ਸ਼ਾਦੀ ਵਿਆਹ ਇੱਕ ਪਵਿੱਤਰ ਬੰਧਨ ਹੈ। ਇਸ ਰਾਹੀਂ ਦੋ ਜਿਸਮਾਂ ਦਾ ਮੇਲ ਹੀ ਨਹੀਂ ਸਗੋਂ ਦੋ ਰੂਹਾਂ ਦਾ ਮੇਲ ਹੁੰਦਾ ਹੈ। ਗੁਰਬਾਣੀ ਵਿੱਚ ਵੀ ਆਉਂਦਾ ਹੈ- "ਏਕ ਜੋਤਿ ਦੁਇ ਮੂਰਤੀ, ਧਨ ਪਿਰੁ ਕਹੀਐ ਸੋਇ।" ਪਹਿਲੇ ਸਮਿਆਂ ਵਿੱਚ ਇਸ ਰਿਸ਼ਤੇ ਨੂੰ ਅਖੀਰ ਤੱਕ ਇਮਾਨਦਾਰੀ ਨਾਲ ਨਿਭਾਇਆ ਜਾਂਦਾ ਸੀ। ਭਾਵੇਂ ਉਹਨਾਂ ਜੋੜਿਆਂ ਦੇ ਵੀ ਬਾਹਰੀ ਸੁਹੱਪਣ, ਸੁਭਾਅ, ਲਿਆਕਤ, ਵਿਦਿਆ ਆਦਿ ਦੇ- ਕਈ ਵਖਰੇਵੇਂ ਹੁੰਦੇ ਸਨ। ਪਰ ਕਹਿ ਲਵੋ ਕਿ ਖਾਨਦਾਨ ਦੀ ਇੱਜ਼ਤ ਕਾਰਨ ਜਾਂ ਸਮਾਜ ਦੇ ਡਰੋਂ, ਕੋਈ ਤਲਾਕ ਦਾ ਨਾਂ ਤੱਕ ਨਹੀਂ ਸੀ ਲੈਂਦਾ। ਅਨਜੋੜ ਵਿਆਹ ਹੁੰਦਿਆਂ ਹੋਇਆਂ ਵੀ ਉਹ ਲੋਕ ਸੁੱਖ ਚੈਨ ਦੀ ਜ਼ਿੰਦਗੀ ਬਸਰ ਕਰਦੇ ਸਨ ਤੇ ਇਹ ਰਿਸ਼ਤੇ ਤੋੜ ਨਿਭਦੇ ਸਨ। ਪਰ ਅੱਜਕਲ ਅਸੀਂ ਲੋਕਾਂ ਨੇ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਮਜ਼ਾਕ ਬਣਾਕੇ ਰੱਖ ਦਿੱਤਾ ਹੈ। ਝੱਟ ਵਿਆਹ ਹੁੰਦਾ ਹੈ ਤੇ ਪੱਟ ਤਲਾਕ ਹੋ ਜਾਂਦਾ ਹੈ।
ਵਿਆਹਾਂ ਦੇ ਟੁੱਟਣ ਦਾ ਕਾਰਨ- ਕਈ ਵਾਰੀ ਮਾਪਿਆਂ ਵਲੋਂ ਕਾਹਲ ਵਿੱਚ ਕੀਤੇ ਰਿਸ਼ਤੇ ਜਾਂ ਲਾਲਚ ਵੀ ਹੋ ਸਕਦਾ ਹੈ। ਇਸ ਤਰ੍ਹਾਂ ਦੇ ਵਿਆਹਾਂ ਦੀਆਂ ਕਈ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਸਾਡੇ ਇੱਕ ਰਿਸ਼ਤੇਦਾਰਾਂ ਦੀ ਬੇਟੀ ਨੇ ਇੰਜਨੀਅਰਿੰਗ ਕਰਕੇ ਐਮ. ਬੀ .