18
ਡੀ.ਆਈ.ਜੀ. ਨਿਰਭੈ ਸਿੰਘ ਕਈ ਦਿਨਾਂ ਤੋਂ ਮਾਨਸਿਕ ਤਨਾਓ ਵਿਚ ਸੀ ।
ਲੋਹੇ ਦਾ ਥਣ ਬਣੇ ਡਿਪਟੀ ਤੇ ਨਿਰਭੈ ਸਿੰਘ ਨੂੰ ਇਕ ਚੜ੍ਹਦੀ ਅਤੇ ਇਕ ਲਹਿੰਦੀ ਸੀ ।
ਬਹੁਤੇ ਦਿਨ ਤਾਂ ਨਹੀਂ ਬੀਤੇ ਜਦੋਂ ਇਹੋ ਡਿਪਟੀ ਦਿਨ 'ਚ ਵੀਹਵੀਹ ਵਾਰ ਉਸ ਦੇ ਗੋਡੀਂ ਹੱਥ ਲਾਦਾ ਸੀ । ਕਈ ਸਾਲਾਂ ਤੋਂ ਪੁਲਿਸ ਲਾਈਨ ਵਿਚ ਖੁੱਡੇ ਲੱਗਾ ਹੋਇਆ ਸੀ । ਜੇ ਨਿਰਭੈ ਸਿੰਘ ਉਸ ਦੀ ਪੋਸਟਿੰਗ ਲਈ ਪੂਰਾ ਸਟੈਂਡ ਨਾ ਲੈਂਦਾ ਤਾਂ ਉਸ ਨੂੰ ਇਸ ਸਬਡਵੀਜ਼ਨ 'ਤੇ ਤਾਂ ਕਿਸ ਨੇ ਲਾਉਣਾ ਸੀ, ਕਿਸੇ ਨੇ ਪੀ.ਏ.ਪੀ. ਦੇ ਵੀ ਦਰਸ਼ਨ ਨਹੀਂ ਸੀ ਕਰਾਉਣੇ । ਸ਼ਹਿਰ ਦੇ ਦੋਚਾਰ ਜਥੇਦਾਰਾਂ ਨਾਲ ਯਾਰੀ ਪਾ ਕੇ ਉਹ ਡੀ.ਆਈ.ਜੀ. ਨੂੰ ਟਿੱਚ ਹੀ ਸਮਝਣ ਲੱਗਾ ਸੀ । ਨਾ ਸੁਨੇਹੇ 'ਤੇ ਆਇਆ, ਨਾ ਵਾਇਰਲੈੱਸ ਕਰਨ 'ਤੇ । ਡਿਪਟੀਆਂ ਦੀ ਮੀਟਿੰਗ ਰੱਖੀ ਤਾਂ ਬਹਾਨਾ ਲਾ ਕੇ ਟਾਲ ਗਿਆ । ਸ਼ਹਿਰ ਵਿਚ ਹਾਲਾਤ ਤਨਾਓਪੂਰਨ ਹਨ । ਕਿਸੇ ਵੀ ਸਮੇਂ ਗੜਬੜ ਹੋ ਸਕਦੀ ਸੀ । ਡਿਪਟੀ ਦਾ ਸ਼ਹਿਰ ਵਿਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ ।
ਉਲਟਾ ਡੀ.ਆਈ.ਜੀ. ਦੇ ਬੰਦੇ ਧਮਕਾ ਦਿੱਤੇ । 'ਦੋਬਾਰਾ ਸਾਹਿਬ ਕੋਲ ਗਏ ਤਾਂ ਸਾਰੇ ਟੱਬਰ ਨੂੰ ਅੰਦਰ ਤੁੰਨ ਦਿਊਂ ।'
ਬੰਟੀ ਦੇ ਕਤਲ ਦੀ ਖ਼ਬਰ ਨਾਲ ਡੀ.ਆਈ.ਜੀ. ਨੂੰ ਕਾਫ਼ੀ ਰਾਹਤ ਮਿਲੀ । ਮੌਕਾ ਵੇਖਣ ਦੇ ਬਹਾਨੇ ਉਹ ਸ਼ਹਿਰ ਜਾ ਸਕੇਗਾ ਅਤੇ ਡਿਪਟੀ ਦੀ ਖੁੰਬ ਠੱਪ ਸਕੇਗਾ । ਜੇ ਫੇਰ ਵੀ ਕਾਬੂ ਨਾ ਆਇਆ ਤਾਂ ਉਸ ਦੀ ਬਦਲੀ ਦੀ ਸਿਫ਼ਾਰਸ਼ ਕਰ ਕੇ ਫਾਹਾ ਵਢਾ ਸੁੱਟੇਗਾ ।
ਕਈ ਮਸਲੇ ਸੀ, ਜਿਹੜੇ ਉਸ ਨੇ ਡਿਪਟੀ ਨਾਲ ਨਜਿੱਠਣੇ ਸਨ ।
ਪਹਿਲਾ ਰਾਏਸਰ ਵਾਲੀ ਪੰਜਾਹ ਕਿੱਲੇ ਜ਼ਮੀਨ ਦਾ ਸੀ । ਉਸ ਨੇ ਸਾਫ਼ਸਾਫ਼ ਡਿਪਟੀ ਨੂੰ ਆਖਿਆ ਸੀ ਕਿ ਇਸ ਵਾਰ ਜ਼ਮੀਨ 'ਤੇ ਕਬਜ਼ਾ ਗਰੇਵਾਲਾਂ ਦਾ ਹੋਣਾ ਚਾਹੀਦਾ । ਉਹ ਇਕ ਕੇਂਦਰੀ ਮੰਤਰੀ ਦੀ ਚਿੱਠੀ ਲਿਆ ਕੇ ਉਸ ਨੂੰ ਮਿਲੇ ਸਨ । ਡਿਪਟੀ ਨੂੰ ਚੰਗਾਭਲਾ ਪਤਾ ਸੀ ਕਿ ਉਸ ਨੂੰ ਸ਼ਹਿਰ ਦੀ ਇਸ ਸਬਡਵੀਜ਼ਨ ਵਿਚ ਉਸੇ ਮੰਤਰੀ ਦੀ ਕਿਰਪਾ ਨਾਲ ਲਗਵਾਇਆ ਗਿਆ ਸੀ ।
ਡੀ.ਆਈ.ਜੀ. ਨੇ ਗਰੇਵਾਲਾਂ ਨੂੰ ਮਸ਼ਵਰਾ ਦਿੱਤਾ ਕਿ ਜ਼ਮੀਨ 'ਤੇ ਜੇ ਕੋਈ ਕਬਜ਼ਾ ਕਰਵਾ ਸਕਦਾ ਤਾਂ ਉਹ ਨੌਨਿਹਾਲ ਸਿੰਘ ਜੀ । ਉਹਨਾਂ ਡੀ.ਆਈ.ਜੀ. ਦੇ ਕਹੇ ਅਨੁਸਾਰ ਕੇਂਦਰੀ ਮੰਤਰੀ ਨੂੰ ਜਾ ਆਖਿਆ । ਮੰਤਰੀ ਨੇ ਡੀ.ਆਈ.ਜੀ. ਨੂੰ ਸਿੱਧਾ ਫ਼ੋਨ ਖੜਕਾਇਆ । ਘੰਟੇ ਵਿਚ ਨੌਨਿਹਾਲ ਸਿੰਘ ਦੇ ਆਰਡਰ ਜਾਰੀ ਹੋ ਗਏ । ਆਪਣਾ ਕੰਮ ਕਢਾ ਕੇ ਗਰੇਵਾਲਾਂ ਤੋਂ ਮੂੰਹ ਲੁਕੋ ਰਿਹਾ ।
ਇਸ ਵਾਰ ਤਾਂ ਗਰੇਵਾਲਾਂ ਨੇ ਵੈਸੇ ਹੀ ਲੜਾਈ ਦੀ ਜੜ੍ਹ ਵੱਢ ਦਿੱਤੀ ਸੀ । ਉਹਨਾਂ ਬੁੱਢੀ ਤੋਂ ਬੈਨਾਮਾ ਕਰਵਾ ਲਿਆ ਸੀ । ਪਹਿਲਾਂ ਬੁੱਢੀ ਨੂੰ ਕੋਈ ਪਾਰਟੀ ਚੁੱਕ ਕੇ ਲੈ ਜਾਂਦੀ ਸੀ ਅਤੇ ਕਦੇ ਕੋਈ । ਗਰੇਵਾਲਾਂ ਨੂੰ ਕਬਜ਼ਾ ਦਿਵਾਉਣ ਵਿਚ ਕੋਈ ਕਾਨੂੰਨੀ ਅੜਚਨ ਨਹੀਂ ਸੀ ਰਹੀ ।
ਗਰੇਵਾਲ ਕਈ ਵਾਰ ਉਲਾਂਭਾ ਦੇ ਕੇ ਗਏ ਸਨ । ਡਿਪਟੀ ਦੂਜੀ ਪਾਰਟੀ ਨਾਲ ਮਿਲਿਆ ਫਿਰਦਾ । ਸਿੱਧੇ ਮੂੰਹ ਉਹਨਾਂ ਨਾਲ ਗੱਲ ਨਹੀਂ ਕਰਦਾ । ਜੇ ਗਰੇਵਾਲ ਕਬਜ਼ਾ ਨਾ ਲੈ ਸਕੇ ਤਾਂ ਡੀ.ਆਈ.ਜੀ. ਦਾ ਕਈ ਲੱਖ ਦਾ ਨੁਕਸਾਨ ਹੋ ਜਾਣਾ ਸੀ । ਪੰਜਾਹਾਂ ਵਿਚੋਂ ਪੰਜ ਕਿੱਲੇ ਉਸ ਨੂੰ ਮਿਲਣੇ ਸਨ ।
ਦੂਜਾ ਮਸਲਾ ਖੁੱਡੀ ਵਾਲੇ ਨੰਬਰਦਾਰ ਦਾ ਸੀ । ਉਹ ਕਈ ਦਿਨਾਂ ਤੋਂ ਨਿਰਭੈ ਸਿੰਘ ਦੀ ਕੋਠੀ ਡੇਰਾ ਲਾਈ ਬੈਠਾ ਸੀ । ਡਿਪਟੀ ਨੂੰ ਚੰਗਾ ਭਲਾ ਪਤਾ ਸੀ ਕਿ ਨੰਬਰਦਾਰ ਦੇ ਹੱਥ ਬਹੁਤ ਲੰਬੇ ਹਨ । ਫੇਰ ਵੀ ਉਸ ਨੂੰ ਵੰਝ 'ਤੇ ਟੰਗੀ ਬੈਠਾ ਸੀ । ਬਹਾਨਾ ਵਧੀਆ ।
''ਡੀ.ਆਈ.ਜੀ. ਦਾ ਹੁਕਮ । ਸਾਰੇ ਪੰਜਾਬ ਵਿਚ ਭੁੱਕੀ ਬੰਦ । ਇਸੇ ਸਬਡਵੀਜ਼ਨ ਵਿਚ ਆਮ ਵਿਕਦੀ । ਨਾਲ ਲੱਗਦੇ ਜ਼ਿਲ੍ਹਿਆਂ ਦੇ ਕਪਤਾਨਾਂ ਨੇ ਡੀ.ਜੀ. ਕੋਲ ਸ਼ਿਕਾਇਤ ਕੀਤੀ । ਉਹਨਾਂ ਦੀ ਸਖ਼ਤੀ ਦਾ ਕੋਈ ਫ਼ਾਇਦਾ ਨਹੀਂ । ਅਮਲੀ ਸ਼ਹਿਰ ਦੇ ਇਲਾਕੇ ਵਿਚੋਂ ਭੁੱਕੀ ਲੈ ਆਦੇ ਹਨ । ਡੀ.ਜੀ. ਨੇ ਉਹਨਾਂ ਥਾਣੇਦਾਰਾਂ ਦੀ ਲਿਸਟ ਭੇਜੀ , ਜਿਨ੍ਹਾਂ ਨੂੰ ਨੰਬਰਦਾਰ ਦਸ ਹਜ਼ਾਰ ਤੋਂ ਲੈ ਕੇ ਪੰਜਾਹ ਹਜ਼ਾਰ ਰੁਪਏ ਤਕ ਮਹੀਨਾ ਦਿੰਦਾ । ਡੀ.ਜੀ. ਦਾ ਹੀ ਹੁਕਮ ਕਿ ਨੰਬਰਦਾਰ ਦੇ ਪਿੱਛੇ ਕਿਸੇ ਹੋਰ ਥਾਣੇ ਦਾ ਥਾਣੇਦਾਰ ਲਾਇਆ ਜਾਵੇ ।
ਕਿਸੇ ਕਰਿੰਦੇ 'ਤੇ ਕੇਸ ਬਣਾ ਦਿੰਦਾ ਤਾਂ ਨੰਬਰਦਾਰ ਨੂੰ ਫ਼ਰਕ ਨਹੀਂ ਸੀ ਪੈਣਾ । ਨੰਬਰਦਾਰ ਦੇ ਖ਼ਿਲਾਫ਼ ਪਰਚਾ ਕੱਟ ਦੇਵੇ ਤਾਂ ਵੀ ਕੋਈ ਹਰਜ ਨਹੀਂ, ਪਰ ਉਸ ਨੂੰ ਗਿਰਫ਼ਤਾਰ ਤਾਂ ਨਾ ਕਰੇ ।
ਪੇਸ਼ਗੀ ਜ਼ਮਾਨਤ ਤਾਂ ਕਰਾ ਲੈਣ ਦੇਵੇ । ਉਲਟਾ ਉਹ ਸੈਸ਼ਨ ਜੱਜ ਦੇ ਕੰਨ ਵਿਚ ਵੀ ਫੂਕ ਮਾਰ ਆਇਆ । ਡਰਦੇ ਸੈਸ਼ਨ ਜੱਜ ਨੇ ਜ਼ਮਾਨਤ ਰੱਦ ਕਰ ਦਿੱਤੀ ।
ਚਲੋ ਇਹ ਵੀ ਕੋਈ ਗੱਲ ਨਹੀਂ । ਡਿਪਟੀ ਨੰਬਰਦਾਰ ਦੀ ਪਤਨੀ ਅਤੇ ਧੀ ਨੂੰ ਤਾਂ ਜ਼ਲੀਲ ਨਾ ਕਰੇ । ਕਈ ਵਾਰ ਥਾਣੇ ਬੁਲਾ ਕੇ ਉਹਨਾਂ ਦੀ ਬੇਇੱਜ਼ਤੀ ਕਰ ਚੁੱਕਾ । ਕਾਰ ਬੇਸ਼ੱਕ ਥਾਣੇ ਖੜ੍ਹਾਈ ਰੱਖੇ, ਪੇਟੀਆਂਟਰੰਕ, ਟੀ.ਵੀ. ਅਤੇ ਗੀਜਰ ਥਾਣੇ ਚੁੱਕ ਲਿਆਉਣ ਦਾ ਕੀ ਮਤਲਬ ?
