ਪ੍ਰੋਫੈਸਰ ਮੋਹਨ ਸਿੰਘ ਦੀ ਪੁਸਤਕ ‘ਕੱਚ-ਸੱਚ’ ਦੀ ਇਕ ਕਵਿਤਾ: “ਦੋ ਧੜਿਆਂ ਵਿਚ ਖ਼ਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ”; ਵਿਚਲੀ ਖ਼ਲਕਤ(ਲੋਕਾਈ) ਦੇ ਜਦੋਂ ਇਹ ‘ਦੋ ਧੜੇ’ ਬਣੇ ਸਨ, ਉਦੋਂ ਸਾਹਿਤ ਅਤੇ ਕਲਾ ਵੀ ਦੋ ਧੜਿਆਂ ‘ਚ ਵੰਡੀ ਗਈ ਸੀ।
ਮੋਹਨ ਸਿੰਘ ਦੀ ਕਾਵਿ ਦ੍ਰਿਸ਼ਟੀ ਨੇ ਇਸਨੂੰ 20ਵੀਂ ਸਦੀ ‘ਚ ਵੇਖਿਆ। ਗੁਰੁ ਨਾਨਕ ਦੇਵ ਨੇ 15ਵੀਂ ਸਦੀ ‘ਚ ਮਹਿਸੂਸਿਆ। ਮਾਰਕਸ ਨੇ 19ਵੀਂ ਸਦੀ ‘ਚ ਘੋਖਿਆ। ਪਰ ਇਹ ਵਰਤਾਰਾ ਤਾਂ ਹਜ਼ਾਰਾਂ ਸਾਲ ਪਹਿਲਾਂ ਉਦੋਂ ਸ਼ੁਰੂ ਹੋਇਆ ਜਦੋਂ ਆਦਿ ਮਾਨਵ ‘ਚ ਕਬੀਲੇ ਵਿਕਸਤ ਹੋਣ ਮਗਰੋਂ ਨਿੱਜੀ ਸੰਪਤੀ ਨੂੰ ਜੋੜਨ ਦਾ ਰੁਝਾਨ ਜਨਮਿਆਂ। ਮਨੁੱਖ ਨਿੱਜੀ ਸਤਰ ਤੇ ਪਹਿਲਾਂ ਅਮੀਰ, ਫਿਰ ਉਮਰਾ (ਅਮੀਰਾਂ ਚੋਂ ਅਮੀਰ), ਅਤੇ ਉਮਰਾਓ (ਉਮਰਿਆਂ ਚੋਂ ਸਿਰਮੋਰ)ਬਣਿਆ। ਨਿੱਜੀ ਸੰਪਤੀ ਨੂੰ ਜਮਾਂ ਕਰਨ ਦੀ ਇਹ ਲਾਲਸਾ ਹੀ ਨਿੱਜ ਤੋਂ ਕਬੀਲੇ, ਦੂਸਰੇ ਕਬੀਲੇ ਅਤੇ ਫਿਰ ਧਰਤੀ ਦੇ ਹੋਰ ਖੰਡਾ ਤੇ ਕਬਜ਼ੇ ਦੀ ਭਾਵਨਾ ‘ਚ ਬਦਲੀ। ਪੂੰਜੀਵਾਦ ਦਾ ਵਿਰਾਟ ਰੂਪ ਬਸਤੀਵਾਦ ਅਤੇ ਸਾਮਰਾਜਵਾਦ ਬਣ ਕੇ ਸਾਹਮਣੇ ਆਇਆ। ਜੀਵਨ ਲਈ ਲੋੜੀਂਦੇ ਸਾਧਨਾਂ ਅਤੇ ਸੋਮਿਆਂ ਦੇ ਨਿੱਜੀ ਕਬਜ਼ੇ ਹੇਠ ਆ ਜਾਣ ਨਾਲ ਜਨ-ਸਧਾਰਨ ਜੀਵਨ ਨਿਰਬਾਹ ਲਈ ਇਹਨਾਂ ਨਿੱਜੀ ਮਲਕੀਅਤਾਂ ਦੇ ਮੁਥਾਜ ਹੁੰਦੇ ਚਲੇ ਗਏ।
ਧਰਤੀ ਮਨੁੱਖ ਦੀ ਨਾ ਰਹੀ। ਗੁਲਾਮਾਂ ਅਤੇ ਮਾਲਕਾਂ ਦੀ ਬਣ ਗਈ। ਗੁਰੂ ਨਾਨਕ ਨੇ ਇਸਨੂੰ ‘ਲਾਲੋ’ ਅਤੇ ‘ਭਾਗੋ’ ਦੇ ਰੂਪ ‘ਚ ਦ੍ਰਿਸ਼ਟਾਮਾਨ ਕੀਤਾ। ਲਾਲੋ ਜਿਸ ਕੋਲ ਦੋ ਵੇਲੇ ਦੀ ਰੋਟੀ ਪ੍ਰਾਪਤ ਕਰਨ ਲਈ ਅਪਣੀ ਮਿਹਨਤ ਮੁਸ਼ੱਕਤ ਤੋਂ ਸਿਵਾ ਕੁਝ ਹੋਰ ਵੇਚਣ ਲਈ ਨਹੀਂ। ਭਾਗੋ ਜੋ ਲਾਲੋਆਂ ਦੀ ਮਜ਼ਦੂਰੀ ਅਤੇ ਉਸਦੀ ਉਪਜ ਦਾ ਮਾਲਕ ਵੀ ਹੈ ਅਤੇ ਅਜਿਹੇ ਮਨੁੱਖਾਂ ਨੂੰ ਖਰੀਦ ਵੇਚ ਵੀ ਸਕਦਾ ਸੀ। ਲੋਕਾਂ ਉੱਤੇ ਜੋਕਾਂ ਦੇ ਕਬਜ਼ੇ ਵਾਲਾ ਸਮਾਜ ਮਨੁੱਖੀ ਹੋਣੀ ਨਹੀਂ। ਮਨੁੱਖੀ ਸੱਚ ਨਹੀਂ। ਗੁਰੂ ਨਾਨਕ ਨੇ ਐਸੇ ਸਮਾਜ ਵਾਲੇ ਯੁੱਗ ਨੂੰ ‘ਕਲਯੁੱਗ’ ਆਖਿਆ ਸੀ ਜਿਸ ‘ਚ ਲਾਲਸਾ/ਤ੍ਰਿਸ਼ਨਾ ਦੇ ਅਗਨ-ਰੱਥ ਨੂੰ ਕੂੜ ਚਲਾ ਰਿਹਾ ਹੈ।
ਗੁਰੂ ਨਾਨਕ ਯੁੱਗ ਕਵੀ ਸਨ। ਜਿਹਨਾਂ ਦੀ ਕਲਮ ਧਰਤੀ ਦੇ ਧੁਰ ਨੂੰ ਸ਼ਬਦਾਂ ‘ਚ ਰੂਪਮਾਨ ਕਰਦੀ ਸੀ। ਲੋਕਾਂ ਦਾ ਲਹੂ ਰੋਂਦੀ ਸੀ। ਜੋਕਾਂ ਨੂੰ ਵੰਗਾਰਦੀ ਸੀ। ਭਾਗੋ ਦੇ ਨਿਉਂਦੇ ਨੂੰ ਠੁਕਰਾ ਕੇ ਲਾਲੋ ਦੇ ਘਰ ਰੋਟੀ ਖਾਣ ਤੋਂ ਪਹਿਲਾਂ ਉਹਨਾਂ ਨੇ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਸੀ। ਰਬਾਬ ਵੱਜੀ ਸੀ। ਉੱਚੀ ਸੁਰ ‘ਚ। ਰਬਾਬ ਦੀਆਂ ਸੁਰਾ ‘ਚ ਉਸ ਸ਼ਾਮ ਇਕ ਅਕਹਿ ਅਤੇ ਅਸਹਿ ਪੀੜਾ ਸੀ। ਲਾਲੋ ਦੇ ਦਿਨ ਭਰ ਦੀ ਮੁਸ਼ੱਕਤ ਨਾਲ ਪੱਛੇ ਜਿਸਮ ਚੋਂ ਸਿੰਮਦੇ ਲਹੂ ਪਸੀਨੇ ਰਲੀ ਵਾਸ਼ਨਾ ਭਰੀ ਹਵਾ ਉਸ ਵਿਹੜੇ ‘ਚ ਓਦਣ ਸੰਗਤ ਰੂਪ ‘ਚ ਇਕੱਤਰ ਸੀ। ਜਿਸ “ਖੂੰਨ ਕੇ ਸੋਹਿਲੇ” ਗੁਰੂ ਨਾਨਕ ਅਤੇ ਮਰਦਾਨੇ ਨੇ ਰਲ ਕੇ ਉਸ ਸਾ਼ਮ ਗਾਏ ਸਨ ਉਹ ‘ਖੂੰਨ’ ਕਿਰਤੀਆਂ ਦਾ ਸੀ। ਲੋਕਾਂ ਦਾ ਸੀ।