ਏ. ਵੀ ਕਰ ਲਈ। ਮਾਂ ਬਾਪ ਕਲਾਸ ਵੰਨ ਅਫਸਰ ਸਨ। ਇੱਕੋ ਇੱਕ ਔਲਾਦ ਸੀ ਉਹਨਾਂ ਦੀ, ਲਾਡਾਂ ਨਾਲ ਪਲੀ ਹੋਈ। ਖੈਰ ਰਿਸ਼ਤੇ ਦੀ ਭਾਲ ਸ਼ੁਰੂ ਹੋਈ। ਇੱਕ ਅਮਰੀਕਾ ਰਹਿੰਦੇ ਮੁੰਡੇ ਦੀ ਦੱਸ ਪਈ, ਫੋਟੋ ਪਸੰਦ ਆ ਗਈ। ਦੱਸਣ ਵਾਲੇ ਨੇ ਮੁੰਡਾ ਇੰਜਨੀਅਰ ਦੱਸਿਆ। ਮਾਪਿਆਂ ਖਾਸ ਘੋਖ ਪੜਤਾਲ ਨਾ ਕੀਤੀ, ਕਿਉਂਕਿ ਮੁੰਡਾ ਸ਼ਕਲ ਸੂਰਤ ਤੋਂ ਕਾਫੀ ਫਬਦਾ ਸੀ। ਰਿਸ਼ਤਾ ਹੋ ਗਿਆ ਤੇ ਅਗਲਿਆਂ ਇੱਕ ਹਫਤੇ ਵਿੱਚ ਹੀ ਵਿਆਹ ਕਰਨ ਲਈ ਕਹਿ ਦਿੱਤਾ। ਪਤਾ ਨਹੀਂ ਪੜ੍ਹੇ ਲਿਖੇ ਮਾਪਿਆਂ ਦੀ ਮੱਤ ਕਿਉਂ ਮਾਰੀ ਗਈ, ਕਿ ਉਹ ਲੜਕੇ ਵਾਲਿਆਂ ਦੀ ਹਰ ਸ਼ਰਤ, ਬਿਨਾਂ ਕੁੱਝ ਕਹੇ ਮੰਨੀ ਗਏ। ਪੈਲੇਸ, ਹਲਵਾਈ, ਸ਼ੌਪਿੰਗ...ਗੱਲ ਕੀ ਸਭ ਕੁੱਝ ਡਬਲ ਰੇਟ ਤੇ ਕੀਤਾ ਗਿਆ। ਲੱਖਾਂ ਰੁਪਿਆ, ਵਿਆਹ ਤੇ ਲਾ ਦਿੱਤਾ। ਸਹੁਰਿਆਂ ਦਾ ਲਾਲਚ ਵਧਦਾ ਗਿਆ। ਸੋ ਵਿਆਹ ਤੋਂ ਬਾਅਦ ਵੀ ਉਹਨਾਂ ਦੀਆਂ ਮੰਗਾਂ ਦੀ ਲਿਸਟ ਖਤਮ ਨਾ ਹੋਈ। ਵਾਹ ਪੈਣ ਤੇ ਪਤਾ ਲੱਗਾ ਕਿ ਮੁੰਡਾ ਤਾਂ ਇੰਡੀਆ ਦੀ ਬਾਹਰਵੀਂ ਪਾਸ ਸੀ ਤੇ ਉੱਧਰ ਕੋਈ ਛੋਟਾ ਜਿਹਾ ਕੋਰਸ ਹੀ ਕੀਤਾ ਸੀ। ਮੁੰਡਾ ਤਾਂ ਪਾਪਿਸ ਚਲਾ ਗਿਆ ਵਿਆਹ ਕਰਵਾ ਕੇ, ਪਰ ਕੁੜੀ ਨੇ ਲਾਲਚੀ ਸਹੁਰਿਆਂ ਦੇ ਘਰ ਜਾਣ ਤੋਂ ਨਾਂਹ ਕਰ ਦਿੱਤੀ। ਸਾਲ ਦੇ ਅੰਦਰ ਹੀ ਤਲਾਕ ਹੋ ਗਿਆ। ਕੀ ਫਾਇਦਾ ਹੋਇਆ ਇਸ ਕਾਹਲੀ ਵਿੱਚ ਕੀਤੇ ਵਿਆਹ ਦਾ..ਆਪਣੇ ਹੱਥੀਂ ਆਪਣੀ ਲਾਡਲੀ ਦੀ ਜ਼ਿੰਦਗੀ ਬਰਬਾਦ ਕਰ ਲਈ!
