ਪੰਜਾਬ ਵਿਚ ਕੀ ਖਟਿਆ ਕੀ ਗਵਾਇਆ (ਕਿਸ਼ਤ-5)
(ਸਫ਼ਰਨਾਮਾ )
ਰਾਤ ਦੇ ਨੌਂ ਵਜੇ ਸਨ। ਮੈਂ ਸੌਣ ਦੀ ਤਿਆਰੀ ਕਰ ਰਿਹਾ ਸਾਂ ਜਦ ਕੁਝ ਬੰਦਿਆਂ ਨੇ ਕੋਠੀ ਅੰਦਰ ਆ ਕੇ ਬੈੱਲ ਕੀਤੀ। ਸੀਮਾ ਨੇ ਵੇਖ ਕੇ ਦਸਿਆ ਕਿ ਦੋ ਆਦਮੀ ਆਏ ਹਨ ਤੇ ਪਹਿਲਾਂ ਵੀ ਕੋਠੀ ਦਾ ਸੌਦਾ ਕਰਨ ਲਈ ਆਪਣੇ ਪਾਸ ਆ ਚੁਕੇ ਹਨ। ਮੈਂ ਕਿਹਾ ਕਿ ਇਹ ਆਏ ਤਾਂ ਗਲਤ ਵਕਤ ਤੇ ਹਨ ਅਤੇ ਟੈਲੀਫੋਨ ਕਰ ਕੇ ਵੀ ਨਹੀਂ ਆਏ ਪਰ ਜੇ ਪਹਿਲਾਂ ਆ ਚੁਕੇ ਹਨ ਤਾਂ ਆ ਜਾਣ ਦੇ ਤੇ ਡਰਾਇੰਗ ਰੂਮ ਵਿਚ ਬਿਠਾ ਦੇ। ਇਹ ਦੋਵੇਂ ਬੰਦੇ ਜਿਨ੍ਹਾਂ ਵਿਚੋਂ ਇਕ ਇੰਡੀਆ ਤੋਂ ਬਾਹਰਲੇ ਮੁਲਕਾਂ ਨੂੰ ਹਵਾਲੇ ਰਾਹੀਂ ਰਕਮਾਂ ਭੇਜਣ ਦਾ ਧੰਦਾ ਕਰਦਾ ਸੀ ਤੇ ਦੂਜਾ ਚੰਡੀਗੜ੍ਹ ਦਾ ਕੋਈ ਬਿਜ਼ਨਸਮੈਨ ਸੀ, ਪਹਿਲਾਂ ਕੋਠੀ ਦਾ ਸੌਦਾ ਕਰਨ ਦੇ ਸਬੰਧ ਵਿਚ ਆ ਚੁਕੇ ਸਨ ਅਤੇ ਇਕ ਕਰੋੜ ਅੱਸੀ ਲੱਖ ਦੀ ਆਫਰ ਦੇ ਗਏ ਸਨ ਜੋ ਮੈਂ ਰੀਜੈਕਟ ਕਰ ਦਿਤੀ ਸੀ। ਮੈਂ ਗਿਲਾ ਕੀਤਾ ਕਿ ਇਕ ਤਾਂ ਤੁਸੀਂ ਰਾਤ ਨੂੰ ਆਏ ਹੋ ਤੇ ਉਹ ਵੀ ਬਿਨਾਂ ਟੈਲੀਫੋਨ ਕੀਤਿਆਂ ਆਏ ਹੋ। ਤੁਹਾਨੂੰ ਪਤਾ ਕਿ ਮੈਂ ਬਾਹਰੋਂ ਆਇਆਂ ਅਤੇ ਬਾਹਰਲੇ ਦੇਸ਼ਾਂ ਵਿਚ ਮਿਲਣ ਆਉਣ ਤੋਂ ਪਹਿਲਾਂ ਸਮਾਂ ਤੇ ਤਾਰੀਖ ਨਿਸਚਿਤ ਕੀਤੀ ਜਾਂਦੀ ਹੈ। ਹੁਣ ਜਦ ਆ ਹੀ ਗਏ ਹੋ ਤਾਂ ਦੱਸੋ ਕਿਵੇਂ ਆਏ ਹੋ। ਮੇਰੀ ਕਹੀ ਗੱਲ ਦਾ ਉਹਨਾਂ ਤੇ ਕੋਈ ਖਾਸ ਅਸਰ ਨਾ ਹੋਇਆ ਤੇ ਉਹਨਾਂ ਵਿਚੋਂ ਇਕ ਬੰਦਾ ਜਿਸ ਦਾ ਨਾਂ ਸੁਰਜੀਤ ਸੀ ਤੇ ਪੈਸੇ ਭੇਜਣ ਦਾ ਕੰਮ ਕਰਦਾ ਸੀ, ਕਹਿਣ ਲਗਾ ਕਿ ਮੇਰੇ ਨਾਲ ਦਾ ਬੰਦਾ ਕੋਠੀ ਖਰੀਦਣ ਲਈ ਤਿਆਰ ਹੈ ਤੇ ਇਕ ਕਰੋੜ ਰੁਪਿਆ ਕੈਸ਼ ਨਾਲ ਲੈ ਕੇ ਆਇਆ ਹੈ। ਕੈਸ਼ ਲੈ ਲਵੋ ਤੇ ਕੋਠੀ ਦੇ ਦਿਓ। ਸੀਮਾ ਵੀ ਕੋਲ ਖੜ੍ਹੀ ਸਾਰੀ ਗੱਲ ਬਾਤ ਬੜੇ ਧਿਆਨ ਤੇ ਚੇਤਨ ਮਨ ਨਾਲ ਸੁਣ ਰਹੀ ਸੀ।
ਮੈਂ ਕਿਹਾ ਕਿ ਏਸ ਵੇਲੇ ਰਾਤ ਨੂੰ ਮੈਂ ਬਗੈਰ ਕਿਸੇ ਲਿਖਤ ਪੜ੍ਹਤ ਦੇ ਐਡੀ ਵਡੀ ਕੈਸ਼ ਰਕਮ ਕਿਵੇਂ ਲੈ ਸਕਦਾ ਹਾਂ। ਇਹ ਕੰਮ ਦਿਨ ਵੇਲੇ ਕਿਸੇ ਵਕੀਲ ਜਾਂ ਪਟਾਪਰਟੀ ਡੀਲਰ ਰਾਹੀਂ ਹੋਣਾ ਚਾਹੀਦਾ ਹੈ। ਮੈਂ ਤੁਹਾਡੇ ਕੋਲੋਂ ਕੈਸ਼ ਲੈ ਲਵਾਂ ਤੇ ਤੁਸੀਂ ਬਾਹਰ ਜਾ ਕੇ ਪੁਲਸ ਦਾ ਛਾਪਾ ਪਵਾ ਕੇ ਮੈਨੂੰ ਫਸਾ ਦਿਓ। ਜਾਂ ਫਿਰ ਚਾਰ ਬਦਮਾਸ਼ ਭੇਜ ਕੇ ਰਕਮ ਖੋਹਣ ਤੇ ਮੈਨੂੰ ਮਰਵਾਉਣ ਲਈ ਭੇਜ ਦਿਓ। ਪਤਾ ਨਹੀਂ ਤੁਹਾਡੇ ਦਿਲ ਵਿਚ ਕੀ ਹੈ ਅਤੇ ਮੈਂ ਕੋਈ ਗਲਤ ਕੰਮ ਨਹੀਂ ਕਰਾਂਗਾ ਤੇ ਜੇ ਕੋਠੀ ਵੇਚਾਂਗਾ ਤਾਂ ਸਾਰੀ ਰਕਮ ਵਾਈਟ ਮਨੀ ਵਿਚ ਬੈਂਕ ਰਾਹੀਂ ਲਵਾਂਗਾ। ਪਹਿਲਾਂ ਇਹ ਤਾਂ ਦੱਸੋ ਕਿ ਤੁਹਾਡੀ ਆਫਰ ਕਿੰਨੀ ਹੈ, ਕਿਉਂਕਿ ਸਭ ਤੋਂ ਪਹਿਲਾਂ ਕੋਠੀ ਦਾ ਮੁੱਲ ਤਹਿ ਹੋਣਾ ਬਹੁਤਂ ਜ਼ਿਆਦਾ ਜ਼ਰੂਰੀ ਹੈ।