ਪੰਜਾਬੀ ਵਿਰਾਸਤ ‘ਚ ਇਸ ਸ਼ਾਮ ਪਹਿਲੀ ਵੇਰ ਸਾਹਿਤ ਅਤੇ ਕਲਾ ਨੂੰ ‘ਝੁੱਗੀ’ ਅਤੇ ‘ਮਹਿਲ’ ਦੋਹਾਂ ਵਲੋਂ ਸੱਦਾ ਸੀ। ਇਹ ਸਾਹਿਤ ਅਤੇ ਕਲਾ ਨੇ ਨਿਸਚਿਤ ਕਰਨਾ ਸੀ ਕਿ ਉਸਨੇ ਕਿਸ ਵੱਲ ਜਾਣਾ ਹੈ। ਇਹਨਾਂ ਪਲਾਂ ‘ਚ ਕੀਤੇ ਫੈਸਲੇ, ਨੇ ਯੁੱਗਾਂ ਨੂੰ ਪ੍ਰਭਾਵਿਤ ਕਰਨਾ ਸੀ। ‘ਕਵੀ’ ਅਤੇ ‘ਕਲਾਕਾਰ’ ਨੇ ਉਸ ਸ਼ਾਮ ਅਪਣੇ ‘ਧੁਰ’ ਨੂੰ ਸੁਣਿਆ ਸੀ। ਜਿਸ ਚੋਂ ਧਰਤੀ ਦੀ ਰੂਹ ਬੋਲਦੀ ਸੀ। ਧਰਤੀ ਦਾ ਦਰਦ ਹੂਕਦਾ ਸੀ। ਧੁਰ ਜੋ ਧਰਤੀ ਦਾ ਜਾਇਆ ਸੀ। ਪੰਜਾਬੀ ਕਵਿਤਾ ਅਤੇ ਕਲਾ ਨੇ ‘ਲਾਲੋ’ ਦਾ ਦਰ ਜਾ ਖੜਕਾਇਆ ਸੀ।
ਇਸ ਸ਼ਾਮ ਨੇ ਜਿੱਥੇ ਸੱਚ ਅਤੇ ਕੂੜ ਨੂੰ ਪ੍ਰਤੱਖ ਕੀਤਾ ਸੀ, ਓਥੇ ਇਸਨੇ ਸਾਹਿਤ ਅਤੇ ਕਲਾ ਦੀ ਪ੍ਰਤੀਬੱਧਤਾ ਨੂੰ ਵੀ ਸਥਾਪਤ ਕੀਤਾ। ਇਸ ਨੇ ਪੰਜਾਬੀ ਵਿਰਸੇ ‘ਚ ਕਵੀਆਂ ਅਤੇ ਕਲਾਕਾਰਾਂ ਲਈ ਉਸ ‘ਸੱਚ’ ਨੂੰ ਥਾਪਿਆ ਜਿਸ ਚੋਂ ਉਹ ਅਪਣੇ ਧੁਰ ਦਾ ਚਿਹਰਾ ਵੇਖ ਸਕਦੇ ਸਨ। ਜਾਣ ਸਕਦੇ ਸਨ ਕਿ ਉਹ ਲਾਲੋਆਂ ਵੱਲ ਹਨ ਜਾਂ ਭਾਗੋਆਂ ਵੱਲ? ਉਹਨਾਂ ਦੀ ਕਲਮ ਅਤੇ ਕਲਾ ਲੋਕਾਂ ਲਈ ਹੈ ਜਾਂ ਜੋਕਾਂ ਲਈ? ਉਸ ਸ਼ਾਮ ਭਾਗੋ ਦੇ ਸਾ਼ਮਿਆਨਿਆਂ ਥੱਲੇ ਵੀ ਗੀਤ ਗਾਏ ਜਾ ਰਹੇ ਸਨ, ਸਾਜ਼ ਵੱਜ ਰਹੇ ਸਨ। ਨਿਰਸੰਦੇਹ ਉਹ ਗੀਤ, ਗਵਈਏ, ਕਲਾਕਾਰ, ਅਤੇ ਸਾਜਿ਼ੰਦੇ ‘ਜੋਕਾਂ’ ਦੇ ਖੁਸ਼ਾਮਦੀਏ ਸਨ।
ਅੱਜ ਇਸ ਘਟਨਾ ਨੂੰ ਘੱਟੋ ਘੱਟ 500 ਸਾਲ ਬੀਤ ਚੁੱਕੇ ਹਨ। ਇਹਨਾ ਸਦੀਆ ‘ਚ ਲਾਲੋ ਅਤੇ ਭਾਗੋ ਦੀ ਪ੍ਰਤੱਖ ਦਿਸਦੀ ਵੰਡ ਦੇ ਰੂਪ ਬੇਸ਼ੱਕ ਬਦਲੇ ਹਨ ਪਰ ਇਸਦਾ ਅਸਲ ਅਤੇ ਖਾਸਾ ਹੋਰ ਵੀ ਭਿਆਨਕ ਅਤੇ ਵਹਿਸ਼ੀ ਹੋਇਆ ਹੈ। ਲਾਲੋ ਕੋਲ ਗੁਰੂ ਨਾਨਕ ਵੇਲੇ ਵੀ ਰੋਟੀ ਕਮਾਉਣ ਲਈ ਅਪਣਾ ਖੂੰਨ-ਪਸੀਨਾ ਹੀ ਸੀ ਤੇ ਅੱਜ ਵੀ। ਭਾਗੋ ਕੋਲ ਉਸਨੂੰ ਲੁੱਟਣ ਦੇ ਸਾਧਨ ਅਤੇ ਵਸੀਲੇ ਬੇਸ਼ੱਕ ਇਕ ਤੋਂ ਅਨੇਕ ਹੋ ਚੁੱਕੇ ਹਨ।
ਰਾਜਾਸ਼ਾਹੀ, ਰਜਵਾੜਾਸ਼ਾਹੀ ਤੋਂ ਹੁੰਦੀ ਹੋਈ ਸਟੇਟ ਤਕ ਪੁੱਜੀ ਹੈ। ਵੀਹਵੀਂ ਸਦੀ ਦੇ ਪਿਛਲੇ 25 ਵਰ੍ਹਿਆਂ ‘ਚ ਸਟੇਟ ਤੇ ਨਿੱਜੀ ਕਾਰਪੋਰੇਸ਼ਨਾ ਪੂਰੀ ਤਰਾਂ ਹਾਵੀ ਹੋ ਚੁੱਕੀਆਂ ਹਨ। ਸਟੇਟ ਵਲੋਂ, ਲੋਕ-ਹਿੱਤ ‘ਚ ਕੋਈ ਕਦਮ ਚੁੱਕਣ ਤੋਂ ਪਹਿਲਾਂ ਇਹਨਾਂ ‘ਕਾਰਪੋਰੇਸ਼ਨਾ ਦੇ ਹਿੱਤਾਂ’ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਕਾਰਪੋਰੇਸ਼ਨਾ ਦੀਆਂ ਹੱਥ-ਠੋਕੀਆਂ ਬਣ ਚੁੱਕੀਆਂ ਸਟੇਟਾਂ, ਲੋਕ-ਦਮਨ ਦਾ ਚੱਕਰ ‘ਲੋਕਤੰਤਰ’ ਦੀ ਆੜ ‘ਚ ਚਲਾਉਂਦੀਆ ਹਨ। ਇਹ ਉਹ ‘ਲੋਕਤੰਤਰ’ ਹਨ ਜਿਹਨਾਂ ‘ਚ ‘ਪੂੰਜੀਪਤੀਆਂ’ ਦੀ ਮਰਜ਼ੀ ਬਿਨਾ ਪੱਤਾ ਨਹੀਂ ਹਿੱਲਦਾ। ਪੂਰੀ ਦੁਨੀਆਂ ‘ਚ ‘ਗਲੋਬਲ ਮੰਡੀ’ ਦਾ ਦੈਂਤ ਆਦਮ-ਬੋ…ਆਦਮ-ਬੋ ਕਰਦਾ ਫਿਰਦਾ ਹੈ। ਇਹ ‘ਸਟੇਟ’ ਦਾ ਉਹੀ ਵਿਗਾੜ ਹੈ ਜਿਸਨੂੰ 18ਵੀ ਸਦੀ ‘ਚ ਹੋਇਆ ਸਮਾਜ-ਸ਼ਾਸਤਰੀ ‘ਰੂਸੋ’ ਅਪਣੀ ਪ੍ਰਸਿੱਧ ਕਿਤਾਬ ‘ਦਾ ਸੋਸ਼ਲ ਕੰਟਰੈਕਟ’ ‘ਚ ਇਵੇਂ ਬਿਆਨ ਕਰਦਾ ਹੈ:
“ਬੁਰੇ ਲੋਕਤੰਤਰ ਵਿੱਚ ਬਰਾਬਰਤਾ ਮਹਿਜ਼ ਵਿਖਾਵਾ ਅਤੇ ਭਰਮ-ਜਾਲ ਹੁੰਦਾ ਹੈ। ਅਜਿਹਾ ਲੋਕਤੰਤਰ ਸਿਰਫ਼ ਉਹ ਸਾਧਨ / ਸੰਦ ਹੈ ਜੋ ਗਰੀਬਾਂ ਨੂੰ ਗੁਰਬਤ ਵਿੱਚ ਜੀਣ ਅਤੇ ਅਮੀਰਾਂ ਦੀ ਲਗਾਤਾਰ ਚੜ੍ਹਤ ਨੂੰ ਯਕੀਨੀ ਬਣਾਉਂਦਾ ਹੈ। ਕਾਨੂੰਨ ਹਮੇਸ਼ਾ ਉਹਨਾਂ ਦੇ ਹਿੱਤ ਪਾਲਦੇ ਹਨ ਜਿਹਨਾਂ ਕੋਲ ‘ਜਮਾਂ ਪੂੰਜੀ’ ਅਤੇ ਸਾਧਨਾਂ ਦੀ ਮਾਲਕੀ ਹੈ, ਅਤੇ ਉਹਨਾਂ ਲਈ ਹੋਰ ਵੀ ਘਾਤਕ ਹਨ ਜਿਹਨਾਂ ਕੋਲ ‘ਕੁਝ ਵੀ ਨਹੀਂ’ ਸਿਵਾ ਅਪਣੀ ਮਜ਼ਦੂਰੀ ਦੇ। ਲੋਕਤੰਤਰ ਪ੍ਰਣਾਲੀ ਤਦ ਹੀ ਕਾਰਗਰ ਅਤੇ ਕਲਿਆਣਕਾਰੀ ਹੋ ਸਕਦੀ ਹੈ ਜੇਕਰ ਇਸ ਦੇ ਹਰ ਨਾਗਰਿਕ ਪਾਸ ਲੋੜੀਂਦੀ ਨਿੱਜੀ ਮਾਲਕੀ ਹੋਵੇ ਅਤੇ ਕਿਸੇ ਕੋਲ ਵੀ ਲੋੜ ਤੋਂ ਵੱਧ ਨਾ ਹੋਵੇ।”