ਅੱਜਕਲ ਤਲਾਕ ਦਰ ਪਹਿਲਾਂ ਤੋਂ ਕਈ ਗੁਣਾ ਵੱਧ ਗਈ ਹੈ। ਇਸ ਦੇ ਇੱਕ ਨਹੀਂ, ਅਨੇਕਾਂ ਕਾਰਨ ਹਨ। ਕਈ ਵਾਰੀ ਮਾਪੇ ਇੰਡੀਆ ਵਿਆਹ ਕਰ ਦਿੰਦੇ ਹਨ, ਪਰ ਪੱਛਮੀ ਸਭਿਅਤਾ ਵਿੱਚ ਜੰਮੇ ਪਲੇ ਬੱਚੇ ਆਪਣੇ ਸਾਥੀ ਨਾਲ ਅਡਜਸਟ ਨਹੀਂ ਕਰ ਸਕਦੇ। ਕਿਧਰੇ ਕੁੜੀਆਂ ਵਾਲੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ ਤੇ ਕਿਧਰੇ ਮੁੰਡੇ ਵਾਲੇ। ਮੇਰੀ ਇੱਕ ਸਹੇਲੀ ਤਕਰੀਬਨ ੨੦ ਕੁ ਸਾਲ ਬਾਅਦ, ਮੈਂਨੂੰ ਕਨੇਡਾ ਦੀ ਧਰਤੀ ਤੇ ਮਿਲੀ। ਅਸੀਂ ਇੱਕ ਦੂਜੇ ਦੇ ਘਰ ਪਰਿਵਾਰ ਦਾ ਹਾਲ ਚਾਲ ਪੁੱਛਿਆ। ਲੜਕੀ ਦੇ ਸਹੁਰੇ ਪਰਿਵਾਰ ਵਲੋਂ ਤਾਂ ਉਹ ਸੰਤੁਸ਼ਟ ਸੀ ਪਰ ਪੁੱਤਰ ਵਲੋਂ ਦੁਖੀ ਸੀ। ਉਸ ਦੇ ਦੱਸਣ ਮੁਤਾਬਕ- ਉਸ ਨੇ ਆਪਣੇ ਪੁੱਤਰ ਦਾ ਵਿਆਹ, ਇੰਡੀਆ ਜਾ ਕੇ ਇੱਕ ਸਧਾਰਨ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਨਾਲ, ਬਿਨਾ ਦਾਜ ਦਹੇਜ ਦੇ ਕਰ ਦਿੱਤਾ। ਤਿੰਨ ਮਹੀਨੇ ਹੀ ਵੱਸਣ ਮਗਰੋਂ, ਉਹ ਸਭ ਗਹਿਣਾ ਗੱਟਾ ਲੈ ਕੇ ਪੇਕੇ ਚਲੀ ਗਈ, ਤੇ ਮੁੜ ਆਈ ਹੀ ਨਹੀਂ। ਤਿੰਨ ਸਾਲ ਹੋ ਗਏ, ਉਹ ਤਲਾਕ ਦੇਣ ਨੂੰ ਵੀ ਤਿਆਰ ਨਹੀਂ ਤੇ ਘਰ ਵੱਸਣ ਨੂੰ ਵੀ ਨਹੀਂ। ਕੁੜੀ ਦਾ ਪਰਿਵਾਰ ਆਪਣੀ ਧੀ ਰਾਹੀਂ, ਐਨ. ਆਰ. ਆਈ. ਤੋਂ ਵੱਧ ਤੋਂ ਵੱਧ ਪੈਸੇ ਵਸੂਲਣੇ ਚਾਹੁੰਦਾ ਹੈ। ਲੋਹੜਾ ਆ ਗਿਆ ! ਲੋਕ ਕੁੜੀਆਂ ਦੇ ਵੀ ਪੈਸੇ ਵੱਟਣ ਲੱਗ ਪਏ ਤੇ ਮੁੰਡਿਆਂ ਦੇ ਵੀ। ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦੀ ਬਲੀ ਦੇ ਕੇ ਪੈਸਾ ਕਮਾਉਣਾ- ਕਿਥੋਂ ਦੀ ਸਿਆਣਪ ਹੈ?