ਡੀ.ਆਈ.ਜੀ. ਨੰਬਰਦਾਰ ਨੂੰ ਬਥੇਰਾ ਸਮਝਾਦਾ ਸੀ, ਹੁਣ ਉਹ ਇਹ ਕੰਮ ਛੱਡ ਦੇਵੇ । ਬਥੇਰਾ ਪੈਸਾ ਕਮਾ ਲਿਆ । ਉਸ ਕੋਲ ਘੱਟੋਘੱਟ ਕਰੋੜ ਰੁਪਏ ਦੀ ਜਾਇਦਾਦ ਹੋਏਗੀ । ਸਾਲ ਵਿਚ ਪੰਜਚਾਰ ਕਾਰਾਂ ਤਾਂ ਉਹ ਅਫ਼ਸਰਾਂ ਨੂੰ ਖ਼ਰੀਦ ਕੇ ਦਿੰਦਾ । ਕਈ ਲੱਖ ਰੁਪਏ ਛੋਟੇ ਮੁਲਾਜ਼ਮਾਂ 'ਚ ਵੰਡਦਾ । ਨਾਲੇ ਉਹ ਕਮਾ ਕਿਸ ਲਈ ਰਿਹਾ ? ਇਕ ਧੀ । ਉਹ ਵੀ ਪੇਟੋਂ ਨਹੀਂ ਫੁੱਟ ਸਕੀ, ਬਾਂਝ । ਸਹੁਰਿਆਂ ਨੇ ਸਾਰੇ ਇਲਾਜ ਕਰਾ ਕੇ ਦੇਖ ਲਏ । ਪੰਜਾਂ ਸਾਲਾਂ ਤੋਂ ਨੰਬਰਦਾਰ ਦੇ ਘਰ ਬੈਠੀ । ਉਹਦੇ ਘਰ ਵਾਲੇ ਨੇ ਹੋਰ ਵਿਆਹ ਕਰਾ ਲਿਆ ।
ਨੰਬਰਦਾਰ ਦੇ ਅਜਿਹਾ ਲਹੂ ਮੂੰਹ ਲੱਗਾ ਕਿ ਹਰ ਵਾਰ ਉਸ ਕੋਲ ਤੋਬਾ ਕਰ ਕੇ ਜਾਂਦਾ । ਜਾਂਦਾ ਹੀ ਫੇਰ ਕੰਮ ਸ਼ੁਰੂ ਕਰ ਲੈਂਦਾ । ਇਸ ਵਾਰ ਵੀ ਇਹੋ ਆਖ ਰਿਹਾ । ਇਸ ਵਾਰ ਖਹਿੜਾ ਛੁੱਟ ਜਾਏ, ਮੁੜ ਕੰਮ ਤੋਂ ਤੋਬਾ ।
ਡੀ.ਆਈ.ਜੀ. ਵੀ ਚਾਹੁੰਦਾ ਕਿ ਨੰਬਰਦਾਰ ਨੂੰ ਕਚਹਿਰੀ ਵਿਚ ਜ਼ਲੀਲ ਨਾ ਹੋਣਾ ਪਏ ।
ਉਸ ਦੀ ਨਜ਼ਰ ਨੰਬਰਦਾਰ ਦੀ ਘਰ ਬੈਠੀ ਕੁੜੀ 'ਤੇ ਸੀ । ਡੀ.ਆਈ.ਜੀ. ਦੇ ਨਾਲਾਇਕ ਪੁੱਤ ਦੀ ਵੀ ਆਪਣੀ ਪਾੜ੍ਹੀ ਪਤਨੀ ਨਾਲ ਨਹੀਂ ਸੀ ਬਣਦੀ । ਕਈ ਸਾਲਾਂ ਤੋਂ ਪੇਕੀਂ ਬੈਠੀ । ਉਸ ਦਾ ਤਲਾਕ ਕਰਾ ਕੇ ਉਹ ਨੰਬਰਦਾਰ ਨਾਲ ਰਿਸ਼ਤੇਦਾਰੀ ਪਾਉਣ ਦਾ ਇੱਛੁਕ ਸੀ । ਮੁੰਡੇ ਕੋਲ ਦੋ ਮੁੰਡੇ ਸਨ । ਨੰਬਰਦਾਰ ਦੀ ਧੀ ਬੱਚੇ ਨਹੀਂ ਵੀ ਜੰਮੇਗੀ ਤਾਂ ਵੀ ਕੋਈ ਫ਼ਰਕ ਨਹੀਂ ਸੀ । ਉਸ ਦੇ ਨਾਲਾਇਕ ਪੁੱਤ ਨੂੰ ਏਨਾ ਪੈਸਾ ਮਿਲ ਜਾਏਗਾ ਕਿ ਭਾਵੇਂ ਸਾਰੀ ਉਮਰ ਵਿਹਲਾ ਬੈਠ ਕੇ ਖਾਂਦਾ ਰਹੇ ।
ਡੀ.ਆਈ.ਜੀ. ਵੀ ਰਿਟਾਇਰਮੈਂਟ ਉਡੀਕਦਾ । ਸਾਰੇ ਦੇ ਸਾਲ ਰਹਿੰਦੇ ਹਨ । ਹੁਣੇ ਰਿਸ਼ਤੇਦਾਰੀ ਪਾ ਲਈ ਤਾਂ ਸਾਰੇ ਸੂਬੇ ਵਿਚ ਬਦਨਾਮੀ ਹੋ ਜਾਣੀ ਸੀ । ਨੰਬਰਦਾਰ ਨਾਮੀ ਸਮੱਗਲਰਾਂ ਵਿਚ ਆਦਾ ਸੀ । ਇਕ ਵਾਰ ਉਹ ਰਿਟਾਇਰ ਹੋ ਗਿਆ ਤਾਂ ਉਸ ਨੂੰ ਪੁੱਛਣ ਵਾਲਾ ਕੋਈ ਨਹੀਂ ਰਹਿਣਾ । ਗੱਲੀਂਗੱਲੀਂ ਉਸ ਨੇ ਇਹ ਗੱਲ ਨੰਬਰਦਾਰ ਦੇ ਕੰਨਾਂ ਥਾਣੀ ਕੱਢ ਵੀ ਦਿੱਤੀ ਸੀ । ਉਹ ਵੀ ਰਾਜ਼ੀ ਸੀ ।
ਨੰਬਰਦਾਰ ਇਕੱਲਾ ਅਮੀਰ ਹੀ ਨਹੀਂ, ਉਸ ਦੀਆਂ ਰਿਸ਼ਤੇਦਾਰੀਆਂ ਵੱਡੇਵੱਡੇ ਥਾਂ ਹਨ ।
ਇਕ ਸਾਲੀ ਆਈ.ਏ.ਐੱਸ. । ਨੰਬਰਦਾਰ ਦੀ ਡਟ ਕੇ ਮਦਦ ਕਰਦੀ । ਅੱਧੀ ਰਾਤੀਂ ਜਾ ਕੇ ਭਾਵੇਂ ਖ਼ਾਲੀ ਕਾਗ਼ਜ਼ਾਂ 'ਤੇ ਦਸਤਖ਼ਤ ਕਰਾ ਲਿਆਏ । ਡਿਪਟੀ ਨੇ ਜਿਹੜਾ ਵੀ ਕਾਗ਼ਜ਼ ਟਾਈਪ ਕਰਾ ਕੇ ਉਸ ਵੱਲ ਭੇਜਿਆ, ਉਸੇ 'ਤੇ ਦਸਤਖ਼ਤ ਹੋ ਕੇ ਆ ਗਏ । ਬਦਲੀਆਂਸ਼ਦਲੀਆਂ ਤਾਂ ਮਾਮੂਲੀ ਕੰਮ । ਉਹ ਤਾਂ ਖੜੀਖੜੀ ਲੱਖਾਂ ਦੇ ਫ਼ਾਇਦੇ ਕਰ ਦਿੰਦੀ । ਜਦੋਂ ਉਹ ਟਰਾਂਸਪੋਰਟ ਸਕੱਤਰ ਸੀ ਤਾਂ ਨਿਰਭੈ ਸਿੰਘ ਨੇ ਤਿੰਨ ਲੰਬੇ ਰੂਟ ਪਰਮਿਟ ਲਏ ਸਨ । ਇਕ ਰੂਟ ਦੀ ਬਲੈਕ ਪੰਜਾਹ ਹਜ਼ਾਰ ਰੁਪਏ ।
ਨੰਬਰਦਾਰ ਦਾ ਇਕ ਸਾਂਢੂ ਹਾਈਕੋਰਟ ਦਾ ਜੱਜ । ਉਹ ਵੀ ਨੰਬਰਦਾਰ ਦੀ ਬਾਪ ਵਾਂਗ ਇੱਜ਼ਤ ਕਰਦਾ । ਵਜ਼ੀਰਾਂ ਦਾ ਕੀ ? ਕਦੇ ਵਜ਼ਾਰਤ ਬਣ ਗਈ, ਕਦੇ ਟੁੱਟ ਗਈ । ਜੱਜ ਸਦਾ ਬਹਾਰ ਵਜ਼ੀਰ ਹੁੰਦੇ ਹਨ । ਛੋਟੇਮੋਟੇ ਮੈਜਿਸਟਰੇਟ ਜਾਂ ਸੈਸ਼ਨ ਜੱਜ ਦੀ ਕੀ ਮਜਾਲ ਕਿ ਅੱਖ ਚੁੱਕ ਦੇ ਵੀ ਦੇਖ ਜਾਣ । ਮਾੜੇ ਜਿਹੇ ਇਸ਼ਾਰੇ 'ਤੇ ਹੀ ਅਗਲੇ ਮਿਸਲਾਂ ਚੁੱਕ ਕੇ ਚੰਡੀਗੜ੍ਹ ਆ ਧਮਕਦੇ ਹਨ । ਜੁਡੀਸ਼ਰੀ ਨੇ ਤਾਂ ਜੱਜਾਂ ਤੋਂ ਡਰਨਾ ਹੀ ਸੀ, ਦੂਜੇ ਅਫ਼ਸਰ ਵੀ ਨਾਂਹ ਨਹੀਂ ਕਰਦੇ ।
ਕੀ ਪਤੈ ਕਦੋਂ ਕਿਸ ਦੀ ਹਾਈਕੋਰਟ ਵਿਚ ਜਾਨ ਫਸ ਜਾਏ ?
ਨਿਰਭੈ ਸਿੰਘ ਨੇ ਕਪਤਾਨਾਂ ਦੀ ਪਿਛਲੀ ਮੀਟਿੰਗ ਵਿਚ ਸੰਗਰੂਰ ਵਾਲੇ ਕਪਤਾਨ ਦੀ ਕਾਫ਼ੀ ਖਿਚਾਈ ਕੀਤੀ ਸੀ । ਕਾਫ਼ੀ ਅਸਰ ਵੀ ਹੋਇਆ । ਉਸ ਨੇ ਸਮਾਨ ਵੀ ਵਾਪਸ ਕਰਵਾ ਦਿੱਤਾ ਅਤੇ ਜ਼ਨਾਨੀਆਂ ਨੂੰ ਥਾਣੇ ਬੁਲਾਉਣ ਤੋਂ ਵੀ ਵਰਜ ਦਿੱਤਾ । ਇਕੱਲੀ ਕਾਰ ਹੀ ਰਹਿੰਦੀ ਸੀ ।
ਉਹ ਵੀ ਇਸ ਲਈ ਕਿ ਇਹ ਕੇਸ ਵਿਚ ਪਾ ਦਿੱਤੀ ਗਈ ਸੀ । ਹੋਰ ਮਦਦ ਕਰਨ ਤੋਂ ਉਹ ਅਸਮਰੱਥ ਸੀ । ਡਿਪਟੀ ਨਾਲ ਉਸ ਦੀ ਬਹੁਤੀ ਬਣਦੀ ਨਹੀਂ, ਸਗੋਂ ਡਿਪਟੀ ਤਾਂ ਆਪਣੇ ਆਪ ਨੂੰ ਨਿਰਭੈ ਸਿੰਘ ਦਾ ਬੰਦਾ ਹੀ ਆਖਦਾ ਸੀ । ਇਸੇ ਲਈ ਕਪਤਾਨ ਉਸ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਸੀ ਕਰਦਾ । ਹੁਣ ਉਹਨਾਂ ਇਸ਼ਾਰਾ ਕੀਤਾ ਤਾਂ ਉਹ ਡਿਪਟੀ ਨੂੰ ਮਾਂਜ ਦੇਵੇਗਾ ।
ਕਾਂਗਰਸ ਦੀ ਵਜ਼ਾਰਤ ਹੁੰਦੀ ਤਾਂ ਨੰਬਰਦਾਰ ਨੇ ਕਦੋਂ ਦਾ ਡਿਪਟੀ ਦਾ ਪੱਤਾ ਕਟਾ ਦੇਣਾ ਸੀ । ਮੁੱਖ ਮੰਤਰੀ ਉਸ ਦਾ ਵਿਰੋਧੀ ਤਾਂ ਨਹੀਂ ਸੀ, ਪਰ ਕੋਈ ਕੰਮ ਵੀ ਨਹੀਂ ਸੀ ਕਰਦਾ ।
ਨੰਬਰਦਾਰ ਸ਼ੁਰੂ ਤੋਂ ਹੀ ਕਾਂਗਰਸ ਵਿਚ ਪੈਰ ਧਰਦਾ ਸੀ । ਕਾਂਗਰਸੀਆਂ ਨਾਲ ਹੀ ਉਸ ਦੀਆਂ ਰਿਸ਼ਤੇਦਾਰੀਆਂ ਸਨ ।
ਜ਼ੋਰ ਇਸ ਵਜ਼ਾਰਤ ਵਿਚ ਵੀ ਬਥੇਰਾ ਸੀ, ਪਰ ਛੋਟੇ ਵਜ਼ੀਰਾਂ ਤਕ ਪਹੁੰਚ ਸੀ । ਅਜਿਹੇ ਮਸਲੇ ਵਿਚ ਵਜ਼ੀਰ ਡੀ.ਜੀ. ਨੂੰ ਫ਼ੋਨ ਕਰਨ ਤੋਂ ਝਿਜਕਦੇ ਸਨ । ਉਹ ਵਜ਼ੀਰਾਂ ਨੂੰ ਟਿੱਚ ਸਮਝਦਾ ਸੀ ।
ਉਸ ਦਾ ਕੇਂਦਰ ਨਾਲ ਸਿੱਧਾ ਸੰਪਰਕ ਸੀ । ਵਜ਼ੀਰ ਕਈ ਵਾਰ ਉਸ ਦੇ ਖ਼ਿਲਾਫ਼ ਬੋਲ ਚੁੱਕੇ ਸਨ ਅਤੇ ਉਸ ਦੀ ਬਦਲੀ ਦੀ ਮੰਗ ਕਰ ਚੁੱਕੇ ਸਨ । ਕਿਸੇ ਦੇ ਕੰਨ 'ਤੇ ਜੂੰ ਨਹੀਂ ਸੀ ਸਰਕੀ । ਅਜਿਹੇ ਭੈੜੇ ਬੰਦੇ ਦਾ ਕੋਈ ਵਸਾਹ ਨਹੀਂ ਵਜ਼ੀਰਾਂ ਦੇ ਫ਼ੋਨ ਹੀ ਰਿਕਾਰਡ ਕਰ ਲਏ । ਸਿਫ਼ਾਰਸ਼ਾਂ ਦੇ ਹਵਾਲੇ ਦੇਦੇ ਪਰੈਸ ਨੂੰ ਬਿਆਨ ਦਾਗ਼ ਦੇਵੇ । ਉਹ ਕਈ ਵਜ਼ੀਰਾਂ 'ਤੇ ਪਹਿਲਾਂ ਹੀ ਦਹਿਸ਼ਤਗਰਦਾਂ ਨਾਲ ਸੰਬੰਧ ਰੱਖਣ ਦੇ ਦੋਸ਼ ਲਾ ਚੁੱਕਾ ਸੀ । ਫੇਰ ਆਖੇਗਾ ਉਹ ਸਮੱਗਲਰਾਂ ਦੀ ਵੀ ਮਦਦ ਕਰਦੇ ਾਹਨ । ਇਸੇ ਲਈ ਨੰਬਰਦਾਰ ਅਕਲ ਤੋਂ ਕੰਮ ਲੈ ਰਿਹਾ ਸੀ । ਸੈਸ਼ਨ ਜੱਜ ਨੇ ਤਾਂ ਨਿਭਾ ਦਿੱਤੀ ਸੀ । ਪੰਦਰਾਂ ਦਿਨਾਂ ਲਈ ਨੰਬਰਦਾਰ ਦੀ ਗਿਰਫ਼ਤਾਰੀ 'ਤੇ ਪਾਬੰਦੀ ਲਾ ਦਿੱਤੀ ਸੀ । ਥੋੜ੍ਹੀ ਜਿਹੀ ਪੁਲਿਸ ਢਿੱਲੀ ਪਏ ਤਾਂ ਉਹ ਪੇਸ਼ਗੀ ਜ਼ਮਾਨਤ ਲੈਣ ਲਈ ਤਿਆਰ ਸੀ ।