ਅੱਜ ਦੁਨੀਆਂ ਭਰ ਵਿੱਚ ਅਜਿਹੇ ਭਰਮ-ਰੂਪੀ ਲੋਕਤੰਤਰ ਦੀ ਤੂਤੀ ਬੋਲਦੀ ਹੈ। ਰਾਸ਼ਟਰੀ ਪੱਧਰਾਂ ਤੇ ਇਹ ਲੋਕਤੰਤਰ ਅਪਣੀ ਸਰਪ੍ਰਸਤੀ ਹੇਠ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ, ਅਤੇ ਸਾਹਿਤਕ ਪ੍ਰਣਾਲੀਆਂ ਚਲਾਉਂਦੇ ਹਨ। ਜੋ ਇਹਨਾਂ ਦਾ ‘ਲੋਕ-ਦਮਨ’ ਏਜੰਡਾ ਲਾਗੂ ਕਰਦੀਆਂ ਹਨ। ਸਰਮਾਏਦਾਰੀ ਗਲਬੇ ਵਾਲੇ ਰਾਜ ਪ੍ਰਬੰਧਾਂ ਤਹਿਤ ਸਮਾਜ ਦੀਆਂ ਇਹ ਅਹਿਮ ਸੰਸਥਾਵਾਂ ਬੜੇ ਯੋਜਨਾਬੱਧ ਤਰੀਕੇ ਨਾਲ ਮਨੁੱਖ ਨੂੰ ਅਪਣੇ ਮੂਲ ਨਾਲੋਂ ਤੋੜ ਕੇ ਗੈਰ-ਕੁਦਰਤੀ ਵਰਤਾਰੇ ਦੇ ਜੰਜਾਲ ‘ਚ ਜਕੜਦੀਆਂ ਹਨ। ਕਾਰਲ ਮਾਰਕਸ ਅਪਣੀ ਪ੍ਰਸਿੱਧ ਪੁਸਤਕ ‘ਕੈਪੀਟਲ’ ਵਿੱਚ ਪੂੰਜੀਵਾਦੀਆਂ ਦੇ ਇਹਨਾਂ ਮਨਸੂਬਿਆਂ ਦਾ ਭੇਤ ਖੋਹਲਦਾ ਹੈ:
“ਪੂੰਜੀਵਾਦੀ ਪ੍ਰਬੰਧ ਮਨੁੱਖ ਨੂੰ ਅਪਣੀ ਮਿਹਨਤ ਦੀ ਪੈਦਾਵਾਰ ਅਤੇ ਪੈਦਾਵਾਰ ਦੇ ਸਾਧਨਾਂ (ਸੰਦ, ਮਸ਼ੀਨਾਂ, ਫੈਕਟਰੀਆਂ ਆਦਿ) ਨਾਲੋਂ ਤੋੜਦਾ ਹੈ। ਐਸੇ ਮਾਹੌਲ ‘ਚ ਅਪਣੀ ਹੋਂਦ ਲਈ ਜੂਝਦਾ ਮਨੁੱਖ, ਅਪਣੇ ਕੁਦਰਤੀ ਸੁਭਾਅ ਨਾਲੋਂ ਟੁਟ ਜਾਂਦਾ ਹੈ। ਕਿਉਂਕਿ, ਕੁਦਰਤੀ ਸਾਧਨਾਂ ਤੋਂ ਅਪਣੀ ਮਿਹਨਤ ਨਾਲ ਪੈਦਾ ਕੀਤੀ ‘ਜੀਣ ਲਈ ਲੋੜੀਂਦੀ’ ਵਸਤੂ ਤੇ ਮਨੁੱਖ ਦਾ ਕੁਦਰਤੀ ਹੱਕ ਹੁੰਦਾ ਹੈ। ਅਪਣੀ ਕਿਰਤ ਤੇ ਅਜਿਹਾ ਆਜ਼ਾਦਾਨਾ ਹੱਕ ਹੀ ਮਨੁੱਖੀ ਨਸਲ ਦਾ ਬੁਨਿਆਦੀ ਖਾਸਾ ਹੈ। ਇਸ ਜਮਾਂਦਰੂ ਹੱਕ ਦੀ ਚੇਤਨਾ ਹੀ ਉਸਨੂੰ ਪਸ਼ੂ ਵਰਗ ਤੋਂ ਭਿੰਨ ਕਰਦੀ ਹੈ। ਮਨੁੱਖ ਦੀ ਮਿਹਨਤ, ਉਸਦੀ ਉਪਜ, ਅਤੇ ਉਪਜ ਦੇ ਸਾਧਨਾਂ ਨੂੰ ਮਨੁੱਖ ਨਾਲੋਂ ਤੋੜ ਕੇ ਪੂੰਜੀਵਾਦ, ਅਸਲ ‘ਚ ਮਨੁੱਖ ਨੂੰ ਮਹਿਜ਼ ਉਪਜ ਦੇ ਇੱਕ ਸੰਦ, ਪੁਰਜ਼ੇ ਜਾਂ ਮਸ਼ੀਨ ‘ਚ ਬਦਲ ਦਿੰਦਾ ਹੈ।”
ਅਪਣੇ ਅਸਲ ਤੋਂ ਟੁੱਟ ਕੇ ਜੀਣ ਦਾ ਆਦੀ ਹੋਇਆ ਮਨੁੱਖ ਅਪਣੇ ਅੰਦਰੂਨੀ ਖਲਾਅ ਨੂੰ ਗੈਬੀ ਸ਼ਕਤੀਆਂ, ਸੁਪਨ ਮੰਡਲਾਂ ਅਤੇ ਨਸਿ਼ਆਂ ਰਾਹੀਂ ਭਰਨ ਦਾ ਆਹਰ ਕਰਨ ਲੱਗਦਾ ਹੈ। ਏਥੇ ਪੁੱਜ ਕੇ ‘ਧਰਮ’ ਸਟੇਟ ਦੇ ਬੜਾ ਕੰਮ ਆਉਂਦਾ ਹੈ। ਕਿਉਂਕਿ ਇਸ ਦਿਸਦੇ ਪਦਾਰਥਿਕ ਸੰਸਾਰ ਦੀ ਹੋਂਦ ਨੂੰ ਝੂਠਲਾ ਕੇ ਰੂਹਾਨੀ/ਗੈ਼ਬੀ ਸੰਸਾਰ ਨੂੰ ਮਨੁੱਖੀ ਚੇਤਿਆਂ ‘ਚ ਉਕਰਨਾ ਹੀ ਹਰ ਧਰਮ ਦਾ ਮੂਲ ਸਿਧਾਂਤ ਹੈ। ਜੇਕਰ ਇਹ ਦਿਸਦਾ/ਹਕੀਕੀ ਸੰਸਾਰ ਝੂਠ ਹੈ, ਛਲਾਵਾ ਹੈ, ਧੂੰਏ ਦੇ ਮਹਿਲ ਸਮਾਨ ਹੈ, ਚਹੁੰ ਕੁ ਦਿਨਾਂ ਦਾ ਬਸੇਰਾ ਹੈ, ਤਾਂ ਮਨੁੱਖ ਇਸ ਦੇ ਹਾਲਾਤ ਨੂੰ ਬਦਲਣ ਲਈ ਕਿਸੇ ਇਨਕਲਾਬੀ ਰਾਹ ਪੈਣ ਦੀ ਬਜਾਏ ਉਸ ਸੰਸਾਰ ਬਾਰੇ ਹੀ ਸੋਚੇਗਾ ਜੋ ਸੱਚਾ ਹੈ ਅਤੇ ਮਨੁੱਖ ਦਾ ਅਸਲੀ ਘਰ ਹੈ। ਏਥੇ ਦੇ ‘ਚਾਰ ਕੁ ਦਿਨ’ ਧਰਮ ਦੇ ਅੰਨੇ-ਪੈਰੋਕਾਰਾਂ ਲਈ ‘ਭਾਣਾ ਮੰਨ’ ਕੇ ਸੁਖਾਲੇ ਲੰਘ ਸਕਦੇ ਹਨ। ਪੂੰਜੀਵਾਦ ਵਲੋਂ ਬੰਦ ਬੰਦ ਕੱਟਿਆ ਜਾ ਰਿਹਾ ਸਾਧਾਰਨ ਕਿਰਤੀ ਮਨੁੱਖ ਅਪਣੇ ਹਰ ਦੁੱਖ ਦਾ ਦਾਰੂ ਧਰਮ ‘ਚ ਦੇਖਣ ਲੱਗਦਾ ਹੈ। ਤਦ ਹੀ ਜੇਕਰ ਵੀਹਵੀਂ ਸਦੀ ਦੇ ਪਿਛਲੇ 25ਕੁ ਵਰਿਆਂ ਨੂੰ ਗਹੁ ਨਾਲ ਵਾਚੀਏ ਤਾਂ ਧਰਮ ਅਸਥਾਨਾਂ, ਸਾਧਾਂ-ਸੰਤਾਂ ਅਤੇ ਡੇਰਿਆਂ ਦੀ ਗਿਣਤੀ ਲਗਾਤਾਰ ਵਧਦੀ ਨਜ਼ਰ ਆਵੇਗੀ। ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਨ ਵਾਲਿਆਂ ਦੀ ਵਸੋਂ ਵਾਲੇ ਇਲਾਕਿਆਂ ‘ਚ ਗੁਰਦੁਆਰੇ, ਮੰਦਰ,ਮਸਜਿਦ, ਗਿਰਜੇ ਅਤੇ ਬਾਬਿਆਂ ਦੇ ਡੇਰੇ ਵਧੇਰੇ ਮਿਲਣਗੇ।
