ਅੱਜ ਜੱਸੇ ਦੀ ਕੋਰਟ ਵਿੱਚ ਪੇਸ਼ੀ ਸੀ । ਜੱਸੇ ਨੂੰ ਜੇਲ੍ਹ ਗਏ ਨੂੰ ਸੱਤ ਸਾਲ ਦੇ ਕਰੀਬ ਸਮਾਂ ਹੋ ਗਿਆ ਸੀ ਪਰ ਉਸਦੇ ਬਰੀ ਹੋਣ ਦੀ ਕੋਈ ਝਾਕ ਨਹੀਂ ਦਿਸ ਰਹੀ ਸੀ । ਉਸਦੀ ਪਤਨੀ ਨੇ ਕੋਰਟ ਵਿੱਚ ਜੱਸੇ ਦੀ ਰਿਹਾਈ ਦੀ ਤੀਸਰੀ ਵਾਰ ਅਪੀਲ ਕੀਤੀ , ਪਰ ਕੋਈ ਸੁਣਵਾਈ ਉਸਦੇ ਪੱਖ ਚ' ਨਹੀਂ ਸੀ । ਉਸਦਾ ਪਿਓ ਤਾਂ ਬਚਪਨ ਵਿੱਚ ਹੀ ਮਰ ਗਿਆ ਸੀ ਤੇ ਉਸਦੀ ਮਾਂ ਇਸੇ ਉਡੀਕ ਚ' ਹੀ ਮਰ ਗਈ ਕਿ ਉਸਦਾ ਪੁੱਤ ਜੇਲ੍ਹ ਤੋਂ ਛੇਤੀ ਬਰੀ ਹੋ ਜਾਵੇਗਾ । ਘਰ-ਬਾਰ ਸਾਰਾ ਵਿਕ ਚੁੱਕਾ ਸੀ । ਉਸਦੀ ਪਤਨੀ ਜੀਤਾਂ ਵਿਚਾਰੀ ਬੜੀ ਭਲੀਮਾਨਸ ,ਸਿਦਕ ਦੀ ਪੱਕੀ , ਸੁੰਦਰ , ਚੰਗਾ ਆਚਰਣ ਵਾਲੀ ਸੀ । ਉਦੋਂ ਉਸਨੂੰ ਜੱਸੇ ਦੇ ਘਰ ਵਿਆਹੀ ਆਈ ਨੂੰ ਸਾਲ ਕੁ' ਦਾ ਸਮਾਂ ਹੀ ਹੋਇਆ ਸੀ ਕਿ ਜੱਸਾ ਜੇਲ੍ਹ ਚਲਾ ਗਿਆ । ਉਸਦੇ ਪੇਕਿਆਂ ਨੇ ਉਸਨੂੰ ਬੜਾ ਸਮਝਾਇਆ ਕਿ ਅਜੇ ਤਾਂ ਉਹਦੀ ਉਮਰ ਹੀ ਕੀ ਹੋਈ ਹੈ ,ਕਿਸੇ ਚੰਗੇ ਘਰ ਦਾ ਰਿਸ਼ਤਾ ਮਿਲ ਜਾਊ ਪਰ ਉਹ ਤਾਂ ਇਸੇ ਜ਼ਿੱਦ ਤੇ ਹੀ ਅੜੀ ਰਹੀ ਕਿ ਭਾਵੇਂ ਉਹ ਮਰ ਜਾਵੇ ਮਰਦੇ ਦਮ ਤੱਕ ਜੱਸੇ ਦੀ ਉਡੀਕ ਕਰੇਗੀ । ਉਸਦੇ ਪੇਕਿਆਂ ਨੇ ਬੜੀਆਂ ਮਿੰਨਤਾਂ ਕੀਤੀਆਂ ਪਰ ਉਹ ਨਾ ਮੰਨੀ । ਗੁੱਸੇ ਚ' ਆ ਕੇ ਉਸਦੇ ਪੇਕਿਆਂ ਨੇ ਉਸ ਕੋਲ ਆਉਣਾਂ ਜਾਣਾਂ ਵੀ ਬੰਦ ਕਰ ਦਿੱਤਾ । ਜਦੋਂ ਉਹ ਇਸ ਘਰ ਚ' ਆਈ-ਆਈ ਸੀ ਤਾਂ ਲੋਕ ਉਹਦੀਆਂ ਤੇ ਜੱਸੇ ਦੀਆਂ ਤਾਰੀਫਾਂ ਕਰਦੇ ਨਹੀਂ ਸਨ ਥੱਕਦੇ ਪਰ ਅੱਜ ਤਾਂ ਕੋਈ ਉਹਨਾਂ ਦੇ ਗੇਟ ਅੱਗੋਂ ਦੀ ਲੰਗਣ ਨੂੰ ਤਿਆਰ ਨਹੀਂ ਸੀ ।