ਡਿਪਟੀ ਗਿਰਫ਼ਤਾਰੀ 'ਤੇ ਜ਼ੋਰ ਲਾ ਰਿਹਾ ਸੀ ।
ਨੰਬਰਦਾਰ ਡਿਪਟੀ ਨੂੰ ਮੂੰਹਮੰਗੇ ਪੈਸੇ ਦੇਣ ਨੂੰ ਤਿਆਰ ਸੀ । ਡਿਪਟੀ ਡਰ ਗਿਆ ਸੀ ।
ਪੈਸੇ ਲੈਣੋਂ ਟਲ ਰਿਹਾ ਸੀ । ਉਸ ਨੇ ਵਿਚੋਲਿਆਂ ਕੋਲ ਇਹੋ ਤੌਖ਼ਲਾ ਪਰਗਟਾਇਆ ਸੀ ਕਿ ਨੰਬਰਦਾਰ ਰੇਡ ਕਰਾਏਗਾ ਜਾਂ ਸ਼ਿਕਾਇਤ ਕਰਾਏਗਾ ।
ਡਿਪਟੀ ਦੇ ਜ਼ੋਰ ਪਵਾਉਣ ਲਈ ਨੰਬਰਦਾਰ ਨੇ ਡੀ.ਆਈ.ਜੀ. ਦੀ ਕੋਠੀ ਡੇਰਾ ਲਾਇਆ ਹੋਇਆ ਸੀ ।
ਨੰਬਰਦਾਰ ਇਕੋ ਗੱਲ ਚਾਹੁੰਦਾ ਸੀ । ਸਾਮਾਨ ਦੀ ਕੋਈ ਪਰਵਾਹ ਨਹੀਂ । ਮਹੀਨਾ ਦੋ ਮਹੀਨੇ ਕੰਮ ਵੀ ਬੰਦ ਰੱਖੇਗਾ । ਮੁਕੱਦਮਾ ਵੀ ਭੁਗਤ ਲਏਗਾ । ਥਾਣੇ ਹਾਜ਼ਰ ਹੋਣ ਨੂੰ ਵੀ ਤਿਆਰ ।
ਨਾ ਮਾਰਕੁਟਾਈ ਹੋਵੇ, ਨਾ ਲੋਕਾਂ ਸਾਹਮਣੇ ਬੇਇੱਜ਼ਤੀ । ਰਾਤਬਰਾਤੇ ਕਚਹਿਰੀ ਵਿਚ ਪੇਸ਼ ਕੀਤਾ ਜਾਵੇ । ਬਿਨਾਂ ਹੱਥਕੜੀ ਲਾਏ ।
ਡਿਪਟੀ ਸਿੱਧੇ ਰਾਹ ਨਹੀਂ ਸੀ ਆ ਰਿਹਾ । ਡੀ.ਆਈ.ਜੀ. ਅਜਿਹੇ ਮੌਕੇ ਦੀ ਤਲਾਸ਼ ਵਿਚ ਸੀ ਜਿਸ ਨਾਲ ਉਹ ਡਿਪਟੀ ਨੂੰ ਸਬਕ ਸਿਖਾ ਸਕੇ ਕਿ ਅਫ਼ਸਰ ਤਾਂ ਮਿੱਟੀ ਦਾ ਮਾਣ ਨਹੀਂ ਹੁੰਦਾ, ਉਹ ਤਾਂ ਫਿਰ ਧੜੱਲੇਦਾਰ ਡੀ.ਆਈ.ਜੀ. ਸੀ ।
ਆਖ਼ਰ ਡੀ.ਆਈ.ਜੀ. ਨੂੰ ਮੌਕਾ ਲੱਭ ਹੀ ਗਿਆ ਸੀ ।
ਬੰਟੀ ਦੇ ਕਤਲ ਦੀ ਇਤਲਾਹ ਮਿਲਦਿਆਂ ਹੀ ਉਸ ਨੇ ਸ਼ਹਿਰ ਵਾਇਰਲੈੱਸ ਕਰਵਾ ਦਿੱਤੀ ।
ਸਵੇਰੇ ਉਹ ਮੌਕਾ ਦੇਖਣ ਆਏਗਾ । ਲੋਕਕਚਹਿਰੀ ਵੀ ਲੱਗੇਗੀ । ਕਈ ਮੀਟਿੰਗਾਂ ਹੋਣਗੀਆਂ ।
ਪਬਲਿਕ ਦੀ ਅਲੱਗ, ਸਿਆਸੀ ਨੇਤਾਵਾਂ ਦੀ ਅਲੱਗ ਅਤੇ ਸ਼ਹਿਰੀ ਪਤਵੰਤਿਆਂ ਦੀ ਅਲੱਗ ।
ਹੁਣ ਡਿਪਟੀ 'ਤੇ ਹਮਲਾ ਕਰਨ ਦੀ ਨੰਬਰਦਾਰ ਦੀ ਵਾਰੀ ਸੀ । ਉਸ ਨੇ ਲੋਕਾਂ ਨੂੰ ਬਥੇਰਾ ਰੁਪਿਆ ਖਵਾਇਆ ਸੀ । ਹਰ ਪਾਰਟੀ ਦੇ ਨੇਤਾ ਉਸ ਦੀ ਹਾਜ਼ਰੀ ਭਰਦੇ ਹਨ । ਉਹ ਹਰ ਤਬਕੇ ਵਿਚਲੇ ਆਪਣੇ ਬੰਦਿਆਂ ਨੂੰ ਹੁਸ਼ਿਆਰ ਕਰੇ । ਨਿਰਭੈ ਸਿੰਘ ਕੋਲ ਉਸ ਡਿਪਟੀ ਖ਼ਿਲਾਫ਼ ਝੂਠੀਆਂ ਸੱਚੀਆਂ ਸ਼ਿਕਾਇਤਾਂ ਕਰਨ ।
ਡੀ.ਆਈ.ਜੀ. ਕੋਲ ਡਿਪਟੀ ਨੂੰ ਧਮਕਾਉਣ ਲਈ ਕੁਝ ਹੀ ਸ਼ਿਕਾਇਤਾਂ ਕਾਫ਼ੀ ਸਨ । ਬਾਕੀ ਉਹ ਆਪੇ ਦੇਖ ਲਏਗਾ ।
ਨੰਬਰਦਾਰ ਨੂੰ ਸ਼ਹਿਰ ਭੇਜ ਕੇ ਡੀ.ਆਈ.ਜੀ. ਸ਼ਹਿਰ ਦੇ ਟੂਰ ਦੀਆਂ ਤਿਆਰੀਆਂ ਕਰਨ ਲੱਗਾ ।
19
ਸਮਾਂ ਘੱਟ ਹੋਣ ਕਾਰਨ ਡੀ.ਆਈ.ਜੀ. ਦੇ ਦੌਰੇ ਦੀ ਖ਼ਬਰ ਪਿੰਡਪਿੰਡ ਨਹੀਂ ਸੀ ਪਹੁੰਚਾਈ ਜਾ ਸਕੀ । ਕੇਵਲ ਸ਼ਹਿਰ ਵਿਚ ਹੀ ਢੰਡੋਰਾ ਪਿਟਾਇਆ ਗਿਆ ਸੀ । ਆਮ ਲੋਕਾਂ ਨੂੰ ਬੀ.ਡੀ.ਓ. ਦਫ਼ਤਰ ਅਤੇ ਪਤਵੰਤੇ ਸੱਜਣਾਂ ਨੂੰ ਰੈਸਟ ਹਾਊਸ ਵਿਖੇ ਇਕੱਠੇ ਹੋਣ ਲਈ ਆਖਿਆ ਗਿਆ ਸੀ ।
ਥਾਣੇ ਵਾਲੇ ਚਾਹੁੰਦੇ ਸਨ ਕਿ ਡੀ.ਆਈ.ਜੀ. ਪਹਿਲਾਂ ਮੌਕਾ ਦੇਖ ਲਏ । ਉਥੇ ਬਹੁਤ ਸਾਰੇ ਤਮਾਸ਼ਬੀਨ ਇਕੱਠੇ ਹੋਏਹੋਏ ਸਨ । ਅਮਨ ਬਹਾਲ ਰੱਖਣ ਲਈ ਅਤੇ ਅਫ਼ਸਰਾਂ ਨੂੰ ਕਿਸੇ ਖ਼ਤਰੇ ਤੋਂ ਬਚਾਈ ਰੱਖਣ ਲਈ ਉਥੇ ਬਹੁਤ ਸਾਰੀ ਫ਼ੋਰਸ ਲਾਈ ਗਈ ਸੀ । ਇਕ ਵਾਰ ਮੌਕਾ ਦੇਖਣ ਦਾ ਕੰਮ ਮੁੱਕ ਜਾਏ ਤਾਂ ਉਹ ਫ਼ੋਰਸ ਵਿਹਲੀ ਹੋ ਸਕਦੀ ਸੀ । ਉਸੇ ਫ਼ੋਰਸ ਨੂੰ ਪਿੱਛੋਂ ਡੀ.ਆਈ.ਜੀ. ਦੀ ਸਕਿਉਰਿਟੀ ਲਈ ਵਰਤਿਆ ਜਾ ਸਕਦਾ ਸੀ ।
ਡੀ.ਆਈ.ਜੀ. ਮੌਕੇ 'ਤੇ ਜਾਣ ਤੋਂ ਪਹਿਲਾਂ ਕੁਝ ਮੀਟਿੰਗਾਂ ਕਰ ਲੈਣਾ ਚਾਹੁੰਦਾ ਸੀ । ਉਸ ਨੇ ਆਪਣੇ ਜ਼ਿਹਨ ਵਿਚ ਇਕ ਯੋਜਨਾ ਬਣਾਈ ਹੋਈ ਸੀ । ਉਸੇ ਮੁਤਾਬਕ ਚੱਲ ਕੇ ਉਸ ਦਾ ਇਥੇ ਆਉਣ ਦਾ ਮਕਸਦ ਹੱਲ ਹੋਣਾ ਸੀ ।
ਬੀ.ਡੀ.ਓ. ਦਫ਼ਤਰ ਵਿਚ ਲੋਕ ਤਾਂ ਬਥੇਰੇ ਸਨ । ਸ਼ਿਕਾਇਤਾਂ ਵੀ ਧੜਾਧੜ ਕਰ ਰਹੇ ਸਨ, ਪਰ ਜਿਹੜੀ ਸ਼ਿਕਾਇਤ ਨਿਰਭੈ ਸਿੰਘ ਸੁਣਨਾ ਚਾਹੁੰਦਾ ਸੀ, ਉਹ ਕਿਸੇ ਦੇ ਮੂੰਹੋਂ ਵੀ ਨਹੀਂ ਸੀ ਨਿਕਲ ਰਹੀ । ਕੋਈ ਆਪਣੇ ਖੁੱਸੇ ਕਬਜ਼ੇ ਦੇ ਰੋਣੇ ਰੋ ਰਿਹਾ ਸੀ, ਕੋਈ ਕਿਸੇ ਵੱਲੋਂ ਦੱਬੇ ਪੈਸਿਆਂ ਦੇ ਅਤੇ ਕੋਈ ਢਾਹੇ ਗਏ ਖਾਲ ਦੇ । ਕੋਈ ਟਾਵਾਂਟੱਲਾ ਪੁਲਿਸ ਖ਼ਿਲਾਫ਼ ਵੀ ਬੋਲਦਾ ਸੀ । ਫਲਾਣੇ ਹੌਲਦਾਰ ਨੇ ਨਾਲੇ ਉਸ ਨੂੰ ਕੁੱਟਿਆ, ਨਾਲੇ ਉਸ ਦੀ ਘੜੀ ਲਾਹ ਲਈ । ਫਲਾਣੇ ਸਿਪਾਹੀ ਨੇ ਉਸ ਨੂੰ ਤਾਂ ਦੋ ਦਿਨ ਥਾਣੇ ਬਿਠਾਈ ਰੱਖਿਆ, ਪਿੱਛੋਂ ਦੂਜੀ ਪਾਰਟੀ ਨੇ ਉਸ ਦੀ ਜਗ੍ਹਾ 'ਚ ਕੰਧ ਕੱਢ ਲਈ । ਨਿਰਾਸ਼ ਹੋਇਆ ਡੀ.ਆਈ.ਜੀ. ਸ਼ਿਕਾਇਤਾਂ ਨੋਟ ਕਰਦਾ ਰਿਹਾ ।
ਲੋਕ ਪੁਲਿਸ ਦੇ ਖ਼ਿਲਾਫ਼ ਖੁੱਲ੍ਹ ਕੇ ਕਿ ਨਹੀਂ ਬੋਲਦੇ ? ਇਸ ਦਾ ਕਾਰਨ ਉਸ ਨੂੰ ਸਿਰਾਂ 'ਤੇ ਖੜੀ ਪੁਲਸੀਆਂ ਦੀ ਡਾਰ ਨਜ਼ਰ ਆਈ । ਕਿਸ ਦਾ ਸਿਰ ਭਵਿਆਂ ਕਿ ਕੋਲ ਖੜੇ ਪੁਲਸੀਏ ਦੇ ਖ਼ਿਲਾਫ਼ ਹੀ ਸ਼ਿਕਾਇਤ ਕਰ ਦੇਵੇ । ਡੀ.ਆਈ.ਜੀ. ਨੇ ਤਾਂ ਤੁਰ ਜਾਣਾ । ਪਿੱਛੋਂ ਅਗਲੇ ਨੇ ਸ਼ਿਕਾਇਤੀ ਦੇ ਹੱਡਾਂ ਵਿਚ ਰਾਧ ਪਾ ਦੇਣੀ । ਆਪ ਕੁਝ ਨਾ ਕੀਤਾ ਤਾਂ ਆਪਣੇ ਕਿਸੇ ਚਮਚੇ ਤੋਂ ਛਿੱਤਰ ਲਗਵਾ ਦੇਣੇ ਨੇ । ਸ਼ਿਕਾਇਤ ਕਰਕੇ ਸਗੋਂ ਲੈਣੇ ਦੇ ਦੇਣੇ ਪੈ ਸਕਦੇ ਸਨ ।
ਜਦੋਂ ਨਿਰਭੈ ਸਿੰਘ ਐਸ.ਐਚ.ਓ. ਸੀ ਤਾਂ ਉਹ ਵੀ ਇਸ ਹੀ ਤਰ੍ਹਾਂ ਕਰਿਆ ਕਰਦਾ ਸੀ ।
ਅਜਿਹੇ ਮੌਕਿਆਂ 'ਤੇ ਆਪਣੇ ਵਿਰੋਧੀਆਂ ਨੂੰ ਪਹਿਲਾਂ ਹੀ ਬੈਰਕਾਂ ਵਿਚ ਤਾੜ ਦਿਆ ਕਰਦਾ ਸੀ । ਇਥੇ ਵੀ ਇੰਝ ਹੀ ਹੋਇਆ ਹੋਣਾ ।
