11
ਖ਼ਾਨ ਨੇ ਬੰਟੀ ਦੀ ਖੋਜ ਲਈ ਜਿਨ੍ਹਾਂ ਪੁਲਿਸ ਅਫ਼ਸਰਾਂ ਨੂੰ ਖ਼ਾਸ ਤੌਰ 'ਤੇ ਬਾਹਰੋਂ ਬੁਲਾਇਆ ਸੀ, ਉਹਨਾਂ ਵਿਚ ਅਮੀ ਚੰਦ ਤੋਂ ਇਲਾਵਾ ਗੱਜਣ ਸਿੰਘ ਵੀ ਸੀ ।
ਏ.ਐਸ.ਆਈ. ਹੁੰਦਿਆਂ ਹੋਇਆਂ ਵੀ ਗੱਜਣ ਨੂੰ ਇਕ ਅਜਿਹੀ ਪੁਲਿਸ ਪਾਰਟੀ ਦਾ ਮੁਖੀ ਥਾਪਿਆ ਗਿਆ ਸੀ, ਜਿਸ ਵਿਚ ਛੇ ਹੌਲਦਾਰ, ਚੌਵੀ ਸਿਪਾਹੀ ਅਤੇ ਸੀ.ਆਰ.ਪੀ. ਦੇ ਚਾਲੀ ਜਵਾਨ ਤਾਂ ਸਨ ਹੀ, ਇਕ ਸਬਇੰਸਪੈਕਟਰ ਵੀ ਸ਼ਾਮਲ ਸੀ । ਸਬਇੰਸਪੈਕਟਰ ਦੇ ਹੁੰਦਿਆਂ ਪਾਰਟੀ ਦਾ ਮੁਖੀ ਬਣਨਾ ਗੱਜਣ ਸਿੰਘ ਲਈ ਫ਼ਖ਼ਰ ਵਾਲੀ ਗੱਲ ਸੀ । ਉਹ ਆਪਣੀ ਇਸ ਸ਼ਾਖ਼ ਨੂੰ ਬਣਾਈ ਰੱਖਣ ਲਈ ਉਤਾਵਲਾ ਸੀ ।
ਇਸ ਪਾਰਟੀ ਨੂੰ ਕੰਮ ਵੀ ਬੜਾ ਅਹਿਮ ਸੌਂਪਿਆ ਗਿਆ ਸੀ । ਇਹਨਾਂ ਨੇ ਅਗਵਾੜ ਦੀ ਛਾਣਬੀਣ ਕਰਨੀ ਸੀ । ਅਗਵਾੜੋਂ ਕਈ ਮੁੰਡੇ ਅੰਡਰਗਰਾਊਂਡ ਹੋਏ ਹੋਏ ਸਨ । ਇਥੇ ਕਈ ਘਰ ਦੰਗਿਆਂ ਦੌਰਾਨ ਉੱਜੜ ਕੇ ਆਏ ਸਿੱਖ ਪਰਿਵਾਰਾਂ ਦੇ ਸਨ । ਦੋ ੁਰਦੁਆਰੇ ਸਨ ਅਤੇ ਇਕ ਡੇਰਾ । ਅਜਿਹੇ ਇਲਾਕੇ ਦੀ ਤਲਾਸ਼ੀ ਲਈ ਜਿਥੇ ਤਹੱਮਲ ਅਤੇ ਸੂਝਬੂਝ ਦੀ ਜ਼ਰੂਰਤ ਸੀ, ਉਥੇ ਦਲੇਰੀ ਅਤੇ ਹੌਸਲਾ ਵੀ ਚਹੀਦਾ ਸੀ । ਗੱਜਣ ਵਿਚ ਇਹਨਾਂ ਵਿਚੋਂ ਕਿਸੇ ਦੀ ਵੀ ਘਾਟ ਨਹੀਂ ਸੀ । ਇਹਨਾਂ ਸਾਰੇ ਗੁਣਾਂ ਦਾ ਦਿਖਾਵਾ ਉਹ ਕਈ ਵਾਰ ਕਰ ਚੁੱਕਾ ਸੀ ।
ਪਹਿਲੀ ਵਾਰ ਉਸ ਸਮੇਂ ਜਦੋਂ ਵਰਸਦੀਆਂ ਗੋਲੀਆਂ ਵਿਚ ਵੀ ਉਸ ਨੇ ਦੋ ਨੰਬਰ ਦੀ ਸ਼ਰਾਬ ਲਈ ਜਾਂਦੇ ਟਰੱਕ ਦਾ ਪਿੱਛਾ ਕਰਨਾ ਨਹੀਂ ਸੀ ਛੱਡਿਆ । ਟਰੱਕ ਬੜੀ ਵੱਡੀ ਪਾਰਟੀ ਦਾ ਸੀ । ਨਾ ਗੱਜਣ ਨੇ ਪੈਸਿਆਂ 'ਤੇ ਧਾਰ ਮਾਰੀ, ਨਾ ਵਜ਼ੀਰਾਂ ਦੀਆਂ ਧਮਕੀਆਂ ਤੋਂ ਡਰਿਆ ।
ਗੱਜਣ ਦੇ ਤਬਦਾਲੇ ਲਈ ਜ਼ੋਰ ਪੈਣ ਲੱਗਾ ਤਾਂ ਖ਼ਾਨ ਚੱਟਾਨ ਵਾਂਗ ਅੜ ਗਿਆ । ਖ਼ਾਨ ਡੀ.ਜੀ.ਪੀ. ਦੇ ਪੇਸ਼ ਹੋਇਆ । ਸਾਰੀ ਸਥਿਤੀ ਸਮਝਾ ਕੇ ਬਦਲੀ ਦੀ ਥਾਂ ਗੱਜਣ ਲਈ ਇਨਾਮ ਮਨਜ਼ੂਰ ਕਰਾਇਆ ।
ਇਕ ਵਾਰ ਫੇਰ ਉਸ ਨੇ ਸ਼ੇਰ ਦੇ ਮੂੰਹ ਵਿਚ ਹੱਥ ਪਾ ਕੇ ਇਲਾਕੇ ਵਿਚ ਅਮਨ ਬਹਾਲ ਕੀਤਾ । ਨਿਹੰਗਾਂ ਦਾ ਇਕ ਹਥਿਆਰਬੰਦ ਟੋਲਾ ਲਾਲਿਆਂ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ । ਗ਼ਰੀਬ ਲਾਲੇ ਥਰਥਰ ਕੰਬਣ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦੇ । ਗੱਜਣ ਨੇ ਨਿਹੰਗਾਂ ਨੂੰ ਸਮਝਾਇਆ ਤਾਂ ਉਹ ਗੋਲੀਆਂ ਚਲਾਉਣ ਲੱਗੇ । ਗੱਜਣ ਨੇ ਲੈਂਦੇ ਹੱਥ ਦੋ ਨੂੰ ਥਾਏਂ ਚਿੱਤ ਕਰ ਦਿੱਤਾ । ਬਾਕੀਆਂ ਦੀਆਂ ਲੱਤਾਂਬਾਹਾਂ ਭੰਨ ਕੇ ਥਾਣੇ ਲਿਆ ਸੁੱਟੇ । ਮੁੜ ਨਿਹੰਗਾਂ ਨੇ ਉਸ ਦੇ ਇਲਾਕੇ ਵੱਲ ਮੂੰਹ ਨਹੀਂ ਕੀਤਾ ।
ਇਸ ਅਗਵਾੜ ਵਿਚ, ਅਜਿਹੇ ਭੈੜੇ ਹਾਲਤ ਵਿਚ ਜੇ ਕੋਈ ਥਾਣੇਦਾਰ ਹਿੱਕ ਤਾਣ ਕੇ ਖੜ ਸਕਦਾ ਸੀ ਤਾਂ ਉਹ ਗੱਜਣ ਸਿੰਘ ਹੀ ਸੀ । ਉਸ ਅਧੀਨ ਲਾਏ ਗਏ ਸਬਇੰਸਪੈਕਟਰ ਗੁਰਦਾਸ ਰਾਮ ਦੀ ਲਿਆਕਤ 'ਤੇ ਤਾਂ ਕਿਸੇ ਨੂੰ ਸ਼ੱਕ ਨਹੀਂ ਸੀ ਪਰ ਬੁੱਢਾ ਹੋਣ ਕਰਕੇ ਉਸ ਵਿਚ ਪਹਿਲਾਂ ਵਾਲਾ ਜੋਸ਼ੋਖ਼ਰੋਸ਼ ਨਹੀਂ ਸੀ ਰਿਹਾ । ਗੱਜਣ ਨੌਜਵਾਨ ਸੀ । ਖ਼ਾਨ ਨੂੰ ਲੱਗਦਾ ਸੀ ਉਸ ਨੂੰ ਹਾਲੇ ਤਜਰਬੇ ਦੀ ਜ਼ਰੂਰਤ ਸੀ । ਗੱਜਣ ਕਾਹਲ ਨਾ ਕਰੇ, ਇਸ ਲਈ ਗੁਰਦਾਸ ਰਾਮ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਸੀ । ਖ਼ਾਨ ਨੇ ਸੋਚਸਮਝ ਕੇ ਹੀ ਹੋਸ਼ ਅਤੇ ਜੋਸ਼ ਦਾ ਸੰਗਮ ਕੀਤਾ ਸੀ । ਇਕ ਸਾਲ ਪਹਿਲਾਂ ਗੱਜਣ ਇਸੇ ਥਾਣੇ ਵਿਚ ਤਾਇਨਾਤ ਸੀ । ਅਗਵਾੜ ਵਾਲੀ ਜ਼ੈਲ ਉਸੇ ਅਧੀਨ ਸੀ । ਅਗਵਾੜ ਦੇ ਹਰ ਚੰਗੇ ਮਾੜੇ ਦਾ ਗੱਜਣ ਨੂੰ ਪਤਾ ਸੀ, ਫੇਰ ਵੀ ਸਾਲ ਵਿਚ ਹੋਈਆਂ ਤਬਦੀਲੀਆਂ ਦੀ ਜਾਣਕਾਰੀ ਲਈ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਤੋਂ ਇਲਾਵਾ ਸੀ.ਆਈ.ਡੀ. ਦਾ ਇਕ ਹੌਲਦਾਰ ਵੀ ਉਸ ਦੇ ਅੰਗਸੰਗ ਸੀ ।
ਸ਼ਹਿਰ ਦੀ ਘੇਰਾਬੰਦੀ ਕਰਫ਼ਿਊ ਦੇ ਐਲਾਨ ਤੋਂ ਪਹਿਲਾਂ ਹੀ ਹੋ ਚੁੱਕੀ ਸੀ । ਸ਼ਹਿਰ ਵਿਚ ਪਹਿਲੀ ਵਾਰ ਕਰਫ਼ਿਊ ਲੱਗਾ ਸੀ । ਕਿਸੇ ਬੱਚੇ ਤਕ ਦੀ ਵੀ 'ਚੂੰ' ਕਰਨ ਦੀ ਹਿੰਮਤ ਨਹੀਂ ਸੀ ਪੈ ਰਹੀ ।
ਅਗਵਾੜ ਦੀ ਛਾਣਬੀਣ ਦੀ ਯੋਜਨਾ ਲਈ ਗੱਜਣ ਨੂੰ ਮਸਾਂ ਅੱਧਾ ਘੰਟਾ ਲੱਗਾ ।
ਆਪਣਾ ੱਡਕੁਆਰਟਰ ਉਹਨਾਂ ਧਰਮਸ਼ਾਲਾ ਵਿਚ ਰੱਖਿਆ । ਇਹ ਅਗਵਾੜ ਦ ਵਿਚਕਾਰ ਵੀ ਸੀ ਅਤੇ ਬੈਠਣਉੱਠਣ ਲਈ ਵੀ ਖੁੱਲ੍ਹੀ ਸੀ । ਰਾਤ ਨੂੰ ਠਹਿਰਣ ਲਈ ਮੰਜਾ ਬਿਸਤਰਾ ਵੀ ਮਿਲ ਸਕਦਾ ਸੀ । ਕਿਸੇ ਦੀ ਤਫ਼ਤੀਸ਼ ਕਰਨੀ ਹੋਵੇ ਤਾਂ ਚੀਕਾਂ ਧਰਮਸਾਲਾ ਤੋਂ ਬਾਹਰ ਨਹੀਂ ਨਿਕਲ ਸਕਦੀਆਂ ।
ਦੋ ਹੌਲਦਾਰਾਂ ਅਤੇ ਦਸ ਜਵਾਨਾਂ ਦੀ ਇਕ ਰਾਖਵੀਂ ਟੁਕੜੀ ਤਿਆਰ ਕੀਤੀ ਗਈ । ਇਹ ਟੁਕੜੀ ਧਰਮਸ਼ਾਲਾ ਵਿਚ ਠਹਿਰੇਗੀ । ਕਿਸੇ ਪਾਸੇ ਵੀ ਜ਼ਰੂਰਤ ਪਏ, ਇਸ ਨੇ ਫ਼ੌਰਨ ਸਹਾਇਤਾ ਲਈ ਪੁੱਜਣਾ ਸੀ ।
ਗੱਜਣ ਨੇ ਸਭ ਤੋਂ ਪਹਿਲਾਂ ਦੰਗਾਪੀੜਤ ਪਰਿਵਾਰਾਂ ਦੀ ਪੁੱਛਗਿੱਛ ਕਰਨੀ ਠੀਕ ਸਮਝੀ ।
ਗੱਜਣ ਦਾ ਤਜਰਬਾ ਅਤੇ ਖ਼ੁਫ਼ੀਆਂ ਰਿਪੋਰਟਾਂ ਦੱਸਦੀਆਂ ਸਨ ਕਿ ਦਹਿਸ਼ਤਗਰਦਾਂ 'ਚ ਮੁੱਖ ਅੱਡਾ ਇਹੋ ਪਰਿਵਾਰ ਬਣਦੇ ਹਨ । ਇਹਨਾਂ ਪਰਿਵਾਰਾਂ ਦੇ ਮਨਾਂ ਵਿਚ ਰੋਸ , ਸਥਾਨਕ ਲੋਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਾਣਦੇਪਹਿਚਾਣਦੇ ਨਹੀਂ । ਓਪਰੇ ਬੰਦੇ ਰਿਸ਼ਤੇਦਾਰ ਬਣ ਕੇ ਜਿੰਨਾ ਚਿਰ ਮਰਜ਼ੀ ਇਥੇ ਰਹਿਣ, ਕਿਸੇ ਨੂੰ ਸ਼ੱਕ ਨਹੀਂ ਹੁੰਦਾ । ਇਹਨਾਂ ਨੂੰ ਪੈਸੇਟਕੇ ਦੀ ਵੀ ਜ਼ਰੂਰਤ ਹੁੰਦੀ । ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿਚ ਵੀ ਕਿਸੇ ਨੂੰ ਪਨਾਹ ਦੇ ਸਕਦੇ ਹਨ ।
ਪਹਿਲਾ ਛਾਪਾ ਉਹਨਾਂ ਭਾਪਿਆਂ ਦੇ ਮਾਰਿਆ । ਉਹ ਕਾਨਪੁਰੋਂ ਉੱਜੜ ਕੇ ਆਏ ਸਨ ।
ਉਥੇ ਉਹਨਾਂ ਦੀ ਬਹੁਤ ਵੱਡੀ ਟਰਾਂਸਪੋਰਟ ਸੀ । ਘਰ ਦੇ ਸਾਰੇ ਮੈਂਬਰ ਦੰਗਿਆਂ ਦਾ ਸ਼ਿਕਾਰ ਹੋ ਗਏ । ਗੱਡੀਆਂ ਅੱਗ ਦੀ ਭੇਟ ਚੜ੍ਹ ਗਈਆਂ । ਜੋ ਬਾਕੀ ਬਚਿਆ, ਉਨ੍ਹਾਂ ਵਿਚ ਦੋ ਬੁੱਢੀਆਂ, ਦੋ ਨੌਜਵਾਨ ਵਿਧਵਾਵਾਂ ਅਤੇ ਇਕ ਬਾਰਾਂ ਕੁ ਸਾਲ ਦਾ ਮੁੰਡਾ ਸੀ, ਜਿਸ ਨੂੰ ਉਹ ਕੁੜੀਆਂ ਵਾਲੇ ਕੱਪੜੇ ਪਵਾ ਕੇ ਬਚਾ ਲਿਆਈਆਂ ਸਨ ।
ਇਥੇ ਆਉਣ ਸਮੇਂ ਤੇੜ ਦੇ ਕੱਪੜਿਆਂ ਤੋਂ ਸਿਵਾ ਉਹਨਾਂ ਕੋਲ ਕੁਝ ਨਹੀਂ ਸੀ । ਪਹਿਲਾਂ ਸਟੇਸ਼ਨ 'ਤੇ ਰਹੇ, ਫੇਰ ਸਿੰਘ ਸਭਾ ਗੁਰਦੁਆਰੇ । ਉਥੋਂ ਅਗਵਾੜ ਵਾਲੇ ਕੈਨੇਡਾ ਵਾਲਿਆਂ ਦੇ ਇਸ ਮਕਾਨ ਵਿਚ ਲੈ ਆਏ । ਇਹ ਮਕਾਨ ਖ਼ਰੀਦ ਲਿਆ ਅਤੇ ਬਹੁਤ ਸਾਰਾ ਸਮਾਨ ਵੀ ਘਰ ਆ ਗਿਆ ।
ਖ਼ੁਫ਼ੀਆਂ ਰਿਪੋਰਟਾਂ ਤਾਂ ਆਖਦੀਆਂ ਸਨ ਕਿ ਇਹਨਾਂ ਨੂੰ ਸ਼ੱਕੀ ਬੰਦੇ ਪੈਸੇ ਦਿੰਦੇ ਹਨ ।
ਭਾਪਿਆਂ ਦਾ ਕਹਿਣਾ ਕਿ ਉਹਨਾਂ ਦੇ ਕਾਨ੍ਹਪੁਰ ਵਾਲੇ ਮਿੱਤਰਾਂ ਨੇ ਬਾਕੀ ਬਚਦੀ ਜ਼ਮੀਨ ਜਾਇਦਾਦ ਵੇਚ ਕੇ ਉਹਨਾਂ ਨੂੰ ਪੈਸੇ ਭੇਜੇ ਹਨ ।