ਔਰਤਾਂ ਦੇ ਹੱਕ ਵਿਚ ਕਨੂੰਨ ਬਨਣ ਨਾਲ, ਮਨ ਨੂੰ ਤਸੱਲੀ ਹੋਈ ਸੀ ਕਿ ਹੁਣ ਕਨੂੰਨ ਦੇ ਡਰੋਂ ਸਹੁਰੇ ਕੁੜੀਆਂ ਨੂੰ ਤੰਗ ਨਹੀਂ ਕਰਨਗੇ ਤੇ ਔਰਤ ਦੀ ਹਾਲਤ ਸੁਧਰੇਗੀ। ਪਰ ਇਸ ਦਾ ਚੰਗਾ ਅਸਰ ਤਾਂ ਸ਼ਾਇਦ ਘੱਟ ਹੋਇਆ ਪਰ ਬੁਰਾ ਬਹੁਤ ਹੋਇਆ। ਬਹੁਤ ਸਾਰੇ ਕੇਸਾਂ ਵਿੱਚ ਤਾਂ, ਕੁੜੀਆਂ ਨੇ ਆਪਣੇ ਮਾਪਿਆਂ ਦੀ ਸ਼ਹਿ ਤੇ ਇਹਨਾਂ ਕਨੂੰਨਾਂ ਦਾ ਸਹਾਰਾ ਲੈ ਕੇ, ਸਗੋਂ ਸ਼ਰੀਫ਼ ਸਹੁਰਿਆਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਸਾਡੇ ਇੱਕ ਰਿਸ਼ਤੇਦਾਰ ਜੁਡੀਸ਼ਰੀ ਵਿੱਚ ਹਨ, ਉਹ ਕਹਿੰਦੇ ਹੁੰਦੇ ਹਨ- ਕਿ ਬਹੁਤੇ ਕੇਸਾਂ ਵਿੱਚ ਸਾਨੂੰ ਪਤਾ ਹੁੰਦਾ ਹੈ ਕਿ ਮੁੰਡੇ ਵਾਲੇ ਬੇ ਕਸੂਰ ਹਨ, ਪਰ ਸਾਡੇ ਹੱਥ ਕਨੂੰਨ ਨੇ ਐਸੇ ਬੰਨ੍ਹੇ ਹੋਏ ਹਨ ਕਿ ਸਾਨੂੰ ਫੈਸਲਾ ਕੁੜੀ ਦੇ ਹੱਕ ਵਿੱਚ ਹੀ ਦੇਣਾ ਪੈਂਦਾ ਹੈ। ਪਰ ਮੈਂ ਪੁੱਛਦੀ ਹਾਂ ਉਹਨਾਂ ਲੜਕੀਆਂ ਤੋਂ- ਕਿ ਆਪਣੇ ਹੱਥੀਂ ਆਪਣੀ ਘਰ ਗ੍ਰਹਿਸਤੀ ਨੂੰ ਉਜਾੜਨਾ ਕਿੱਥੋਂ ਦੀ ਸਿਆਣਪ ਹੈ?
ਖੈਰ, ਕਾਰਨ ਕੋਈ ਵੀ ਹੋਵੇ, ਪਰਿਵਾਰਾਂ ਦਾ ਟੁੱਟਣਾ ਸਾਡੇ ਸਮਾਜ ਤੇ ਕਲੰਕ ਹੈ। ਕਈ ਕੇਸਾਂ ਵਿੱਚ ਟੁੱਟਣ ਵਾਲੇ ਪਰਿਵਾਰ ਦੇ ਬੱਚੇ ਵੀ ਹੁੰਦੇ ਹਨ। ਬੱਚਿਆਂ ਲਈ ਤਾਂ ਮਾਂ ਬਾਪ ਦੋਹਾਂ ਦਾ ਹੋਣਾ ਜਰੂਰੀ ਹੈ। ਬਹੁਤੇ ਕੇਸਾਂ ਵਿੱਚ ਬੱਚੇ ਮਾਂ ਕੋਲ ਹੀ ਰਹਿੰਦੇ ਹਨ। ਪਰ ਉਹ ਬਿਨਾ ਕਸੂਰ ਵਿਚਾਰੇ ਬਾਪ ਦੇ ਪਿਆਰ ਤੋਂ ਵਾਂਝੇ ਹੋ ਜਾਂਦੇ ਹਨ। ਉਹਨਾਂ ਦੇ ਮਾਨਸਿਕ ਵਿਕਾਸ ਤੇ ਕੀ ਅਸਰ ਪਏਗਾ- ਕਦੇ ਸੋਚਿਆ ਆਪਾਂ?