ਉਸ ਨੇ ਹਾਜ਼ਰ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਮੀਟਿੰਗ ਵਿਚੋਂ ਬਾਹਰ ਭੇਜ ਦਿੱਤਾ । ਪੱਲੇ ਫੇਰ ਵੀ ਕੁਝ ਨਾ ਪਿਆ । ਇਹ ਤਾਂ ਹੋ ਨਹੀਂ ਸਕਦਾ ਕਿ ਨੰਬਰਦਾਰ ਆਪਣੇ ਹੱਕ ਦਾ ਇਕ ਵੀ ਬੰਦਾ ਇਥੇ ਨਾ ਭੇਜ ਸਕਿਆ ਹੋਵੇ । ਡਿਪਟੀ ਨੂੰ ਸੂਹ ਲੱਗ ਗਈ ਹੋਣੀ । ਨੰਬਰਦਾਰ ਦੇ ਬੰਦੇ ਜਾਂ ਫੜ ਲਏ ਗਏ ਹੋਣੇ ਹਨ ਜਾਂ ਡੰਡੇ ਮਾਰਮਾਰ ਇਥੋਂ ਭਜਾ ਦਿੱਤੇ ਹੋਣਗੇ ।
ਨਿਰਭੈ ਸਿੰਘ ਹਿੰਮਤ ਹਾਰਨ ਵਾਲਾ ਨਹੀਂ ਸੀ । ਇਸ ਮੀਟਿੰਗ ਵਿਚੋਂ ਕੁਝ ਨਾ ਮਿਲਿਆ ਤਾਂ ਪਤਵੰਤੇ ਸੱਜਣਾਂ ਵਿਚੋਂ ਕੁਝ ਜ਼ਰੂਰ ਮਿਲ ਜਾਏਗਾ । ਪਤਵੰਤੇ ਤਾਂ ਡਿਪਟੀ ਤੋਂ ਡਰਨ ਨਹੀਂ ਲੱਗੇ । ਡਿਪਟੀ ਦਾ ਕੀ ? ਅੱਜ ਇਥੇ ਤਾਂ ਕੱਲ੍ਹ ਉਥੇ । ਨੰਬਰਦਾਰ ਨੇ ਤਾਂ ਹਮੇਸ਼ਾ ਇਥੇ ਹੀ ਰਹਿਣਾ । ਕਿਸੇ ਨੇ ਗਊਸ਼ਾਲਾ ਲਈ ਚੰਦਾ ਲੈਣਾ ਹੁੰਦਾ , ਕਿਸੇ ਨੇ ਡਰਾਮਾ ਕਲੱਬ ਲਈ ਅਤੇ ਕਿਸੇ ਨੇ ਇਲੈਕਸ਼ਨ ਲਈ । ਉਹ ਨੰਬਰਦਾਰ ਨੂੰ ਨਾਰਾਜ਼ ਨਹੀਂ ਕਰਨਗੇ ।
ਇਕੱਠ ਵਿਚੋਂ ਕੁਝ ਬੰਦੇ ਡੀ.ਆਈ.ਜੀ. ਨਾਲ ਅਲੱਗਅਲੱਗ ਗੱਲ ਕਰਨਾ ਚਾਹੁੰਦੇ ਸਨ ।
ਡੀ.ਆਈ.ਜੀ. ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ । ਉਸ ਨੂੰ ਤਾਂ ਆਦੇ ਹੀ ਇਹ ਐਲਾਨ ਕਰ ਦੇਣਾ ਚਾਹੀਦਾ ਸੀ ਕਿ ਜੇ ਕਿਸੇ ਨੇ ਗੁਪਤ ਮੁਖ਼ਬਰੀ ਦੇਣੀ ਜਾਂ ਕਿਸੇ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਕਰਨੀ ਤਾਂ ਉਸ ਨੂੰ ਇਕੱਲਿਆਂ ਮਿਲ ਸਕਦਾ ।
ਇਕੱਲੇ ਮਿਲਣ ਤੋਂ ਡਿਪਟੀ ਨੂੰ ਕਦੋਂ ਇਨਕਾਰ ਸੀ ? ਉਹ ਡੈਪੂਟੇਸ਼ਨ ਨੂੰ ਦੂਜੇ ਕਮਰੇ ਵਿਚ ਲੈ ਗਿਆ । ਨਿਰਭੈ ਸਿੰਘ ਨੂੰ ਆਸ ਸੀ ਜ਼ਰੂਰ ਇਹ ਨੰਬਰਦਾਰ ਦੇ ਬੰਦੇ ਹੋਣਗੇ । ਇਸ ਵਾਰ ਉਸ ਨੇ ਰੀਡਰ ਨੂੰ ਵੀ ਬਾਹਰ ਭੇਜ ਦਿੱਤਾ । ਸ਼ਿਕਾਇਤਾਂ ਦੇ ਨੋਟਿਸ ਲੈਣ ਲਈ ਉਸ ਨੇ ਕਾਪੀ ਪੈਨਸਲ ਆਪ ਸੰਭਾਲ ਲਈ ।
ਇਹ ਤਾਂ ਕਾਮਰੇਡਾਂ ਦਾ ਟੋਲਾ ਸੀ । ਇਹ ਨੰਬਰਦਾਰ ਦੀ ਬੋਲੀ ਨਹੀਂ ਸੀ ਬੋਲ ਰਹੇ । ਉਸ ਦੇ ਉਲਟ ਬੋਲ ਰਹੇ ਸਨ । ਹੌਲਦਾਰਾਂ, ਸਿਪਾਹੀਆਂ ਤੋਂ ਲੈ ਕੇ ਇੰਸਪੈਕਟਰ ਤਕ ਸਭ 'ਤੇ ਦੋਸ਼ ਲਾ ਰਹੇ ਸਨ । ਸ਼ਹਿਰ ਵਿਚ ਸੱਟੇਬਾਜ਼ ਹਨ, ਰੰਡੀਆਂ ਹਨ ਅਤੇ ਜੂਆ ਘਰ ਹਨ । ਨਾਜਾਇਜ਼ ਸ਼ਰਾਬ ਵਿਕਦੀ । ਅਫ਼ੀਮ ਅਤੇ ਡੋਡਿਆਂ ਦੇ ਟਰੱਕ ਆਮ ਆਦੇ ਹਨ । ਸ਼ਾਮ ਨੂੰ ਅੱਧੀ ਪੁਲਿਸ ਸੱਟੇਬਾਜ਼ਾਂ ਦੇ ਘਰ ਹੁੰਦੀ ਤੇ ਬਾਕੀ ਜੂਏਬਾਜ਼ਾਂ ਦੇ । ਰੰਡੀਆਂ ਥਾਣੇ ਬੈਠੀਆਂ ਰਹਿੰਦੀਆਂ ਹਨ ।
ਥਾਣੇਦਾਰ ਬਰਾਬਰ ਕੁਰਸੀ ਦਿੰਦੇ ਹਨ । ਉਹਨਾਂ ਦੀ ਲੋਕਾਂ ਦੇ ਨੁਮਾਇੰਦਿਆਂ ਨਾਲੋਂ ਵੱਧ ਚੱਲਦੀ । ਸਭ ਤਰ੍ਹਾਂ ਦੇ ਨਾਜਾਇਜ਼ ਧੰਦਿਆਂ ਵਿਚ ਪੁਲਿਸ ਦਾ ਹਿੱਸਾ । ਅਫ਼ੀਮ, ਡੋਡੇ ਥਾਣਿ ਮੁੱਲ ਮਿਲਦੇ ਹਨ । ਵੀਹ ਬੰਦੇ ਇਹਨਾਂ ਨੇ ਵਗਾਰੀ ਬਣਾ ਕੇ ਥਾਣੇ ਰੱਖੇ ਹੋਏ ਹਨ । ਆਥਣ ਨੂੰ ਉਹਨਾਂ ਨੂੰ ਝੋਲਾ ਡੋਡਿਆਂ ਦਾ ਦੇ ਦਿੰਦੇ ਹਨ । ਸਾਰਾ ਦਿਨ ਉਹਨਾਂ ਤੋਂ ਇਸੇ ਬਦਲੇ ਕੰਮ ਕਰਾਦੇ ਹਨ । ਪੁਲਿਸ ਖ਼ੁਦ ਲੋਕਾਂ ਨੂੰ ਨਸ਼ਿਆਂ 'ਤੇ ਲਾਉਣ ਲੱਗੇ ਤਾਂ ਜੁਰਮ ਕੌਣ ਰੋਕੇਗਾ ?
ਪੁਲਿਸ ਹੜਤਾਲਾਂ ਵਿਚ ਦਖ਼ਲ ਦਿੰਦੀ । ਧਰਨਾ ਲਾ ਰਹੇ ਮਜ਼ਦੂਰਾਂ ਨੂੰ ਚੁੱਕ ਲਿਜਾਂਦੀ । ਵੱਡੇਵੱਡੇ ਜੁਰਮ ਲਾ ਕੇ ਮਹੀਨਾਮਹੀਨਾ ਉਹਨਾਂ ਦੀ ਜ਼ਮਾਨਤ ਨਹੀਂ ਹੋਣ ਦਿੰਦੀ । ਇਹਨਾਂ ਕੰਮਾਂ ਵਿਚ ਸਰਮਾਏਦਾਰਾਂ ਤੋਂ ਨੋਟ ਵਸੂਲ ਕਰਦੀ ।
ਇਕ ਵੱਡੀ ਸਾਰੀ ਲਿਸਟ ਉਹਨਾਂ ਪੜ੍ਹ ਕੇ ਸੁਣਾਈ, ਜਿਸ ਵਿਚ ਦਰਜ ਸੀ ਕਿ ਕਿਸ ਪੁਲਸੀਏ ਨੇ ਕਿਸ ਤੋਂ ਕਿੰਨੇ ਪੈਸੇ ਲਏ ।
ਉਸ ਵਿਚ ਸਭ ਦੇ ਨਾਂ ਸੀ । ਇਕੋ ਨਾਂ ਨਹੀਂ ਸੀ ਜਿਸ ਦੀ ਡੀ.ਆਈ.ਜੀ. ਨੂੰ ਜ਼ਰੂਰਤ ਸੀ । ਉਸ ਨੂੰ ਮਹਿਸੂਸ ਹੋਇਆ, ਇਹ ਟੋਲਾ ਡਿਪਟੀ ਦਾ ਭੇਜਿਆ ਹੋਇਆ ।
''ਤੁਸੀਂ ਇਹ ਲਿਸਟ ਡਿਪਟੀ ਨੂੰ ਦੇਣੀ ਸੀ ''
''ਉਹ ਕਿਹੜਾ ਭਲਾਮਾਣਸ .....ਉਹਨਾਂ ਦਾ ਵੀ ਗੁਰੂ .....ਉਸ ਕੋਲ ਵੀ ਸ਼ਿਕਾਇਤਾਂ ਕੀਤੀਆਂ ਸਨ । ਕਦੇ ਕੋਈ ਕਾਰਵਾਈ ਨਹੀਂ ਹੋਈ....ਮੁਲਾਜ਼ਮਾਂ ਤੋਂ ਆਪਣਾ ਹਿੱਸਾ ਲੈ ਕੇ ਚੁੱਪ ਕਰ ਜਾਂਦੇ ।''
''ਉਸ ਦੇ ਖ਼ਿਲਾਫ਼ ਤੁਹਾਡੇ ਕੋਲ ਕੋਈ ਸਬੂਤ ਹਨ ?''
''ਸਬੂਤ ਉਹ ਬਾਕੀ ਛੱਡਦਾ ਹੀ ਨਹੀਂ । ਉਸ ਦੇ ਦਲਾਲ ਵੱਡੇਵੱਡੇ ਸੇਠ ਜਾਂ ਜਗੀਰਦਾਰ ਹਨ । ਉਹਨਾਂ ਤਕ ਸਾਡੇ ਕਾਮਰੇਡਾਂ ਦੀ ਪਹੁੰਚ ਨਹੀਂ.....। ਅਜਿਹੇ ਦੱਲੇ ਕਿਸੇ ਖ਼ਿਲਾਫ਼ ਮੂੰਹ ਵੀ ਨਹੀਂ ਖੋਲ੍ਹਦੇ ।.....ਸਬੂਤ ਕਿਥੋਂ ਇਕੱਠੇ ਕਰੀਏ ?''
ਨਿਰਭੈ ਸਿੰਘ ਨੇ ਕਾਮਰੇਡਾਂ ਨੂੰ ਪੂਰੀ ਤਸੱਲੀ ਦਿਵਾਈ । ਉਹ ਉਹਨਾਂ ਦੀਆਂ ਸ਼ਿਕਾਇਤਾਂ 'ਤੇ ਪੂਰਾ ਗ਼ੌਰ ਕਰੇਗਾ । ਮੁਲਾਜ਼ਮਾਂ ਦੀਆਂ ਫੀਤੀਆਂ ਲਾਹੇਗਾ, ਡਿਸਮਿਸ ਕਰੇਗਾ । ਉਹ ਡੀ.ਆਈ.ਜੀ. ਨੂੰ ਸਹਿਯੋਗ ਦੇਣ । ਜੇ ਇਹਨਾਂ ਦੇ ਗੁਰੂ ਡਿਪਟੀ ਖ਼ਿਲਾਫ਼ ਠੋਸ ਸਬੂਤ ਮਿਲ ਜਾਣ ਤਾਂ ਛੋਟੇ ਮੁਲਾਜ਼ਮਾਂ ਦਾ ਆਪੇ ਹੌਸਲਾ ਢਹਿ ਜਾਏ । ਉਹ ਰਿਸ਼ਵਤਖ਼ੋਰੀ ਨੂੰ ਉਪਰੋਂ ਖ਼ਤਮ ਕਰਨ ਦੇ ਹੱਕ ਵਿਚ ਸੀ ।
ਇਕ ਸੰਖੇਪ ਜਿਹਾ ਭਾਸ਼ਣ ਝਾੜ ਕੇ ਕਾਮਰੇਡਾਂ ਨੂੰ ਡਿਪਟੀ ਖ਼ਿਲਾਫ਼ ਸਬੂਤ ਇਕੱਠੇ ਕਰਨ ਦੇ ਆਹਰ ਲਾ ਕੇ ਡੀ.ਆਈ.ਜੀ. ਪਤਵੰਤੇ ਸੱਜਣਾਂ ਦੀ ਮੀਟਿੰਗ ਲੈਣ ਲਈ ਜੀਪ ਵਿਚ ਜਾ ਬੈਠਾ ।
ਰੈਸਟ ਹਾਊਸ ਵੱਲ ਜਾਂਦਾ ਡੀ.ਆਈ.ਜੀ. ਸੋਚ ਰਿਹਾ ਸੀ ਕਿ ਨੰਬਰਦਾਰ ਡਿਪਟੀ ਖ਼ਿਲਾਫ਼ ਬੰਦੇ ਖੜੇ ਕਰਨ ਵਿਚ ਕਾਮਯਾਬ ਨਹੀਂ ਹੋ ਸਕਿਆ ਹੋਣਾ । ਡਿਪਟੀ ਆਖ਼ਿਰ ਤੇ ਥਾਣਿਆਂ ਦਾ ਮਾਲਕ । ਅੱਜਕੱਲ੍ਹ ਪੁਲਿਸ ਨੂੰ ਪੂਰੇ ਅਖ਼ਤਿਆਰ ਹਨ, ਜਿਸ ਨੂੰ ਮਰਜ਼ੀ ਦਹਿਸ਼ਤਗਰਦ ਆਖ ਕੇ ਗੋਲੀ ਮਾਰ ਦਿਓ । ਕੋਈ ਬਹੁਤ ਵੱਡੇ ਗੁਰਦੇ ਵਾਲਾ ਹੀ ਡਿਪਟੀ ਦੇ ਖ਼ਿਲਾਫ਼ ਬੋਲ ਸਕਦਾ , ਉਹ ਜਿਸ ਨੇ ਆਪਣੀ ਜਾਨ ਤਲੀ 'ਤੇ ਧਰ ਲਈ ਹੋਵੇ ।