ਇਸ ਪਰਿਵਾਰ ਦੀ ਪਹਿਲਾਂ ਵੀ ਕਈ ਵਾਰ ਪੁੱਛਪੜਤਾਲ ਹੋ ਚੁੱਕੀ ਸੀ । ਹੋ ਸਕਦੈ ਉਹ ਰਿਪੋਰਟਾਂ ਗ਼ਲਤ ਹੋਣ । ਕਈ ਵਾਰ ਥਾਣੇ ਬੈਠਿਆਂ ਹੀ ਪੁੱਛਪੜਤਾਲ ਦੀ ਰਿਪੋਰਟ ਕਰ ਦਿੱਤੀ ਜਾਂਦੀ । ਜਿਨ੍ਹਾਂ ਦਾ ਵੱਸਦਾਰੱਸਦਾ ਘਰ ਉੱਜੜ ਗਿਆ ਹੋਵੇ, ਰਾਜੇ ਤੋਂ ਰੰਕ ਬਣ ਗਏ ਹੋਣ, ਉਹ ਚੁੱਪ ਕਰ ਕੇ ਕਿਵੇਂ ਬੈਠ ਸਕਦੇ ਹਨ ? ਉਹਨਾਂ ਦੇ ਸੀਨਿਆਂ 'ਚ ਭਾਂਬੜ ਬਲਦੇ ਹੀ ਰਹਿੰਦੇ ਹਨ । ਉਹ ਬਦਲੇ ਦੀ ਤਾਕ ਵਿਚ ਰਹਿੰਦੇ ਹਨ ।
ਦਰਵਾਜ਼ਾ ਖੁੱਲ੍ਹਦਿਆਂ ਹੀ ਗੱਜਣ ਨੇ ਦਰਵਾਜ਼ਾ ਖੋਲ੍ਹਣ ਆਈ ਮੁਟਿਆਰ ਦੀ ਧੌਣ ਵਿਚ ਪੰਜਛੇ ਜੜ ਦਿੱਤੀਆਂ । ਉਹ ਵਿਹੜੇ ਵਿਚ ਜਾ ਡਿੱਗੀ । ਬਾਕੀ ਉਸ ਨੂੰ ਸੰਭਾਲਣ ਲੱਗੀਆਂ ਤਾਂ ਗੱਜਣ ਨੇ ਗਾਲ੍ਹਾਂ ਦਾ ਗੱਫਾ ਉਹਨਾਂ ਦੇ ਪੱਲੇ ਵੀ ਪਾ ਦਿੱਤਾ । ਪੰਜਚਾਰ ਡੰਡੇ ਉਸ ਮਲੂਕੜੇ ਜਿਹੇ ਮੁੰਡੇ ਦੇ ਵੀ ਜੜੇ, ਜਿਸ ਨੂੰ ਸਮਝ ਨਹੀਂ ਸੀ ਆ ਰਿਹਾ ਇਹ ਕੀ ਹੋ ਰਿਹਾ ਸੀ ? ਬੱਸ ਰੋਈ ਹੀ ਜਾ ਰਿਹਾ ਸੀ । ਗੁਰਦਾਸ ਨੇ ਗੱਜਣ ਦਾ ਹੱਥ ਰੋਕਿਆਂ ਤਾਂ ਉਸ ਨੂੰ ਵੀ ਝਿੜਕਾਂ ਪੈ ਗਈਆਂ ।
ਗੱਜਣ ਦਾ ਮੱਤ ਸੀ ਕਿ ਇਹ ਤਰਸ ਦੇ ਪਾਤਰ ਨਹੀਂ । ਕਿਸੇ ਨੇ ਪੁਲਿਸ ਨੂੰ ਭਲਮਾਣਸੀ ਨਾਲ ਥੋੜ੍ਹਾ ਦੱਸਣਾ ? ਹੋਰ ਸਖ਼ਤੀ ਦਿਖਾਉਣ ਲਈ ਉਸ ਨੇ ਬੁੱਢੀ ਦੀ ਗੁੱਤ ਨੂੰ ਵੀ ਗੇੜਾ ਦੇ ਦਿੱਤਾ ।
ਕਾਫ਼ੀ ਕੁੱਟ ਮਾਰ, ਝਾੜਝੰਬ ਅਤੇ ਗਾਲ੍ਹਾਂ ਦੁੱਪੜਾਂ ਬਾਅਦ ਹੀ ਗੱਜਣ ਨੂੰ ਯਕੀਨ ਆਇਆ ਕਿ ਨਾ ਉਥੇ ਕੋਈ ਆਦਾ ਸੀ, ਨਾ ਪੈਸੇ ਦਿੰਦਾ ਸੀ ।
ਔਰਤਾਂ ਹੋਣ ਕਰਕੇ ਗੱਜਣ ਨੇ ਕਾਨ੍ਹਪੁਰ ਵਾਲਿਆਂ ਨੂੰ ਤਾਂ ਬਖ਼ਸ਼ ਦਿੱਤਾ । ਦਿੱਲੀ ਅਤੇ ਕਲਕੱਤੇ ਵਾਲਿਆਂ ਦੇ ਚਾਲੇ ਠੀਕ ਨਹੀਂ ਸਨ । ਉਹ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੇ । ਸ਼ਰੇਆਮ ਆਖਦੇ ਸਨ ਕਿ ਉਹਨਾਂ ਦੀ ਮਦਦ ਸਿੰਘ ਸਭਾ ਵੀ ਕਰਦੀ ਅਤੇ ਨੌਜਵਾਨ ਜਥੇਬੰਦੀਆਂ ਵੀ ।
ਦਿੱਲੀ ਵਾਲੇ ਵੀ ਕੋਈ ਚੰਗਾ ਰਿਕਾਰਡ ਨਹੀਂ ਸੀ ਰੱਖਦੇ । ਉਹ ਉਥੇ ਵੀ ਸ਼ਰਾਰਤਾਂ ਕਰਦੇ ਰਹਿੰਦੇ ਸਨ । ਉਹਨਾਂ ਦੀ ਦਿੱਲੀ ਮੋਟਰਸਾਈਕਲ ਰਿਪੇਅਰ ਕਰਨ ਦੀ ਵਰਕਸ਼ਾਪ ਸੀ । ਉਹਨਾਂ ਦਾ ਬਾਪ ਮਰਿਆ ਸੀ ਅਤੇ ਵਰਕਸ਼ਾਪ ਜਲੀ ਸੀ । ਉਹਨਾਂ ਨੂੰ ਸਰਕਾਰ ਵੱਲੋਂ ਕਾਫ਼ੀ ਮੁਆਵਜ਼ਾ ਮਿਲਿਆ ਸੀ । ਇਹੋ ਹਾਲ ਕਲਕੱਤੇ ਵਾਲਿਆਂ ਦਾ ਸੀ ।
ਦਰਵਾਜ਼ੇ ਖੜਕਾਏ ਤਾਂ ਸਾਰੇ ਮੁੰਡੇਖੁੰਡੇ ਘਰ ਹੀ ਮਿਲ ਗਏ । ਕਿੱਲੀਆਂ 'ਤੇ ਕੇਸਰੀ ਪੱਗਾਂ ਲਟਕ ਰਹੀਆਂ ਸਨ ਜੋ ਗੱਜਣ ਨੂੰ ਉਹਨਾਂ ਦੇ ਸਰਕਾਰ ਤੋਂ ਬਾਗ਼ੀ ਹੋਣ ਦਾ ਸਬੂਤ ਲੱਗੀਆਂ, ਝ ਘਰਾਂ ਵਿਚ ਭੰਗ ਭੁੱਜਦੀ ਸੀ । ਇਕਦੋ ਟਰੰਕਾਂ, ਮੰਜੇ ਬਿਸਤਰਿਆਂ ਅਤੇ ਰਸੋਈ ਦੇ ਭਾਡਿਆਂ ਤੋਂ ਬਿਨਾਂ ਘਰ ਵਿਚ ਕੁਝ ਨਹੀਂ ਸੀ । ਤਲਾਸ਼ੀ ਲੈਣ ਲਈ ਸਾਰੇ ਪੰਜ ਮਿੰਟ ਲੱਗੇ ।
ਮਰਦਾਂ ਤੋਂ ਪੁੱਛਗਿੱਛ ਕਰਨੀ ਸੀ ਤਾਂ ਖੁੱਲ੍ਹਾ ਵਕਤ ਚਾਹੀਦਾ ਸੀ । ਮੁਸ਼ਕਾਂ ਦੇ ਕੇ ਮਰਦਾਂ ਨੂੰ ਧਰਮਸ਼ਾਲਾ ਲਿਜਾਇਆ ਗਿਆ ਰਾਤ ਨੂੰ ਵਿਹਲਾ ਹੋ ਕੇ ਉਹਨਾਂ ਦੇ ਘੋਟੇ ਲਾਏਗਾ ।
ਬੰਟੀ ਦੇ ਸੁਰਾਗ ਦਾ ਦੂਸਰਾ ਸੋਮਾ ਉਹ ਪਰਿਵਾਰ ਹੋ ਸਕਦੇ ਸਨ, ਜਿਨ੍ਹਾਂ ਦੇ ਮੁੰਡੇ ਘਰੋਂ ਫ਼ਰਾਰ ਸਨ ।
ਸਭ ਤੋਂ ਪਹਿਲਾਂ ਲੱਛੂ ਮਿਸਤਰੀ ਦਾ ਮੁੰਡਾ ਘਰੋਂ ਦੌੜਿਆ ਸੀ । ਪਿਓ ਚੜ੍ਹਦੀ ਜਵਾਨੀ ਵਿਚ ਮਰ ਗਿਆ । ਮਾਂ ਨੇ ਹਿੰਮਤ ਕਰ ਕੇ ਬੀ.ਏ. ਕਰਾਈ । ਮੁੰਡਾ ਪੜ੍ਹਨ ਵਿਚ ਹੁਸ਼ਿਆਰ ਸੀ ।
ਚੰਗੇ ਨੰਬਰ ਲੈ ਕੇ ਪਾਸ ਹੁੰਦਾ ਰਿਹਾ । ਕਈ ਸਾਲ ਧੱਕੇ ਖਾ ਕੇ ਵੀ ਨੌਕਰੀ ਨਾ ਮਿਲੀ । ਚਾਹੇ ਤਾਇਆਂ ਨੇ ਪੈਸੇ ਇਕੱਠੇ ਕਰ ਕੇ ਉਸ ਨੂੰ ਵਰਕਸ਼ਾਪ ਖੁੱਲ੍ਹਵਾ ਦਿੱਤੀ । ਮੁੰਡੇ ਨੇ ਦੱਬ ਕੇ ਮਿਹਨਤ ਕੀਤੀ । ਸਾਲ 'ਚ ਰੋਟੀ ਖਾਣ ਜੋਗਾ ਹੋਇਆ ਤਾਂ ਚੱਲਦਾ ਕੰਮ ਦੇਖ ਕੇ ਠੁੱਲੀਵਾਲ ਵਾਲਿਆਂ ਨੇ ਉਸ ਤੋਂ ਚਾਰ ਗੁਣਾ ਵੱਡੀ ਵਰਕਸ਼ਾਪ ਗੁਆਂਢ 'ਚ ਲਿਆ ਖੋਲ੍ਹੀ । ਮਾਲ ਵੀ ਸਸਤਾ । ਮਿਹਨਤ ਵੀ ਘੱਟ । ਦਿਨਾਂ 'ਚ ਮੁੰਡੇ ਦੀ ਵਰਕਸ਼ਾਪ 'ਚ ਕਾਂ ਪੈਣ ਲੱਗੇ । ਸਾਰਾ ਗਾਹਕ ਉਧਰ ਤੁਰ ਗਿਆ ।
ਪਹਿਲਾਂ ਮੁੰਡਾ ਨਸ਼ੇ ਕਰਨ ਲੱਗਾ । ਫੇਰ ਸੰਭਲਿਆ । ਉਸ ਸਮੇਂ ਹੀ ਪਤਾ ਲੱਗਾ ਜਦੋਂ ਉਸ ਨੇ ਅੰਮਿਰਤ ਛਕ ਲਿਆ ਅਤੇ ਗਾਤਰਾ ਪਾ ਲਿਆ । ਕਦੇ ਉਹ ਘਰੋਂ ਗ਼ਾਇਬ ਰਹਿੰਦਾ, ਕਦੇ ਮੁੰਡੇ ਖੁੰਡੇ ਸਾਰੀਸਾਰੀ ਰਾਤ ਵਰਕਸ਼ਾਪ ਵਿਚ ਬੈਠੇ ਗੱਪਾਂ ਮਾਰਦੇ ਰਹਿੰਦੇ । ਭਾਂਡਾ ਉਸ ਸਮੇਂ ਫੁੱਟਿਆ, ਜਦੋਂ ਉਹਨਾਂ ਨੇ ਠੁੱਲੀਵਾਲ ਵਾਲਿਆਂ ਦਾ ਮੁੰਡਾ ਦਿਨਦਿਹਾੜੇ ਹੀ ਵਰਕਸ਼ਾਪ ਵਿਚ ਗੋਲੀਆਂ ਨਾਲ ਭੁੰਨ ਦਿੱਤਾ । ਉਸੇ ਦਿਨ ਤੋਂ ਉਹ ਗ਼ਾਇਬ । ਪੁਲਿਸ ਦੀ ਕੁੱਟ ਨਾਲ ਮਾਂ ਪਾਗ਼ਲ ਹੋ ਗਈ ।
ਘਰੇ ਦੂਜਾ ਭਰਾ ਜਾਂ ਬੁੱਢੀ ਦਾਦੀ । ਜਦੋਂ ਵੀ ਇਲਾਕੇ ਵਿਚ ਕੋਈ ਵਾਰਦਾਤ ਹੋਵੇ ਤਾਂ ਪੁਲਿਸ ਪਹਿਲਾਂ ਉਹਨਾਂ ਨੂੰ ਹੀ ਚੁੱਕਦੀ । ਦੋਹਾਂ ਦੇ ਹੱਡਾਂ ਵਿਚ ਰਾਧ ਪੈ ਚੁੱਕੀ । ਕੰਮੋਂਕਾਰੋਂ ਨਿਕਾਰੇ ਹੋਏ ਉਹ ਕਿਧਰੇ ਨਿਕਲ ਗਏ ਹਨ, ਘਰੇ ਜਿੰਦਾ ਲੱਗ ਗਿਆ । ਦੂਜਾ ਉਸੇ ਦਾ ਸਾਥੀ ਸ਼ਿੰਦਾ । ਉਸ ਦੀ ਕਹਾਣੀ ਵੀ ਲੱਛੂ ਦੇ ਮੁੰਡੇ ਨਾਲ ਮਿਲਦੀਜੁਲਦੀ । ਉਹਦੇ ਬਾਪ ਦੇ ਦੋ ਵਿਆਹ ਸਨ । ਪਹਿਲੀ ਦੇ ਚਾਰ ਮੁੰਡੇ ਸਨ ਅਤੇ ਦੂਜੀ ਦਾ ਇਹ ਇਕੱਲਾ ।
ਚਾਰ ਸਾਲ ਦਾ ਸੀ ਜਦੋਂ ਬਾਪ ਮਰ ਗਿਆ । ਭਰਾਵਾਂ ਨੇ ਜ਼ਮੀਨ ਦਾ ਇਕ ਸਿਆੜ ਵੀ ਨਾ ਦਿੱਤਾ ।
ਜਿੰਨਾ ਚਿਰ ਹੋ ਸਕਿਆ, ਮਾਮਿਆਂ ਨਾਲ ਮਿਲ ਕੇ ਕਚਹਿਰੀਆਂ ਦੀ ਖ਼ਾਕ ਛਾਣੀ । ਜਾਬਰ ਭਰਾਵਾਂ ਸਾਹਮਣੇ ਜਦੋਂ ਪੇਸ਼ ਨਾ ਗਈ ਤਾਂ ਉਸ ਨੇ ਹਥਿਆਰ ਚੁੱਕ ਲਏ ।
ਉਹੋ ਭਰਾ ਜਿਹੜੇ ਮੁਕੱਦਮਾ ਹਾਰ ਕੇ ਵੀ ਕਬਜ਼ਾ ਦੇਣ ਵਿਚ ਨਹੀਂ ਸੀ ਆਦੇ, ਡਰਦੇ ਜ਼ਮੀਨ ਛੱਡ ਕੇ ਪਰ੍ਹਾਂ ਹੋ ਗਏ । ਹੁਣ ਸ਼ਿੰਦੇ ਦੇ ਜ਼ਮੀਨ ਕਿਸ ਕੰਮ ? ਦੋਚਾਰ ਬੰਦੇ ਮਾਰ ਦੇਣੇ ਉਸ ਦੇ ਖੱਬੇ ਹੱਥ ਦੀ ਖੇਡ । ਦੋ ਵਾਰ ਭਰਾਵਾਂ 'ਤੇ ਫ਼ਾਇਰ ਕਰ ਚੁੱਕਾ । ਚੰਗੇ ਭਾਗਾਂ ਨੂੰ ਉਹ ਹਰ ਵਾਰ ਬਚ ਜਾਂਦੇ ਰਹੇ ।
ਸ਼ਿੰਦੇ ਦਾ ਵੱਡਾ ਮਾਮਾ ਪਹਿਲਾਂ ਸ਼ਿੰਦੇ ਦੀ ਮਾਂ ਕੋਲ ਰਹਿੰਦਾ ਸੀ । ਜਦੋਂ ਦਾ ਸ਼ਿੰਦਾ ਘਰੋਂ ਨਿਕਲਿਆ , ਉਹ ਵੀ ਪੱਤਰਾ ਵਾਚ ਗਿਆ । ਮਾਮਿਆਂ ਦੀ ਕਈ ਵਾਰ ਕੁਟਾਈ ਹੋ ਚੁੱਕੀ ।
ਉਹਨਾਂ ਦੇ ਘਰ ਢਾਹੇ ਅਤੇ ਫ਼ਸਲਾਂ ਉਜਾੜੀਆਂ ਗਈਆਂ ਸਨ । ਕਿਸੇ ਨੂੰ ਕੁਝ ਪਤਾ ਹੋਵੇ ਤਾਂ ਦੱਸੇ । ਸ਼ਿੰਦੇ ਦੀ ਚੌਥੇ ਦਿਨ ਪੁਲਿਸ ਨੂੰ ਚਿੱਠੀ ਆਦੀ । ਬੇਕਸੂਰ ਮਾਮਿਆਂ ਨੂੰ ਕਿ ਕੁੱਟਦੇ ਹੋ ? ਮਿਲਣਾ ਤਾਂ ਜਵਾਈ ਨੂੰ ਫਲਾਣੀ ਥਾਂ ਮਿਲੋ । ਜਿਸ ਥਾਂ ਦਾ ਉਹ ਸੱਦਾ ਦਿੰਦਾ , ਉਥੇ ਪੁਲਿਸ ਜਾਂਦੀ ਨਹੀਂ । ਉਸ ਦਾ ਘਰ ਵੀ ਉੱਜੜਿਆ ਹੋਇਆ । ਤੀਜੇ ਨੂੰ ਇਕ ਵਾਰ ਮਾਂਬਾਪ ਨੇ ਹੀ ਪੁਲਿਸ ਨੂੰ ਫੜਾ ਦਿੱਤਾ ਸੀ । ਉਹ ਜੇਲ੍ਹ ਵਿਚ ।
ਪੁਲਿਸ ਉਸ ਦੇ ਮਾਂਬਾਪ ਨੂੰ ਕੁਝ ਨਹੀਂ ਆਖਦੀ । ਉਹਨਾਂ ਤਾਂ ਪੁਲਿਸ ਦੀ ਮਦਦ ਕੀਤੀ ਸੀ ।
ਘਰਾਂ ਨੂੰ ਲੱਗੇ ਜਿੰਦੇ ਦੇਖ ਕੇ ਹੀ ਵਾਪਸ ਮੁੜਨਾ ਗੱਜਣ ਸਿਆਣਪ ਨਹੀਂ ਸੀ ਸਮਝਦਾ ।
ਕਈ ਵਾਰ ਅਜਿਹੀਆਂ ਉਜਾੜ ਥਾਵਾਂ ਹੀ ਦਹਿਸ਼ਤਗਰਦਾਂ ਦੀ ਪਨਾਹਗਾਹ ਬਣਦੀਆਂ ਹਨ ।
ਮੁੰਡੇ ਇਥੇ ਵੀ ਲੁਕ ਸਕਦੇ ਹਨ । ਦਹਿਸ਼ਤ ਦੇ ਦਿਨਾਂ ਵਿਚ ਲੋਕ ਅੱਖੀਂ ਦੇਖ ਕੇ ਵੀ ਕਿਸੇ ਅੱਗੇ ਮੂੰਹ ਨਹੀਂ ਖੋਲ੍ਹਦੇ ।