ਧਰਮ ਵਾਂਗ ਹੀ ਸਟੇਟ ਵਲੋਂ ਸਾਹਿਤ ਅਤੇ ਕਲਾ ਨੂੰ ਵੀ ਵਰਤਿਆ ਜਾਂਦਾ ਹੈ। ਧਾਰਮਿਕ ਸਟੇਜੀਆਂ ਵਾਂਗ, ਸਾਹਿਤਕ ਸਟੇਜੀਏ ਵੀ ਲੋਕਾਂ ਨੂੰ ਘੜੀ ਦੋ ਘੜੀ ਉਹਨਾਂ ਦੀਆ ਹੀ ਵਲੂੰਧਰੀਆਂ ਭਾਵਨਾਵਾਂ ਨੂੰ ਅਕਸਪਲਾਇਟ ਕਰਕੇ ਜ਼ਜ਼ਬਾਤੀ ਕਰਦੇ ਹਨ। ਰੁਆਉਂਦੇ ਹਨ। ਹਸਾਉਂਦੇ ਹਨ। ਲ਼ੁੱਟੇ-ਪੁੱਟਿਆਂ ਨੂੰ ਸਾਹਿਤ ਅਤੇ ਕਲਾ ਦੇ ਨਾਮ ਤੇ ਲੁੱਟਦੇ ਹਨ। ਅਜਿਹੇ ਨਿੱਜੀ ਪੱਧਰ ਦੇ ਦਰਦ, ਦੁੱਖ, ਸਵੈ-ਤਰਸ, ਰੁਦਨ ਜਾਂ ਜਿ਼ਹਨੀ ਅੱਯਾਸ਼ੀ ਨੂੰ ਪੱਠੇ ਪਾਉਣੀਆਂ ਲਿਖਤਾਂ/ਕਿਰਤਾਂ ਅਤੇ ਕਲਾ-ਵਸਤੁਆਂ ਦੀ ਪ੍ਰਮੋਸ਼ਨ ਕਰਦੇ ਸਾਹਿਤ/ਕਲਾ ਨੂੰ ਹੀ ਸਰਕਾਰੀ ਅਦਾਰਿਆਂ ਵਲੋਂ ਸਨਮਾਨਿਆ ਜਾਂਦਾ ਹੈ। ਇਹਨਾਂ ਸਰਾਕਾਰੀ ਸਾਹਿਤਕ ਅਦਾਰਿਆਂ ਦੇ ਪ੍ਰਬੰਧਕ ਅਸਲ ‘ਚ ਉਸ ‘ਮਿੰਨੀ ਸਾਹਿਤਕ ਸਟੇਟ’ ਦੇ ਕਰਤੇ ਧਰਤੇ ਹਨ, ਜੋ ਅਗਾਂਹ ‘ਸਟੇਟ’ ਦੀ ਕਠਪੁਤਲੀ ਹੈ। ਇਵੇਂ ਇਸ ‘ਮਿੰਨੀ ਸਾਹਿਤਕ ਸਟੇਟ’ ਦਾ ਏਜੰਡਾ ਅਸਿੱਧੇ ਰੂਪ ‘ਚ ਪੂੰਜੀਵਾਦ ਦਾ ਹੀ ਏਜੰਡਾ ਹੋ ਨਿੱਬੜਦਾ ਹੈ। ਗਹੁ ਨਾਲ ਵੇਖਿਆਂ ਇਹ ਸਥਿਤੀ ਇਵੇਂ ਹੈ ਕਿ:
ਇੱਕ ਗੋਲਬਲ ਪੱਧਰੀ ਜੇਲ੍ਹ ਹੈ। ਜਿਸ ਵਿੱਚ ਦੁਨੀਆਂ ਦੇ ਉਹ ਸਾਰੇ ਲੋਕ ਕੈਦ ਹਨ ਜਿਹਨਾਂ ਦੀ ਸਰਵਾਈਵਲ ਅਪਣੀ ਮਿਹਨਤ ਅਤੇ ਕਿਰਤ ਵੇਚਣ ‘ਚ ਹੈ। ਇਸ ਵਿਸ਼ਾਲ ਜੇਲ੍ਹ ਦੇ ਜੇਲ੍ਹਰ ਅਤੇ ਦਰੋਗੇ ਉਹ ਪੂੰਜੀਪਤੀਏ ਹਨ ਜੋ ਇਹਨਾਂ ਕੈਦੀਆਂ ਦੀ ਕਿਰਤ ਦੀ ਉਪਜ ਨੂੰ ਵੇਚਦੇ ਵੱਟਦੇ ਹਨ। ਮੁਨਾਫ਼ਾ ਕਮਾਉਂਦੇ ਹਨ। ਕੈਦੀਆਂ ਨੂੰ ਜੀਂਦੇ ਰਹਿਣ ਲਈ ਲੋੜੀਂਦੇ ਘੱਟੋ-ਘੱਟ ਵਸੀਲੇ ਮੁਹੱਈਆ ਰੱਖੇ ਜਾਂਦੇ ਹਨ। ਕੈਦੀਆਂ ਵਿੱਚ ਇਹ ਭਰਮ ਜਾਲ ਕਾਇਮ ਰੱਖਿਆ ਜਾਂਦਾ ਹੈ ਕਿ ਇਹ ਜੇਲ੍ਹ ਨਹੀਂ ਉਹਨਾਂ ਦਾ ਘਰ ਹੈ। ਉਹਨਾਂ ਦੀ ਹੋਣੀ ਹੈ। ਕੈਦੀਆਂ ਦਾ ਮਨ ਪਰਚਾਇਆ ਜਾਂਦਾ ਹੈ। ਸਾਹਿਤ ਦੇ ਨਾਮ ਤੇ ਕਥਾ-ਕਹਾਣੀਆਂ, ਕਵਿਤਾਵਾਂ ਅਤੇ ਕਲਾ ਦੇ ਨਾਮ ਤੇ ਨਾਟਕ, ਫਿਲਮਾਂ ਅਤੇ ਗਾਉਣ-ਵਜਾਉਣ ਨੂੰ ਉਤਾਸ਼ਾਹਿਤ ਕੀਤਾ ਜਾਂਦਾ ਹੈ। ਤ੍ਰਾਸਦੀ ਇਹ ਹੈ ਕਿ ਇਹ ਸਭ ਜੇਲ੍ਹ ਦੀ ਚਾਰ ਦਵਾਰੀ ਅੰਦਰ ਹੀ ਵਾਪਰ ਰਿਹਾ ਹੈ। ਜੇਲ੍ਹ ਅੰਦਰਲੇ ਸਾਹਿਤਕਾਰ/ਕਲਾਕਾਰ ਅਤੇ ਉਹਨਾਂ ਦੇ ਸਰਗਣੇ ਅਸਲ ‘ਚ ਅਪਣੀ ਪ੍ਰਤਿਭਾ ਰਾਹੀਂ ਕੈਦੀਆਂ ਲਈ ਉਹ ਨਸ਼ਾ ਪੈਦਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਅਪਣੀਆਂ ਕੜੀਆਂ ਅਤੇ ਬੇੜੀਆਂ ਭੁੱਲੀਆਂ ਰਹਿੰਦੀਆਂ ਹਨ। ਇਵਜ਼ਾਨੇ ਵਜੋਂ ਜੇਲ੍ਹ ਅੰਦਰਲੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਤਰਾਂ ਤਰਾਂ ਦੇ ਇਨਾਮਾਂ ਨਾਲ ਨਿਵਾਜਿ਼ਆ ਜਾਂਦਾ ਹੈ। ਇਸ ਤਰਾਂ ਉਹ ਸਭ ਕੁਝ ਉਵੇਂ ਦਾ ਉਵੇਂ ਅਤੇ ਠੀਕ ਠਾਕ ਰਹਿੰਦਾ ਹੈ ਜਿਸ ਨਾਲ ਪੂੰਜੀਵਾਦ ਮੁਨਾਫ਼ਾ-ਦਰ–ਮੁਨਾਫ਼ਾ ਕਮਾਉਣ ਵੱਲ ਬੇਰੋਕ ਵਧਦਾ ਰਹਿੰਦਾ ਹੈ। ਇਹ ਸਾਹਿਤ ਅਤੇ ਕਲਾ ਦੇ ਵਿਰਾਟ ਪੱਧਰ ਤੇ ਜੋਕਾਂ ਦੇ ਹੱਕ ‘ਚ ਭੁਗਤਣ ਦਾ ਵਰਤਾਰਾ ਹੈ।