ਜਿਵੇਂ ਕਿਸੇ ਜ਼ਮਾਨੇ 'ਚ ਕਾਮਰੇਡ ਬਸੰਤ ਨੇ ਧਰੀ ਸੀ । ਉਸ ਨੇ ਭਰੀ ਮਹਿਫ਼ਲ ਵਿਚ ਨਿਰਭੈ ਸਿੰਘ 'ਤੇ ਦੋਸ਼ ਲਾਏ ਸਨ ਅਤੇ ਉਸ ਦੀ ਬੇਇੱਜ਼ਤੀ ਕੀਤੀ ਸੀ ।
ਉਹਨੀਂ ਦਿਨੀਂ ਨਿਰਭੈ ਸਿੰਘ ਡਿਪਟੀ ਸੀ ਅਤੇ ਨਕਸਲਬਾੜੀ ਲਹਿਰ ਜ਼ੋਰਾਂ 'ਤੇ ਸੀ । ਬਸੰਤ ਥੋੜ੍ਹਾਥੋੜ੍ਹਾ ਉਹਨਾਂ 'ਚ ਪੈਰ ਧਰਨ ਲੱਗਾ ਸੀ । ਪੁਲਿਸ ਨੇ ਮੂਮਾਂ ਪਿੰਡ ਦੇ ਇਕ ਖ਼ਤਰਨਾਕ ਨਕਸਲੀਏ ਬੇਅੰਤ ਨੂੰ ਮਾਰਿਆ ਸੀ । ਆਈ.ਜੀ. ਮੌਕਾ ਦੇਖਣ ਆਇਆ ਸੀ । ਸਾਰਿਆਂ ਸਾਹਮਣੇ ਬਸੰਤ ਡਿਪਟੀ ਖ਼ਿਲਾਫ਼ ਬਕਣ ਲੱਗਾ ।
''ਥੋਡਾ ਇਹ ਡਿਪਟੀ ਸਾਰਾ ਦਿਨ ਸ਼ਰਾਬੀ ਰਹਿੰਦਾ । ਭਾਵੇਂ ਇਸ ਵਕਤ ਮੁਆਇਨਾ ਕਰਾ ਕੇ ਦੇਖ ਲਓ, ਉਹ ਸ਼ਰਾਬੀ ਨਿਕਲੇਗਾ । ਨਸ਼ੇ 'ਚ ਧੁੱਤ ਇਸ ਡਿਪਟੀ ਨੂੰ ਚੰਗੇਮਾੜੇ ਦੀ ਪਛਾਣ ਨਹੀਂ ਰਹਿੰਦੀ । ਨੌਜਵਾਨ ਮੁੰਡਿਆਂ ਨੂੰ ਪੁਲਿਸ ਮੁਕਾਬਲੇ ਬਣਾਬਣਾ ਖ਼ਤਮ ਕਰਨ ਦੇ ਹੁਕਮ ਦਿੰਦਾ ਰਹਿੰਦਾ । ਬੇਅੰਤ ਪੁਲਿਸ ਮੁਕਾਬਲੇ ਵਿਚ ਨਹੀਂ ਮਰਿਆ, ਉਸ ਨੂੰ ਪਹਿਲਾਂ ਫੜਿਆ ਗਿਆ, ਤਸੀਹੇ ਦਿੱਤੇ ਗਏ ਅਤੇ ਫੇਰ ਮਾਰਿਆ ਗਿਆ ।''
ਉਸ ਵਕਤ ਤਾਂ ਨਿਰਭੈ ਸਿੰਘ ਨੇ ਚੁੱਪ ਕਰ ਕੇ ਆਈ.ਜੀ. ਦੀਆਂ ਝਿੜਕਾਂ ਖਾ ਲਈਆਂ, ਪਰ ਉਸ ਦੇ ਅੰਦਰ ਓਨਾ ਚਿਰ ਵਿਸ਼ ਘੁਲਦਾ ਰਿਹਾ, ਜਿੰਨਾ ਚਿਰ ਬਸੰਤ ਨੂੰ ਉਸ ਨੇ ਟਿਕਾਣੇ ਨਾ ਲਾ ਦਿੱਤਾ ।
ਨਿਰਭੈ ਸਿੰਘ ਨੇ ਇਲਾਕੇ ਦੇ ਸਾਰੇ ਬਦਮਾਸ਼ਾਂ, ਸਮਗੱਲਰਾਂ ਅਤੇ ਥਾਣੇਦਾਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਜਿਥੇ ਮਿਲੇ ਗੋਲੀ ਮਾਰ ਦਿਓ । ਕੋਈ ਉਨ੍ਹਾਂ ਦੀ 'ਵਾ ਵੱਲ ਵੀ ਨਹੀਂ ਝਾਕ ਸਕਦਾ ।
ਡਰਦਾ ਜਦੋਂ ਕੋਈ ਵੀ ਉਸ ਨੂੰ ਹੱਥ ਨਾ ਪਾ ਸਕਿਆ ਤਾਂ ਨਿਰਭੈ ਨੂੰ ਖ਼ੂਦ ਹੀ ਹੂਲਾ ਫੱਕਣਾ ਪਿਆ ।
ਪੰਜਚਾਰ ਪੁਰਾਣੀਆਂ ਮਿਸਲਾਂ ਵਿਚ ਉਸ ਨੂੰ ਮੁਜਰਮ ਨਾਮਜ਼ਦ ਕੀਤਾ । ਨਵੇਂ ਦਰਜ ਹੁੰਦੇ ਮੁਕੱਦਮਿਆਂ ਵਿਚ ਉਸ ਨੂੰ ਮੌਕੇ 'ਤੇ ਹਾਜ਼ਰ ਦਿਖਾਇਆ । ਭਗੌੜਾ ਕਰਾਰ ਦੇ ਕੇ ਸਰਕਾਰ ਤੋਂ ਉਸ ਦੇ ਸਿਰ 'ਤੇ ਇਨਾਮ ਰਖਵਾ ਦਿੱਤਾ ।
ਖ਼ੂੰਖ਼ਾਰ ਨਕਸਲੀਏ ਦਾ ਬਿੰਬ ਬਣਾ ਕੇ ਬਸੰਤ ਨੂੰ ਫੜਿਆ ਅਤੇ ਪੁਲਿਸ ਮੁਕਾਬਲਾ ਬਣਾ ਕੇ ਫੁੰਡ ਦਿੱਤਾ ।
ਨਿਰਭੈ ਦੀ ਇਸ ਬਹਾਦਰੀ ਦੇ ਕਿੱਸੇ ਅਖ਼ਬਾਰਾਂ ਵਿਚ ਛਪੇ । ਮਾਣਸਨਮਾਨ ਮਿਲੇ । ਭਾਵੇਂ ਉਹ ਦਰਜਨ ਡਿਪਟੀਆਂ ਤੋਂ ਜੂਨੀਅਰ ਸੀ ਫੇਰ ਵੀ ਉਸੇ ਬਹਾਦਰੀ ਦੀ ਬਦੌਲਤ ਉਸ ਨੂੰ ਡਿਪਟੀ ਕਨਫ਼ਰਮ ਕਰ ਦਿੱਤਾ ਗਿਆ । ਉਸੇ ਬਹਾਦਰੀ ਦੀ ਬਦੌਲਤ ਉਹ ਅੱਜ ਡੀ.ਆਈ.ਜੀ. । ਉਸ ਨਾਮ ਦੇ ਮਸਾਂ ਐਸ.ਪੀ. ਬਣ ਸਕੇ ਹਨ ।
ਬਸੰਤ ਦੇ ਮਰਨ ਨਾਲ ਲੋਕਾਂ ਵਿਚ ਪੁਲਿਸ ਦੀ ਅਜਿਹੀ ਦਹਿਸ਼ਤ ਪਈ ਕਿ ਡਿਪਟੀ ਦੇ ਖ਼ਿਲਾਫ਼ ਤਾਂ ਕਿਸੇ ਨੇ ਕੀ ਬੋਲਣਾ ਸੀ, ਕੋਈ ਸਿਪਾਹੀ ਦੇ ਖ਼ਿਲਾਫ਼ ਵੀ ਸਾਹ ਨਹੀਂ ਸੀ ਕੱਢਦਾ ।
ਨੌਨਿਹਾਲ ਕਿਹੜਾ ਕਿਸੇ ਤੋਂ ਘੱਟ ਸੀ ? ਉਹ ਵੀ ਕਿਸੇ ਨੂੰ ਕੁਸਕਣ ਨਹੀਂ ਦੇਵੇਗਾ । ਇਸ ਲਈ ਨਿਰਭੈ ਸਿੰਘ ਨੂੰ ਲੱਗਦਾ ਸੀ ਡਿਪਟੀ ਨੂੰ ਝਾੜਾਂ ਪਾਉਣ ਲਈ ਉਸ ਨੂੰ ਖ਼ੁਦ ਹੀ ਕੋਈ ਬਹਾਨਾ ਘੜਨਾ ਪਏਗਾ ।
ਪਤਵੰਤੇ ਸੱਜਣਾਂ ਤੋਂ ਨਿਰਭੈ ਨੂੰ ਕੋਈ ਬਹੁਤੀ ਆਸ ਨਹੀਂ ਸੀ । ਉਹ ਤਾਂ ਕਿਸੇ ਚਪੜਾਸੀ ਤਕ ਦੀ ਸ਼ਿਕਾਇਤ ਨਹੀਂ ਕਰਦੇ । ਡਿਪਟੀ ਤਾਂ ਬਹੁਤ ਵੱਡੀ ਪੋਸਟ । ਮੀਟਿੰਗ ਵਿਚ ਆਉਣ ਦਾ ਉਹਨਾਂ ਦਾ ਮਕਸਦ ਤਾਂ ਅਫ਼ਸਰਾਂ ਨਾਲ ਹੱਥ ਮਿਲਾਉਣਾ, ਜਾਣਪਹਿਚਾਣ ਕਾਇਮ ਕਰਨਾ ਅਤੇ ਆਪਣੇ ਰੁਤਬੇ ਦਾ ਦਿਖਾਵਾ ਕਰਨਾ ਹੁੰਦਾ । ਨਾ ਪੁਲਿਸ ਉਹਨਾਂ ਨੂੰ ਨਰਾਜ਼ ਕਰ ਸਕਦੀ , ਨਾ ਹੀ ਉਹ ਪੁਲਿਸ ਨੂੰ । ਪੁਲਿਸ ਨੇ ਅਚਾਨਕ ਪਈਆਂ ਵਗਾਰਾਂ ਇਹਨਾਂ ਸਿਰੋਂ ਹੀ ਪੂਰੀਆਂ ਕਰਨੀਆਂ ਹੁੰਦੀਆਂ ਹਨ । ਕਦੇ ਅਫ਼ਸਰਾਂ ਨੂੰ ਕਣਕ ਭੇਜਣੀ ਹੁੰਦੀ , ਕਦੇ ਕਾਰ ਅਤੇ ਕਦੇ ਵਿਆਹਸ਼ਾਦੀ ਲਈ ਮੁਰਗ ਮੁਸੱਲਮ । ਪਤਵੰਤੇ ਸੱਜਣ ਇਹੋ ਜਿਹੇ ਕੰਮ ਖਿੜੇਮੱਥੇ ਕਰਦੇ ਹਨ ।
ਕਾਰ ਵੀ ਦਿੰਦੇ ਹਨ, ਡਰਾਈਵਰ ਵੀ ਅਤੇ ਤੇਲ ਵੀ । ਲੋੜ ਪਏ ਤਾਂ ਰਸਤੇ ਦਾ ਰਾਸ਼ਨਪਾਣੀ ਵੀ । ਕੋਈ ਵੱਡੀ ਵਗਾਰ ਪੈ ਜਾਏ ਤਾਂ ਕਿਹੜਾ ਪਿੱਠ ਦਿਖਾਦੇ ਹਨ । ਕਈ ਐਸੋਸੀਏਸ਼ਨਾਂ ਬਣਾ ਰੱਖੀਆਂ ਹਨ । ਸ਼ੈਲਰਾਂ ਵਾਲਿਆਂ ਦੀ ਐਸੋਸੀਏਸ਼ਨ, ਕਪਾਹ ਦੇ ਕਾਰਖ਼ਾਨੇਦਾਰਾਂ ਦੀ ਅੇਸੋਸੀਏਸ਼ਨ ਅਤੇ ਲੋਹੇ ਵਾਲਿਆਂ ਦੀ ਐਸੋਸੀਏਸ਼ਨ । ਹਰ ਸੰਸਥਾ ਕੋਲ ਲੱਖਾਂ 'ਚ ਫੰਡ ਪਏ ਹਨ । ਉਥੋਂ ਪੈਸੇ ਭੇਜ ਦਿੰਦੇ ਹਨ ।
ਪੁਲਿਸ ਵੀ ਉਹਨਾਂ ਦੇ ਬਥੇਰੇ ਬੁੱਤੇ ਸਾਰਦੀ । ਮਹੀਨੇ 'ਚ ਇਕ ਗੇੜਾ ਕਾਰਖ਼ਾਨੇ ਮਾਰਨ ਨਾਲ ਹੀ ਲੇਬਰ 'ਤੇ ਰੋਹਬ ਪਿਆ ਰਹਿੰਦਾ । ਪੁਲਿਸ ਅਫ਼ਸਰ ਨੂੰ ਵੀ ਗੇੜਾ ਮਾੜਾ ਨਹੀਂ ਰਹਿੰਦਾ ।
ਨਾਲੇ ਬੈਠ ਕੇ ਖਾਓਪੀਓ, ਨਾਲੇ ਆਦੇ ਹੋਏ ਕੋਈ ਨਾ ਕੋਈ ਗਿਫ਼ਟ ਲੈ ਆਓ । ਲੇਬਰ 'ਤ ਡੰਡਾ ਪਰੇਡ ਕਰਨ ਦੀ ਜ਼ਰੂਰਤ ਤਾਂ ਕਦੇਕਦੇ ਹੀ ਪੈਂਦੀ । ਲੇਬਰ ਡਰੀ ਰਹੇ, ਕਾਰਖ਼ਾਨੇਦਾਰ ਇਸ ਨਾਲ ਹੀ ਖ਼ੁਸ਼ ਰਹਿੰਦੇ ਹਨ ।
ਪਤਵੰਤੇ ਤਾਂ ਅਫ਼ਸਰਾਂ ਦੀ ਵਧ ਚੜ੍ਹ ਕੇ ਤਾਰੀਫ਼ ਹੀ ਕਰਨਗੇ । ਨਿਰਭੈ ਸਿੰਘ ਅੱਜ ਤਾਰੀਫ਼ ਸੁਣਨ ਦੇ ਮੂਡ ਵਿਚ ਨਹੀਂ ਸੀ ।
ਨਿਰਭੈ ਸਿੰਘ ਨੇ ਆਪਣਾ ਸਾਰਾ ਧਿਆਨ ਕਾਜੂ ਬਦਾਮਾਂ ਵੱਲ ਹੀ ਲਾਈ ਰੱਖਿਆ । ਉਹਨਾਂ ਦੇ ਮਸ਼ਵਰੇ ਤਾਂ ਉਹੋ ਘਸੇਪਿਟੇ ਸਨ ।
ਉਸ ਦੀ ਆਖ਼ਰੀ ਉਮੀਦ ਯੁਵਾ ਸੰਘ ਸੀ ।
ਸੰਘ ਦਾ ਸਾਰਾ ਨਜ਼ਲਾ ਪਰੀਤਮ ਸਿੰਘ 'ਤੇ ਝੜ ਰਿਹਾ ਸੀ । ਉਹ ਆਖ ਰਹੇ ਸਨ ਕਿ ਪਰੀਤਮ ਕੱਟੜ ਸਿੱਖ । ਉਹ ਸਿੱਖਾਂ ਦੀ ਡਟ ਕੇ ਹਮਾਇਤ ਕਰਦਾ । ਹਿੰਦੂਆਂ ਦੀ ਗੱਲ ਹੀ ਨਹੀਂ ਸੁਣਦਾ ।
ਜੇ ਗੁਰਦੁਆਰੇ ਦੀ ਤਲਾਸ਼ੀ ਪਹਿਲੇ ਹੀ ਦਿਨ ਕਰ ਲਈ ਜਾਂਦੀ ਤਾਂ ਇਹ ਨੌਬਤ ਨਹੀਂ ਸੀ ਆਉਣੀ ।