ਇਕਇਕ ਕਰ ਕੇ ਉਸ ਨੇ ਦੋਹਾਂ ਘਰਾਂ ਦੇ ਜਿੰਦੇ ਤੁੜਵਾਏ । ਮਿੱਟੀਘੱਟੇ ਅਤੇ ਦਰੱਖ਼ਤਾਂ ਦੇ ਪੱਤਿਆਂ ਨਾਲ ਭਰੇ ਵਿਹੜੇ ਦੇਖ ਕੇ ਵੀ ਗੱਜਣ ਦਾ ਪਿਛਾਂਹ ਮੁੜਨ ਨੂੰ ਦਿਲ ਨਾ ਕੀਤਾ ।
ਦਹਿਸ਼ਤਗਰਦਾਂ ਦੇ ਦਿਮਾਗ਼ ਪੁਲਿਸ ਨਾਲੋਂ ਕਈ ਗੁਣਾ ਤੇਜ਼ ਹਨ । ਨਾਲੇ ਸਫ਼ਾਈਆਂ ਕਰਨ ਦਾ ਉਹਨਾਂ ਕੋਲ ਵਕਤ ਕਿਥੇ ? ਉਜਾੜਾਂ ਵਿਚ ਰਹਿਣਾ ਸੌਖਾ ਹੁੰਦਾ ।
ਸਬਾਤਾਂ, ਡੰਗਰਾਂ ਵਾਲੇ ਕੋਠਿਆਂ ਅਤੇ ਦਰਵਾਜ਼ਿਆਂ ਦੀ ਘੋਖਪੜਤਾਲ ਜ਼ਰੂਰੀ ਸੀ ।
ਅੰਦਰਲਾ ਦ੍ਰਿਸ਼ ਬਾਹਰ ਨਾਲੋਂ ਵੀ ਭਿਆਨਕ ਸੀ । ਖੁਰਲੀਆਂ 'ਚ ਪਏ ਪੱਠਿਆਂ ਨੂੰ ਉੱਲੀ ਲੱਗ ਗਈ ਸੀ । ਕੀੜਿਆਂ ਨੇ ਗੋਹੇ ਵਿਚ ਭੌਣ ਬਣਾ ਲਏ ਸਨ । ਕੋਣਿਆਂ 'ਚ ਪਈਆਂ ਪੇਟੀਆਂ, ਮੰਜੇ, ਪੀੜ੍ਹੇ ਅਤੇ ਚਰਖਿਆਂ 'ਤੇ ਗਿੱਠਗਿੱਠ ਮਿੱਟੀ ਜੰਮ ਗਈ ਸੀ । ਲੱਗਦਾ ਸੀ, ਕੋਈ ਸਦੀਆਂ ਤੋਂ ਇਥੇ ਆ ਕੇ ਨਹੀਂ ਵੱਸਿਆ ।
ਸਿਪਾਹੀ ਹੌਲਦਾਰਾਂ ਨੇ ਸਾਰੀਆਂ ਚੀਜ਼ਾਂ ਨੂੰ ਠੁੱਡੇ ਮਾਰਮਾਰ ਘੋਖਿਆ । ਕੋਈ ਕੰਮ ਦੀ ਮਿਲੇ ਤਾਂ ਨਾਲ ਲੈ ਚੱਲਣ । ਉਹਨਾਂ ਕਿਹੜੇ ਮੁੜ ਜਿੰਦਰੇ ਮਾਰਨੇ ਸਨ । ਖੁੱਲ੍ਹੇ ਪਏ ਮਕਾਨਾਂ ਨੂੰ ਕੋਈ ਵੀ ਲੁੱਟ ਸਕਦਾ ਸੀ । ਚਾਰ ਚੀਜ਼ਾਂ ਪੁਲਿਸ ਲੈ ਜਾਏ ਤਾਂ ਕਿਹੜਾ ਕਿਸੇ ਨੂੰ ਪਤਾ ਲੱਗਣਾ ।
ਦੋਵੇਂ ਥਾਵਾਂ ਤੋਂ ਜਦੋਂ ਕੁਝ ਪੱਲੇ ਨਾ ਪਿਆ ਤਾਂ ਗੱਜਣ ਸਿੰਘ ਉਦਾਸ ਹੋ ਗਿਆ । ਖ਼ਾਨ ਕੀ ਸੋਚੇਗਾ ? ਗੱਜਣ ਨੂੰ ਤਾਂ ਬੰਟੀ ਦਾ ਕੋਈ ਨਾ ਕੋਈ ਸੁਰਾਗ਼ ਮਿਲਣ ਦੀ ਪੂਰੀ ਆਸ ਸੀ ।
ਖ਼ਾਨ ਪਹਿਲਾਂ ਹੀ ਉਸ ਨੂੰ ਇਨਾਮ ਅਤੇ ਸਰਟੀਫ਼ਿਕੇਟ ਦੇ ਚੁੱਕਾ ਸੀ । ਇਹ ਮੱਲ ਵੀ ਮਾਰ ਲਈ ਤਾਂ ਖ਼ਾਨ ਨੇ ਉਸ ਨੂੰ ਐਸ.ਐਚ.ਓ. ਲਗਵਾ ਦੇਣਾ ਸੀ । ਪਹਿਲਾਂ ਵੀ ਉਸ ਨੇ ਮਦਨ ਲਾਲ ਅਤੇ ਸ਼ਾਮ ਸਿੰਘ ਨੂੰ ਏ.ਐਸ.ਆਈ. ਹੁੰਦਿਆਂ ਹੋਇਆਂ ਵੀ ਐਸ.ਐਚ.ਓ. ਲਗਵਾ ਦਿੱਤਾ । ਉਹ ਕੰਮ ਦੀ ਕਦਰ ਕਰਨ ਵਾਲਾ । ਗੱਜਣ ਨੂੰ ਆਪਣੀ ਐਸ.ਐਚ.ਓ. ਦੀ ਕੁਰਸੀ ਖੁੱਸਦੀ ਨਜ਼ਰ ਆ ਰਹੀ ਸੀ । ਇੰਨੀ ਜਲਦੀ ਢੇਰੀ ਢਾਹੁਣ ਵਾਲਾ ਗੱਜਣ ਸਿੰਘ ਵੀ ਨਹੀਂ ਸੀ ।
ਫ਼ੋਰਸ ਨੂੰ ਉਸ ਨੇ ਕਈ ਹਿੱਸਿਆਂ ਵਿਚ ਵੰਡਿਆ । ਸਾਰੀਆਂ ਪਾਰਟੀਆਂ ਵੱਖਵੱਖ ਦਿਸ਼ਾਵਾਂ ਵੱਲ ਭੇਜ ਦਿੱਤੀਆਂ । ਆਪ ਇਕ ਹੌਲਦਾਰ ਅਤੇ ਚਾਰ ਸਿਪਾਹੀਆਂ ਨੂੰ ਲੈ ਕੇ ਭਾਨੀ ਦੇ ਘਰ ਵੱਲ ਤੁਰ ਪਿਆ । ਦੂਜੀਆਂ ਪਾਰਟੀਆਂ ਨੂੰ ਸਖ਼ਤ ਹਦਾਇਤ ਸੀ ਕਿ ਹਰ ਘਰ ਦੀ ਤਲਾਸ਼ੀ ਲੈਣੀ । ਕੋਈ ਅੜਫੜ ਕਰੇ ਤਾਂ ਤੁਰੰਤ ਗੱਜਣ ਸਿੰਘ ਨਾਲ ਸੰਪਰਕ ਕਾਇਮ ਕੀਤਾ ਜਾਵੇ ।
ਗੱਜਣ ਦੀ ਇਕੋਇਕ ਆਸ ਭਾਨੀ 'ਤੇ ਸੀ । ਇਸ ਇਲਾਕੇ ਵਿਚ ਜਿੰਨੇ ਵੀ ਮੁਕੱਦਮੇ ਗੱਜਣ ਸਿੰਘ ਨੇ ਫੜੇ ਸਨ, ਅੱਧਿਆਂ ਨਾਲੋਂ ਬਹੁਤਿਆਂ ਵਿਚ ਭਾਨੀ ਦੀ ਕਿਰਪਾ ਰਹੀ ਸੀ । ਲੋਕ ਗੱਜਣ ਨੂੰ ਟਿਚਰਾਂ ਕਰਦੇ ਸਨ । ਕਈ ਦੂਸ਼ਣ ਵੀ ਲਾਦੇ । ਇਕ ਵਾਰ ਸਾਹਿਬ ਨੇ ਮੀਟਿੰਗ ਵਿਚ ਝਾੜ ਵੀ ਪਾਈ ਕਿ ਉਹ ਬਦਮਾਸ਼ ਔਰਤ ਕੋਲ ਸ਼ਰੇਆਮ ਜਾਂਦਾ । ਗੱਜਣ ਨੇ ਕੋਈ ਪਰਵਾਹ ਨਹੀਂ ਸੀ ਕੀਤੀ । ਪੁਲਿਸ ਨੇ ਆੜ੍ਹਤੀਆਂ ਜਾਂ ਕਾਰਖ਼ਾਨੇਦਾਰਾਂ ਦੀ ਯਾਰੀ ਤੋਂ ਕੀ ਲੈਣਾ । ਉਹਨਾਂ ਨੂੰ ਚੋਰਾਂਠੱਗਾਂ ਨੇ ਹੀ ਚੋਰਠੱਗ ਫੜਾਉਣੇ ਹੁੰਦੇ ਹਨ । ਕਿਸੇ ਨੂੰ ਕੀ ਪਤਾ ਸੀ ਕਿ ਭਾਨੀ ਇਸ ਇਲਾਕੇ ਦਾ ਰੋਜ਼ਨਾਮਚਾ ਸੀ । ਅਗਵਾੜ ਵਿਚ ਕੁਝ ਵੀ ਵਾਪਰਦਾ, ਉਹ ਭਾਨੀ ਦੇ ਪੋਟਿਆਂ 'ਤੇ ਹੁੰਦਾ ।
ਜਦੋਂ ਨੰਬਰਦਾਰਾਂ ਦਾ ਔਤ ਬੁੱਢਾ ਤੁਰਦਾਫਿਰਦਾ ਹੀ ਚੱਲ ਵੱਸਿਆ ਤਾਂ ਸਾਰੇ ਅਗਵਾੜ ਨੂੰ ਰਾਨੀ ਹੋਈ ਸੀ । ਬੁੱਢਾ ਸਾਰੀ ਉਮਰ ਛੜਾ ਰਿਹਾ ਸੀ । ਬਾਰਾਂ ਕਿੱਲੇ ਜ਼ਮੀਨ ਦੇ ਸਿਰ 'ਤੇ ਉਹ ਭਤੀਜਿਆਂ ਤੋਂ ਤੜ੍ਹੀ ਨਾਲ ਰੋਟੀ ਖਾਂਦਾ ਸੀ । ਚੀਹੜਾ ਇੰਨਾ ਸੀ ਕਿ ਹਜ਼ਾਰ ਯਤਨ ਕਰਨ 'ਤੇ ਵੀ ਉਸ ਨੇ ਕਿਸੇ ਦੇ ਨਾਂ ਵਸੀਅਤ ਨਹੀਂ ਸੀ ਕਰਾਈ । ਤੀਹ ਸਾਲਾਂ ਤੋਂ ਛੋਟੇ ਨਾਲ ਰਹਿੰਦਾ ਸੀ । ਕੁਝ ਦਿਨਾਂ ਤੋਂ ਵੱਡੇ ਨਾਲ ਤਿਓ ਰੱਖਣ ਲੱਗਾ ਸੀ । ਉਸ ਵੱਲ ਆਉਣ ਨੂੰ ਫਿਰਦਾ ਸੀ ।
ਛੋਟੇ ਨੂੰ ਭਿਣਕ ਪਈ ਤਾਂ ਉਸ ਨੇ ਬੁੱਢੇ ਨੂੰ ਪੁਚਕਾਰਿਆ ਵੀ ਅਤੇ ਝਿੜਕਿਆ ਵੀ । ਇਸ ਤੋਂ ਪਹਿਲਾਂ ਕਿ ਬੁੱਢਾ ਹੱਥੋਂ ਨਿਕਲਦਾ, ਉਸ ਨੇ ਬੁੱਢੇ ਦਾ ਫਾਹਾ ਵੱਢ ਦਿੱਤਾ ।
ਪਹਿਲਾਂਪਹਿਲਾਂ ਵੱਡੇ ਨੇ ਝੱਜੂ ਪਾਇਆ । ਉਹ ਬਾਰਾਂ ਕਿੱਲਿਆਂ ਵਿਚੋਂ ਅੱਧ ਦਾ ਮਾਲਕ ਸੀ । ਜਦੋਂ ਛੋਟੇ ਨੇ ਵਸੀਅਤਾਂ ਕੱਢ ਕੇ ਦਿਖਾਈਆਂ ਤਾਂ ਉਸ ਦੇ ਤੇਵਰ ਢਿੱਲੇ ਪੈ ਗਏ । ਵੱਡੇ ਨੇ ਬੁੱਢੇ ਦੇ ਪੋਸਟਮਾਰਟਮ ਲਈ ਰੌਲਾ ਪਾਇਆਂ ਤਾਂ ਛੋਟੇ ਦੀ ਖਾਨਿ ਗਈ । ਘਰ ਉੱਜੜਦਾ ਦੇਖ ਕੇ ਦੋਹਾਂ ਨੇ ਰਾਜ਼ੀਨਾਮਾ ਕਰ ਲਿਆ । ਚਾਰ ਵੱਡੇ ਨੂੰ ਅਤੇ ਅੱਠ ਛੋਟੇ ਨੂੰ । ਕਿਸੇ ਨੂੰ ਕੰਨੋਕੰਨ ਖ਼ਬਰ ਵੀ ਨਾ ਹੋਈ ਕਿ ਬੁੱਢੇ ਦਾ ਗਲ ਘੁੱਟਿਆ ਗਿਐ । ਜੇ ਭਾਨੀ ਗੱਜਣ ਦੇ ਕੰਨ ਵਿਚ ਫੁਕ ਨਾ ਮਾਰਦੀ ਤਾਂ ਗੱਜਣ ਨੂੰ ਪੰਜਾਹ ਹਜ਼ਾਰ ਧਰਿਆ ਨਹੀਂ ਸੀ ਪਿਆ । ਕਿਸੇ ਹੋਰ ਕੋਲ ਗੱਲ ਅੱਪੜਨ ਤੋਂ ਪਹਿਲਾਂ ਹੀ ਉਹ ਕਿੱਲੇ ਦਾ ਮੁੱਲ ਗੱਜਣ ਨੂੰ ਦੇ ਗਏ ਸਨ ।
ਇਹ ਵੀ ਭਾਨੀ ਦੀ ਹੀ ਕਿਰਪਾ ਸੀ ਕਿ ਪਾਲੇ ਕੇ ਗਿੰਦਰ ਦਾ ਖ਼ੂਨ ਹੁੰਦਾਹੁੰਦਾ ਟਲ ਗਿਆ ।
ਸ਼ਿੰਦਰ ਨੂੰ ਆਪਣੀ ਭੈਣ 'ਤੇ ਡਾਹਡਾ ਗੁੱਸਾ ਸੀ । ਉਸ ਦੇ ਘਰ ਸਭ ਕੁਝ ਸੀ । ਉਸ ਨੂੰ ਜ਼ਮੀਨ 'ਚੋਂ ਹਿੱਸਾ ਮੰਗਦੀ ਨੂੰ ਸ਼ਰਮ ਆਉਣੀ ਚਾਹੀਦੀ ਸੀ । ਸ਼ਿੰਦਰ ਨੇ ਤਾਂ ਪਹਿਲਾਂ ਹੀ ਆਪਣੀ ਜਿੰਦ ਵੇਚ ਕੇ ਭੈਣ ਦਾ ਵਿਆਹ ਕੀਤਾ ਸੀ । ਸਾਰੇ ਚਾਰ ਕਿੱਲੇ ਜ਼ਮੀਨ ਦੇ ਸੀ । ਕਚਹਿਰੀ ਚੜ੍ਹ ਕੇ ਭੈਣ ਨੇ ਦੋ ਕਿੱਲੇ ਲੈ ਕੇ ਛੱਡੇ । ਇਥੋਂ ਤਕ ਵੀ ਲਿਹਾਜ਼ ਨਾ ਕੀਤੀ ਕਿ ਸ਼ਿੰਦਰ ਨੂੰ ਹੀ ਵੇਚ ਦੇਵੇ ।
ਸ਼ਰੀਕਾਂ ਨੂੰ ਉਹਦੀ ਹਿੱਕ 'ਤੇ ਬਿਠਾ ਆਈ । ਸ਼ਿੰਦਰ ਜਿਊਂਦਾ ਹੀ ਮਰਿਆਂ ਵਰਗਾ ਹੋ ਗਿਆ ।
ਚਾਰ ਕੁੜੀਆਂ ਅਤੇ ਤਿੰਨ ਮੁੰਡਿਆਂ ਦਾ ਰੋਟੀਟੁੱਕ ਦਾ ਖ਼ਰਚ ਹੀ ਮਾਣ ਨਹੀਂ । ਬੀਮਾਰੀਠਿਮਾਰੀ ਆਦੀ ਤਾਂ ਸਿਰ ਚੜ੍ਹਿਆ ਕਰਜ਼ਾ ਦੁੱਗਣਾਤਿੱਗਣਾ ਹੋ ਜਾਂਦਾ । ਆੜ੍ਹਤੀਆਂ, ਬੈਂਕਾਂ ਅਤੇ ਰਿਸ਼ਤੇਦਾਰਾਂ ਦਾ ਕਰਜ਼ਾਈ ਹੋਇਆ ਸ਼ਿੰਦਰ ਇਕ ਦਿਨ ਰਾਜਸਥਾਨੋਂ ਪਸਤੌਲ ਖ਼ਰੀਦ ਲਿਆਇਆ । ਸ਼ਿੰਦਰ ਨੂੰ ਕੀੜਿਆਂ ਵਾਲੇ ਜੰਡ 'ਤੇ ਚੜ੍ਹਾਉਣ ਵਾਲੀ ਆਪਣੀ ਭੈਣ ਦਾ ਘਰ ਉਹ ਤਬਾਹ ਕਰ ਸੁੱਟੇਗਾ ।
ਭੈਣ ਤਾਂ ਮਾੜੀ ਨਹੀਂ ਸੀ, ਉਸ ਦਾ ਪਤੀ ਗਿੰਦਰ ਉਸ ਨੂੰ ਟਿਕਣ ਨਹੀਂ ਸੀ ਦਿੰਦਾ । ''ਜੇ ਜ਼ਮੀਨ ਨਾ ਵੰਡਾਈ ਤਾਂ ਘਰੇ ਬਿਠਾ ਦਿਊਂ ।'' ਇਹੋ ਜਿਹੀਆਂ ਧਮਕੀਆਂ ਦਿੰਦਾ ਰਹਿੰਦਾ ਸੀ । ਸ਼ਿੰਦਰ ਨਾਲ ਛੱਜੂ ਬਦਮਾਸ਼ ਨੂੰ ਲਿਆਇਆ ਸੀ । ਛੱਜੂ ਦੀ ਸ਼ਹਿਰ ਵਿਚ ਹੋਰ ਕੋਈ ਢੋਈ ਨਹੀਂ ਸੀ । ਰਾਤ ਉਹਨਾਂ ਭਾਨੀ ਕੋਲ ਕੱਟੀ । ਦੋ ਪੈੱਗ ਲਾ ਕੇ ਛੱਜੂ ਨੇ ਭਾਨੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ ।
ਡਰਦੀ ਭਾਨੀ ਨੇ ਰਾਤੋਰਾਤ ਥਾਣੇ ਖ਼ਬਰ ਕਰ ਦਿੱਤੀ । ਪਿੱਛੋਂ ਪੁਲਿਸ ਨੇ ਕਤਲ ਦੀ ਸਾਜ਼ਿਸ਼ ਵਿਚ ਭਾਨੀ ਨੂੰ ਵੀ ਵਿਚੇ ਘੜੀਸ ਲੈਣਾ ਸੀ ।