ਤਦ ਹੀ ਜੇਕਰ ਪਿਛਲੇ 25 ਵਰ੍ਹਿਆਂ ਦੌਰਾਨ ਸੱਥ-ਪੱਧਰੀ ਇਨਾਮਾਂ ਤੋਂ ਲੈ ਕੇ ਨੋਬਲ ਪੁਰਸਕਾਰਾਂ ਤੱਕ ਡੂੰਘਾਈ ਨਾਲ ਵੇਖਿਆ ਜਾਵੇ ਤਾਂ ਇਹ ਤੱਥ ਸਪੱਸ਼ਟ ਰੂਪ ‘ਚ ਸਾਹਮਣੇ ਆਉਂਦਾ ਹੈ ਕਿ, “ਸਾਹਿਤ ਅਤੇ ਕਲਾ ਨੂੰ ਮਿਲਣ ਵਾਲੇ ਬਹੁਗਿਣਤੀ ‘ਵਕਾਰੀ’ ਸਨਮਾਨ ਸਟੇਟ ਦੇ ਖੁਸ਼ਾਮਦੀਏ ਸਾਹਿਤ/ਕਲਾਕਾਰਾਂ ਨੂੰ ਹੀ ਵੰਡੇ ਜਾ ਰਹੇ ਹਨ।”
ਇਹ ਵੀ ਮਹਿਜ਼ ਇਤਫਾਕ ਨਹੀਂ ਕਿ ਅੱਜ ਲੱਗਭੱਗ ਹਰ ਨਗਰ-ਮਹਾਂਨਗਰ ‘ਚ ‘ਸਾਹਿਤਕ’ ਬੈਨਰਾਂ ਵਾਲੀਆਂ ਉਹ ਸੰਸਥਾਵਾਂ ਧੜਾਧੜ ਪੈਦਾ ਹੋ ਰਹੀਆਂ ਹਨ, ਜੋ ਸਰਮਾਏਦਾਰਾਂ ਵਲੋਂ ਚਲਾਈਆਂ ਜਾਂਦੀਆਂ ਹਨ। ਇਹ ਸੰਸਥਾਵਾਂ ਸਟੇਟ ਦੇ ਉਸੇ ਏਜੰਡੇ ਦਾ ਹਿੱਸਾ ਹਨ ਜਿਹੜਾ ਏਜੰਡਾ ਮਨੁੱਖ ਨੂੰ ਹਰ ਹੀਲੇ ਉਸ ਭਰਮ ਜਾਲ ‘ਚ ਰੱਖਣਾ ਚਾਹੁੰਦਾ ਹੈ ਜੋ ਭਰਮ ਜਾਲ ਪੂੰਜੀਵਾਦ ਲਈ ਲਾਹੇਵੰਦ ਹੈ। ਕੇਹੀ ਵਿਡੰਬਨਾਂ ਹੈ ਕਿ ‘ਸਾਹਿਤਕ’ ਬੈਨਰਾਂ ਵਾਲੀਆਂ ਅਜਿਹੀਆਂ ਸੰਸਥਾਵਾਂ ਦੇ ਸਰਪ੍ਰਸਤ ਚਿੱਟੇ ਦਿਨ ਲੋਕਾਂ ਨੂੰ ਵਹਿਮਾਂ,ਭਰਮਾਂ ‘ਚ ਪਾਉਣ ਦਾ ਕਾਰੋਬਾਰ ਵੀ ਕਰਦੇ ਹਨ, ਅਤੇ ਸਾਹਿਤ-ਕਲਾ ਦੇ ਠੇਕੇਦਾਰ ਬਣ ਕੇ ਵੀ ਵਿਚਰਦੇ ਹਨ। ਅਜਿਹੇ ਅਨਸਰਾਂ ਦੇ ਪਰਚਾਰਿਕ ਹਨ ਜਿਹੜੇ ਗਰੀਬ, ਮਜ਼ਦੂਰ, ਜਨ-ਸਾਧਾਰਨ/ ਲੋਕਾਂ ਦਾ ਖੂੰਨ ਚੂਸਦੇ ਹਨ ਅਤੇ ਦੂਜੇ ਪਾਸੇ ਕਵੀ/ਕਲਾਕਾਰ ਕਹਾਉਂਦੇ ਲੋਕਾਂ ਲਈ ਮਹਿਫ਼ਲਾਂ ਵੀ ਸਜਾਉਂਦੇ ਹਨ। ਅਜਿਹੇ ਸਰਪ੍ਰਸਤਾਂ ਦੇ ਖੁਸ਼ਾਮਦੀਏ ਕਵੀ/ਕਲਾਕਾਰ ਨਿਰਸੰਦੇਹ ਕਵੀ ਜਾਂ ਕਲਾਕਾਰ ਤਾਂ ਹਨ ਪਰ ‘ਜੋਕਾਂ’ ਦੇ ਧੜੇ ਦੇ। ਲਹੂ-ਮਿੱਝ ਦਾ ਤੜਕਾ ਲੱਗੇ ਪਕਵਾਨਾਂ ਦੇ ਰਸੀਏ ‘ਲਾਲੋ’ ਕਿਰਤੀਆਂ ਦੇ ਯਾਰ ਨਹੀਂ ਹੋ ਸਕਦੇ।
ਸਟੇਟ, ਅਜਿਹੇ ਅਦਾਰਿਆਂ ਅਤੇ ਉਸਦੇ ਪੂਜਕਾਂ ਨੂੰ ਮਾਨ-ਸਨਮਾਨ ਦੇ ਕੇ ਸੰਤੁਸ਼ਟ ਰੱਖਦੀ ਹੈ। ਕਵੀ/ਕਲਾਕਾਰ ਸਟੇਟ ਵਲੋਂ ਵੰਡੇ ਜਾਂਦੇ ਇਨਾਮਾਂ ਨੂੰ ਪ੍ਰਾਪਤ ਕਰਨ ਲਈ ਤਰਲੋਮੱਛੀ ਰਹਿੰਦੇ ਹਨ। ਨਾ ਮਿਲਣ ਤੇ ਦੁਖੀ ਹੁੰਦੇ ਹਨ। ਜਿਸਨੂੰ ਮਿਲਿਆ ਹੋਵੇ ਉਸ ਨਾਲ ਈਰਖਾ ਕਰਦੇ ਹਨ। ਰਸਾਲੇ/ਅਖਬਾਰਾਂ/ਇੰਟਰਨੈੱਟ ਨੂੰ ਅਪਣੀ ਇਸ ਬਹਿਸ ਲਈ ਵਰਤਦੇ ਹਨ ਕਿ ਫਲਾਨੇ ਨੂੰ ਮਿਲਿਆ ਇਨਾਮ ‘ਜੋੜ-ਤੋੜ’ ਨਾਲ ਮਿਲਿਆ ਹੈ ਜਾਂ ਨਹੀਂ। ਪਰ:
- ‘ਸਟੇਟ’ ਵਲੋਂ ਦਿੱਤੇ ਜਾਣ ਵਾਲੇ ਇਹ ਇਨਾਮ ਕਿਸ ਮਕਸਦ ਨਾਲ ਦਿੱਤੇ ਜਾਂਦੇ ਹਨ?
- ਸਟੇਟ ਨੂੰ ਕਿਹੋ ਜਿਹਾ ਸਾਹਿਤ/ਕਲਾ ਪਰਵਾਨ ਹੈ? ਮਾਫਿ਼ਕ ਹੈ?
- ਕੀ ਸਟੇਟ ਵਲੋਂ ਸਨਮਾਨਿਤ ਸਾਹਿਤ/ਕਲਾ ਲੋਕਾਂ ਦੇ ਕਲਿਆਣ ‘ਚ ਕੋਈ ਹਿੱਸਾ ਪਾਉਂਦੇ ਹਨ?
‘ਇਨਾਮ-ਯਾਫਤੀਏ’ ਜਾਂ ‘ਤਰਲੋ-ਮੱਛੀਏ’, ਕਵੀਆਂ/ਕਲਾਕਾਰਾਂ ਲਈ ਅਜਿਹੇ ਪ੍ਰਸ਼ਨ ਬੇਮਾਯਨਾ ਰਹਿੰਦੇ ਹਨ। ਉਹਨਾਂ ਦੇ ਅਚੇਤ/ਸੁਚੇਤ ਚੋਂ ਇਹਨਾ ਦੀ ‘ਮਨਫ਼ੀ’, ਅਸਲ ‘ਚ ਉਹਨਾਂ ਦੀ ‘ਜੋਕ-ਪੱਖੀ’ ਪਛਾਣ ਨੂੰ ਉਜਾਗਰ ਕਰਦੀ ਹੈ।
ਉਪਰੋਕਤ ਚਰਚਾ ਦੇ ਸੰਦਰਭ ‘ਚ ਸਾਹਿਤ ਅਤੇ ਕਲਾ ਪ੍ਰਤੱਖ ਰੂਪ ‘ਚ ਦੋ ਟੋਟਿਆਂ ‘ਚ ਵੰਡੇ ਵੇਖੇ ਜਾ ਸਕਦੇ ਹਨ। ਨੁਕਸ ਵਾਲੇ ਲੋਕਤੰਤਰ ਦੇ ਹੱਕ ‘ਚ ਭੁਗਤਣ ਵਾਲੇ ਆਪੋ-ਅਪਣੀ ਸਿਰਜਨਾ ਰਾਹੀਂ ਲੋਕਾਂ ਨੂੰ ‘ਸਟੇਟ’ ਦੇ ਦਮਨ ਨੂੰ ਭਾਣੇ ਰੂਪ ਮੰਨਣ ਲਈ ਤਿਆਰ ਕਰਦੇ ਹਨ। ਉਹ ਅਪਣੀਆਂ ਲਿਖਤਾਂ ਜਾਂ ਕਲਾ ਰਾਹੀਂ ਲੋਕਾਂ ਨੂੰ ਇਹ ਦ੍ਰਿੜ ਕਰਵਾਂਦੇ ਹਨ ਕਿ, “ਅਪਣਾ ਲੋਕਤੰਤਰ ਉੱਤਮ ਹੈ। ਅਸਲੀ ਲੋਕ-ਹਿਤੂ ਹੈ। ਜੇਕਰ ਕੋਈ ਨੁਕਸ ਹੈ ਤਾਂ ਉਹ ਤੁਹਾਡੇ (ਲੋਕਾਂ) ਵਲੋਂ ਇਸਨੂੰ ਅਪਣਾਉਣ ‘ਚ ਹੀ ਹੈ।” ਅਜਿਹੀ ਕਵਿਤਾ ਅਤੇ ਕਲਾ, ਸੁਚੇਤ ਜਾਂ ਅਚੇਤ ਰੂਪਾਂ ‘ਚ ਲੋਕ-ਹਿੱਤਾਂ ਵਿਰੁੱਧ ਭੁਗਤਦੀ ਹੈ।