ਸੁਰਜੀਤ ਕਹਿਣ ਲੱਗਾ ਕਿ ਸਾਡੀ ਆਫਰ ਇਕ ਕਰੋੜ 90 ਲਖ ਦੀ ਹੈ ਤੇ ਜਿਹੜੇ ਮੁਲਕ ਕਹੋ, ਚੌਵੀ ਘੰਟਿਆਂ ਵਿਚ ਇਹ ਪੈਸਾ ਓਥੇ ਪੁਜਦਾ ਕਰ ਦਿਆਂਗੇ। ਮੈਂ ਉਹਨਾਂ ਦੀ ਗੱਲ ਸੁਣ ਕੇ ਘਬਰਾ ਗਿਆ ਤੇ ਕਿਹਾ ਕਿ ਮੈਂ ਕੋਠੀ ਢਾਈ ਕਰੋੜ ਤੋਂ ਘੱਟ ਨਹੀਂ ਵੇਚਾਂਗਾ। ਸਾਰੀ ਵਾਈਟ ਮਨੀ ਲਵਾਂਗਾ ਅਤੇ ਵੇਚਣ ਤੋਂ ਪਹਿਲਾਂ ਸਾਰਾ ਸੌਦਾ ਤੇ ਬਿਆਨਾ ਲਿਖਤ ਪੜ੍ਹਤ ਲਈ ਹੋਵੇਗਾ ਤੇ ਤੁਹਾਨੂੰ ਰਾਤ ਵੇਲੇ ਮੇਰੇ ਘਰ ਐਨਾ ਕੈਸ਼ ਲੈ ਕੇ ਨਹੀਂ ਆਉਣਾ ਚਾਹੀਦਾ ਸੀ। ਮੇਰੇ ਦਿਲ ਵਿਚ ਸ਼ਕ ਪੈਦਾ ਹੋ ਰਿਹਾ ਸੀ ਕਿ ਇਹਨਾਂ ਲੋਕਾਂ ਕੋਲ ਕੋਈ ਹਥਿਆਰ ਰੀਵਾਲਵਰ ਆਦਿ ਵੀ ਹੋ ਸਕਦਾ ਹੈ ਅਤੇ ਇੰਡੀਆ ਦੇ ਇਸ ਤਰ੍ਹਾਂ ਦੇ ਲੋਕ ਬੰਦੇ ਘੱਟ ਤੇ ਮਾਫੀਆ ਜ਼ਿਆਦਾ ਹੁੰਦੇ ਹਨ। ਜ਼ਾਅਦਾ ਰੁਖੇ ਹੋਣ ਤੇ ਪੰਗਾ ਲੈਣ ਦੀ ਵੀ ਲੋੜ ਨਹੀਂ ਹੈ। ਮੈਂ ਮਾਹੌਲ ਨੂੰ ਸੁਖਾਵਾਂ ਕਰਨ ਲਈ ਬੜੇ ਪਿਆਰ ਨਾਲ ਮੁਸਕਰਾ ਕੇ ਪੁਛਿਆ ਕਿ ਦਸੋ ਕੀ ਪੀਓਗੇ? ਸਕਾਚ ਜਾਂ ਵਿਸਕੀ। ਸੁਰਜੀਤ ਨੇ ਹੱਸ ਕੇ ਜਵਾਬ ਦਿਤਾ ਕਿ ਅਸੀਂ ਪੀਂਦੇ ਨਹੀਂ ਹਾਂ। ਤੁਹਾਡੀ ਆਫਰ ਕਰਨ ਦੀ ਬੜੀ ਮਿਹਰਬਾਨੀ ਤੇ ਹੋਰ ਕੋਈ ਗੱਲ ਬਾਤ ਕੀਤੇ ਬਗੈਰ ਉਹ ਆਰਾਮ ਨਾਲ ਚਲੇ ਗਏ। ਮੈਂ ਸੀਮਾ ਨੂੰ ਕਿਹਾ ਕਿ ਤੂੰ ਪਰਦੇ ਵਿਚੋਂ ਵੇਖ ਕਿ ਕੋਠੀ ਦੇ ਬਾਹਰ ਕੋਈ ਹੋਰ ਕਾਰ ਤਾਂ ਨਹੀਂ ਹੈ ਜਾਂ ਕੋਈ ਹੋਰ ਬੰਦੇ ਤਾਂ ਨਹੀਂ ਹਨ। ਸੀਮਾ ਨੇ ਚੰਗੀ ਤਰ੍ਹਾਂ ਵੇਖ ਕੇ ਕਿਹਾ ਕਿ ਹੋਰ ਕਾਰ ਨਹੀਂ ਹੈ ਅਤੇ ਨਾ ਹੀ ਕੋਈ ਹੋਰ ਬੰਦੇ ਦਿਸਦੇ ਹਨ। ਉਹ ਭਾਵੇਂ ਚਲੇ ਗਏ ਤੇ ਮੈਂ ਤੇ ਸੀਮਾ ਮੇਰੇ ਬੱੈਡ ਰੂਮ ਵਿਚ ਆ ਕੇ ਉਹਨਾਂ ਬਾਰੇ ਵਿਚਾਰ ਕਰਦੇ ਰਹੇ ਕਿ ਭਾਵੇਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਪਰ ਇਸ ਤਰ੍ਹਾਂ ਰਾਤ ਨੂੰ ਏਡੀ ਵਡੀ ਕੈਸ਼ ਰਕਮ ਲੈ ਕੇ ਆਣ ਦਾ ਕੀ ਮਤਲਬ ਹੋ ਸਕਦਾ ਹੈ। ਨਾ ਕੋਈ ਕੋਠੀ ਦਾ ਸੌਦਾ ਹੋਇਆ ਹੈ ਅਤੇ ਨਾ ਹੀ ਲਿਖਤ ਪੜ੍ਹਤ ਅਤੇ ਇਹ ਲੋਕ ਕੀ ਸਮਝ ਕੇ ਐਡੀ ਵਡੀ ਰਕਮ ਲੈ ਕੇ ਆ ਗਏ। ਇਹ ਖੈਰ ਹਥੇ ਨਹੀਂ ਹੋ ਸਕਦੇ। ਉਸ ਰਾਤ ਮੈਂ ਸੌਂ ਨਾ ਸਕਿਆ ਤੇ ਹਿੰਦੋਸਤਾਨ ਵਿਚ ਇਸ ਤਰ੍ਹਾਂ ਦੀ ਹੁੰਦੀਆਂ ਕਾਰਵਾਈਆਂ ਬਾਰੇ ਸੋਚਦਾ ਰਿਹਾ ਕਿ ਅਖਬਾਰਾਂ ਵਿਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਾਰੇ ਪੜ੍ਹਦੇ ਸੁਣਦੇ ਰਹੀ ਦਾ ਹੈ ਤੇ ਅਜ ਇਹੋ ਜਿਹੀ ਵਾਰਦਾਤ ਹੁੰਦੀ ਹੁੰਦੀ ਰਹਿ ਗਈ ਹੈ। ਆਖਰ ਇਹਨਾਂ ਲੋਕਾਂ ਨੇ ਮੈਨੂੰ ਸਮਝਿਆ ਕੀ ਹੈ।
ਅਗਲੇ ਦਿਨ ਜਦ ਮੇਰਾ ਭਤੀਜਾ ਸਵਰਨ ਮੋਮੀ ਜੋ ਰੇਲ ਦੀ ਵਧੀਆ ਨੌਕਰੀ ਦੇ ਨਾਲ ਨਾਲ ਮੋਹਾਲੀ ਵਿਚ ਰੀਅਲ ਅਸਟੇਟ ਦਾ ਕੰਮ ਵੀ ਕਰਦਾ ਹੈ, ਆਇਆ ਤਾਂ ਮੈਂ ਓਸ ਨੂੰ ਰਾਤ ਵਾਲੀ ਸਾਰੀ ਘਟਨਾ ਦੱਸੀ। ਓਸ ਵੀ ਇਹੋ ਕਿਹਾ ਕਿ ਬਗੈਰ ਕੋਠੀ ਵੇਚਣ ਦੀ ਲਿਖਤ ਪੜ੍ਹਤ ਕੀਤੇ ਬਗੈਰ ਇਸ ਤਰ੍ਹਾਂ ਐਡੀ ਵਡੀ ਕੈਸ਼ ਰਕਮ ਲੈ ਕੇ ਆਉਣ ਦਾ ਕੀ ਮਤਲਬ ਹੋਇਆ ਪਰ ਕਿਸੇ ਅਣਸੁਖਾਵੀਂ ਘਟਨਾ ਨਾ ਹੋਣ ਕਾਰਨ ਉਸ ਨੇ ਕਿਹਾ ਕਿ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਜੋ ਹੋਣਾ ਸੀ ਉਹ ਹੋ ਗਿਆ। ਤੁਸੀਂ ਸਾਰਾ ਮਸਲਾ ਠੀਕ ਢੰਗ ਤੇ ਸਿਆਣਪ ਨਾਲ ਨਬੇੜ ਆਪੇ ਹੀ ਨਬੇੜ ਲਿਆ ਤੇ ਉਹ ਚਲੇ ਗਏ। ਮੈਨੂੰ ਸੁਰਜੀਤ ਦਾ ਫੋਨ ਨੰਬਰ ਦੇਣਾ, ਮੈਂ ਉਹਦੇ ਨਾਲ ਖੋਹਲ ਕੇ ਗੱਲ ਕਰਾਂਗਾ ਕਿ ਰਾਤ ਨੂੰ ਇਸ ਤਰ੍ਹਾਂ ਆਉਣ ਦਾ ਕੀ ਮਤਲਬ ਸੀ।
ਮੈਂ ਕੈਨੇਡਾ ਤੋਂ ਪਰਾਪਰਟੀ ਵੇਚਣ ਲਈ ਤੁਰਨ ਤੋਂ ਪਹਿਲਾਂ ਆਪਣੀ ਸਿਕਿਓਰਟੀ ਬਾਰੇ ਕਾਫੀ ਚੌਕੰਨਾ ਸਾਂ ਕਿਉਂਕਿ ਪੰਜਾਬ ਵਿਚ ਪਰਾਪਰਟੀਜ਼ ਵੇਚਣ ਗਏ ਐਨ ਆਰ ਆਈਜ਼ ਨੂੰ ਆਉਂਦੀਆਂ ਮੁਸ਼ਕਲਾਂ ਅਤੇ ਹੇਰਾ ਫੇਰੀਆਂ, ਜਾਅਲੀ ਪਾਵਰ ਆਫ ਅਟਾਰਨੀਜ਼, ਇਕ ਜਾਇਦਾਦ ਕਈਆਂ ਨੂੰ ਵੇਚ ਦੇਣ ਦੀਆਂ ਬਹੁਤ ਖਬਰਾਂ ਸੁਣ ਚੁਕਾ ਸਾਂ। ਨਵਾਂ ਸ਼ਹਿਰ ਡੀæ ਐਸ਼ ਪੀæ ਲਗੇ ਆਪਣੇ ਬੇਟੇ ਲਖਵਿੰਦਰ ਨਾਲ ਵੀ ਇਨ ਟੱਚ ਸਾਂ ਕਿ ਕਿਸੇ ਵੇਲੇ ਉਹਦੀ ਲੋੜ ਪੈ ਜਾਵੇ ਤਾਂ ਉਹਦੇ ਨੋਟਿਸ ਵਿਚ ਸਾਰੀ ਗੱਲ ਬਾਤ ਜ਼ਰੂਰ ਹੋਣੀ ਚਾਹੀਦੀ ਹੈ। ਹਾਈ ਕੋਰਟ ਦੇ ਇਕ ਜੱਜ ਸਾਹਿਬ ਜੋ ਕੈਨੇਡਾ ਆ ਕੇ ਸਾਡੇ ਪਾਸ ਠਹਿਰਦੇ ਹਨ ਤੋਂ ਇਲਾਵਾ ਚੰਡੀਗੜ੍ਹ ਦੇ ਕਈ ਹੋਰ ਬਹੁਤ ਵਡੇ ਵਡੇ ਅਫਸਰਾਂ ਨਾਲ ਵੀ ਅਕਸਰ ਕੋਠੀ ਦੇ ਵੇਚਣ ਬਾਰੇ ਹੋ ਰਹੀ ਗਤੀ ਵਿਧੀ ਜਾਂ ਕਾਰਵਾਈ ਦੀ ਜਾਣਕਾਰੀ ਸਾਂਝੀ ਹੁੰਦੀ ਰਹਿੰਦੀ ਸੀ। ਇਹਨਾਂ ਵਿਚ ਡਾ: ਸੋਢੀ ਰਾਮ ਪੰਜਾਬ ਯੂਨੀਵਰਸਿਟੀ ਅਤੇ ਹਰਿੰਦਰ ਬਰਾੜ ਵੀ ਸ਼ਾਮਲ ਸੀ ਜੋ ਪੰਜਾਬ ਦੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਹੈ। ਇਕ ਉਚ ਪੁਲਸ ਅਧਿਕਾਰੀ ਦੇ ਕਹਿਣ ਤੇ ਸਾਦਾ ਕਪੜਿਆਂ ਵਿਚ ਪੁਲਸ ਦੇ ਕੁਝ ਅਫਸਰ ਤੇ ਮਾਤਹਿਤ ਵੀ ਕਦੀ ਕਦੀ ਗੇੜਾ ਮਾਰਦੇ ਰਹਿੰਦੇ ਸਨ ਤੇ ਹਿਫਾਜ਼ਤ ਦਾ ਖਿਆਲ ਰਖਦੇ ਸਨ। ਆਣ ਜਾਣ ਵਾਲਿਆਂ ਤੇ ਨਜ਼ਰ ਰਖਣ ਲਈ ਸੀਮਾ ਦੀ ਘੋਖਵੀਂ ਨਜ਼ਰ ਵੀ ਕਾਫੀ ਤੇਜ਼ ਸੀ। ਰਾਤ ਨੂੰ ਦਸ ਵਜੇ ਮੇਨ ਗੇਟ ਨੂੰ ਤਾਲਾ ਲਗ ਜਾਂਦਾ ਸੀ ਤੇ ਤਿਖੀਆਂ ਗਰਿਲਾਂ ਲੱਗੀ ਕੋਠੀ ਕਿਲੇ ਦਾ ਰੂਪ ਧਾਰ ਜਾਂਦੀ ਸੀ ਜਿਸ ਵਿਚ ਨਾ ਕੋਈ ਬਾਹਰੋਂ ਅੰਦਰ ਆ ਸਕਦਾ ਸੀ ਅਤੇ ਨਾ ਅੰਦਰੋਂ ਬਾਹਰ ਜਾ ਸਕਦਾ ਸੀ। ਬਾਕੀ ਜੇ ਕੋਈ ਐਸੀ ਮਾੜੀ ਘੜੀ ਹੀ ਆ ਜਾਵੇ ਤਾਂ ਸਿਕਿਓਰਟੀ ਜਾ ਹਿਫਾਜ਼ਤੀ ਪ੍ਰਬੰਧ ਵੀ ਕੁਝ ਨਹੀਂ ਕਰ ਸਕਦੇ। ਵਡੀਆਂ ਵਡੀਆਂ ਸਿਕਿਓਰਟੀ ਵਾਲ ਵਡੇ ਲੋਕ ਵੀ ਮਾਰੇ ਜਾਂਦੇ ਹਨ। ਮੌਤ ਅਗੇ ਕਿਸੇ ਦਾ ਕੋਈ ਜ਼ੋਰ ਨਹੀਂ ਹੈ। ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਜਿਨ੍ਹਾਂ ਨੂੰ ਆਪਣੇ ਅਹੁਦੇ ਤੋਂ ਰੀਟਾਇਰ ਹੋਣ ਤੋਂ ਬਾਅਦ ਵੀ ਪੂਰੀ ਸਿਕਿਓਰਟੀ ਮਿਲੀ ਹੋਈ ਸੀ, ਰੋਪੜ ਤੋਂ ਚੰਡੀਗੜ੍ਹ ਆਉਂਦੇ ਇਕ ਟਰੱਕ ਹਾਦਸੇ ਵਿਚ ਮਾਰੇ ਗਏ ਸਨ। ਮੌਤ ਅਗੇ ਕਿਸੇ ਦਾ ਜ਼ੋਰ ਨਹੀਂ ਹੈ।