ਨਾਲੇ ਕਾਤਲ ਫੜੇ ਜਾਣੇ ਸਨ, ਨਾਲੇ ਬੰਟੀ ਦੀ ਜਾਨ ਬਚ ਜਾਣੀ ਸੀ । ਪਰੀਤਮ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਸੀ ।
''ਪ੍ਰੀਤਮ ਤਾਂ ਬੜਾ ਹੋਣਹਾਰ ਪੁਲਿਸ ਅਫ਼ਸਰ । ਉਹ ਤਾਂ ਦਹਿਸ਼ਤਗਰਦਾਂ ਦੀ ਹਿੱਟ ਲਿਸਟ 'ਤੇ । ਜਿਹੜਾ ਇਸ ਸਾਰੇ ਪੁਆੜੇ ਦੀ ਜੜ੍ਹ , ਉਸ ਦੀ ਤੁਸੀਂ ਸ਼ਨਾਖ਼ਤ ਹੀ ਨਹੀਂ ਕਰ ਸਕੇ ।
ਕਰੋ ਵੀ ਕਿਸ ਤਰ੍ਹਾਂ ? ਉਹ ਹੀ ਚਲਾਕ ਲੂੰਬੜੀ ਦੀ ਜਾਤ 'ਚੋਂ ।'' ਕਾਗ਼ਜ਼ ਪੱਤਰ ਫਰੋਲਦੇ ਡੀ.ਆਈ.ਜੀ. ਨੇ ਆਪਣੀ ਕੂਟਨੀਤੀ ਦਾ ਪਹਿਲਾ ਬਾਣ ਛੱਡਿਆ ।
''ਇਹ ਜਿਹੜਾ ਤੁਹਾਡਾ ਡਿਪਟੀ , ਇਹੋ ਜ਼ਹਿਰ ਦੀ ਗੰਦਲ । ਇਸ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਅੰਮਿਰਤਸਰ ਅਤੇ ਗੁਰਦਾਸਪੁਰ ਜ਼ਿਲ੍ਹੇ ਵਿਚ ਹਨ । ਇਸ ਦਾ ਇਕ ਭਤੀਜਾ 'ਬੀ' ਸ਼ਰੇਣੀ ਦਾ ਦਹਿਸ਼ਤਗਰਦ । ਇਸੇ ਨੇ ਉਸ ਨੂੰ ਬਚਾ ਰੱਖਿਆ । ਸਰਕਾਰ ਕੋਲ ਖ਼ੁਫ਼ੀਆ ਰਿਪੋਰਟ ਪੁੱਜੀ ਸੀ ਕਿ ਉਹ ਕਈਕਈ ਦਿਨ ਇਸ ਕੋਲ ਰਹਿ ਕੇ ਜਾਂਦਾ । ਇਹ ਡਿਪਟੀ ਉਸ ਨੂੰ ਸ਼ਰਨ ਦਿੰਦਾ ।''
ਨਿਰਭੈ ਸਿੰਘ ਕੋਈ ਵੀ ਕਸਰ ਬਾਕੀ ਨਹੀਂ ਸੀ ਰਹਿਣ ਦੇਣਾ ਚਾਹੁੰਦਾ ।
ਯੁਵਾ ਸੰਘ ਵਾਲਿਆਂ ਦੀਆਂ ਅੱਖਾਂ ਅੱਗੋਂ ਜਿਵੇਂ ਹਨੇਰਾ ਹਟ ਗਿਆ । ਉਹਨਾਂ ਦਾ ਗੁੱਸਾ ਇਕਦਮ ਅਸਮਾਨ ਛੂਹਣ ਲੱਗਾ ।
''ਬਿਲਕੁਲ ਠੀਕ , ਜਦੋਂ ਦਾ ਇਹ ਆਇਆ , ਨਿੱਤ ਨਵੀਂ ਵਾਰਦਾਤ ਹੋ ਜਾਂਦੀ ।
ਪਹਿਲਾਂ ਧਨੌਲੇ ਵਾਲੀ ਸੜਕ 'ਤੇ ਉਹਨਾਂ ਦੀਸ਼ਾ ਮਾਰਿਆ, ਫੇਰ ਨਿਰੰਕਾਰੀ । ਪਿਛਲੇ ਬੰਦ ਸਮੇਂ ਸੀ.ਆਰ.ਪੀ. ਤੋਂ ਗੋਲੀ ਚਲਵਾ ਕੇ ਦੋ ਹਿੰਦੂ ਮਰਵਾ ਦਿੱਤੇ । ਜ਼ਰੂਰ ਉਸ ਅਤਿਵਾਦੀ ਨੇ, ਇਸ ਦੀ ਸ਼ਹਿ ਨਾਲ ਇਥੇ ਅੱਡੇ ਬਣਾ ਲਏ ਹੋਣਗੇ ।'' ਰਾਮ ਸਰੂਪ ਪਰਧਾਨ ਪਿਛਲੀਆਂ ਘਟਨਾਵਾਂ ਨੂੰ ਡਿਪਟੀ ਨਾਲ ਜੋੜਨ ਲੱਗਾ ।
''ਜਦੋਂ ਕਾਤਲਾਂ ਨੂੰ ਡਿਪਟੀ ਦੀ ਸ਼ਹਿ ਸੀ ਤਾਂ ਉਹ ਫੜੇ ਕਿਥੋਂ ਜਾਂਦੇ । ਅਸੀਂ ਅੱਜ ਹੀ ਸਰਦਾਰ ਜੀ (ਮੁੱਖ ਮੰਤਰੀ) ਨਾਲ ਗੱਲ ਕਰਦੇ ਹਾਂ । ਉਸ ਦਾ ਇਥੋਂ ਫਾਹਾ ਵਢਾਦੇ ਹਾਂ ।'' ਦਰਸ਼ਨ ਮੇਜ 'ਤੇ ਮੁੱਕੀਆਂ ਮਾਰਮਾਰ ਡੀ.ਆਈ.ਜੀ. ਨਾਲ ਸਹਿਮਤੀ ਪਰਗਟਾਉਣ ਲੱਗਾ ।
''ਸਿਆਣੇ ਬੰਦੇ ਨੂੰ ਤਾਂ ਇਸ਼ਾਰਾ ਹੀ ਕਾਫ਼ੀ ਹੁੰਦਾ । ਤੁਸੀਂ ਮੇਰੀ ਮਦਦ ਕਰੋ । ਮੈਂ ਇਕੱਲਾ ਹੀ ਇਸ ਨੂੰ ਨੌਕਰੀ ਕਢਾ ਦਿਆਂਗਾ । ਮੁੱਖ ਮੰਤਰੀ ਜੀ ਤਕ ਜਾਣ ਦੀ ਲੋੜ ਨਹੀਂ ਪੈਣੀ ।''
''ਸਾਨੂੰ ਹੁਕਮ ਕਰੋ, ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ ।'' ਜੋਸ਼ 'ਚ ਆਏ ਸੰਘ ਵਾਲੇ ਡੀ.ਆਈ.ਜੀ. ਦੇ ਇਸ਼ਾਰੇ 'ਤੇ ਕੁਝ ਵੀ ਕਰਨ ਲਈ ਤਿਆਰ ਸਨ ।
''ਹਾਲ ਦੀ ਘੜੀ ਤੁਸੀਂ ਛੋਟਾ ਜਿਹਾ ਕੰਮ ਕਰਨਾ , ਮੌਕੇ 'ਤੇ ਪੁੱਜੋ । ਜਦੋਂ ਮੈਂ ਉਥੇ ਪੁੱਜਾਂ ਤੁਸੀਂ ਡਿਪਟੀ ਖ਼ਿਲਾਫ਼ ਨਾਅਰੇ ਮਾਰਨੇ ਸ਼ੁਰੂ ਕਰ ਦਿਓ । ਬਾਕੀ ਮੈਂ ਆਪੇ ਸੰਭਾਲ ਲਵਾਂਗਾ ।''
'ਠੀਕ , ਨਾਅਰੇ ਤਾਂ ਜੇ ਤੁਸੀਂ ਆਖੋ ਤਾਂ ਹੁਣੇ ਮਾਰ ਦਿੰਦੇ ਹਾਂ ।''
''ਨਹੀਂ, ਫੇਰ ਤਾਂ ਉਹ ਸਮਝੇਗਾ ਡੀ.ਆਈ.ਜੀ. ਨੇ ਤੁਹਾਨੂੰ ਚੁੱਕ 'ਤਾ । ਮੈਂ ਸਟਾਫ਼ ਨਾਲ ਮੀਟਿੰਗ ਕਰ ਲਵਾਂ । ਪੰਜਾਂ ਮਿੰਟਾਂ ਵਿਚ ਉਥੇ ਪੁੱਜ ਜਾਵਾਂਗਾ । ਬੱਸ ਤੁਸੀਂ ਤਿਆਰ ਰਹੋ । ਆਪਣੀ ਸਾਰੀ ਤਾਕਤ ਲਾ ਦਿਓ । ਸਾਰੇ ਵਰਕਰਾਂ ਨੂੰ ਉਥੇ ਇਕੱਠੇ ਕਰੋ ।'' ਨਿਰਭੈ ਸਿੰਘ ਨੇ ਖ਼ੁਸ਼ੀਖ਼ੁਸ਼ੀ ਸੰਘ ਨੂੰ ਵਿਦਾ ਕੀਤਾ ।
ਡਿਪਟੀ ਦੀ ਲਾਹਪਾਹ ਕਰਨ ਲਈ ਹੁਣ ਨਿਰਭੈ ਸਿੰਘ ਕੋਲ ਕਾਫ਼ੀ ਮਸਾਲਾ ਸੀ ।
ਮੀਟਿੰਗ ਤਨਾਅਪੂਰਨ ਮਾਹੌਲ ਵਿਚ ਸ਼ੁਰੂ ਹੋਈ । ਹਰ ਅਫ਼ਸਰ ਡਰਿਆ ਹੋਇਆ ਸੀ । ਡੀ.ਆਈ.ਜੀ. ਨੇ ਇਕੱਲੇ ਬਹਿ ਕੇ ਲੋਕਾਂ ਤੋਂ ਸ਼ਿਕਾਇਤਾਂ ਸੁਣੀਆਂ ਸਨ । ਲੋਕਾਂ ਨੇ ਪਤਾ ਨਹੀਂ ਥਾਣੇਦਾਰਾਂ ਵਿਰੁੱਧ ਕੀ ਕੁਝ ਆਖਿਆ ਹੋਣੈ ? ਸਭ ਨੂੰ ਆਪਣਾਆਪਣਾ ਪਾਲਾ ਮਾਰ ਰਿਹਾ ਸੀ ।
ਆਮ ਹੋਣ ਵਾਲੀਆਂ ਮੀਟਿੰਗਾਂ ਵਾਂਗ ਡੀ.ਆਈ.ਜੀ. ਨੇ ਪਹਿਲਾਂ ਥਾਣਿਆਂ ਦੇ ਅੰਕੜਿਆਂ 'ਤੇ ਝਾਤ ਮਾਰੀ । ਬੁਲਾਇਆ ਤਾਂ ਛੇ ਐਸ.ਐਚ.ਓਜ਼ ਨੂੰ ਗਿਆ ਸੀ । ਪੁੱਛਪੜਤਾਲ ਕੇਵਲ ਸ਼ਹਿਰ ਦੇ ਥਾਣੇ ਦੀ ਹੋਈ ।
ਭੱਠੀਆਂ ਦੀ ਗਿਣਤੀ ਪਿਛਲੇ ਸਾਲ ਨਾਲੋਂ ਕਈ ਗੁਣਾ ਘੱਟ ਸੀ । ਪਸਤੌਲ ਜ਼ਿਆਦਾ ਫੜੇ ਗਏ ਸਨ । ਕਤਲ ਵੀ ਕੁਝ ਜ਼ਿਆਦਾ ਹੀ ਹੋਏ ਸਨ । ਚੋਰੀਆਂ ਤਾਂ ਘੱਟ ਸਨ, ਪਰ ਖੋਹਾਂ ਵੱਧ ਗਈਆਂ ਸਨ । ਅਫ਼ੀਮ, ਡੋਡੇ ਕਿਧਰੇ ਨਜ਼ਰ ਨਹੀਂ ਸੀ ਆ ਰਹੇ । ਸੱਟਾ ਜੂਟਾ ਪਹਿਲਾਂ ਨਾਲੋਂ ਤੇਜ਼ ਸੀ । ਆਵਾਰਾਗਰਦੀ ਵੀ ਪਹਿਲਾਂ ਨਾਲੋਂ ਵੱਧ ਸੀ ।
''ਲੋਕ ਤਾਂ ਸ਼ਿਕਾਇਤਾਂ ਕਰਦੇ ਹਨ ਕਿ ਇਥੇ ਟਰੱਕਾਂ ਦੇ ਟਰੱਕ ਡੋਡਿਆਂ ਦੇ ਆਦੇ ਹਨ । ਅੰਕੜੇ ਦੱਸਦੇ ਹਨ ਕਿ ਇਥੇ ਅਮਲੀਆਂ ਦਾ ਨਾਂਨਿਸ਼ਾਨ ਵੀ ਨਹੀਂ । ਇਹ ਕੀ ਮਾਜਰਾ ?'' ਡੀ.ਆਈ.ਜੀ. ਦਾ ਪਹਿਲਾ ਸਵਾਲ ਸੀ ।
''ਲੋਕਾਂ ਨੂੰ ਐਵੇਂ ਸ਼ਿਕਾਇਤਾਂ ਕਰਨ ਦੀ ਆਦਤ ਜਨਾਬ । ਡਿਪਟੀ ਸਾਹਿਬ ਨੇ ਸਮੱਗਲਰਾਂ ਨੂੰ ਅਜਿਹਾ ਫੈਂਟਾ ਚਾੜ੍ਹਿਐ, ਬਈ ਉਹਨਾਂ ਦੀਆਂ ਕਈ ਪੁਸ਼ਤਾਂ ਇਸ ਇਲਾਕੇ ਵਿਚ ਨਹੀਂ ਵੜਨ ਲੱਗੀਆਂ । ਜਦੋਂ ਦਾ ਨਵਾਂ ਕਾਨੂੰਨ ਬਣਿਐ ਅਮਲੀਆਂ ਅਤੇ ਛੋਟੇ ਸਮੱਗਲਰਾਂ ਨੂੰ ਤਾਂ ਝ ਹੀ ਨਾਨੀ ਯਾਦ ਆ ਗਈ ।'' ਇਹ ਐਸ.ਐਚ.ਓ. ਪਰੀਤਮ ਸਿੰਘ ਦਾ ਉੱਤਰ ਸੀ ।
''ਸਮੱਗਲਰ ਤਾਂ ਭਜਾ ਦਿੱਤੇ, ਪਰ ਆਹ ਜੂਏਸੱਟੇ ਵਾਲੇ ਨਹੀਂ ਸੰਭਲਦੇ ਸੋਥੋਂ ? ਜਿਵੇਂ ਕਿਤੇ ਇਹ ਵੱਡੇ ਪਹਿਲਵਾਨ ਹੋਣ ? ਜੇ ਤੁਸੀਂ ਇਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ਤਾਂ ਦਹਿਸ਼ਤਗਰਦਾਂ ਦਾ ਕੀ ਕਰੋਗੇ ?''