ਪੁਰਾਣੇ ਜ਼ਮਾਨੇ ਵਿੱਚ- ਜੇ ਕਿਸੇ ਪਰਿਵਾਰ ਵਿੱਚ ਕੋਈ ਤ੍ਰੇੜ ਆ ਵੀ ਜਾਂਦੀ, ਤਾਂ ਸਿਆਣੇ ਰਿਸ਼ਤੇਦਾਰ ਜਾਂ ਪਿੰਡ ਦੀ ਪੰਚਾਇਤ ਵਿੱਚ ਹੋ ਕੇ, ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ, ਪਰਿਵਾਰ ਨੂੰ ਟੁੱਟਣ ਤੋਂ ਬਚਾ ਲੈਂਦੇ। ਪਰ ਅੱਜਕਲ ਦੇ ਬੱਚੇ ਤਾਂ ਆਪਣੇ ਸਕੇ ਮਾਪਿਆਂ ਦੀ ਹੀ ਨਹੀਂ ਸੁਣਦੇ ਮੰਨਦੇ, ਹੋਰ ਕਿਸੇ ਦੀ ਕੀ ਮੰਨਣੀ ਹੋਈ। ਆਪਣੀ ਮਰਜ਼ੀ ਮੁਤਾਬਕ, ਆਪੇ ਹੀ ਫੈਸਲੇ ਕਰ ਲੈਂਦੇ ਹਨ- ਕਈ ਵਾਰੀ ਮਾਪੇ ਵਿਚਾਰਿਆਂ ਨੂੰ ਕਿਸੇ ਗੱਲ ਦਾ ਪਤਾ ਵੀ ਨਹੀਂ ਹੁੰਦਾ। ਸਹਿਨਸ਼ੀਲਤਾ ਦੋਹਾਂ ਧਿਰਾਂ ਵਿੱਚ ਖਤਮ ਹੋ ਰਹੀ ਹੈ। ਪਰ ਸ਼ਾਇਦ ਇਹ ਕਸੂਰ ਵੀ ਸਾਡਾ ਆਪਣਾ ਹੀ ਹੈ। ਅਸੀਂ ਬਚਪਨ ਤੋਂ ਹੀ ਆਪਣੀ ਕੋਈ ਗੱਲ ਮਨਵਾਉਣ ਦੀ ਬਜਾਏ ਉਹਨਾਂ ਦੀ ਮੰਨਣ ਲੱਗ ਜਾਂਦੇ ਹਾਂ। "ਮੇਰੇ ਬੱਚਿਆਂ ਨੂੰ ਫਾਸਟ ਫੂਡ ਬਹੁਤ ਪਸੰਦ ਹੈ, ਘਰ ਦਾ ਖਾਣਾ ਤਾਂ ਖਾ ਕੇ ਹੀ ਨਹੀਂ ਰਾਜੀ..." ਅਸੀਂ ਬੜੀ ਸ਼ਾਨ ਨਾਲ ਦੂਜਿਆਂ ਨੂੰ ਦੱਸਦੇ ਹਾਂ। ਜੇ ਅਸੀਂ ਕਦੇ ਬੱਚਿਆਂ ਨੂੰ ਫਾਸਟ ਫੂਡ ਦੇ ਨੁਕਸਾਨ, ਤੇ ਘਰੇਲੂ ਖਾਣੇ ਦੇ ਪੌਸ਼ਟਿਕ ਤੱਤਾਂ ਬਾਰੇ ਦੱਸਿਆ ਹੋਵੇ- ਤਾਂ ਉਹ ਜਿੰਦਗੀ ਦੇ ਫੈਸਲੇ ਲੈਂਦਿਆਂ ਵੀ ਨਫੇ ਨੁਕਸਾਨ ਬਾਰੇ ਸਾਡੀ ਸਲਾਹ ਜਰੂਰ ਲੈਣਗੇ।