ਜੀਤਾਂ ਜੱਸੇ ਨੂੰ ਬਰੀ ਕਰਵਾਉਣ ਦੇ ਚੱਕਰਾਂ ਚ' ਕਚਹਿਰੀਆਂ ਚ' ਕਦੋਂ ਦੀ ਰੁਲ ਰਹੀ ਸੀ । ਉਹ ਤਾਂ ਜੱਸੇ ਦੇ ਫਿਕਰਾਂ ਚ' ਉਮਰੋਂ ਪਹਿਲਾਂ ਬੁੱਢੀ ਹੋ ਗਈ ਸੀ । ਜੱਸੇ ਦੇ ਸਿਰ ਸ਼ਾਹੂਕਾਰ ਮੰਗਤ ਰਾਮ ਦਾ ਬੜਾ ਕਰਜ਼ਾ ਸੀ । ਇਸੇ ਕਰਜ਼ੇ ਨੂੰ ਲਾਹੁੰਦਾ-ਲਾਹੁੰਦਾ ਉਸਦਾ ਬਾਪੂ ਮਰ ਗਿਆ ਸੀ । ਪਰ ਵਿਆਜ ਲੱਗਦਾ ਹੀ ਐਨਾ ਸੀ ਕਿ ਜਿੰਨਾ ਕਰਜ਼ਾ ਉਤਾਰਦੇ ਸੀ ਉਸਤੋਂ ਕਈ ਜ਼ਿਆਦਾ ਹੋਰ ਵਧ ਜਾਂਦਾ ਸੀ । ਜੱਸੇ ਦੀਆਂ ਦੋਵੇਂ ਭੈਣਾਂ ਤਾਂ ਉਸਦੇ ਬਾਪੂ ਨੇ ਕਰਜ਼ਾ ਲਾਹੁਣ ਬਦਲੇ ਸ਼ਾਹੂਕਾਰ ਦੇ ਮੁੰਡਿਆਂ ਨਾਲ ਵਿਆਹ ਦਿੱਤੀਆਂ ਸਨ । ਬੜੀ ਅੱਖ ਸੀ ਸ਼ਾਹੂਕਾਰ ਦੀ ਉਹਨਾਂ ਦੋਵਾਂ ਤੇ । ਜੱਸੇ ਦੀਆਂ ਭੈਣਾਂ ਵਿਆਹੀਆਂ ਨਹੀਂ ਸਗੋਂ ਕਰਜ਼ਾ ਲਾਹੁਣ ਬਦਲੇ ਵੇਚੀਆਂ ਗਈਆਂ ਸਨ । ਪਰ ਜੱਸੇ ਦੇ ਬਾਪੂ ਨੇ ਸ਼ਰਾਬ ਪੀਣੀ ਤੇ ਵੈਲ ਨਹੀਂ ਛੱਡੇ । ਨਤੀਜੇ ਵਜੋਂ ਕਰਜ਼ਾ ਓਨਾ ਹੀ ਫਿਰ ਸਿਰ ਚੜ੍ਹ ਗਿਆ । ਜਿਸਨੂੰ ਜੱਸਾ ਲਾਹ ਰਿਹਾ ਸੀ । ਪਹਿਲਾਂ ਤਾਂ ਉਹ ਸ਼ਾਹੂਕਾਰ ਕੇ ਸੀਰੀ ਲੱਗਾ । ਕਦੇ-ਕਦਾਈਂ ਤਾਂ ਸ਼ਾਹੂਕਾਰ ਪੈਸੇ ਦੇ ਦਿੰਦਾ ਨਹੀਂ ਤਾਂ ਇਹ ਕਹਿ ਕੇ ਨਾ ਦਿੰਦਾ ਕਿ ਵਿਆਜ਼ ਚ' ਕੱਟ ਲਏ । ਸ਼ਾਹੂਕਾਰ ਨੇ ਤਾਂ ਜੱਸੇ ਨੂੰ ਨਸ਼ੇ ਦੀ ਸਮੱਗਲਿੰਗ ਕਰਨ ਲਾ ਦਿੱਤਾ । ਵਿਚਾਰਾ ਜੱਸਾ ਅੰਦਰੋਂ-ਅੰਦਰੀ ਸੋਚਦਾ ਕਿ ਸ਼ਾਹੂਕਾਰ ਦੇ ਆਖੇ ਨਾ ਲੱਗੇ , ਕਿਉਂ ਕਿਸੇ ਦੇ ਘਰੇ ਅੱਗ ਪਾਉਣੀ ਹੈ ਪਰ ਸ਼ਾਹੂਕਾਰ ਮੂਹਰੇ ਉਹਦੀ ਇੱਕ ਵੀ ਪੇਸ਼ ਨਾ ਚੱਲਦੀ । ਉਸਦਾ ਜੀਅ ਕਰਦਾ ਕਿ ਉਹ ਸ਼ਾਹੂਕਾਰ ਦੇ ਸਿਰ ਚ' ਪੱਥਰ ਮਾਰੇ , ਪਰ ਉਹ ਇਸ ਗੱਲੋਂ ਅਸਮਰੱਥ ਹੋਇਆ ਦਿਸਦਾ ਸੀ ।ਇੱਕ ਦਿਨ ਅਜਿਹਾ ਆਇਆ ਕਿ ਜੱਸਾ ਫੜਿਆ ਗਿਆ ਤੇ ਅਜੇ ਤੱਕ ਜੇਲ੍ਹ ਤੋਂ ਨਹੀਂ ਨਿਕਲਿਆ ਸੀ । ਉਸਤੋਂ ਬਾਅਦ ਸ਼ਾਹੂਕਾਰ ਨੇ ਉਸਦੀ ਬਾਤ ਨਾ ਪੁੱਛੀ । ਉਲਟਾ ਉਸਦੀ ਘਰਵਾਲੀ ਨੂੰ ਤੰਗ ਕਰਨ ਲੱਗਾ ।
ਜੀਤਾਂ ਨੇ ਮਜਬੂਰਨ ਘਰ ਵੇਚ ਕੇ ਗੁਰਦੁਆਰੇ ਰਹਿਣਾ ਸ਼ੁਰੂ ਕਰ ਦਿੱਤਾ ਤੇ ਵੇਚੇ ਘਰ ਦੇ ਪੈਸਿਆਂ ਨਾਲ ਜੱਸੇ ਨੂੰ ਰਿਹਾਅ ਕਰਵਾਉਣ ਦੀ ਸੋਚੀ । ਅਨਪੜ੍ਹ ਹੋਣ ਕਰਕੇ ਉਹ ਤਾਂ ਕਾਨੂੰਨ ਦਾ ਊੜਾ ਐੜਾ ਵੀ ਨਹੀਂ ਜਾਣਦੀ ਸੀ । ਜਦੋਂ ਉਹ ਪਹਿਲੇ ਪਹਿਲੇ ਦਿਨ ਕੋਰਟ ਗਈ ਤਾਂ ਉਸਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਉਹ ਕੀਹਦੇ ਕੋਲੇ ਗੱਲ ਕਰੇ । ਇੰਨੇ ਨੂੰ ਉਸਨੂੰ ਆਪਣੀ ਮਾਸੀ ਦਾ ਮੁੰਡਾ ਨਜ਼ਰ ਆ ਗਿਆ ਜੋ ਕਿ ਕਚਹਿਰੀ ਚ' ਹੀ ਕਿਸੇ ਵਕੀਲ ਨਾਲ ਕੰਮ ਕਰਦਾ ਸੀ । ਉਸਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ
ਉਸਨੇ ਗੱਲ ਸ਼ੁਰੂ ਕੀਤੀ
,"ਵੀਰੇ ! ਤੈਨੂੰ ਤਾਂ ਪਤਾ ਈ ਆ ਕਿ ਤੇਰਾ ਬਾਈ ਜੱਸਾ ਕਦੋਂ ਦਾ ਸ਼ਾਹੂਕਾਰਾਂ ਦੇ ਪੰਗੇ ਚ'ਜੇਲ੍ਹ ਵਿੱਚ ਬੈਠਾ ਵਾ, ਕੀ ਪਤਾ ਕਦੋਂ ਵਾਪਸ ਮੁੜੇ , ਮੇਰਾ ਇਰਾਦਾ ਕਿ ਜੱਸੇ ਨੂੰ ਛੁਡਾਉਣ ਲਈ ਕੋਈ ਤਾਂ ਹੱਥ-ਪੱਲਾ ਮਾਰਾਂ , ਮੈਨੂੰ ਤਾਂ ਥਾਣੇ-ਕਚਹਿਰੀਆਂ ਦਾ ਕੋਈ ਪਤਾ ਨਹੀਂ , ਤੂੰ ਈ ਦੱਸ ",ਕਹਿੰਦਿਆਂ ਕਹਿੰਦਿਆਂ ਜੀਤਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ।
