁਰਜੀਤ ਸਿੰਘ ਨੰਨੂਆਂ, ਬਖ਼ਸ਼ੀ ਸੰਧੂ, ਹਰਭਜਨ ਸਿੰਘ ਢਿੱਲੋਂ, ਰਾਬਿੰਦਰ ਸਿੰਘ ਅਟਵਾਲ ਅਤੇ ਤਾਰਾ ਸਿੰਘ ਸਾਗਰ ਨੇ ਵੀ ਆਪੋ-ਆਪਣੇ ਕੀਮਤੀ ਵਿਚਾਰ ‘ਤੇ ਸੁਝਾ ਬਹੁਤ ਸੁੱਚਜੇ ਢੰਗ ਨਾਲ ਪੇਸ਼ ਕੀਤੇ। ਸ਼ਿਰੋਮਣੀ ਕਵੀ ਆਜ਼ਾਦ ਜਲੰਧਰੀ ਜੀ ਨੇ ‘ਜਗਿਆਸਾ’ ਬਾਰੇ ਲਿਖੀ ਆਪਣੀ ਗਜ਼ਲ ਪੜ੍ਹ ਕੇ ਮਹੌਲ ਨੂੰ ਹੋਰ ਵੀ ਰੌਚਿਕ ਬਣਾ ਦਿੱਤਾ। ਇਸ ਸੈਸ਼ਨ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੀਲਮ ਸੈਣੀ ਨੇ ਨਿਭਾਈ। ਦੂਸਰੇ ਸੈਸ਼ਨ ਵਿਚ ਰੰਗਾ-ਰੰਗ ਕਵੀ ਦਰਬਾਰ ਸ਼ੁਰੂ ਕੀਤਾ ਗਿਆ। ਇਸ ਵਾਰ ਪ੍ਰਧਾਨਗੀ ਮੰਡਲ ਵਿਚ ਡਾ. ਅਮਰੀਕ ਸਿੰਘ, ਹਰਬੰਸ ਸਿੰਘ ਜਗਿਆਸੂ, ਆਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ ਸੁਸ਼ੋਭਿਤ ਸਨ। ਕਮਲ ਬੰਗਾ, ਸੁਰਜੀਤ ਸਿੰਘ ਨੰਨੂਆ, ਡਾ. ਬਰਸਾਲ, ਹਰਭਜਨ ਢਿੱਲੋਂ, ਜਯੋਤੀ ਸਿੰਘ, ਆਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਪਰਮਿੰਦਰ ਸਿੰਘ ਪਰਵਾਨਾ, ਜਗਤਾਰ ਸਿੰਘ, ਡਾ. ਅਮਰੀਕ ਸਿੰਘ, ਮੱਖਣ ਲੁਹਾਰ, ਕੁਲਦੀਪ ਸਿੰਘ ਢੀਂਡਸਾ, ਨੀਲਮ ਸੈਣੀ, ਮੇਜਰ ਭੁਪਿੰਦਰ ਦਲੇਰ, ਗੁਰਦੇਵ ਸਿੰਘ ਘਣਗਸ, ਹਰਸਿਮਰਤ ਕੌਰ, ਮਾਸਟਰ ਰਿੰਕੂ, ਗਿਆਨ ਸਿੰਘ ਅਤੇ ਤਾਰਾ ਸਿੰਘ ਸਾਗਰ ਨੇ ਨਜ਼ਮਾਂ, ਗੀਤਾਂ ਅਤੇ ਗਜ਼ਲਾਂ ਦੀ ਛਹਿਬਰ ਲਾਈ । ਇਸ ਸੈਸ਼ਨ ਦਾ ਮੰਚ ਸੰਚਾਲਨ ਮੇਜਰ ਭੁਪਿੰਦਰ ਸਿੰਘ ਦਲੇਰ ਨੇ ਬਾਖ਼ੂਬੀ ਨਿਭਾਇਆ। ਇਸ ਗੋਸ਼ਟੀ ਅਤੇ ਕਵੀ ਦਰਬਾਰ ਵਿਚ ਪ੍ਰੇਮ ਕੁਮਾਰ ਚੁੰਬਰ ( ਅੰਬੇਦਕਰ ਟਾਈਮਜ਼), ਅਜੀਤ ਕੌਰ, ਸੁਦੇਸ਼ ਅਟਵਾਲ, ਦਲਵੀਰ ਸਿੰਘ, ਅਮਰਜੀਤ ਕੌਰ ਢੀਂਡਸਾ, ਗੁਰਦੇਵ ਸਿੰਘ ਸਮਰਾ, ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਕੌਰ ਮੰਡ, ਮਲਵਿੰਦਰ ਸਿੰਘ ਮੰਡ, ਲਾਜ ਸੈਣੀ, ਅਭੀਤਾਬ ਸੈਣੀ ਅਤੇ ਅਕਾਸ਼ ਸਮੇਤ ਸੱਠ ਦੀ ਗਿਣਤੀ ਤੋਂ ਉੱਪਰ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।
ਰਿਪੋਰਟ: ਨੀਲਮ ਸੈਣੀ, ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆਂ ਬੇਅ ਏਰੀਆ ਇਕਾਈ (ਰਜਿ.)
ਇਸ ਰਚਨਾ ਬਾਰੇ ਆਪਣੇ ਵਿਚਾਰ ਦਵੋ
ਇਸ ਰਚਨਾ ਬਾਰੇ ਆਪਣੇ ਵਿਚਾਰ ਦਵੋ
|
|