ਦੇਸ਼ ਵਿਦੇਸ਼ ਵਿੱਚ ਹਾਲ ਇੱਕੋ ਜਿਹਾ ਹੀ ਹੈ। ਸਗੋਂ ਵਿਦੇਸ਼ਾਂ ਵਿੱਚ ਤਾਂ ਹੋਰ ਵੀ ਮਾੜਾ ਹੈ। ਇੱਧਰ ਤਾਂ ੧੮ ਸਾਲ ਦੇ ਬੱਚੇ ਨੂੰ ਪੂਰੀ ਅਜ਼ਾਦੀ ਹੈ, ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ। ਇਸ ਉਮਰ ਵਿੱਚ ਬੱਚੇ ਇਮੋਸ਼ਨਲ ਹੋ ਕੇ, ਆਪਣੇ ਦਿਲ ਦੇ ਸੌਦੇ ਝੱਟ ਕਰ ਲੈਂਦੇ ਹਨ, ਪਰ ਦਿਮਾਗ ਤੋਂ ਕੰਮ ਨਹੀਂ ਲੈਂਦੇ। ਬਾਕੀ ਵਿਚੋਲਾ ਇੰਟਰਨੈੱਟ ਬਣ ਜਾਂਦਾ ਹੈ। ਸਾਡੀ ਨੌਜਵਾਨ ਪੀੜ੍ਹੀ ਤਾਂ- ਫੇਸ ਬੁੱਕ ਦੋਸਤਾਂ ਨੂੰ ਵੀ ਬਿਨਾ ਮਿਲੇ, ਬਿਨਾ ਸਭ ਕੁੱਝ ਜਾਣੇ, ਆਪਣੇ ਜੀਵਨ ਸਾਥੀ ਬਨਾਉਣ ਨੂੰ ਤਿਆਰ ਹੋ ਜਾਂਦੀ ਹੈ। ਪਿੱਛੇ ਜਿਹੇ ਇਕ ਲੜਕੀ ਦੀ ਖੁਦਕਸ਼ੀ ਦੀ ਖਬਰ ਆਈ ਸੀ- ਜਿਸ ਦੀ ਤਫਤੀਸ਼ ਕਰਨ ਤੇ ਪਤਾ ਲੱਗਾ ਕਿ ਕਿਸੇ ੫੦ ਸਾਲ ਦੇ ਸ਼ਖਸ ਨੇ ਆਪਣੀ ਜਵਾਨੀ ਵੇਲੇ ਦੀ ਫੋਟੋ, ਫੇਸ ਬੁੱਕ ਤੇ ਪਾਈ ਹੋਈ ਸੀ। ਸੋ ਉਹ ੧੮ ਸਾਲ ਦੀ ਅਨਭੋਲ ਲੜਕੀ, ਉਸ ਨਾਲ ਫੇਸ ਬੁੱਕ ਤੇ ਚੈਟਿੰਗ ਕਰਦੀ ਕਰਦੀ, ਮੋਹਿਤ ਹੋ ਗਈ ਤੇ ਉਸ ਨਾਲ ਸ਼ਾਦੀ ਕਰਨ ਦਾ ਫੈਸਲਾ ਲੈ ਬੈਠੀ। ਪਰ ਵਿਆਹ ਤੋਂ ਪਹਿਲਾਂ, ਜਦ ਉਹ ਅਧਖੜ੍ਹ ਇਨਸਾਨ ਨੂੰ ਮਿਲੀ ਤਾਂ ਐਸਾ ਝਟਕਾ ਵੱਜਾ ਕਿ ਜੀਵਨ ਲੀਲ੍ਹਾ ਹੀ ਖਤਮ ਕਰ ਲਈ। ਮੈਂ ਇਸ ਹੱਕ ਵਿੱਚ ਨਹੀਂ ਕਿ ਬੱਚੇ ਆਪਣੇ ਫੈਸਲੇ ਆਪ ਨਾ ਲੈਣ, ਪਰ ਇਸ ਅਹਿਮ ਫੈਸਲੇ ਵਿੱਚ ਮਾਪਿਆਂ ਦੀ ਸਲਾਹ ਵੀ ਲੈਣ ਵਿੱਚ ਕੋਈ ਹਰਜ਼ ਨਹੀਂ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੁੰਦਾ ਹੈ।
ਮੇਰੀ ਮਾਪਿਆਂ ਨੂੰ ਵੀ ਸਲਾਹ ਹੈ ਕਿ ਆਪਣੇ ਬੱਚਿਆਂ ਦੇ ਸ਼ਾਦੀ ਵਿਆਹ ਦੇ ਮਾਮਲੇ ਵਿੱਚ, ਆਪਣਾ ਸੁਆਰਥ ਜਾਂ ਲਾਲਚ ਵਿੱਚ ਨਹੀਂ ਲਿਆਉਣਾ ਚਾਹੀਦਾ। ਕਈ ਵਾਰੀ ਮਾਪੇ ਆਪਣੇ ਵਿਦੇਸ਼ ਜਾਣ ਦੇ ਲਾਲਚ ਬਦਲੇ, ਆਪਣੇ ਬੱਚਿਆਂ ਦੀਆਂ ਖੁਸ਼ੀਆਂ ਦਾਅ ਤੇ ਲਾ ਦਿੰਦੇ ਹਨ। ਅਜਿਹੇ ਅਨਜੋੜ ਵਿਆਹ ਵੀ ਤੋੜ ਨਹੀਂ ਨਿਭਦੇ ਜਿਸ ਦਾ ਸਿੱਟਾ ਉਹਨਾਂ ਦੀ ਅਗਲੀ ਪੀੜ੍ਹੀ ਨੂੰ ਵੀ ਭੁਗਤਣਾ ਪੈਂਦਾ ਹੈ।
ਪਰਿਵਾਰਾਂ ਦੇ ਟੁੱਟਣ ਦਾ ਮੁੱਖ ਕਾਰਨ ਸਾਡੀ 'ਈਗੋ' ਵੀ ਹੈ। ਪਤੀ ਪਤਨੀ ਵਿੱਚ ਮਾੜੀ ਜਿਹੀ ਗੱਲ ਤੋਂ ਤਕਰਾਰ ਹੁੰਦਾ ਹੈ ਤੇ ਗੱਲ ਤਲਾਕ ਤੱਕ ਜਾ ਪਹੁੰਚਦੀ ਹੈ। ਅਸਲ ਵਿੱਚ ਛੋਟੇ ਪਰਿਵਾਰਾਂ ਵਿੱਚ ਜੰਮੇ ਪਲੇ ਬੱਚੇ- ਚੰਗੇ ਡਾਕਟਰ, ਵਕੀਲ, ਇੰਜਨੀਅਰ ਤਾਂ ਬਣ ਜਾਂਦੇ ਹਨ ਪਰ ਅਕਸਰ ਵਧੀਆ ਇਨਸਾਨ ਨਹੀਂ ਬਣ ਸਕਦੇ। ਸਾਂਝੇ ਪਰਿਵਾਰਾਂ ਵਿੱਚ ਤਾਂ, ਸਬਰ ਸੰਤੋਖ, ਸਹਿਨਸ਼ੀਲਤਾ, ਵੰਡ ਛਕਣਾ (ਸ਼ੇਅਰਿੰਗ), ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਸੇਵਾ, ਮਾਪਿਆਂ ਦਾ ਹੱਥ ਵੰਡਾਣਾ, ਜ਼ਿੰਮੇਵਾਰੀ ਦਾ ਅਹਿਸਾਸ ਆਦਿ ਗੁਣ ਸੁੱਤੇ ਸਿੱਧ ਹੀ ਬੱਚਿਆਂ ਵਿੱਚ ਆ ਜਾਂਦੇ ਸਨ। ਇਹ ਸਾਰੇ ਗੁਣ, ਅੱਗੇ ਜਾ ਕੇ, ਗ੍ਰਹਿਸਤ ਆਸ਼ਰਮ ਦੀ ਨੀਂਹ ਮਜਬੂਤ ਕਰਨ ਵਿੱਚ, ਬਹੁਤ ਸਹਾਈ ਹੁੰਦੇ ਸਨ।
ਅਸਲ ਵਿੱਚ, ਵਿਆਹ ਜ਼ਿੰਦਗੀ ਦਾ ਅਹਿਮ ਫੈਸਲਾ ਹੁੰਦਾ ਹੈ, ਇਸ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ। ਮਾਪਿਆਂ ਨੂੰ- ਬੱਚਿਆਂ ਦੇ ਗੁਣ, ਲਿਆਕਤ, ਵਿਦਿਆ, ਸੰਸਕਾਰ, ਨੌਕਰੀ, ਆਦਤਾਂ ਆਦਿ ਧਿਆਨ ਵਿੱਚ ਰੱਖ ਕੇ ਰਿਸ਼ਤੇ ਕਰਨੇ ਚਾਹੀਦੇ ਹਨ ਨਾ ਕਿ ਪਰਿਵਾਰ ਦਾ ਸਟੇਟਸ ਜਾਂ ਜਾਇਦਾਦ। ਕਈ ਵਾਰੀ ਅਮੀਰ ਪਰਿਵਾਰਾਂ ਦੇ ਬੱਚੇ ਬਿਗੜੇ ਹੋਏ ਵੀ ਹੋ ਸਕਦੇ ਹਨ, ਨਸ਼ਿਆਂ ਦੇ ਆਦੀ ਵੀ ਹੋ ਸਕਦੇ ਹਨ। ਬੱਚਿਆਂ ਦੀ ਚੋਣ ਵੀ ਕਈ ਵਾਰ ਸਹੀ ਹੁੰਦੀ ਹੈ, ਸੋ ਉਹਨਾਂ ਦੀ ਸਲਾਹ ਲੈਣੀ ਵੀ ਜਰੂਰੀ ਹੈ।
ਸਾਥੀਓ ਪਰਿਵਾਰ, ਸਮਾਜ ਦੀ ਅਹਿਮ ਕੜੀ ਹੈ। ਪਰਿਵਾਰਾਂ ਨੂੰ ਮਿਲ ਕੇ ਹੀ ਸਮਾਜ ਬਣਦਾ ਹੈ। ਤੰਦਰੁਸਤ ਪਰਿਵਾਰਾਂ ਨਾਲ ਹੀ ਤੰਦਰੁਸਤ ਸਮਾਜ ਦੀ ਨੀਂਹ ਰੱਖੀ ਜਾ ਸਕਦੀ ਹੈ। ਜੇ ਪਰਿਵਾਰ ਇਸ ਤਰ੍ਹਾਂ ਟੁੱਟਦੇ ਰਹੇ, ਤਾਂ ਸਮਾਜ ਦਾ ਢਾਂਚਾ ਹਿੱਲ ਜਾਏਗਾ। ਸੋ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਉਣਾ, ਆਪਣਾ ਸਭ ਦਾ ਫਰਜ਼ ਬਣਦਾ ਹੈ। ਆਓ ਆਪਣੀ ਨਵੀਂ ਪਨੀਰੀ ਨੂੰ ਇਸ ਤਰ੍ਹਾਂ ਤਿਆਰ ਕਰੀਏ ਕਿ ਉਹ ਗ੍ਰਹਿਸਤ ਦੀਆਂ ਜ਼ਿੰਮੇਵਾਰੀਆਂ ਤੋਂ ਮੂੰਹ ਨਾ ਮੋੜੇ, ਸਗੋਂ ਇੱਕ ਸਹਿਯੋਗੀ ਪਤੀ- ਪਤਨੀ, ਇੱਕ ਜ਼ਿੰਮੇਵਾਰ ਮਾਂ- ਬਾਪ ਅਤੇ ਸਮਾਜ ਦਾ ਅਹਿਮ ਅੰਗ ਬਣ- "ਏਕ ਜੋਤਿ ਦੁਇ ਮੂਰਤੀ.." ਹੁੰਦੇ ਹੋਏ, ਆਪਣੇ ਪਰਿਵਾਰ ਦੀ ਹੀ ਨਹੀਂ, ਸਗੋਂ ਦੇਸ਼ ਕੌਮ ਦੀ ਖੁਸ਼ਹਾਲੀ ਵਿੱਚ ਵੀ ਬਣਦਾ ਯੋਗਦਾਨ ਪਾਉਣ।