''ਜੂਆ ਖੇਡਦਾ ਕੋਈ ਨੀ ਜੀ ਇਥੇ । ਉਹ ਤਾਂ ਜੱਜ ਸਾਹਿਬ ਨੇ ਆਖਿਆ ਸੀ ਕਿ ਜੇ ਇਸ ਮਹੀਨੇ ਪਿਛਲੇ ਸਾਲ ਜਿੰਨੇ ਮੁਕੱਦਮੇ ਪੇਸ਼ ਨਾ ਕੀਤੇ ਤਾਂ ਇਕ ਅਦਾਲਤ ਟੁੱਟ ਜਾਏਗੀ । ਅਦਾਲਤ ਬਚਾਉਣ ਲਈ ਕੇਸ ਬਣਾਏ ਗਏ ਸੀ ਸਰ । ਸਾਰੇ ਮੁਜਰਮ ਇਕਬਾਲ ਕਰ ਗਏ ।'' ਨਵੇਂ ਆਏ ਸਿਟੀ ਇੰਚਾਰਜ ਨੇ ਸਪੱਸ਼ਟੀਕਰਨ ਦਿੱਤਾ ।
''ਬੈਠ ਜਾ, ਬੈਠ ਜਾ । ਮੈਨੂੰ ਸਭ ਪਤਾ ਜਿਹੜਾ ਤੁਸੀਂ ਗੰਦ ਪਾਇਆ ਹੋਇਐ । ਚਲੋ ਇਹ ਪਿੱਛੋਂ ਦੇਖਦੇ ਹਾਂ । ਪਹਿਲਾਂ ਬੰਟੀ ਦੀ ਗੱਲ ਕਰੋ । ਇਸ ਕੇਸ ਬਾਰੇ ਡਿਪਟੀ ਸਾਹਿਬ ਜ਼ਰਾ ਤੁਸੀਂ ਚਾਨਣਾ ਪਾਓ ।'' ਡਿਪਟੀ ਨੂੰ ਬੋਲਣ ਲਈ ਆਖਦਾ ਡੀ.ਆਈ.ਜੀ. ਕੁਝ ਸਖ਼ਤ ਹੋ ਗਿਆ ਸੀ ।
ਡੀ.ਆਈ.ਜੀ. ਵੱਲੋਂ ਅਚਾਨਕ ਹੋਏ ਹਮਲੇ ਨਾਲ ਡਿਪਟੀ ਘਬਰਾ ਗਿਆ । ਉਸ ਨੂੰ ਉਮੀਦ ਨਹੀਂ ਸੀ ਕਿ ਡਿਪਟੀ ਤੋਂ ਵੀ ਪਰਸ਼ਨ ਪੁੱਛੇ ਜਾਣਗੇ । ਭਵੰਤਰਿਆ ਡਿਪਟੀ ਡਾਇਰੀ ਦੇ ਵਰਕੇ ਫੋਲਣ ਲੱਗਾ ।
''ਜ਼ਰਾ ਜਲਦੀ ਕਰ.....ਮੈਂ ਮੌਕਾ ਦੇਖਣ ਵੀ ਜਾਣੈ । ਸਿਆਣਾ ਅਫ਼ਸਰ ਸਾਰੀਆਂ ਗੱਲਾਂ ਟਿਪਸ 'ਤੇ ਰੱਖਦੈ ।'' ਡਿਪਟੀ ਨੂੰ ਘਬਰਾਇਆ ਦੇਖ ਕੇ, ਉਸ ਦਾ ਚੰਗੀ ਤਰ੍ਹਾਂ ਜਲੂਸ ਕੱਢਣ ਲਈ ਨਿਰਭੈ ਸਿੰਘ ਨੇ ਪੈਰਾਂ ਹੇਠ ਅੱਗ ਮਚਾ ਦਿੱਤੀ ।
''ਹਾਲ ਤਕ ਤਾਂ ਕੋਈ ਸੁਰਾਗ ਨਹੀਂ ਮਿਲਿਆ ਸਰ ? ਇਕ ਰਿਕਸ਼ੇ ਵਾਲਾ ਅਤੇ ਇਕ ਚਪੜਾਸੀ ਫ਼ਰਾਰ ਹਨ । ਉਹਨਾਂ ਦੀ ਗਿਰਫ਼ਤਾਰੀ ਤੋਂ ਸ਼ਾਇਦ ਕੋਈ ਸੁਰਾਗ ਮਿਲ ਸਕੇ ।'' ਬੱਚਿਆਂ ਵਾਂਗ ਬਹਾਨੇ ਘੜਦਾ ਡਿਪਟੀ ਖਹਿੜਾ ਛੁਡਾਉਣ ਲੱਗਾ ।
''ਉਹਨਾਂ ਦੋਹਾਂ ਨੂੰ ਫੜਨ ਲਈ ਕੀ ਯਤਨ ਕੀਤੇ ਨੇ ਤੂੰ ?''
ਡਿਪਟੀ ਚੁੱਪ ਸੀ । ਕੁਝ ਕੀਤਾ ਹੋਵੇ ਤਾਂ ਦੱਸੇ ।
''ਜੇ ਸੁਰਾਗ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇ ਤਾਂ ਹੀ ਸੁਰਾਗ ਮਿਲੇ । ਜਨਾਬ ਦਾ ਜ਼ੋਰ ਤਾਂ ਇਸ ਬਹਾਨੇ ਮਨਥਲੀਆਂ ਇਕੱਠੀਆਂ ਕਰਨ 'ਤੇ ਲੱਗਾ ਹੋਇਐ । ਸਾਰਾ ਸ਼ਹਿਰ ਤੇਰੇ 'ਤੇ ਸ਼ੱਕ ਕਰ ਰਿ, ਕਹਿੰਦੇ ਨੇ ਤੇਰੀ ਨਾਲਾਇਕੀ ਕਰਕੇ ਬੱਚੇ ਦੀ ਮੌਤ ਹੋਈ । ਉਹਨਾਂ ਨੂੰ ਸਭ ਪਤੈ, ਤੇਰਾ ਕੋਈ ਰਿਸ਼ਤੇਦਾਰ 'ਬੀ' ਸ਼ਰੇਣੀ ਦਾ ਦਹਿਸ਼ਤਗਰਦ । ਉਹ ਤੇਰੇ ਖ਼ਿਲਾਫ਼ ਮੁੱਖ ਮੰਤਰੀ ਨੂੰ ਮਿਲਣ ਵਾਲੇ ਹਨ ।''
ਇਹੋ ਜਿਹੀ ਤਾਂ ਕੋਈ ਗੱਲ ਨਹੀਂ ਸਰ ! ਮੈਂ ਤਾਂ ਪੂਰੀ ਵਾਹ ਲਾ ਦਿੱਤੀ ।'' ਡਿਪਟੀ ਡੀ.ਆਈ.ਜੀ. ਦੇ ਸਿੱਧੇ ਇਲਜ਼ਾਮ 'ਤੇ ਬੌਖਲਾ ਉੇਠਿਆ ।
ਡਿਪਟੀ ਸਮਝ ਗਿਆ ਸੀ ਕਿ ਡੀ.ਆਈ.ਜੀ. ਕਿਥੋਂ ਬੋਲ ਰਿਹਾ । ਉਹ ਚੁੱਪ ਵਿਚ ਹੀ ਭਲੀ ਸਮਝਦਾ ਸੀ । ਨੇੜੇ ਭਵਿੱਖ ਵਿਚ ਕਾਤਲਾਂ ਦੇ ਫੜੇ ਜਾਣਾ ਸੰਭਵ ਨਹੀਂ ਸੀ । ਇਸ ਕਤਲ ਦਾ ਨਜ਼ਲਾ ਕਿਸੇ ਨਾ ਕਿਸੇ 'ਤੇ ਝੜਨਾ ਹੀ ਸੀ । ਕੋਈ ਵੀ ਬਲੀ ਦਾ ਬੱਕਰਾ ਬਣ ਸਕਦਾ ਸੀ ।
ਉਸ ਨੂੰ ਮਸਾਂਮਸਾਂ ਇਹ ਇਲਾਕਾ ਮਿਲਿਆ ਸੀ । ਸੱਚਮੁੱਚ ਸ਼ਹਿਰ ਵਾਲਿਆਂ ਨੇ ਮੁੱਖ ਮੰਤਰੀ ਕੋਲ ਉਸ ਦੀ ਸ਼ਿਕਾਇਤ ਕਰ ਦਿੱਤੀ ਤਾਂ ਡਿਪਟੀ ਨੇ ਖੂੰਜੇ ਲੱਗ ਜਾਣਾ ਸੀ । ਉਹ ਪਹਿਲਾਂ ਹੀ ਮਸਾਂਮਸਾਂ ਬਚਿਆ ਸੀ । ਦੁਬਾਰਾ ਮੁੱਖ ਮੰਤਰੀ ਨਹੀਂ ਬਖ਼ਸ਼ਣ ਲੱਗਾ ।
ਡਿਪਟੀ ਡੀ.ਆਈ.ਜੀ. ਨਾਲ ਵਿਗਾੜ ਲੈਣ 'ਤੇ ਪਛਤਾ ਰਿਹਾ ਸੀ । ਡੀ.ਆਈ.ਜੀ. ਆਪਣੀ ਰਿਪੋਰਟ ਵਿਚ ਜੇ ਅਜਿਹਾ ਇਲਜ਼ਾਮ ਲਾ ਦੇਵੇ ਤਾਂ ਡਿਸਮਿਸਲ ਦੇ ਆਰਡਰ ਮਿਲਣ ਲੱਗਿਆਂ ਮਿੰਟ ਨਹੀਂ ਲੱਗਣਾ । ਪਿੱਛੋਂ ਨਾ ਕੋਈ ਅਪੀਲ, ਨਾ ਦਲੀਲ । ਉਹ ਨਿਰਭੈ ਸਿੰਘ ਤੋਂ ਆਪਣੀ ਗ਼ਲਤੀ ਦੀ ਮੁਆਫ਼ੀ ਮੰਗਣ ਲਈ ਤਿਲਮਿਲਾਉਣ ਲੱਗਾ ।
''ਇਕ ਅਫ਼ਸਰ ਹੋਣ ਦੇ ਨਾਤੇ ਮੈਂ ਆਪਣਾ ਫ਼ਰਜ਼ ਨਿਭਾ ਦਿੱਤਾ । ਅੱਗੇ ਤੂੰ ਜਾਣ ਅਤੇ ਤੇਰਾ ਕੰਮ । ਸੀ.ਐਮ. ਦਾ ਇਲਾਕਾ । ਮੈਂ ਕੋਈ ਜ਼ੋਖ਼ਮ ਨਹੀਂ ਉਠਾ ਸਕਦਾ । ਕਿਸੇ ਨੇ ਲਿਖਤੀ ਸ਼ਿਕਾਇਤ ਕੀਤੀ ਤਾਂ ਮੈਨੂੰ ਕਾਰਵਾਈ ਕਰਨੀ ਹੀ ਪਏਗੀ ।'' ਆਖਦਾ ਨਿਰਭੈ ਸਿੰਘ ਮੌਕੇ 'ਤੇ ਜਾਣ ਲਈ ਉੱਠ ਖਲੋਤਾ ।
ਡੀ.ਆਈ.ਜੀ. ਦੇ ਮੌਕੇ 'ਤੇ ਪਹੁੰਚਦਿਆਂ ਹੀ ਚਾਰੇ ਦਿਸ਼ਾਵਾਂ ਹਰਕਤ ਵਿਚ ਆ ਗਈਆਂ ।
ਸੁਸਤ ਪੈ ਚੁੱਕੇ ਸਿਪਾਹੀਆਂ ਨੇ ਮੁੜ ਡਿਊਟੀਆਂ ਸੰਭਾਲ ਲਈਆਂ । ਕੋਈ ਸੱਠਸੱਤਰ ਸਿਪਾਹੀ ਅਤੇ ਸੀ.ਆਰ.ਪੀ. ਦੇ ਜਵਾਨ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਜੂਝ ਰਹੇ ਸਨ ।
ਕੁਝ ਨੇ ਪੋਜ਼ੀਸ਼ਨਾਂ ਲੈ ਕੇ ਬੰਦੂਕਾਂ ਤਾਣ ਰੱਖੀਆਂ ਸਨ ।
ਮਨਹੂਸ ਕਮਰੇ ਤੋਂ ਭੀੜ ਨੂੰ ਅੱਧਾ ਕਿੱਲੋਮੀਟਰ ਦੂਰ ਰੱਖਿਆ ਜਾ ਰਿਹਾ ਸੀ ।
ਉਹੋ ਸਿਪਾਹੀ ਜਿਹੜੇ ਕੁਝ ਦੇਰ ਪਹਿਲਾਂ ਘਿਓਖਿਚੜੀ ਹੋਏ ਭੀੜ ਨਾਲ ਗੱਪਾਂ ਮਾਰ ਰਹ ਸਨ, ਡੀ.ਆਈ.ਜੀ. ਦੇ ਆਦਿਆਂ ਹੀ ਲੋਹੇ ਦੇ ਬਣ ਗਏ । ਉਹ ਲੋਕਾਂ ਨੂੰ ਹੁੱਝਾਂ ਮਾਰਮਾਰ ਇ ਪਿੱਛੇ ਧੱਕਣ ਲੱਗੇ ਜਿਵੇਂ ਇਹਨਾਂ ਵਿਚੋਂ ਕਿਸੇ ਨੇ ਡੀ.ਆਈ.ਜੀ. ਨੂੰ ਗੋਲੀ ਮਾਰ ਦੇਣੀ ਹੋਵੇ ।
ਗੱਡੀਓਂ ਉਤਰਦਿਆਂ ਹੀ ਤਿੰਨਚਾਰ ਫ਼ੋਟੋਗਰਾਫ਼ਰ ਅਤੇ ਦਸਬਾਰਾਂ ਪੱਤਰਕਾਰ ਡੀ.ਆਈ.ਜੀ. ਨਾਲ ਜਾ ਰਲੇ । ਡੀ.ਆਈ.ਜੀ. ਨੇ ਉਹਨਾਂ ਵੱਲ ਕੋਈ ਧਿਆਨ ਨਾ ਦਿੱਤਾ । ਉਹ ਪਹਿਲਾਂ ਮੌਕਾ ਦੇਖੇਗਾ ਅਤੇ ਫੇਰ ਕੋਈ ਬਿਆਨ ਦੇ ਸਕੇਗਾ ।
ਇੰਸਪੈਕਟਰ ਡੀ.ਆਈ.ਜੀ. ਦੀ ਅਗਵਾਈ ਕਰ ਰਿਹਾ ਸੀ । ਡਿਪਟੀ ਉਸ ਦੇ ਬਰਾਬਰ ਸੀ ।
ਦੋਹਾਂ ਨੂੰ ਸਟੇਨਗੰਨਾਂ ਨਾਲ ਲੈਸ ਸਿਪਾਹੀਆਂ ਨੇ ਘੇਰਿਆ ਹੋਇਆ ਸੀ । ਉਹਨਾਂ ਦੇ ਪਿੱਛੇ ਸ਼ਹਿਰੀਆਂ ਅਤੇ ਪਰੈਸ ਵਾਲਿਆਂ ਦਾ ਕਾਫ਼ਲਾ ਚੱਲ ਰਿਹਾ ਸੀ ।
ਘਟਨਾ ਦੀ ਜਾਣਕਾਰੀ ਇੰਸਪੈਕਟਰ ਦੇ ਰਿਹਾ ਸੀ । ਡੀ.ਆਈ.ਜੀ. ਸਾਰੀ ਗੱਲ ਬੜੇ ਗਹੁ ਨਾਲ ਸੁਣ ਰਿਹਾ ਸੀ ।
ਲਾਸ਼ ਉਸ ਜਗ੍ਹਾ ਰੱਖੀ ਮਿਲੀ ਸੀ । ਮੁਜਰਮਾਂ ਦੇ ਦਾਖ਼ਲ ਹੋਣ ਦਾ ਇਕੋ ਰਸਤਾ ਸੀ । ਉਹਨਾਂ ਦੇ ਕਿਧਰੋਂ ਆਉਣ ਅਤੇ ਕਿਧਰ ਜਾਣ ਦੀ ਸੰਭਾਵਨਾ ਹੋ ਸਕਦੀ । ਕਿਥੋਂਕਿਥੋਂ ਹੱਥਾਪੈਰਾਂ ਦੇ ਨਿਸ਼ਾਨ ਲਏ ਗਏ । ਦੋਸ਼ੀਆਂ ਦੀਆਂ ਪੈੜਾਂ ਕਿਸਕਿਸ ਦਿਸ਼ਾ ਵੱਲ ਗਈਆਂ । ਕੁੱਤੇ ਕਿਥੋਂ ਤਕ ਦੋਸ਼ੀਆਂ ਦਾ ਪਿੱਛਾ ਕਰ ਸਕੇ ।
ਡੀ.ਆਈ.ਜੀ. ਹਰ ਗੱਲ ਵੱਲ ਧਿਆਨ ਦੇ ਰਿਹਾ ਸੀ । ਕਈ ਵਾਰ ਛੋਟੇਛੋਟੇ ਸਵਾਲ ਵੀ ਪੁੱਛ ਰਿਹਾ ਸੀ । ਮੁਜਰਮ ਕਿੰਨੇ ਹੋ ਸਕਦੇ ਹਨ ? ਲਾਸ਼ ਕਿਸ ਵਹੀਕਲ ਵਿਚ ਲਿਆਂਦੀ ਗਈ ਹੋਊ ? ਲਾਸ਼ ਬਾਹਰ ਖੇਤਾਂ ਵਿਚ ਕਿ ਨਾ ਸੁੱਟੀ ਗਈ ? ਨੇੜੇ ਲੁੱਕਣ ਦੇ ਕਿਹੜੇਕਿਹੜੇ ਟਿਕਾਣੇ ਹੋ ਸਕਦੇ ਸਨ ? ਹਸਪਤਾਲ ਦੇ ਆਲੇਦੁਆਲੇ ਕਿਸ ਤਰ੍ਹਾਂ ਦੇ ਲੋਕ ਰਹਿੰਦੇ ਹਨ ਆਦਿ ।
ਡੀ.ਆਈ.ਜੀ. ਨੇ ਹਸਪਤਾਲ ਵੱਲੋਂ ਆਦੇ ਅਤੇ ਬਾਹਰ ਜਾਂਦੇ ਹਰ ਰਸਤੇ ਦਾ ਬੜੀ ਬਰੀਕੀ ਨਾਲ ਮੁਆਇਨਾ ਕੀਤਾ । ਆਲੇਦੁਆਲੇ ਵੱਸਦੇ ਘਰਾਂ ਦੀਆਂ ਛੱਤਾਂ ਦੀ ਪਰਖ ਕੀਤੀ ।
ਉਹ ਮੌਕੇ ਦੀ ਜਾਂਚ ਕਰ ਹੀ ਰਹੇ ਸਨ ਕਿ ਦੂਰ ਖੜੇ ਇਕ ਬੱਚੇ ਅਤੇ ਉਸ ਦੇ ਦਾਦੇ ਵਿਚਲੇ ਸਵਾਲਜਵਾਬ ਨੇ ਨਿਰਭੈ ਸਿੰਘ ਦੀ ਇਕਾਗਰਤਾ ਭੰਗ ਕਰ ਦਿੱਤੀ ।
ਬੱਚਾ ਪੁੱਛ ਰਿਹਾ ਸੀ, ''ਬਾਬਾ, ਉਹ ਕੌਣ , ਜਿਸ ਨੇ ਆਪਣੀ ਪੱਗ ਦੁਆਲੇ ਕਾਲਾ ਰਿਬਨ ਬੰਨ੍ਹਿਆ ਹੋਇਆ ?''