"ਵੇਖ ਭੈਣੇ ! ਮੈਂ ਤਾਂ ਅਜੇ ਹੁਣੇ-ਹੁਣੇ ਕਚਹਿਰੀ ਚ' ਵਕੀਲ ਦਾ ਕੰਮ ਸਿੱਖਣ ਲੱਗਾਂ , ਐਵੇਂ ਮੈਂ ਤੈਨੂੰ ਝੂਠ ਕਿਉਂ ਬੋਲਾਂ , ਮੈਂ ਅਜੇ ਕੇਸ ਲੜਨ ਜੋਗਾ ਨਹੀਂ ਹੋਇਆ , ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦਾ ...ਹਾਂ ਤੈਨੂੰ ਰਾਹ ਜ਼ਰੂਰ ਪਾ ਸਕਦਾਂ...ਤੂੰ ਐਵੇਂ ਕਰ ਓਹ ਜਿਹੜਾ ਸਾਹਮਣੇ ਲਾਲ ਪੱਗ ਵਾਲਾ ਬੰਦਾ ਦੀਂਹਦਾ , ਤੂੰ ਉਹਦੇ ਕੋਲ ਜਾ , ਉਹ ਤੇਰੀ ਕੋਈ ਨਾ ਕੋਈ ਮਦਦ ਜ਼ਰੂਰ ਕਰੇਗਾ", ਉਸਨੇ ਸਾਹਮਣੇ ਵਾਲੇ ਚੈਂਬਰ ਚ' ਬੈਠੇ ਵਕੀਲ ਵੱਲ ਇਸ਼ਾਰਾ ਕਰਦਿਆਂ ਕਿਹਾ ।
"ਹੱਛਾ ਵੀਰੇ", ਕਹਿ ਕਿ ਉਹ ਉਧਰ ਨੂੰ ਚੱਲ ਪਈ ।
ਜਦੋਂ ਬਾਕੀ ਲੋਕਾਂ ਦੇ ਭੁਗਤਣ ਦੇ ਬਾਅਦ ਉਸਦੀ ਵਾਰੀ ਆਈ ਤਾਂ ਉਸਨੇ ਆਪਣੀ ਸਾਰੀ ਗੱਲ ਵਕੀਲ ਦੇ ਸਾਹਮਣੇ ਰੱਖੀ । ਥੋੜਾ ਸਮਾਂ ਸੋਚ ਕੇ ਵਕੀਲ ਬੋਲਿਆ,"ਦੇਖੋ ਜੀ , ਕਿਸੇ ਨੂੰ ਏਹੋ ਜਿਹੇ ਹਾਲਾਤ ਚ' ਰਿਹਾਅ ਕਰਾਉਣਾ ਬੜਾ ਵੱਡਾ ਮਸਲਾ ਹੁੰਦਾ...ਬਾਕੀ ਇਸ ਬਾਰੇ ਜੱਜ ਸਾਹਬ ਨੂੰ ਅਪੀਲ ਕੀਤੀ ਦਾ ਸਕਦੀ ਹੈ...ਪਰ ਏਸ ਵਾਸਤੇ ਨੋਟਾਂ ਦੀ ਜ਼ਰੂਰਤ ਪਵੇਗੀ" ।