ਸ਼ਿੰਦਰ ਤੋਂ ਪਸਤੌਲ ਬਰਾਮਦ ਕਰਾਉਣ ਨਾਲ ਗੱਜਣ ਦੀ ਵਾਹਵਾਵਾਹਵਾ ਹੋ ਗਈ । ਪਾਲੇ ਕਿਆਂ ਨੇ ਉਸ ਦਾ ਪੂਰਾ ਅਹਿਸਾਨ ਮੰਨਿਆ । ਪਿੱਛੋਂ ਗੱਜਣ ਨੇ ਜਿਥੇ ਆਖਿਆ, ਪਾਲੇ ਨੇ ਉਥੇ ਹੀ ਠੋਕ ਕੇ ਗਵਾਹੀ ਦਿੱਤੀ । ਪਾਲੇ ਦੀ ਗਵਾਹੀ ਦੇ ਸਿਰ 'ਤੇ ਗੱਜਣ ਨੇ ਕਈ ਵੱਡੇ ਮੁਕੱਦਮੇ ਸਜ਼ਾ ਕਰਾਏ ।
ਇਸ ਅਗਵਾੜ ਬਾਰੇ ਭਾਨੀ ਕੋਲੋਂ ਉਸ ਨੂੰ ਦੇਸ਼ ਭਰ ਦੀਆਂ ਖ਼ੁਫ਼ੀਆ ਏਜੰਸੀਆਂ ਨਾਲੋਂ ਵੱਧ ਸੂਹ ਮਿਲਣੀ ਸੀ । ਬਿਨਾਂ ਕਿਸੇ ਫੇਰਬਦਲ ਤੋਂ ।
ਪੁਲਿਸ ਨੂੰ ਦਰਵਾਜ਼ੇ ਅੱਗੇ ਖੜੀ ਦੇਖ ਕੇ ਭਾਨੀ ਦਾ ਸਤਿ ਨਿਕਲ ਗਿਆ । ਝੀਤਾਂ ਰਾਹੀਂ ਜਦੋਂ ਉਸ ਨੇ ਦਰਵਾਜ਼ੇ ਅੱਗੇ ਖੜੇ ਗੱਜਣ ਨੂੰ ਦੇਖਿਆ ਤਾਂ ਉਹਦੇ ਸਾਹ ਵਿਚ ਸਾਹ ਆਇਆ ।
ਗੱਜਣ ਉਸ ਦਾ ਪੁਰਾਣਾ ਯਾਰ ਸੀ । ਜਦੋਂ ਉਹ ਸ਼ਹਿਰ ਵਿਚ ਲੱਗਾ ਸੀ ਤਾਂ ਭਾਨੀ ਨੇ ਪੂਰੀਆਂ ਮੌਜਾਂ ਕੀਤੀਆਂ ਸਨ । ਕਈ ਗੁਆਂਢਣਾਂ ਤਾਂ ਉਸ ਨੂੰ ਥਾਣੇਦਾਰਨੀ ਆਖ ਕੇ ਹੀ ਬੁਲਾਉਣ ਲੱਗ ਪਈਆਂ ਸਨ ।
ਕਾਲੇ ਸਾਟਨ ਦੇ ਸੂਟ ਵਿਚ ਭਾਨੀ ਦਾ ਗੋਰਾ ਸਰੀਰ ਦਗਦਗ ਕਰ ਰਿਹਾ ਸੀ । ਆਮ ਦਿਨਾਂ ਵਾਂਗ ਉਸ ਨੇ ਅੱਜ ਵੀ ਅੱਖਾਂ ਵਿਚ ਧਾਰੀਦਾਰ ਸੁਰਮਾ ਪਾਇਆ ਸੀ । ਚਿੱਟੇ ਦੰਦਾਂ 'ਤੇ ਮਲਿਆ ਦੰਦਾਸਾ ਅਤੇ ਉਸ ਦੇ ਅਗਲੇ ਦੋ ਦੰਦਾਂ ਵਿਚ ਜੜੀਆਂ ਸੋਨੇ ਦੀ ਮੇਖਾਂ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੀਆਂ ਸਨ । ਕਦੇ ਜਵਾਨੀ ਵੇਲੇ ਮੱਥੇ 'ਤੇ ਪਵਾਈ ਮੋਰਨੀ ਹਾਲੇ ਵੀ ਉਡੂੰਉਡੂੰ ਕਰ ਰਹੀ ਸੀ ।
ਉਹ ਕੋਠੜੀ ਦੀ ਥਾਂ ਜਦੋਂ ਗੱਜਣ ਨੂੰ ਬੈਠਕ ਵੱਲ ਲੈ ਤੁਰੀ ਤਾਂ ਗੱਜਣ ਹੱਕਾਬੱਕਾ ਰਹਿ ਗਿਆ । ਅੱਗੇ ਤਾਂ ਉਹ ਹਮੇਸ਼ਾ ਹੀ ਗੱਜਣ ਨੂੰ ਕੋਠੜੀ ਵਿਚ ਲਿਜਾਂਦੀ ਸੀ, ਜਿਥੇ ਉਸ ਦਾ ਰੰਗਲਾ ਪਲੰਘ, ਸੇਜ ਬਣਿਆ ਉਸ ਨੂੰ ਉਡੀਕ ਰਿਹਾ ਹੁੰਦਾ ।
''ਕੀ ਕਰਾਂ ? ਮੁੰਡਾ ਫ਼ੌਜ 'ਚੋਂ ਵਾਪਸ ਆ ਗਿਐ । ਆਂਡਲ ਜੀ ਬਹੂ ਕਾਂ ਵਾਂਗ ਮੇਰੇ 'ਤੇ ਅੱਖ ਰੱਖਦੀ । ਮੁੰਡਾ ਸਾਹ ਨਹੀਂ ਕੱਢਣ ਦਿੰਦਾ ।''
ਗੱਜਣ ਦੇ ਕਾਰਨ ਪੁੱਛਣ 'ਤੇ ਉਹ ਆਪਣੇ ਦੁੱਖੜੇ ਰੋਣ ਲੱਗੀ ।
ਸਾਲ ਪਹਿਲਾਂ ਉਹ ਪੂਰੀ ਆਜ਼ਾਦ ਸੀ । ਉਸ ਦਾ ਘਰ ਵਾਲਾ ਵਿਆਹ ਦੇ ਤੀਜੇ ਵਰ੍ਹੇ ਹੀ ਸੱਪ ਨੇ ਡੱਸ ਲਿਆ । ਫ਼ੌਜੀ ਉਹਨੀਂ ਦਿਨੀਂ ਇਕ ਸਾਲ ਦਾ ਸੀ । ਭਾਨੀ ਨੇ ਦਿਉਰ ਕਰ ਲਿਆ ।
ਛੇ ਸਾਲਾਂ ਬਾਅਦ ਉਹ ਕਿਸੇ ਹੋਰ ਨੂੰ ਲੈ ਕੇ ਨਿਕਲ ਗਿਆ । ਅਖੇ ਭਾਨੀ ਉਸ ਦੇ ਜਵਾਕ ਨਹੀਂ ਜੰਮਦੀ ।
ਭਾਨੀ ਦਾ ਦਿਲ ਟੁੱਟ ਗਿਆ । ਸੱਸਸਹੁਰੇ ਦੇ ਸਹਾਰੇ ਮੁੰਡਾ ਪਾਲਦੀ ਰਹੀ ।
ਮੁੰਡਾ ਫ਼ੌਜ ਵਿਚ ਭਰਤੀ ਹੋਇਆ ਤਾਂ ਇਕੱਲੀ ਭਾਨੀ ਨੂੰ ਘਰ ਵੱਡੂੰਖਾਊਂ, ਵੱਡੂੰਖਾਊਂ ਕਰਨ ਲੱਗਾ । ਮੈਂਬਰਨੀ ਨਾਲ ਰਲ ਕੇ ਉਹ ਦਿਨਕਟੀ ਕਰਨ ਲਈ ਲੋਕਾਂ ਦੇ ਕੰਮ ਕਰਾਉਣ ਲੱਗੀ ।
ਥਾਣੇ ਕਚਹਿਰੀ ਵਿਚ ਮੈਂਬਰਨੀ ਨਾਲੋਂ ਉਹਦੀ ਵੱਧ ਚੱਲਣ ਲੱਗੀ । ਵੇਲੇਕੁਵੇਲੇ ਉਹ ਕਿਸੇ ਥਾਣੇਦਾਰ ਕੋਲ ਠਹਿਰ ਵੀ ਜਾਂਦੀ ।
ਗੱਜਣ ਆਇਆ ਤਾਂ ਉਸ ਨੇ ਭਾਨੀ ਨੂੰ ਅਸਮਾਨ 'ਤੇ ਹੀ ਚਾੜ੍ਹ ਦਿੱਤਾ । ਜਿਸ ਨੂੰ ਜੀਅ ਕਰੇ ਫੜਾ ਜਾਵੇ, ਜਿਸ ਨੂੰ ਜੀਅ ਕਰੇ ਛੁਡਾ ਲਵੇ । ਪੈਸੇ ਵੀ ਬਣਨ ਲੱਗੇ ਅਤੇ ਦਾਰੂ ਦਾ ਸਵਾਦ ਵੀ ਪੈ ਗਿਆ ।
ਭਾਨੀ ਨੇ ਵੀ ਉਸ ਨੂੰ ਰੱਜ ਕੇ ਕੰਮ ਦਿੱਤਾ । ਸਾਰੇ ਅਗਵਾੜ ਦੀ ਸੂਹ ਘਰ ਬੈਠੇ ਨੂੰ ਹੀ ਮਿਲ ਜਾਂਦੀ ।
ਇੱਲ ਦੇ ਆਂਡੇ ਵਰਗੀ ਅੱਖ, ਗੁੰਦਵਾਂ ਸਰੀਰ ਅਤੇ ਸਰੂ ਵਰਗਾ ਕੱਦ ਗੱਜਣ ਨੂੰ ਬੇਹੱਦ ਪਸੰਦ ਸੀ ।
ਗੱਜਣ ਨੂੰ ਕੁਰਸੀ 'ਤੇ ਬਿਠਾ ਕੇ ਉਹ ਇਕ ਪਾਸੇ ਪਏ ਮੰਜੇ 'ਤੇ ਬੈਠ ਗਈ । ਕੋਠੜੀ 'ਚ ਬੈਠੀ ਬਹੂ ਨੂੰ ਸਭ ਦਿਖਦਾ ਰਹੇ, ਇਸ ਲਈ ਵਿਹੜੇ ਵਾਲੀ ਤਾਕੀ ਖੋਲ੍ਹ ਲਈ ।
''ਇਹ ਨਖ਼ਰਾ ਕਦੋਂ ਤੋਂ ?'' ਭਾਨੀ ਦੇ ਪੱਟ 'ਤੇ ਚੂੰਡੀ ਭਰਦਿਆਂ ਗੱਜਣ ਨੇ ਪੁੱਛਿਆ । ਉਹ ਉਸ ਨੂੰ ਛੇੜਨ ਦੇ ਮੂਡ ਵਿਚ ਸੀ । ''ਕਦੇ ਫੇਰ ਆ ਜੂੰ । ਫ਼ੌਜਣ ਨੇ ਜੀਣਾ ਹਰਾਮ ਕਰ 'ਤਾ । ਇਕ ਦਿਨ ਇਸ ਨੇ ਸੱਜਣ ਹੌਲਦਾਰ ਨਾਲ ਮੈਨੂੰ ਫੜ ਲਿਆ । ਬੜੀ ਕਪੱਤ ਕੀਤੀ ਮਰ ਜਾਣੀ ਨੇ । ਇਕ ਵਾਰ ਔਂਤਰੇ ਬੰਤ ਹੌਲਦਾਰ ਨੇ ਇਕ ਸੌ ਨੌਂ ਦਾ ਕੇਸ ਬਣਾ 'ਤਾ । ਛੇ ਮਹੀਨੇ ਕਚਹਿਰੀ ਧੱਕੇ ਖਾਂਦੀ ਰਹੀ । ਮੇਰੀ ਤਾਂ ਸਵਾਹ ਬਣੀ ਪਈ ਐ ।'' ਆਪਣੀ ਹੱਡਬੀਤੀ ਸੁਣਾਦੀ ਉਹ ਅੱਖਾਂ ਭਰ ਆਈ ।
''ਚੱਲ ਛੱਡ । ਇ ਦੱਸ ਬਈ ਆ ਜਿਹੜਾ ਬੰਟੀ ਗਵਾਚਾ ਹੋਇਆ, ਇਸ ਬਾਰੇ ਤੈਨੂੰ ਕੁਝ ਪਤੈ ?.....ਮੈਨੂੰ ਪਤਾ ਲੱਗੇ ਉਹ ਇਸ ਅਗਵਾੜ ਵਿਚ ਕਿਤੇ ਲੁਕੋਇਆ ਹੋਇਐ ।'' ਬਾਹਰੋਂ ਉਸ ਨੂੰ ਬੁਲਾਉਣ ਲਈ ਵੱਜਦੀਆਂ ਵਿਸਲਾਂ ਅਤੇ ਕੋਠੜੀ ਵਿਚੋਂ ਆਦੇ ਖੰਘੂਰਿਆਂ ਦੀ ਰਜ਼ਮ ਨੂੰ ਪਹਿਚਾਣ ਕੇ ਗੱਜਣ ਨੇ ਮਤਲਬ ਦੀ ਗੱਲ ਛੇੜੀ ।
''ਰੱਬਰੱਬ ਕਰ । ਅਗਵਾੜ 'ਚ ਕੋਈ ਨੀ ਅਜਿਹਾ ਨੀਚ ਕੰਮ ਕਰਨ ਵਾਲਾ ।'' ਬੰਟੀ ਦੀ ਗੱਲ ਸੁਣ ਕੇ ਭਾਨੀ ਦਾ ਚਿਹਰਾ ਪੀਲਾ ਭੂਕ ਹੋ ਗਿਆ । ਆਪਣੇ ਹੱਥ ਮਲਦੀ ਉਹ ਸਫ਼ਾਈ ਪੇਸ਼ ਕਰਨ ਲੱਗੀ ।
''ਕਈ ਕਾਲਜੀਏਟ ਕੇਸਰੀ ਪੱਗਾਂ ਬੰਨ੍ਹੀਂ ਫਿਰਦੇ ਨੇ । ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਅਜਿਹਾ ਕੰਮ ਕਰ ਬੈਠਣ ।''
''ਕੇਸਰੀ ਪੱਗਾਂ ਤਾਂ ਜੀਅਜੀਅ ਬੰਨ੍ਹੀਂ ਫਿਰਦੈ । ਸਾਡੇ ਫ਼ੌਜੀ ਨੇ ਵੀ ਲਿਆਂਦੀ । ਇਹੋ ਜਿਹੀ ਕੋਈ ਗੱਲ ਨਹੀਂ ।''
''ਢੇਰੂ ਬਦਮਾਸ਼ ਬਾਰੇ ਕੀ ਖ਼ਿਆਲ ਐ ? ਪੈਸੇ ਪਿੱਛੇ ਕਤਲ ਕਰਨ ਵਾਲੇ ਦਾ ਕੋਈ ਵਸਾਹ ਨਹੀਂ ਹੁੰਦਾ, ਕਦੋਂ ਭੈੜੇ ਤੋਂ ਭੈੜਾ ਕੰਮ ਕਰ ਬਹੇ । ਬੰਦਾ ਮਾਰਨਾ ਉਹਨੂੰ ਕੀੜੀ ਮਾਰਨ ਵਾਂਗੂੰ ਲੱਗਦੈ ।''
''ਉਸ ਨੇ ਹੋਰ ਚਾਹੇ ਜਿਹੜਾ ਮਰਜ਼ੀ ਜੁਰਮ ਕੀਤਾ ਹੋਵੇ, ਇਹ ਕੰਮ ਉਹ ਕਦੇ ਨਹੀਂ ਕਰ ਸਕਦਾ । ਉਹ ਤਾਂ ਮੇਰੇ ਕੋਲ ਕਈ ਵਾਰ ਕਲਪ ਕੇ ਗਿਐ, ਬਈ ਇਹ ਮਾਸੂਮਾਂ ਨੂੰ ਪਤਾ ਨਹੀਂ ਕਿ ਮਾਰਦੇ ਫਿਰਦੇ ਨੇ । ਮਾਰਨਾ ਤਾਂ ਦੁਸ਼ਮਣਾਂ ਨੂੰ ਮਾਰੋ । ਉਹ ਵੀ ਲਲਕਾਰ ਕੇ । ਨੰਨ੍ਹੇ ਫੁੱਲ ਜਿਹੇ ਬੱਚੇ ਨਾਲ ਉਹ ਧੱਕਾ ਨਹੀਂ ਕਰ ਸਕਦਾ ।''
''ਉਹ ਨੱਥੂ ਨਾਈ ਵੀ ਪੋਚਵੀਂ ਪੱਗ ਬੰਨ੍ਹੀਂ ਫਿਰਦੈ.....ਉਸ ਨੂੰ ਕਿਹੜੀ ਨੋਟਾਂ ਦੀ ਨਵੀਂ ਖਾਨ ਲੱਭ ਪਈ, ਬਈ ਜਿਹੜਾ ਨਿੱਤ ਨਵੇਂ ਬਦਲਦੈ ? ਕਈ ਵਾਰ ਸ਼ਰਾਰਤ ਕਰਨ ਵਾਲੇ ਅਜਿਹੇ ਬੰਦੇ ਨੂੰ ਰੁਪਿਆਂ ਦਾ ਬੁੱਕ ਦੇ ਕੇ ਵਰਗਲਾ ਲੈਂਦੇ ਨੇ । ਨੀਅਤ ਫਿਰਦੀ ਨੂੰ ਟੈਮ ਨਹੀਂ ਲੱਗਦਾ ।''
''ਨਹੀਂ ਵੇ ਨਹੀਂ.....ਇਹੋ ਜਿਹਾ ਉਹ ਵੀ ਨਹੀਂ.....ਉਹਨੂੰ ਤਾਂ ਮੁਫ਼ਤ ਦੀ ਜ਼ਮੀਨ ਟੱਕਰੀ । ਪਿੱਛੇ ਜੇ ਉਹਨੇ ਕਲਕੱਤੇ ਵਾਲਿਆਂ ਨਾਲ ਰਲ ਕੇ ਕਿਸੇ ਬੁੜ੍ਹੀ ਤੋਂ ਇਕਰਾਰਨਾਮੇ ਦੇ ਬਹਾਨੇ ਬੈਨਾਮੇ 'ਤੇ ਅੰਗੂਠਾ ਲਵਾ ਲਿਆ । ਉਸ ਦੀ ਕਮਾਈ ਰੜਕਦੀ । ਉਸ ਭੋਲੇ ਪੰਛੀ ਨੂੰ ਇਹਨਾਂ ਗੱਲਾਂ ਦਾ ਊਂ ਹੀ ਨੀ ਪਤਾ ।''
''ਫੇਰ ਕੁਝ ਦੱਸ ਵੀ ? ਕਿਸੇ ਰਾਹ ਪਾ ।'' ਇਕ ਸੌ ਦਾ ਨੋਟ ਬਟੂਏ 'ਚੋਂ ਕੱਢਦਿਆਂ ਗੱਜਣ ਨੇ ਭਾਨੀ 'ਤੇ ਜ਼ੋਰ ਪਾਇਆ ।