''ਇਹੋ ਪੁਲਿਸ ਦਾ ਉਹ ਵੱਡਾ ਅਫ਼ਸਰ , ਜਿਹੜਾ ਮੌਕਾ ਦੇਖਣ ਆਇਆ ।''
''ਉਹ ਵਾਰਵਾਰ ਕਮਰੇ ਦੇ ਅੰਦਰਬਾਹਰ ਕਿ ਜਾਂਦਾ ? ਕਦੇ ਉੱਪਰ ਹੇਠਾਂ ਤੱਕਦਾ । ਉਹ ਕੀ ਕਰ ਰਿਹਾ ?''
''ਡਰਾਮਾ, ਲੋਕ ਦਿਖਾਵਾ । ਜਿੱਡਾ ਵੱਡਾ ਅਫ਼ਸਰ , ਓਨਾ ਹੀ ਵਧੀਆ ਐਕਟਰ । ਮੌਕਾ ਦੇਖਣ ਦਾ ਨਾਟਕ ਕਰ ਰਿਹਾ । ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਿ ।''
ਬੁੱਢੇ ਦੀ ਗੱਲ ਸੁਣ ਕੇ ਨਿਰਭੈ ਸਿੰਘ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ । ਉਸ ਦੇ ਮੋਢਿਆਂ 'ਤੇ ਵੱਡੇ ਅਫ਼ਸਰ ਦੇ ਬਿੱਲੇ ਨਾ ਲੱਗੇ ਹੁੰਦੇ ਤਾਂ ਉਸ ਨੇ ਕੁੱਟਕੁੱਟ ਕੇ ਬੁੱਢੇ ਦੀ ਜਾਨ ਕੱਢ ਦੇਣੀ ਸੀ ।
ਨਿਰਭੈ ਨੇ ਕੌੜੀਆਂ ਅੱਖਾਂ ਨਾਲ ਬੁੱਢੇ ਵੱਲ ਤੱਕਿਆ । ਉਹ ਬੱਚੇ ਨੂੰ ਲੈ ਕੇ ਖਿਸਕ ਗਿਆ ।
ਪੁਲਿਸ 'ਚ ਜਿਵੇਂ ਅਣਖ ਹੀ ਨਹੀਂ ਰਹੀ । ਇਕ ਬੁੱਢਾ ਪੁਲਿਸ 'ਤੇ ਵਿਅੰਗ ਕੱਸ ਰਿਹਾ ਸੀ ਅਤੇ ਕੋਲ ਖੜਾ ਸਿਪਾਹੀ ਹਿੜਹਿੜ ਕਰ ਰਿਹਾ ਸੀ । ਉਸ ਦੀ ਥਾਂ ਨਿਰਭੈ ਸਿੰਘ ਹੁੰਦਾ ਤਾਂ ਪਤਾ ਨਹੀਂ ਕੀ ਕੁਝ ਕਰ ਬੈਠਦਾ ।
ਬੁੱਢੇ ਦੇ ਕਟਾਖ਼ਸ਼ ਨੇ ਡੀ.ਆਈ.ਜੀ. ਦਾ ਮਨੋਬਲ ਗੇਰ ਦਿੱਤਾ । ਉਹ ਇਸ ਨਾਟਕ ਨੂੰ ਬਹੁਤੀ ਦੇਰ ਚਾਲੂ ਨਾ ਰੱਖ ਸਕਿਆ । ਉਸ ਦੀ ਅੰਤਰਆਤਮਾ ਜਾਗ ਪਈ ਸੀ । ਉਸ ਨੂੰ ਅਹਿਸਾਸ ਹੋਇਆ ਕਿ ਜਨਤਾ ਉਸ ਦੇ ਦਿਖਾਵੇ ਨੂੰ ਸਮਝ ਰਹੀ ਸੀ ।
ਉਹ ਬੇਸਬਰੀ ਨਾਲ ਸੰਘ ਦੇ ਨਾਹਰੇ ਉਡੀਕਣ ਲੱਗਾ । ਇਕਦੋ ਨਾਹਰੇ ਵੀ ਵੱਜ ਜਾਣ, ਉਹ ਮੌਕਾ ਵਿਚੇ ਛੱਡ ਕੇ ਸੰਘ ਵਾਲਿਆਂ ਨਾਲ ਮੀਟਿੰਗ ਲਈ ਰੈਸਟ ਹਾਊਸ ਚਲਾ ਜਾਵੇ ।
ਇਕ ਨੁੱਕਰ ਦਾ ਮੁਆਇਨਾ ਕਰਾਉਣ ਦੇ ਬਹਾਨੇ ਡਿਪਟੀ ਉਸ ਨੂੰ ਇਕ ਪਾਸੇ ਲੈ ਤੁਰਿਆ । ''ਮੈਥੋਂ ਕੋਈ ਗੁਸਤਾਖ਼ੀ ਹੋ ਗਈ ਜਨਾਬ ! ਮੈਂ ਤਾਂ ਤਾਬੇਦਾਰ ਹਾਂ ।'' ਡਿਪਟੀ ਨਿਰਭੈ ਸਿੰਘ ਦੇ ਗੋਡਿਆਂ ਵੱਲ ਝੁਕਣਾ ਚਾਹੁੰਦਾ ਸੀ । ਦੂਰ ਖੜੀ ਭੀੜ ਤੋਂ ਝਿਜਕਦਿਆਂ ਉਸ ਨੇ ਕੇਵਲ ਇਸ ਤਰ੍ਹਾਂ ਕਰਨ ਦਾ ਇਸ਼ਾਰਾ ਹੀ ਕੀਤਾ ।
''ਨਹੀਂ, ਗੁਸਤਾਖ਼ੀ ਤਾਂ ਮੈਥੋਂ ਹੋ ਗਈ, ਜਿਹੜਾ ਤੇਰੇ ਵਰਗੇ ਨਮਕਹਰਾਮ ਨੂੰ ਇਥੇ ਲਗਵਾ ਦਿੱਤਾ ।''
''ਕਿਸੇ ਨੇ ਜਨਾਬ ਤੇ ਮਨ 'ਚ ਗ਼ਲਤਫ਼ਹਿਮੀ ਪਾ ਦਿੱਤੀ । ਮੈਨੂੰ ਦੱਸੋ ਮੈਂ ਕੀ ਖ਼ਿਦਮਤ ਕਰਾਂ ?'' ਡਿਪਟੀ ਪਿਘਲ ਕੇ ਮੋਮ ਹੋ ਚੁੱਕਾ ਸੀ ।
''ਮੈਂ ਕਿਸੇ ਦੀਆਂ ਗੱਲਾਂ ਵਿਚ ਆਉਣ ਵਾਲਾ ਦੁੱਧ ਚੁੰਘਦਾ ਬੱਚਾ ਹਾਂ ?''
''ਫੇਰ ਦੱਸੋ ਵੀ ?'' ਦੋਤਿੰਨ ਸੰਘ ਦੇ ਵਰਕਰ ਉਹਨਾਂ ਵੱਲ ਵਧ ਰਹੇ ਸਨ । ਉਹਨਾਂ ਨੂੰ ਪਿੱਛੇ ਹੀ ਰੁਕਣ ਦਾ ਇਸ਼ਾਰਾ ਕਰ ਕੇ ਡਿਪਟੀ ਨੇ ਫੇਰ ਤਰਲਾ ਲਿਆ ।
''ਲੁੱਟਣ ਨੂੰ ਤੈਨੂੰ ਨੰਬਰਦਾਰ ਹੀ ਲੱਭਾ ਸੀ ? ਗਰੇਵਾਲਾਂ ਦਾ ਕਬਜ਼ਾ ਕਿ ਨਹੀਂ ਹੋ ਰਿਹਾ ? ਢਾਈ ਘਰ ਤਾਂ ਡੈਣ ਵੀ ਛੱਡ ਦਿੰਦੀ ਐ ।''
''ਉਹ ਤਾਂ.....ਜੀ.....''
''ਆਖ ਦੇ ਡੀ.ਜੀ. ਦਾ ਹੁਕਮ । ਬੜਾ ਵਧੀਆ ਬਹਾਨੈ, ਪਰ ਪੁਰਾਣਾ ਹੋ ਚੁੱਕੈ । ਇਹ ਅਸੀਂ ਵੀਹ ਸਾਲ ਪਹਿਲਾਂ ਵਰਤਦੇ ਹੁੰਦੇ ਸੀ ।''
''ਛੱਡੋ ਸਰ ! ਜਿਵੇਂ ਆਖੋਗੇ, ਝ ਹੀ ਕਰਾਂਗਾ ।''
''ਨੰਬਰਦਾਰ ਜਿਵੇਂ ਆਖਦੈ, ਉਸੇ ਤਰ੍ਹਾਂ ਕਰ । ਉਹ ਤੇਰਾ ਹੱਕ ਵੀ ਨਹੀਂ ਰੱਖਦਾ । ਗਰੇਵਾਲਾਂ ਦਾ ਕਬਜ਼ਾ ਕਰ ਕੇ ਕੱਲ੍ਹ ਹੀ ਰਿਪੋਰਟ ਭੇਜ ।''
ਡਿਪਟੀ ਤੋਂ ਮਨਮਰਜ਼ੀ ਦੀਆਂ ਸ਼ਰਤਾਂ ਮੰਨਵਾ ਕੇ ਡੀ.ਆਈ.ਜੀ. ਨੇ ਸੰਘ ਅਤੇ ਪਰੈਸ ਵਾਲਿਆਂ ਨੂੰ ਕੋਲ ਬੁਲਾਇਆ । ਤਫ਼ਤੀਸ਼ ਸੰਬੰਧੀ ਜਾਣਕਾਰੀ ਦਿੰਦਿਆ ਉਸ ਨੇ ਬਿਆਨ ਦਿੱਤਾ ।
''ਮੈਨੂੰ ਚੱਲ ਰਹੀ ਤਫ਼ਤੀਸ਼ 'ਤੇ ਪੂਰੀ ਤਸੱਲੀ । ਮੁਲਜ਼ਮਾਂ ਦੀ ਸ਼ਨਾਖ਼ਤ ਹੋ ਚੁੱਕੀ ।
ਪੁਲਿਸ ਪਾਰਟੀਆਂ ਉਹਨਾਂ ਦੀ ਗਿਰਫ਼ਤਾਰੀ ਲਈ ਜਾ ਚੁੱਕੀਆਂ ਹਨ । ਕਿਸੇ ਵੀ ਸਮੇਂ ਉਹ ਤੁਹਾਡੇ ਸਾਹਮਣੇ ਖੜੇ ਕੀਤੇ ਜਾ ਸਕਦੇ ਹਨ । ਮੇਰਾ ਵੱਸ ਚਲਦਾ ਤਾਂ ਮੈਂ ਕਾਤਲਾਂ ਦੇ ਨਾਂ ਵੀ ਦੱਸ ਦਿੰਦਾ, ਪਰ ਇਸ ਤਰ੍ਹਾਂ ਤਫ਼ਤੀਸ਼ ਨੂੰ ਧੱਕਾ ਲੱਗੇਗਾ ।''
ਡਿਪਟੀ ਦੇ ਭਾਸ਼ਨ ਨੇ ਸਭ ਦੇ ਮਨ ਮੋਹ ਲਏ । ਸਭ ਦੇ ਚਿਹਰਿਆਂ 'ਤੇ ਖ਼ੁਸ਼ੀ ਟਪਕ ਪਈ ।
ਇਸੇ ਖ਼ੁਸ਼ੀ ਵਿਚ ਸੰਘ ਵਾਲੇ ਡਿਪਟੀ ਖ਼ਿਲਾਫ਼ ਨਾਹਰੇ ਮਾਰਨੇ ਹੀ ਭੁੱਲ ਗਏ । ਡੀ.ਆਈ.ਜੀ. ਵੀ ਇਹੋ ਚਾਹੁੰਦਾ ਸੀ । ਉਸ ਦਾ ਡਿਪਟੀ ਨਾਲ ਰਾਜ਼ੀਨਾਮਾ ਹੋ ਚੁੱਕਾ ਸੀ । ਨਾਹਰੇ ਮਾਹੌਲ ਵਿਗਾੜ ਸਕਦੇ ਸਨ ।
ਡਿਪਟੀ ਤੋਂ ਗੁੱਸਾ ਲਹਿ ਜਾਣ ਕਰਕੇ ਡੀ.ਆਈ.ਜੀ. ਦੀ ਇਕਦਮ ਭੁੱਖ ਚਮਕ ਪਈ ।
ਉਸ ਦਾ ਵਫ਼ਾਦਾਰ ਇੰਸਪੈਕਟਰ ਕਾਫ਼ੀ ਦੇਰ ਤੋਂ ਗ਼ਾਇਬ ਸੀ । ਉਸ ਨੂੰ ਨਿਰਭੈ ਸਿੰਘ ਦੀ ਪਸੰਦ ਦਾ ਇਲਮ ਸੀ । ਜ਼ਰੂਰ ਚਿੱਲੀ ਚਿਕਨ ਦਾ ਪਰਬੰਧ ਕਰਨ ਗਿਆ ਹੋਏਗਾ ।
ਲੋਕਾਂ ਨੂੰ ਖ਼ੁਸ਼ ਕਰ ਕੇ ਨਿਰਭੈ ਸਿੰਘ ਨੇ ਖਾਣੇ ਲਈ ਰੈਸਟ ਹਾਊਸ ਦਾ ਰੁਖ਼ ਕੀਤਾ । ਡਿਪਟੀ ਨੂੰ ਉਸ ਨੇ ਆਪਣੀ ਗੱਡੀ ਵਿਚ ਹੀ ਬਿਠਾ ਲਿਆ । ਖੁੱਲ੍ਹ ਕੇ ਗੱਲਾਂ ਕਰਨ ਦਾ ਇਹ ਵਧੀਆ ਮੌਕਾ ਸੀ । ਕਿਸੇ ਚੰਗੇ ਮੌਕੇ ਨੂੰ ਹੱਥੋਂ ਗਵਾਉਣਾ ਨਿਰਭੈ ਸਿੰਘ ਦੀ ਆਦਤ ਨਹੀਂ ਸੀ ।
....ਚਲਦਾ...