ਜੀਤਾਂ ਨੇ ਆਪਣੀ ਚੁੰਨੀ ਦੇ ਸਿਰੇ ਨਾਲ ਬੰਨੇ ਸਾਰੇ ਪੈਸੇ ਬਿਨਾਂ ਸੋਚਿਆਂ ਵਕੀਲ ਅੱਗੇ ਰੱਖ ਦਿੱਤੇ । ਜਿੰਨਾ ਨੂੰ ਵੇਖ ਕੇ ਉਹ ਕੇਸ ਲੜਨ ਲਈ ਤਿਆਰ ਹੋ ਗਿਆ ਤੇ ਅਜੇ ਤੀਕ ਲੜ ਰਿਹਾ ਸੀ ਪਰ ਜੱਸੇ ਦੀ ਰਿਹਾਈ ਦੀ ਕੋਈ ਝਾਕ ਨਹੀਂ ਜਿਸ ਰਹੀ ਸੀ ਸੀ । ਹੁਣ ਤਾਂ ਲੱਗਦਾ ਸੀ ਕਿ ਉਹ ਜੇਲ ਚ' ਹੀ ਮਰ ਜਾਵੇਗਾ ।
ਮੋਟੀਆਂ ਮੋਟੀਆਂ ਜ਼ੰਜੀਰਾਂ ਚ' ਜਕੜਿਆ ਜੱਸਾ ਉਮਰੋਂ ਜ਼ਿਆਦਾ ਬੁੱਢਾ ਹੋ ਗਿਆ ਸੀ । ਅੱਜ ਜੀਤਾਂ ਤੇ ਜੱਸੇ ਦੀ ਤਰੀਕ ਸੀ । ਉਹ ਬੈਂਚ ਤੇ ਬੈਠਾ ਆਪਣੀ ਤਰੀਕ ਦੀ ਉਡੀਕ ਕਰ ਰਿਹਾ ਸੀ ਉਸਦੇ ਕੰਨੀਂ ਅੰਦਰੋਂ ਆਵਾਜ਼ ਪਈ ,"ਜੀਤਾਂ ਕੌਰ ਪਤਨੀ ਜਗਸੀਰ ਉਰਫ ਜੱਸਾ ਹਾਜ਼ਿਰ ਹੋ" । ਆਵਾਜ਼ ਨੂੰ ਸੁਣਦਿਆਂ ਸਾਰ ਉਸਨੇ ਇੱਕ ਅੰਬਰ ਪਾ ਪਾੜਵੀਂ ਚੀਕ ਮਾਰੀ,"ਜੀਤਾਂ..."।
ਜੀਤਾਂ ਭੱਜੀ ਭੱਜੀ ਆਈ । ਉਸਨੇ ਜੱਸੇ ਨੂੰ ਇਕ ਹਲਕੀ ਜੱਫੀ ਵਿੱਚ ਲਿਆ ਤੇ ਆਪਣੇ ਦੁੱਖਾਂ ਨੂੰ ਨਾਲ ਲੈ ਕੇ ਖਾਮੋਸ਼ ਹੋ ਗਈ । ਕੁਝ ਪਲਾਂ ਬਾਅਦ ਜੱਸੇ ਨੇ ਜੀਤਾਂ ਨੂੰ ਆਪਣੇ ਤੋਂ ਵਿਦਾ ਕਰਨਾ ਚਾਹਿਆ ਤਾਂ ਉਸਦੀ ਖਾਮੋਸ਼ੀ ਨੂੰ ਤੋੜਨ ਲਈ ਹਲੂਣਦਿਆਂ ਕਿਹਾ ,"ਜੀਤਾਂ..."।
ਕੋਈ ਜੁਆਬ ਨਹੀਂ ਮਿਲਿਆ । ਜੀਤਾਂ ਬੰਦੇ ਦੇ ਮਾਸ ਨਾਲ ਚਿੰਬੜੀ ਜੋਕ ਵਾਂਗ ਜੱਸੇ ਨੂੰ ਚਿੰਬੜੀ ਰਹੀ । ਵੇਖਣ ਵਾਲੇ ਹੈਰਾਨ ਸਨ ਕਿ ਕਿਵੇਂ,ਜੀਤਾਂ ਜੱਸੇ ਦੀਆਂ ਬਾਹਾਂ ਵਿੱਚ ਆਪਣੇ ਦੁੱਖਾਂ ਨੂੰ ਲੈ ਕੇ ਖਾਮੋਸ਼ ਹੋ ਗਈ ਤੇ ਉਸਦੀ ਖਾਮੋਸ਼ੀ ਨੂੰ ਨਾ ਸਹਾਰਦਿਆਂ ਜੱਸਾ ਵੀ ਥਾਏਂ ਢੇਰੀ ਹੋ ਗਿਆ । ਹੁਣ ਇਸ ਦੁਨੀਆਂ 'ਚੋਂ ਦੋਵੇਂ ਰੁਖਸਤ ਹੋ ਚੁੱਕੇ ਸਨ ।