ਜਲਾਲਾਬਾਦ ਵੈਸਟ ਦਾ ਵਸਨੀਕ ਪਰਵਿੰਦਰ ਕੱਕੜ ਜੋ ਚੰਗੇ ਕੰਮ ਕਾਰ ਦੀ ਭਾਲ ਵਿਚ ਮੋਹਾਲੀ ਆ ਕੇ ਵਸ ਗਿਆ ਸੀ ਤੇ ਮੇਰੀ ਕੋਠੀ ਦੇ ਸਾਹਮਣੇ ਬਣੇ ਛੋਟੇ ਕਵਾਟਰਾਂ ਵਿਚ ਰਹਿੰਦਾ ਸੀ। ਉਹ ਬੜਾ ਚਾਲੂ ਬੰਦਾ ਸੀ ਅਤੇ 2012 ਤੋਂ ਮੈਨੂੰ ਕੋਠੀ ਵੇਚਣ ਦਾ ਲਾਰਾ ਲਾਉਂਦਾ ਆ ਰਿਹਾ ਸੀ। ਗੱਲਾਂ ਗਪਾਂ ਵਿਚ ਉਸ ਦਾ ਕੋਈ ਅੰਤ ਨਹੀਂ ਸੀ। ਉਸਦੇ ਕਈ ਨਾਂ ਸਨ ਜਿਵੇਂ ਧੱਤੂ ਨਾਂ ਨਾਲ ਵੀ ਲੋਕ ਉਸ ਨੂੰ ਸੱਦਦੇ ਸਨ। ਮੈਂ ਆਪਣੀ ਡਾਇਰੀ ਵਿਚ ਉਹਦੇ ਬਾਰੇ ਉਹਨੂੰ ਪੁਜ ਕੇ ਝੂਠਾ, ਮੰਗਤਾ, ਲਾਰੇਬਾਜ਼, ਫਰਾਡ, ਲਾਲਚੀ, ਖਾਊ ਪੀਊ, ਵਿਹਲੜ, ਨਿਕੰਮਾ, ਅਵਾਰਾ, ਠਗ, ਮੁਕਰ ਜਾਣ ਵਾਲਾ, ਹੋਣਾ ਕਿਤੇ ਹੋਰ ਤੇ ਦੱਸਣਾ ਕਿਤੇ ਹੋਰ, ਰੋਗੀ, ਬਲਡ ਪ੍ਰੈਸ਼ਰ ਤੇ ਲਿਵਰ ਦਾ ਮਰੀਜ਼, ਓਵਰ ਵੇਟ ਤੇ ਪੇਟ ਗੈਸ ਦਾ ਮਰੀਜ਼, ਬੇਸ਼ਰਮ, ਢੀਠ ਅਤੇ ਪਤਾ ਨਹੀਂ ਹੋਰ ਕੀ ਕੀ ਸੀ। ਐਨੇ ਸਾਰੇ ਐਬ ਹੋਣ ਅਤੇ ਰੋਜ਼ ਮੇਰੇ ਕੋਲੋਂ ਝਿੜਕਾਂ ਖਾਣ ਦੇ ਬਾਵਜੂਦ ਉਹ ਮੇਰੇ ਕੋਲ ਸ਼ਾਮ ਨੂੰ ਦਾਰੂ ਦੇ ਪੈਗ ਪੀਣ ਜ਼ਰੂਰ ਆ ਜਾਂਦਾ ਸੀ ਅਤੇ ਮੇਰੀਆਂ ਝਿੜਕਾਂ ਦਾ ਗੁੱਸਾ ਨਹੀਂ ਕਰਦਾ ਸੀ ਅਤੇ ਕਦੀ ਕਦੀ ਆਪਣੀ ਟੁਟੀ ਕਾਰ ਵਿਚ ਰਾਈਡ ਵੀ ਦੇ ਦਿੰਦਾ ਸੀ। ਅੰਤ ਤਕ ਉਹ ਮੇਨੂੰ ਕੋਠੀ ਵੇਚਣ ਲਈ ਗਾਹਕ ਲਭਨ ਦੇ ਲਾਰੇ ਲਾਉਂਦਾ ਰਿਹਾ ਤੇ ਮੈਂ ਉਸ ਦਾ ਕੋਈ ਇਤਬਾਰ ਨਾ ਕੀਤਾ। ਪਰ ਅੰਤ ਤੇ ਆ ਕੇ ਆਖਰ ਉਸ ਨੇ ਜੋ ਗਾਹਕ ਲਿਆਂਦਾ, ਸੌਦਾ ਤਾਂ ਭਾਵੇਂ ਉਸ ਦੇ ਰਾਹੀਂ ਨਾ ਹੋਇਆ ਪਰ ਉਸ ਗਾਹਕ ਨੇ ਮੈਨੂੰ ਬਹੁਤ ਤੰਗ ਕਰ ਕੇ ਹੀ ਮੇਰੀ ਪਰਾਪਰਟੀ ਬੜੀ ਘਟ ਕੀਮਤ ਤੇ ਖਰੀਦੀ।
----ਚਲਦਾ....