''ਏਸ ਨੋਟ ਨੂੰ ਜੇਬ 'ਚ ਰੱਖ । ਤੈਨੂੰ ਸੂਹ ਮੈਂ ਕੋਈ ਪੈਸਿਆਂ ਦੇ ਲਾਲਚ ਤਾਂ ਨਹੀਂ ਸੀ ਦਿੰਦੀ । ਊਂਈ ਤੇਰੇ ਨਾਲ ਮੋਹ ਹੋ ਗਿਆ ਸੀ । ਨਾਲੇ ਉਦੋਂ ਹੱਥ ਤੰਗ ਸੀ । ਹੁਣ ਮੁੰਡਾ ਆਪੇ ਖ਼ਰਚ ਚਲਾਦੈ । ਮੈਂ ਸਭ ਛੱਡਤਾ ਇਹੋ ਜਿਹਾ ਕੰਮ ।''
ਨੋਟ ਗੱਜਣ ਵੱਲ ਮੋੜਦੀ ਭਾਨੀ ਨੇ ਮੁਖ਼ਬਰੀ ਦੇਣੀ ਸ਼ੁਰੂ ਕੀਤੀ ।
''ਬਾਹੀਏ ਕੇ ਵਗ ਜਾ । ਪੂਰਾ ਟਰੱਕ ਅਫ਼ੀਮ ਦਾ ਆਇਐ । ਦਸਵੀਹ ਸੇਰ ਹਾਲੇ ਵੀ ਪਈ ਹੋਊ ।
''ਮੈਂ ਬੰਟੀ ਬਾਰੇ ਪੁੱਛਦਾਂ । ਉਸ ਨਾਲ ਕਿਹੜਾ ਪੰਗਾ ਲਏ ? ਉਹ ਵਜ਼ੀਰਾਂ ਨਾਲ ਗਲਾਸ ਖੜਕਾਦੈ ਅੱਜਕੱਲ੍ਹ ।''
ਭਾਨੀ ਸੋਚੀਂ ਪੈ ਗਈ । ਬੰਟੀ ਬਾਰੇ ਉਹ ਕੀ ਦੱਸੇ ? ਉਹ ਤਾਂ ਇਹੋ ਦੱਸ ਸਕਦੀ ਕਿ ਕਿਸ ਦੀ ਕੁੜੀ ਕਿਸ ਦੇ ਮੁੰਡੇ ਨਾਲ ਇਸ਼ਕ ਕਰਦੀ । ਕਿਸ ਕੁਆਰੀ ਕੁੜੀ ਨੇ ਕਿਸ ਦਾਈ ਤੋਂ ਬੱਚਾ ਕਢਾਇਐ । ਕਿਸ ਘਰ ਕਿਸ ਦਾ ਆਉਣ ਜਾਣ । ਕਿਹੜਾ ਨਾਮਰਦ । ਕਿਸ ਦੀ ਘਰ ਵਾਲੀ ਰਾਤਬਰਾਤੇ ਇਧਰਉਧਰ ਮੂੰਹ ਮਾਰਦੀ ।
ਬੰਟੀ ਬਾਰੇ ਨਾਂਹ 'ਚ ਸਿਰ ਮਾਰਨ ਤੋਂ ਬਿਨਾਂ ਉਸ ਕੋਲ ਕੁਝ ਨਹੀਂ ਸੀ ।
''ਚੰਗਾ ਕੋਈ ਅਸਾਮੀ ਹੀ ਟਕਰਾ ਦੇ । ਖ਼ਰਚਾਵਰਚਾ ਨਿਕਲ ਜੂ ।'' ਸੌ ਦੇ ਨੋਟ ਨੂੰ ਦਰੀ ਹੇਠਾਂ ਰੱਖਦੇ ਗੱਜਣ ਨੇ ਗੱਲ ਦਾ ਰੁਖ਼ ਬਦਲਿਆ ।
''ਦਾਰੂ ਦਾ ਘੁੱਟ ਪੀਣੈ ਤਾਂ ਮਹਿੰਗੇ ਤਖਾਣ ਕੇ ਚਲਾ ਜਾ । ਕੱਲ੍ਹ ਹੀ ਭੱਠੀ ਲਾਈ ਸੀ । ਬੜੀ ਵਧੀਆ ਸ਼ਰਾਬ ਕੱਢਦੈ ।''
''ਕੋਈ ਕੰਮ ਦੀ ਗੱਲ ਕਰ ।''
''ਨਵਾਂ ਪੁਰਜ਼ਾ ਦੇਖਣ ਦੀ ਝਾਕ ਤਾਂ ਸਾਧੂ ਦਾ ਕੁੰਡਾ ਖੜਕਾ ਦੇ । ਮੁੰਡਾ ਫ਼ੌਜ 'ਚ ਐ । ਫੌਜਣ ਨੂੰ ਲੋਕ ਸਾਂਭਦੇ ਨੇ । ਤੇਰੇ ਵਰਗੇ ਛੈਲਛਬੀਲੇ ਨੂੰ ਤਾਂ ਉਹ ਭੱਜ ਕੇ ਜੱਫੀ ਪਾਊ ।''
ਜਵਾਨਾਂ ਨੇ ਬਾਹਰੋਂ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਸੀ । ਉਸ ਦੀ ਨੂੰਹ ਵੀ ਦੁੱਧ ਦੇ ਭਰੇ ਦੋ ਕੰਗਣੀ ਵਾਲੇ ਗਲਾਸ ਬੈਠਕ ਵਿਚ ਰੱਖ ਗਈ ਸੀ । ਨਾਲੇ ਚੋਰਅੱਖ ਨਾਲ ਗੱਜਣ ਦੀ ਪਛਾਣ ਵੀ ਕਰ ਗਈ ।
''ਇਹ ਵਕਤ ਐਸ਼ ਕਰਨ ਦਾ ਨਹੀਂ । ਦੋ ਪੈਸੇ ਬਣਵਾ ਸਕਦੀ ਂ ਤਾਂ ਦੱਸ । ਤੇਰਾ ਕਮਿਸ਼ਨ ਪੱਕਾ ।''
''ਜੇ ਪੈਸੇ ਦੀ ਤਲਬ ਤਾਂ ਮੰਗੂ ਬਾਣੀਏ ਦੇ ਜਾ ਵੜ । ਦੇਖਦਾ ਨੀ ਦਿਨਾਂ ਵਿਚ ਹੀ ਚੁਬਾਰੇ ਉਸਰ ਗਏ । ਜਦੋਂ ਦਾ ਕੋਈ ਸਖ਼ਤ ਕਾਨੂੰਨ ਬਣਿਐ, ਮਾੜੇਮੋਟੇ ਸਭ ਭੱਜ ਗਏ । ਇਹੋ ਇਕੱਲਾ ਮੈਦਾਨ 'ਚ ਰਹਿ ਗਿਐ । ਰੇਟ ਦੂਣਾ ਕਰ 'ਤਾ । ਨੋਟਾਂ ਦੇ ਬੋਰੇ ਭਰ ਲਏ । ਉਹ ਕਾਲੀ ਜੀ ਬਨਿਆਣੀ ਜਿਹੜੀ ਸਾਰਾ ਦਿਨ ਕੱਪੜੇ ਸਿਊਣ ਵਾਲੀ ਮਸ਼ੀਨ ਨਾਲ ਚਿਪਕੀ ਰਹਿੰਦੀ ਸੀ, ਸੇਰਸੇਰ ਸੋਨਾ ਪਾ ਕੇ ਰੱਖਦੀ । ਪਸੇਰੀਪਸੇਰੀ ਦੇ ਡੌਲੇ ਹੋ ਗਏ ਤੇ ਮਣਮਣ ਦੇ ਚਿੱਤੜ ।''
''ਆ ਜਿਹੜੇ ਦੋਤਿੰਨ ਨਕਸਲੀਏ ਸੀ, ਉਹ ਕਿਥੇ ਹੁੰਦੇ ਨੇ ਅੱਜਕੱਲ੍ਹ ?'' ਇਕੋ ਗੱਲ ਗੱਜਣ ਦੇ ਜ਼ਿਹਨ ਵਿਚ ਸੀ । ਘੁਮਾਫਿਰਾ ਕੇ ਉਹ ਉਥੇ ਹੀ ਆ ਜਾਂਦਾ ।
''ਉਹਨਾਂ ਨੇ ਉਹੋ ਰੂਪ ਧਾਰਿਆ ਹੋਇਐ । ਕੇਸ ਕਟਾਏ ਹੋਏ ਨੇ । ਦਾੜ੍ਹੀ ਕੁਤਰ ਕੇ ਰੱਖਦ ਨੇ । ਬਾਬੇ ਨਾਲ ਰਹਿੰਦੇ ਨੇ । ਕਦੇ ਡਰਾਮੇ ਕਰਨ ਤੁਰ ਗਏ, ਕਦੇ ਭੂਤਪਰੇਤ ਕੱਢਣ ਵਾਲੇ ਸਾਧਾਂਸੰਤਾਂ ਦੇ ਪਿੱਛੇ ਪੈ ਗਏ । ਘਰ ਤਾਂ ਟਿਕਦੇ ਨਹੀਂ ।''
ਭਾਨੀ ਕੁਝ ਵੀ ਪੱਲੇ ਨਹੀਂ ਸੀ ਪਾ ਰਹੀ । ਜੇ ਭਾਨੀ ਦੇ ਪੱਲੇ ਕੁਝ ਨਹੀਂ ਸੀ ਤਾਂ ਅਗਵਾੜ ਵਿਚ ਵੀ ਕੁਝ ਨਹੀਂ ਸੀ । ਘਰਘਰ ਦੀ ਤਲਾਸ਼ੀ ਕਰਨ ਅਤੇ ਬੰਟੀ ਦੀ ਆਸ ਰੱਖਣਾ ਫ਼ਜ਼ੂਲ ਸੀ ।
ਗੱਜਣ ਚਾਹੁੰਦਾ ਤਾਂ ਭਾਨੀ ਦੀਆਂ ਦੱਸੀਆਂ ਥਾਵਾਂ 'ਤੇ ਛਾਪੇ ਮਾਰ ਕੇ ਪੈਸੇ ਕਮਾ ਸਕਦਾ ਸੀ । ਉਹਦੀ ਜ਼ਮੀਰ ਨਹੀਂ ਸੀ ਮੰਨ ਰਹੀ । ਮੁਰਦੇ ਉਖਾੜਨ ਦਾ ਮਤਲਬ ਲੋਕਲ ਪੁਲਿਸ ਦਾ ਜਲੂਸ ਕੱਢਣਾ ਹੁੰਦਾ । ਪਰੀਤਮ ਸਿੰਘ ਉਸ ਦਾ ਲੰਗੋਟੀਆ ਯਾਰ । ਅੱਜ ਪਰੀਤਮ ਦੇ ਹਲਕੇ ਵਿਚ ਜਲੂਸ ਕੱਢੇਗਾ ਤਾਂ ਕੱਲ੍ਹ ਨੂੰ ਉਹ ਗੱਜਣ ਦੀਆਂ ਅਸਾਮੀਆਂ ਚੁੱਕ ਲੈਣਗੇ । ਇਸ ਤਰ੍ਹਾਂ ਪੁਲਿਸ ਦਾ ਵਕਾਰ ਘਟਦਾ । ਗੱਜਣ ਚੁੱਪ ਰਹਿਣ ਵਿਚ ਹੀ ਭਲਾ ਸਮਝਦਾ ਸੀ ।
ਭਾਨੀ ਦੇ ਘਰੋਂ ਸਿੱਧੇ ਉਹ ਧਰਮਸ਼ਾਲਾ ਗਏ ।
ਸਾਰੀ ਫ਼ੋਰਸ ਨੂੰ ਦੁਬਾਰਾ ਇਕੱਠਾ ਕੀਤਾ । ਹੁਣ ਤਕ ਕੀਤੀਆਂ ਤਲਾਸ਼ੀਆਂ ਦਾ ਜਾਇਜ਼ਾ ਲਿਆ । ਮੁੜ ਨਵੀਆਂ ਪਾਰਟੀਆਂ ਬਣਾ ਕੇ ਬਾਕੀ ਰਹਿੰਦੇ ਘਰਾਂ ਦੀ ਤਲਾਸ਼ੀ ਲਈ ਭੇਜ ਦਿੱਤੀਆਂ ।
ਮੰਗੂ ਬਾਣੀਏ ਵੱਲ ਗੁਰਦਾਸ ਰਾਮ ਨੂੰ ਭੇਜਿਆ । ਚੁੱਪ ਕਰ ਕੇ ਫ਼ੀਸ ਫੜ ਲਿਆਉਣ ਵਿਚ ਕੋਈ ਹਰਜ ਨਹੀਂ । ਉਹ ਰੌਲਾ ਪਾਉਣ ਵਾਲਾ ਨਹੀਂ ।
ਗੱਜਣ ਨੂੰ 'ਸਭ ਅੱਛਾ ' ਦੀ ਰਿਪੋਰਟ ਭੇਜ ਕੇ ਬੋਤਲ ਖੋਲ੍ਹਣ ਤੋਂ ਸਿਵਾ ਕੋਈ ਕੰਮ ਨਹੀਂ ਸੀ ।
12
ਕੁਸ਼ਟ ਆਸ਼ਰਮ ਵੱਲ ਜਾਣ ਦੀ ਹੌਲਦਾਰ ਦੇਸ ਰਾਜ ਦੀ ਵੱਢੀ ਰੂਹ ਵੀ ਨਹੀਂ ਸੀ ਕਰਦੀ ।
ਸ਼ਹਿਰ ਆਉਣ ਲੱਗਿਆਂ ਦੇਸ ਰਾਜ ਨੇ ਕਈ ਹਵਾਈ ਕਿਲ੍ਹੇ ਬਣਾਏ ਸਨ । ਉਸ ਨੇ ਸੋਚਿਆ ਸੀ, ਕਿਸੇ ਚੰਗੀ ਪੁਲਿਸ ਪਾਰਟੀ ਦਾ ਮੈਂਬਰ ਬਣ ਕੇ ਬਾਣੀਆਂ ਬਰਾਹਮਣਾਂ ਦੇ ਘਰਾਂ ਦੀ ਤਲਾਸ਼ੀ ਲਏਗਾ । ਚੰਗਾ ਖਾਏ ਪੀਏਗਾ ਅਤੇ ਡਰਾਧਮਕਾ ਕੇ ਮਹੀਨੇ ਵੀਹ ਦਿਨਾਂ ਦਾ ਰਾਸ਼ਨ ਇਕੱਠਾ ਕਰੇਗਾ ।
ਦੇਸ ਰਾਜ ਪਿਛਲੇ ਦੋ ਸਾਲਾਂ ਤੋਂ ਪੁਲਿਸ ਲਾਈਨ ਵਿਚ ਉਸਤਾਦ ਲੱਗਾ ਹੋਇਆ ਸੀ ।
ਸਾਰਾ ਦਿਨ ਪਸੀਨਾ ਬਹਾਉਣ ਅਤੇ ਮੈਦਾਨ ਵਿਚ ਇਧਰਉਧਰ ਦੌੜਨ ਤੋਂ ਬਿਨਾਂ ਕੁਝ ਨਹੀਂ ਸੀ ਰੱਖਿਆ, ਡਰਿੱਲ ਮਾਸਟਰੀ ਵਿਚ । ਥੋੜ੍ਹਾ ਜਿਹਾ ਖਿੱਚ ਕੇ ਪਰੇਡ ਕਰਾ ਦਿਓ ਤਾਂ ਰੰਗਰੂਟ ਅਤੇ ਸਾਥੀ ਮੁਲਾਜ਼ਮ ਮੂੰਹ ਵਿੰਗਾ ਕਰ ਲੈਂਦੇ ਹਨ । ਖਾਣ ਨੂੰ ਮਿਲਣੀਆਂ ਹਨ, ਮੈਸ ਦੀਆਂ ਸੁੱਕੀਆਂ ਰੋਟੀਆਂ ।
ਕੁਸ਼ਟ ਆਸ਼ਰਮ ਦੀ ਤਲਾਸ਼ੀ ਕਰਨ ਵਾਲੀ ਪਾਰਟੀ ਦਾ ਮੁਖੀ ਬਣਾ ਕੇ ਖ਼ਾਨ ਨੇ ਉਸ ਦੀਆਂ ਆਸਾਂ 'ਤੇ ਪਾਣੀ ਫੇਰ ਦਿੱਤਾ । ਉਪਰੋਂ ਇਕ ਧੱਕਾ ਹੋਰ । ਪੁਲਿਸ ਪਾਰਟੀ ਨੂੰ ਉਥੇ ਪਹੁੰਚਾਣ ਲਈ ਕਿਸੇ ਸਵਾਰੀ ਦਾ ਪਰਬੰਧ ਵੀ ਨਹੀਂ ਸੀ ਕੀਤਾ ਗਿਆ । ਉਹਨਾਂ ਨੇ ਪੈਦਲ ਹੀ ਟੰਗਾਂ ਤੁੜਾਉਣੀਆਂ ਸਨ ।
ਬੁਝੇ ਮਨ ਨਾਲ ਉਹ ਅਤੇ ਦੋ ਸਿਪਾਹੀ ਆਸ਼ਰਮ ਵੱਲ ਤੁਰ ਪਏ । ਜ ਦੇਸ ਰਾਜ ਨੂੰ ਆਪਣੀ ਵਰਦੀ 'ਤੇ ਮਾਣ ਸੀ । ਇਸ ਵਰਦੀ ਵਿਚ ਕਰਾਮਾਤ ਸੀ ।
ਜਿਧਰ ਵੀ ਜਾਓ, ਡੰਡਾ ਖੜਕਾਦੇ ਰਹੋ । ਪੈਸੇ ਚੁੰਬਕ ਵਾਂਗ ਪਿੱਛੇ ਭੱਜੇ ਆਦੇ ਹਨ । ਮਦਾਰੀ ਵਾਂਗ ਪੁਲਸੀਏ ਨੂੰ ਥੋੜ੍ਹੀ ਜਿਹੀ ਕਲਾਕਾਰੀ ਕਰਨੀ ਪੈਂਦੀ ।
ਜ਼ਰੂਰੀ ਤਾਂ ਨਹੀਂ ਬਈ ਸਾਰਾ ਸਮਾਂ ਆਸ਼ਰਮ ਵਿਚ ਹੀ ਗੁਜ਼ਾਰਿਆ ਜਾਵੇ । ਸਾਰੀਆਂ ਪੰਦਰਾਂ ਵੀਹ ਕੁੱਲੀਆਂ ਹਨ । ਅੱਧੇ ਘੰਟੇ ਵਿਚ ਖ਼ਾਨਾਪੂਰੀ ਹੋ ਜਾਏਗੀ । ਪਿੱਛੋਂ ਉਹ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ । ਸਾਂਸੀਆਂ ਦੀਆਂ ਕੁੱਲੀਆਂ ਉਥੋਂ ਦੋ ਸੌ ਗਜ਼ ਦੇ ਫ਼ਾਸਲੇ 'ਤੇ ਸਨ ।
ਆਸ਼ਰਮ ਵਿਚੋਂ ਕੁਝ ਹੱਥ ਨਾ ਲੱਗਾ ਤਾਂ ਉਥੋਂ ਕੁਝ ਨਾ ਕੁਝ ਜ਼ਰੂਰ ਮਿਲ ਜਾਣਾ ਸੀ । ਸਾਂਸੀ ਸਾਰੇ ਜ਼ਿਲ੍ਹੇ ਵਿਚ ਮਾਰ ਕਰਦੇ ਹਨ । ਅੱਧੇ ਦੇਸ ਰਾਜ ਨੂੰ ਜਾਣਦੇ ਹਨ । ਉਹਨਾਂ ਦੀ ਪਾਰਟੀ ਨੇ ਰੱਬ ਦੇ ਮਾਂਹ ਤਾਂ ਨਹੀਂ ਮਾਰੇ ਬਈ ਉਹ ਭੁੱਖੇ ਮਰਨਗੇ ?