‘ਲੋਕਾਂ-ਹਿੱਤਾਂ’ ਲਈ ਜੂਝਣ ਵਾਲੇ, ਲੋਕਤੰਤਰ ਵਲੋਂ ਖੋਹੇ ਅਤੇ ਕੋਹੇ ਜਾਂਦੇ ਲੋਕ-ਹੱਕਾਂ ਬਾਰੇ ਬੋਲਦੇ ਹਨ। ਲਿਖਦੇ ਹਨ। ਤਸੀਹੇ ਝੇ਼ਲਦੇ ਹਨ। ਮਹਾਂਨਿੰਦਾ ਦੇ ਪਾਤਰ ਬਣਦੇ ਹਨ। ਜਾਨਾਂ ਤਕ ਵਾਰਦੇ ਹਨ। ਇਹ ਉਹ ਸੂਰੇ ਕਵੀ/ਕਲਾਕਾਰ ਹਨ ਜਿਹਨਾਂ ਦੀਆਂ ਕਿਰਤਾਂ ‘ਚ ਲੋਕਾਂ ਦੀ ਗੈ਼ਰਤ, ਪਤ, ਅਤੇ ਦਰਦ ਨੂੰ ਜ਼ੁਬਾਨ ਮਿਲਦੀ ਹੈ। ਬਾਕੌਲ ਸ਼ਹੀਦ ਭਗਤ ਸਿੰਘ, “ਹਵਾ ‘ਚ ਰਹਿੰਦੀਆਂ ਹਨ ਇਹਨਾਂ ਦੇ ਖਿਆਲਾਂ ਦੀਆਂ ਬਿਜਲਈ-ਤਰੰਗਾਂ।” ਆਉਣ ਵਾਲੀਆਂ ਸਵੇਰਾਂ, ਦੁਪਹਿਰਾਂ, ਸ਼ਾਮਾਂ ਅਤੇ ਰਾਤਾਂ ‘ਚ ਇਹਨਾਂ ਦੀ ਲੋਅ ਇੱਕ ‘ਕਾਫ਼ਲੇ’ ਵਾਂਗ ਰਵਾਂ ਰਹਿੰਦੀ ਹੈ। ਇਹਨਾਂ ਨੂੰ ਸਰਕਾਰੀ ਰਿਕਾਰਡਾਂ ਦੀ ਥਾਂ ਸਮਾਂ ਚੇਤੇ ਰੱਖਦਾ ਹੈ।
ਇਹਨਾਂ ਸਭ ਜਗ-ਜ਼ਾਹਿਰ ਤੱਥਾਂ ਦੀ ਰੌਸ਼ਨੀ ‘ਚ ਇਹ ਪ੍ਰਸ਼ਨ, ਕਿ ਫਿਰ: ਅਸਲੀ ਸਾਹਿਤ ਅਤੇ ਕਲਾ ਕਿਹੜੀ ਹੈ?; ਦਾ ਉੱਤਰ ਸਿਰਫ਼ ਤੇ ਸਿਰਫ਼ ਇੱਕੋ ਹੈ ਕਿ, ‘ਉਹ ਜੋ ਲੋਕਾਂ ਵੱਲ ਭੁਗਤਦੀ ਹੈ। ਕਲਾ, ‘ਕਲਾ ਲਈ’ ਹੋਵੇ ਭਾਵੇਂ ‘ਲੋਕਾਂ ਲਈ’ ਉਦੋਂ ਤੀਕ ਮਹਿਜ਼ ਵਿਖਾਵਾ ਅਤੇ ਢੌ਼ਗ ਹੈ ਜਦ ਤੀਕ ਇਹ ‘ਲੋਕ-ਕਲਿਆਣਕਾਰੀ’ ਨਹੀਂ। ਲੋਕ-ਕਲਿਆਣਕਾਰੀ-ਕਲਾ ਜੋ ਲੋਕਾਂ ਨੂੰ ਉਹਨਾਂ ਦੇ ਖੋਹੇ ਜਾ ਰਹੇ ਹੱਕਾਂ ਤੋਂ ਜਾਗਰੂਕ ਕਰਦੀ ਹੈ। ਉਹਨਾਂ ਦੀ ਪ੍ਰਾਪਤੀ ਲਈ ਲਾਮਬੱਧ ਕਰਦੀ ਹੈ। ਇਸਦੇ ਉਲਟ ਪੂੰਜੀਵਾਦੀ ਵਰਤਾਰੇ ਦਾ ਸਿ਼ਕਾਰ ਹੋ ਕੇ ਅਪਣੇ ਮੂਲ ਨਾਲੋਂ ਟੁੱਟੀ ਹੋਈ ਕਲਾ ਜਾਂ ਕਵਿਤਾ ਇਨਾਂ ‘ਪਾਪੂਲਰ-ਸਿ਼ਅਰਾਂ’ ਵਾਂਗ ਅਚੇਤ/ਸੁਚੇਤ ਲੋਕ-ਦਮਨ ਏਜੰਡਿਆਂ ਦੇ ਹੱਕ ‘ਚ ਭੁਗਤਣ ਲਗਦੀ ਹੈ:
ਕੁਛ ਕਿਹਾ ਤਾਂ ਹਨੇਰਾ ਜ਼ਰੇਗਾ ਕਿਵੇਂ / ਚੁਪ ਰਿਹਾ ਤਾਂ ਸ਼ਮ੍ਹਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ / ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ॥
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ / ਫੈਸਲੇ ਸੁਣਦਿਆਂ ਸੁਣਦਿਆਂ ਸੁਕ ਗਏ
ਇਹਨਾਂ ਨੂੰ ਆਖੋ ਕਿ ਉੱਜੜੇ ਘਰੀਂ ਜਾਣ ਹੁਣ / ਇਹ ਕਦ ਤਕ ਇਉਂ ਏਥੇ ਖੜੇ ਰਹਿਣਗੇ॥
ਕਿਸੇ ਸਮੇਂ ‘ਚ ਅਜਿਹੇ ਸਿ਼ਅਰਾਂ ਦੀ ‘ਪਾਪੂਲੈਰਿਟੀ’ ਇਸ ਗੱਲ ਦਾ ਸਬੂਤ ਹੈ ਕਿ ਸਾਹਿਤ ਅਤੇ ਕਲਾ ਨੂੰ ਸਟੇਟ ਨੇ ਕਿਸ ਹੱਦ ਤੀਕ ਅਪਣੇ ‘ਹੱਥ-ਠੋਕੇ’ ਬਣਾ ਰੱਖਿਆ ਹੈ। ਕਵੀ ਅਤੇ ਕਲਾਕਾਰ ਇਸ ਗੱਲ ਦੀ ਚਿੰਤਾ ਹੰਢਾਉਣ ਲਗਦੇ ਹਨ ਕਿ ‘ਹਨੇਰਾ ਉਹਨਾਂ ਨੂੰ ਜ਼ਰੇਗਾ ਕਿ ਨਹੀਂ’। ‘ਅਪਣੇ ਗੀਤ’ ਨੂੰ ਵੀ ਉਹ ਮਹਿਜ਼ ‘ਯਾਰਾਂ ਦੇ ਮਿਹਣੇ’ ਡਰੋਂ ਹੀ ਗਾਉਣ ਜੋਗੇ ਰਹਿ ਜਾਂਦੇ ਹਨ।
ਇਸ ਦੇ ਉਲਟ ਜੋ ਕਵੀ ਅਤੇ ਕਲਾਕਾਰ ਲੋਕਾਂ ਦੇ ਹੱਕ ‘ਚ ਭੁਗਤ ਰਹੇ ਹੁੰਦੇ ਹਨ, ਉਹਨਾਂ ਦੇ ਬੋਲਾਂ ਨਾਲ ਤਾਂ ਹਰ ਧੁੰਦ ਮਿਟਦੀ ਹੈ। ਜੱਗ ਚਾਨਣ ਹੁੰਦਾ ਹੈ। ਹਨੇਰਿਆਂ ਦਾ ਨਾਮੋ-ਨਿਸ਼ਾਨ ਮਿਟਦਾ ਹੈ। ਉਹਨਾਂ ਨੂੰ ‘ਹਨੇਰੇ ਵਲੋਂ ਜ਼ਰੇ ਜਾਣ ਜਾਂ ਨਾ ਜ਼ਰੇ ਜਾਣ’ ਦਾ ਝੋਰਾ ਨਹੀਂ ਹੁੰਦਾ। ਉਹਨਾਂ ਦੇ ਬੋਲ, ਕਵਿਤਾਵਾਂ, ਗੀਤ, ਸਾਹਿਤ, ਕਲਾ ਤਾਂ ਜਿੱਧਰ ਜਾਂਦੇ ਹਨ ‘ਚਾਨਣ ਦਾ ਛੱਟਾ’ ਦਿੰਦੇ ਜਾਂਦੇ ਹਨ।