ਕਰਫ਼ਿਊ ਨਾ ਲੱਗਾ ਹੁੰਦਾ ਤਾਂ ਪੈਦਲ ਤੁਰਨ ਦੀ ਲੋੜ ਨਾ ਪੈਂਦੀ । ਕਿਸੇ ਟਰੱਕ, ਟੈਂਪੂ ਨੂੰ ਰੋਕ ਕੇ ਵਿਚ ਬੈਠ ਜਾਂਦੇ ।
ਫੇਰ ਉਸ ਨੇ ਮਨ ਨੂੰ ਸਮਝਾਇਆ । ਪੈਦਲ ਤੁਰਨ ਵਿਚ ਵੀ ਭਲਾਈ ਹੀ । ਰਸਤੇ ਵਿਚ ਸੈਂਕੜੇ ਦੁਕਾਨਾਂ 'ਤੇ ਘਰ ਹਨ । ਕਿਸੇ ਦੁਕਾਨ ਦਾ ਵੀ ਛੋਟਾ ਦਰਵਾਜ਼ਾ ਖੁੱਲ੍ਹਾ ਹੋਇਆ ਜਾਂ ਸ਼ਟਰ ਥੋੜ੍ਹਾ ਜਿਹਾ ਉੱਚਾ ਚੁੱਕਿਆ ਹੋਇਆ ਤਾਂ ਉਹਨਾਂ ਦੀਆਂ ਮੌਜਾਂ ਬਣ ਜਾਣਗੀਆਂ । ਹੋਰ ਨਹੀਂ ਤਾਂ ਹੋ ਸਕਦੈ ਕੋਈ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਜਾਂ ਟੱਟੀਪਿਸ਼ਾਬ ਲਈ ਹੀ ਬਾਹਰ ਨਿਕਲ ਪਏ । ਕੋਈ ਵੀ ਬਾਹਰ ਮਿਲਿਆ, ਉਹਨਾਂ ਇੱਲਾਂ ਵਾਂਗ ਝਪਟ ਪੈਣਾ ਸੀ ।
ਇਸੇ ਆਸ ਨਾਲ ਉਹਨਾਂ ਆਸ਼ਰਮ ਨੂੰ ਜਾਣ ਵਾਲਾ ਸਭ ਤੋਂ ਲੰਬਾ ਰਸਤਾ ਅਪਣਾਇਆ । ਥਾਣੇ ਦੇ ਪਿਛਾਂਹ ਦੀ, ਹਸਪਤਾਲ ਅਤੇ ਮਾਰਕੀਟ ਕਮੇਟੀ ਦੇ ਅੱਗੋਂ ਦੀ ਲੰਘਦਿਆਂ ਉਹਨਾਂ ਨੂੰ ਸਭ ਤੋਂ ਵੱਧ ਦੁਕਾਨਾਂ ਅਤੇ ਮਕਾਨਾਂ 'ਤੇ ਨਜ਼ਰ ਰੱਖਣ ਦਾ ਮੌਕਾ ਮਿਲਣਾ ਸੀ । ਇਹ ਉਮੀਦ ਨਾ ਹੁੰਦੀ ਤਾਂ ਉਹਨਾਂ ਨੂੰ ਦਸ ਕਦਮ ਤੁਰਨਾ ਵੀ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਂਗ ਲੱਗਦਾ ।
ਪਰ ਲੋਕਾਂ ਨੂੰ ਪਤਾ ਨਹੀਂ ਕੀ ਸੱਪ ਸੁੰਘ ਗਿਆ ਸੀ । ਕਿਸੇ ਦੇ ਸਾਹ ਲੈਣ ਤਕ ਦੀ ਆਵਾਜ਼ ਸੁਣਾਈ ਨਹੀਂ ਸੀ ਦੇ ਰਹੀ । ਸਭ ਕੁੰਡੇਜਿੰਦੇ ਲਾਈ ਘਰੋਘਰੀ ਦੁਬਕੇ ਬੈਠੇ ਸਨ ।
ਦੇਸ ਰਾਜ ਦੀ ਬਹੁਤੀ ਨੌਕਰੀ ਪੁਲਿਸ ਲਾਈਨ ਦੀ ਸੀ । ਥਾਣੇ ਵਿਚ ਤਾਂ ਕਦੇਕਦੇ ਹੀ ਲੱਗਦਾ ਸੀ । ਉਦੋਂ ਜਦੋਂ ਕਿਸੇ ਨੂੰ ਸਜ਼ਾ ਦੇਣ ਲਈ ਉਸਤਾਦ ਬਣਾ ਕੇ ਪੁਲਿਸ ਲਾਈਨ ਭੇਜਿਆ ਜਾਂਦਾ । ਉਹ ਪੰਜਚਾਰ ਮਹੀਨੇ ਥਾਣੇ ਕੱਟਦਾ, ਮੁੜ ਕੋਈ ਉਹਦੀ ਥਾਂ ਆ ਟਪਕਦਾ । ਬਿਨਾਂ ਜ਼ੋਰ ਵਾਲਿਆਂ ਨਾਲ ਇ ਹੀ ਹੁੰਦੀ ।
ਇਹ ਸ਼ਹਿਰ ਉਸ ਲਈ ਨਵਾਂ ਹੀ ਸੀ । ਇਕਦੋ ਵਾਰ ਪਹਿਲਾਂ ਆਇਆ ਤਾਂ ਸੀ ਪਰ ਥਾਣੇ ਵਿਚੋਂ ਹੀ ਮੁੜ ਜਾਂਦਾ ਰਿਹਾ ਸੀ ।
ਦੇਸ ਰਾਜ ਨੇ ਆਸ਼ਰਮ ਦਾ ਬੜਾ ਸੋਹਣਾ ਚਿੱਤਰ ਕਲਪਿਆ ਹੋਇਆ ਸੀ । ਕੋਈ ਸਾਫ਼ ਸੁਥਰਾ, ਦਰੱਖ਼ਤਾਂ ਨਾਲ ਭਰਿਆ ਥਾਂ ਹੋਏਗਾ । ਚਾਰੇ ਪਾਸੇ ਚਾਰਦੀਵਾਰੀ ਹੋਏਗੀ । ਲੋਹੇ ਦੇ ਵੱਡੇ ਸਾਰੇ ਗੇਟ 'ਤੇ ਸੋਹਣਾ ਜਿਹਾ ਬੋਰਡ ਲਟਕ ਰਿਹਾ ਹੋਵੇਗਾ । ਅੰਦਰ ਹਵਾਦਾਰ ਕਮਰੇ ਬਣੇ ਹੋਣਗੇ ।
ਇਕ ਪਾਸੇ ਫਲੱਸ਼ ਟੱਟੀਆਂ ਹੋਣਗੀਆਂ । ਦੂਜੇ ਪਾਸੇ ਨਹਾਉਣਧੋਣ ਲਈ ਗੁਸਲਖ਼ਾਨੇ ਹੋਣਗੇ ।
ਦਰੱਖ਼ਤਾਂ ਹੇਠ ਚਬੂਤਰੇ ਬਣੇ ਹੋਣਗੇ । ਬੈਠਣਉੱਠਣ ਲਈ ਅਤੇ ਵਿਚਾਰਵਿਟਾਂਦਰਾ ਕਰਨ ਲਈ ਤਖ਼ਤਪੋਸ਼ ਹੋਣਗੇ । ਪੂਜਾਪਾਠ ਲਈ ਅਤੇ ਪਿਛਲੇ ਮਾੜੇ ਕਰਮਾਂ ਦਾ ਪਛਤਾਵਾ ਕਰਨ ਲਈ ਮੰਦਰ ਹੋਏਗਾ । ਉਥੇ ਉਹ ਸਾਰਾ ਦਿਨ ਭਜਨਕੀਰਤਨ ਵਿਚ ਲੱਗੇ ਆਪਣੇ ਅਗਲੇ ਜਨਮ ਨੂੰ ਸੁਧਾਰਨ ਲਈ ਯਤਨਸ਼ੀਲ ਹੋਣਗੇ ।
ਮੰਗਤੇ ਤਾਂ ਹੁਣ ਪਛਾਣ ਵਿਚ ਹੀ ਨਹੀਂ ਆਦੇ ਹੋਣੇ । ਖੀਰਪੂੜੇ ਖਾਖਾ ਕੇ ਉਹ ਹੱਟੇਕੱਟੇ ਹੋ ਗਏ ਹੋਣਗੇ । ਉਸ ਨੇ ਸੁਣ ਰੱਖਿਆ ਸੀ ਕਿ ਲਾਲਾ ਜੀ ਦੀ ਕਿਰਪਾ ਨਾਲ ਇਹਨਾਂ ਦੇ ਭਾਗ ਜਾਗ ਪਏ ਸਨ । ਸ਼ਹਿਰ ਦੇ ਕਿਸੇ ਆਦਮੀ ਨੇ ਪੁੰਨਦਾਨ ਕਰਨਾ ਹੋਵੇ ਤਾਂ ਉਹ ਇਸੇ ਆਸ਼ਰਮ ਵੱਲ ਦੌੜਦਾ ।
ਦਾਨ ਕਰਨ ਵਾਲਿਆਂ ਦੀ ਗਿਣਤੀ ਏਨੀ ਜ਼ਿਆਦਾ ਹੁੰਦੀ ਕਿ ਉਹਨਾਂ ਨੂੰ ਪਹਿਲਾਂ ਆਸ਼ਰਮ ਦੇ ਚੌਧਰੀ ਨਾਲ ਸੰਪਰਕ ਬਣਾਉਣਾ ਪੈਂਦਾ । ਚੌਧਰੀ ਨੂੰ ਬੁੱਕ ਹੋਈਆਂ ਤਰੀਕਾਂ ਯਾਦ ਨਹੀਂ ਰਹਿੰਦੀਆਂ । ਉਸ ਨੇ ਡਾਇਰੀ ਲਾਈ ਹੋਈ । ਉਹ ਡਾਇਰੀ ਦੇਖ ਕੇ ਦੱਸਦਾ ਕਿ ਤੁਹਾਨੂੰ ਕਿਸ ਦਿਨ ਪੁੰਨ ਕਰਨ ਦਾ ਸੁਭਾਗ ਪਰਾਪਤ ਹੋ ਸਕਦਾ । ਉਹ ਕਿਹੜੀਆਂ ਚੀਜ਼ਾਂ ਖਾਣਗੇ, ਇਸ ਦੀ ਲਿਸਟ ਵੀ ਚੌਧਰੀ ਹੀ ਦਿੰਦਾ । ਖੀਰਪੂੜਿਆਂ ਲਈ ਸੋਮਵਾਰ , ਛੋਲੇਪੂਰੀਆਂ ਲਈ ਬੁੱਧਵਾਰ, ਮੰਗਲਵਾਰ ਨੂੰ ਹਨੂੰਮਾਨ ਦਾ ਵਰਤ ਰੱਖਦੇ ਹਨ । ਇਸ ਲਈ ਉਸ ਦਿਨ ਮਿੱਠੀ ਚੀਜ਼ ਹੀ ਮਿਲਦੀ । ਕੜਾਹ ਪੂਰੀ ਲਈ ਵੀਰਵਾਰ ।
ਸ਼ਹਿਰ ਦੇ ਕਲੱਬਾਂ ਨੂੰ ਵੀ ਜਿਵੇਂ ਪੁੰਨਦਾਨ ਲਈ ਹੋਰ ਕਿਧਰੋਂ ਗ਼ਰੀਬ ਲੱਭਦੇ ਹੀ ਨਹੀਂ ।
ਕਿਸੇ ਨੇ ਜਰਸੀਆਂ ਵੰਡਣੀਆਂ ਹੋਣ ਤਾਂ ਇਥੇ । ਕਿਸੇ ਨੇ ਕੰਬਲ ਵੰਡਣੇ ਹੋਣ ਤਾਂ ਇਥੇ । ਬਾਹਰੋਂ ਕੋਈ ਸੰਸਥਾ ਸਹਾਇਤਾ ਦੇਣ ਆਵੇ, ਉਹ ਵੀ ਠਾਹ ਇਥੇ ।
ਜਿਸ ਹਿਸਾਬ ਨਾਲ ਅਖ਼ਬਾਰਾਂ ਵਿਚ ਖ਼ਬਰਾਂ ਅਤੇ ਫ਼ੋਟੋਆਂ ਛਪਦੀਆਂ ਹਨ, ਉਸ ਹਿਸਾਬ ਨਾਲ ਤਾਂ ਇਹਨਾਂ ਕੋਲ ਵੀਹਵੀਹ ਕੰਬਲ ਅਤੇ ਪੰਜਾਹਪੰਜਾਹ ਸਵੈਟਰ, ਜਰਸੀਆਂ ਹੋਣੀਆਂ ਚਾਹੀਦੀਆਂ ਹਨ ।
ਕੰਮ ਠੀਕਠਾਕ ਰਿਹਾ ਤਾਂ ਉਹ ਚੌਧਰੀ ਤੋਂ ਦੋਚਾਰ ਕੰਬਲ ਜ਼ਰੂਰ ਲੈ ਲੈਣਗੇ । ਉਸ ਕੋਲ ਬਥੇਰੇ ਨਵੇਂ ਹੀ ਪਏ ਹੋਣਗੇ । ਡਰਾਈਕਲੀਨ ਕਰਾ ਕੇ ਸਭ ਠੀਕ ਹੋ ਜਾਏਗਾ । ਆਸ਼ਰਮ ਵੱਲ ਜਾਂਦਾ ਦੇਸ ਰਾਜ ਮਨ ਨਾਲ ਸਲਾਹਾਂ ਕਰ ਰਿਹਾ ਸੀ । ਪਰ ਜੋ ਦੇਸ ਰਾਜ ਨੇ ਉਥੇ ਜਾ ਕੇ ਦੇਖਿਆ, ਉਹ ਉਸ ਦੀ ਕਲਪਨਾ ਦੇ ਬਿਲਕੁਲ ਉਲਟ ਸੀ ।
ਸ਼ਹਿਰ ਦੇ ਗੰਦੇ ਨਾਲੇ ਦਾ ਪਾਣੀ ਇਥੇ ਬਣੇ ਇਕ ਛੱਪੜ ਵਿਚ ਪੈਂਦਾ ਸੀ । ਅੱਧੇ ਛੱਪੜ 'ਚ ਭਰਤੀ ਪਾ ਕੇ ਆਸ਼ਰਮ ਲਈ ਜਗ੍ਹਾ ਬਣਾਈ ਗਈ ਸੀ । ਬਾਕੀ ਅੱਧੇ ਵਿਚ ਹਾਲੇ ਵੀ ਗੰਦਾ ਪਾਣੀ ਪੈਂਦਾ ਸੀ । ਆਸ਼ਰਮ ਦੇ ਨਾਂ ਦਾ ਬੋਰਡ ਸੜਕ 'ਤੇ ਹੀ ਗੱਡਿਆ ਹੋਇਆ ਸੀ । ਬੋਰਡ ਉਪਰ ਭਾਂਤਭਾਂਤ ਦੇ ਪੋਸਟਰ ਚਿਪਕੇ ਹੋਏ ਸਨ ਅਤੇ ਬੋਰਡ ਦੀਆਂ ਟੰਗਾਂ ਵਿੰਗੀਆਂਟੇਢੀਆਂ ਹੋਈਆਂ ਪਈਆਂ ਸਨ । ਪੋਸਟਰਾਂ ਨੇ ਆਸ਼ਰਮ ਦਾ ਨਾਂ ਪੂਰੀ ਤਰ੍ਹਾਂ ਢੱਕ ਰੱਖਿਆ ਸੀ ।
ਤਿੰਨ ਕੁ ਸੌ ਗਜ਼ ਦੇ ਗੋਲਦਾਰੇ ਵਿਚ ਕੱਚੀਆਂ ਕੁੱਲੀਆਂ ਬਣੀਆਂ ਹੋਈਆਂ ਸਨ । ਕੁਝ ਕੁੱਲੀਆਂ ਦੀਆਂ ਛੱਤਾਂ 'ਤੇ ਸਿਰਕੀ ਪਾਈ ਹੋਈ ਸੀ, ਕੁਝ 'ਤੇ ਸਰਕੜਾ ਅਤੇ ਬਾਕੀ 'ਤੇ ਐਫ਼.ਸੀ.ਆਈ. ਦੇ ਗੋਦਾਮਾਂ ਵਿਚੋਂ ਲਿਆਂਦਾ ਵਾਧੂਘਾਟੂ ਕਾਲਾ ਮੋਮਜਾਮਾ ।
ਕੁੱਲੀਆਂ ਦੇ ਵਿਚਕਾਰ ਇਕ ਥੜ੍ਹਾ ਸੀ, ਜਿਸ 'ਤੇ ਪੰਦਰਾਂਵੀਹ ਇੱਟਾਂ ਰੱਖ ਕੇ ਪੂਜਾ ਲਈ ਮਟੀ ਬਣਾਈ ਗਈ ਸੀ । ਮਟੀ ਨੂੰ ਆਸ਼ਰਮ ਦੀ ਉਮਰ ਜਿੰਨਾ ਇਕ ਛੋਟਾ ਜਿਹਾ ਪਿੱਪਲ ਛਾਂ ਕਰ ਰਿਹਾ ਸੀ । ਇੱਟਾਂ ਨੂੰ ਸਫ਼ੈਦੀ ਕੀਤੀ ਹੋਈ ਸੀ । ਕੋਲ ਦੀਵੇ ਅਤੇ ਸੰਧੂਰ ਪਿਆ ਸੀ । ਇਹੋ ਇਹਨਾਂ ਦਾ ਪੂਜਾ ਸਥਾਨ ਸੀ ।
ਮਟੀ ਦੇ ਨਾਲ ਹੀ ਇਕ ਹੋਰ ਚਬੂਤਰਾ ਸੀ, ਜਿਸ ਦੀਆਂ ਇੱਟਾਂ ਕਈ ਥਾਵਾਂ ਤੋਂ ਉੱਖੜੀਆਂ ਹੋਈਆਂ ਸਨ । ਦਰੱਖ਼ਤ ਦੀ ਛਾਂ ਹੇਠ ਇਕ ਬੱਕਰੀ ਵੀ ਖੜੀ ਸੀ, ਜਿਹੜੀ ਸੁੱਕੀਆਂ ਰੋਟੀਆਂ ਅਤੇ ਹਰੇ ਘਾਹ ਨੂੰ ਮੂੰਹ ਮਾਰ ਰਹੀ ਸੀ ।
ਪੁਲਿਸ ਨੂੰ ਆਸ਼ਰਮ ਵੱਲ ਆਦੀ ਦੇਖ ਕੇ ਚਾਰਪੰਜ ਬੱਚੇ 'ਅੰਕਲਅੰਕਲ' ਕਰਦੇ ਝੌਂਪੜੀਆਂ ਵਿਚੋਂ ਬਾਹਰ ਨਿਕਲ ਆਏ ।
ਅੱਜ ਇਹਨਾਂ ਦਾ ਫਾਕਾ ਲੱਗਦਾ ਸੀ । ਕਰਫ਼ਿਊ ਦੀ ਅਫ਼ਵਾਹ ਕਾਰਨ ਸ਼ਾਇਦ ਕੋਈ ਧਰਮੀ ਬੰਦਾ ਆਪਣਾ ਕੌਲ ਨਿਭਾਉਣੋਂ ਖੁੰਝ ਗਿਆ ਸੀ । ਬੱਚਿਆਂ ਨੇ ਸੋਚਿਆ ਹੋਣਾ ਕਿ ਉਹਨਾਂ ਦੀ ਭੁੱਖ ਮਿਟਾਉਣ ਵਾਲੇ ਆਖ਼ਰ ਪਹੁੰਚ ਹੀ ਗਏ ਹੋਣਗੇ ।