ਉਹ ਸਟੇਟ ਦੀ ਬੇਇਨਸਾਫ਼ੀ ਦੇ ਸਿ਼ਕਾਰ ‘ਬੰਦੇ’(ਲੋਕ) ਨੂੰ ਕਦੇ ਇਹ ਸਲਾਹ ਨਹੀਂ ਦਿੰਦੇ ਕਿ ਅਦਾਲਤ ਵਲੋਂ ਹੋਈ ਬੇਇਨਸਾਫ਼ੀ ਤੋਂ ਬਾਦ ਹੁਣ ਚੁਪ-ਚਾਪ ਅਪਣੇ ‘ਉੱਜੜ ਚੁੱਕੇ ਘਰੀਂ’ ਜਾਵੋ। ਰੁਦਨ ਕਰੋ। ਏਥੇ ਖੜਨ ਦੀ ਕੋਈ ਤੁਕ ਨਹੀਂ। ਸਗੋਂ ਲੋਕ ਪੱਖੀ ਸਾਹਿਤ ਅਤੇ ਕਲਾ ਤਾਂ ਉਹਨਾਂ ਨੂੰ ‘ਖੜਨ’ ਦੀ ਸਲਾਹ ਦਿੰਦੇ ਹਨ। ਡਟਣ ਲਈ ਵੰਗਾਰਦੇ ਹਨ। ਉਦੋਂ ਤੀਕ ਜਦ ਤਕ ਉਹ ਅਜਿਹੀਆਂ ‘ਅਦਾਲਤਾਂ’ ਨੂੰ ਖਤਮ ਨਹੀਂ ਕਰ ਦਿੰਦੇ। ਜੋ ਲੋਕ ਹੱਕਾਂ ਦੀਆਂ ਦੁਸ਼ਮਣ ਹਨ। ਵਸਦੇ ਘਰਾਂ ਦੇ ਉਜਾੜੇ ਦਾ ਕਾਰਨ ਹਨ।
ਪਰ,ਸਟੇਟ ਦੇ ਫਾਇਦੇ ਵਾਲੇ ਲੋਕਤੰਤਰ ‘ਚ ਅਜਿਹੇ ਬੋਲ, ਬੁਲਾਰੇ, ਕਵੀ ਅਤੇ ਕਲਾਕਾਰ ਹੀ ‘ਪਾਪੂਲਰ’ ਹੁੰਦੇ ਹਨ। ਪਰਵਾਨ ਚੜ੍ਹਦੇ ਹਨ। ਤਮਗ਼ਾ-ਯਾਫਤਾ ਬਣਦੇ ਹਨ। ਜੋ ਲੋਕਾਂ ਨੂੰ ਚੁੱਪ-ਚਾਪ ਅਪਣੇ ਉਜੜੇ ਘਰਾਂ ‘ਚ ਬਹਿ ਕੇ ਭਾਣਾ ਮੰਨਣ। ਰੁਦਨ ਕਰਨ। ਤਿਲ ਤਿਲ ਮਰਨ ਲਈ ਤਿਆਰ ਕਰਦੇ ਹਨ। ਸਟੇਟ ਉਹਨਾਂ ਨੂੰ ਅਪਣੇ ਕੁਰਪਟ-ਨਿਆਂ-ਪ੍ਰਬੰਧਾਂ ਦੀ ਰਾਖੀ ਲਈ ਢਾਲ ਵਜੋਂ ਵਰਤਦੀ ਹੈ। ਅਪਣੇ ਅਸਲ ਤੋਂ ਟੁੱਟੇ ਹੋਏ ਅਜਿਹੇ ਸਾਹਿਤਕਾਰਾਂ/ਕਲਾਕਾਰਾਂ ਬਾਰੇ ਇਨਕਲਾਬੀ ਚੇਤਨਾ ਵਾਲਾ ਪ੍ਰਸਿੱਧ ਸ਼ਾਇਰ ਫੈਜ਼ ਅਹਿਮਦ ਫੈਜ਼ ਕਹਿੰਦਾ ਹੈ:
“ਪੱਛਮੀ ਪੂੰਜੀਵਾਦੀ ਸਮਾਜਿਕ ਪ੍ਰਬੰਧ ਵਿੱਚ ਭਾਰੂ ਸ਼੍ਰੇਣੀਆਂ ਨੇ ਸਫਲਤਾ ਨਾਲ ਕਲਾਕਾਰ ਨੂੰ ਅਪਣੇ ਕਿਰਦਾਰ ਤੋਂ ਵਾਂਝਿਆਂ ਕਰ ਦਿੱਤਾ ਹੈ। ਉਹ ਉਚੇਰੇ ਵਿਚਾਰਾਂ ਦੀ ਸਿਰਜਣਾ ਦੇ ਥਾਂ ਤੇ ਸ਼ਬਦ ਅਤੇ ਆਵਾਜ਼ਾਂ ਆਦਿ ਨੂੰ ਖਿਚਪਾਊ ਬਨਾਉਣ ਦੇ ਯਤਨਾਂ ਅਤੇ ਕਸਰਤਾਂ ਵਿੱਚ ਹੀ ਅਪਣੀ ਸਿਰਜਣਾਤਮਿਕ ਤ੍ਰਿਪਤੀ ਭਾਲਣ ਲੱਗਾ ਹੈ।ਪਰ ਅਗਾਂਹਵਧੂ ਸਮਾਜਿਕ ਪ੍ਰਬੰਧਾਂ ਵਿੱਚ ਸਿਰਜਣਾਤਮਿਕ ਕਲਾਕਾਰ ਦਾ ਇਹ ਕਿਰਦਾਰ ਨਹੀਂ ਹੋ ਸਕਦਾ। ਇਹ ਸਮਾਜ ਪ੍ਰਬੰਧ ਆਸ ਕਰਦੇ ਹਨ ਕਿ ਕਲਾਕਾਰ ਨਵੀਆਂ ਅਤੇ ਪੁਰਾਣੀਆਂ ਬੇਇਨਸਾਫ਼ੀਆਂ, ਨਵੇਂ ਅਤੇ ਪੁਰਾਣੇ ਜ਼ੁਲਮਾਂ ਅਤੇ ਲੁੱਟਾਂ ਦੇ ਸਾਰੇ ਰੁਝਾਨਾਂ ਵਿਰੁੱਧ ਘੋਲ ਵਿੱਚ ਸਹਾਇਤਾ ਕਰਨ ਜੋ ਜੀਵਨ ਮਾਨਣ ਅਤੇ ਸੁਤੰਤਰਤਾ ਦੇ ਵਿਰੁੱਧ ਜਾਦੇ ਹਨ। ਉਹ ਇਹ ਵੀ ਆਸ ਕਰਦੇ ਹਨ ਕਿ ਕਲਾਕਾਰ ਉਸ ਸੁਹਣੇਰੇ ਭਵਿੱਖ ਦੀ ਕਲਪਨਾ ਉੱਤੇ ਵਿਸ਼ਵਾਸ ਰੱਖਣ ਵਿਚ ਸਹਾਇਤਾ ਕਰੇ ਜਿਹੜਾ ਭਵਿੱਖ ਛੇਤੀਂ ਹੀ ਉਸਰਨ ਵਾਲਾ ਹੈ।”
ਅਪਣੇ ਅਸਲ ਕਿਰਦਾਰ ਤੋਂ ਵਾਂਝਾ ਸਾਹਿਤ ਅਤੇ ਕਲਾ ‘ਤਮਗਿਆਂ-ਲੱਦੇ’ ਹੋ ਸਕਦੇ ਹਨ, ਪਰ ‘ਲੋਕ-ਕਲਿਆਣਕਾਰੀ’ ਖਾਸੇ ਤੋਂ ਵਿਹੂਣੇ ਹੋਣ ਕਰਕੇ ‘ਨਿਪੁੰਸਕ’ ਹਨ। ਸਾਹਿਤ ਜਾਂ ਕਲਾ ਚੋਂ ਖਾਰਜ ਕਰਨਯੋਗ ਹਨ।
ਸਟੇਟੀ ਏਜੰਡੇ ਦੇ ਹੱਕ ‘ਚ ਭੁਗਤਣ ਵਾਲੇ ਕਵੀ/ਕਲਾਕਾਰ ਅਕਸਰ ਸਾਹਿਤਕ ਚੁੰਝ-ਚਰਚਾਵਾਂ ‘ਚ ਇਹ ਦਲੀਲ/ਤਰਕ ਪੇਸ਼ ਕਰਦੇ ਹਨ ਕਿ, ਸਾਹਿਤ ਜਾਂ ਕਲਾ ਦਾ ਰੋਲ ਕਲਿਆਣ ਦਾ ਨਹੀਂ ਸਿਰਫ਼ ‘ਹੋ ਰਹੇ’ ਨੂੰ ਬਿਆਨ ਕਰਨ ਦਾ ਹੈ। ਜਾਂ ਉਸ ਵੱਲ ਇਸ਼ਾਰਾ ਮਾਤਰ ਕਰਨ ਦਾ। ਉਹ ਅਕਸਰ ਦਲੀਲ ਦਿੰਦੇ ਹਨ ਕਿ:
- ਲੇਖਕ/ਕਲਾਕਾਰ ਨੇ ਅਪਣੀ ਰਚਨਾ ਰਾਹੀਂ ‘ਗੰਦਗੀ’ ਦੇ ਟੋਭੇ ‘ਚ ਸਿਰਫ਼ ਵੱਟਾ ਮਾਰਨਾ ਹੁੰਦਾ ਹੈ, ਅਤੇ ਲੰਘ ਜਾਣਾ ਹੁੰਦਾ ਹੈ।
ਉਹਨਾਂ ਦੀ ਇਸ ਦਲੀਲ ਦੇ ਮੱਦੇ-ਨਜ਼ਰ, ਇਹਨਾਂ ‘ਵੱਟੇ ਮਾਰਨ ਵਾਲਿਆਂ’ ਤੋਂ ਪੁੱਿਛਆ ਜਾਣਾ ਚਾਹੀਦਾ ਹੈ ਕਿ:
- ਕੀ ਇਹ ਗੰਦਗੀ ਖਲਾਅ ਚੋਂ ਪੈਦਾ ਹੋਈ ਹੈ?
ਨਹੀਂ, ਤਾਂ ਜੇ ਇਹ ‘ਗੰਦਗੀ’ ਉਸੇ ਲੋਕਤੰਤਰ ਦੀ ਉਪਜ ਹੈ ਜਿਸਦੇ ‘ਸਨਮਾਨਯੋਗ ਸ਼ਹਿਰੀ’ ਉਹ ਖੁਦ ਵੀ ਹਨ, ਤਾਂ ਇਸ ‘ਗੰਦ’ ਦੇ ਜਮਾਂ ਹੋਣ ‘ਚ ਯਕੀਨਨ ਉਹਨਾਂ ਦਾ ਵੀ ਹਿੱਸਾ ਹੈ। ਇਸਨੂੰ ਸਾਫ਼ ਵੀ ਉਹਨਾਂ ਦਾ ਹੀ ਕਰਨਾ ਬਣਦਾ ਹੈ। ‘ਵੱਟਾ’ ਮਾਰ ਕੇ ਲੰਘਣ ਵਾਲੇ ਇਹ ‘ਸਰੁਖੁਰੂ-ਭਗੌੜੇ’ ਨਿਰਸੰਦੇਹ ਜੋਕਾਂ ਵਾਲੇ ਪਾਸੇ ਭੁਗਤਦੇ ਹਨ। ਸਮਾਜ ‘ਚ ਫੈਲਿਆ ਰਾਜਨੀਤਕ, ਧਾਰਮਿਕ, ਆਰਥਿਕ ਅਤੇ ਕਲਾਤਮਿਕ ਪ੍ਰਦੂਸ਼ਨ (ਗੰਦਗੀ) ਵਲੋਂ ਉਹਨਾਂ ਦਾ ਇਹੀ ਬੇਗਾਨਗੀ ਭਰਿਆ ਰਵੱਈਆ ਹੀ ਸਾਹਿਤ ਅਤੇ ਕਲਾ ਨੂੰ ਆਮ ਲੋਕਾਂ ਦੀ ਬਜਾਏ ਇਕ ਖਾਸ/ਈਲੀਤ ਵਰਗ ਨਾਲ ਜੋੜ ਕੇ ਰੱਖ ਦਿੰਦਾ ਹੈ। ਜਦ ਕਿ ਸਾਹਿਤ ਅਤੇ ਕਲਾ ਦੇ ਮਾਧਿਅਮ ਦਾ ‘ਅਸਲ ਧੁਰਾ’ ਤਾਂ ਪ੍ਰਦੂਸ਼ਨੀ-ਧੁੰਦ ਨੂੰ ‘ਜਾਗਰੂਕ ਲੋਅ’ ਰਾਹੀਂ ਖਤਮ ਕਰਕੇ ਲੋਕ-ਕਲਿਆਣ ਦਾ ਹੁੰਦਾ ਹੈ। ਪ੍ਰਸਿੱਧ ਸੂਫ਼ੀ ਚਿੰਤਕ ਖਲੀਲ ਜਿ਼ਬਰਾਨ ਕਹਿੰਦਾ ਹੈ ਕਿ:
“ਕਿਸੇ ਸਮੇਂ ‘ਚ ਜੇਕਰ ਮਨੁੱਖ ਠੋਕਰ ਖਾ ਰਹੇ ਹਨ ਤਾਂ ਨਿਰਸੰਦੇਹ ਉਸ ਸਮੇਂ ਦੇ ਰਾਹਬਰਾਂ ਨੇ ਰਸਤਿਆਂ ਦੇ ਪੱਥਰਾਂ ਨੂੰ ਨਹੀਂ ਹਟਾਇਆ।”
ਗੁਰੂ ਨਾਨਕ ਦੇਵ ਨੇ ਵੀ ਜਦੋਂ ਹਰ ਸਮੇਂ ਦੇ ਹੱਥ ‘ਚ ਉਸਦਾ ਸੂਝ ਰੂਪੀ ਦੀਵਾ ਹੋਣ ਦੀ ਗੱਲ ਕੀਤੀ ਹੈ ਤਾਂ ਸੰਕੇਤ ਸਮੇਂ ਦੀ ‘ਲੋਕ-ਪੱਖੀ ਸੂਝ’ਵੱਲ ਹੀ ਹੈ। ਅਪਣੇ ਮੂਲ ਆਸ਼ੇ ਅਨੁਸਾਰ ਸਾਹਿਤ ਅਤੇ ਕਲਾ ਨਿਰਸੰਦੇਹ ਸਮੇਂ ਦੀ ਇਹੀ ਸੂਝ ਹੁੰਦੀ ਹੈ। ਪਰ, ਸਾਹਿਤ ਅਤੇ ਕਲਾ ਦਾ ਅਜਿਹਾ ਲੋਕ-ਪੱਖੀ ਸੂਝ ਵਾਲਾ ਰੋਲ ਸਟੇਟ ਦੇ ਲੋਕ-ਦਮਨ ਏਜੰਡੇ ਲਈ ਖਤਰਾ ਹੈ। ਤਦ ਹੀ ਸਾਹਿਤ ਅਤੇ ਕਲਾ ਨੂੰ ‘ਲੋਕ-ਕਲਿਆਣ’ ਨਾਲੋਂ ਤੋੜਨ ਵਾਲੇ ਕਵੀ/ਕਲਾਕਾਰ, ਲੋਕ ਹਿਤੂ ਨਹੀਂ। ਪਾਪੂਲਰ ਹੋ ਸਕਦੇ ਹਨ। ਹਰਮਨ ਪਿਆਰੇ ਨਹੀਂ। ਲੋਕ ਨਾਇਕ ਹਰਗਿਜ਼ ਨਹੀਂ।
ਅੱਜ ਵਿਸ਼ਵ ਪੱਧਰ ਤੇ ਮਨੁੱਖੀ ਕਦਰਾਂ ਕੀਮਤਾਂ, ਲੋਕ ਹੱਕਾਂ, ਲੋਕ ਸਭਿਆਚਾਰਾਂ ਦਾ ਘਾਣ ਕਰਨ ਵਾਲੀਆਂ ਤਾਕਤਾਂ ਬੇਸ਼ੱਕ ‘ਸੁਪਰ ਪਾਵਰ’ ਵਜੋਂ ਵਿਚਰਦੀਆਂ ਨਜ਼ਰ ਆ ਰਹੀਆਂ ਹਨ। ਸਟੇਟਾਂ ਵਲੋਂ ‘ਕਾਰਪੋਰੇਸ਼ਨਾਂ’ ਦੇ ਗਲੋਬਲ ਮੰਡੀ ਹਿੱਤਾਂ ਨੂੰ ਪ੍ਰਫੁੱਲਤ ਕਰਨੇ ਪ੍ਰਬੰਧਾਂ ਨੂੰ ‘ਲੋਕਤੰਤਰ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ। ‘ਪ੍ਰਵਾਨਿਤ’ ਸਾਹਿਤ ਅਤੇ ਕਲਾ ਉਸ ਨੂੰ ਥਾਪਿਆ ਜਾ ਰਿਹਾ ਹੈ ਜੋ ਸਟੇਟ ਨੂੰ ਪਰਵਾਨ ਹੈ। ਇਹ ਸਿ਼ਅਰ ਇਸ ਸਾਰੇ ਵਰਤਾਰੇ ਨੂੰ ਬਾਖੂਬੀ ਬਿਆਨ ਕਰਦਾ ਹੈ:
ਕੱਲ ਜਦੋਂ ਪਰਤੇਗਾ ਕੀ ਅਹੁੜੇਗਾ ਕਾਤਿਲ ਨੂੰ ਜਵਾਬ?
ਅੱਜ ਤਾਂ ਹੂਲਾ ਉੱਡ ਗਿਆ ਸਾਰੇ ਕਿ ਸੂਰਜ ਮਰ ਗਿਆ॥
ਸਾਹਿਤ/ਕਲਾ ਅਤੇ ਲੋਕਤੰਤਰ ਦੇ ਅਸਲ ਆਸਿ਼ਆਂ ਦੇ ਰੂ-ਬ-ਰੂ ਇਹ ਉਹ ‘ਕੂੜ ਪਾਸਾਰਾ’ ਹੈ ਜਿਸ ਦਾ ਖਾਤਮਾਂ ਕਰਨ ਲਈ ਸਾਹਿਤ ਅਤੇ ਕਲਾ ਨੂੰ ਅਪਣੇ ‘ਕਲਿਆਣਕਾਰੀ’ ਮੂਲ ਨਾਲ ਜੁੜਨਾ ਹੋਵੇਗਾ। ਅਪਣੀਆ ਲਿਖਤਾਂ ਅਤੇ ਕਲਾ-ਕ੍ਰਿਤਾਂ ਰਾਹੀਂ ਲੋਕਾਂ ਨੂੰ ਹਰ ਉਸ ਕੈਦ ਤੋਂ ਮੁਕਤ ਕਰਾਉਣ ਲਈ ਜੂਝਣਾ ਹੋਵੇਗਾ, ਜੋ ਉਨਾਂ ਤੋਂ ਆਜ਼ਾਦ ਜੀਣ ਦਾ ਹੱਕ ਖੋਂਹੰਦੀ ਹੈ। ਲੋਕ-ਪੱਖੀ ਸਾਹਿਤ, ਸਭਿਆਚਾਰ ਅਤੇ ਕਲਾਵਾਂ ਨੂੰ ਸਮਰਪਿਤ ਸੰਸਥਾਵਾਂ, ਇਸ ‘ਕੂੜ ਪਾਸਾਰੇ’ ਵਾਲੀ ਧੁੰਦ ‘ਚ ਰੌਸ਼ਨੀ ਦੀਆਂ ਉਹ ਕਿਰਨਾਂ ਹਨ ਜੋ ਸਾਹਿਤ, ਕਲਾ ਅਤੇ ਲੋਕ-ਚੇਤਨਾ ਰਾਹੀਂ ਉਦੈ ਹੋਣ ਵਾਲੇ ਸੂਰਜ ‘ਚ ਆਸਥਾ ਬਣਾਈ ਰੱਖਦੀਆਂ ਹਨ। ਇਹ ਘੱਟ-ਗਿਣਤੀ ‘ਚ ਹੋ ਸਕਦੀਆਂ ਹਨ। ਆਰਥਿਕ ਵਸੀਲਿਆਂ ਪੱਖੋਂ ਤੰਗ ਹੋ ਸਕਦੀਆਂ ਹਨ। ਮੁਕਾਬਲੇ ਦੀਆਂ ਸਰਮਾਏਦਾਰ ‘ਜੋਕ ਪੱਖੀ’ਸੰਸਥਾਵਾਂ ਸਾਹਵੇਂ ਵਿਚਾਰੀਆਂ/ਨਿਹੱਥੀਆਂ ਵੀ ਜਾਪਦੀਆਂ ਹੋਣਗੀਆਂ। ਪਰ ਇਹਨਾਂ ਦੇ ‘ਲੋਕ ਸੱਚ’ ਅਤੇ ਹੱਕ ਨੂੰ ਸਮਰਪਿਤ ‘ਰੌਸ਼ਨ ਹੌਸਲੇ’ ਸਾਹਵੇਂ ਕੂੜ ਹਨੇਰੇ ਨਾ ਟਿਕੇ ਹਨ, ਨਾ ਟਿਕ ਸਕਣਗੇ। ਇਹ ਉਹ ਰੌਸ਼ਨ-ਗਾਥਾ ਹੈ ਜੋ ਸੀਨਾ-ਬ-ਸੀਨਾ, ਪੁਸ਼ਤ-ਦਰ-ਪੁਸ਼ਤ, ਲੋਕ ਸਭਿਆਤਾਵਾਂ ‘ਚ ਵਿਰਸਾ ਬਣ ਪ੍ਰਵਾਹਿਤ ਰਹਿੰਦਾ ਹੈ।