ਜਦੋਂ ਦਸਾਂ ਕੁ ਸਾਲਾਂ ਦੀ ਇਕ ਕੁੜੀ ਨੇ ਪੁਲਿਸ ਦੀ ਵਰਦੀ ਨੂੰ ਪਹਿਚਾਣਿਆ ਤਾਂ ਉਸ ਨੇ ਦੂਜੇ ਬੱਚਿਆਂ ਨੂੰ ਝਿੜਕਿਆ । ਇਹ ਅੰਕਲ ਨਹੀਂ ਪੁਲਿਸ । ਪੁਲਿਸ ਕਦੇ ਵੀ ਸੁਖ ਨੂੰ ਨਹੀਂ ਆਦੀ ।
ਡਰੇ ਸਹਿਮੇ ਉਹ ਮੁੜ ਕੁੱਲੀਆਂ ਵਿਚ ਗੁਆਚ ਗਏ ।
ਪੁਲਿਸ ਦਾ ਅਪਮਾਨ ਹੋ ਰਿਹਾ ਸੀ । ਹੁਣ ਤਕ ਚੌਧਰੀ ਨੂੰ ਪਤਾ ਲੱਗ ਚੁੱਕਾ ਹੋਣਾ ਕਿ ਪੁਲਿਸ ਉਹਨਾਂ ਦੇ ਆਸ਼ਰਮ ਵਿਚ ਆਈ । ਉਸ ਦਾ ਛੁਪੇ ਰਹਿਣਾ ਦੇਸ ਰਾਜ ਨੂੰ ਗੁੱਸਾ ਚੜ੍ਹਾ ਰਿਹਾ ਸੀ ।
ਮਟੀ ਕੋਲ ਖੜੋ ਕੇ ਦੇਸ ਰਾਜ ਨੇ ਚੌਧਰੀ ਨੂੰ ਉੱਚੀਉੱਚੀ ਹਾਕਾਂ ਮਾਰੀਆਂ ।
ਚੌਧਰੀ ਹੁੰਦਾ ਤਾਂ ਹੀ ਬਾਹਰ ਆਦਾ । ਉਹ ਤਾਂ ਸਵੇਰ ਦਾ ਇਥੇ ਨਹੀਂ ਸੀ । ਸ਼ੇਰ ਦੀ ਦਹਾੜ ਵਰਗੀ ਹੌਲਦਾਰ ਦੀ ਆਵਾਜ਼ ਸੁਣ ਕੇ ਝੁੱਗੀਆਂ ਵਾਲੇ ਹੋਰ ਵੀ ਦਹਿਲ ਗਏ ।
ਕੁਝ ਮਿੰਟ ਹੋਰ ਨਿਕਲ ਗਏ । ਜਦੋਂ ਫੇਰ ਵੀ ਕੋਈ ਬਾਹਰ ਨਾ ਆਇਆ ਤਾਂ ਦੇਸ ਰਾਜ ਦੇ ਪਿੱਛੇ ਖੜਾ ਨਿੱਕਾ ਸਿਪਾਹੀ ਚਿਲਾਇਆ : ''ਹਰਾਮਜ਼ਾਦਿਓ ਕੋਈ ਤਾਂ ਬਾਹਰ ਨਿਕਲੋ.....ਨਹੀਂ ਅਸੀਂ ਡੰਡਾ ਪਰੇਡ ਸ਼ੁਰੂ ਕਰਨ ਲੱਗੇ ਹਾਂ.....।''
ਬਹੁਤੀ ਦੇਰ ਖੜੋਣਾ ਉਹਨਾਂ ਨੂੰ ਦੁੱਭਰ ਹੋਇਆ ਪਿਆ ਸੀ । ਕੜਕਦੀ ਧੁੱਪ ਕਾਰਨ ਗੰਦੇ ਛੱਪੜ ਵਿਚੋਂ ਉੱਠ ਰਹੀ ਹਵਾੜ ਸਾਰੇ ਵਾਤਾਵਰਣ ਨੂੰ ਗੰਦਾ ਕਰ ਰਹੀ ਸੀ । ਹਵਾ ਦਾ ਰੁਖ਼ ਵੀ ਆਸ਼ਰਮ ਵੱਲ ਹੀ ਸੀ । ਨੱਕ 'ਤੇ ਰੁਮਾਲ ਰੱਖ ਕੇ ਵੀ ਕੰਮ ਨਹੀਂ ਸੀ ਚੱਲ ਰਿਹਾ ।
ਨਿੱਕਾ ਸਿੰਘ ਦਾ ਦਬਕਾ ਰੰਗ ਲਿਆਇਆ । ਸਾਹਮਣੀ ਝੁੱਗੀ ਵਿਚੋਂ ਇਕ ਹੱਡੀਆਂ ਦਾ ਪਿੰਜਰ ਜਿਹਾ, ਜ਼ਮੀਨ 'ਤੇ ਘਿਸਰਦਾ ਉਹਨਾਂ ਵੱਲ ਆਉਣ ਲੱਗਾ ।
ਆਉਣ ਵਾਲੇ ਦੀਆਂ ਲੱਤਾਂ ਕਿਸੇ ਬੀਮਾਰੀ ਨੇ ਸੁਕਾ ਦਿੱਤੀਆਂ ਸਨ । ਉਸ ਦਾ ਰੰਗ ਕਾਲਾ ਸ਼ਾਹ ਸੀ ਅਤੇ ਦੰਦ ਪੀਲੇ ਭੂਕ । ਲੱਕੜ ਦੀਆਂ ਪਟੜੀਆਂ 'ਤੇ ਰਬੜ ਫਿੱਟ ਕਰ ਕੇ, ਪਟੜੀਆਂ ਉਸ ਨੇ ਹੱਥਾਂ ਵਿਚ ਪਾ ਰੱਖੀਆਂ ਸਨ । ਇਸ ਤਰ੍ਹਾਂ ਉਸ ਦੇ ਹੱਥ ਰਗੜ ਤੋਂ ਬਚ ਰਹੇ ਸਨ । ਉਸ ਦੇ ਸਰੀਰ 'ਤੇ ਇਕੋ ਕੱਪੜਾ ਸੀ । ਉਹ ਸੀ ਲੰਗੋਟੀ । ਉਸ ਨੇ ਚਿੱਤੜਾਂ ਨੂੰ ਜ਼ਮੀਨ 'ਤੇ ਘਿਸੜਨ ਤੋਂ ਬਚਾਉਣ ਲਈ ਕਿਸੇ ਵੱਡੀ ਟਿਯੂਬ ਦਾ ਇਕ ਟੁਕੜਾ ਚਿੱਤੜਾਂ 'ਤੇ ਬੰਨ੍ਹ ਲਿਆ ਸੀ ।
ਨਿੱਕੇ ਨੇ ਉਸ ਨੂੰ ਪਹਿਲੀ ਨਜ਼ਰ ਹੀ ਪਛਾਣ ਲਿਆ । ਇਥੇ ਆਉਣ ਤੋਂ ਪਹਿਲਾਂ ਉਹ ਸਟੇਸ਼ਨ 'ਤੇ ਭੀਖ ਮੰਗਦਾ ਸੀ । ਉਥੇ ਹੀ ਪਾਣੀ ਵਾਲੀ ਟੈਂਕੀ ਹੇਠਾਂ ਸੌਂ ਜਾਂਦਾ । ਇਕ ਗੱਠੜੀ ਅਤੇ ਇਕ ਟੀਨ ਦਾ ਡੱਬਾ ਹੀ ਉਸ ਦੀ ਜਾਇਦਾਦ ਸੀ । ਯੁਵਾ ਸੰਘ ਵਾਲੇ ਉਸ ਨੂੰ ਇਥੇ ਛੱਡ ਗਏ ਸਨ ।
ਉਸ ਦੇ ਪਿੱਛੇਪਿੱਛੇ ਉਸੇ ਦੀ ਸ਼ਕਲ ਸੂਰਤ ਵਰਗੀ ਇਕ ਮੁਟਿਆਰ ਨਿਕਲ ਆਈ । ਉਸ ਦੇ ਤੇੜ ਮੈਲ ਨਾਲ ਭਰਿਆ ਇਕ ਪੇਟੀਕੋਟ ਸੀ ਅਤੇ ਛਾਤੀਆਂ ਨੂੰ ਢੱਕਣ ਲਈ ਇਕ ਫਟਿਆ ਹੋਇਆ ਬਲਾਊਜ਼ । ਸਿਰ ਦੇ ਵਾਲਾਂ ਦਾ ਇ ਝਥਰਾ ਬਣਿਆ ਹੋਇਆ ਸੀ, ਜਿਵੇਂ ਸਾਲਾਂ ਤੋਂ ਨਹਾਤੀ ਨਾ ਹੋਵੇ । ਉਸ ਦੀ ਗੋਦ 'ਚ ਇਕ ਮਾੜਚੂ ਜਿਹਾ ਬੱਚਾ ਸੀ ਜਿਹੜਾ ਉਸ ਦੀ ਖੱਬੀ ਛਾਤੀ ਨੂੰ ਚੁੰਘ ਰਿਹਾ ਸੀ । ਬੱਚਾ ਵੀ ਨੰਗਧੜੰਗਾ ਸੀ ਅਤੇ ਛਾਤੀ ਵਿਚੋਂ ਦੁੱਧ ਨਾ ਆਉਣ ਕਰਕੇ ਰੀਂਰੀਂ ਕਰ ਰਿਹਾ ਸੀ ।
ਇਹ ਔਰਤ ਵੀ ਪਹਿਲਾਂ ਬੱਸਸਟੈਂਡ 'ਤੇ ਪੈਸੇ ਮੰਗਿਆ ਕਰਦੀ ਸੀ । ਕਦੇਕਦੇ ਸਟੇਸ਼ਨ 'ਤੇ ਵੀ ਦਿਖਾਈ ਦਿੰਦੀ । ਟਰੱਕਡਰਾਈਵਰਾਂ, ਰੇਲਵੇ ਮੁਲਾਜ਼ਮਾਂ ਅਤੇ ਐਫ਼.ਸੀ.ਆਈ. ਦੀ ਲੇਬਰ ਨੇ ਕਈ ਵਾਰ ਉਸ ਨਾਲ ਜਬਰਜਨਾਹ ਕੀਤਾ ਸੀ । ਇਕ ਵਾਰ ਉਹ ਗਰਭਵਤੀ ਵੀ ਹੋ ਗਈ ਸੀ ।
ਇਸ ਉੱਤੇ ਵੀ ਲਾਲਾ ਜੀ ਦੀ ਕਿਰਪਾ ਹੋਈ ਸੀ । ਉਹਨਾਂ ਇਹਨਾਂ ਦੋਹਾਂ ਦਾ ਵਿਆਹ ਕਰ ਦਿੱਤਾ । ਇਹ ਬੱਚਾ ਪਹਿਲਾ ਜਾਂ ਹੁਣ ਹੋਇਆ, ਨਿੱਕਾ ਅੰਦਾਜ਼ਾ ਨਾ ਲਾ ਸਕਿਆ । ਪੁਲਿਸ ਦੇਖ ਕੇ ਉਹ ਵੀ ਸਹਿਮੀ ਹੋਈ ਸੀ । ਵਾਰਵਾਰ ਆਪਣੇ ਅੱਧਨੰਗੇ ਜਿਸਮ ਨੂੰ ਢੱਕਣ ਦੇ ਯਤਨ ਕਰ ਰਹੀ ਸੀ । ਜਿਵੇਂ ਪੁਲਿਸ ਉਸੇ ਨੂੰ ਲੈਣ ਲਈ ਆਈ ਹੋਵੇ ।
''ਚੌਧਰੀ ਕਹਾਂ ? ਹਮ ਨੇ ਤਲਾਸ਼ੀ ਲੈਣੀ ।'' ਉਹਨਾਂ ਦੀ ਹਾਲਤ ਦੇਖ ਕੇ ਦੇਸ ਰਾਜ ਢਿੱਲਾ ਪੈ ਚੁੱਕਾ ਸੀ । ਉਹ ਕਾਹਲੀ ਵਿਚ ਸੀ । ਇਸ ਨਰਕ ਵਿਚ ਉਸ ਦਾ ਦਮ ਘੁਟਣ ਲੱਗਾ ਸੀ ।
''ਵੋਹ ਯਹਾਂ ਨਹੀਂ ਸਾਹਿਬ । ਤਲਾਸ਼ੀ ਜਬ ਮਰਜ਼ੀ ਲੋ.....ਹਮੇਂ ਕੋਈ ਇਤਰਾਜ਼ ਨਹੀਂ । ਜੋ ਕੁਝ ਹਮਾਰੇ ਪਾਸ ਆਪ ਕੇ ਸਾਮਹਣੇ ਖੜਾ ।'' ਟੁੱਟੀਫੁੱਟੀ ਹਿੰਦੀ ਬੋਲਦਾ ਲੁੰਜਾ ਆਪਣੀ ਪਤਨੀ ਨੂੰ ਵੀ ਇਸ਼ਾਰੇ ਕਰਨ ਲੱਗਾ । ਲੁੰਜੇ ਦੀ ਪਤਨੀ ਝੁੱਗੀਆਂ ਅੱਗੇ ਜਾਜਾ ਅਜੀਬਅਜੀਬ ਆਵਾਜ਼ੇ ਕੱਸਣ ਲੱਗੀ । ਦੇਖਦੇ ਹੀ ਦੇਖਦੇ ਮਰਦ ਅਤੇ ਔਰਤਾਂ ਝੁੱਗੀਆਂ ਵਿਚੋਂ ਬਾਹਰ ਨਿਕਲਣ ਲੱਗੇ ।
ਸਾਰਾ ਆਸ਼ਰਮ ਤਲਾਸ਼ੀ ਲਈ ਤਿਆਰ ਸੀ । ਪੁਲਿਸ ਜਿਵੇਂ ਮਰਜ਼ੀ ਤਲਾਸ਼ੀ ਕਰੇ ।
ਪੁਲਿਸ ਦੁਆਲੇ ਜੁੜੀ ਭੀੜ ਵਿਚ ਅੱਠਦਸ ਬੱਚੇ ਵੀ ਆ ਰਲੇ ਸਨ । ਉਨਾਂ ਦੇ ਨੱਕਾਂ ਵਿਚੋਂ ਵਗਦੀਆਂ ਨਲੀਆਂ ਅਤੇ ਮੂੰਹਾਂ ਵਿਚੋਂ ਵਗਦੀਆਂ ਲਾਲਾਂ 'ਤੇ ਮੱਖੀਆਂ ਭਿਣਕ ਰਹੀਆਂ ਸਨ । ਲਗਭਗ ਉਹ ਸਾਰੇ ਹੀ ਨੰਗੇ ਸਨ । ਕੁੜੀਆਂ ਮੁੰਡਿਆਂ ਵਿਚ ਕੋਈ ਬਹੁਤਾ ਫ਼ਰਕ ਨਹੀਂ ਸੀ । ਸਾਰੇ ਹੀ ਸਿਰੋਂ ਮੋਨੇ, ਰੰਗ ਦੇ ਕਾਲੇ ਅਤੇ ਸਿਹਤ ਦੇ ਕਮਜ਼ੋਰ । ਗੱਲ੍ਹਾਂ 'ਤੇ ਵਹੀਆਂ ਹੰਝੂਆਂ ਦੀਆਂ ਨਦੀਆਂ ਦੇ ਨਿਸ਼ਾਨ । ਅੱਖਾਂ ਵਿਚ ਸੋਜਸ਼ । ਦਾਨੀਆਂ ਦੇ ਆਉਣ ਦਾ ਸਮਾਂ ਲੰਘ ਚੁੱਕਾ ਸੀ । ਕੁੱਲੀਆਂ ਵਿਚ ਖਾਣਾ ਪਕਾਉਣ ਲਈ ਰਾਸ਼ਨ ਨਹੀਂ ਸੀ । ਦੋਵੇਂ ਡੰਗ ਹੀ ਦਾਨੀਆਂ ਸਹਾਰੇ ਨਿਕਲਦੇ ਸਨ । ਕਈ ਕੁੱਲੀਆਂ ਵਿਚ ਚੁੱਲ੍ਹਾ ਚੌਂਕਾ ਵੀ ਨਹੀਂ ਸੀ । ਬੱਚਿਆਂ ਦੇ ਪੇਟਾਂ ਵਿਚ ਚੂਹੇ ਨੱਚ ਰਹੇ ਹੋਣਗੇ, ਇਕਦੋ ਖ਼ੁਸ਼ਕਿਸਮਤਾਂ ਦੇ ਹੱਥਾਂ ਵਿਚ ਹੀ ਸੁੱਕੀਆਂ ਰੋਟੀਆਂ ਅਤੇ ਸੁੱਕੀਆਂ ਪੂਰੀਆਂ ਦੇ ਟੁਕੜੇ ਸਨ । ਉਹ ਉਹਨਾਂ ਟੁਕੜਿਆਂ ਨੂੰ ਹੀ ਕੜਾਹ ਸਮਝ ਕੇ ਖਾ ਰਹੇ ਸਨ । ਬਾਕੀ ਤਰਸਦੀਆਂ ਅੱਖਾਂ ਨਾਲ ਉਹਨਾਂ ਖ਼ੁਸ਼ਕਿਸਮਤਾਂ ਦੇ ਮੂੰਹਾਂ ਵੱਲ ਤੱਕ ਰਹੇ ਸਨ ।
''ਇਹ ਕਤੀੜ ਤੁਹਾਡੀ ਹੀ ਜਾਂ ਕਿਤੋਂ ਚੁੱਕ ਕੇ ਲਿਆਂਦੀ ?'' ਕੋਹੜੀਆਂ ਕਲੰਕੀਆਂ ਦੇ ਇੰਨੇ ਬੱਚੇ ਦੇਖ ਕੇ ਦੇਸ ਰਾਜ ਨੂੰ ਸ਼ੱਕ ਹੋਇਆ ।
ਹੁਣ ਤਕ ਆਸ਼ਰਮ ਦੇ ਜਿੰਨੇ ਵੀ ਮਰਦਔਰਤਾਂ ਉਸ ਸਾਹਮਣੇ ਆਏ ਸਨ, ਸਭ ਇਕਦੂਜੇ ਤੋਂ ਵੱਧ ਕਮਜ਼ੋਰ ਸਨ । ਕਿਸੇ ਦੀ ਟੰਗ ਕੱਟੀ ਹੋਈ ਸੀ ਅਤੇ ਕਿਸੇ ਦੀ ਬਾਂਹ । ਕਿਸੇ ਦਾ ਇਕ ਪੈਰ ਸੁੱਜ ਕੇ ਵੀਹ ਕਿੱਲੋ ਦਾ ਹੋਇਆ ਹੋਇਆ ਸੀ ਤਾਂ ਦੂਜੇ ਦਾ ਪੱਟ । ਕਿਸੇ ਦੇ ਨੱਕ ਦੀ ਹੱਡੀ ਨਹੀਂ ਸੀ ਅਤੇ ਕਿਸੇ ਦੇ ਦੋਵੇਂ ਬੁੱਲ੍ਹ ਗ਼ਾਇਬ ਸਨ । ਕਈਆਂ ਦੀਆਂ ਸਾਰੀਆਂ ਦੀਆਂ ਸਾਰੀਆਂ ਗਲਾਂ ਗਲ ਕੇ ਝੜ ਗਈਆਂ ਸਨ । ਕਿਸੇ ਦੇ ਪੈਰ ਵਿਚੋਂ ਪੀਕ ਵਗ ਰਹੀ ਸੀ ਅਤੇ ਕਿਸੇ ਦਾ ਪੇਟ ਰਿਸ ਰਿਹਾ ਸੀ । ਕਿਸੇ ਔਰਤ ਦੇ ਪੇਟ ਵਿਚ ਰਸੌਲੀ ਸੀ ਅਤੇ ਕਿਸੇ ਦੀਆਂ ਦੋਵੇਂ ਅੱਖਾਂ ਗ਼ਾਇਬ ਸਨ । ਦੇਸ ਰਾਜ ਨੂੰ ਲੱਗਦਾ ਸੀ, ਇਹਨਾਂ ਵਿਚੋਂ ਕੋਈ ਔਰਤ ਜਾਂ ਮਰਦ ਬੱਚਾ ਜੰਮਣ ਦੇ ਯੋਗ ਨਹੀਂ । ਫੇਰ ਇਹ ਲਾਰ ਕਿਥੋਂ ਆਈ ਸੀ ? ਕਿਧਰੇ ਬੰਟੀ ਵਾਂਗ ਚੁੱਕੇ ਹੀ ਤਾਂ ਨਹੀਂ ਗਏ ?
''ਹਮਾਰੇ ਂ ਮਾਈਬਾਪ.....।'' ਇਕ ਭੂਤਾਂ ਵਰਗੀ ਸ਼ਕਲ ਵਾਲੀ ਔਰਤ ਨੇ ਜਦੋਂ ਅੱਗੇ ਵਧ ਕੇ ਆਖਿਆ ਤਾਂ ਦੇਸ ਰਾਜ ਨੇ ਉਸ ਦੇ ਪੇਟ 'ਤੇ ਨਿਗਾਹ ਮਾਰੀ । ਉਹ ਗਰਭਵਤੀ ਸੀ ਅਤੇ ਕਿਸੇ ਵੀ ਸਮੇਂ ਮਾਂ ਬਣ ਸਕਦੀ ਸੀ ।
ਦੇਸ ਰਾਜ ਨੂੰ ਹੋਰ ਕੋਈ ਸਬੂਤ ਮੰਗਣ ਦੀ ਜੁਰਅਤ ਨਾ ਪਈ ।
''ਠੀਕ .....ਠੀਕ .....ਤਲਾਸ਼ੀ ਦੋ.....।'' ਜਲਦੀ ਖਹਿੜਾ ਛੁਡਾਉਣ ਦੇ ਮੂਡ ਵਿਚ ਡੰਡਾ ਖੜਕਾਦਾ ਦੇਸ ਰਾਜ ਝੁੱਗੀਆਂ ਵੱਲ ਵਧਿਆ । ਪਹਿਲੀ ਝੁੱਗੀ ਵਿਚ ਘੁੱਪ ਹਨੇਰਾ ਸੀ । ਸੱਜੇ ਪਾਸਿ ਕਿਸੇ ਦੇ ਹੂੰਗਰਾਂ ਮਾਰਨ ਦੀ ਆਵਾਜ਼ ਆ ਰਹੀ ਸੀ । ਗੰਦੀ ਹਵਾੜ ਜਦੋਂ ਦੇਸ ਰਾਜ ਦੇ ਨੱਕ ਵਿਚ ਵੜੀ ਤਾਂ ਘਬਰਾਇਆ ਉਹ ਇਕ ਦਮ ਝੁੱਗੀ ਵਿਚੋਂ ਬਾਹਰ ਆ ਗਿਆ ।
''ਕੌਣ ਇਸ ਵਿਚ ? ਦੀਵਾ ਜਲਾਓ ।'' ਧੁਰ ਅੰਦਰ ਤਕ ਦਹਿਲਿਆ ਦੇਸ ਰਾਜ ਕੜਕਿਆ ।
''ਇਹ ਰਾਮੂ ਸਾਹਿਬ । ਕਈ ਦਿਨੋਂ ਸੇ ਤੇਜ਼ ਬੁਖ਼ਾਰ । ਦਵਾਦਾਰੂ ਸੇ ਆਰਾਮ ਨਹੀਂ ਆਇਆ । ਬਾਵਾ ਨੇ ਟੂਣਾ ਕੀਤਾ ।'' ਮੋਮਬੱਤੀ ਬਾਲਦੀ ਰਾਮੂ ਦੀ ਪਤਨੀ ਦੇ ਹੱਥ ਕੰਬ ਰਹੇ ਸਨ ।
ਮੋਮਬੱਤੀ ਬਲਦਿਆਂ ਹੀ ਇਕ ਕਾਲਾਕਲੂਟਾ ਜਿਹਾ ਪਿੰਜਰ ਦੇਸ ਰਾਜ ਦੀ ਨਜ਼ਰ ਪਿਆ ।
ਪਿੰਜਰ ਨੇ ਗਲ ਵਿਚ ਰੰਗਬਰੰਗੇ ਮਣਕਿਆਂ ਦੀ ਮਾਲਾ ਪਾ ਰੱਖੀ ਸੀ । ਉਸ ਦੇ ਸਿਰਹਾਣੇ ਵਾਲੇ ਪਾਸੇ ਪਏ ਇਕ ਚੱਪਣ ਵਿਚ ਧੂਣੀ ਮਘ ਰਹੀ ਸੀ । ਪਾਣੀ ਦੇ ਕੁੱਜੇ ਨਾਲ ਕੋਈ ਤਵੀਤ ਬੰਨ੍ਹਿਆ ਹੋਇਆ ਸੀ । ਉਹ ਮਿੱਟੀ ਦੇ ਚਬੂਤਰੇ 'ਤੇ ਪਿਆ ਸੀ । ਉਸ ਦੇ ਚਾਰੇ ਖੂੰਜਿਆਂ ਵਿਚ ਮੇਖਾਂ ਗੱਡ ਕੇ ਸੂਤ ਲਪੇਟਿਆ ਹੋਇਆ ਸੀ । ਨੀਮ ਬੇਹੋਸ਼ੀ ਵਿਚ ਉਹ ਬੁੜਬੁੜਾ ਰਿਹਾ ਸੀ ।
ਦੇਸ ਰਾਜ ਨੇ ਸਾਰੀ ਕੁੱਲੀ ਦਾ ਜਾਇਜ਼ਾ ਲਿਆ । ਦੋ ਗੱਠੜੀਆਂ, ਇਕ ਪਾਣੀ ਵਾਲੇ ਤਪਲੇ ਅਤੇ ਇਕ ਟੁੱਟੇ ਪੀਪੇ ਤੋਂ ਬਿਨਾਂ ਇਥੇ ਕੁਝ ਨਹੀਂ ਸੀ । ਡੰਡੇ ਨਾਲ ਉਹਨੇ ਇਕ ਗੱਠੜੀ ਖੋਲ੍ਹੀ ਤਾਂ ਪਾਟੇਪੁਰਾਣੇ ਕੱਪੜੇ ਅਤੇ ਸੁੱਕੀਆਂ ਰੋਟੀਆਂ ਜ਼ਮੀਨ 'ਤੇ ਬਿਖਰ ਗਈਆਂ । ਦੂਜੀ ਵਿਚ ਫਟੀਆਂ ਪੁਰਾਣੀਆਂ ਬੋਰੀਆਂ ਸੀ, ਜਿਨ੍ਹਾਂ ਨੂੰ ਸਿ ਕੇ ਉਹਨਾਂ ਨੇ ਸਿਆਲਾਂ ਵਿਚ ਰਜ਼ਾਈਆਂ ਦੀ ਥਾਂ ਵਰਤਣਾ ਸੀ ।
ਦੂਜੀ ਝੁੱਗੀ ਦਾ ਵੀ ਇਹੋ ਹਾਲ ਸੀ । ਇਥੇ ਮੌਤ ਨਾਲ ਲੜਨ ਵਾਲੀ ਇਕ ਔਰਤ ਸੀ । ਝੁੱਗੀ ਵਿਚ ਪਈ ਹੱਥਰੇਹੜੀ ਤੋਂ ਬਿਨਾਂ ਕੁਝ ਨਹੀਂ ਸੀ । ਜਦੋਂ ਉਸ ਦਾ ਘਰ ਵਾਲਾ ਜਿਊਂਦਾ ਸੀ, ਉਸ ਨੂੰ ਇਸੇ ਰੇਹੜੀ ਵਿਚ ਪਾ ਕੇ ਮੰਗਣ ਜਾਇਆ ਕਰਦਾ ਸੀ । ਜਦੋਂ ਦਾ ਉਹ ਮਰਿਆ , ਇਸ ਦਾ ਕੋਈ ਸਹਾਰਾ ਨਹੀਂ ਰਿਹਾ । ਬੁੱਢੀ , ਕਿਸੇ ਕੰਮਕਾਰ ਜੋਗੀ ਵੀ ਨਹੀਂ । ਕੋਈ ਰਹਿਮ ਕਰ ਕੇ ਰੋਟੀ ਦੇ ਦੇਵੇ ਤਾਂ ਖਾ ਲੈਂਦੀ , ਨਹੀਂ ਤਾਂ ਭੁੱਖੀ ਪਈ ਰਹਿੰਦੀ । ਉਸ ਦੇ ਸਿਰਹਾਣੇ ਪਿਆ ਇਕ ਸਿਲਵਰ ਦਾ ਕੌਲਾ ਅਤੇ ਇਕ ਪਲੇਟ ਹੀ ਉਸ ਦੀ ਜਾਇਦਾਦ ।
ਅੰਦਰ ਆਏ ਦੇਸ ਰਾਜ ਨੂੰ ਉਹ ਪਛਾਣ ਨਹੀਂ ਸੀ ਸਕੀ । ਉਸ ਨੂੰ ਕਿਸੇ ਦਾਨੀ ਦਾ ਭੁਲੇਖਾ ਪਿਆ ਸੀ । ਉੱਠ ਕੇ ਉਹ ਆਪਣੀ ਪਲੇਟ ਅਤੇ ਕੌਲੇ ਨੂੰ ਠੀਕ ਕਰਨ ਲੱਗੀ । ਸ਼ਾਇਦ ਭੁੱਖ ਸਤਾ ਰਹੀ ਸੀ ।
''ਛੱਡ ਉਸਤਾਦ ! ਕੀ ਪਿਐ ਇਥੇ ? ਐਵੇਂ ਸਾਲੇ ਲੀਡਰ ਭੌਂਕਦੇ ਰਹਿੰਦੇ ਨੇ । ਕੋਈ ਆਖਦਾ ਇਹ ਜਰਾਇਮਪੇਸ਼ਾ ਲੋਕ ਹਨ, ਇਹਨਾਂ 'ਤੇ ਸਖ਼ਤੀ ਹੋਣੀ ਚਾਹੀਦੀ । ਦੂਜਾ ਆਖਦਾ , ਸੰਘ ਨੇ ਇਹਨਾਂ ਦੀ ਕਾਇਆ ਪਲਟ ਦਿੱਤੀ । ਉਹਨਾਂ ਨੂੰ ਮੌਜਾਂ ਕਰਨ ਲਾ ਦਿੱਤੈ । ਇਥੇ ਸ਼ਾਇਦ ਕਦੇ ਵੀ ਕਿਸੇ ਨੇ ਚੱਕਰ ਨਾ ਮਾਰਿਆ ਹੋਵੇ ।''
ਕੁਝ ਦੇਰ ਪਹਿਲਾਂ ਬੜ੍ਹਕਾਂ ਮਾਰਨ ਵਾਲੇ ਨਿੱਕੇ ਦਾ ਮਨ ਪਸੀਜ ਗਿਆ ਸੀ । ਉਸ ਦਾ ਗਲਾ ਭਰ ਆਇਆ ਸੀ ਅਤੇ ਅੱਖਾਂ ਛਲਕਣ ਹੀ ਵਾਲੀਆਂ ਸਨ ।
ਤਲਾਸ਼ੀਆਂ ਦੇ ਝੰਜਟ ਨੂੰ ਵਿਚੇ ਛੱਡ ਕੇ ਉਹ ਸੜਕ ਦੇ ਉਸ ਕਿਨਾਰੇ 'ਤੇ ਜਾ ਖਲੋਤਾ, ਜਿਥੇ ਆਸ਼ਰਮ ਦੇ ਨਾਂ ਦਾ ਬੋਰਡ ਲੱਗਾ ਹੋਇਆ ਸੀ । ''ਉਸ ਦੀ ਗੱਲ ਠੀਕ । ਛੱਡੋ ਪਰ੍ਹੇ । ਇਹਨਾਂ ਤੋਂ ਤਾਂ ਆਪਣੇ ਜਵਾਕ ਨਹੀਂ ਸੰਭਲਦੇ ।ਹੋਰ ਇਹਨਾਂ ਕੀ ਕਰਨੇ ਹਨ । ਆਖ ਦਿਆਂਗੇ ਸਭ ਦੀ ਤਲਾਸ਼ੀ ਕਰ ਲਈ । ਕਿਧਰੇ ਨਹੀਂ ਗੱਲ ਫਾਹਾ ਪੈਣ ਲੱਗਾ ।''
ਨਿੱਕੂ ਦੇ ਪਿੱਛੇ ਹੀ ਭੂਸ਼ੀ ਵੀ ਬੋਰਡ ਵੱਲ ਤੁਰ ਗਿਆ ।
ਦੇਸ ਰਾਜ ਕਿਹੜਾ ਉਹਨਾਂ ਤੋਂ ਕੋਈ ਵੱਖਰੀ ਰਾਏ ਰੱਖਦਾ ਸੀ । ਉਸ ਦਾ ਵੀ ਖਾਧਾਪੀਤਾ ਬਾਹਰ ਆਉਣ ਲੱਗਾ ਸੀ ।
ਵਾਪਸ ਮੁੜਦੇ ਦੇਸ ਰਾਜ ਨੂੰ ਇਕ ਗੱਲ ਸਮਝ ਨਹੀਂ ਸੀ ਆ ਰਹੀ । ਆਖ਼ਿਰ ਉਹ ਕੰਬਲ, ਰਜਾਈਆਂ ਅਤੇ ਸਵੈਟਰ ਕਿਥੇ ਗਏ, ਜਿਨ੍ਹਾਂ ਬਾਰੇ ਉਹ ਰੋਜ਼ ਅਖ਼ਬਾਰਾਂ ਵਿਚ ਪੜ੍ਹਦਾ ਸੀ ?
ਅਖ਼ਬਾਰਾਂ ਦੁਆਰਾ ਮਾਰਿਆ ਜਾ ਰਿਹਾ ਝੂਠ ਉਸ ਤੋਂ ਹਜ਼ਮ ਨਹੀਂ ਸੀ ਕੀਤਾ ਜਾ ਰਿਹਾ ।
....ਚਲਦਾ...